ਜਿਉਤਿਸ਼ ਦਾ ਕੱਚ ਸੱਚ !

ਪੰਜਾਬੀ ਹਿੰਦੂ ਸੁਰਿੰਦਰ ਮੋਹਨ ਪਾਠਕ ਹਿੰਦੀ ਦਾ ਚੋਟੀ ਦਾ ਬੈਸਟ ਸੈਲਰ ਜਾਸੂਸੀ ਲੇਖਕ ਹੈ ਜੋ ਬਚਪਨ ਵਿਚ ਵੰਡ ਵੇਲੇ ਮਾਪਿਆਂ ਨਾਲ ਪਾਕਿਸਤਾਨੋਂ ਭਾਰਤ ਆ ਵਸਿਆ ਸੀ। ਹਾਲਾਂਕਿ ਮੈਨੂੰ ਜਾਸੂਸੀ ਸਾਹਿਤ ਵਿਚ ਖਾਸ ਦਿਲਚਸਪੀ ਨਹੀਂ ਪਰ ਉਸ ਦੀ ਲਿਖੀ ਸਵੈ-ਜੀਵਨੀ ਕਾਬਲੇ ਤਾਰੀਫ ਹੈ ਜਿਸ ਵਿਚ ਉਸ ਦੁਆਰਾ ਜਿਉਤਿਸ਼ ਨਾਲ ਜੁੜੀਆਂ ਕੁਝ ਘਟਨਾਵਾਂ ਦਾ ਜਿ਼ਕਰ ਡ੍ਹਾਢਾ ਮਨੋਰੰਜਕ ਲੱਗਿਆ। ਉਸ ਅਨੁਸਾਰ ਕਿਵੇਂ ਦੁਨੀਆ ਦੇ ਅਰਬਾਂ-ਖਰਬਾਂ ਲੋਕਾਂ ਦਾ ਭਵਿੱਖ ਬਾਰਾਂ ਰਾਸ਼ੀਆਂ ਵਿਚ ਸਮਾ ਸਕਦਾ ਹੈ? ਕਦੇ ਕਿਸੇ ਜਿਉਤਿਸ਼ੀ ਨੇ ਨਹੀਂ ਦੱਸਿਆ ਕਿ ਫਲਾਣਾ ਬੰਦਾ ਹਾਰਟ ਅਟੈਕ ਜਾਂ ਐਕਸੀਡੈਂਟ ਨਾਲ ਮਰਨ ਵਾਲਾ ਹੈ। ਅੰਦਾਜ਼ੇ ਨਾਲ ਬਹੁਤ ਕੁਝ ਦੱਸ ਦਿੰਦੇ ਹਨ ਪਰ ਜੇ ਇੱਤਫਾਕਨ ਕੁਝ ਸੱਚ ਨਿਕਲ ਆਇਆ ਤਾਂ ਜਿਉਤਿਸ਼ੀ ਦੀ ਬੱਲੇ-ਬੱਲੇ ਨਹੀਂ ਤਾਂ ਜਜਮਾਨ ਦੁਆਰਾ ਦੱਸੇ ਤੱਥਾਂ ਵਿਚ ਗਲਤੀ ਕੱਢ ਦਿੰਦੇ ਹਨ। ਪਹਿਲਾਂ ਕੁਝ ਬੁਰਾ ਹੋਣ ਦਾ ਡਰ ਖੜ੍ਹਾ ਕਰਨਾ ਫੇਰ ਉਪਾਅ ਦੇ ਨਾਂਅ ਮਾਇਆ ਹਾਸਲ ਕਰ ਲੈਣੀ। ਕੁਝ ਕੁ ਮਿਸਾਲਾਂ ਹਨ। ਭਾਰਤ ਦਾ ਇਕ ਪ੍ਰਧਾਨ ਮੰਤਰੀ ਜੋ ਹੱਦੋਂ ਵੱਧ ਜਿਉਤਿਸ਼ `ਤੇ ਵਿਸ਼ਵਾਸ ਕਰਦਾ ਸੀ ਅਤੇ ਬਿਨਾ ਦਰਜਨਾਂ ਜਿਉਤਿਸ਼ੀਆਂ ਦੀ ਸਲਾਹ ਦੇ ਕੋਈ ਕਦਮ ਨਹੀਂ ਪੁੱਟਦਾ ਸੀ ਆਪਣੀ ਪੰਜ ਸਾਲ ਦੀ ਟਰਮ ਦੀ ਥਾਂ 170 ਦਿਨਾਂ ਵਿਚ ਗੱਦੀਉਂ ਲੱਥ ਗਿਆ।

ਜਿਉਤਿਸ਼ `ਤੇ ਵਿਸ਼ਵਾਸ ਕਰਨ ਵਾਲੇ ਇੱਕ ਮਿੱਤਰ ਨੇ ਆਪਣੀ ਬੇਟੀ ਦੇ ਵਿਆਹ ਵਿਚ ਆਉਂਦੀ ਇੱਕ ਅੜਚਨ ਦੂਰ ਕਰਾਉਣ ਲਈ ਉਪਾਅ ਵਾਸਤੇ ਦਸ ਹਜ਼ਾਰ ਰੁਪਏ ਖਰਚੇ ਪਰ ਵਿਆਹ ਤਿੰਨ ਮਹੀਨੇ ਨਹੀਂ ਚੱਲਿਆ। ਲੇਖਕ ਦੇ ਮਹਿਕਮੇ ਦੇ ਚੀਫ ਦਾ ਲੜਕਾ ਕੈਂਸਰਗ੍ਰਸਤ ਸੀ ਅਤੇ ਡਾਕਟਰਾਂ ਜਵਾਬ ਦਿੱਤਾ ਹੋਇਆ ਸੀ। ਕਿਸੇ ਮਸ਼ਹੂਰ ਜੋਤਸ਼ੀ ਜਿਸ ਨੂੰ ਲੋਕ ਰੱਬ ਵਾਂਗ ਪੂਜਦੇ ਸੀ, ਦੇ ਕਹਿਣ `ਤੇ ਉਪਾਅ ਵਜੋਂ ਉਸ ਗਿਆਰਾਂ ਪੰਡਤਾਂ ਤੋਂ ਇੱਕ ਲੱਖ ਵਾਰ ਗਾਇਤਰੀ ਮੰਤਰ ਦਾ ਜਾਪ ਕਰਵਾਇਆ। ਜਾਪ ਪੂਰਾ ਹੁੰਦੇ ਹੀ ਲੜਕਾ ਪੰਡਤਾਂ ਨੂੰ ਚੰਗੀ ਕਮਾਈ ਕਰਵਾ ਸਵਰਗ ਸਿਧਾਰ ਗਿਆ। ਜੋਤਸ਼ੀ ਮਹਾਰਾਜ ਨੇ ਜਜਮਾਨ ਦੁਆਰਾ ਕੀਤੇ ਵਿਧੀ ਵਿਧਾਨ ਵਿਚ ਨੁਕਸ ਕੱਢ ਪੱਲਾ ਝਾੜ ਲਿਆ। ਇੱਕ ਫਿਲਮੀ ਰਸਾਲੇ ਦੇ ਪ੍ਰਕਾਸ਼ਕ ਨੇ ਇੱਕ ਪਹੁੰਚੇ ਹੋਏ ਜਿਉਤਿਸ਼ੀ ਕੋਲੋਂ ਮਹਿੰਗੇ ਭਾਅ ‘ਭਾਗ ਜਗਾਊ’ ਮੁੰਦਰੀ ਹਾਸਲ ਕਰ ਪਹਿਨੀ। ਤੀਜੇ ਦਿਨ ਹੀ ਪ੍ਰਕਾਸ਼ਕ ਨੂੰ ਗੰਭੀਰ ਦਿਲ ਦਾ ਦੌਰਾ ਪੈ ਪਿਆ। ਨਰਸਿੰਗ ਹੋਮ ਦੇ ਮਾਹਿਰ ਡਾਕਟਰਾਂ ਉਸ ਨੂੰ ਬਚਾ ਤਾਂ ਲਿਆ ਪਰ ਹੋਸ਼ ਆਉਣ `ਤੇ ਮਰੀਜ਼ ਨੇ ਸਭ ਤੋਂ ਪਹਿਲਾਂ ਆਪਣੀ ‘ਭਾਗ ਜਗਾਊ’ ਮੁੰਦਰੀ ਪਰ੍ਹਾਂ ਵਗਾਹ ਮਾਰੀ। ਕੋਈ ਤੀਹ-ਪੈਂਤੀ ਵਰ੍ਹੇ ਪਹਿਲਾਂ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖੇਡਣ ਗਈ ਤਾਂ ਉਸ ਜ਼ਮਾਨੇ ਦੀਆਂ ਵੱਡੀਆਂ ਹਸਤੀਆਂ ਦੇ ਮਾਨਤਾ ਪ੍ਰਾਪਤ ਜੋਤਸ਼ੀ ਮਹਾਰਾਜ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਰਤੀ ਟੀਮ ਪੰਜੇ ਮੈਚਾਂ ਦੀ ਸਿਰੀਜ਼ ਸ਼ਾਨ ਨਾਲ ਜਿੱਤੇਗੀ ਪਰ ਟੀਮ ਮੈਚ ਹਾਰ ਪੰਜ ਜ਼ੀਰੋ ਦਾ ਸਕੋਰ ਬਣਾ ਮੁੜੀ। ਮੀਡੀਆ ਵਿਚ ਜੋਤਸ਼ੀ ਹੁਰਾਂ ਸਫਾਈ ਦਿੱਤੀ ਕਿ ਟੀਮ ਲੈ ਜਾ ਰਹੇ ਜਹਾਜ਼ ਨੇ ਉਨ੍ਹਾਂ ਦੇ ਕੈਲਕੁਲੇਟਿਡ ਟਾਈਮ ਤੋਂ ਅੱਧਾ ਘੰਟਾ ਲੇਟ ਉਡਾਣ ਭਰੀ ਸੀ। ਫੜ ਲਓ ਪੂਛ। ਇਕ ਵਾਰ ਜਦ ਕਾਂਗਰਸੀ ਪ੍ਰਧਾਨ ਮੰਤਰੀ ਨੇ ਇੱਕ ਪਹੁੰਚੇ ਹੋਏ ਤ੍ਰਕਾਲਦਰਸ਼ੀ ਨਾਗਾ ਬਾਬੇ ਤੋਂ ਆਸ਼ੀਰਵਾਦ ਲੈ ਚੋਣਾਂ ਲੜੀਆਂ ਤਾਂ ਕਾਂਗਰਸ ਨੂੰ ਸਭ ਤੋਂ ਬੁਰੀ ਹਾਰ ਦਾ ਮੂੰਹ ਦੇਖਣਾ ਪਿਆ। ਮਸ਼ਹੂਰ ਲੇਖਕ ਪੱਤਰਕਾਰ ਖੁਸ਼ਵੰਤ ਸਿੰਘ ਹੁਰਾਂ ਨੂੰ ਇੱਕ ਮਾਹਿਰ ਜੋਤਸ਼ੀ ਨੇ ਕਿਹਾ ਸੀ ਕਿ ਉਹ 80 ਸਾਲ ਦੀ ਉਮਰ ਵਿਚ ਚਲਾਣਾ ਕਰ ਜਾਣਗੇ ਪਰ ਹੋਇਆ ਇਹ ਕਿ ਖੁਸ਼ਵੰਤ ਸਿੰਘ ਲਗਭਗ 99 ਸਾਲ ਸਲਾਮਤ ਰਹੇ ਅਤੇ ਜੋਤਸ਼ੀ ਸਾਹਬ ਉਨ੍ਹਾਂ ਤੋਂ ਕਿਤੇ ਪਹਿਲਾਂ ਚੜ੍ਹਾਈ ਕਰ ਗਏ। ਹੋਰ ਤਾਂ ਹੋਰ ਇਸ ਧਰਤੀ ਦੇ ਅੰਤ ਬਾਰੇ ਕਈ ਭਵਿੱਖਬਾਣੀਆਂ ਹੋਈਆਂ ਪਰ ਇਹ ਹਾਲੇ ਤਾਈਂ ਸਲਾਮਤ ਹੈ ਕੱਲ੍ਹ ਦਾ ਪਤਾ ਨਹੀਂ। ਦਰਅਸਲ ਜੋਤਿਸ਼ ਵਿਚ ਰਾਸ਼ੀਆਂ ਅਤੇ ਗ੍ਰਹਿਾਂ ਨੂੰ ਉਪਾਵਾਂ ਨਾਲ ਪ੍ਰਭਾਵਿਤ ਕਰਨ ਦਾ ਢੋਂਗ ਅਤੇ ਕਰਾਮਾਤੀ ਰੱਬ ਦਾ ਅਡੰਬਰ ਫਰਾਡਤੰਤਰ ਦੇ ਬਰਾਬਰ ਦੇ ਹਿੱਸੇਦਾਰ ਹਨ ਜੋ ਉਨ੍ਹਾਂ ਨਾਸਮਝਾਂ ਤੋਂ ਲਾਭ ਉਠਾਉਂਦੇ ਹਨ ਜੋ ਕੁਦਰਤੀ ਨੇਮਾਂ ਅਧੀਨ ਚੱਲ ਰਹੇ ਜੀਵਨ ਨੂੰ ਸਮਝਣ ਤੋਂ ਅਸਮਰੱਥ ਹਨ। ਇਸ ਲਈ ਕੇਵਲ ਵਿਗਿਆਨਕ ਨਜ਼ਰੀਆ ਹੀ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਰੱਖ ਸਕਦਾ ਹੈ। ਆਓ ਸੰਸਾਰ ਨੂੰ ਵਿਗਿਆਨਕ ਢੰਗ ਨਾਲ ਦੇਖਣ ਸਮਝਣ ਦਾ ਯਤਨ ਕਰੀਏ।
-ਹਰਜੀਤ ਦਿਉਲ