ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਅੱਲ੍ਹੇ: ਹਾਈ ਕੋਰਟ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕੇਸ ਵਿਚ ਸਬੰਧਤ ਸਮਰੱਥ ਅਥਾਰਿਟੀ ਨੂੰ ਸੇਵਾਮੁਕਤ ਸਿਟੀ ਪੁਲਿਸ ਅਧਿਕਾਰੀ ਖਿਲਾਫ ‘ਸਜ਼ਾ ਲਈ ਢੁਕਵੇਂ ਹੁਕਮ’ ਜਾਰੀ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਹ ਸਾਬਕਾ ਪੁਲਿਸ ਅਧਿਕਾਰੀ ਹਿੰਸਾ ਦੌਰਾਨ ਲੋੜੀਂਦੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਾਲ ਸ਼ਰਾਰਤੀ ਅਨਸਰਾਂ ਨੂੰ ਖਿੰਡਾਉਣ ਤੇ ਉਨ੍ਹਾਂ ਨੂੰ ਇਹਤਿਆਤੀ ਹਿਰਾਸਤ ਵਿਚ ਲੈਣ ‘ਚ ਨਾਕਾਮ ਰਿਹਾ ਸੀ।

ਹਾਈ ਕੋਰਟ ਨੇ ਕਿਹਾ ਕਿ ‘ਦੇਸ਼ ਅਜੇ ਵੀ ਇਨ੍ਹਾਂ ਦੰਗਿਆਂ ਦਾ ਸੰਤਾਪ ਝੱਲ ਰਿਹਾ ਹੈ ਤੇ ਜ਼ਖਮ ਅਜੇ ਵੀ ਅੱਲ੍ਹੇ ਹਨ।’ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਅਨੁਸ਼ਾਸਨੀ ਅਥਾਰਿਟੀ ਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਵੱਲੋਂ ਕਿੰਗਜਵੇਅ ਕੈਂਪ ਪੁਲਿਸ ਸਟੇਸ਼ਨ ਦੇ ਤਤਕਾਲੀਨ ਐਸ.ਐਚ.ਓ. ਖਿਲਾਫ ਹੁਕਮਾਂ ਨੂੰ ਲਾਂਭੇ ਰੱਖਦਿਆਂ ਕਿਹਾ ਕਿ ਇਨ੍ਹਾਂ ਦੰਗਿਆਂ ਵਿਚ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਤੇ ਪੁਲਿਸ ਅਧਿਕਾਰੀ ਨਾਲ ਮਹਿਜ਼ ਉਸ ਦੀ ਵਡੇਰੀ ਉਮਰ (79 ਸਾਲ) ਕਰਕੇ ਲਿਹਾਜ਼ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਕਿਹਾ, “ਉਹ ਸੌ ਸਾਲ ਦੀ ਉਮਰ ਦਾ ਵੀ ਹੋ ਸਕਦਾ ਹੈ। ਕ੍ਰਿਪਾ ਕਰਕੇ ਉਸ ਦੀ ਬਦਇੰਤਜ਼ਾਮੀ ਨੂੰ ਦੇਖਿਆ ਜਾਵੇ। ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ। ਦੇਸ਼ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ। ਤੁਸੀਂ ਇਸ ਆਧਾਰ ‘ਤੇ ਬਚ ਨਹੀਂ ਸਕਦੇ। ਉਮਰ ਮਦਦਗਾਰ ਨਹੀਂ ਹੋਣੀ।”