ਭਗਵਾ ਅਤਿਵਾਦ: ਸੰਘ ਨੂੰ ਜਵਾਬਦੇਹ ਕੌਣ ਬਣਾਏਗਾ?

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਆਰ.ਐੱਸ.ਐੱਸ. ਦੇ ਸਾਬਕਾ ਕਾਰਕੁਨ ਯਸ਼ਵੰਤ ਸ਼ਿੰਦੇ ਦੇ ਹਲਫਨਾਮੇ ਨੇ ਭਗਵਾ ਅਤਿਵਾਦ ਦਾ ਮੁੱਦਾ ਫਿਰ ਭਖਾ ਦਿੱਤਾ ਹੈ। ਹਿੰਦੂਤਵਵਾਦੀਆਂ ਨੇ ਭਗਵਾ ਦਹਿਸ਼ਤਵਾਦ ਤਹਿਤ ਜਿੰਨੀਆਂ ਵੀ ਕਾਰਵਾਈਆਂ ਕੀਤੀਆਂ, ਉਨ੍ਹਾਂ ਵਿਚ ਸ਼ਾਮਿਲ ਸਾਰੇ ਕਾਰਕੁਨਾਂ ਨੂੰ ਇਕ-ਇਕ ਕਰਕੇ ਛੁਡਾ ਲਿਆ ਗਿਆ। ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਯਸ਼ਵੰਤ ਸ਼ਿੰਦੇ ਦੇ ਹਲਫਨਾਮੇ ਦੇ ਪ੍ਰਸੰਗ ਵਿਚ ਇਸ ਮਸਲੇ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

ਪਿਛਲੇ ਦਿਨੀਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਸਾਬਕਾ ਕਾਰਕੁਨ ਯਸ਼ਵੰਤ ਸ਼ਿੰਦੇ ਦਾ ਸੀ.ਬੀ.ਆਈ. ਦੀ ਨਾਂਦੇੜ ਅਦਾਲਤ ਵਿਚ ਦਿੱਤਾ ਹਲਫ਼ਨਾਮਾ ਗ਼ੌਰਤਲਬ ਹੈ। ਉਸ ਵੱਲੋਂ ਬੰਬ ਕਾਂਡਾਂ ਵਿਚ ਸੰਘ ਦੇ ਸੀਨੀਅਰ ਆਗੂਆਂ ਦੀ ਭੂਮਿਕਾ ਦਾ ਜ਼ਿਕਰ ਕਰਨ ਨਾਲ ‘ਭਗਵਾ ਦਹਿਸ਼ਤਵਾਦ’ ਥੋੜ੍ਹੇ ਚਿਰ ਲਈ ਮੁੜ ਸੁਰਖ਼ੀਆਂ ਬਣ ਗਿਆ ਹੈ। ਸ਼ਿੰਦੇ ਤਕਰੀਬਨ 25 ਸਾਲ ਆਰ.ਐੱਸ.ਐੱਸ. ਅਤੇ ਹੋਰ ਹਿੰਦੂਤਵੀ ਜਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨਾਲ ਜੁੜਿਆ ਰਿਹਾ ਹੈ। ਉਹ ਬੇਸ਼ੱਕ ਨਾਂਦੇੜ ਕੇਸ ਵਿਚ ਮੁਦਈ ਧਿਰ ਦਾ ਗਵਾਹ ਨਹੀਂ ਹੈ ਪਰ ਉਸ ਦਾ ਕਹਿਣਾ ਹੈ- ‘ਉਹ ਹੁਣ ਖ਼ਾਮੋਸ਼ ਨਹੀਂ ਰਹਿ ਸਕਦਾ’। ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ ਬੰਬ ਕਾਂਡ ਤੋਂ ਤਿੰਨ ਸਾਲ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਸੀਨੀਅਰ ਕਾਰਕੁਨ ਨੇ ਉਸ ਨੂੰ ਦੱਸਿਆ ਸੀ ਕਿ ‘ਪੂਰੇ ਮੁਲਕ ਵਿਚ ਬੰਬ ਧਮਾਕੇ ਕਰਨ ਲਈ’ ਦਹਿਸ਼ਤੀ ਟਰੇਨਿੰਗ ਕੈਂਪ ਚੱਲ ਰਿਹਾ ਹੈ। ਸ਼ਿੰਦੇ ਕਹਿੰਦਾ ਹੈ ਕਿ ‘ਉਸ ਨੇ ਪਿਛਲੇ ਸੋਲਾਂ ਸਾਲ ਮੋਹਨ ਭਾਗਵਤ ਸਮੇਤ ਆਰ.ਐੱਸ.ਐੱਸ. ਦੇ ਹਰ ਆਗੂ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਨਾਉਣ ‘ਚ ਗੁਜ਼ਾਰੇ ਹਨ ਜੋ ਦਹਿਸ਼ਤੀ ਕਾਰਵਾਈਆਂ ‘ਚ ਸ਼ਾਮਿਲ ਹਨ। ਕਿਸੇ ਨੇ ਮੇਰੀ ਫਰਿਆਦ ਉੱਪਰ ਗ਼ੌਰ ਨਹੀਂ ਕੀਤਾ। ਇਸ ਲਈ, ਇੱਥੇ ਮੈਂ ਅਦਾਲਤ ਦੇ ਸਾਹਮਣੇ ਉਹ ਸਭ ਕੁਝ ਦੱਸਣ ਲਈ ਤਿਆਰ ਹਾਂ ਜੋ ਮੈਂ ਇੰਨੇ ਲੰਮੇ ਸਮੇਂ ਤੋਂ ਜਾਣਦਾ ਹਾਂ।’
‘ਭਗਵਾ ਦਹਿਸ਼ਤਵਾਦ’ ਲਕਬ 2010 ‘ਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਹਿੰਦੂਤਵੀ ਦਹਿਸ਼ਤਵਾਦੀ ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਲਈ ਵਰਤਿਆ ਸੀ ਪਰ ਜਾਂਚ ਏਜੰਸੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਰ.ਐੱਸ.ਐੱਸ. ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕਰਦੀ ਜੋ ਗੁਪਤ ਰਿਪੋਰਟ ਭੇਜੀ ਗਈ ਸੀ, ਉਹ ਦਬਾ ਲਈ ਗਈ। ਕਾਂਗਰਸ ਹਕੂਮਤ ਇਸ ਖ਼ਾਸ ਦਹਿਸ਼ਤਵਾਦ ਵਿਰੁੱਧ ਅਸਰਦਾਰ ਕਾਰਵਾਈ ਕਰਨ ਦਾ ਜੋਖ਼ਮ ਨਹੀਂ ਸੀ ਲੈਣਾ ਚਾਹੁੰਦੀ। ਇਸੇ ਲਈ ‘ਭਗਵਾ ਦਹਿਸ਼ਤਵਾਦ’ ਵਿਰੁੱਧ ਉਹ ‘ਸਖ਼ਤੀ’ ਨਜ਼ਰ ਨਹੀਂ ਆਈ ਜੋ ਕਥਿਤ ਜਹਾਦੀ ਦਹਿਸ਼ਤਵਾਦੀਆਂ ਜਾਂ ਹੋਰ ਇੰਤਹਾਪਸੰਦ ਤਾਕਤਾਂ ਵਿਰੁੱਧ ਭਾਰਤੀ ਹੁਕਮਰਾਨਾਂ ਵੱਲੋਂ ਆਮ ਹੀ ਵਰਤੀ ਜਾਂਦੀ ਹੈ।
4-5 ਅਪਰੈਲ 2006 ਦੀ ਰਾਤ ਨੂੰ ਆਰ.ਐੱਸ.ਐੱਸ. ਦੇ ਕਾਰਕੁਨ ਲਕਸ਼ਮਣ ਰਾਜਕੋਂਡਵਰ ਦੇ ਨਾਂਦੇੜ ਸਥਿਤ ਘਰ ‘ਚ ਬੰਬ ਬਣਾਉਂਦਿਆਂ ਅਚਾਨਕ ਫਟ ਗਿਆ ਸੀ ਜਿਸ ਵਿਚ ਉਸ ਦਾ ਪੁੱਤਰ ਨਰੇਸ਼ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਕੁਨ ਹਿਮਾਂਸ਼ੂ ਪਾਨਸੇ ਮਾਰੇ ਗਏ ਸਨ। ਜਾਂਚ ਏਜੰਸੀਆਂ ਦਾ ਮੰਨਣਾ ਸੀ ਕਿ ਇਹ ਬੰਬ ਔਰੰਗਾਬਾਦ ਵਿਚ ਇਕ ਮਸਜਿਦ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾਣਾ ਸੀ। ਇਸ ਤੋਂ ਪਹਿਲਾਂ 2003 ‘ਚ ਪ੍ਰਭਾਨੀ ਅਤੇ 2004 ‘ਚ ਪੂਰਨਾ ‘ਚ ਵੀ ਮਸਜਿਦਾਂ ਦੇ ਬਾਹਰ ਬੰਬ ਕਾਂਡ ਹੋ ਚੁੱਕੇ ਸਨ। ਆਰ.ਐੱਸ.ਐੱਸ. ਦੇ ਕਾਰਕੁਨ ਦੇ ਘਰ ਦੇ ਅੰਦਰ ਬੰਬ ਦਾ ਚੱਲ ਜਾਣਾ ਅਤੇ ਬਹੁਤ ਸਾਰੇ ਦਹਿਸ਼ਤੀ ਕਾਂਡਾਂ ਵਿਚ ਸੰਘ ਦੇ ਕਾਰਕੁਨਾਂ ਦੀ ਯੋਜਨਾਬੱਧ ਭੂਮਿਕਾ ਦੇ ਸਬੂਤ ਮਿਲਣਾ ਆਰ.ਐੱਸ.ਐੱਸ. ਦੇ ਸੀਨੀਅਰ ਆਗੂਆਂ ਨੂੰ ਜਾਂਚ ਵਿਚ ਸ਼ਾਮਿਲ ਕਰਨ ਅਤੇ ਉਨ੍ਹਾਂ ਵਿਰੁੱਧ ਦਹਿਸ਼ਤਵਾਦ ਵਿਰੋਧੀ ਵਿਸ਼ੇਸ਼ ਕਾਨੂੰਨਾਂ ਤਹਿਤ ਕਾਰਵਾਈ ਕਰਨ ਲਈ ਕਾਫ਼ੀ ਆਧਾਰ ਸੀ ਪਰ ਕਿਸੇ ਵੀ ਕੇਸ ਵਿਚ ਜਾਂਚ ਇਕ ਹੱਦ ਤੋਂ ਅੱਗੇ ਤੋਂ ਵਧੀ। ਸੁਰਾਗ਼ਾਂ ਦੇ ਆਧਾਰ ‘ਤੇ ਗ੍ਰਿਫ਼ਤਾਰੀਆਂ ਜ਼ਰੂਰ ਹੋਈਆਂ। ਕੁਝ ਮੁਕੱਦਮੇ ਚਲਾਏ ਗਏ। ਸਜ਼ਾਵਾਂ ਕੁਝ ਮਾਮੂਲੀ ਕਾਰਕੁਨਾਂ ਨੂੰ ਹੋਈਆਂ ਪਰ ਅਸੀਮਾਨੰਦ ਵਰਗੇ ‘ਮਾਸਟਰ ਮਾਈਂਡ’ ਬਰੀ ਹੋ ਗਏ ਅਤੇ ਇਸ ਤੋਂ ਅਗਲੀਆਂ ਕੜੀਆਂ ਬੇਪਰਦ ਹੀ ਨਹੀਂ ਹੋਈਆਂ। ਜਾਂਚ ਏਜੰਸੀਆਂ ਕੋਲ ਸੁਰਾਗ਼ਾਂ ਅਤੇ ਸਬੂਤਾਂ ਦੀ ਘਾਟ ਨਹੀਂ ਸੀ; ਦਰਅਸਲ, ਉਹ ਜਾਂਚ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਸਨ। ਜਦੋਂ ਆਰ.ਐੱਸ.ਐੱਸ.-ਬੀ.ਜੇ.ਪੀ. ਸੱਤਾ ਵਿਚ ਆ ਗਈ ਤਾਂ ਅਧਿਕਾਰੀਆਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਜਾਣ ਲੱਗੀਆਂ ਕਿ ਇਨ੍ਹਾਂ ਕੇਸਾਂ ਵਿਚ ਨਰਮੀ ਵਰਤ ਕੇ ਮੁਜਰਿਮਾਂ ਨੂੰ ਬਰੀ ਕਰਾਉਣਾ ਹੈ। ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਰੋਹਿਨੀ ਸਾਲਿਆਨ ਨੇ 2015 ‘ਚ ਖ਼ੁਲਾਸਾ ਕੀਤਾ ਸੀ ਕਿ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਉਸ ਉੱਪਰ ਮਾਲੇਗਾਓਂ ਬੰਬ ਕਾਂਡ (2008) ‘ਚ ਨਰਮੀ ਵਰਤਣ ਲਈ ਦਬਾਓ ਪਾਇਆ ਗਿਆ। ਇਸ ਤਰ੍ਹਾਂ, ਅਸੀਮਾਨੰਦ ਨੂੰ ਬਰੀ ਕਰਵਾ ਲਿਆ ਗਿਆ, ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਜ਼ਮਾਨਤ ਦੇ ਕੇ ਫ਼ੌਜ ਵਿਚ ਬਹਾਲ ਕਰ ਦਿੱਤਾ ਗਿਆ ਅਤੇ ਸਾਧਵੀ ਪ੍ਰੱਗਿਆ ਸਿੰਘ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਕੇ ਲੋਕ ਸਭਾ ਚੋਣਾਂ ‘ਚ ਉਮੀਦਵਾਰ ਬਣਾ ਕੇ ਸੰਸਦ ਮੈਂਬਰ ਬਣਾ ਲਿਆ ਗਿਆ। ਸੰਘ ਦੀ ਲੀਡਰਸ਼ਿਪ ਅਸੀਮਾਨੰਦ ਨਾਲ ਕੀਤੇ ਵਾਅਦੇ ‘ਤੇ ਪੂਰੀ ਉੱਤਰੀ ਸੀ, ਕੁਝ ਵੀ ‘ਗ਼ਲਤ’ ਨਹੀਂ ਹੋਇਆ ਸੀ।
ਮਾਰਚ 2017 ‘ਚ ਐੱਨ.ਆਈ.ਏ. ਦੀ ਸਪੈਸ਼ਲ ਅਦਾਲਤ ਨੇ ਅਜਮੇਰ ਦਰਗਾਹ ਬੰਬ ਧਮਾਕੇ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਬੇਸ਼ੱਕ ਸਵਾਮੀ ਅਸੀਮਾਨੰਦ ਸਮੇਤ ਅੱਧੀ ਹੋਰ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ ਪਰ ਨਾਲ ਹੀ ਦੋ ‘ਆਰ.ਐੱਸ.ਐੱਸ. ਪ੍ਰਚਾਰਕਾਂ’ ਨੂੰ ਬੰਬ ਧਮਾਕਿਆਂ ਦੇ ਦੋਸ਼ੀ ਕਰਾਰ ਵੀ ਦਿੱਤਾ ਸੀ। ਇਹ ਆਰ.ਐੱਸ.ਐੱਸ. ਦੀ ਦਹਿਸ਼ਤਵਾਦੀ ਬੰਬ ਕਾਂਡਾਂ ਦੀ ਸਾਜ਼ਿਸ਼ ਵਿਚ ਭੂਮਿਕਾ ਦਾ ਸਬੂਤ ਸੀ ਪਰ 800 ਪੁਰਾਣੀ ਇਤਿਹਾਸਕ ਮਸਜਿਦ ਨੂੰ ਦਹਿਸ਼ਤਵਾਦੀ ਹਮਲੇ ਦਾ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਆਰ.ਐੱਸ.ਐੱਸ. ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਅਸੀਮਾਨੰਦ ਅਜਮੇਰ ਸ਼ਰੀਫ਼, ਮੱਕਾ ਮਸਜਿਦ, ਮਾਲੇਗਾਓਂ ਅਤੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਿਆਂ ਦਾ ਮਾਸਟਰ ਮਾਈਂਡ ਸੀ ਅਤੇ ਉਸ ਨੇ 18 ਦਸੰਬਰ 2010 ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਅਤੇ ਜਨਵਰੀ 2011 ‘ਚ ਹਰਿਆਣਾ ਦੀ ਅਦਾਲਤ ‘ਚ ਮੈਜਿਸਟਰੇਟ ਅੱਗੇ ਦਿੱਤੇ ਬਿਆਨਾਂ ਵਿਚ ਇਨ੍ਹਾਂ ਬੰਬ ਕਾਂਡਾਂ ਵਿਚ ਆਪਣੀ ਅਤੇ ਹੋਰ ਹਿੰਦੂਤਵੀ ਆਗੂਆਂ ਦੀ ਭੂਮਿਕਾ ਸਾਫ਼ ਸ਼ਬਦਾਂ ‘ਚ ਸਵੀਕਾਰ ਕੀਤੀ ਸੀ। ਉਸ ਨੇ ਸਪਸ਼ਟ ਮੰਨਿਆ ਸੀ ਕਿ ਇਹ ਦਹਿਸ਼ਤੀ ਕਾਰਵਾਈਆਂ ਇਸਲਾਮਿਕ ਦਹਿਸ਼ਤੀ ਕਾਰਵਾਈਆਂ ਦੇ ਜਵਾਬ ‘ਚ ‘ਬੰਬ ਦਾ ਬਦਲਾ ਬੰਬ’ ਦੀ ਨੀਤੀ ਤਹਿਤ ਕੀਤੀਆਂ ਗਈਆਂ ਸਨ। ਬਾਅਦ ਵਿਚ ਅਸੀਮਾਨੰਦ ਇਸ ਬਿਆਨ ਤੋਂ ਮੁੱਕਰ ਗਿਆ। ਇਸ ਤੋਂ ਬਿਨਾ, ਕਾਰਵਾਂ ਮੈਗਜ਼ੀਨ ਦੀ ਪੱਤਰਕਾਰ ਲੀਨਾ ਗੀਤਾ ਰਘੂਨਾਥ ਨੇ ਅਸੀਮਾਨੰਦ ਨਾਲ ਜਨਵਰੀ 2012 ਤੋਂ ਜਨਵਰੀ 2014 ਦਰਮਿਆਨ 9 ਘੰਟੇ 26 ਮਿੰਟ ਲੰਮੀਆਂ ਚਾਰ ਵਿਸ਼ੇਸ਼ ਇੰਟਰਵਿਊ ਕੀਤੀਆਂ ਸਨ ਜਦੋਂ ਉਹ ਅੰਬਾਲਾ ਕੇਂਦਰੀ ਜੇਲ੍ਹ ਵਿਚ ਸੀ। ਆਖ਼ਰੀ ਦੋ ਇੰਟਰਵਿਊ ਵਿਚ ਅਸੀਮਾਨੰਦ ਨੇ ਵਾਰ-ਵਾਰ ਦੁਹਰਾਇਆ ਸੀ ਕਿ ਉਸ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਆਰ.ਐੱਸ.ਐੱਸ. ਦੇ ਚੋਟੀ ਦੇ ਆਗੂਆਂ- ਮੌਜੂਦਾ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਤੱਕ ਜੋ ਉਦੋਂ ਜਥੇਬੰਦੀ ਦੇ ਜਨਰਲ ਸਕੱਤਰ ਸਨ- ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਉਸ ਨੇ ਕਾਰਵਾਂ ਨੂੰ ਦੱਸਿਆ ਸੀ ਕਿ ਮੋਹਨ ਭਾਗਵਤ ਦਾ ਕਹਿਣਾ ਸੀ, ‘ਇਹ ਬਹੁਤ ਮਹੱਤਵਪੂਰਨ ਹੈ ਕਿ ਇਹ ਕੀਤਾ ਜਾਵੇ ਪਰ ਤੁਹਾਨੂੰ ਇਸ ਨੂੰ ਸੰਘ ਨਾਲ ਨਹੀਂ ਜੋੜਨਾ ਚਾਹੀਦਾ।’
ਇੰਟਰਵਿਊ ‘ਚ ਅਸੀਮਾਨੰਦ ਨੇ ਜੁਲਾਈ 2005 ਦੀ ਇਕ ਮੀਟਿੰਗ ਦਾ ਉਚੇਚਾ ਜ਼ਿਕਰ ਕੀਤਾ ਸੀ। ਸੂਰਤ (ਗੁਜਰਾਤ) ਵਿਚ ਆਰ.ਐੱਸ.ਐੱਸ. ਦੇ ਇਕ ਸਮਾਗਮ ਤੋਂ ਬਾਅਦ ਸੰਘ ਦੇ ਸੀਨੀਅਰ ਆਗੂ ਮੋਹਨ ਭਾਗਵਤ ਅਤੇ ਇੰਦਰੇਸ਼ ਕੁਮਾਰ, ਡਾਂਗਸ ਦੇ ਮੰਦਿਰ ਵਿਚ ਜਾ ਕੇ ਅਸੀਮਾਨੰਦ ਨੂੰ ਮਿਲੇ ਸਨ। ਬਾਅਦ ‘ਚ ਭਾਗਵਤ ਸੰਘ ਦੇ ‘ਸਰਸੰਘਚਾਲਕ’ ਅਤੇ ਇੰਦਰੇਸ਼ ਕੁਮਾਰ ਸੰਘ ਦੀ ਪ੍ਰਮੁੱਖ ਆਗੂ ਟੀਮ ਸੱਤ ਮੈਂਬਰੀ ਰਾਸ਼ਟਰੀ ਕਾਰਜਕਾਰੀ ਕੌਂਸਲ ਦੇ ਮੈਂਬਰ ਬਣੇ। ਅਸੀਮਾਨੰਦ ਅਨੁਸਾਰ ਮੰਦਿਰ ਤੋਂ ਦੂਰ ਨਦੀ ਦੇ ਕਿਨਾਰੇ ‘ਤੇ ਲਗਾਏ ਟੈਂਟ ‘ਚ ਅਸੀਮਾਨੰਦ ਦੇ ਸਹਿਯੋਗੀ ਸੁਨੀਲ ਜੋਸ਼ੀ ਨੇ ਮੁਲਕ ਵਿਚ ਕੀਤੇ ਜਾਣ ਵਾਲੇ ਬੰਬ ਧਮਾਕਿਆਂ ਦੀ ਯੋਜਨਾ ਬਾਰੇ ਦੱਸਿਆ ਜਿਨ੍ਹਾਂ ਨਾਲ ਮੁਸਲਿਮ ਫਿਰਕੇ ਦੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਅਸੀਮਾਨੰਦ ਅਨੁਸਾਰ, ਭਾਗਵਤ ਨੇ ਉਸ ਨੂੰ ਕਿਹਾ, ‘ਤੁਸੀਂ ਇਸ ਉੱਪਰ ਕੰਮ ਕਰ ਸਕਦੇ ਹੋ।’ ਇੰਦਰੇਸ਼ ਨੇ ਅਸੀਮਾਨੰਦ ਨੂੰ ਕਿਹਾ, ‘ਤੁਸੀਂ ਸੁਨੀਲ ਨਾਲ ਇਸ ਉੱਪਰ ਕੰਮ ਕਰ ਸਕਦੇ ਹੋ। ਅਸੀਂ ਇਸ ਵਿਚ ਸ਼ਾਮਿਲ ਨਹੀਂ ਹੋਵਾਂਗੇ ਪਰ ਜੇ ਤੁਸੀਂ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਆਪਣੇ ਨਾਲ ਮੰਨ ਸਕਦੇ ਹੋ।’ ਅਸੀਮਾ ਨੇ ਅੱਗੇ ਦੱਸਿਆ, “ਫਿਰ ਉਨ੍ਹਾਂ ਨੇ ਮੈਨੂੰ ਕਿਹਾ- ‘ਸਵਾਮੀ ਜੀ, ਜੇ ਤੁਸੀਂ ਇਹ ਕਰਦੇ ਹੋ ਤਾਂ ਸਾਨੂੰ ਕੋਈ ਔਖ ਨਹੀਂ ਹੋਵੇਗੀ। ਫਿਰ ਕੁਝ ਵੀ ਗ਼ਲਤ ਨਹੀਂ ਵਾਪਰੇਗਾ। ਅਪਰਾਧੀਕਰਨ ਨਹੀਂ ਹੋਵੇਗਾ। ਜੇ ਤੁਸੀਂ ਇਹ ਕਰਦੇ ਹੋ ਤਾਂ ਲੋਕ ਇਹ ਨਹੀਂ ਕਹਿਣਗੇ ਕਿ ਅਸੀਂ ਜੁਰਮ ਕਰਨ ਦੀ ਖ਼ਾਤਰ ਜੁਰਮ ਕੀਤਾ ਹੈ। ਇਸ ਨੂੰ ਵਿਚਾਰਧਾਰਾ ਨਾਲ ਜੋੜਿਆ ਜਾਵੇਗਾ। ਇਹ ਹਿੰਦੂਆਂ ਦੇ ਲਈ ਬਹੁਤ ਮਹੱਤਵਪੂਰਨ ਹੈ। ਕ੍ਰਿਪਾ ਕਰਕੇ ਇਹ ਕਰੋ। ਤੁਹਾਨੂੰ ਸਾਡਾ ਆਸ਼ੀਰਵਾਦ ਹੈ’।”
ਇੰਞ ਅਸੀਮਾਨੰਦ ਦੀ ਟੀਮ ਨੇ ਕਿਸੇ ਸੀਨੀਅਰ ਆਗੂ ਨੂੰ ਆਪਣੀ ਯੋਜਨਾ ਨਾਲ ਸਿੱਧੇ ਤੌਰ ‘ਤੇ ਨਹੀਂ ਜੋੜਿਆ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇੰਦਰੇਸ਼ ਕੁਮਾਰ ਨੇ ਉਨ੍ਹਾਂ ਦੀ ਨੈਤਿਕ ਅਤੇ ਪਦਾਰਥਕ ਮੱਦਦ ਕੀਤੀ। ਇੰਦਰੇਸ਼ ਕੁਮਾਰ ਤੋਂ ਇਕ ਵਾਰ ਸੀ.ਬੀ.ਆਈ. ਨੇ ਵੀ ਪੁੱਛ-ਪੜਤਾਲ ਕੀਤੀ ਸੀ। ਬਾਅਦ ਵਿਚ ਇਹ ਕੇਸ ਕੌਮੀ ਜਾਂਚ ਏਜੰਸੀ ਨੇ ਹੱਥ ਲੈ ਲਿਆ। ਇਸ ਏਜੰਸੀ ਨੇ ਅਸੀਮਾਨੰਦ ਅਤੇ ਸਾਧਵੀ ਪ੍ਰੱਗਿਆ ਸਿੰਘ ਤੋਂ ਅੱਗੇ ਸਾਜ਼ਿਸ਼ ਦਾ ਖ਼ੁਰਾ ਨਹੀਂ ਨੱਪਿਆ। ਦਸੰਬਰ 2007 ‘ਚ ਸੁਨੀਲ ਜੋਸ਼ੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਜੋ ਸਾਜ਼ਿਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀ ਸਾਂਝੀ ਤੰਦ ਸੀ।
ਇਹ ਪਹਿਲੀ ਵਾਰ ਨਹੀਂ ਹੈ ਕਿ ਬੰਬ ਕਾਂਡਾਂ ਵਿਚ ਆਰ.ਐੱਸ.ਐੱਸ. ਅਤੇ ਇਸ ਨਾਲ ਸਬੰਧਿਤ ਜਥੇਬੰਦੀਆਂ ਦੀ ਭੂਮਿਕਾ ਚਰਚਾ ‘ਚ ਆਈ ਹੈ। 2006 ਅਤੇ 2008 ਦਰਮਿਆਨ ਪੰਜ ਬੰਬ ਕਾਂਡਾਂ- ਸਮਝੌਤਾ ਐਕਸਪ੍ਰੈੱਸ (ਫਰਵਰੀ 2007), ਹੈਦਰਾਬਾਦ ਮੱਕਾ ਮਸਜਿਦ (ਮਈ 2007), ਅਜਮੇਰ ਦਰਗਾਹ (ਅਕਤੂਬਰ 2007) ਅਤੇ ਮਾਲੇਗਾਓਂ ‘ਚ ਦੋ ਕਾਂਡ (ਸਤੰਬਰ 2006 ਅਤੇ ਸਤੰਬਰ 2008)- ਵਿਚ 119 ਲੋਕ ਮਾਰੇ ਗਏ ਸਨ। ਮਹਾਰਾਸ਼ਟਰ ਦੇ ਦਹਿਸ਼ਤਵਾਦ ਵਿਰੋਧੀ ਦਸਤੇ ਦੇ ਮੁਖੀ ਹੇਮੰਤ ਕਰਕਰੇ ਨੇ ਜਦੋਂ ਇਨ੍ਹਾਂ ‘ਚੋਂ ਕੁਝ ਬੰਬ ਕਾਂਡਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ਦੇ ਹੱਥ ਹੈਰਾਨੀਜਨਕ ਸੁਰਾਗ਼ ਲੱਗੇ। ਹੋਰ ਡੂੰਘਾਈ ‘ਚ ਜਾਂਚ ਦੇ ਆਧਾਰ ‘ਤੇ ਜਦੋਂ ਹਿੰਦੂਤਵ ਪਰਿਵਾਰ ਦੀਆਂ ਜਥੇਬੰਦੀਆਂ ਦੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤਾਂ ਬੀ.ਜੇ.ਪੀ. ਸਮੇਤ ਸੰਘ ਦੇ ਆਗੂਆਂ ਨੇ ਚੀਕ-ਚਿਹਾੜਾ ਪਾ ਲਿਆ ਕਿ ਇਹ ਸੱਤਾਧਾਰੀ ਕਾਂਗਰਸ ਸੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਐੱਲ.ਕੇ. ਅਡਵਾਨੀ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ‘ਹਿੰਦੂ ਦਹਿਸ਼ਤਗਰਦ ਹੋ ਹੀ ਨਹੀਂ ਸਕਦੇ।’ ਇਸ ਤੋਂ ਪਹਿਲਾਂ ਕਿ ਹੇਮੰਤ ਕਰਕਰੇ ਦੀ ਜਾਂਚ ਕਿਸੇ ਤਣ-ਪੱਤਣ ਲੱਗਦੀ ਇਕ ਕਥਿਤ ਦਹਿਸ਼ਤਵਾਦੀ ਹਮਲੇ ‘ਚ ਹੇਮੰਤ ਕਰਕਰੇ ਮਾਰਿਆ ਗਿਆ। ਉਸ ਦੇ ਮਾਰੇ ਜਾਣ ‘ਤੇ ਬੰਬ ਕਾਂਡਾਂ ਦੀ ਡੂੰਘੀ ਸਾਜ਼ਿਸ਼ ਦੇ ਸਾਰੇ ਸਬੂਤ ਵੀ ਖ਼ੁਰਦ-ਬੁਰਦ ਹੋ ਗਏ, ਅਸੀਮਾਨੰਦ ਦੇ ਉਸ ਲੈਪਟਾਪ ਸਮੇਤ ਜਿਸ ਵਿਚੋਂ ਇਹ ਸਾਜ਼ਿਸ਼ ਘੜੇ ਜਾਣ ਦੇ ਵਿਸਤਾਰਤ ਵੇਰਵੇ ਮਿਲੇ ਸਨ।
ਪਰ ਸਵਾਲ ਇਹ ਹੈ ਕਿ ਜਦੋਂ ਪਹਿਲੇ ਖ਼ੁਲਾਸਿਆਂ ਦਾ ਕੁਝ ਨਹੀਂ ਬਣਿਆ ਤਾਂ ਯਸ਼ਵੰਤ ਸ਼ਿੰਦੇ ਦੀ ਕੌਣ ਸੁਣੇਗਾ? ਮਹਾਰਾਸ਼ਟਰ ਪੁਲਿਸ ਦੇ ਸਾਬਕਾ ਸੀਨੀਅਰ ਅਧਿਕਾਰੀ ਐੱਸ.ਐੱਮ. ਮੁਸ਼ਰਫ਼ ਆਪਣੀਆਂ ਦੋ ਕਿਤਾਬਾਂ ‘ਕਰਕਰੇ ਦੀ ਹੱਤਿਆ ਕਿਸੇ ਨੇ ਕੀਤੀ’ ਅਤੇ ‘ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ’ ਵਿਚ ਉਪਰੋਕਤ ਬੰਬ ਕਾਂਡਾਂ ਵਿਚ ਆਰ.ਐੱਸ.ਐੱਸ. ਅਤੇ ਇਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਦੀ ਭੂਮਿਕਾ ਅਤੇ ਹਿੰਦੂਤਵ ਦਹਿਸ਼ਤਵਾਦੀ ਟਰੇਨਿੰਗ ਕੈਂਪਾਂ ਦੇ ਬਥੇਰੇ ਤੱਥਪੂਰਨ ਵੇਰਵੇ ਦੇ ਚੁੱਕੇ ਹਨ। ਆਰ.ਐੱਸ.ਐੱਸ. ਅਤੇ ਇਸ ਨਾਲ ਜੁੜੀ ਕਿਸੇ ਜਥੇਬੰਦੀ ਉਪਰੋਕਤ ਦਾਅਵਿਆਂ ਨੂੰ ਰੱਦ ਨਹੀਂ ਕੀਤਾ। ਅਦਾਲਤਾਂ ਨੇ ਮੈਜਿਸਟਰੇਟ ਅੱਗੇ ਅਸੀਮਾਨੰਦ ਦੇ ਇਕਬਾਲੀਆ ਬਿਆਨ ਅਤੇ ਕਾਰਵਾਂ ਨਾਲ ਇੰਟਰਵਿਊਆਂ ਵਿਚ ਸੰਘ ਦੇ ਚੋਟੀ ਦੇ ਆਗੂਆਂ ਦੀ ਭੂਮਿਕਾ ਦੇ ਤੱਥ ਨਜ਼ਰਅੰਦਾਜ਼ ਕਰਕੇ ਉਸ ਨੂੰ ਬਰੀ ਕਰ ਦਿੱਤਾ। ਜਦੋਂ ਮਨੁੱਖਤਾ ਵਿਰੁੱਧ ਇਨ੍ਹਾਂ ਘਿਨਾਉਣੇ ਜੁਰਮਾਂ ਦੀ ਸਰਪ੍ਰਸਤੀ ਕਰਨ ਵਾਲੇ ਖ਼ੁਦ ਹੁਕਮਰਾਨ ਹਨ ਅਤੇ ਜਾਂਚ ਏਜੰਸੀਆਂ ਤੇ ਅਦਾਲਤਾਂ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੀਆਂ ਹਨ ਤਾਂ ‘ਭਗਵਾ ਦਹਿਸ਼ਤਵਾਦ’ ਵਿਰੁੱਧ ਕਾਰਵਾਈ ਕੌਣ ਕਰੇਗਾ। ਸ਼ਿੰਦੇ ਵੱਲੋਂ ਦਿੱਤੇ ਤੱਥ ਵੀ ਲੰਮੇ ਅਦਾਲਤੀ ਅਮਲ ‘ਚ ਰੁਲ਼ ਜਾਣਗੇ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਵੀ ਤੀਸਤਾ ਸੀਤਲਵਾੜ ਜਾਂ ਆਰ.ਬੀ. ਸ੍ਰੀਕੁਮਾਰ ਦੀ ਤਰ੍ਹਾਂ ‘ਸਰਕਾਰ ਨੂੰ ਅਸਥਿਰ ਕਰਨ’ ਦੀ ਸਾਜ਼ਿਸ਼ ਦੇ ਕੇਸ ਵਿਚ ਫਸਾ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਜਾਵੇ।