ਮਨੁੱਖਤਾ ਨੂੰ ਦਰਪੇਸ਼ ਸੰਕਟ ਅਤੇ ਸਾਮਰਾਜਵਾਦ

ਗੁਰਬਚਨ ਸਿੰਘ
ਫੋਨ: +91-98156-98451
ਪੰਜਾਬ ਟਾਈਮਜ਼ ਲਈ ਗਾਹੇ-ਬਗਾਹੇ ਅਹਿਮ ਮੁੱਦਿਆਂ ‘ਤੇ ਲਿਖਣ ਵਾਲੇ ਸ. ਗੁਰਬਚਨ ਸਿੰਘ (ਜਲੰਧਰ) ਨੇ ਇਸ ਲੇਖ ਵਿਚ ਸੰਸਾਰ ਦੇ ਮੌਜੂਦਾ ਸੰਕਟ ਦੀ ਪੁਣ-ਛਾਣ ਕੀਤੀ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਸੰਸਾਰ ਦੀਆਂ ਸਾਮਰਾਜੀ ਸ਼ਕਤੀਆਂ ਦੇ ਮਕਸਦ ਅਤੇ ਮੰਤਵ ਉਤੇ ਉਂਗਲ ਰੱਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਚੇਤਾ ਵੀ ਕਰਵਾਇਆ ਹੈ ਕਿ ਜੇ ਕਿਤੇ ਰੂਸੀ ਇਨਕਲਾਬ ਸਹੀ ਲੀਹਾਂ ‘ਤੇ ਪੈ ਜਾਂਦਾ ਤਾਂ ਸੰਸਾਰ ਨੂੰ ਅਜਿਹੇ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ।

ਆਲਮੀ ਪੱਧਰ ਉਤੇ ਦੋ ਵਰਤਾਰੇ ਨਾਲੋ-ਨਾਲ ਵਾਪਰ ਰਹੇ ਹਨ। ਇਕ ਵਾਤਾਵਰਨ ਦੇ ਘਾਣ ਕਾਰਨ ਦੁਨੀਆ ਭਰ ਵਿਚ ਹੋ ਰਹੀ ਤਬਾਹੀ ਹੈ। ਕਿਤੇ ਹੜ੍ਹ ਆ ਰਹੇ ਹਨ, ਕਿਤੇ ਸੋਕੇ ਕਾਰਨ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ, ਕਿਤੇ ਜੰਗਲਾਂ ਨੂੰ ਲੱਗੀ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ, ਕਿਤੇ ਵਧੀ ਤਪਸ਼ ਕਾਰਨ ਜ਼ਿੰਦਗੀ ਅਕਹਿ ਤੇ ਅਸਹਿ ਬਣ ਰਹੀ ਹੈ। ਗਰਮੀ ਕਾਰਨ ਬਜ਼ੁਰਗਾਂ ਤੇ ਬੱਚਿਆਂ ਦੀ ਸੰਭਾਲ ਮੁਸ਼ਕਿਲ ਹੋ ਰਹੀ ਹੈ। ਉਤਰੀ ਪੋਲ ਦੀ ਬਰਫ ‘ਤੇ ਗਲੇਸ਼ੀਅਰ ਪਿਘਲਣ ਕਾਰਨ ਸਮੁੰਦਰਾਂ ਦੇ ਵਧ ਰਹੇ ਪਾਣੀਆਂ ਦਾ ਪੱਧਰ ਤੇ ਭਿਅੰਕਰ ਵਾਵਰੋਲੇ ਕਿਨਾਰਿਆਂ ਉਤੇ ਵਸਦੇ ਲੋਕਾਂ ਲਈ ਮੁਸੀਬਤ ਬਣ ਰਹੇ ਹਨ। ਕਿਸੇ ਵੀ ਮੁਲਕ ਦੀਆਂ ਖਬਰਾਂ ਸੁਣ ਲਓ, ਤਕਰੀਬਨ ਹਰ ਮੁਲਕ ਵਿਚ ਵਾਤਾਵਰਨ ਵਿਚ ਤਬਦੀਲੀਆਂ ਕਾਰਨ ਮਨੁੱਖਤਾ ਦਾ ਵੱਡਾ ਹਿੱਸਾ ਕਸ਼ਟ ਭੋਗ ਰਿਹਾ ਹੈ।
ਪਾਕਿਸਤਾਨ ਵਿਚ ਭਿਆਨਕ ਹੜ੍ਹ ਇਸ ਵੇਲੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਹਨ। ਗਲੇਸ਼ੀਅਰ ਪਿਘਲਣ ਕਾਰਨ ਆਏ ਇਹਨਾਂ ਹੜ੍ਹਾਂ ਬਾਰੇ ਪਾਕਿਸਤਾਨ ਦੀ ਵਜ਼ੀਰ-ਏ-ਵਾਤਾਵਰਨ ਦਾ ਬਿਆਨ ਹੈ ਕਿ ਅਮੀਰ ਮੁਲਕਾਂ ਦੀ ਮਨਮਾਨੀ ਦਾ ਖਮਿਆਜ਼ਾ ਗਰੀਬ ਮੁਲਕਾਂ ਦੇ ਲੋਕ ਭੁਗਤ ਰਹੇ ਹਨ। ਉਸ ਅਨੁਸਾਰ, ਪਾਕਿਸਤਾਨ ਵਾਤਾਵਰਨ ਵਿਚ ਵਧ ਰਹੀ ਕਾਰਬਨ ਦਾ ਸਿਰਫ ਇਕ ਫੀਸਦ ਵਾਧਾ ਕਰਨ ਦਾ ਜ਼ਿੰਮੇਵਾਰ ਹੈ ਪਰ ਇਸ ਦੀ ਦੋ-ਤਿਹਾਈ ਆਬਾਦੀ ਹੜ੍ਹਾਂ ਦੀ ਮਾਰ ਹੇਠ ਹੈ। ਆਬਾਦੀ ਪਖੋਂ ਦੁਨੀਆ ਦੇ ਸਭ ਤੋਂ ਵੱਡੇ ਮੁਲਕ ਚੀਨ ਵਿਚ ਗਰਮੀ ਨੇ ਅਤਿ ਚੁਕੀ ਹੋਈ ਹੈ। ਮੁਲਕ ਦੇ 34 ਦਰਿਆ ਸੁਕ ਗਏ ਹਨ ਜਾਂ ਸੁੱਕਣ ਕਿਨਾਰੇ ਹਨ। ਯੂਰਪ ਦਾ ਵਧੇਰੇ ਹਿੱਸਾ ਤਪਸ਼ ਦਾ ਸ਼ਿਕਾਰ ਹੈ। ਫਰਾਂਸ ਦੇ ਸੌ ਸ਼ਹਿਰਾਂ ਵਿਚ ਪੀਣ ਦੇ ਪਾਣੀ ਦੀ ਕਿੱਲਤ ਹੈ। ਜਰਮਨ ਦੇ ਦਰਿਆ ਰਾੲ੍ਹੀਨ ਵਿਚ ਪਾਣੀ ਦੀ ਮਿਕਦਾਰ ਘਟਣ ਕਾਰਨ ਦਰਿਆਈ ਆਵਾਜਾਈ ਪ੍ਰਭਾਵਿਤ ਹੋਈ ਹੈ।
ਦੂਜਾ ਵਰਤਾਰਾ ਪਿਛਲੇ ਲਗਭਗ ਸੱਤ ਮਹੀਨਿਆਂ ਤੋਂ ਯੂਕਰੇਨ ਤੇ ਰੂਸ ਵਿਚਕਾਰ ਚਲ ਰਹੀ ਜੰਗ ਹੈ। ਇਹ ਜੰਗ ਹੁਣ ਸਮੂਹ ਸੰਸਾਰ ਦੇ ਲੋਕਾਂ ਉਤੇ ਆਪਣਾ ਸਥਾਈ ਪ੍ਰਭਾਵ ਛੱਡ ਰਹੀ ਹੈ। ਜਿਹੜੀ ਜੰਗ ਪਹਿਲਾਂ ਦੋ ਮੁਲਕਾਂ ਅਤੇ ਸੰਸਾਰ ਦੇ ਇਕ ਕੋਨੇ ਵਿਚ ਲੱਗੀ ਜਾਪਦੀ ਸੀ, ਹੁਣ ਉਹ ਦਰਜਨਾਂ ਮੁਲਕਾਂ ਦੀ ਆਰਥਿਕ ਬਰਬਾਦੀ ਦੇ ਨਾਲ-ਨਾਲ ਦੁਨੀਆ ਭਰ ਦੇ ਸਮਾਜਾਂ ਵਿਚ ਆ ਰਹੀ ਵੱਡੀ ਉਥਲ-ਪੁਥਲ ਦਾ ਕਾਰਨ ਬਣ ਰਹੀ ਹੈ। ਯੂਨਾਈਟਡ ਨੇਸ਼ਨਜ਼ ਦੇ ਸਕਤਰ ਜਨਰਲ ਅੰਤੋਨੀਓ ਗੁਟੇਰੇਜ਼ ਦਾ ਕਹਿਣਾ ਹੈ ਕਿ ਛੋਟਾ ਜਿਹਾ ਗਲਤ ਅਨੁਮਾਨ ਵੀ ਮਨੁੱਖਤਾ ਨੂੰ ਪਰਮਾਣੂ ਜੰਗ ਦੀ ਭੱਠੀ ਵਿਚ ਝੋਕ ਸਕਦਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਹੋਂਦ ਵਿਚ ਆਇਆ ਸੰਸਾਰ ਪ੍ਰਬੰਧ ਤਿੜਕ ਗਿਆ ਹੈ। ਰੂਸ ਦੀ ਆਲਮੀ ਮਸਲਿਆਂ ਦੀ ਕੌਂਸਲ ਨੇੇ ਪੱਛਮ ਨਾਲੋਂ ਆਪਣੇ ਮੁਕੰਮਲ ਤੋੜ-ਵਿਛੋੜੇ ਦਾ ਐਲਾਨ ਕਰ ਦਿਤਾ ਹੈ। ਉਹ ਦਿਨ ਮੁੱਕ ਗਏ ਜਦੋਂ ਰੂਸ ਪੱਛਮ ਅਤੇ ਬਾਕੀ ਮੁਲਕਾਂ ਵਿਚਕਾਰ ਜੋੜਨ ਵਾਲੀ ਕੜੀ ਸੀ। ਹੁਣ ਇਹ ਯਕੀਨ ਕਰਨਾ ਵੀ ਮੁਸ਼ਕਿਲ ਜਾਪਦਾ ਹੈ ਕਿ ਸਿਰਫ ਅੱਠ ਸਾਲ ਪਹਿਲਾਂ ਰੂਸ ਅਮੀਰ ਮੁਲਕਾਂ ਦੇ ਗਰੁਪ ਜੀ-8 ਦਾ ਮੈਂਬਰ ਸੀ।
ਯੂਕਰੇਨ ਇਹ ਜੰਗ ਅਮਰੀਕਾ ਅਤੇੇ ਨਾਟੋ ਗੁਟ ਦੇ ਮੁਲਕਾਂ ਦੇ ਪੈਸੇ ਅਤੇ ਹਥਿਆਰਾਂ ਨਾਲ ਲੜ ਰਿਹਾ ਹੈ। ਇਸ ਜੰਗ ਦਾ ਅਸਲੀ ਕਾਰਨ ਪੂਤਿਨ ਅਤੇ ਯੇਲੈਂਸਕੀ ਦੀ ਜਾਤੀ ਦੁਸ਼ਮਣੀ ਨਹੀਂ ਬਲਕਿ 2008 ਵਿਚ ਆਇਆ ਆਰਥਿਕ ਸੰਕਟ ਅਤੇ ਉਸ ਸੰਕਟ ਕਾਰਨ ਸਾਮਰਾਜੀ ਅਰਥਚਾਰੇ ਵਿਚ ਆਈ ਖੜੋਤ ਹੈ। ਇਸ ਖੜੋਤ ਨੂੰ ਤੋੜਨ ਲਈ ਕੀਤੀਆਂ ਕੋਸ਼ਿਸ਼ਾਂ ਸਾਮਰਾਜੀ ਪ੍ਰਬੰਧ ਨੂੰ ਹੋਰ ਡੂੰਘੇ ਸੰਕਟ ਵਿਚ ਧੱਕ ਰਹੀਆਂ ਹਨ। ਅਮੀਰ ਮੁਲਕਾਂ ਦੇ ਰਿਜ਼ਰਵ ਬੈਂਕਾਂ ਵੱਲੋਂ ਛਾਪੇ ਧੜਾਧੜ ਨੋਟ ਵੀ ਇਸ ਸੰਕਟ ਉਤੇ ਕਾਬੂ ਨਹੀਂ ਪਾ ਸਕੇ। ਵਧ ਤੋਂ ਵਧ ਮੁਨਾਫਾ ਕਮਾਉਣ ਦੀ ਧੁਸ, ਇਕ-ਦੂਜੇ ਤੋਂ ਵਧੇਰੇ ਪੂੰਜੀ ਇਕੱਠੀ ਕਰਨ ਲਈ ਖਰਬਾਂਪਤੀਆਂ ਦਾ ਆਪਸੀ ਮੁਕਾਬਲਾ, ਇਸ ਮੁਕਾਬਲੇ ਕਾਰਨ ਪੈਦਾ ਹੋਈ ਗੜਬੜ (ਅਨਾਰਕੀ) ਤੇ ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਲੋਕ ਮਨਾਂ ਵਿਚ ਸਾਮਰਾਜੀ ਸਰਕਾਰਾਂ ਪ੍ਰਤੀ ਵਧ ਰਹੀ ਬੇਭਰੋਸਗੀ, ਇਸ ਜੰਗ ਦੇ ਅਸਲੀ ਕਾਰਨ ਹਨ। ਜਿਉਂ-ਜਿਉਂ ਜੰਗ ਲਮਕ ਰਹੀ ਹੈ, ਤਿਉਂ-ਤਿਉਂ ਇਸ ਦੇ ਦੂਰ-ਰਸੀ ਪ੍ਰਭਾਵ ਹੋਰ ਗਹਿਰੇ ਹੋ ਰਹੇ ਹਨ। ਪਹਿਲਾਂ ਤੋਂ ਹੀ ਖੜੋਤ ਦੇ ਸ਼ਿਕਾਰ ਸੰਸਾਰ ਅਰਥਚਾਰੇ ਦੇ ਹੋਰ ਵੀ ਰਸਾਤਲ ਵਿਚ ਜਾਣ ਦੀ ਭਵਿਖਬਾਣੀ ਸੰਸਾਰ ਬੈਂਕ ਅਤੇ ਆਈ.ਐਮ.ਐਫ. ਕਰ ਰਹੇ ਹਨ।
ਰੂਸ ਦੇ ਰੱਖਿਆ ਮੰਤਰੀ ਸਰਗਈ ਲਾਵਰੋਵ ਨੇ ਹਮਲੇ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਮਸਲਾ ਯੂਕਰੇਨ ਦਾ ਨਹੀਂ, ਅਮਰੀਕਾ ਦੀ ਅਗਵਾਈ ਹੇਠਲੀ ਨਾਟੋ ਦੀ ਠਾਣੇਦਾਰੀ ਖਤਮ ਕਰਨ ਦਾ ਹੈ। ਇਹ ਯੂਕਰੇਨ ਲਈ ਨਹੀਂ, ਨਵੇਂ ਸੰਸਾਰ ਪ੍ਰਬੰਧ ਲਈ ਜੰਗ ਹੈ ਅਤੇ ਆਧੁਨਿਕ ਇਤਿਹਾਸ ਦਾ ਇਹ ਯੁਗ-ਪਲਟਾਊ ਸਮਾਂ ਹੈ। ਹਿਲੇਰੀ ਕਲਿੰਟਨ ਨੇ ਇਹ ਗੱਲ ਸਾਫ ਸ਼ਬਦਾਂ ਵਿਚ ਕਈ ਵਾਰ ਦੁਹਰਾਈ ਹੈ ਕਿ ਰੂਸ ਯੂਕਰੇਨ ਦੀ ਜੰਗ ਵਿਚ ਅਮਰੀਕੀ ਸਾਮਰਾਜ ਦੀ ਆਪਣੀ ਹੋਂਦ ਦਾਅ ਉਤੇ ਲਗੀ ਹੋਈ ਹੈ ਤੇ ਮੌਜੂਦਾ ਜੰਗ ਵਿਚ ਰੂਸ ਦੀ ਹਾਰ ਨਾਟੋ ਮੁਲਕਾਂ ਸਮੇਤ ਅਮਰੀਕਾ ਦੀ ਅਟਲ ਲੋੜ ਹੈ। ਰੂਸ ਦੀ ਹਾਰ ਦਾ ਮਤਲਬ ਰੂਸ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਦੀ ਕੀਮਤ ਦੁਨੀਆ ਨੂੰ ਪਰਮਾਣੂ ਜੰਗ ਦੇ ਰੂਪ ਵਿਚ ਦੇਣੀ ਪਵੇਗੀ।
ਰੂਸ ਦੇ ਸਰਕਾਰੀ ਇੰਟਰਨੈਟ ਅਖਬਾਰ ਰਸ਼ੀਆ ਟੂਡੇ (ਆਰਟੀ.ਕਾਮ) ਦੀ ਸੁਰਖੀ ਹੈ: ਆਓ! ਅਰਦਾਸ ਕਰੀਏ ਕਿ ਰੂਸ ਅਮਰੀਕਾ ਦੀ ਸੀਤ ਜੰਗ ਕਿਤੇ ਹਾਟ, ਭਾਵ ਪਰਮਾਣੂ ਜੰਗ ਵਿਚ ਨਾ ਪਲਟ ਜਾਏ। ਇਸ ਲਿਖਤ ਵਿਚ ਪੂਤਿਨ ਦੀ ਉਸ ਤਕਰੀਰ ਦਾ ਹਵਾਲਾ ਵੀ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਰੂਸ ਨੇ ਪਰਮਾਣੂ ਬੰਬ ਢੋਣ ਲਈ ਅਜਿਹੀਆਂ ਹਾਈਪਰਸੌਨਿਕ ਮਿਜ਼ਾਈਲਾਂ ਵਿਕਸਿਤ ਕਰ ਲਈਆਂ ਹਨ ਜਿਨ੍ਹਾਂ ਨੂੰ ਦੁਨੀਆ ਭਰ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਨਾਲੋ-ਨਾਲ ਵਾਪਰ ਰਹੇ ਇਹਨਾਂ ਦੋਵਾਂ ਹੀ ਵਰਤਾਰਿਆਂ ਦਾ ਮੂਲ ਕਾਰਨ ਇਕੋ ਹੀ ਹੈ। ਮਨੁੱਖਤਾ ਦਾ ਕੁਦਰਤ ਅਤੇ ਮਨੁੱਖ ਦਾ ਆਪਣੀ ਕੁਦਰਤੀ ਫਿਤਰਤ ਤੋਂ ਟੁਟੇ ਹੋਣਾ। ਕੁਦਰਤ ਤੋਂ ਟੁੱਟਣ ਕਾਰਨ ਵਾਤਾਵਰਨ ਦਾ ਘਾਣ ਹੋ ਰਿਹਾ ਹੈ ਅਤੇ ਆਪਣੀ ਕੁਦਰਤੀ ਫਿਤਰਤ ਤੋ ਟੁੱਟਾ ਮਨੁੱਖ ਮਨੋਰੋਗੀ ਬਣ ਕੇ ਬੇਲੋੜੀ ਸਾਮਰਾਜੀ ਖਪਤਕਾਰੀ ਦਾ ਸ਼ਿਕਾਰ ਹੋ ਗਿਆ ਹੈ।
ਕਮਿਊਨਿਸਟ ਮੈਨੀਫੈਸਟੋ ਵਿਚ ਮਾਰਕਸ ਨੇ ਲਿਖਿਆ ਹੈ ਕਿ ਪੂੰਜੀਵਾਦ ਕੁਦਰਤ ਅਤੇ ਮਨੁੱਖ ਦੀ ਕੁਦਰਤੀ ਫਿਤਰਤ ਤੋਂ ਟੁੱਟਿਆ ਹੋਇਆ ਆਪਣਾ ਹੀ ਕਲਪਿਆ ਸਮਾਜ ਸਿਰਜ ਲੈਂਦਾ ਹੈ। ਅਜੋਕਾ ਸਾਮਰਾਜੀ ਸੰਸਾਰ ਪੂੰਜੀਵਾਦ ਦਾ ਕਲਪਿਆ ਅਜਿਹਾ ਸੰਸਾਰ ਹੈ ਜਿਹੜਾ ਮਹਿਜ਼ ਮਨੁੱਖੀ ਲੁੱਟ ਦਾ ਵਹਿਸ਼ੀ ਸੰਦ ਹੈ। ਇਹ ਹੱਥੀਂ ਕਿਰਤ ਤੋਂ ਟੁੱਟੇ ਵਿਹਲੜ ਸਭਿਆਚਾਰ ਦਾ ਜਨਕ ਹੈ। ਇਸ ਨੇ ਪਰਾਈ ਕਿਰਤ ਉਤੇ ਪਲਣ ਵਾਲੇ ਪਰਜੀਵੀ, ਨਸ਼ੇੜੀ, ਜੂਏਬਾਜ਼ ਬੁਧੀਜੀਵੀ ਤੇ ਸੰਵੇਦਨਹੀਣ ਨੌਕਰਸ਼ਾਹ ਪੈਦਾ ਕੀਤੇ ਹਨ। ਇਹ ਵੇਸਵਾਗਿਰੀ ਨੂੰ ਉਤਸ਼ਾਹਿਤ ਕਰਦਾ ਹੈ। ਮਨੁੱਖੀ-ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਨੂੰ ਤੋੜਦਾ ਹੈ। ਇਸ ਨੇ ਔਰਤ ਵੇਸਵਾਗਿਰੀ ਦੇ ਨਾਲ-ਨਾਲ ਮਰਦ ਵੇਸਵਾਗਿਰੀ ਤੇ ਸਮਲਿੰਗੀ ਰਿਸ਼ਤਿਆ ਨੂੰ ਵੀ ਉਤਸ਼ਾਹਿਤ ਕੀਤਾ ਹੈ। ਇਹ ਸਾਰੀਆਂ ਪੂੰਜੀਵਾਦੀ ਆਰਥਿਕ ਰਿਸ਼ਤਿਆਂ ਦੇ ਆਉਣ ਨਾਲ ਹੋ ਰਹੀਆਂ ਸੁਭਾਵਿਕ ਤਬਦੀਲੀਆਂ ਦਾ ਸਿੱਟਾ ਨਹੀਂ ਬਲਕਿ ਸਾਮਰਾਜੀ-ਪੂੰਜੀਵਾਦੀ ਵਿਕਾਸ ਦੀਆਂ ਅਲਾਮਤਾਂ ਹਨ।
ਦੁਨੀਆ ਭਰ ਵਿਚ ਵਡੀ ਪੱਧਰ ਉਤੇ ਹੋ ਰਿਹਾ ਪਰਵਾਸ ਅਤੇ ਆਵਾਸ ਸਹਿਜ ਮਨੁੱਖੀ ਜ਼ਿੰਦਗੀ ਦੀ ਰਵਾਨੀ ਦਾ ਸਿੱਟਾ ਨਹੀਂ ਬਲਕਿ ਅੰਨ੍ਹੀ ਸਾਮਰਾਜੀ ਅਨਾਰਕੀ ਦੀ ਦੇਣ ਹੈ। ਸੰਸਾਰ ਭਰ ਵਿਚ ਜ਼ਰਖੇਜ਼ ਜ਼ਮੀਨ ਦਾ ਜ਼ਹਿਰੀ ਹੋਣਾ, ਪਾਣੀ ਦਾ ਪੀਣਯੋਗ ਨਾ ਰਹਿਣਾ, ਚੌਗਿਰਦੇ ਦਾ ਪਲੀਤ ਹੋਣਾ, ਦਿਲ ਦੀਆਂ ਬਿਮਾਰੀਆਂ ਤੇ ਸ਼ੁਗਰ, ਕੈਂਸਰ ਵਰਗੇ ਸਾਰੇ ਰੋਗ ਇਸੇ ਸਾਮਰਾਜੀ ਵਿਨਾਸ਼ ਦੀ ਦੇਣ ਹਨ। ਸਿੱਟੇ ਵਜੋਂ ਮਨੁੱਖਤਾ ਦਿਨੋ-ਦਿਨ ਵਧੇਰੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੀ ਹੈ।
ਦੋ ਸੰਸਾਰ ਜੰਗਾਂ ਪਹਿਲਾਂ ਲੜੀਆ ਜਾ ਚੁਕੀਆ ਹਨ ਅਤੇ ਤੀਜੀ ਸੰਸਾਰ ਜੰਗ ਯੂਕਰੇਨ ਵਿਚ ਲੜੀ ਜਾ ਰਹੀ ਹੈ। ਕੈਥੋਲਿਕ ਇਸਾਈਅਤ ਦੇ ਮੁਖੀ ਪੋਪ ਨੇ ਇਸ ਨੂੰ ਕਿਸ਼ਤਾਂ ਵਿਚ ਲੜੀ ਜਾ ਰਹੀ ਤੀਜੀ ਸੰਸਾਰ ਜੰਗ ਕਿਹਾ ਹੈ। ਇਕ ਪਾਸੇ ਅਮਰੀਕਾ ਦੀ ਅਗਵਾਈ ਹੇਠਲੇ ਨਾਟੋ ਮੁਲਕ ਹਨ ਅਤੇ ਦੂਜੇ ਪਾਸੇ ਰੂਸ ਤੇ ਚੀਨ। ਆਪਣੀ ਮਨੂਵਾਦੀ ਫਿਤਰਤ ਕਾਰਨ ਮੋਦੀਕੇ ਇਸ ਜੰਗ ਵਿਚੋਂ ਮੁਨਾਫਾ ਖੱਟਣ ਲਈ ਦੋਵੇਂ ਪਾਸੇ ਟਪੂਸੀਆਂ ਮਾਰ ਰਹੇ ਹਨ।
ਆਦਿ ਕਾਲ ਤੋਂ ਮਨੁੱਖ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦੀ ਵਰਤਂੋ ਕਰਦਾ ਆਇਆ ਹੈ। ਮਨੁੱਖੀ ਇਤਿਹਾਸ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਪ੍ਰਬਲ ਤਾਂਘ (ਜਗਿਆਸਾ) ਦਾ ਇਤਿਹਾਸ ਹੈ ਪਰ ਹੁਣ ਸਾਮਰਾਜੀ ਦੌਰ ਵਿਚ ਆ ਕੇ ਲਾਲਚੀ ਸਾਮਰਾਜੀ ਪੂੰਜੀਪਤੀਆਂ ਦਾ ਇਕੋ-ਇਕ ਨਿਸ਼ਾਨਾ ਕੁਦਰਤ ੳਤੇ ਗਲਬਾ ਪਾਉਣਾ ਹੈ। ਉਹਨਾਂ ਨੇ ਉਜੱਡ ਤੌਰ-ਤਰੀਕਿਆਂ ਨਾਲ ਧਰਤੀ ਤੇ ਕੁਦਰਤ ਨੂੰ ਮਧੋਲਣਾ ਸ਼ੁਰੂ ਕਰ ਦਿਤਾ ਹੈ। ਕੁਦਰਤੀ ਸੋਮਿਆਂ ਦੇ ਘਾਣ ਤੇ ਵਾਤਾਵਰਨ ਪਲੀਤ ਹੋਣ ਦਾ ਵੱਡਾ ਕਾਰਨ ਸਾਮਰਾਜੀ ਰਾਜ ਪ੍ਰਬੰਧ ਅਤੇ ਧਨ ਕੁਬੇਰਾਂ ਵਲੋਂ ਸਿਰਜਿਆ ਅਜੋਕਾ ਵਿਕਾਸ ਮਾਡਲ ਹੈ। ਨਿਜੀ ਜਾਇਦਾਦ ਆਧਾਰਿਤ ਹੋਣ ਦੇ ਨਾਲ-ਨਾਲ ਕਿਰਤ ਦੀ ਲੁਟ, ਮੰਡੀਆਂ ਅਤੇ ਕੁਦਰਤੀ ਸਰੋਤਾਂ ਉਤੇ ਕਬਜ਼ੇ ਦੀ ਲੜਾਈ ਤੇ ਫਿਰ ਪੈਸੇ ਦੀ ਦੁਰਵਰਤੋਂ ਨਾਲ ਮੋਦੀਕਿਆਂ ਵਾਂਗ ਰਾਜਸੱਤਾ ਉਤੇ ਕਬਜ਼ਾ ਕਰਨਾ, ਇਸ ਮਾਡਲ ਦਾ ਇਕੋ-ਇਕ ਨਿਸ਼ਾਨਾ ਹੈ। ਖਣਿਜਾਂ ਤੇ ਪੈਟਰੋ-ਕੈਮੀਕਲ ਪਦਾਰਥਾਂ ਦੀ ਬੇਕਿਰਕ ਵਰਤੋਂ, ਜੰਗਲਾਂ ਦੀ ਕਟਾਈ, ਕੀਟਨਾਸ਼ਕ ਜ਼ਹਿਰਾਂ ਦੇ ਛਿੜਕਾਅ ਤੇ ਜਲ-ਸੋਮਿਆਂ ਦੇ ਨਸ਼ਟ ਹੁੰਦੇ ਜਾਣ ਨਾਲ ਬਨਸਪਤੀ ਤੇ ਜੀਵ-ਜੰਤੂਆਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਨਸ਼ਟ ਹੋ ਰਹੀਆਂ ਹਨ। ਕੁਦਰਤੀ ਤਵਾਜ਼ਨ ਵਿਗੜਨ ਨਾਲ ਮੌਸਮਾਂ ਵਿਚ ਮਾਰੂ ਤਬਦੀਲੀ ਹੋਣ ਲੱਗ ਪਈ ਹੈ।
ਕੁਦਰਤੀ ਨੇਮਾਂ ਵਿਚ ਜੰਮਿਆ ਬੰਦਾ, ਕੁਦਰਤੀ ਨੇਮਾਂ ਵਿਚ ਰਹਿ ਕੇ ਹੀ ਸਾਰੀ ਜ਼ਿੰਦਗੀ ਬਸਰ ਕਰਦਾ ਹੈ। ਇਥੋਂ ਤਕ ਕਿ ਬੰਦਾ ਆਪਣਾ ਹਰ ਸਾਹ ਵੀ ਕੁਦਰਤੀ ਨੇਮਾਂ ਅਨੁਸਾਰ ਲੈਂਦਾ ਹੈ ਪਰ ਮੌਜੂਦਾ ਸਾਮਰਾਜੀ ਤਰਜ਼ ਦੇ ਆਰਥਿਕ ਵਿਕਾਸ ਦਾ ਮੁਢਲਾ ਟਕਰਾਅ ਹੀ ਕੁਦਰਤ ਨਾਲ ਹੈ। ਇਹ ਆਰਥਿਕ ਵਿਕਾਸ ਕੁਦਰਤ ਨੂੰ ਪੂੰਜੀ ਅਤੇ ਆਪਣੀ ਮੁਨਾਫੇ ਦੀ ਹਵਸ ਅਨੁਸਾਰ ਢਾਲਣਾ ਚਾਹੁੰਦਾ ਹੈ। ਇਸੇ ਕਾਰਨ ਇਹ ਆਰਥਿਕ ਵਿਕਾਸ ਮਨੁੱਖਤਾ ਨੂੰ ਨਿਰੰਤਰ ਤਬਾਹੀ ਵਲ ਧਕ ਰਿਹਾ ਹੈ।
ਮਲਿਕ ਭਾਗੋਆਂ ਦੇ ਇਸ ਸਾਮਰਾਜੀ ਆਰਥਿਕ ਵਿਕਾਸ ਨੇ ਕਦੇ ਨਾ ਸੁਣੀ ਦੇਖੀ ਗਈ ਆਰਥਿਕ ਨਾ-ਬਰਾਬਰੀ ਨੂੰ ਜਨਮ ਦਿਤਾ ਹੈ। ਇਕ ਪਾਸੇ ਅਰਬਾਂ ਲੋਕ ਭੁੱਖਮਰੀ ਅਤੇ ਗਰੀਬੀ ਦਾ ਸ਼ਿਕਾਰ ਹਨ; ਦੂਜੇ ਪਾਸੇ ਅੰਬਾਨੀ-ਅਡਾਨੀ ਵਰਗੇ ਚੰਦ ਲੋਕਾਂ ਕੋਲ ਖਰਬਾਂ ਰੁਪਏ ਦੀ ਦੌਲਤ ਜਮਾਂ ਹੋ ਗਈ ਹੈ। ਅੰਨ੍ਹੇ ਬੋਲੇ ਹੱਥਾਂ ਵਿਚ ਆਈ ਇਸ ਬੇਹਿਸਾਬੀ ਦੌਲਤ ਨੇ ਮਨੁਖੀ, ਪਰਿਵਾਰਕ ਅਤੇ ਸਮਾਜੀ ਰਿਸ਼ਤਿਆਂ ਵਿਚ ਜ਼ਹਿਰ ਭਰ ਦਿੱਤੀ ਹੈ।
ਕਾਰਲ ਮਾਰਕਸ ਦਾ ਦੋ ਸੌ ਸਾਲ ਪਹਿਲਾਂ ਦਾ ਇਹ ਕਥਨ ਅੱਜ ਵੀ ਓਨਾ ਹੀ ਦਰੁਸਤ ਹੈ, “ਸਮੁੱਚੀ ਆਬਾਦੀ ਵਾਸਤੇ ਲੋੜੀਂਦੀ ਪੈਦਾਵਾਰ ਕਿਉਂ ਨਹੀਂ ਹੋ ਰਹੀ? ਇਸ ਲਈ ਨਹੀਂ ਕਿ ਪੈਦਾਵਾਰ ਦੀ ਸੀਮਾ ਖਤਮ ਹੋ ਗਈ ਹੈ ਬਲਕਿ ਮੁਨਾਫੇ ਦੇ ਵਧਣ ਦੀ ਸੰਭਾਵਨਾ ਖਤਮ ਹੋ ਗਈ ਹੈ। ਕਿਉਂਕਿ ਪੈਦਾਵਾਰ ਦੀ ਸੀਮਾ ਭੁੱਖੇ ਢਿਡਾਂ ਦੀ ਗਿਣਤੀ ਨਹੀਂ ਸਗੋਂ ਪੈਸੇ ਵਾਲੇ ਖਰੀਦਦਾਰਾਂ ਦੀ ਗਿਣਤੀ ਨਿਸ਼ਚਿਤ ਕਰਦੀ ਹੈ। ਪੂੰਜੀਵਾਦੀ ਸਮਾਜ ਵਿਚ ਹੋਰ ਪੈਦਾ ਕਰਨ ਦੀ ਕੋਈ ਇੱਛਾ ਨਹੀਂ ਅਤੇ ਨਾ ਹੀ ਕੋਈ ਇੱਛਾ ਹੋ ਸਕਦੀ ਹੈ। ਉਹ ਢਿੱਡ, ਉਹ ਕਿਰਤ ਜੋ ਮੁਨਾਫ਼ੇ ਲਈ ਨਹੀਂ ਵਰਤੀ ਜਾ ਸਕਦੀ ਅਤੇ ਇਸ ਤਰ੍ਹਾਂ ਖਰੀਦੇ ਜਾਣ ਦੇ ਅਯੋਗ ਹੈ, ਮੌਤ ਦਰ ਦੇ ਅੰਕੜਿਆਂ ਦਾ ਸ਼ਿਕਾਰ ਹੋ ਜਾਂਦੀ ਹੈ।”
ਪੂੰਜੀ ਅਤੇ ਮੁਨਾਫਾ ਆਧਾਰਿਤ ਇਹ ਰਾਜਪ੍ਰਬੰਧ ਕਦੀ ਵੀ ਸਮੁੱਚੀ ਮਨੁੱਖਤਾ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ। ਆਪਣੀ ਅਹਿਮ ਲਿਖਤ ‘ਪੂੰਜੀ` ਦੀ ਤੀਜੀ ਜਿਲਦ ਦੇ ਸਫਾ 820 ਉਤੇ ਮਾਰਕਸ ਨੇ ਲਿਖਿਆ ਹੈ, “ਅਸਲ ਵਿਚ ਮਨੁੁੱਖੀ ਆਜ਼ਾਦੀ ਸਿਰਫ ਉਦੋਂ ਹੀ ਹਕੀਕੀ ਅਰਥ ਗ੍ਰਹਿਣ ਕਰਦੀ ਹੈ, ਜਦੋਂ ਮਨੁਖੀ ਕਿਰਤ ਦਾ ਫੈਸਲਾ ਮਨੁੱਖੀ ਲੋੜਾਂ ਤੇ ਦੁਨਿਆਵੀ ਥੁੜ੍ਹਾਂ ਨਹੀਂ ਕਰਦੀਆਂ ਤੇ ਇਸ ਤਰ੍ਹਾਂ ਸਾਰੀਆਂ ਵਸਤੂਆਂ ਦਾ ਖਾਸਾ ਜਿਣਸੀ (ਵਿਕਾਊ) ਪੈਦਾਵਾਰ ਦੇ ਘੇਰੇ ਵਿਚੋਂ ਬਾਹਰ ਨਿਕਲ ਜਾਂਦਾ ਹੈ। ਜਿਵੇਂ ਬਾਕੀ ਪਸ਼ੂ ਅਤੇ ਜੀਵ ਜਗਤ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਿੱਧਾ ਕੁਦਰਤ ਉਤੇ ਨਿਰਭਰ ਕਰਦੇ ਹਨ, ਇਸੇ ਤਰ੍ਹਾਂ ਹੀ ਸਭਿਅਕ ਮਨੁੱਖ ਸਗਲ ਸਮਾਜੀ ਤਾਣੇ ਬਾਣੇ ਅਤੇ ਪੈਦਾਵਾਰ ਦੇ ਸਾਰੇ ਸੰਭਵ ਢੰਗਾਂ ਸਮੇਤ ਸਿੱਧਾ ਕੁਦਰਤੀ ਨੇਮਾਂ ਦੇ ਅਧੀਨ ਵਿਚਰਦਾ ਹੈ।”
ਮਨੁੱਖੀ ਆਜ਼ਾਦੀ ਬਾਰੇ ਏਂਗਲਜ਼ ਦਾ ਕਹਿਣਾ ਹੈ, “ਆਪਣੀਆਂ (ਕੁਦਰਤੀ-ਮਨੁੱਖੀ) ਲੋੜਾਂ ਦੀ ਸੁਚੇਤ ਪਛਾਣ ਹੀ ਆਜ਼ਾਦੀ ਹੈ। ਆਜ਼ਾਦੀ ਕੁਦਰਤੀ ਨੇਮਾਂ ਤੋਂ ਕਲਪਿਤ ਮੁਕਤੀ ਨਹੀਂ ਬਲਕਿ ਕੁਦਰਤੀ ਨੇਮਾਂ ਦੇ ਗਿਆਨ ਦੀ ਸੋਝੀ ਨਾਲ ਜੀਵਨ ਜਿਉਣ ਦੀ ਕਲਾ ਹੈ। ਇੱਛਾ ਦੀ ਆਜ਼ਾਦੀ (ਮਨ ਦੀ ਮੁਕਤੀ) ਦਾ ਅਰਥ ਹੋਰ ਕੁਝ ਨਹੀਂ ਬਲਕਿ ਕੁਦਰਤੀ-ਮਨੁਖੀ ਲੋੜਾਂ ਦੇ ਗਿਆਨ ਨਾਲ ਇਹਨਾਂ ਇੱਛਾਵਾਂ ਨੂੰ ਸਮਝਣ ਦੀ ਸਮਰਥਾ ਤੇ ਜੁਗਤ ਹੈ। ਇਸ ਲਈ ਮਨੁੱਖੀ ਆਜ਼ਾਦੀ ਦਾ ਭਾਵ-ਅਰਥ ਆਪਣੀਆਂ ਕੁਦਰਤੀ ਲੋੜਾਂ ਦੇ ਗਿਆਨ ਨਾਲ ਸਵੈ ਉਤੇ ਖੁਦ ਅਤੇ ਬਾਹਰੀ ਕੁਦਰਤ ਉਤੇ (ਸਮੂਹਿਕ) ਕਾਬੂ ਪਾਉਣਾ ਹੈ।”
ਏਂਗਲਜ਼ ਨੇ ਇਹ ਵੀ ਕਿਹਾ ਹੈ ਕਿ ਕੁਦਰਤ ਉਤੇ ਕਾਬੂ ਪਾਉਣ ਦਾ ਮਤਲਬ ਕੁਦਰਤ ਉਤੇ ਜਿੱਤ ਪ੍ਰਾਪਤ ਕਰਨਾ ਨਹੀਂ ਤੇ ਨਾ ਹੀ ਉਸ ਦਾ ਬੇਲਿਹਾਜ਼ ਉਜਾੜਾ ਕਰਨਾ ਹੈ ਬਲਕਿ ਕੁਦਰਤੀ-ਮਨੁੱਖੀ ਲੋੜਾਂ ਦੀ ਪੂਰਤੀ ਲਈ ਆਪਣੇ ਚੌਗਿਰਦੇ ਦੀਆਂ ਹਾਲਤਾਂ ਨਾਲ ਇਕਸੁਰ ਰਹਿ ਕੇ ਜ਼ਿੰਦਗੀ ਜਿਊਣਾ ਹੈ। ਉਸ ਅਨੁਸਾਰ, “ਕੁਦਰਤ ਉਤੇ ਮਨੁੱਖੀ ਜਿੱਤ ਦੀਆਂ ਗਿਣਤੀਆਂ-ਮਿਣਤੀਆਂ ਨਾਲ ਸਾਨੂੰ ਜ਼ਿਆਦਾ ਖੁਸ਼ਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਅਜਿਹੀ ਹਰ ਜਿੱਤ ਦਾ ਕੁਦਰਤ ਸਾਡੇ ਕੋਲੋਂ ਬਦਲਾ ਲੈਂਦੀ ਹੈ। ਇਹ ਸੱਚ ਹੈ ਕਿ ਅਜਿਹੀ ਹਰ ਜਿੱਤ ਦੇ ਨਿਕਲੇ ਪਹਿਲੇ ਸਿੱਟੇ ਸਾਡੀ ਆਸ ਮੁਤਾਬਿਕ ਹੁੰਦੇ ਹਨ ਪਰ ਦੂਜੀ ਤੇ ਤੀਜੀ ਥਾਂ ਬਿਲਕੁਲ ਵੱਖਰੇ ਅਤੇ ਅਣਕਿਆਸੇ ਸਿੱਟੇ ਨਿਕਲਦੇ ਹਨ ਜਿਹੜੇ ਅਕਸਰ ਪਹਿਲੇ ਨਿਕਲੇ ਸਿੱਟਿਆਂ ਨੂੰ ਨਕਾਰ ਦਿੰਦੇ ਹਨ। … ਸੋ, ਹਰ ਕਦਮ ਉਤੇ ਸਾਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਕੁਦਰਤ ਤੋਂ ਬਾਹਰ ਖੜ੍ਹੇ ਕਿਸੇ ਅਜ਼ਨਬੀ ਵਾਂਗ ਕੁਦਰਤ ਉਤੇ ਰਾਜ ਨਹੀਂ ਕਰ ਸਕਦੇ। ਅਸੀਂ ਵੀ ਖੂਨ ਮਾਸ ਤੇ ਦਿਮਾਗ ਸਮੇਤ, ਕੁਦਰਤ ਦਾ ਹੀ ਅਟੁੱਟ ਅੰਗ ਹਾਂ ਅਤੇ ਉਸ ਦੇ ਅੰਦਰ ਹੀ ਆਪਣੀ ਹੋਂਦ ਰੱਖਦੇ ਹਾਂ। ਸਾਡੀ ਸਾਰੀ ਮੁਹਾਰਤ ਇਸ ਹਕੀਕਤ ਵਿਚ ਮੌਜੂਦ ਹੈ ਕਿ ਸਾਡੇ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਵਾਧੂ ਗੁਣ ਹੈ ਕਿ ਅਸੀਂ ਕੁਦਰਤ ਦੇ ਨੇਮਾਂ ਨੂੰ ਜਾਣਨ ਅਤੇ ਉਹਨਾਂ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੇ ਯੋਗ ਹਾਂ। … ਵਾਹੀਯੋਗ ਜ਼ਮੀਨ ਪ੍ਰਾਪਤ ਕਰਨ ਲਈ ਜਿਨ੍ਹਾਂ ਲੋਕਾਂ ਨੇ ਮੈਸੋਪਟਾਮੀਆਂ, ਯੂਨਾਨ, ਏਸ਼ੀਆ ਮਾਈਨਰ ਤੇ ਹੋਰਨੀਂ ਥਾਈਂ ਜੰਗਲ ਬਰਬਾਦ ਕੀਤੇ ਸਨ, ਉਹਨਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਜੰਗਲਾਂ ਦੇ ਨਾਲ ਹੀ ਨਮੀ ਦੇ ਸੰਗ੍ਰਹਿ ਕੇਂਦਰਾਂ ਤੇ ਭੰਡਾਰਾਂ ਨੂੰ ਖਤਮ ਕਰਕੇ ਉਹ ਉਹਨਾਂ ਮੁਲਕਾਂ ਦੀ ਮੌਜੂਦਾ ਉਜਾੜੇ ਵਾਲੀ ਹਾਲਤ ਦੀ ਨੀਂਹ ਰੱਖ ਰਹੇ ਹਨ। ਜਦੋਂ (ਐਲਪਸ) ਪਹਾੜਾਂ ਉਤੇ ਰਹਿੰਦੇ ਇਤਾਲਵੀਆਂ ਨੇ ਦਖਣੀ ਢਲਾਣਾਂ ਦੇ ਨਾਲ-ਨਾਲ ਬੜੀ ਸਾਂਭ-ਸੰਭਾਲ ਕੇ ਪਾਲੇ ਗਏ, ਉਤਰੀ ਢਲਾਣਾਂ ਉਤਲੇ ਚੀੜ੍ਹ ਦੇ ਜੰਗਲ ਵੀ ਵਰਤ ਲਏ, ਤਾਂ ਉਨ੍ਹਾਂ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਉਹ ਆਪਣੇ ਖੇਤਰ ਵਿਚਲੀ ਡੇਅਰੀ ਸਨਅਤ ਦੀਆਂ ਜੜ੍ਹਾਂ ਵਢ ਰਹੇ ਹਨ। ਇਸ ਹਕੀਕਤ ਦਾ ਤਾਂ ਉਹਨਾਂ ਨੂੰ ਹੋਰ ਵੀ ਘਟ ਗਿਆਨ ਸੀ ਕਿ ਅਜਿਹਾ ਕਰ ਕੇ ਤੇ ਸਾਲ ਦਾ ਵਧੇਰੇ ਸਮਾਂ ਆਪਣੇ ਪਹਾੜੀ ਚਸ਼ਮਿਆਂ ਨੂੰ ਪਾਣੀ ਤੋਂ ਵਾਂਝਾ ਰਖ ਕੇ ਉਹ ਇਹ ਸੰਭਵ ਬਣਾ ਰਹੇ ਹਨ ਕਿ ਬਰਸਾਤਾਂ ਸਮੇਂ ਉਹ ਮੈਦਾਨਾਂ ਉਤੇ ਹੋਰ ਵੀ ਵਧੇਰੇ ਝਲਿਆਏ ਹੜ੍ਹ ਸੁਟਣ।”
ਇਹ ਹੈ ਕੁਦਰਤ ਉਤੇ ਗਲਬਾ ਪਾਉਣ ਦੇ ਕੀਤੇ ਯਤਨਾਂ ਦੇ ਸਿੱਟੇ। ਅਜਿਹੇ ਸਿੱਟਿਆਂ ਦਾ ਖਮਿਆਜ਼ਾ ਹੀ ਅੱਜ ਦੁਨੀਆ ਭਰ ਦੇ ਅਨੇਕ ਮੁਲਕ ਤੇ ਪਾਕਿਸਤਾਨ ਦੇ ਲੋਕ ਸਾਡੀਆਂ ਅੱਖਾਂ ਦੇ ਸਾਹਮਣੇ ਭੁਗਤ ਰਹੇ ਹਨ। ਪੂੰਜੀਵਾਦੀ ਪੈਦਾਵਾਰੀ ਢੰਗ ਨਾ ਸਿਰਫ ਕੁਦਰਤ ਉਤੇ ਪੈਣ ਵਾਲੇ ਪ੍ਰਭਾਵਾਂ ਨੂੰ ਅਣਗੌਲਿਆ ਕਰਦਾ ਹੈ ਸਗੋਂ ਵਧ ਤੋਂ ਵਧ ਮੁਨਾਫਾ ਕਮਾਉਣ ਦੀ ਆਪਣੀ ਹਵਸ ਵਿਚ ਅੰਨ੍ਹਾ ਹੋ ਕੇ ਇਹ ਕੁਦਰਤੀ ਸਾਧਨਾਂ ਦਾ ਉਜਾੜਾ ਵੀ ਕਰਦਾ ਹੈ।
ਮਾਰਕਸ ਦਾ ਕਥਨ ਹੈ, “ਕੁਦਰਤ ਮਨੁੱਖ ਦਾ ਅਜੀਵ ਸਰੀਰ ਹੀ ਨਹੀਂ ਸਗੋਂ ਮਨੁੱਖ ਕੁਦਰਤ ਉਤੇ ਜਿਊਂਦਾ ਹੈ। ਕੁਦਰਤ ਉਸ ਦੇ ਸਰੀਰ ਦੇ ਅੰਦਰ ਹੈ। ਆਪਣੇ ਜਿਊਂਦੇ ਰਹਿਣ ਲਈ ਮਨੁੱਖ ਲਗਾਤਾਰ ਕੁਦਰਤ ਉਤੇ ਨਿਰਭਰ ਰਹਿੰਦਾ ਹੈ। ਮਨੁੱਖ ਦੀ ਸਰੀਰਕ ਤੇ ਆਤਮਿਕ ਜ਼ਿੰਦਗੀ ਦਾ ਕੁਦਰਤ ਨਾਲ ਸਿੱਧਾ ਰਿਸ਼ਤਾ ਹੈ, ਦਾ ਭਾਵ-ਅਰਥ ਵੀ ਇਹੀ ਹੈ ਕਿ ਕੁਦਰਤ ਦਾ ਖੁਦ ਨਾਲ ਰਿਸ਼ਤਾ ਹੈ। ਕਿਉਂਕਿ ਮਨੁੱਖ ਵੀ ਕੁਦਰਤ ਦਾ ਹੀ ਅਟੁੱਟ ਅੰਗ ਹੈ।”
ਮਾਰਕਸ ਅਨੁਸਾਰ: “ਮੇਰੀ ਫਲਸਫਈ (ਆਤਮਿਕ) ਹੋਂਦ ਹੀ ਮੇਰੀ ਮਨੁੱਖੀ ਹੋਂਦ ਹੈ। … ਓਹੀ ਆਤਮਾ ਜਿਹੜੀ ਮਜ਼ਦੂਰਾਂ ਦੇ ਹੱਥੋਂ ਰੇਲ ਗੱਡੀਆਂ ਦਾ ਨਿਰਮਾਣ ਕਰਵਾਉਂਦੀ ਹੈ, ਫਿਲਾਸਫਰਾਂ ਦੇ ਦਿਮਾਗਾਂ ਵਿਚ ਫਿਲਾਸਫੀ ਦੀਆਂ ਧਾਰਨਾਵਾਂ ਦੀ ਸਿਰਜਣਾ ਕਰਦੀ ਹੈ। ਫਿਲਾਸਫਰ ਧਰਤੀ ਵਿਚੋਂ ਖੁੰਬਾਂ ਵਾਂਗੂ ਨਹੀਂ ਉਗਦੇ। ਉਹ ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ ਜਿਨ੍ਹਾਂ ਦੇ ਅਤਿ ਸੂਖਮ, ਮਨੁੱਖੀ ਜ਼ਿੰਦਗੀ ਦੇ ਕੀਮਤੀ ਅਦਿਖ ਨਿਚੋੜ, ਫਿਲਾਸਫੀੇ ਦੇ ਵਿਚਾਰਾਂ ਰਾਹੀਂ ਵਹਿ ਤੁਰਦੇ ਹਨ।… ਹਰ ਸਚੀ ਫਿਲਾਸਫੀ ਆਪਣੇ ਸਮੇਂ ਦਾ ਬੌਧਿਕ ਤੱਤ ਹੁੰਦੀ ਹੈ, ਫ਼ਿਲਾਸਫੀ ਸਭਿਆਚਾਰ ਦੀ ਸਜਿੰਦ ਆਤਮਾ ਹੁੰਦੀ ਹੈ। ਫਿਲਾਸਫੀ ਪੁੱਛਦੀ ਹੈ ਕਿ ਸੱਚ ਕੀ ਹੈ? ਇਹ ਨਹੀਂ ਕਿ ਸੱਚ ਕੀ ਹੋ ਸਕਦਾ ਹੈ। ਫਿਲਾਸਫੀ ਪੁੱਛਦੀ ਹੈ ਕਿ ਸਾਰੀ ਮਨੁੱਖਤਾ ਲਈ ਸੱਚ ਕੀ ਹੈ? ਇਹ ਨਹੀਂ ਕਿ ਕੁਝ ਲੋਕਾਂ ਲਈ ਸੱਚ ਕੀ ਹੈ। ਫਿਲਾਸਫੀ ਦੇ ਆਤਮਿਕ ਸੱਚ ਰਾਜਨੀਤਕ ਭੂਗੋਲਿਕ ਹੱਦਾਂ ਦੀ ਸੀਮਾ ਨਹੀਂ ਮੰਨਦੇ। … ਦਰਪੇਸ਼ ਫਿਲਾਸਫੀ ਦਾ ਕਾਰਜ ਸਿਰਫ ਏਨਾ ਹੈ ਕਿ ਇਕੱਲਾ ਫਿਲਾਸਫਰ ਉਹ ਕਾਰਜ ਸਪਸ਼ਟ ਕਰੇ ਜਿਹੜਾ ਆਉਣ ਵਾਲੇ ਸਮੇਂ ਵਿਚ ਸਮੁੱਚੀ ਮਨੁੱਖਤਾ ਨੇ ਆਪਣੇ ਅਗਲੇ ਵਿਕਾਸ ਦੌਰਾਨ ਪੂਰਾ ਕਰਨਾ ਹੈ। … ਜਿਵੇਂ ਕਿਰਤੀ ਜਮਾਤ ਦੇ ਰੂਪ ਵਿਚ ਫਿਲਾਸਫੀ ਆਪਣਾ ਠੋਸ ਹਥਿਆਰ ਲੱਭ ਲੈਂਦੀ ਹੈ, ਉਵੇਂ ਹੀ ਕਿਰਤੀ ਜਮਾਤ ਫਿਲਾਸਫੀ ਦੇ ਰੂਪ ਵਿਚ ਆਪਣਾ ਆਤਮਿਕ ਹਥਿਆਰ ਲੱਭ ਲੈਂਦੀ ਹੈ। … ਕਿਰਤੀ ਜਮਾਤ ਨੂੰ ਖਤਮ ਕੀਤੇ ਬਿਨਾ ਫਿਲਾਸਫੀ ਹਕੀਕਤ ਨਹੀਂ ਬਣ ਸਕਦੀ ਅਤੇ ਫਿਲਾਸਫੀ ਨੂੰ ਅਮਲ ਵਿਚ ਢਾਲੇ ਬਿਨਾ ਕਿਰਤੀ ਜਮਾਤ ਖਤਮ ਨਹੀਂ ਹੋ ਸਕਦੀ।”
ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਦਾ ਸਚ ਇਹ ਹੈ: “ਕੁਦਰਤ ਸਿਰਮੌਰ ਹੈ ਅਤੇ ਮਨੁੱਖ ਦਾ ਆਪਣਾ ਸਰੀਰੀ ਮਨ ਕੁਦਰਤ ਦੀ ਸਿਰਮੌਰ ਸਿਰਜਣਾ ਹੈ। ਇਹੀ ਸ਼ੁਧ ਭੌਤਿਕਵਾਦ ਹੈ। … ਹਰ ਚੀਜ਼ ਜਿਹੜੀ ਮਨੁੱਖ ਨੂੰ ਹਰਕਤ ਵਿਚ ਲਿਆਉਂਦੀ ਹੈ, ਉਸ ਦੇ ਮਨ ਵਿਚੋਂ ਹੋ ਕੇ ਲੰਘਦੀ ਹੈ। … ਮਨ ਮਨੁੱਖ ਦਾ ਅਸਲੀ ਤੱਤ ਹੈ ਅਤੇ ਮਨ ਦਾ ਅਸਲੀ ਰੂਪ ਚਿੰਤਨਸ਼ੀਲ, ਤਰਕਸੰਗਤ, ਜਗਿਆਸੂ ਮਨ ਹੈ। … ਮਨੋਵਿਗਿਆਨ ਦਾ ਮੁਢਲਾ ਨੇਮ ਹੈ ਕਿ ਇਕ ਵਾਰ ਜੇ ਚਿੰਤਨਸ਼ੀਲ ਮਨ ਪੁਰਾਣੀਆਂ ਧਾਰਨਾਵਾਂ ਦੇ ਬੁਣੇ ਭਰਮਜਾਲ ਤੋਂ ਮੁਕਤ ਹੋ ਜਾਏ ਤਾਂ ਉਹ ਮਨੁੱਖ ਦੀ ਅਮਲੀ ਤਾਕਤ ਬਣ ਜਾਂਦਾ ਹੈ। ਉਹ ਸਾਰੀਆਂ ਅਣਮਨੁੱਖੀ ਲੋੜਾਂ ਦੀਆਂ ਇਛਾਵਾਂ ਨੂੰ ਮਨ ਦੀ ਇੱਛਾ ਵਜੋਂ ਪੇਸ਼ ਕੀਤੇ ਜਾਣ ਦੀ ਭਟਕਣਾਂ ਵਿਚੋਂ ਬਾਹਰ ਨਿਕਲ ਕੇ, ਆਪਣੇ ਉਲਟ ਖੜ੍ਹੀ ਸੰਸਾਰ ਹਕੀਕਤ ਦੇ ਵਿਰੁਧ ਡਟ ਜਾਂਦਾ ਹੈ। … ਉਚੀ ਪਧਰ ਦੀ ਆਤਮਿਕ ਆਜ਼ਾਦੀ ਵਿਕਸਿਤ ਕਰਨ ਲਈ ਜ਼ਰੂਰੀ ਹੈ ਕਿ ਇਕ ਸਮਾਜ (ਇਕ ਮਨੁੱਖ) ਆਪਣੀਆਂ ਸਰੀਰੀ ਲੋੜਾਂ ਦੇ ਬੰਧਨ ਨੂੰ ਤੋੜੇ। ਉਹ ਆਪਣੇ ਮਨ ਦੀਆਂ ਬੇਲੋੜੀਆਂ ਇੱਛਾਵਾਂ ਦੀ ਗੁਲਾਮੀ ਤੋਂ ਮੁਕਤ ਹੋਵੇ।”
‘ਆਪਣੇ ਸਰੀਰ ਦੀਆਂ ਸੀਮਤ ਪਦਾਰਥਕ ਤੇ ਜਜ਼ਬਾਤੀ ਲੋੜਾਂ ਦੀ ਸੁਚੇਤ ਪਛਾਣ ਅਤੇ ਉਹਨਾਂ ਦੀ ਸਮੂਹਿਕ ਪੂਰਤੀ ਹੀ ਮਨੁੱਖੀ ਆਜ਼ਾਦੀ ਦਾ ਭੇਤ ਹੈ।` ਇਹੀ ਮਨੁੱਖੀ ਮੁਕਤੀ ਦਾ ਭੇਤ ਹੈ। ਇਹ ਮਨੁੱਖੀ ਚੇਤਨਾ ਦੀ ਪੱਧਰ ਉਤੇ ਵਾਪਰਿਆ ਇਨਕਲਾਬ ਹੈ। ਇਹੀ ਕਮਿਊਨਿਸਟ ਇਨਕਲਾਬ ਦੀ ਸ਼ੁਰੂਆਤ ਹੈ। ਰੂਸ ਦੇ ਇਨਕਲਾਬ ਦੇ ਨਾਲ ਜੇ ਮਨੁੱਖੀ ਚੇਤਨਾ ਦੀ ਪੱਧਰ ਉਤੇ ਇਹ ਇਨਕਲਾਬ ਵੀ ਵਾਪਰਿਆ ਹੁੰਦਾ ਤਾਂ ਅੱਜ ਮਨੁਖਤਾ ਮੌਜੂਦਾ ਗੰਭੀਰ ਸਮੱਸਿਆਵਾਂ ਨਾਲ ਜੂਝਣ ਦੀ ਬਜਾਇ ਬੜੇ ਉਚੇ ਸਮਾਜੀ ਪੱਧਰ ਉਤੇ ਪਹੁੰਚੀ ਹੁੰਦੀ। ਉਹ ਸਰਬਤ ਦੇ ਭਲੇ ਲਈ ਸਿਰਫ ਅਰਦਾਸ ਹੀ ਨਾ ਕਰ ਰਹੀ ਹੁੰਦੀ ਬਲਕਿ ਸਰਬਤ ਦੇ ਭਲੇ ਨੂੰ ਸਾਕਾਰ ਕਰ ਰਹੀ ਹੁੰਦੀ।
ਰੂਸੀ ਇਨਕਲਾਬ ਦੇ ਆਗੂ ਲੈਨਿਨ ਜੇ ਮਾਰਕਸ ਦੀ ਵਿਕਸਿਤ ਕੀਤੀ ਇਸ ਭੌਤਿਕਵਾਦੀ ਫਿਲਾਸਫੀ ਨੂੰ ਕੇਂਦਰ ਵਿਚ ਰੱਖ ਕੇ ਸਮਾਜਵਾਦੀ ਸਮਾਜ ਦੀ ਸਿਰਜਣਾ ਕਰਨ ਦੇ ਰਾਹ ਪੈਂਦੇ ਤਾਂ ਅੱਜ ਹਾਲਾਤ ਬਿਲਕੁਲ ਵੱਖਰੇ ਹੁੰਦੇ। ਨਾ ਦੂਜੀ ਸੰਸਾਰ ਜੰਗ ਲਗਦੀ ਅਤੇ ਨਾ ਹੀ ਅੱਜ ਪੂੰਜੀਵਾਦ ਮਨੁੱਖਤਾ ਨੂੰ ਇਕ ਵਾਰ ਫਿਰ ਮੌਤ ਦੀ ਕਗਾਰ ਉਤੇ ਲਿਆ ਕੇ ਖੜ੍ਹਾ ਕਰ ਸਕਦਾ। ਨਾ ਹੀ ਅੱਜ ਰੂਸ ਯੂਕਰੇਨ ਦੀ ਜੰਗ ਹੁੰਦੀ।