ਅਮਰੀਕਾ ਨੇ 82 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ

ਨਵੀਂ ਦਿੱਲੀ: ਭਾਰਤ ਵਿਚ ਸਥਿਤ ਯੂ.ਐਸ. ਮਿਸ਼ਨ ਨੇ ਸਾਲ 2022 ਵਿਚ ਰਿਕਾਰਡ ਤੋੜ 82,000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਕਿਸੇ ਹੋਰ ਮੁਲਕ ਵੱਲੋਂ ਜਾਰੀ ਵੀਜ਼ਿਆਂ ਦੇ ਮੁਕਾਬਲੇ ਸਭ ਤੋਂ ਵੱਧ ਹਨ ਤੇ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦਾ ਲਗਭਗ 20 ਫੀਸਦੀ ਹਿੱਸਾ ਹਨ।

ਅਮਰੀਕੀ ਮਾਮਲਿਆਂ ਸਬੰਧੀ ਅਧਿਕਾਰੀ ਪੈਟਰੀਸੀਆ ਲਾਸਿਨਾ ਨੇ ਕਿਹਾ,’ਕੋਵਿਡ- 19 ਕਾਰਨ ਪਿਛਲੇ ਵਰ੍ਹਿਆਂ ‘ਚ ਹੋਈ ਦੇਰੀ ਤੋਂ ਬਾਅਦ ਇਸ ਵਰ੍ਹੇ ਇਹ ਦੇਖ ਕੇ ਖੁਸ਼ ਹਾਂ ਕਿ ਇੰਨੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ ਮਗਰੋਂ ਉਹ ਆਪਣੀਆਂ ਯੂਨੀਵਰਸਿਟੀਆਂ ਵਿਚ ਦਾਖਲੇ ਲੈਣ ‘ਚ ਸਫਲ ਹੋਏ ਹਨ। ਅਸੀਂ ਇਨ੍ਹਾਂ ਗਰਮੀਆਂ ਵਿਚ ਹੀ 82,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਪਿਛਲੇ ਕਿਸੇ ਵੀ ਸਾਲ ਦੀ ਤੁਲਨਾ ‘ਚ ਜ਼ਿਆਦਾ ਹਨ।‘ ਨਵੀਂ ਦਿੱਲੀ ਵਿਚ ਸਥਿਤ ਅਮਰੀਕਾ ਦੀ ਅੰਬੈਸੀ ਤੇ ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿਚ ਸਥਿਤ ਚਾਰ ਕੌਂਸੂਲੇਟਾਂ ਨੇ ਮਈ ਤੋਂ ਅਗਸਤ ਦੌਰਾਨ ਵਿਦਿਆਰਥੀ ਵੀਜ਼ਿਆਂ ਸਬੰਧੀ ਅਰਜ਼ੀਆਂ ਦਾ ਨਿਬੇੜਾ ਤਰਜੀਹੀ ਆਧਾਰ ‘ਤੇ ਕੀਤਾ।