ਪ੍ਰਿੰ. ਸਰਵਣ ਸਿੰਘ
ਹੁਣ ਜਦੋਂ ‘ਖੇਡਾਂ ਵਤਨ ਪੰਜਾਬ ਦੀਆਂ’ ਹੋ ਰਹੀਆਂ ਹਨ ਤਾਂ ਮੈਨੂੰ 2001 ਵਿਚਲੀ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਯਾਦ ਆ ਗਈ ਹੈ। ਉਥੇ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਬਾਰੇ ਪਰਚਾ ਪੇਸ਼ ਕਰਦਿਆਂ ਮੈਂ ਸੁਝਾਅ ਦਿੱਤਾ ਸੀ ਕਿ ਵਿਸ਼ਵ ਭਰ `ਚ ਖਿਲਰੇ ਪੰਜਾਬੀਆਂ ਦੀ ‘ਪੰਜਾਬੀ ਓਲੰਪਿਕਸ’ ਹੋਣੀ ਚਾਹੀਦੀ ਹੈ। ਇਸ ਸੁਝਾਅ ਦਾ ਲਾਹੌਰ ਦੇ ਅਖ਼ਬਾਰਾਂ ਵਿਚ ਹਾਂ ਪੱਖੀ ਜਿ਼ਕਰ ਹੋਇਆ। ਫਿਰ ਹੋਟਲ ਸ਼ਾਹਤਾਜ ਵਿਚ ਮੀਟਿੰਗ ਹੋਈ ਜਿਸ ਵਿਚ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਤੇ ਆਲਮੀ ਕਬੱਡੀ ਫੈਡਰੇਸ਼ਨ ਦੇ ਸਦਰ ਖੁਆਜ਼ਾ ਅਲੀ ਮੁਹੰਮਦ ਹੋਰਾਂ ਨੇ ਭਾਗ ਲਿਆ। ਉਥੇ ਪੰਜਾਬੀ ਓਲੰਪਿਕਸ ਕਰਾਉਣ ਲਈ ਸਰਕਾਰਾਂ ਦੀ ਸਹਿਮਤੀ ਜ਼ਰੂਰੀ ਸਮਝੀ ਗਈ। ਨਾਲੇ ਪੰਜਾਬੀ ਓਲੰਪਿਕਸ ਤੋਂ ਪਹਿਲਾਂ ‘ਇੰਡੋ-ਪਾਕਿ ਪੰਜਾਬ ਖੇਡਾਂ’ ਕਰਾਉਣੀਆਂ ਹੋਰ ਵੀ ਜ਼ਰੂਰੀ ਸਮਝੀਆਂ ਗਈਆਂ। ਗੱਲ ਅੱਗੇ ਚੱਲੀ। 2002 ਵਿਚ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ ਵਿਖੇ 14ਵੀਆਂ ਏਸ਼ੀਅਨ ਖੇਡਾਂ ਹੋਈਆਂ ਤਾਂ ਉਥੇ ਹਿੰਦ-ਪਾਕਿ ਦੇ ਖੇਡ ਵਫਦਾਂ ਵਿਚਕਾਰ ‘ਇੰਡੋ-ਪਾਕਿ ਪੰਜਾਬ ਖੇਡਾਂ’ ਕਰਾਉਣ ਦੀ ਹਾਂ-ਪੱਖੀ ਵਾਰਤਾਲਾਪ ਹੋਈ।
ਆਖ਼ਰ 2004 ਵਿਚ ‘ਇੰਡੋ-ਪਾਕਿ ਪੰਜਾਬ ਖੇਡਾਂ’ ਪਟਿਆਲੇ ਵਿਚ ਹੋਣੀਆਂ ਤੈਅ ਹੋ ਗਈਆਂ। ਉਦੋਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਅਤੇ ਪਾਕਿਸਤਾਨੀ ਪੰਜਾਬ ਦੇ ਵਜ਼ੀਰੇ ਆਲਾ ਚੌਧਰੀ ਪ੍ਰਵੇਜ਼ ਇਲਾਹੀ। ਉਸ ਸਾਲ ਮੈਂ ਕੈਨੇਡਾ ਤੋਂ ਪੰਜਾਬ ਪਰਤਿਆ ਤਾਂ ਸ਼ੰਭੂ ਬਾਰਡਰ ਤੋਂ ਲੈ ਕੇ ਸਾਰੇ ਚੌਕਾਂ ਤੇ ਮੋੜਾਂ ਉਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੌਧਰੀ ਪ੍ਰਵੇਜ਼ ਇਲਾਹੀ ਨੂੰ ਖੁਸ਼ ਆਮਦੀਦ ਕਹਿੰਦੇ ਬੈਨਰ ਦਿਖਾਈ ਦਿੱਤੇ। ਉਦੋਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਵੇਜ਼ ਇਲਾਹੀ ਦੇ ਬਗਲਗੀਰ ਹੋਣ ਉਤੇ ਸਭਨਾਂ ਨੂੰ ਖ਼ੁਸ਼ੀ ਹੋਈ। ਪਰ ਪੰਦਰਾਂ ਸਾਲ ਬਾਅਦ 2019 ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਪੇਸ਼ਕਸ਼ ਕਰਨ ਵੇਲੇ ਜਨਰਲ ਬਾਜਵਾ ਤੇ ਨਵਜੋਤ ਸਿੱਧੂ ਦੀ ਜੱਫੀ ਪੈਣ ਨਾਲ ਕਈਆਂ ਨੂੰ ਪਤਾ ਨਹੀਂ ਕਿਉਂ ਸੂਲ਼ ਹੋਇਆ? 2004 ਵਿਚ ਉਹੀ ਕੈਪਟਨ ਅਮਰਿੰਦਰ ਸਿੰਘ ਲਹਿੰਦੇ ਪੰਜਾਬ ਦੇ ਵਜ਼ੀਰੇ ਆਲਾ ਨੂੰ ਖ਼ੁਸ਼ ਆਮਦੀਦ ਕਹਿੰਦੇ ਪਿਆਰ ਮੁਹੱਬਤ ਦਾ ਇਜ਼ਹਾਰ ਕਰ ਰਹੇ ਸਨ। ਉਦੋਂ ਪਹਿਲੀਆਂ ਇੰਡੋ-ਪਾਕਿ ਪੰਜਾਬ ਖੇਡਾਂ ਪਟਿਆਲੇ `ਚ, ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਲਾਹੌਰ ਤੇ ਤੀਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਜਲੰਧਰ ਵਿਚ ਹੋਣੀਆਂ ਤੈਅ ਹੋ ਗਈਆਂ ਸਨ। ਮੀਡੀਆ ਨੇ ਪ੍ਰਚਾਰ ਰੱਖਿਆ ਸੀ ਕਿ 2004 ਵਿਚ 5 ਦਸੰਬਰ ਤੋਂ 11 ਦਸੰਬਰ ਤਕ ਪਟਿਆਲੇ `ਚ 12 ਸਪੋਰਟਸ ਦੇ ਖੇਡ ਮੁਕਾਬਲੇ ਹੋਣਗੇ ਜਿਨ੍ਹਾਂ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਲਗਭਗ 700 ਖਿਡਾਰੀ ਭਾਗ ਲੈਣਗੇ।
ਹੋਰ ਪਿੱਛੇ ਝਾਤ ਮਾਰੀਏ ਤਾਂ ਪਤਾ ਲੱਗਦੈ ਕਿ 1947 ਵਿਚ ਲੱਖਾਂ ਪੰਜਾਬੀਆਂ ਦਾ ਖੂਨ ਵਹਾਉਣ ਵਾਲੀ ਦੇਸ਼ ਵੰਡ ਤੋਂ ਤਿੰਨ ਸਾਲਾਂ ਬਾਅਦ ਹੀ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। 1950 ਵਿਚ ਪਾਕਿਸਤਾਨੀ ਪੰਜਾਬ ਦੀ ਹਾਕੀ ਟੀਮ ਜਲੰਧਰ ਮੈਚ ਖੇਡਣ ਆਈ ਸੀ। ਦਰਸ਼ਕ ਬਹੁਤ ਵੱਡੀ ਗਿਣਤੀ ਵਿਚ ਮੈਚ ਵੇਖਣ ਪਹੁੰਚੇ ਸਨ। ਲੋਕਾਂ ਦਾ ਉਤਸ਼ਾਹ ਵੇਖ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਹਾਕੀ ਐਸੋਸੀਏਸ਼ਨਾਂ ਨੇ ਮਨ ਬਣਾ ਲਿਆ ਕਿ ਇਕ ਦੂਜੇ ਵੱਲ ਜਾ ਕੇ ਹੋਰ ਹਾਕੀ ਮੈਚ ਖੇਡੇ ਜਾਣ। ਇੰਜ ਦੋਹਾਂ ਪੰਜਾਬਾਂ `ਚ ਮੇਲ ਮਿਲਾਪ ਵੀ ਵਧੇਗਾ ਤੇ ਦੋਹਾਂ ਪਾਸਿਆਂ ਦੇ ਹਾਕੀ ਖਿਡਾਰੀਆਂ ਦੀ ਖੇਡ ਵੀ ਬਿਹਤਰ ਹੋਵੇਗੀ। ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਸਮੇਂ ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਦੇ ਪੁਲਿਸ ਮੁਖੀਆਂ ਨੇ ਗੱਲ ਚਲਾਈ ਕਿ ਪੁਲਿਸ ਦੀਆਂ ਟੀਮਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕੀਤਾ ਜਾਵੇ। ਉਦੋਂ ਸੰਤ ਪ੍ਰਕਾਸ਼ ਸਿੰਘ ਪੰਜਾਬ ਪੁਲਿਸ ਦੇ ਮੁਖੀ ਤੇ ਅਸ਼ਵਨੀ ਕੁਮਾਰ ਐੱਸਐੱਸਪੀ ਸਨ। ਦੋਵੇਂ ਅਫਸਰ ਹਾਕੀ ਦੀ ਖੇਡ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਸਨ। ਪੰਜਾਬ ਹਾਕੀ ਐਸੋਸੀਏਸ਼ਨ ਦੀ ਕਮਾਂਡ ਉਨ੍ਹਾਂ ਦੇ ਹੱਥ ਸੀ।
ਦੋਹਾਂ ਪਾਸਿਆਂ ਦੇ ਪੁਲਿਸ ਅਫਸਰਾਂ ਨੇ ਫੈਸਲਾ ਕੀਤਾ ਕਿ ਪੂਰਬੀ ਪੰਜਾਬ ਤੇ ਲਹਿੰਦੇ ਪੰਜਾਬ ਦੀਆਂ ਟੀਮਾਂ ਦੇ ਮੈਚ ਸਦਭਾਵਨਾ ਵਾਲੇ ਹੀ ਹੋਣਗੇ। ਉਹ ਜਿੱਤਣ ਲਈ ਨਹੀਂ ਸਗੋਂ ਦਰਸ਼ਕਾਂ ਦੇ ਮਨੋਰੰਜਨ ਲਈ ਦੋਸਤਾਨਾ ਮੈਚ ਖੇਡਣਗੇ। 1953 ਦੇ ਸ਼ੁਰੂ ਵਿਚ ਪੱਛਮੀ ਪੰਜਾਬ ਦੀ ਪੁਲਿਸ ਟੀਮ ਹਾਕੀ ਦਾ ਪਹਿਲਾ ਮੈਚ ਖੇਡਣ ਅੰਮ੍ਰਿਤਸਰ ਆਈ। ਲੋਕ ਫਿਰ ਵੱਡੀ ਗਿਣਤੀ ਵਿਚ ਮੈਚ ਵੇਖਣ ਲਈ ਉਮੜੇ। ਦੋਸਤਾਨਾ ਮੈਚ ਵਿਚ ਪਹਿਲਾ ਗੋਲ ਭਾਰਤੀ ਪੰਜਾਬ ਦੀ ਟੀਮ ਨੇ ਕੀਤਾ। ਹੁਣ ਵਾਰੀ ਪਾਕਿ ਪੰਜਾਬ ਟੀਮ ਵੱਲੋਂ ਗੋਲ ਲਾਹੁਣ ਦੀ ਸੀ ਪਰ ਉਸ ਤੋਂ ਗੋਲ ਲਹਿ ਨਹੀਂ ਸੀ ਰਿਹਾ। ਅਸ਼ਵਨੀ ਕੁਮਾਰ ਨੇ ਇਕ ਅਫ਼ਸਰ ਨੂੰ ਸਾਈਡ ਲਾਈਨ `ਤੇ ਭੇਜਿਆ ਪਈ ਆਪਣੇ ਖਿਡਾਰੀਆਂ ਨੂੰ ਕਹੋ, ਗੋਲ ਜਲਦੀ ਲੁਹਾ ਲੈਣ ਕਿਉਂਕਿ ਸਮਾਂ ਮੁੱਕਣ ਵਾਲਾ ਹੈ। ਐਨ ਆਖ਼ਰੀ ਸਮੇਂ ਗੋਲ ਲੱਥਾ ਤਾਂ ਅਸ਼ਵਨੀ ਕੁਮਾਰ ਹੋਰਾਂ ਨੂੰ ਸੁਖ ਦਾ ਸਾਹ ਆਇਆ। ਅੰਬਰਸਰੀਆਂ ਨੇ ਪੱਛਮੀ ਪੰਜਾਬ ਦੇ ਖਿਡਾਰੀਆਂ ਦੀ ਖ਼ੂਬ ਮਹਿਮਾਨ ਨਿਵਾਜ਼ੀ ਕੀਤੀ ਤੇ ਹੱਥੀਂ ਛਾਵਾਂ ਕੀਤੀਆਂ। ਕੁਝ ਖਿਡਾਰੀਆਂ ਨੇ ਆਪਣੇ ਪਿਛਲੇ ਘਰ ਵੇਖੇ ਤੇ ਵੈਰਾਗ ਵਿਚ ਜਜ਼ਬਾਤੀ ਵੀ ਹੋਏ। ਵਾਰੀ ਫਿਰ ਪੂਰਬੀ ਪੰਜਾਬ ਦੀ ਪੁਲਿਸ ਟੀਮ ਦੇ ਪੱਛਮੀ ਪੰਜਾਬ ਵੱਲ ਜਾਣ ਦੀ ਸੀ। ਮੈਚ ਮਿੰਟਗੁਮਰੀ ਤੇ ਲਾਹੌਰ ਵਿਚ ਹੋਣੇ ਸਨ।
ਪੂਰਬੀ ਪੰਜਾਬ ਵੱਲੋਂ ਜਾਣ ਵਾਲੇ ਕੁਝ ਖਿਡਾਰੀਆਂ ਦੇ ਸਹੁਰੇ ਪੱਛਮੀ ਪੰਜਾਬ ਵਿਚ ਸਨ। ਉਨ੍ਹਾਂ ਨੂੰ ਤਾਂ ਸਹੁਰੀਂ ਜਾਣ ਵਰਗਾ ਚਾਅ ਸੀ। ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਖਿਡਾਰੀਆਂ ਦੀਆਂ ਪਤਨੀਆਂ ਪੱਛਮੀ ਪੰਜਾਬ ਤੋਂ ਸਨ ਉਹ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਸਕਦੇ ਸਨ। ਬਲਬੀਰ ਸਿੰਘ ਨੇ ਘਰ ਆ ਕੇ ਇਹ ਗੱਲ ਦੱਸੀ ਤਾਂ ਉਸ ਦੀ ਪਤਨੀ ਸੁਸ਼ੀਲ ਕੌਰ ਬਹੁਤ ਖ਼ੁਸ਼ ਹੋਈ। ਉਹ ਲਾਹੌਰ ਵਿਚ ਆਪਣਾ ਪੇਕਾ ਘਰ ਵੇਖਣਾ ਲੋਚਦੀ ਸੀ। ਮਾਡਲ ਟਾਊਨ ਵਾਲਾ ਉਹ ਘਰ, ਜਿੱਥੇ ਉਹ ਜੰਮੀ-ਪਲੀ ਸੀ ਤੇ ਜਿਥੇ ਉਹਦਾ ਬਲਬੀਰ ਸਿੰਘ ਨਾਲ ਵਿਆਹ ਹੋਇਆ ਸੀ।
ਪਾਕਿ-ਪੰਜਾਬ ਦੀ ਟੀਮ ਦੇ ਟੂਰ ਪਿੱਛੋਂ ਬਲਬੀਰ ਹੋਰਾਂ ਦੀ ਟੀਮ ਪੱਛਮੀ ਪੰਜਾਬ ਦੇ ਟੂਰ `ਤੇ ਗਈ। ਧਰਮ ਸਿੰਘ, ਤਰਲੋਚਨ ਸਿੰਘ, ਬਖਸ਼ੀਸ਼ ਸਿੰਘ, ਰਾਮ ਪ੍ਰਕਾਸ਼ ਤੇ ਬਲਬੀਰ ਸਿੰਘ ਦੀਆਂ ਪਤਨੀਆਂ ਵੀ ਉਨ੍ਹਾਂ ਦੇ ਨਾਲ ਸਨ। ਜਦੋਂ ਉਹ ਲਾਹੌਰ ਅੱਪੜੇ ਤਾਂ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਅਗਲੀ ਸਵੇਰ ਕਿਸੇ ਨੇ ਬਲਬੀਰ ਦੇ ਬੂਹੇ `ਤੇ ਦਸਤਕ ਦਿੱਤੀ। ਉਸ ਨੇ ਬੂਹਾ ਖੋਲ੍ਹਿਆ ਤਾਂ ਸਾਹਮਣੇ ਆਜ਼ਮ ਖੜ੍ਹਾ ਸੀ। ਉਹੀ ਆਜ਼ਮ ਜੋ ਮੋਗੇ ਉਸ ਨਾਲ ਹਾਕੀ ਖੇਡਦਾ ਰਿਹਾ ਸੀ। ਦੋਹਾਂ ਨੇ ਹੈਰਾਨੀ ਨਾਲ ਇਕ ਦੂਜੇ ਨੂੰ ਵੇਖਿਆ ਤੇ ਕੁਝ ਪਲ ਕੁਝ ਵੀ ਨਾ ਬੋਲ ਸਕੇ। ਫਿਰ ਜਿਵੇਂ ਕਰੰਟ ਲੱਗਦਾ ਹੈ ਦੋਹਾਂ ਨੇ ਇਕ ਦੂਜੇ ਨੂੰ ਧਾਅ ਕੇ ਜੱਫੀ ਪਾਈ ਤੇ ਕਿੰਨਾ ਹੀ ਚਿਰ ਹਿੱਕਾਂ ਨਾਲ ਲੱਗੇ ਰਹੇ। ਕਿਆ ਕਮਾਲ ਦਾ ਮੇਲ ਸੀ ਜੋ ਦੋਹਾਂ ਦੇ ਖ਼ਾਬ ਖਿ਼ਆਲ ਵਿਚ ਵੀ ਨਹੀਂ ਸੀ! ਆਜ਼ਮ ਸਿੱਧਾ ਰਾਵਲਪਿੰਡੀ ਤੋਂ ਆਇਆ ਸੀ। ਉਸ ਨੂੰ ਅਖ਼ਬਾਰਾਂ `ਚੋਂ ਪਤਾ ਲੱਗਾ ਸੀ ਕਿ ਉਹਦਾ ਬਚਪਨ ਦਾ ਬੇਲੀ ਲਾਹੌਰ ਆਇਐ। ਉਹ ਇਕੋ ਸਾਹੇ ਮੋਗੇ ਦੀਆਂ ਤੇ ਯਾਰਾਂ ਬੇਲੀਆਂ ਦੀਆਂ ਗੱਲਾਂ ਕਰਨ ਲੱਗੇ। ਉਨ੍ਹਾਂ ਦੀਆਂ ਗੱਲਾਂ `ਚ ਨਾ ਹਿੰਦੋਸਤਾਨ ਸੀ ਨਾ ਪਾਕਿਸਤਾਨ। ਸੀ ਤਾਂ ਬੱਸ ਮੋਹ ਮੁਹੱਬਤ ਹੀ ਸੀ।
ਬਲਬੀਰ ਦੀ ਇਕ ਹੋਰ ਅਭੁੱਲ ਯਾਦ
ਮਿੰਟਗੁਮਰੀ `ਚ ਮੈਚ ਖੇਡਣ, ਮਿੱਤਰਾਂ ਨੂੰ ਮਿਲਣ ਤੇ ਦਾਅਵਤਾਂ ਲੈਣ ਪਿੱਛੋਂ ਪੂਰਬੀ ਪੰਜਾਬ ਦੀ ਟੀਮ ਲਾਹੌਰ ਨੂੰ ਚੱਲ ਪਈ। ਸੜਕ `ਤੇ ਵੱਡਾ ਬਾਗ਼ ਸੀ ਜਿਸ ਨੂੰ ਮਿੱਚਲ ਫਰੂਟ ਫਾਰਮ ਕਹਿੰਦੇ ਹਨ। ਉਥੇ ਦੋ ਢਾਈ ਸੌ ਮਹਿਮਾਨਾਂ ਲਈ ਵੱਡੇ ਖਾਣੇ ਦਾ ਪ੍ਰਬੰਧ ਸੀ। ਫਲਾਂ ਦੀਆਂ ਰਸਭਿੰਨੀਆਂ ਮਹਿਕਾਂ ਨਾਲ ਸਬਜ਼ੀਆਂ ਭਾਜੀਆਂ ਤੇ ਤਰਕਾਰੀਆਂ ਦੀਆਂ ਕਰਾਰੀਆਂ ਖੁਸ਼ਬੋਆਂ ਆ ਰਹੀਆਂ ਸਨ। ਵਾਜੇ ਵੱਜ ਰਹੇ ਤੇ ਪੰਛੀ ਚਹਿਕ ਰਹੇ ਸਨ। ਬਹਿਰੇ ਖਾਣੇ ਪਰੋਸਦੇ ਭੱਜੇ ਫਿਰਦੇ ਸਨ। ਜਿਉਂ ਹੀ ਮਹਿਮਾਨ ਖਾਣੇ ਦੇ ਮੇਜ਼ਾਂ ਵੱਲ ਵਧੇ, ਤਿਉਂ ਹੀ ਡੂਮਣੇ ਦੀਆਂ ਭੀਂ ਭੀਂ ਕਰਦੀਆਂ ਮੱਖੀਆਂ ਨੇ ਹੱਲਾ ਬੋਲ ਦਿੱਤਾ। ਡੂਮਣਾਂ ਕਿਤੋਂ ਬਾਹਰੋਂ ਨਹੀਂ ਬਾਗ ਵਿਚੋਂ ਹੀ ਉੱਡ ਪਿਆ ਸੀ। ਹੋ ਸਕਦੈ ਕਿਸੇ ਤੋਂ ਛੇੜਿਆ ਗਿਆ ਹੋਵੇ। ਪਰ ਉਸ ਨੇ ਜੋ ਭਾਣਾ ਵਰਤਾਇਆ, ਰਹੇ ਰੱਬ ਦਾ ਨਾਂ!
ਫੇਰ ਕੀ ਸੀ? ਪਲੇਟਾਂ ਹੱਥੋਂ ਛੁੱਟ ਗਈਆਂ। ਭਾਜੜਾਂ ਪੈ ਗਈਆਂ। ਡੰਗ ਮਾਰਦੀਆਂ ਮੱਖੀਆਂ ਨਾ ਮਹਿਮਾਨਾਂ ਨੂੰ ਬਖਸ਼ਣ ਨਾ ਮੇਜ਼ਬਾਨਾਂ ਨੂੰ! ਜਿਨ੍ਹਾਂ ਦੇ ਪੱਗਾਂ ਬੱਧੀਆਂ ਸਨ ਉਨ੍ਹਾਂ ਨੇ ਖੋਲ੍ਹ ਕੇ ਮੂੰਹ ਸਿਰ ਦੁਆਲੇ ਲਪੇਟ ਲਈਆਂ। ਔਰਤਾਂ ਨੇ ਚੁੰਨੀਆਂ ਤੇ ਦੁਪੱਟਿਆਂ ਨੂੰ ਆਪਣੇ ਦੁਆਲੇ ਵਲ ਲਿਆ। ਕਿਸੇ ਨੇ ਨੰਗਾ ਸਿਰ ਮੇਜ਼ ਹੇਠਾਂ ਲੁਕੋਅ ਲਿਆ ਤੇ ਕਿਸੇ ਨੇ ਮੇਜ਼ਪੋਸ਼ ਹੀ ਖਿੱਚ ਕੇ ਉਤੇ ਲੈ ਲਿਆ। ਭਰੇ ਡੂੰਨਿਆਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਕਿ ਕਿਧਰ ਰੁੜ੍ਹਦੇ ਤੇ ਡਿਗਦੇ ਹਨ? ਡੂਮਣੇ ਦੇ ਹਮਲੇ ਨੇ ਸਭ ਨੂੰ ਆਪੋ ਧਾਪੀ ਪਾ ਦਿੱਤੀ ਸੀ। ਗੁੱਸੇ `ਚ ਆਈਆਂ ਮੱਖੀਆਂ ਮੂੰਹ, ਸਿਰ, ਹੱਥ, ਬਾਹਾਂ, ਧੌਣ, ਸਰੀਰ ਦਾ ਜੋ ਵੀ ਨੰਗਾ ਹਿੱਸਾ ਸੀ ਡੰਗ ਮਾਰ ਰਹੀਆਂ ਸਨ। ਸਭ ਤੋਂ ਮੰਦਾ ਹਾਲ ਘੋਨ ਮੋਨਿਆਂ ਦਾ ਹੋ ਰਿਹਾ ਸੀ। ਉਹ ਜਿਥੇ ਵੀ ਸਿਰ ਫਸਾਉਣ ਜੋਗੀ ਥਾਂ ਲੱਭਦੀ ਸੀ ਮੂੰਹ ਸਿਰ ਛੁਪਾਈ ਬੈਠੇ ਸਨ! ਲਗਭਗ ਅੱਧਾ ਘੰਟਾ ਡੂਮਣਾ ਮੈਚ ਚੱਲਿਆ। ਡੂਮਣੇ ਦੇ ਮੁੜ ਜਾਣ ਪਿੱਛੋਂ ਵੀ ਕਈ ਡਰਦੇ ਰਹੇ ਕਿ ਫੇਰ ਨਾ ਆ ਜਾਵੇ। ‘ਗੋਲ ਕਿੰਗ’ ਬਲਬੀਰ ਸਿੰਘ ਆਪਣੀ ਪੱਗ ਆਪਣੇ ਉਤੋਂ ਦੀ ਲਪੇਟ ਕੇ ਇਕ ਮੇਜ਼ ਹੇਠ ਲੁਕ ਗਿਆ ਸੀ। ਪਰ ਸਿਰੋਂ ਗੰਜਾ ਰਾਮ ਸਰੂਪ ਕੀ ਕਰਦਾ? ਪਾਕਿਸਤਾਨੀ ਪੁਲਿਸ ਦਾ ਸਥਾਨਕ ਚੀਫ ਨਵਾਜ਼ ਹੱਕ ਵੀ ਸਿਰੋਂ ਗੰਜਾ ਸੀ। ਡੂਮਣੇ ਨੇ ਗੰਜਿਆਂ ਦਾ ਉਹ ਹਾਲ ਕੀਤਾ ਕਿ ਮੂੰਹ ਸਿਰ ਗੁਲਗੁਲਿਆਂ ਵਰਗੇ ਗੋਲ ਕਰ ਦਿੱਤੇ। ਰਾਮ ਸਰੂਪ ਦਾ ਨਾ ਹੱਸਦੇ ਦਾ ਪਤਾ ਲੱਗਦਾ ਸੀ ਨਾ ਰੋਂਦੇ ਦਾ!
ਮੁੜ ਪਰੋਸੇ ਲੰਚ ਦੀ ਠੂੰਗਾ ਠਾਂਗੀ ਕਰਨ ਪਿੱਛੋਂ ਟੀਮ ਲਾਹੌਰ ਨੂੰ ਰਵਾਨਾ ਹੋਈ। ਖਿਡਾਰੀ ਹਾਕੀ ਮੈਚ ਦੀਆਂ ਗੱਲਾਂ ਕਰਨ ਦੀ ਥਾਂ ਡੂਮਣੇ ਨਾਲ ਹੋਏ ਮੈਚ ਦੀਆਂ ਗੱਲਾਂ ਕਰਦੇ ਗਏ। ਮੱਖੀਆਂ ਨੂੰ ਦਿੱਤੀਆਂ ਡਾਜਾਂ ਤੇ ਝਕਾਨੀਆਂ ਦੀਆਂ ਸ਼ੇਖ਼ੀਆਂ ਮਾਰਦੇ ਗਏ। ਹਰੇਕ ਨੇ ਆਪਣਾ ਹਾਲ ਦੱਸਿਆ ਕਿ ਉਹ ਕਿਵੇਂ ਬਚਿਆ? ਦੱਸ ਤਾਂ ਰਾਮ ਸਰੂਪ ਵੀ ਸਕਦਾ ਸੀ ਪਰ ਉਹਦਾ ਸਰੂਪ ਹੀ ਵਿਗੜਿਆ ਪਿਆ ਸੀ। ਨਾ ਮੂੰਹ ਦਾ ਪਤਾ ਲੱਗਦਾ ਸੀ ਨਾ ਨੱਕ ਦਾ ਕਿ ਕਿਥੇ ਐ! ਬੇਸ਼ਕ ਡੂਮਣੇ ਨੇ ਲੰਚ ਪਾਰਟੀ ਦਾ ਸੁਆਦ ਮਾਰ ਦਿੱਤਾ ਸੀ ਪਰ ਖਿਡਾਰੀਆਂ ਨੇ ਹੱਸਣ ਹਸਾਉਣ ਦੀ ਡੰਝ ਲਾਹ ਦਿੱਤੀ ਸੀ। ਉਹ ਬੱਚਿਆਂ ਵਾਂਗ ਹਸਦੇ ਲਾਹੌਰ ਪੁੱਜੇ। ਠਾਣੇਦਾਰ ਬਖਸ਼ੀਸ਼ ਸਿੰਘ ਨੇ ਤੋੜਾ ਝਾੜਿਆ, “ਆਪਾਂ ਕਾਹਦੇ ਠਾਣੇਦਾਰ ਆਂ? ਆਪਾਂ ਨੂੰ ਤਾਂ ਮੱਖੀਆਂ ਨੇ ਹੀ ਵਾਹਣੀਂ ਪਾ ਛੱਡਿਆ!”
1950ਵਿਆਂ ਵਿਚ ਹਾਕੀ ਵਾਂਗ ਕ੍ਰਿਕਟ, ਅਥਲੈਟਿਕਸ ਤੇ ਕਬੱਡੀ ਦੀਆਂ ਇੰਡੋ-ਪਾਕਿ ਟੀਮਾਂ ਦਾ ਵੀ ਇਕ ਦੂਜੇ ਦੇ ਦੇਸ਼ ਜਾ ਕੇ ਖੇਡਣ ਦਾ ਸਿਲਸਿਲਾ ਚੱਲ ਪਿਆ। ਖਿਡਾਰੀਆਂ ਦੀਆਂ ਮਿਲਣੀਆਂ ਦੋਹਾਂ ਮੁਲਕਾਂ ਨੂੰ ਇਕ ਦੂਜੇ ਦੇ ਵਿਸ਼ਵਾਸ ਵਿਚ ਲਿਆਉਣ ਲੱਗੀਆਂ। 1952 ਵਿਚ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਆਈ ਤੇ 16 ਤੋਂ 19 ਅਕਤੂਬਰ ਨੂੰ ਦਿੱਲੀ ਵਿਖੇ ਟੈਸਟ ਮੈਚ ਖੇਡੀ। 1954 ਵਿਚ ਪਾਕਿ-ਪੰਜਾਬ ਦੀ ਹਾਕੀ ਟੀਮ ਦੂਜੀ ਵਾਰ ਇੰਡੋ ਪੰਜਾਬ `ਚ ਆ ਕੇ ਕੁਝ ਦੋਸਤਾਨਾ ਮੈਚ ਖੇਡੀ। ਮਾਹੌਲ ਅਜਿਹਾ ਬਣ ਗਿਆ ਕਿ 1947 ਦੇ ਜ਼ਖਮ ਭਰਨ ਲੱਗ ਪਏ। 1955 ਵਿਚ ਭਾਰਤੀ ਕ੍ਰਿਕਟ ਟੀਮ ਲਾਹੌਰ ਕ੍ਰਿਕਟ ਮੈਚ ਖੇਡਣ ਗਈ ਤਾਂ ਹਜ਼ਾਰਾਂ ਭਾਰਤੀਆਂ ਨੂੰ ਲਾਹੌਰ ਦੇ ਵੀਜ਼ੇ ਮਿਲ ਗਏ ਤੇ ਉਹ ਵੀ ਲਾਹੌਰ ਸ਼ਹਿਰ ਵੇਖਣ ਚਲੇ ਗਏ। ਉਹੀ ਲਾਹੌਰ ਜਿਸ ਬਾਰੇ ਕਹਾਵਤ ਹੈ, ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ! ਉਦੋਂ ਲਾਹੌਰ ਦੇ ਤਾਂਗੇ ਤੇ ਰਿਕਸ਼ੇ ਵਾਲਿਆਂ ਨੇ ਭਾਰਤੀ ਦਰਸ਼ਕਾਂ ਤੋਂ ਕਿਰਾਇਆ ਨਹੀਂ ਸੀ ਲਿਆ। ਢਾਬਿਆਂ ਵਾਲਿਆਂ ਨੇ ਖਾਣੇ ਤੇ ਹਲਵਾਈਆਂ ਨੇ ਮਿਠਿਆਈਆਂ ਦੇ ਪੈਸੇ ਨਹੀਂ ਸੀ ਲਏ। ਕਹਿੰਦੇ ਰਹੇ,“ਕਿਉਂ ਸ਼ਰਮਿੰਦੇ ਪਏ ਕਰਦੇ ਓ, ਕੋਈ ਮਹਿਮਾਨਾਂ ਤੋਂ ਵੀ ਪੈਸੇ ਵਸੂਲਦਾ ਏ!”
20 ਮਾਰਚ 1954 ਨੂੰ ਲੁਧਿਆਣੇ ਇੰਡੋ-ਪਾਕਿ ਪੰਜਾਬਾਂ ਦਰਮਿਆਨ ਕਬੱਡੀ ਮੈਚ ਹੋਇਆ ਤਾਂ ਦੋਹਾਂ ਪੰਜਾਬਾਂ ਦੇ ਲੋਕਾਂ ਦਾ ਦੋਹੀਂ ਪਾਸੀਂ ਆਉਣਾ-ਜਾਣਾ ਹੋਰ ਸੌਖਾ ਹੋ ਗਿਆ। 1956 ਵਿਚ ਇੰਡੋ-ਪਾਕਿ ਅਥਲੈਟਿਕਸ ਮੀਟ ਦਿੱਲੀ ਵਿਚ ਹੋਈ। ਸਾਂਝ ਹੋਰ ਵਧੀ। 1960 ਵਿਚ ਇੰਡੋ-ਪਾਕਿ ਮੀਟ ਲਾਹੌਰ ਵਿਚ ਹੋਈ ਤਾਂ ਬੁਰਕਿਆਂ `ਚ ਰਹਿਣ ਵਾਲੀਆਂ ਬੇਗਮਾਂ ਨੇ ਪੱਗਾਂ ਵਾਲੇ ਸਰਦਾਰ ਭਰਾਵਾਂ ਨੂੰ ਰੱਜ ਕੇ ਤੱਕਿਆ। ਦੋਹਾਂ ਮੁਲਕਾਂ ਦੇ ਆਮ ਲੋਕ ਇਕ ਦੂਜੇ ਨੂੰ ਧਾਅ ਕੇ ਮਿਲੇ। ਮਿਲਣੀਆਂ ਤੇ ਦਾਅਵਤਾਂ ਦੇ ਦੌਰ ਦਿਨ ਰਾਤ ਚੱਲੇ। ਜਦੋਂ ਲੋਕਾਂ ਨੂੰ ਮਜਬੂਰੀ ਵੱਸ ਨਿਖੇੜ ਦਿੱਤਾ ਗਿਆ ਹੋਵੇ ਤੇ ਉਨ੍ਹਾਂ ਨੂੰ ਮਸੀਂ ਮਿਲਣ ਦਾ ਮੌਕਾ ਮਿਲੇ ਤਾਂ ਉਹ ਇੰਜ ਹੀ ਮਿਲਦੇ ਨੇ। ਇਹਦੇ ਬਾਰੇ ਬੜਾ ਕੁਝ ਲਿਖਿਆ ਗਿਆ ਤੇ ਲਿਖਿਆ ਜਾਂਦਾ ਰਹੇਗਾ। ਉਸੇ ਅਥਲੈਟਿਕਸ ਮੀਟ ਵਿਚ ਮਿਲਖਾ ਸਿੰਘ ਨੂੰ ਸਟੇਡੀਅਮ ਵਿਚ ਦੌੜਦਿਆਂ ਵੇਖ ਕੇ ਪਾਕਿਸਤਾਨ ਦੇ ਸਦਰ ਜਨਰਲ ਅਯੂਬ ਖਾਂ ਨੇ ਉਸ ਨੂੰ ‘ਫਲਾਈਂਗ ਸਿੱਖ’ ਦਾ ਖਿ਼ਤਾਬ ਦਿੱਤਾ ਜੋ ਹਮੇਸ਼ਾ ਲਈ ਉਹਦੇ ਨਾਂ ਨਾਲ ਜੁੜ ਗਿਆ। ਦੋਹਾਂ ਦੇਸ਼ਾਂ ਦੀ ਮਾੜੀ ਕਿਸਮਤ ਇਸ ਕਰਕੇ ਬਣੀ ਕਿ ਦੋਹਾਂ ਦੇਸ਼ਾਂ ਦੇ ਹਾਕਮਾਂ ਨੇ ਆਪੋ ਆਪਣੀਆਂ ਰਾਜਸੀ ਖਾਹਿਸ਼ਾਂ ਪੂਰੀਆਂ ਕਰਨ ਲਈ ਆਮ ਲੋਕਾਂ ਨੂੰ ਇਕ ਦੂਜੇ ਤੋਂ ਨਿਖੇੜੀ ਰੱਖਿਆ। 1962 ਤੋਂ 77 ਤਕ ਹਿੰਦ-ਪਾਕਿ ਟੀਮਾਂ ਦਾ ਇਕ ਦੂਜੇ ਦੇਸ਼ ਆਉਣ ਜਾਣ ਨਾ ਹੋ ਸਕਿਆ। ਇਹਦਾ ਸਭ ਤੋਂ ਵੱਧ ਕਸ਼ਟ ਦੋਹਾਂ ਪੰਜਾਬਾਂ ਦੇ ਲੋਕਾਂ ਨੇ ਭੋਗਿਆ।
ਪੰਜਾਬੀ ਹੁਣ ਪੰਜ ਦਰਿਆਵਾਂ ਦੀ ਧਰਤੀ ਤਕ ਹੀ ਸੀਮਤ ਨਹੀਂ ਰਹੇ। ਐਸੇ ਸੌ ਤੋਂ ਵੱਧ ਮੁਲਕ ਹਨ ਜਿਨ੍ਹਾਂ ਵਿਚ ਥੋੜ੍ਹੇ ਬਹੁਤੇ ਪੰਜਾਬੀ ਵੀ ਵਸਦੇ ਹਨ। ਪੰਜਾਬੀਆਂ ਦਾ ਹੁਣ ਗਲੋਬਲ ਵਾਸਾ ਹੋ ਗਿਆ ਹੈ ਤੇ ਪੰਜਾਬੀ ਗਲੋਬਲ ਭਾਸ਼ਾ ਬਣ ਗਈ ਹੈ। ਜਿਨ੍ਹਾਂ ਮੁਲਕਾਂ `ਚ ਪੰਜਾਬੀ ਅਜੇ ਤਕ ਨਹੀਂ ਜਾ ਸਕੇ ਹੋਰ ਕੁਝ ਸਾਲਾਂ ਤਕ ਚਲੇ ਜਾਣਗੇ ਕਿਉਂਕਿ ਪੰਜਾਬੀਆਂ ਵਿਚ ਪਰਦੇਸੀਂ ਜਾਣ ਦੀ ਪਰਬਲ ਲੋਚਾ ਹੈ। ਜਦੋਂ ਕਦੇ ਚੰਦ ਜਾਂ ਕਿਸੇ ਹੋਰ ਧਰਤੀ `ਤੇ ਜਾਣ ਦਾ ਗੇੜ ਬਣਿਆ ਤਾਂ ਪੰਜਾਬੀ ਦੂਲੇ ਕਿਸੇ ਤੋਂ ਪਿੱਛੇ ਨਹੀਂ ਰਹਿਣੇ। ਸੰਭਵ ਹੈ ਕਿਸੇ ਦਿਨ ਚੰਦ ਉਤੇ ਵੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚ ਹੋਣ ਲੱਗ ਪੈਣ!
ਪੰਜਾਬੀ ਜਿਥੇ ਗਏ ਹਨ ਉਥੇ ਆਪਣਾ ਸਭਿਆਚਾਰ ਵੀ ਲੈ ਗਏ ਹਨ। ਐਸੇ ਅਨੇਕਾਂ ਮੁਲਕ ਹਨ ਜਿਨ੍ਹਾਂ ਵਿਚ ਪੰਜਾਬੀ ਖੇਡ ਮੇਲੇ ਲੱਗਣ ਲੱਗੇ ਹਨ। `ਕੱਲੇ ਅਮਰੀਕਾ ਦੀ ਧਰਤੀ ਉਤੇ ਹੀ ਦਰਜਨਾਂ ਪੰਜਾਬੀ ਖੇਡ ਮੇਲੇ ਲੱਗਦੇ ਹਨ। ਕੈਨੇਡਾ, ਇੰਗਲੈਂਡ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਨਾਰਵੇ, ਸਪੇਨ, ਜਰਮਨੀ, ਬੈਲਜੀਅਮ, ਹਾਲੈਂਡ, ਆਸਟਰੀਆ, ਮਲਾਇਆ, ਸਿੰਘਾਪੁਰ, ਹਾਂਗਕਾਂਗ, ਅਰਬ ਤੇ ਅਫਰੀਕੀ ਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ਦੀਆਂ ਰਿਪੋਰਟਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਪੁਸਤਕ ‘ਖੇਡ ਮੇਲੇ ਵੇਖਦਿਆਂ’ ਤੇ ‘ਮੇਲੇ ਕਬੱਡੀ ਦੇ’ ਵਿਚ ਮੈਂ ਸੈਂਕੜੇ ਖੇਡ ਮੇਲਿਆਂ ਦਾ ਜਿ਼ਕਰ ਕੀਤਾ ਹੈ। 2010 ਵਿਚ ਪੰਜਾਬ ਸਰਕਾਰ ਵੱਲੋਂ ਨੌਂ ਮੁਲਕਾਂ ਦੀਆਂ ਕਬੱਡੀ ਟੀਮਾਂ ਦਾ ਵਰਲਡ ਕੱਪ ਕਰਵਾਇਆ ਗਿਆ ਸੀ। ਉਸ ਨੇ ਕੁਲ ਦੁਨੀਆ ਵਿਚ ਵਸਦੇ ਪੰਜਾਬੀਆਂ ਦੇ ਰੋਮ-ਰੋਮ ਵਿਚ ਝਰਨਾ੍ਹਟਾਂ ਛੇੜ ਦਿੱਤੀਆਂ ਸਨ। ਦਸ ਦਿਨ ਕੁਲ ਆਲਮ ਦੇ ਪੰਜਾਬੀ ਕਬੱਡੀਓ-ਕਬੱਡੀ ਹੋਏ ਰਹੇ।
ਸਮੇਂ ਦੀ ਲੋੜ ਹੈ ਕਿ ਹਰ ਚਾਰ ਸਾਲਾਂ ਬਾਅਦ ਓਲੰਪਿਕ ਖੇਡਾਂ ਦੀ ਤਰਜ਼ `ਤੇ ‘ਵਿਸ਼ਵ ਪੰਜਾਬੀ ਖੇਡਾਂ’ ਹੋਣ। ਇਨ੍ਹਾਂ ਖੇਡਾਂ `ਚ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਮੂਲ ਦੇ ਖਿਡਾਰੀ ਭਾਗ ਲੈਣ। ਮਜ਼੍ਹ਼ਬਾਂ ਤੇ ਮੁਲਕਾਂ ਦਾ ਕੋਈ ਵਿਤਕਰਾ ਨਾ ਹੋਵੇ। ‘ਵਿਸ਼ਵ ਪੰਜਾਬੀ ਖੇਡਾਂ’ ਦੇ ਸੰਚਾਰ ਦੀ ਮੁੱਖ ਭਾਸ਼ਾ ਪੰਜਾਬੀ ਹੋਵੇ ਤੇ ਸੰਪਰਕ ਭਾਸ਼ਾ ਅੰਗਰੇਜ਼ੀ। ਉਹ ਖੇਡਾਂ ਪੰਜਾਬੀ ਸਭਿਆਚਾਰ ਨਾਲ ਓਤ ਪੋਤ ਹੋਣ ਤੇ ਉਨ੍ਹਾਂ ਵਿਚ ਪੰਜਾਬ ਦੀਆਂ ਦੇਸੀ ਖੇਡਾਂ ਵੀ ਸ਼ਾਮਲ ਕੀਤੀਆਂ ਜਾਣ ਜਿਵੇਂ ਕਬੱਡੀ, ਕੁਸ਼ਤੀ, ਰੱਸਾਕਸ਼ੀ, ਗਤਕਾ ਤੇ ਨੇਜ਼ਾਬਾਜੀ ਆਦਿ। ਓਲੰਪਿਕ ਖੇਡਾਂ ਵਾਲੀਆਂ ਆਧੁਨਿਕ ਖੇਡਾਂ ਵੀ ਸ਼ਾਮਲ ਹੋਣ। ਵੱਖ ਵੱਖ ਮੁਲਕਾਂ ਵਿਚ ਵੱਸਦੇ ਪੰਜਾਬੀ ਆਪੋ ਆਪਣੇ ਮੁਲਕਾਂ ਵੱਲੋਂ ਜਾਂ ਆਜ਼ਾਦ ਤੌਰ `ਤੇ ਖੇਡਾਂ ਵਿਚ ਭਾਗ ਲੈ ਸਕਣ। ਇਹਦੇ ਨਾਲ ਪੰਜਾਬੀਅਤ ਦੀ ਸਾਂਝ ਹੋਰ ਮਜ਼ਬੂਤ ਹੋਵੇਗੀ ਤੇ ਪੰਜਾਬੀ ਕੌਮ ਵਿਸ਼ਵ ਪੱਧਰ `ਤੇ ਆਪਣੀ ਹੋਂਦ ਜਤਲਾ ਸਕੇਗੀ। ਇਉਂ ਪੰਜਾਬੀਅਤ ਦਾ ਜਜ਼ਬਾ ਪ੍ਰਫੁੱਲਤ ਹੋਣ ਨਾਲ ਸੌੜੀਆਂ ਫਿਰਕੂ ਸੋਚਾਂ ਨੂੰ ਢਾਹ ਲੱਗੇਗੀ।
ਦੋ ਸਾਲ ਜਾਂ ਚਾਰ ਸਾਲਾਂ ਬਾਅਦ ਇਹ ਖੇਡਾਂ ਬਦਲਵੇਂ ਦੇਸ਼ ਵਿਚ ਹੋਣ ਜਿਵੇਂ ਹੋਰ ਖੇਡਾਂ ਹੁੰਦੀਆਂ ਹਨ। ਪਹਿਲਾਂ ਇਹ ਸੀਮਤ ਪੱਧਰ `ਤੇ ਸ਼ੁਰੂ ਕਰ ਕੇ ਸਮੇਂ ਨਾਲ ਵਧਾਈਆਂ ਜਾ ਸਕਦੀਆਂ ਹਨ। ਏਥਨਜ਼ ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ 14 ਮੁਲਕਾਂ ਦੇ 200 ਖਿਡਾਰੀ ਹੀ ਸ਼ਾਮਲ ਹੋਏ ਸਨ ਤੇ ਦਿੱਲੀ ਦੀਆਂ ਪਹਿਲੀਆਂ ਏਸਿ਼ਆਈ ਖੇਡਾਂ ਵਿਚ ਵੀ 11 ਦੇਸ਼ਾਂ ਦੇ 489 ਖਿਡਾਰੀਆਂ ਨੇ ਹੀ ਭਾਗ ਲਿਆ ਸੀ। ਅੱਜ ਉਨ੍ਹਾਂ ਖੇਡਾਂ ਵਿਚ ਸੈਂਕੜੇ ਮੁਲਕ ਤੇ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ਉਮੀਦ ਹੈ ਖੇਡਾਂ ਨਾਲ ਜੁੜੇ ਖਿਡਾਰੀ, ਸਰਕਾਰਾਂ ਤੇ ਖੇਡ ਅਧਿਕਾਰੀ ‘ਵਿਸ਼ਵ ਪੰਜਾਬੀ ਖੇਡਾਂ’ ਦੇ ਵਿਚਾਰ ਉਤੇ ਗ਼ੌਰ ਕਰਨਗੇ। ਅਜੋਕੀ ਸਰਕਾਰ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਪੰਜਾਬੀ ਪਰਵਾਸੀਆਂ ਦੇ ਸਹਿਯੋਗ ਨਾਲ ‘ਵਿਸ਼ਵ ਪੰਜਾਬੀ ਖੇਡਾਂ’ ਤਕ ਵੀ ਪੁਚਾ ਸਕਦੀ ਹੈ।
ਦੋਹਾਂ ਪੰਜਾਬਾਂ ਦੀ ਬਦਕਿਸਮਤੀ ਹੈ ਕਿ ਇੰਡੋ-ਪਾਕਿ ਖੇਡ ਮੇਲੇ ਲਗਾਤਾਰ ਨਹੀਂ ਲੱਗੇ। ਕਸ਼ਮੀਰ ਦੇ ਰੇੜਕੇ ਨੇ ਗੁਆਂਢੀ ਮੁਲਕਾਂ ਦੇ ਗੁਆਂਢਪੁਣੇ ਨੂੰ ਦੁਸ਼ਮਣੀ ਵਿਚ ਬਦਲੀ ਰੱਖਿਆ। ਪਹਿਲਾਂ ਪੰਜਾਬ ਤੇ ਬੰਗਾਲ ਨੂੰ ਨਰਕ ਬਣਾਇਆ ਤੇ ਫਿਰ ਕਸ਼ਮੀਰ ਨੂੰ ਜਹੰਨਮ ਬਣਾ ਦਿੱਤਾ। ਦੋਹਾਂ ਪੰਜਾਬਾਂ ਦੀ ਤਰੱਕੀ ਦੇ ਰਾਹ `ਚ ਵੱਡੀ ਰੁਕਾਵਟ ਇਹੋ ਹੈ ਕਿ ਦੋਹੇਂ ਭਾਰਤ-ਪਾਕਿ ਬਾਰਡਰ ਉਤੇ ਹਨ ਜਿਥੇ ਲੜਾਈ ਛੇੜ ਦੇਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੜਾਈ ਦੀ ਬਹੁਤੀ ਮਾਰ ਬਾਰਡਰ ਵਾਲਿਆਂ ਨੂੰ ਹੀ ਪੈਂਦੀ ਹੈ। ਕਸ਼ਮੀਰ ਦੇ ਨਾਂ ਉਤੇ ਜਿਹੜੀ ਵੀ ਲੜਾਈ ਲੱਗਦੀ ਹੈ ਉਹਦਾ ਬਹੁਤਾ ਸੇਕ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਲੱਗਦਾ ਹੈ। ਪੰਜਾਬ ਵਿਚ ਵੱਡੀ ਇੰਡਸਟਰੀ ਇਸੇ ਬਹਾਨੇ ਨਹੀਂ ਲਾਈ ਜਾਂਦੀ ਕਿ ਪੰਜਾਬ ਤੋਪਾਂ ਤੇ ਡਰੋਨਾਂ ਦੀ ਮਾਰ ਹੇਠ ਹੈ। ਹੋਰ ਤਾਂ ਹੋਰ ਪੰਜਾਬ ਦੇ ਹਵਾਈ ਮੁਸਾਫ਼ਰਾਂ ਲਈ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਓਡਾ ਵੱਡਾ ਕੌਮਾਂਤਰੀ ਅੱਡਾ ਨਹੀਂ ਬਣਾਇਆ ਗਿਆ ਜਿੱਡੇ ਦੀ ਲੋੜ ਸੀ। ਇਸੇ ਕਰਕੇ ਲੱਖਾਂ ਪੰਜਾਬੀ ਮੁਸਾਫਿ਼ਰ ਦਿੱਲੀ ਦੇ ਧੱਕੇ ਖਾਣ ਲਈ ਮਜਬੂਰ ਹਨ।
ਜੇਕਰ ਅਮਨ ਅਮਾਨ ਰਹੇ ਤਾਂ ਸਮੁੰਦਰੀ ਬੰਦਰਗਾਹਾਂ ਵਾਂਗ ਖੁਸ਼ਕ ਸਰਹੱਦਾਂ ਦੇ ਸ਼ਹਿਰ ਸਗੋਂ ਵਧੇਰੇ ਵਿਕਾਸ ਕਰਨ। ਅਮਨ ਅਮਾਨ ਰਵ੍ਹੇ ਤਾਂ ਆਪਸੀ ਵਪਾਰ ਵਧ ਫੁੱਲ ਸਕਦੈ। ਅੰਮ੍ਰਿਤਸਰ ਤੇ ਲਾਹੌਰ, ਫਿਰੋਜ਼ਪੁਰ ਤੇ ਕਸੂਰ, ਫਾਜਿ਼ਲਕਾ ਤੇ ਮੁਲਤਾਨ ਸੜਕੀ ਢੋਆ-ਢੁਆਈ ਨਾਲ ਵਪਾਰ ਦੇ ਵੱਡੇ ਕੇਂਦਰ ਬਣ ਸਕਦੇ ਹਨ। ਪੰਜਾਬ ਦੀ ਵੰਡ ਨਾ ਹੁੰਦੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਮੰਡੀ ਫਾਜਿ਼ਲਕਾ ਤੋਂ ਹੈੱਡ ਸੁਲੇਮਾਨਕੀ ਨਾਲ ਜਾ ਲੱਗਣੀ ਸੀ ਤੇ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਨਾਲ ਆ ਲੱਗਣਾ ਸੀ। ਹੁਣ ਵੀ ਬੀਤ ਗਏ `ਤੇ ਝੂਰਨ ਦੀ ਥਾਂ ਉਹਤੋਂ ਸਬਕ ਸਿੱਖਣ ਦੀ ਲੋੜ ਹੈ।
ਪਿਛਲੇ ਵਰ੍ਹਿਆਂ ਵਿਚ ਕੌਮਾਂਤਰੀ ਪੱਧਰ `ਤੇ ਕਈ ਐਸੀਆਂ ਘਟਨਾਵਾਂ ਘਟੀਆਂ ਨੇ ਜਿਨ੍ਹਾਂ ਕਰਕੇ ਚਿਰੀਂ ਵਿਛੜਿਆਂ ਦੇ ਮੇਲੇ ਹੋਏ ਹਨ। ਜਰਮਨਾਂ ਨੇ ਜਰਮਨ ਭਾਈਚਾਰੇ ਨੂੰ ਵੰਡਦੀ ਬਰਲਿਨ ਦੀ ਦੀਵਾਰ ਢਾਹ ਘੱਤੀ ਹੈ। ਵੀਅਤਨਾਮੀਏ ਵਿਛੜ ਕੇ ਇਕ ਹੋਏ ਸਨ। ਦੱਖਣੀ ਤੇ ਉੱਤਰੀ ਕੋਰੀਆ ਦੇ ਲੋਕ ਬਾਹਾਂ ਅੱਡ ਕੇ ਇਕ ਦੂਜੇ ਵੱਲ ਵਧੇ ਹਨ। ਪੰਜਾਬੀਆਂ ਦੇ ਕਾਫ਼ਲੇ ਵੀ ਧਾਅ ਕੇ ਇਕ ਦੂਜੇ ਨੂੰ ਮਿਲਣ ਲਈ ਉਮੜ ਪੈਣ ਤਾਂ ਕੋਈ ਵਜ੍ਹਾ ਨਹੀਂ ਕਿ ਚਤਰ ਚਲਾਕ ਸਿਆਸਤਦਾਨ ਹਮੇਸ਼ਾਂ ਲਈ ਉਨ੍ਹਾਂ ਦੇ ਰਾਹ ਰੋਕੀ ਰੱਖਣ। ਲੜਾਈਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਖੇਡਾਂ ਨੂੰ ਐਵੇਂ ਨਹੀਂ ਲੜਾਈਆਂ ਦਾ ਬਦਲ ਕਿਹਾ ਜਾਂਦਾ। ਓਲੰਪਿਕ ਖੇਡਾਂ ਦੇ ਬਾਨੀ ਬੈਰਨ ਦਿ ਕੂਬਰਤਿਨ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਇਕ ਦੂਜੇ ਦੇ ਦੇਸ਼ ਭੇਜਣਾ ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੈ। ਭਾਰਤ ਤੇ ਪਾਕਿਸਤਾਨ ਦੇ ਕੁਝ ਹੁੱਜਤੀ ਹਾਕਮਾਂ ਨੇ ਦੋਹਾਂ ਮੁਲਕਾਂ ਨੂੰ ਲੜਾ ਕੇ, ਨਫਰਤ ਫੈਲਾਅ ਕੇ ਬਥੇਰਾ ਨੁਕਸਾਨ ਕਰਵਾ ਲਿਆ ਹੈ। ਹੁਣ ਅਮਨ-ਅਮਾਨ ਨਾਲ ਵਸ ਕੇ ਵੇਖਣ ਕਿ ਹਿੰਦ-ਮਹਾਂਦੀਪ ਮੁੜ ਸੋਨੇ ਦੀ ਚਿੜੀ ਕਿਵੇਂ ਬਣਦਾ ਹੈ?
ਫਿਰ ਜਿਵੇਂ ਯੂਰਪ ਦੇ ਲੋਕ ਇਕ ਦੂਜੇ ਦੇ ਮੁਲਕ ਆਸਾਨੀ ਨਾਲ ਆ ਜਾ ਸਕਦੇ ਹਨ ਉਵੇਂ ਹਿੰਦ-ਪਾਕਿ ਦੇ ਲੋਕ ਵੀ ਇਕ ਦੂਜੇ ਨੂੰ ਖੁੱਲ੍ਹੇ ਮਿਲ ਗਿਲ ਸਕਣਗੇ। ਇਕ ਦੂਜੇ ਦਾ ਦੁੱਖ ਵੰਡਾਅ ਸਕਣਗੇ ਤੇ ਸੁੱਖ ਰਲ ਮਿਲ ਕੇ ਮਾਣ ਸਕਣਗੇ। ‘ਵਿਸ਼ਵ ਪੰਜਾਬੀ ਖੇਡਾਂ’ ਦਾ ਤਰਾਨਾ ਫਿ਼ਰੋਜ਼ਦੀਨ ਸ਼ਰਫ਼ ਦਾ ਗੀਤ ਹੋਵੇ: ਸੋਹਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ…। ਉਥੇ ਧਨੀ ਰਾਮ ਚਾਤ੍ਰਿਕ ਦੀ ਨਜ਼ਮ ਗੂੰਜ ਰਹੀ ਹੋਵੇ: ਪੰਜਾਬ ਕਰਾਂ ਕੀ ਸਿਫ਼ਤ ਤਿਰੀ ਸ਼ਾਨਾਂ ਦੇ ਸਭ ਸਮਾਨ ਤੇਰੇ…। ਤੇ ਮੋਹਨ ਸਿੰਘ ਗਾ ਰਿਹਾ ਹੋਵੇ: ਭਾਰਤ ਹੈ ਵਾਂਗ ਮੁੰਦਰੀ ਵਿਚ ਨਗ ਪੰਜਾਬ ਦਾ…।