ਵਿਚਾਰਧਾਰਕ ਪਾਕੀਜ਼ਗੀ ਅਤੇ ਕਲਾਤਮਿਕ ਆਜ਼ਾਦੀ ਦਾ ਪ੍ਰਤੀਕ ਜੀਨ ਲਾਕ ਗੋਦਾਰਦ

ਡਾ. ਕੁਲਦੀਪ ਕੌਰ
ਫੋਨ: +91-98554-04330
ਜੀਨ ਲਾਕ ਗੋਦਾਰਦ ਦੀ ਫਿਲਮ ‘ਬਰੈਥਲੈੱਸ` ਵਿਚ ਦੋ ਕਿਰਦਾਰ ਪੈਟਰੀਸ਼ੀਆ ਫਰੇਨਕਿਨੀ ਅਤੇ ਪਰਵਲੈਸਕੋ ਆਪਸ ਵਿਚ ਗੱਲਬਾਤ ਕਰ ਰਹੇ ਹਨ:

ਪੈਟਰੀਸ਼ੀਆ: ਤੇਰੀ ਸਭ ਤੋਂ ਵੱਡੀ ਇੱਛਾ ਕੀ ਹੈ?
ਪਰਵਲੈਸਕੋ: ਅਮਰ ਹੋਣਾ… ਫਿਰ ਮਰ ਜਾਣਾ।
ਪੈਟਰੀਸ਼ੀਆ: ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਜ਼ਾਦ ਹੋਣ ਕਰ ਕੇ ਉਦਾਸ ਹਾਂ, ਜਾਂ ਇਸ ਲਈ ਆਜ਼ਾਦ ਨਹੀਂ ਹਾਂ ਕਿਉਂਕਿ ਮੈਂ ਉਦਾਸ ਹਾਂ।
ਪੈਟਰੀਸੀਅ: ਤੇਰੀ ਆਖਰੀ ਸਤਰ ਖੂਬਸੂਰਤ ਹੈ- ‘ਦੁੱਖ’ ਅਤੇ ‘ਕੁਝ ਵੀ ਨਹੀਂ` ਵਿਚੋਂ ਇਕ ਚੁਣਨਾ ਪਵੇ ਤਾਂ ਮੈਂ ‘ਦੁੱਖ` ਚੁਣਾਂਗੀ।
ਤੇ ਤੁਸੀਂ??

ਜੀਨ ਲਾਕ ਗੋਦਾਰਦ (3 ਦਸੰਬਰ 1930-13 ਸਤੰਬਰ 2022) ਨੇ ਵੀ ਜ਼ਿੰਦਗੀ ਵਿਚ ਅਜਿਹੀਆਂ ਫਿਲਮਾਂ ਬਣਾਉਣ ਦਾ ‘ਦੁੱਖ` ਚੁਣਿਆ ਜਿਸ ਨੇ ਉਸ ਨੂੰ ਜ਼ਿੰਦਗੀ ਦੇ ‘ਕੁੱਝ ਵੀ ਨਹੀਂ` ਦੇ ਖਲਾਅ ਤੋਂ ਉਭਰਾ ਕੇ ਫਰਾਂਸ ਅਤੇ ਸੰਸਾਰ ਦੇ ਸਿਨੇਮੇ ਨੂੰ ਨਵੀਂ ਰੌਸ਼ਨੀ ਵੱਲ ਮੋੜਿਆ। ਇਹ ਰੋਸ਼ਨੀ ਵਿਚਾਰਾਂ ਦੇ ਟਕਰਾਉ ਅਤੇ ਸਿਨੇਮਈ ਭਾਸ਼ਾ ਦੀਆਂ ਪੇਚੀਦਗੀਆਂ ਲਈ ਨਵਾਂ ਕੈਨਵਸ ਘੜਨ ਦੀ ਜਦੋ-ਜਹਿਦ ਵਿਚੋਂ ਨਿਕਲਦੀ ਹੈ। ਉਸ ਦੀਆਂ ਫਿਲਮਾਂ ਨੂੰ ‘ਬੋਧਿਕ ਲਿਖਤਾਂ` ਮੰਨਿਆ ਜਾਂਦਾ ਹੈ।
ਆਪਣੀ ਪਹਿਲੀ ਹੀ ਫਿਲਮ ‘ਬਰੈਥਲੈੱਸ` ਜਿਸ ਦੀ ਕਹਾਣੀ ਉਸ ਦੇ ਸਮਕਾਲੀ ਫਿਲਮਸਾਜ਼ ਫਰੈਨਕਿਸ ਟਰੂਫੌਟ ਨੇ ਲਿਖੀ ਸੀ, ਰਾਹੀਂ ਉਸ ਨੇ ਸਿਨੇਮਾ, ਚਿੱਤਰਕਾਰੀ, ਕਵਿਤਾ ਅਤੇ ਦਾਰਸ਼ਨਿਕ ਬਿਰਤਾਂਤ ਨੂੰ ਆਪਸ ਵਿਚ ਇੰਨੀ ਬੁਰੀ ਤਰ੍ਹਾਂ ਰਲਗੱਡ ਕਰ ਦਿੱਤਾ ਕਿ ਇਨਸਾਨੀ ਜਾਮੇ ਦੀਆਂ ਰਮਜ਼ਾਂ ਪਰਤ-ਦਰ-ਪਰਤ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਉਸ ਨੇ ਆਪਣੀ ਪਹਿਲੀ ਹੀ ਫਿਲਮ ਬਿਨਾ ਕਿਸੇ ਪਟਕਥਾ ਤੋਂ ਬਣਾਈ, ਪੂਰੀ ਰਾਤ ਜਾਗਦਿਆਂ ਡਾਇਲਾਗ ਕਾਗਜ਼ ‘ਤੇ ਝਰੀਟੇ, ਦ੍ਰਿਸ਼ਾਂ ਵਿਚ ਅਦਾਕਾਰਾਂ ਨੂੰ ਬਾਹਰਲੇ ਤੇ ਅੰਦਰਲੇ ਜਜ਼ਬਾਤ ਨਾਲ ਘੁਲਣ ਦਾ ਪੂਰਾ ਮੌਕਾ ਦਿੱਤਾ ਤੇ ਨਿਰਦੇਸ਼ਕ ਵਜੋਂ ਆਪਣੀ ਆਲਟਰ ਈਗੋ ਨੂੰ ਪਰਦੇ ‘ਤੇ ਬੇਚੈਨ, ਬੇਕਸ ਤੇ ਤੜਫਣ ਲਈ ਛੱਡ ਦਿਤਾ। ਉਸ ਦੀਆਂ ਫਿਲਮਾਂ ਦੇ ਕਿਰਦਾਰ ਆਪਹੁਦਰੇ ਹਨ, ਅਚਾਨਕ ਫੈਸਲੇ ਕਰਦੇ ਹਨ, ਮੌਕੇ ਦੇ ਵਹਾਅ ਵਿਚ ਰੁੜ੍ਹ ਜਾਂਦੇ ਹਨ ਅਤੇ ਅਕਸਰ ਦੂਜਿਆਂ ਦੀ ਦਿਖਾਈ ਅਸਲੀਅਤ ਵਿਚੋਂ ਅਸਲ ਸੱਚ ਨਿਤਾਰਨ ਤੋਂ ਖੁੰਝ ਜਾਂਦੇ ਹਨ।
ਉਸ ਦਾ ਸਿਨੇਮਾ ਇਕੋ ਸਮੇਂ ਦਾਰਸ਼ਨਿਕਤਾ, ਵਿਚਾਰਧਾਰਾ ਤੇ ਆਦਰਸ਼ਾਂ ਦੇ ਉੱਚ-ਮੁਹਾਣਿਆਂ ਨਾਲ ਟਕਰਾਉਂਦਾ ਤੇ ਲਹੂ-ਲੁਹਾਣ ਹੁੰਦਾ ਹੈ। ਇਸ ਦਾ ਇਕ ਕਾਰਨ ਉਸ ਦੇ ਆਲੇ-ਦੁਆਲੇ ਖਤਰਨਾਕ ਤੇਜ਼ੀ ਨਾਲ ਵਾਪਰ ਰਹੀਆਂ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ ਘਟਨਾਵਾਂ ਸਨ; ਦੂਜਾ ਕਾਰਨ ਉਸ ਉਪਰ ਪ੍ਰਸਿੱਧ ਭੂ-ਵਿਗਿਆਨੀ ਅਤੇ ਮਾਨਵ ਵਿਗਿਆਨੀ ਜੀਨ ਰੌਚ ਦਾ ਡੂੰਘਾ ਅਤੇ ਤਿਖੇਰਾ ਪ੍ਰਭਾਵ ਸੀ। ਯਾਦ ਰਹੇ, ਜੀਨ ਰੌਚ ਨੇ ਆਪਣੀ ਦਸਤਾਵੇਜ਼ੀ ਫਿਲਮ ‘ਸਿਨੇਮਾ ਵਰਇਟੇ` (ਸਿਨੇਮਾ ਦਾ ਸੱਚ) ਵਿਚੋਂ ਦ੍ਰਿਸ਼ ਫਿਲਮਾਂਕਣ ਅਤੇ ਦ੍ਰਿਸ਼ਾਂ ਦੀ ਸੰਪਾਦਨਾ ਦੇ ਪ੍ਰੰਪਰਾਗਤ ਢੰਗਾਂ ਨੂੰ ਰੱਦ ਕਰ ਦਿੱਤਾ ਸੀ।
ਗੋਦਾਰਦ ਦਾ ਸਿਨੇਮਾ ‘ਹੋਂਦ ਦੇ ਦਵੰਦਾਂ` ਦੀ ਬਾਰੀਕ ਫਿਲਮਸਾਜ਼ੀ ਦਾ ਸਿਨੇਮਾ ਹੈ। ਉਸ ਦੀ ਕਲਾ ‘ਇਕ ਇਨਸਾਨ ਕੁਝ ਵੀ ਨਹੀਂ ਜਾਣ ਸਕਦਾ, ਖਾਸ ਤੌਰ ‘ਤੇ ਖੁਦ ਦੇ ਜੀਵਨ ਬਾਰੇ ਜਾਣਨ ਤੋਂ ਬਿਨਾ ਪਰ ਖੁਦ ਤੋਂ ਬਿਨਾ ਇਨਸਾਨ ਕੋਲ ਹੋਰ ਕੁਝ ਹੈ ਵੀ ਨਹੀਂ` ਤੋਂ ਸ਼ੁਰੂ ਹੋ ਕੇ ‘ਹੋਣ ਦੀਆਂ ਸਾਰੀਆਂ ਸੰਭਾਵਨਾਵਾਂ` ਦੀ ਕਲੀਨੀਕਲ ਸਟੱਡੀ ਕਰਨ ਦੀ ਕਲਾ ਹੈ। ਉਸ ਦੀ 1963 ਵਿਚ ਬਣੀ ਫਿਲਮ ‘ਲੀ ਮੀਪਰਸ’ (ਕਨਟੈਂਪਟ) ਇਟਲੀ ਦੇ ਪ੍ਰਸਿੱਧ ਨਾਵਲਕਾਰ ਅਲਬਰਟੋ ਮੋਰਾਵਿਆ ਦੇ ਨਾਵਲ ‘ਤੇ ਆਧਾਰਿਤ ਹੈ। ਇਹ ਫਿਲਮ ਇਸ ਲਈ ਬੇਹੱਦ ਖ਼ਾਸ ਹੈ ਕਿਉਂਕਿ ਉਹ ਸਿਨੇਮਾ ਦੇ ਪ੍ਰੰਪਰਾਗਤ ਫਿਲਮਾਂਕਣ ਅਤੇ ਸੰਪਾਦਕੀ ਤਕਨੀਕਾਂ ਤੇ ਢੰਗਾਂ ਨੂੰ ਉਕਾ ਹੀ ਰੱਦ ਕਰਦਿਆਂ ਇਸ ਨੂੰ ਸਿਆਸੀ ਤਿਕੜਮਬਾਜ਼ੀ, ਕਲਾ ਦੇ ਬਾਜ਼ਾਰੀਕਰਨ ਅਤੇ ‘ਡੀਕੰਸਟਰੱਕਸ਼ਨ ਗੇਜ਼` ਨੂੰ ਪੱਕੇ ਪੈਰੀਂ ਕਰਨ ਲਈ ਵਰਤਦਾ ਹੈ। ਇਸ ਫਿਲਮ ਦੇ ਰਿਲੀਜ਼ ਹੁੰਦਿਆਂ ਹੀ ਇਸ ਦੀ ਆਲੋਚਨਾ ਸ਼ੁਰੂ ਹੋ ਗਈ। ਆਲੋਚਕਾਂ ਅਨੁਸਾਰ ਫਿਲਮ, ਸਿਨੇਮਾ ਬਣਾਉਣ ਅਤੇ ਸੋਚਣ ਦੇ ਢੰਗਾਂ ਬਾਰੇ ਬਹੁਤ ਗੰਭੀਰ ਹੈ ਪਰ ਬੇਦਰਦ ਤਰੀਕੇ ਨਾਲ ਨਫ਼ਰਤ ਦੀ ਹੱਦ ਤੱਕ ਵਿਅੰਗਾਤਮਿਕ ਹੈ ਜਿਸ ਕਰਕੇ ਦਰਸ਼ਕਾਂ ਦੇ ਦਿਮਾਗ਼ ਅੰਦਰ ਵਿਚਾਰਾਂ ਦਾ ਘਮਸਾਣ ਮੱਚ ਜਾਂਦਾ ਹੈ।
ਇਸ ਫਿਲਮ ਨੂੰ ਕੁਝ ਦਰਸ਼ਕਾਂ ਨੇ ਹੋਮਰ ਦੀ ‘ਉਡੀਸੀ` ਦੀ ਪੁਨਰ-ਸਿਰਜਣਾ ਦਾ ਨਾਮ ਵੀ ਦਿੱਤਾ ਪਰ ਗੋਦਾਰਦ ਅਨੁਸਾਰ, ਇਹ ਫਿਲਮ ਕਲਟ ਦੇ ਵਪਾਰੀਕਰਨ ਨੂੰ ਖਾਰਜ ਕਰਨ ਅਤੇ ਕਲਾਤਮਿਕਤਾ ਨੂੰ ਬਚਾਈ ਰੱਖਣ ਦੀ ਜ਼ਿੱਦ ਹੈ। ਇਸ ਦਲੀਲ ਨੂੰ ਇੱਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾ ਰਹੀ ਅਭਿਨੇਤਰੀ ਬਰਾਂਜਿਟ ਬਾਰਦੋ ਉਸ ਸਮੇਂ ਗਲੈਮਰ ਦੀ ਦੁਨੀਆ ਦੀ ਸਿਖਰ ‘ਤੇ ਸੀ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਿਸੇ ਨੇ ਗੋਦਾਰਦ ਨੂੰ ਪੁੱਛਿਆ ਕਿ ਉਹਨੇ ਇੰਨੀ ਮਸ਼ਹੂਰ ਅਭਿਨੇਤਰੀ ਤੋਂ ਆਪਣੀ ਫਿਲਮ ਵਿਚ ‘ਨਿਊਡ ਸੀਨ` ਕਿਉਂ ਨਹੀਂ ਕਰਵਾਇਆ ਤਾਂ ਉਸ ਦਾ ਜਵਾਬ ਸੀ ਕਿ ਸ਼ਾਇਦ ਤੁਸੀਂ ਫਿਲਮ ਵਿਚ ਇਸ ਵਿਆਹੇ ਜੋੜੇ ਦੀ ਉਹ ਗੱਲਬਾਤ ਨਹੀਂ ਸੁਣੀ ਜਿਸ ਵਿਚ ਅਭਿਨੇਤਰੀ ਆਪਣੇ ਪਤੀ ਤੋਂ ਸਵਾਲ ਪੁੱਛਦੀ ਹੈ: ‘ਤੈਨੂੰ ਮੇਰੇ ਸਰੀਰ ਦੋ ਕਿਹੜੇ-ਕਿਹੜੇ ਅੰਗ ਪਸੰਦ ਹਨ।` ਗੋਦਾਰਦ ਇਕ ਸੈਕਸ-ਦ੍ਰਿਸ਼ ਨੂੰ ‘ਸਰੀਰ ਬਾਰੇ ਅਸੁਰੱਖਿਅਤ ਮਹਿਸੂਸ ਕਰਨ` ਦੀ ਮਾਨਸਿਕ ਗੁੰਝਲ ਵਿਚ ਤਬਦੀਲ ਕਰ ਦਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਆਹ ਸਬੰਧਾਂ ਵਿਚ ਆ ਰਹੀਆਂ ਤ੍ਰੇੜਾਂ ਹੋਰ ਪ੍ਰਤੱਖ ਹੋ ਉਠਦੀਆਂ ਹਨ।
ਇਸੇ ਤਰ੍ਹਾਂ ਉਹ ਇਸ ਫਿਲਮ ਵਿਚ ਫਿਲਮ ਨਿਰਦੇਸ਼ਕ ਦੀ ਭੂਮਿਕਾ ਨਿਭਾ ਰਹੇ ਪ੍ਰਸਿੱਧ ਫਿਲਮਸਾਜ਼ ਫਰਿਟਜ਼ ਲੈਂਗ ਨੂੰ ਫਿਲਮ ਦੇ ਦ੍ਰਿਸ਼ਾਂ ਵਿਚਕਾਰ ਹੀ ਇਹ ਸਮਝਾਉਂਦਾ ਹੈ ਕਿ ‘ਸਿਨੇਮਾਸਕੋਪ` ਫਿਲਮਾਂਕਣ ਦੀ ਤਕਨੀਕ ‘ਕੱਫਣਾਂ ਅਤੇ ਸੱਪਾਂ ਲਈ ਤਾਂ ਕਾਰਗਰ ਹੋ ਸਕਦੀ ਹੈ, ਆਮ ਜਨਤਾ ਲਈ ਨਹੀਂ’।
ਗੋਦਾਰਦ ਇਨਸਾਨ ਅਤੇ ਫਿਲਮਸਾਜ਼ ਵਜੋਂ ਗੁੰਝਲਦਾਰ ਹੈ। ਇਕੋ ਸਮੇਂ ਜਿੱਥੇ ਫਿਲਮ ‘ਕੰਨਟੈਂਪਟ` ਵਿਚ ਉਹ ਸਿਨੇਮਾ ਬਣਾਉਣ ਦੀਆਂ ਵਿਧੀਆਂ ਅਤੇ ਤਕਨੀਕਾਂ ਦੀਆਂ ਧੱਜੀਆਂ ਉਡਾ ਰਿਹਾ ਹੈ; ਦੂਜੇ ਪਾਸੇ ਸਿਨੇਮਾ ਦੇ ਇਤਿਹਾਸ ਨੂੰ ਸਮਝਣ ਦਾ ਮਹੱਤਵਪੂਰਨ ਕੰਮ ‘ਹਿਸਟਰੀ (ਜ) ਡੂ ਸਿਨੇਮਾ` ਲਈ ਦਿਨ-ਰਾਤ ਯਤਨਸ਼ੀਲ ਹੈ।
ਸਿਨੇਮਾ ਬਣਾਉਣ ਦੀ ਸਿਆਸਤ ਜਿੰਨੇ ਖੂਬਸੂਰਤ ਤਰੀਕੇ ਨਾਲ ਗੋਦਾਰਦ ਦੀਆਂ ਫਿਲਮਾਂ ਵਿਚੋਂ ਨਜ਼ਰੀਂ ਪੈਂਦੀ ਹੈ, ਉਹ ਉਸ ਦੀ ਕਲਾਤਮਿਕ ਅਤੇ ਆਪਣੇ ਸਮੇਂ ਦੀਆਂ ਸਿਆਸੀ, ਸਮਾਜਿਕ ਲੜਾਈਆਂ ਨਾਲ ਰਿਸ਼ਤੇ ਦੀ ਪਾਕੀਜ਼ਗੀ ਵਿਚੋਂ ਨਿਕਲਦੀ ਹੈ। ਉਸ ਦੀ ਫਿਲਮ ‘ਐਲਫਾਵਿਲੇ` ਉਸ ਸਰਕਾਰੀ-ਤੰਤਰ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਵਿਚ ਸਰਕਾਰਾਂ ਆਪਣੇ ਨਾਗਰਿਕਾਂ ਦੀ ਪਛਾਣ, ਤਕਨੀਕ ਦੀ ਸਹਾਇਤਾ ਨਾਲ ਖ਼ਤਮ ਕਰਨ ‘ਤੇ ਉਤਾਰੂ ਹਨ। ਉਸ ਦੀ ਇਕ ਹੋਰ ਸਿਆਸੀ ਫਿਲਮ ‘ਮੇਡ ਇਨ ਯੂ.ਐਸ.ਏ.` ਸਿਆਸੀ ਕਤਲਾਂ ਦੀਆਂ ਸਾਜ਼ਿਸ਼ਾਂ ਅਤੇ ਉਨ੍ਹਾਂ ਪਿੱਛੇ ਕੰਮ ਕਰਦੇ ਪਿਆਦਿਆਂ ਨੂੰ ਫੋਕਸ ਵਿਚ ਲਿਆਉਂਦੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਫਰਾਂਸ ਦਾ ਉਲਝਿਆ ਆਰਥਿਕ ਢਾਂਚਾ ਅਤੇ ਇਸ ਵਿਚ ਜੀਅ ਰਹੇ ਫਰਾਂਸ ਦੇ ਲੋਕਾਂ ਵੱਲੋਂ ਉਸ ਸਮੇਂ ਕੀਤੇ ਵਿਰੋਧ ਅਤੇ ਧਰਨਿਆਂ ਵਿਚ ਉਹ ਜਾਣਿਆ-ਪਛਾਣਿਆ ਚਿਹਰਾ ਰਿਹਾ।
1970 ਵਿਚ ਬਣਾਈ ਉਸ ਦੀ ਫਿਲਮ ‘ਹੇਅਰ ਐਂਡ ਐਲਸਵੇਅਰ` ਵਿਚ ਉਹ ਪਿਕਾਸੋ ਦੁਆਰਾ ਬਣਾਈ ਕ੍ਰਿਤ ‘ਗੁਰਨਿਕਾ` ਦੀ ਗੱਲ ਕਰਦਾ ਹੈ। ਫਿਲਮਾਂ ਤੋਂ ਬਾਹਰ ਉਸ ਦੀ ਪ੍ਰਸਿੱਧ ਚਿੰਤਕ ਐਡਨਰੋ ਨਾਲ ਕੀਤੀ ਬਹਿਸ ਵਿਚ ਉਹ ਦ੍ਰਿਸ਼ ਅਤੇ ਸ਼ਬਦਾਂ ਦੀ ਮਨੁੱਖੀ ਭਾਵਾਂ ਨੂੰ ਪ੍ਰਗਟਾਉਣ ਦੀਆਂ ਸਮਰੱਥਾਵਾਂ ਤੇ ਸੰਭਾਵਨਾਵਾਂ ਦੀ ਗੱਲ ਅੱਗੇ ਤੋਰਦਾ ਹੈ। ਫਿਲਮ ‘ਲਾ ਚਿਨਨਾਉਂਸ` ਵਿਚ ਉਹ ਸੁਹਜ ਦੀਆਂ ਧਾਰਨਾਵਾਂ ‘ਤੇ ਟੇਢੇ ਦਾਅ ਕੱਟ ਮਾਰਦਾ ਹੈ ਅਤੇ ‘ਪ੍ਰਤੀਕਿਰਿਆਵਾਦੀ` ਕਲਾਕਾਰਾਂ ਤੇ ਚਿੰਤਕਾਂ ਅਤੇ ‘ਕ੍ਰਾਂਤੀਕਾਰੀ’ ਕਲਾਕਾਰਾਂ ਤੇ ਚਿੰਤਕਾਂ ਵਿਚਕਾਰ ਸਿੱਧੀ ਲਕੀਰ ਖਿੱਚ ਦਿੰਦਾ ਹੈ।
ਜਿੱਥੇ ਫਰਾਂਸ ਦੇ ਸਿਨੇਮਾ ਅਤੇ ਕਲਾ ਵਿਚੋਂ ਪ੍ਰਸਿੱਧ ਦਾਰਸ਼ਨਿਕਾਂ ਦੀ ਦੇਣ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਗੋਦਾਰਦ ਦੀਆਂ ਫਿਲਮਾਂ ਵਿਚੋਂ ਜੀਨ ਪਾਲ ਸਾਰਤਰ, ਬ੍ਰਿਟੋਨ, ਅਲਥੂਸਰ ਤੇ ਵਾਲਟਰ ਬੈਂਜਾਮਿਨ ਨੂੰ ਸਾਫ਼ ਪੜ੍ਹਿਆ ਜਾ ਸਕਦਾ ਹੈ। ਉਸ ਦਾ ਸਿਨੇਮਾ ‘ਆਪਣੀ` ਧਿਰ ਨਾਲ ਖੜ੍ਹਨ ਦਾ ਸਿਨੇਮਾ ਹੈ। ਆਪਣੀਆਂ ਫਿਲਮਾਂ ‘ਗੁੱਡਬਾਏ ਟੂ ਲੈਨਗਜ਼`, ‘ਵੀਕ ਐਂਡ’, ‘ਮਸਕੁਲੀਨ ਫੈਮੁਨਿਨ`, ‘ਇਮੇਜ`, ‘ਬੈਂਡ ਆਫ ਆਊਟਸਾਈਡਰਜ਼`, ‘ਟੂ ਆਰ ਥ੍ਰੀ ਥਿੰਗਜ਼`, ‘ਏ ਵਿਮੈਨ ਇਜ਼ ਏ ਵਿਮੈਨ`, ‘ਫਾਰ ਐਵਰ ਮੋਜ਼ਾਰਟ`, ‘ਐਵਰੀਮੈਨ ਫਾਰ ਹਿਮ`, ‘ਜਸਟ ਗ੍ਰੇਟ`, ‘ਡਿਟੈਕਟਿਵ`, ‘ਕੀਪ ਯੂਅਰ ਰਾਈਟ ਅੱਪ` ਆਦਿ ਅਤੇ ਆਪਣੀਆਂ ਫਿਲਮਾਂ ਤੋਂ ਬਾਹਰ ਉਹ ਚਾਹੇ ‘ਗੂਚੇ ਪ੍ਰੋਲੋਤਾਰੀਅਨ` ਨਾਮੀ ਮਾਉਵਾਦੀ ਪਾਰਟੀ ਲਈ ਉਸ ਦੇ ਲਿਖੇ ਲੇਖ ਹੋਣ, ਭਾਵੇਂ ਮੈਂਗਜ਼ੀਨ ‘ਲਿਬਰੇਸ਼ਨ` ਨੂੰ ਖੜ੍ਹਾ ਕਰਨ ਵਿਚ ਨਿਭਾਈ ਭੂਮਿਕਾ ਹੋਵੇ, ਭਾਵੇਂ ਚਿੱਲੀ ਤੇ ਵੀਅਤਨਾਮ ਵਰਗੇ ਮੁਲਕਾਂ ਵਿਰੁੱਧ ਸਾਮਰਾਜਵਾਦੀ ਤਾਕਤਾਂ ਦੇ ਨਾਪਾਕ ਇਰਾਦਿਆਂ ਦਾ ਵਿਰੋਧ ਹੋਵੇ, ਗੋਦਾਰਦ ਆਪਣੀ ਕਲਾ, ਸੁਹਜ, ਸਮਾਜਿਕ ਇਮਾਨਦਾਰੀ ਅਤੇ ਸਿਆਸੀ ਵਿਚਾਰਧਾਰਕ ਨਜ਼ਰੀਏੇ ਉਤੇ ਖਰਾ ਉਤਰਦਾ ਹੈ।
ਉਸ ਅਨੁਸਾਰ, “ਮੈਂ ਸ਼ਬਦਾਂ ਦਾ ਚਿੱਤਰਕਾਰ ਹਾਂ। ਮੈਂ ਸਾਰਾ ਕੁਝ ਸਹੇਜਣਾ ਚਾਹੁੰਦਾ ਹਾਂ, ਮੈਂ ਸਾਰਾ ਕੁਝ ਆਪਸ ਵਿਚ ਰਲਗੱਡ ਕਰਨਾ ਚਾਹੁੰਦਾ ਹਾਂ ਅਤੇ ਮੈਂ ਸਾਰਾ ਕੁਝ ਕਹਿ ਦੇਣਾ ਚਾਹੁੰਦਾ ਹਾਂ।” ਉਸ ਦੇ ਕਹੇ ਅਨੁਸਾਰ ਹੀ ‘ਅਮਰ ਹੋ ਜਾਣਾ ਤੇ ਮਰ ਜਾਣਾ` ਉਸ ਦੀ ਜ਼ਿੰਦਗੀ ਦਾ ਸਮਅਰਥੀ ਹੋ ਨਿਬੜਿਆ।