ਡਾ ਗੁਰਬਖ਼ਸ਼ ਸਿੰਘ ਭੰਡਾਲ
ਮੈਂ ਉਮਰ ਦਰਾਜ਼ ਨਹੀਂ। ਨਾ ਹੀ ਥੱਕਿਆ ਤੇ ਹਾਰਿਆ। ਨਾ ਹੀ ਹਤਾਸ਼, ਉਦਾਸ ਤੇ ਨਿਰਾਸ਼। ਮੈਂ ਸੁਪਨੇ ਲੈਣ ਤੋਂ ਉਕਤਾਇਆ ਨਹੀਂ ਅਤੇ ਨਾ ਹੀ ਮੈਂ ਆਪਣੇ ਆਪ ਤੋਂ ਅਜੇ ਬੇਮੁੱਖ ਹੋਇਆ ਹਾਂ। ਨਾ ਹੀ ਮੇਰੇ ਅੰਗ ਸਿਥੱਲ ਹੋਏ ਨੇ ਅਤੇ ਨਾ ਹੀ ਮੇਰੇ ਨੈਣਾਂ ਦੀ ਲੋਅ ਮੱਧਮ ਹੋਈ ਹੈ। ਨਾ ਹੀ ਸੋਚ ਦੇ ਸਰਵਰ ਵਿਚ ਹਲਚਲ ਮਰੀ ਹੈ।
ਹਾਲੇ ਤਾਂ ਮੈਂ ਵਿਹੜੇ ਦੀ ਛੱਪੜੀ ਵਿਚ ਕਾਗਜ਼ ਦੀਆਂ ਬੇੜੀਆਂ ਤਾਰਨੀਆਂ ਨੇ। ਕੋਠੇ ਦੀ ਛੱਤ `ਤੇ ਪਤੰਗ ਚੜ੍ਹਾਉਣਾ ਏ। ਕੱਚੀ ਪੱਕੀ ਦੇ ਆੜੀਆਂ ਨਾਲ ਦਿਲਲੱਗੀਆਂ ਕਰਨੀਆਂ ਨੇ। ਆਟੇ ਦੀਆਂ ਚਿੜੀਆਂ ਨੂੰ ਸੂਹੇ ਸੁਪਨਿਆਂ ਦੀ ਚੋਗ ਪਾਉਣੀ ਏ ਅਤੇ ਮਨ ਦੀਆਂ ਬੇਫਿ਼ਕਰੀ ਨੂੰ ਆਪਣੀ ਰੂਹ-ਰੇਜ਼ਤਾ ਦੇ ਨਾਮ ਕਰਨਾ ਏ।
ਹਾਲੇ ਤਾਂ ਮੈਂ ਮਨ ਦੇ ਬਿਰਖ਼ `ਤੇ ਉਗੀਆਂ ਬੇਲੋੜੀਆਂ ਟਾਹਣੀਆਂ ਨੂੰ ਛਾਂਗਣਾ ਹੈ, ਇਸਦੀ ਧਰਾਤਲ ਨੂੰ ਗੋਡਣਾ ਏ ਸੰਵਾਰਨਾ ਹੈ ਅਤੇ ਇਸ ਦੀਆਂ ਜੜ੍ਹਾਂ ਵਿਚ ਉਦਮ, ਹੱਠ, ਹੌਂਸਲੇ ਅਤੇ ਹੰਭਲੇ ਦੀ ਖਾਦ ਪਾਉਣੀ ਹੈ। ਰੂਹ ਦੀ ਧਰਤ `ਤੇ ਸੁਖਨ ਤੇ ਸੁਹਜ ਦੀਆਂ ਕਲਮਾਂ ਲਾਉਣੀਆਂ ਨੇ।
ਹਾਲੇ ਤਾਂ ਮੈਂ ਅੰਬਰ ਦੀ ਜੂਹ ਵਿਚ ਜਗਦੇ ਤਾਰਿਆਂ ਨੂੰ ਮੱਥੇ ਵਿਚ ਧਰਨਾ ਏ, ਤਾਰਿਆਂ ਦੀਆਂ ਖਿੱਤੀਆਂ ਨੂੰ ਨਵੇਂ ਆਕਾਰ ਤੇ ਅਰਥ ਦੇਣੇ ਨੇ। ਇਨ੍ਹਾਂ ਦੀਆਂ ਰਿਸ਼ਮਾਂ ਵਿਚ ਖੁਦ ਨੂੰ ਓਤਪੋਤ ਕਰਨਾ ਏ। ਸਮੁੱਚੇ ਅੰਬਰ ਨੂੰ ਕਲਾਵੇ ਵਿਚ ਲੈਣਾ ਹੈ। ਇਸ ਦੀ ਸਲੇਟ ਬਣਾ ਕੇ ਸਫ਼ਰ ਦੇ ਪੂਰਨੇ ਪਾਉਣੇ ਨੇ।
ਹਾਲੇ ਤਾਂ ਮੈਂ `ਵਾ ਸੰਗ ਗੁਣਗਣਾਉਣਾ ਏ, ਇਸ ਦੀ ਛੋਹ ਨਾਲ ਖ਼ੁਦ ਨੂੰ ਲਰਜ਼ਾਉਣਾ ਏ ਅਤੇ ਇਸ `ਤੇ ਲਿਖੇ ਹੋਏ ਅੱਖਰਾਂ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ ਏ। ਵਗਦੀ ਪੌਣ ਦੇ ਪਰਾਂ `ਤੇ ਸੁਗੰਧੀਆਂ ਦੇ ਸਿਰਨਾਵੇਂ ਉਕਰਨੇ ਨੇ। ਇਸ ਰਾਹੀਂ ਪ੍ਰਦੇਸ ਵਿਚ ਰਹਿੰਦੇ ਮਿੱਤਰ-ਪਿਆਰਿਆਂ ਨੂੰ ਜਲਦੀ ਮਿਲਣ ਲਈ ਸੁਨੇਹੇ ਭੇਜਣੇ ਨੇ ਜਿਨ੍ਹਾਂ ਨੂੰ ਮਿਲਿਆਂ ਮੁੱਦਤਾਂ ਹੋ ਗਈਆਂ ਨੇ।
ਹਾਲੇ ਤਾਂ ਮੈਂ ਬਿਜੜਿਆਂ ਦੇ ਆਲ੍ਹਣੇ ਦੀ ਕਲਾਕਾਰੀ ਨੂੰ ਨਵੇਂ ਅਰਥ ਦੇਣੇ ਅਤੇ ਇਨ੍ਹਾਂ ਵਿਚ ਹੁੰਦੀ ਚੋਹਲ-ਮੁਹਲ ਨੂੰ ਸ਼ਬਦਾਂ ਦੇ ਹਵਾਲੇ ਕਰਨਾ ਏ। ਬੋਟਾਂ ਨਾਲ ਲਾਡ ਲਡਾਉਂਦਿਆਂ ਪਰਿੰਦਿਆਂ ਨੂੰ ਦੇਖਣਾ ਏ ਅਤੇ ਉਸ ਅਲਹਾਮੀ ਪਲ ਨੂੰ ਦੀਦਿਆਂ ਵਿਚ ਕੈਦ ਕਰਨਾ ਏ ਜਦ ਪੰਛੀ ਆਪਣੇ ਬੋਟ ਨੂੰ ਆਪਣੇ ਹਿੱਸੇ ਦੀ ਚੋਗ ਉਸ ਦੇ ਮੂੰਹ ਵਿਚ ਪਾਉਂਦਾ ਏ। ਸ਼ਾਮ-ਸਵੇਰੇ ਪੰਛੀਆਂ ਦੀ ਸੰਗੀਤਕ ਮਹਿਫ਼ਲ ਨੂੰ ਸੁਣਨਾ ਅਤੇ ਪਤਾ ਕਰਨਾ ਕਿ ਉਹ ਕਿਹੜੇ ਪਾਠ ਦੀ ਅਰਾਧਨਾ ਵਿਚ ਖ਼ੁਦ ਨੂੰ ਰੂਹ-ਰੰਗਾ ਕਰਦੇ ਨੇ।
ਹਾਲੇ ਤਾਂ ਮੈਂ ਕਲੀਆਂ ਤੋਂ ਫੁੱਲ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਚਿਤਾਰਨਾ ਏ। ਇਸ ਵਿਚ ਸਮੋਏ ਰੰਗਾਂ ਤੇ ਮਹਿਕਾਂ ਨੂੰ ਆਪਣੇ ਸਮੁੱਚ ਦੇ ਨਾਮ ਕਰਨਾ ਅਤੇ ਫੁੱਲ ਵਰਗਾ ਬਣਨ ਦਾ ਤਹੱਈਆ ਕਰਨਾ ਏ। ਫੁੱਲਾਂ `ਤੇ ਮੰਡਰਾਉਂਦੀਆਂ ਤਿੱਤਲੀਆਂ ਨਾਲ ਗੁਫ਼ਤਗੂ ਕਰਨੀ ਏ ਅਤੇ ਭੌਰਿਆਂ ਦੇ ਸੰਗੀਤ ਵਿਚ ਖ਼ੁਦ ਨੂੰ ਸੁਰਬੱਧ ਕਰਨਾ ਏ।
ਹਾਲੇ ਤਾਂ ਮੈਂ ਬੋਲਾਂ ਵਿਚ ਉਗੀ ਕੁੜੱਤਣ ਨੂੰ ਮਿਠਾਸ ਦੀ ਗੁੜ੍ਹਤੀ ਦੇਣੀ ਹੈ। ਬੋਦੀ ਹੋ ਗਈ ਸਮਾਜਿਕ ਬਣਤਰ ਨੂੰ ਬਿਆਨ ਕਰਨਾ ਏ, ਸਬੰਧਾਂ ਦੀ ਟੁੱਟਭੱਜ ਨੂੰ ਸ਼ਬਦ ਦੇਣੇ ਨੇ ਅਤੇ ਤਿੜਕ ਰਹੇ/ਗਏ ਰਿਸ਼ਤਿਆਂ ਦੀ ਸੰਜੀਵਤਾ ਤੇ ਸਦੀਵਤਾ ਲਈ ਕੁਝ ਨਿੱਗਰ ਅਤੇ ਨਿਵੇਕਲਾ ਕਰਨ ਦਾ ਇਰਾਦਾ ਹੈ।
ਹਾਲੇ ਤਾਂ ਮੈਂ ਖੇਤਾਂ ਵਿਚ ਪੈ ਰਹੀਆਂ ਵੱਟਾਂ ਨੂੰ ਢਾਹੁਣਾ ਏ, ਪੁੱਟੀਆਂ ਜਾ ਰਹੀਆਂ ਕਬਰਾਂ ਨੂੰ ਪੂਰਨਾ ਹੈ। ਆੜਾਂ ਵਿਚ ਵਗ ਰਹੀ ਰੱਤ ਨੂੰ ਨਿਰਮਲ ਪਾਣੀਆਂ ਦਾ ਰੂਪ ਦੇਣਾ ਹੈ। ਕਿਆਰਿਆਂ ਵਿਚ ਹੋ ਰਹੇ ਕਤਲਾਂ ਦੀ ਕਰੂਰਤਾ ਨੂੰ ਖ਼ਤਮ ਕਰਨਾ ਏ ਅਤੇ ਵਾਹਣਾਂ ਵਿਚ ਖੁਦਕੁਸ਼ੀਆਂ ਦੀ ਹੋ ਰਹੀ ਬਿਜਾਈ ਨੂੰ ਰੋਕਣਾ ਏ।
ਹਾਲੇ ਤਾਂ ਮੈਂ ਮਨ ਦੀ ਪ੍ਰਦੱਖਣਾ ਕਰਨੀ ਏ। ਇਸ ਵਿਚ ਪਏ ਕੂੜ-ਕਬਾੜੇ ਨੂੰ ਹੂੰਝਣਾ ਏ। ਇਸ ਵਿਚ ਉਸਰੀਆਂ ਮਨਸੂਈ ਵਲਗਣਾਂ ਨੂੰ ਢਾਹ ਕੇ, ਇਸਦੀ ਸਮੁੱਚਤਾ ਨੂੰ ਖੁੱਲ੍ਹੇਪਣ ਦਾ ਨਾਮ ਦੇਣਾ ਅਤੇ ਇਸ ਵਿਚ ਧੁੱਪ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣਾ ਏ।
ਹਾਲੇ ਤਾਂ ਮੈਂ ਹਰਫ਼ਾਂ ਦੀ ਜੂਹ ਵਿਚ ਜੋਗੀ ਵਾਲਾ ਹੋਕਰਾ ਲਾਉਣਾ ਏ। ਸ਼ਬਦਾਂ ਵਿਚ ਅਰਥਾਂ ਦੇ ਦੀਵੇ ਜਗਾਉਣੇ ਨੇ ਅਤੇ ਖ਼ੁਦ ਨੂੰ ਕੋਰੇ ਵਰਕਿਆਂ `ਤੇ ਫੈਲੀ ਅਜਿਹੀ ਇਬਾਰਤ ਦੇ ਸਪੁਰਦ ਕਰਨਾ ਏ ਜੋ ਕਦੇ ਇਬਾਦਤ ਬਣਨ ਦੇ ਕਾਬਲ ਹੋ ਸਕੇ। ਸ਼ਬਦ ਜਿਉਂਦੇ ਰਹਿਣ ਤਾਂ ਬੰਦੇ ਦੇ ਜਾਣ ਤੋਂ ਬਾਅਦ ਵੀ ਉਹ ਕੁਝ ਚਿਰ ਲਈ ਆਪਣੀ ਲਿਖਤ ਵਿਚ ਜਿਉਂਦੇ ਹੋਣ ਦਾ ਭਰਮ ਤਾਂ ਪਾਲ ਹੀ ਸਕਦਾ।
ਹਾਲੇ ਤਾਂ ਮੈਂ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿਚ ਆਪਣੇ ਪੈਰਾਂ ਦੇ ਨਾਵੇਂ ਸਫ਼ਰ ਕਰਨਾ ਏ। ਪਗਡੰਡੀ ਨੂੰ ਪੈਹੇ ਬਣਾਉਣਾ ਏ ਅਤੇ ਅਛੂਹ ਮੰਜ਼ਲਾਂ ਦੀ ਨਿਸ਼ਾਨਦੇਹੀ ਨੂੰ ਪ੍ਰਾਪਤੀ ਦੀ ਤਾਸੀਰ ਦਾ ਨਾਮ ਦੇਣਾ ਏ ਕਿਉਂਕਿ ਕਿਸੇ ਵੀ ਜੀਵਨੀ ਪੜਾਅ `ਤੇ ਕੋਈ ਵੀ ਪ੍ਰਾਪਤੀ ਕਦੇ ਵੀ ਅਸੰਭਵ ਨਹੀਂ ਹੁੰਦੀ। ਸੁਪਨੇ ਲੈਣ ਤੋਂ ਮਨ ਨੂੰ ਵਰਜਣਾ, ਦਰਅਸਲ ਮਨ ਦੀ ਪ੍ਰਫੁੱਲਤਾ ਦੀ ਮੌਤ ਹੁੰਦੀ ਹੈ।
ਹਾਲੇ ਤਾਂ ਮੈਂ ਆਪਣੇ ਸੱਖਣੇ ਦੀਦਿਆਂ ਵਿਚ ਰਾਂਗਲਾ ਸੁਪਨਈ ਸੰਸਾਰ ਸਿਰਜਣਾ ਏ। ਸੂਹੇ ਰੰਗਾਂ ਨੂੰ ਜੀਵਨ-ਜਾਚ ਦੇ ਨਾਮ ਕਰਨਾ ਏ। ਫੁੱਲਾਂ ਦੀ ਸੁਗੰਧਤ ਆਬੋ-ਹਵਾ ਵਿਚ ਲਬਰੇਜ਼ ਕਰਨਾ ਏ। ਮੇਰੇ ਤੋਂ ਬੇਮੁੱਖ ਹੋਈ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਵਾਪਸ ਪਰਤ ਆਉਣ ਲਈ ਹਾਕ ਮਾਰਨੀ ਏ ਅਤੇ ਅਲਮਸਤੀ ਦੇ ਆਲਮ ਵਿਚ ਜੀਵਨ ਦੇ ਉਨ੍ਹਾਂ ਪਲਾਂ ਨੂੰ ਮਾਨਣਾ ਏ ਜਿਨ੍ਹਾਂ ਦੀ ਮਹਿਰੂਮਤਾ ਅਕਸਰ ਹੀ ਮਨ ਦੇ ਕੋਨੇ ਵਿਚ ਚੀਸ ਪੈਦਾ ਕਰਦੀ ਏ।
ਹਾਲੇ ਤਾਂ ਮੈਂ ਸੋਚ ਦੀ ਰੱਕੜਤਾ ਨੂੰ ਪਾਣੀ ਲਾਉਣਾ ਏ, ਵੱਤਰ ਆਉਣ `ਤੇ ਵਾਹੁਣਾ ਏ। ਫਿਰ ਇਸ ਵਿਚ ਸੁੱਚੇ ਵਿਚਾਰਾਂ ਦੀ ਫਸਲ ਬੀਜਣੀ ਹੈ ਅਤੇ ਕੂੜ, ਕਪਟ, ਲਾਲਚ, ਕਮੀਨਗੀ ਤੇ ਨਕਾਰਾਤਮਿਕਤਾ ਨਾਲ ਭਰੇ ਹੋਏ ਮਨਾਂ ਦੇ ਭੜੌਲਿਆਂ ਨੂੰ ਬੰਦਿਆਈ ਭਰੇ ਬੋਹਲਾਂ ਦੀ ਸੁਗਾਤ ਅਰਪਿਤ ਕਰਨੀ ਏ।
ਹਾਲੇ ਤਾਂ ਮੈਂ ਕਮਰਿਆਂ ਵਿਚ ਪਸਰੀ ਮਾਤਮੀ ਸੁੰਨ ਨੂੰ ਪਿਆਰੀ ਗੁਫ਼ਤਗੂ ਦਾ ਵਰਦਾਨ ਦੇਣਾ ਹੈ। ਘਰ `ਚ ਤਣੇ ਹੋਏ ਪਰਦਿਆਂ ਨੂੰ ਲੀਰੋ-ਲੀਰ ਕਰ ਕੇ ਧੁੱਪ ਨੂੰ ਅੰਦਰ ਆਉਣ ਦੀ ਆਗਿਆ ਦੇਣੀ ਹੈ। ਬੰਦ ਰੌਸ਼ਨਦਾਨਾਂ ਤੇ ਖਿੜਕੀਆਂ ਨੂੰ ਹਵਾ ਦੀ ਰਾਜ਼ਦਾਨ ਬਣਾਉਣਾ ਏ। ਚੌਕੇ ਵਿਚ ਉਗੀ ਹੋਈ ਉਦਾਸੀ ਨੂੰ ਉਖਾੜਨਾ ਏ ਅਤੇ ਸੁੱਕੇ ਦਰਾਂ ਨੂੰ ਧੰਦਿਆਈ ਬਖਸ਼ਣੀ ਏ। ਘਰ ਨੂੰ ਘਰ ਦੇ ਅਰਥ ਦੇਣੇ ਨੇ।
ਹਾਲੇ ਤਾਂ ਮੈਂ ਆਪਣੇ ਰੁੱਸੇ ਹੋਏ ਮਿੱਤਰਾਂ ਦੇ ਗਿਲੇ-ਸਿ਼ਕਵੇ ਦੂਰ ਕਰਨੇ, ਮੋਹ-ਗਲਵੱਕੜੀ ਵਿਚ ਪਰਤ ਆਉਣ ਲਈ ਮਨਾਉਣਾ ਏ। ਤੁਰ ਗਏ ਪਿੱਤਰਾਂ ਦੀ ਯਾਦ ਵਿਚ ਖੁ਼ਦ ਨੂੰ ਹੰਝੂਆਂ ਨਾਲ ਧੋਣਾ ਵੀ ਏ ਅਤੇ ਉਨ੍ਹਾਂ ਦੀਆਂ ਨਿਆਮਤਾਂ ਨੂੰ ਸ਼ੁਕਰਗੁਜ਼ਾਰੀ ਦਾ ਨਾਮ ਵੀ ਦੇਣਾ ਏ ਕਿਉਂਕਿ ਅਸੀਂ ਜੋ ਕੁਝ ਵੀ ਹਾਂ ਆਪਣੇ ਬਜ਼ੁਰਗਾਂ ਸਦਕਾ ਹਾਂ। ਉਨ੍ਹਾਂ ਦੀ ਹੋਂਦ ਨਾਲ ਹੀ ਸਾਡੀ ਹੋਂਦ ਜੁੜੀ ਹੁੰਦੀ ਏ। ਹਾਲੇ ਤਾਂ ਮਾਪਿਆਂ ਦੇ ਸੁਪਨਿਆਂ ਦੀ ਤਾਮੀਰਦਾਰੀ ਕਰਨੀ ਹੈ। ਹਾਲੇ ਤਾਂ ਮੈਂ ਬੜਾ ਕੁਝ ਕਰਨਾ ਹੈ। ਹਾਲੇ ਤਾਂ ਮੈਂ ਆਪਣੇ ਆਪ ਨੂੰ ਮਿਲਣਾ ਹੈ।
ਹਾਲੇ ਤਾਂ ਮੈਂ ਨਿੱਕੇ-ਨਿੱਕੇ ਦਾਇਰਿਆਂ ਵਿਚੋਂ ਬਾਹਰ ਨਿਕਲਣਾ ਹੈ, ਮਨ ਦੀ ਸੰਕੀਰਤਨਾ ਨੂੰ ਉਚੇਰੀ ਉਡਾਣ ਦੇਣੀ ਹੈ ਤਾਂ ਕਿ ਉਹ ਖੁੱਲ੍ਹੇ ਅੰਬਰ ਦੀ ਹਾਣੀ ਹੋ ਸਕੇ। ਕੱਟੜਤਾ ਦੀਆਂ ਜ਼ੰਜ਼ੀਰਾਂ ਨੂੰ ਤੋੜਨਾ ਹੈ ਅਤੇ ਸਿਮਟੀ ਸੰਵੇਦਨਾ ਨੂੰ ਸਮੁੰਦਰੀ ਵਿਸ਼ਾਲਤਾ ਜੇਹੀ ਕਰਮਯੋਗਣ ਬਣਾਉਣਾ ਹੈ।
ਹਾਲੇ ਤਾਂ ਮੈਂ ਖੂਹ ਨੂੰ ਜਾਂਦਿਆਂ, ਪਹਿਆਂ ਦੀ ਧੁੱਧਲ ਉਡਾਉਣੀ ਹੈ। ਮੰਡ ਵਿਚ ਪਸ਼ੂ ਚਾਰਦਿਆਂ ਬਿਆਸ ਵਿਚ ਫਿਰ ਤੋਂ ਤਾਰੀਆਂ ਲਾਉਣੀਆਂ ਨੇ। ਢੀਮਾਂ ਮਾਰ ਕੇ ਗਵਾਂਢੀਆਂ ਦੇ ਅੰਬ ਦੇ ਬੂਟੇ ਤੋਂ ਅੰਬ ਤੋੜ ਕੇ ਚੂਪਣੇ ਨੇ। ਵਗਦੀ ਆੜ ਵਿਚੋਂ ਗੰਢੇ ਦੀ ਭੂਕ ਨਾਲ ਪਾਣੀ ਪੀਣਾ ਹੈ ਅਤੇ ਵੱਟ `ਤੇ ਉਗੇ ਘਾਹ ਨਾਲ ਪੂੰਝ ਕੇ ਗਾਜਰਾਂ ਖਾਣੀਆਂ ਨੇ।
ਹਾਲੇ ਤਾਂ ਮੈਂ ਪੁਰਾਣੀਆਂ ਤੇ ਜ਼ਰਜ਼ਰੀ ਹੋ ਗਈਆਂ ਚਿੱਠੀਆਂ ਦੇ ਸਿਰਨਾਵਿਆਂ ਵਿਚੋਂ ਵਿਸਰੇ ਸੱਜਣਾਂ ਦੇ ਮੁਹਾਂਦਰੇ ਨੂੰ ਕਿਆਸਣਾ ਏ ਅਤੇ ਉਨ੍ਹਾਂ ਸੰਗ ਬਿਤਾਏ ਹਰ ਪਲ ਨੂੰ ਦੁਬਾਰਾ ਜਿਉਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਕੰਧ ਦੇ ਉਖੜੇ ਹੋਏ ਪਲੱਸਤਰਾਂ ਅਤੇ ਲਿਓੜਾਂ `ਚੋਂ ਕਿਰਦੀ ਮਿੱਟੀ ਦੀ ਗਾਥਾ ਲਿਖਣੀ ਹੈ। ਬਾਪ ਦੀ ਪਾਟੀ ਪੱਗ ਵਿਚੋਂ ਝਾਕਦੀ ਜਟੂਰੀ ਨੂੰ ਮੁਖ਼ਾਤਬ ਹੋਣਾ ਹੈ। ਉਸ ਦੇ ਪੈਰਾਂ ਦੀਆਂ ਬਿਆਈਆਂ ਵਿਚ ਝਾਕਦੇ ਜੀਵਨ ਸੰਘਰਸ਼ ਨੂੰ ਪੜ੍ਹਨਾ ਹੈ। ਮਾਂ ਦੀਆਂ ਚੁੰਨੀਆਂ ਅੱਖਾਂ ਵਿਚ ਲੋਅ ਧਰਨੀ ਹੈ। ਪੁੱਤਾਂ ਨੂੰ ਉਡੀਕਦੇ ਦਰਾਂ `ਤੇ ਮੁੜ ਪਰਤ ਆਉਣ ਦੀ ਦਸਤਕ ਦੇਣੀ ਹੈ। ਬੁੱਢੇ ਘਰ ਦੇ ਬੰਦ ਦਰਾਂ `ਤੇ ਤੇਲ ਚੋਣਾ ਤੇ ਪਾਣੀ ਡੋਲਣਾ ਹੈ। ਘਰ ਦੀ ਉਦਾਸੀ ਨੂੰ ਜੀਵਨੀ ਹਾਸੀ ਵਿਚ ਬਦਲਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਮੁੱਨਕਰੀ ਹੰਢਾਉਂਦੇ ਸੁਪਨਿਆਂ ਦੀ ਪੁਨਰ-ਸੁਰਜੀਤੀ ਕਰਨੀ ਹੈ। ਆਪਣੇ ਹਿੱਸੇ ਦਾ ਅੰਬਰ ਤਲਾਸ਼ਣਾ ਹੈ। ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਖ਼ੁਸ਼-ਆਮਦੀਦ ਕਹਿਣਾ ਹੈ। ਰੂਹ ਦੀ ਕਸ਼ੀਦਗੀ ਵਿਚੋਂ ਸੁਖਨਤਾ ਅਤੇ ਸਹਿਜਤਾ ਨੂੰ ਨਿਚੋੜ ਕੇ ਪੀਣਾ ਹੈ ਅਤੇ ਰੂਹ-ਰੰਗਤਾ ਸੰਗ ਜੀਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਮੁੜਕੇ ਦੇ ਮੋਤੀਆਂ ਦੀ ਵਰਣਮਾਲਾ ਬਣਾਉਣੀ ਹੈ। ਕਾਮੇ ਦੇ ਪਿੰਡੇ ਵਿਚੋਂ ਆਉਂਦੀ ਮਹਿਕ ਦੀ ਤਵਾਰੀਖ਼ ਲਿਖਣੀ ਹੈ। ਭੁੱਖੇ ਢਿੱਡਾਂ ਦੀ ਵਿਲਕਣੀ ਨੂੰ ਲਿਖਤ ਦਾ ਹਿੱਸਾ ਬਣਾਉਣਾ ਹੈ। ਕੁੱਖ ਵਿਚ ਕਤਲ ਹੋਈਆਂ ਧੀਆਂ ਦੇ ਕੀਰਨਿਆਂ ਨੂੰ ਲਲਕਾਰ ਵਿਚ ਬਦਲਣਾ ਹੈ ਅਤੇ ਤੇਲ ਪਾ ਕੇ ਸਾੜੀਆਂ ਨੂੰਹਾਂ ਦੀ ਚੀਖ਼ ਨੂੰ ਸਹੁਰਿਆਂ ਦੀ ਹਿੱਕ ਵਿਚ ਖੁੱਭਿਆ ਖੰਜਰ ਬਣਾਉਣਾ ਹੈ।
ਹਾਲੇ ਤਾਂ ਮੈਂ ਆਪਣਿਆਂ ਦੀ ਬੇਹੂਦਗੀ ਨੂੰ ਉਲਥਾਉਣਾ ਹੈ ਅਤੇ ਆਪਣਿਆਂ ਵਲੋਂ ਆਪਣਿਆਂ ਦੇ ਕੀਤੇ ਕਤਲਾਂ ਦਾ ਹਿਸਾਬ-ਕਿਤਾਬ ਲਾਉਣਾ ਹੈ। ਗੁੰਮ ਹੋਈ ਅਪਣੱਤ ਦਾ ਮਰਸੀਆ ਲਿਖਣਾ ਅਤੇ ਪਿਆਰ ਦੇ ਨਾਮ `ਤੇ ਹੋਈ ਧੋਖਾਧੜੀ ਨੂੰ ਤੋਲਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਨੌਜਵਾਨਾਂ ਦੇ ਤਿੜਕੇ ਸੁਪਨਿਆਂ ਦੀ ਚੀਸ ਨੂੰ ਰੋਹ ਦਾ ਹੋਕਰਾ ਬਣਾ ਕੇ ਰਾਜ ਦਰਬਾਰ ਦੇ ਗਲਿਆਰਿਆਂ ਵਿਚ ਜੋਗੀ ਵਾਲੀ ਫੇਰੀ ਲਾਉਣੀ ਹੈ। ਧੀਆਂ-ਧਿਆਣੀਆਂ ਨੂੰ ਮਾਈ ਭਾਗੋ ਵਰਗੀ ਲਲਕਾਰ ਬਣਨ ਲਈ ਉਤਸ਼ਾਹਿਤ ਕਰਨਾ ਏ। ਉਨ੍ਹਾਂ ਦੀ ਸੋਚ ਵਿਚ ਇਹ ਸੱਚ ਧਰਨਾ ਏ ਕਿ ਕੋਈ ਵੀ ਅੰਬਰ ਉਨ੍ਹਾਂ ਲਈ ਵੱਡਾ ਨਹੀਂ ਅਤੇ ਹਰ ਸੁਪਨਾ ਉਨ੍ਹਾਂ ਦਾ ਸੱਚ ਬਣਨ ਲਈ ਕਾਹਲਾ ਹੈ।
ਹਾਲੇ ਤਾਂ ਮੈਂ ਬਜ਼ੁਰਗ ਘਰਾਂ ਵਿਚ ਰੁਲਦੇ ਬੁੱਢੇ ਮਾਪਿਆਂ ਦੀ ਤਰਾਸਦੀ ਨੂੰ ਕੋਰੇ ਵਰਕਿਆਂ `ਤੇ ਲਿਖਣਾ ਹੈ। ਔਲਾਦ ਦੀ ਬੇਹਯਾਈ ਨੂੰ ਬੇਪਰਦ ਕਰਨਾ ਹੈ। ਪ੍ਰਦੇਸੀ ਮੋਢਾ ਉਡੀਕਦੀ ਅਰਥੀ ਨੂੰ ਸਿਵਿਆਂ ਵਿਚ ਧਰ, ਅੱਗ ਦੇ ਹਵਾਲੇ ਕਰਨਾ ਹੈ। ਜਿਊਂਦੇ ਜੀਅ ਮਰ ਗਏ ਆਪਣਿਆਂ ਦਾ ਫਾਤਿਹਾ ਪੜ੍ਹ ਕੇ ਜੱਗ ਨੂੰ ਸੁਣਾਉਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਜਿ਼ੰਦਗੀ ਨੂੰ ਜਿ਼ੰਦਾਦਿਲੀ ਦਾ ਨਾਮ ਦੇਣਾ ਹੈ। ਹਾਲੇ ਤਾਂ ਮੈ ਦੱਸਣਾ ਹੈ ਕਿ ਉਮਰ ਸਾਲਾਂ `ਚ ਨਹੀਂ ਮਿਣੀ ਜਾਂਦੀ। ਇਹ ਤਾਂ ਜਿਊਣ ਜੋਗੇ ਪਲਾਂ ਦਾ ਨਾਮ ਹੁੰਦੀ ਹੈ, ਕਰਮਯੋਗਤਾ ਵਿਚੋਂ ਉਗੇ ਸੂਰਜਾਂ ਦਾ ਨਾਮਕਰਣ ਹੁੰਦੀ ਜਿਨ੍ਹਾਂ ਨੇ ਕਈ ਸਦੀਆਂ ਤੀਕ ਰੌਸ਼ਨੀ ਦਾ ਵਣਜ ਕਰਦੇ ਰਹਿਣਾ ਹੁੰਦੈ। ਜਿਊਂਦੇ ਜੀਅ ਮਰਨ ਦਾ ਨਾਮ ਨਹੀਂ ਜੀਵਨ ਸਗੋਂ ਮਰ ਕੇ ਜਿਊਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਜਿ਼ੰਦਗੀ।
ਹਾਲੇ ਤਾਂ ਮੈਂ ਕਲਮਕਾਰੀ ਦੇ ਗੁਰ ਸਿੱਖਣੇ ਨੇ ਅਤੇ ਫਿਰ ਕਲਮਕਾਰੀ ਦਾ ਯੁੱਗ ਸਿਰਜਣ ਲਈ ਨਿਮਾਣਾ ਜੇਹਾ ਕਰਮਵੇਤਾ ਬਣਨਾ ਏ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਮਨ ਦੀਆਂ ਉਨ੍ਹਾਂ ਪਰਤਾਂ ਨੂੰ ਫਰੋਲਣਾ ਹੈ ਜਿਨ੍ਹਾਂ ਤੋਂ ਮੈਂ ਖੁਦ ਹੀ ਬੇਮੁੱਖ ਹਾਂ। ਜੀਵਨ ਦੇ ਵੱਖ-ਵੱਖ ਪੜਾਵਾਂ ਦੀ ਨਿਸ਼ਾਨਦੇਹੀ ਕਰਨੀ ਹੈ। ਰਿਸ਼ਤਿਆਂ ਦੀ ਵਰਣਵੰਡ ਨੂੰ ਨਕਾਰਨਾ ਹੈ। ਮਨੁੱਖੀ ਵਿਵਹਾਰ ਅਤੇ ਵਰਤਾਰਿਆਂ ਦਾ ਵਰਗੀਕਰਨ ਕਰਨਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਪੱਤੜੜਾਂ ਦੇ ਵਿਹੜੇ ਬਹਾਰਾਂ ਦੀ ਸੱਦ ਲਾਉਣੀ ਹੈ। ਮਾਯੂਸ ਹੋਏ ਵਕਤ ਨੂੰ ਸੰਦਲੀ ਰੁੱਤ ਦਾ ਲਿਬਾਸ ਅਰਪਿਤ ਕਰਨਾ ਏ। ਅੱਧ-ਖਿੜੀਆਂ ਕਲੀਆਂ ਨੂੰ ਖਿੜ ਕੇ ਮਹਿਕਾਂ ਤੇ ਰੰਗ ਵੰਡਣ ਲਈ ਪ੍ਰੇਰਤ ਕਰਨਾ ਹੈ। ਬਾਗ ਦੀ ਵੈਰਾਨਗੀ ਦੇ ਨਾਮ ਹਰਿਆਵਲ ਕਰਨੀ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਜਿਊਣਾ ਏ। ਉਨ੍ਹਾਂ ਪਲਾਂ ਨੂੰ ਮਾਨਣਾ ਏ ਜਿਸਦੀ ਮੁੱਨਕਰੀ ਨੇ ਮੈਨੂੰ ਖੁ਼ਦ ਦਾ ਮੁਥਾਜੀ ਬਣਾ ਛੱਡਿਆ। ਗਲਵੱਕੜੀਆਂ ਦੇ ਮੌਸਮ ਨੂੰ ਬਰੂਹਾਂ `ਤੇ ਉਤਾਰਨਾ ਏ। ਸੁੰਨੇ ਬਨੇਰਿਆਂ `ਤੇ ਮੋਹ ਦੇ ਚਿਰਾਗ ਜਗਾਉਣੇ ਨੇ।
ਹਾਲੇ ਤਾਂ ਮੈਂ ਆਪਣੇ ਅੰਦਰ ਉਤਰਨਾ ਹੈ। ਆਪਣੇ ਆਪ ਨੂੰ ਮਿਲਣਾ ਹੈ ਕਿਉਂਕਿ ਆਪਣੇ ਆਪ ਨੂੰ ਮਿਲਣ ਲਈ ਕਈ ਵਾਰ ਉਮਰ ਹੀ ਬੀਤ ਜਾਂਦੀ ਹੈ ਅਤੇ ਬਹੁਤੀ ਵਾਰ ਅਸੀਂ ਖ਼ੁਦ ਨੂੰ ਮਿਲਿਆਂ ਬਗੈਰ ਹੀ ਆਖ਼ਰੀ ਸਫ਼ਰ `ਤੇ ਤੁਰ ਪੈਂਦੇ। ਦਰਅਸਲ ਆਪੇ ਨੂੰ ਮਿਲ ਕੇ ਹੀ ਅਸੀਂ ਸੰਪੂਰਨਤਾ ਦੇ ਰਾਹੀ ਬਣਦੇ ਹਾਂ। ਆਪੇ ਨੂੰ ਜਾਗਣ ਤੇ ਜਗਾਉਣ ਦੇ ਕਾਬਲ ਹੁੰਦੇ ਹਾਂ ਜੋ ਸਾਥੋਂ ਹੀ ਮੁਨਕਰ ਹੋਇਆ ਹੁੰਦਾ।
ਹਾਲੇ ਤਾਂ ਮੈਂ ਸਫ਼ਰ `ਤੇ ਤੁਰਨਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ। ਹਾਲੇ ਤਾਂ ਮੈਂ ਖੁ਼ਦ ਨੂੰ ਮਿਲਣਾ ਹੈ।