ਬਟਵਾਰਾ (ਹਿੰਦੀ ਕਹਾਣੀ)

ਆਨੰਦ ਲਹਿਰ
ਅਨੁ. ਹਰਪਾਲ ਸਿੰਘ ਪੰਨੂ
ਗੱਲ ਖਾਸ ਨਹੀਂ ਸੀ ਐਵੇਂ ਵਧ ਗਈ। ਇਕ ਮੰੁਡੇ ਦੀ ਗੇਂਦ ਕੁੜੀ ਦੇ ਘੜੇ ਨਾਲ ਟਕਰਾ ਗਈ, ਨਾ ਘੜਾ ਟੁੱਟਾ, ਨਾ ਗੇਂਦ ਵਿਚ ਚਿੱਬ ਪਿਆ ਪਰ ਨਫਰਤ ਦੀ ਹਵਾ ਦਾ ਕੀ ਪਤਾ ਕਦੋਂ ਵਗ ਪਏ, ਕਿਵੇਂ ਵਗ ਪਏ। ਪੰਚਾਇਤ ਬੁਲਾ ਲਈ ਪਰ ਸਰਪੰਚ ਇਸ ਪਿੰਡ ਦਾ ਨਹੀਂ ਬਾਹਰੋਂ ਗੁਆਂਢ ਦਾ ਸੀ। ਸਰਪੰਚ ਨੇ ਜ਼ੋਰ ਦੇ ਕੇ ਕਿਹਾ- ਇਸ ਪਿੰਡ ਦੇ ਲੋਕ ਸ਼ਰੀਫ ਨੇ ਸੋ ਬਚਾਅ ਹੋ ਗਿਆ, ਕੋਈ ਹੋਰ ਹੁੰਦਾ ਤਾਂ ਘੜਾ ਭੰਨ ਦਿੰਦਾ ਜਾਂ ਗੇਂਦ ਤੋੜ ਦਿੰਦਾ। ਇਹ ਸੁਣ ਕੇ ਲੋਕਾਂ ਨੇ ਇਕ ਦੂਜੇ `ਤੇ ਹਮਲਾ ਕਰ ਦਿੱਤਾ। ਗੇਂਦ ਟੋਟੇ ਟੋਟੇ, ਘੜਾ ਠੀਕਰੀ ਠੀਕਰੀ।

ਕੁਝ ਸ਼ਾਂਤੀ ਹੋਈ, ਸਰਪੰਚ ਫਿਰ ਆ ਗਿਆ, ਹਿੰਸਾ ਦੀ ਨਿੰਦਿਆ ਕਰਦਿਆਂ ਕਿਹਾ, ‘ਭਾਈਓ ਆਪੇ ਤੋਂ ਬਾਹਰ ਨਹੀਂ ਹੋਣਾ, ਰੱਬ ਦਾ ਵਾਸਤਾ ਇਕ ਦੂਜੇ ਦੇ ਘਰ ਨਾ ਫੂਕਣੇ।’ ਸਰਪੰਚ ਦੇ ਜਾਣ ਪਿੱਛੋਂ ਲੋਕਾਂ ਨੇ ਇਕ ਦੂਜੇ ਦੇ ਘਰ ਸਾੜ ਦਿੱਤੇ। ਦੁਖੀ ਸਰਪੰਚ ਫੇਰ ਪਿੰਡ ਵਿਚ ਆਇਆ ਤੇ ਲੋਕਾਂ ਨੁੰ ਮੱਤ ਦਿੱਤੀ ਜੋ ਹੋ ਗਿਆ ਸੋ ਹੋ ਗਿਆ, ਹੁਣ ਘਰ ਮੁੜ ਉਸਾਰਨੇ ਪੈਣਗੇ, ਇਕ ਦੂਜੇ ਨੂੰ ਰੋਕਣਾ ਨਾ। ਲੋਕ ਇਕ ਦੂਜੇ ਨੁੰ ਉਸਾਰੀ ਕਰਨੋਂ ਰੋਕਣ ਲੱਗੇ।
ਸਰਪੰਚ ਏਸ ਪਿੰਡ ਦਾ ਨਹੀਂ ਸੀ ਨਾ, ਇਸ ਲਈ ਜਿ਼ਆਦਾ ਹਮਦਰਦੀ ਕਰਨੀ ਪੈਂਦੀ, ਵੱਧ ਹੰਝੂ ਵਹਾਉਣੇ ਪੈਂਦੇ, ਹਉਕੇ ਲੈਂਦਾ। ਦਲੀਲਾਂ ਨੱਥੀ ਕਰ ਕੇ ਉਸ ਨੇ ਭਲਾਈ ਦਾ ਭਾਸ਼ਣ ਦਿੱਤਾ, ਕਿਹਾ, ‘ਜੋ ਮਰਜ਼ੀ ਹੋ ਜਾਏ, ਇਸ ਪਿੰਡ ਦੇ ਟੋਟੇ ਨਹੀਂ ਹੋਣੇ ਚਾਹੀਦੇ, ਬਟਵਾਰਾ ਬੜਾ ਖੌਫਨਾਕ ਹੰੁਦਾ ਹੈ।’
ਇਕ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ- ‘ਕੀ ਪਿੰਡ ਵੰਡਿਆ ਵੀ ਜਾ ਸਕਦੈ’? ਸਰਪੰਚ ਨੇ ਕਿਹਾ- ‘ਕਿਉਂ? ਇਸ ਵਿਚ ਕੀ ਔਖ? ਪਰ ਮੈਂ ਰੱਬ ਦਾ ਵਾਸਤਾ ਪਾ ਕੇ ਕਹਿਨਾ ਵੰਡ ਠੀਕ ਨੀਂ’। ਬਸ ਫਿਰ ਕੀ ਸੀ। ਬਟਵਾਰਾ ਹੋ ਗਿਆ। ਪਿੰਡ ਦੋ ਹਿੱਸਿਆਂ ਵਿਚ ਵੰਡਿਆ ਗਿਆ। ਸਰਪੰਚ ਨੇ ਦੁਖੀ ਹੋ ਕੇ ਕਿਹਾ- ‘ਮੇਰੀ ਗੱਲ ਤਾਂ ਕੋਈ ਸੁਣਦਾ ਮੰਨਦਾ ਨਹੀਂ। ਮੈਂ ਕਿਵੇਂ ਸਮਝਾਵਾਂ। ਇਹ ਲੋਕ ਮੈਨੂੰ ਬੇਗਾਨਾ ਸਮਝਦੇ ਨੇ’। ਇਕ ਪਿੰਡ ਦੇ ਦੋ ਪਿੰਡ ਬਣਾ ਕੇ ਸਰਪੰਚ ਤੀਜੇ ਪਿੰਡ ਜਾ ਬੈਠਾ। ਕਿਹਾ ਕਰਦਾ, ‘ਮੈਂ ਬੜਾ ਉਦਾਸ ਹਾਂ’।
ਲੋਕਾਂ ਦੇ ਘਰ ਉਜੜ ਗਏ, ਸੜਕਾਂ ਉਦਾਸ ਹੋਈਆਂ, ਇਕ ਦੂਜੇ ਦੇ ਘਰੀਂ ਆਣਾ-ਜਾਣਾ ਬੰਦ ਹੋ ਗਿਆ। ਫਕੀਰ ਚੰਦ ਹਕੀਮ ਪਰਲੇ ਪਿੰਡ ਰਹਿ ਗਿਆ, ਉਸ ਦੀ ਦਵਾਈ ਬਿਨਾ ਏਧਰਲੇ ਮਰੀਜ਼ ਮਰਨ ਲੱਗੇ। ਫਕੀਰ ਚੰਦ ਮਰੀਜ਼ਾਂ ਬਗੈਰ ਰੋਣ ਹਾਕਾ ਹੋ ਗਿਆ।
ਨੂਰੇ ਦੀ ਮੱਝ ਨੇ ਨਵੇਂ ਦੁੱਧ ਹੋਣਾ ਸੀ, ਝੋਟਾ ਦੂਜੇ ਪਾਸੇ ਰਹਿ ਗਿਆ। ਸਰਹੱਦ `ਤੇ ਸਿਪਾਹੀ ਦੀ ਮਿੰਨਤ ਕੀਤੀ, ਸਿਪਾਹੀ ਨੇ ਕਿਹਾ, ‘ਪਾਸਪੋਰਟ ਬਣਵਾਓ, ਵੀਜ਼ਾ ਲੁਆਓ’। ਨੂਰੇ ਨੇ ਪੁੱਛਿਆ- ਮੱਝ ਦਾ ਪਾਸਪੋਰਟ? -ਹਾਂ, ਸਿਪਾਹੀ ਨੇ ਕਿਹਾ, ਨਹੀਂ ਕਿਸੇ ਹੋਰ ਰਸਤੇ ਮੱਝ ਉਧਰ ਲੈ ਜਾਹ।
ਸੁਣੱਖੀ ਨੇਹਾ, ਮੁਟਿਆਰ ਹੋਣ ਲੱਗੀ। ਉਸਦਾ ਪਿਤਾ ਚੂੜੀਆਂ ਬਣਾ ਕੇ ਵੇਚਿਆ ਕਰਦਾ। ਪਿਤਾ ਨੂੰ ਪੁੱਛਣ ਲੱਗੀ, ‘ਮੇਰੀ ਮਾਂ ਵੀ ਮੇਰੇ ਵਾਂਗੂੰ ਗਰੀਬ ਸੀ ਪਿਤਾ ਜੀ?’
-ਕਿਥੇ? ਆਈ ਚਲਾਈ ਚੰਗੀ ਸੀ, ਉਧਰਲੇ ਪਿੰਡ ਦੀਆਂ ਸਾਰੀਆਂ ਕੁੜੀਆਂ ਬੁੜ੍ਹੀਆਂ ਚੂੜੀਆਂ ਪਹਿਨਿਆ ਕਰਦੀਆਂ। ਉਨ੍ਹਾਂ ਲੋਕਾਂ ਵਿਚ ਇਹ ਵਿਸ਼ਵਾਸ ਹੈ ਕਿ ਕੁੜੀਆਂ ਦੀਆਂ ਬਾਹਵਾਂ ਖਾਲੀ ਹੋਣ ਤਾਂ ਜਾਂ ਮੀਂਹ ਪੈਂਦੇ ਹੀ ਨਹੀਂ, ਜੇ ਪੈਣ ਲੱਗਣ ਫਿਰ ਹਟਦੇ ਨਹੀਂ, ਸਭ ਕੁਝ ਹੜ੍ਹਾ ਕੇ ਲੈ ਜਾਂਦੇ ਨੇ। ਖਾਲੀ ਬਾਹਾਂ ਤੋਂ ਉਨ੍ਹਾਂ ਨੂੰ ਬੜਾ ਡਰ ਲੱਗਦੈ ਧੀਏ। ਪਰ ਕੀ ਹੋ ਸਕਦੈ। ਉਧਰ ਜਾ ਨੀ ਸਕਦਾ। ਉਹ ਆ ਨੀ ਸਕਦੇ।
ਸਿਰਫ ਲੋਕ ਨਹੀਂ ਵੰਡੇ, ਵਿਹੜੇ, ਖੇਤ, ਸਕੂਲ, ਸਰਾਵਾਂ, ਕਿਤਾਬਾਂ ਸਭ ਕੁਝ ਵੰਡਿਆ ਗਿਆ। ਦੁਲ੍ਹੇ ਵਾਸਤੇ ਘੋੜੀ ਚਾਹੀਦੀ ਸੀ, ਮਰਾਸੀ ਤੇ ਉਸ ਦੀ ਸਾਊ ਘੋੜੀ ਉਧਰ ਰਹਿ ਗਏ। ਕਿਸੇ ਦੀ ਇੱਧਰੋਂ ਘੋੜੀ ਮੰਗ ਕੇ ਕੰਮ ਸਾਰਿਆ ਪਰ ਘੋੜੀ ਡਰ ਗਈ। ਉਸ ਵਾਸਤੇ ਢੋਲ ਢਮੱਕਾ ਖਤਰਨਾਕ ਸੀ। ਦੁਲੇ੍ਹ ਨੂੰ ਡੇਗ ਕੇ ਭੱਜ ਗਈ। ਮੁੰਡਾ ਬਚ ਗਿਆ ਪਰ ਸੱਟ ਲੱਗੀ। ਬਦਸ਼ਗਨੀ ਹੋਈ।
ਰਾਜਕੁਮਾਰ ਦਾ ਮੁੰਡਾ ਸਖਤ ਬਿਮਾਰ ਹੋ ਗਿਆ। ਸਰਹੱਦ ਨੇੜੇ ਉਦਾਸ ਚੱਕਰ ਕਟਦਾ ਰਾਜ ਕੁਮਾਰ, ਫਕੀਰ ਚੰਦ ਦੇ ਪਿੰਡ ਵੱਲ ਦੇਖਦਾ ਰਹਿੰਦਾ। ਇਕ ਦਿਨ ਫਕੀਰ ਚੰਦ ਨਜ਼ਰੀਂ ਪਿਆ ਤਾਂ ਉਚੀ ਸਾਰੀ ਵਾਜ ਮਾਰ ਕੇ ਦਵਾਈ ਦਾ ਵਾਸਤਾ ਪਾਇਆ। ਫਕੀਰ ਚੰਦ ਨੇ ਕਿਹਾ, ‘ਠਹਿਰ। ਹੁਣੇ ਆਇਆ’। ਦਵਾਈ ਆ ਗਈ। ਪਰ ਇੱਧਰ ਕਿਵੇਂ ਆਏ? ਸਿਪਾਹੀ ਉਪਰ ਮਿੰਨਤ ਤਰਲੇ ਨੇ ਅਸਰ ਨਾ ਕੀਤਾ। ਫਕੀਰ ਚੰਦ ਨੇ ਕਿਹਾ, ‘ਦਵਾਈ ਦੇ ਜਿਹੜੇ ਪੈਸੇ ਮੈਨੂੰ ਦੇਣੇ ਸਨ ਉਹ ਸਿਪਾਹੀ ਨੂੰ ਦੇਦੇ’। ਇਸ ਤਰੀਕੇ ਦਵਾਈ ਆ ਗਈ। ਮੁੰਡਾ ਬਚ ਗਿਆ ਪਰ ਲੋਕਾਂ ਦੀ ਜ਼ਬਾਨ ਕਿਵੇਂ ਫੜੀਏ? ਕਹਿ ਰਹੇ ਸਨ ਕਿ ਬਟਵਾਰੇ ਦੇ ਹੱਕ ਵਿਚ ਸਭ ਤੋਂ ਵਧੀਕ ਨਾਹਰੇ ਏਸ ਰਾਜੂ ਮਾਰੇ ਨੇ ਹੀ ਲਾਏ ਸਨ। ਉਹਨੂੰ ਕੀ ਪਤਾ ਸੀ ਮੁੰਡਾ ਬਿਮਾਰ ਹੋ ਸਕਦੈ।
ਏਸ ਪਿੰਡ ਵਿਚ ਪਾਣੀ ਦੀ ਘਾਟ ਕਰਕੇ ਸੋਕਾ ਪਿਆ ਰਹਿੰਦਾ, ਉਧਰ ਹੜ੍ਹ ਕਰਕੇ ਫਸਲਾਂ ਤਬਾਹ ਹੰੁਦੀਆਂ। ਭੁੱਖ ਦੋਹੇਂ ਪਾਸੇ ਇਕੋ ਜਿਹੀ। ਲੋਕ ਚੋਰੀ ਚੋਰੀ ਲੁਕ ਛਿਪ ਇਧਰ ਉਧਰ ਆਉਂਦੇ ਜਾਂਦੇ।
ਇਕ ਦਿਨ ਸਰਪੰਚ ਨੇ ਦੋਹਾਂ ਪਿੰਡਾਂ ਵਿਚ ਸਦਭਾਵਨਾ ਦਾ ਗੇੜਾ ਲਾਇਆ। ਉਹ ਕੋਈ ਕਿਤਾਬ ਲਿਖਣੀ ਚਾਹੁੰਦਾ ਸੀ, ਕਿਤੇ ਲੋਕ ਉਸ ਦੇ ਕੀਤੇ ਪੁੰਨ ਕਾਰਜ ਭੁੱਲ ਨਾ ਜਾਣ। ਲੋਕਾਂ ਨੇ ਉਸ ਦਾ ਦੋਹੀਂ ਥਾਈਂ ਗਰਮਜੋਸ਼ੀ ਨਾਲ ਖੈਰ ਮਕਦਮ ਕੀਤਾ, ਪਿੰਡ ਦੇ ਬਟਵਾਰੇ ਸਦਕਾ ਸ਼ੁਕਰਾਨਾ ਕੀਤਾ। ਸਰਪੰਚ ਨੇ ਆਪਣਾ ਭਾਸ਼ਣ ਦਿੱਤਾ, ‘ਦੇਖੋ ਭਾਈਓ ਅਸੀਂ ਤੁਹਾਡਾ ਭਲਾ ਕੀਤਾ ਹਮੇਸ਼। ਹੁਣ ਅਕਲ ਤੋਂ ਕੰਮ ਲੈਣਾ। ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਪਾਣੀਆਂ `ਤੇ ਡਾਕਾ ਮਾਰਨ ਬਾਰੇ ਸੋਚੋ ਤੇ ਉਹ ਤੁਹਾਡੇ ਖੇਤਾਂ ਉਪਰ ਮਾੜੀ ਨਜ਼ਰ ਰੱਖਣ। ਬੁਰਾ ਖਿਆਲ ਦਿਲ ਵਿਚ ਆਏ ਤਾਂ ਵੀ ਲੜਨਾ ਨਹੀਂ’।
ਇਹ ਕਹਿ ਕੇ ਸਰਪੰਚ ਚਲਾ ਗਿਆ। ਸਰਹੱਦ `ਤੇ ਕੰਡਿਆਲੀ ਤਾਰ ਲੱਗ ਗਈ ਤੇ ਪਿੰਡ ਦੇ ਜੁਆਨਾਂ ਕੋਲ ਪਤਾ ਨਹੀਂ ਕਿੱਥੋਂ ਹਥਿਆਰ ਗੋਲਾ ਬਾਰੂਦ ਆ ਗਿਆ। ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅਤਿਵਾਦ ਸ਼ੁਰੂ ਹੋ ਗਿਐ। ਪਿੰਡ ਦਾ ਫੱਕਰ ਪਤਾ ਨਹੀਂ ਹਿੰਦੂ ਹੈ ਕਿ ਮੁਸਲਮਾਨ। ਕਦੀ ਮੰਦਰ ਜਾ ਕੇ ਸੰਖ ਵਜਾ ਆਉਂਦੈ ਕਦੀ ਮਸੀਤ ਵਿਚ ਨਮਾਜ਼ ਪੜ੍ਹਨ ਚਲਾ ਜਾਂਦੈ, ਕਿਹਾ ਕਰਦੈ- ਹਜ਼ਾਰਾਂ ਸਾਲ ਪਹਿਲਾਂ ਅਸੀਂ ਰੱਬ ਨੂੰ ਯਾਦ ਕਰਦਿਆਂ ਸੰਖ ਵਜਾਏ ਤਾਂ ਕਿਤੇ ਸਾਨੂੰ ਨਮਾਜ਼ ਨਸੀਬ ਹੋਈ।
ਏਸ ਪਿੰਡ ਦੀ ਮੇਥੀ ਦੂਰ ਦੂਰ ਤਕ ਮਸ਼ਹੂਰ ਸੀ। ਦੂਜੇ ਪਿੰਡ ਮੇਥੀ ਦੀ ਖੁਸ਼ਬੂ ਪੁੱਜਦੀ, ਮੇਥੀ ਨਹੀਂ ਜਾ ਸਕਦੀ। ਸਮੁੰਦਰ ਵਾਲਾ ਰਸਤਾ ਬੜਾ ਮਹਿੰਗਾ ਪੈਂਦਾ। ਇਧਰਲੇ ਉਧਰਲੇ ਬੇਵੱਸ। ਨੂਰਦੀਨ ਨੇ ਧੀ ਦਾ ਵਿਆਹ ਧਰਿਆ ਹੋਇਆ ਸੀ ਕਿ ਉਸਦਾ ਮੇਥੀ ਨਾਲ ਭਰਿਆ ਜਹਾਜ਼ ਡੁੱਬ ਗਿਆ। ਸਭ ਖਤਮ। ਸਰਹੱਦ ਪਾਰੋਂ ਸਾਈਂਦਾਸ ਨੇ ਆਵਾਜ਼ ਮਾਰੀ- ਵਿਆਹ ਹੋਵੇਗਾ ਨੂਰਦੀਨ, ਮੇਰੇ ਕੋਲ ਪੈਸੇ ਨੇ, ਮੈਂ ਆਪਣੇ ਭਰਾ ਦੀ ਮਦਦ ਵਕਤ ਸਿਰ ਨਾ ਕੀਤੀ ਤਾਂ ਜਿਊਣ `ਤੇ ਲਾਹਨਤ। ਰੁਕ, ਪੈਸੇ ਲਿਆ ਰਿਹਾਂ। ਸਿਪਾਹੀ ਨੇ ਕਿਹਾ- ਤੇਰੇ ਪਿੰਡ ਦੇ ਪੈਸੇ ਉਧਰ ਨਹੀਂ ਚਲਦੇ। ਇਸ ਗਰੀਬ ਨੂੰ ਫਸਵਾ ਦਏਂਗਾ ਕਿ ਵਿਦੇਸ਼ੀ ਕਰੰਸੀ ਕਿੱਥੋਂ ਆਈ।
ਆਖਰ ਇਕ ਸਕੀਮ ਬਣਾਈ। ਦੋਹਾਂ ਪਾਸਿਆਂ ਦੇ ਲੋਕਾਂ ਨੇ ਜ਼ਮੀਨ ਹੇਠਾਂ ਦੀ ਸੁਰੰਗ ਕੱਢ ਲਈ। ਲੋੜੀਂਦੀਆਂ ਚੀਜ਼ਾਂ ਇਧਰ ਉਧਰ ਆਣ ਜਾਣ ਲੱਗੀਆਂ। ਇਕ ਨਾ ਇਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ। ਪੁਲਿਸ ਦੇ ਕੰਮਕਾਜ ਦੀ ਪੜਤਾਲ ਹੋਈ। ਜਾਂਚ ਟੀਮ ਅੱਗੇ ਪੁਲਿਸ ਨੇ ਬਿਆਨ ਦਿੱਤਾ, ‘ਅਸੀਂ ਮੈਦਾਨਾਂ ਦੀ ਨਿਗਰਾਨੀ ਕਰਨੀ ਹੈ। ਆਕਾਸ਼ ਵਿਚ ਅਤੇ ਪਤਾਲ ਵਿਚ ਕੀ ਹੋ ਰਿਹੈ, ਸਾਨੂੰ ਨਹੀਂ ਪਤਾ।
ਫੱਕਰ ਨੇ ਕਿਹਾ, ‘ਨਦੀਆਂ ਵਹਿਣ ਬਦਲ ਲੈਂਦੀਆਂ ਹਨ, ਧਰਤੀ ਥਾਂ ਛੱਡ ਦਿੰਦੀ ਹੈ ਤਾਂ ਸੁਰੰਗਾਂ ਬਣ ਜਾਂਦੀਆਂ ਹਨ, ਆਕਾਸ਼ ਵਿਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਨੇਰੀਆਂ ਵਗਦੀਆਂ ਹਨ। ਇਨ੍ਹਾਂ ਉਪਰ ਕਿਸੇ ਦਾ ਕੰਟਰੋਲ ਨਹੀਂ। ਜਿਨ੍ਹਾਂ ਬਟਵਾਰਾ ਕੀਤਾ ਉਨ੍ਹਾਂ ਨੂੰ ਕੋਈ ਨੀ ਪੁੱਛਦਾ। ਜ਼ਮੀਨ ਮਨਮਰਜ਼ੀ ਕਰਨ ਲੱਗੇ ਤਾਂ ਬੰਦੇ ਦੀ ਮਰਜ਼ੀ ਨੀ ਚੱਲਦੀ।
ਫੋਨ: 94642-51454