ਭਾਜਪਾ ਵੱਲੋਂ ਹੁਣ ਪੰਜਾਬ ’ਚ ਅਪਰੇਸ਼ਨ ਲੋਟਸ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਦੋਸ਼ ਲਗਾਇਆ ਕਿ ਉਹ ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ‘ਆਪ’ ਦੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ‘ਆਪ’ ਦੇ 10 ਵਿਧਾਇਕਾਂ ਨਾਲ ਸੰਪਰਕ ਕਰਕੇ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।

ਇਸ ਤੋਂ ਇਲਾਵਾ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਮੰਤਰੀ ਬਣਾਉਣ ਤੇ ਹੋਰ ਵੀ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ‘ਤੇ ਦਬਾਅ ਬਣਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਈ.ਡੀ. ਅਤੇ ਸੀ.ਬੀ.ਆਈ. ਦਾ ਡਰਾਵਾ ਦਿੱਤਾ ਜਾ ਰਿਹਾ ਹੈ। ਸ੍ਰੀ ਚੀਮਾ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ‘ਅਪਰੇਸ਼ਨ ਲੋਟਸ’ ਤਹਿਤ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਤੇ ਪੈਸੇ ਦੇ ਜ਼ੋਰ ‘ਤੇ ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਸਰਕਾਰਾਂ ਡੇਗ ਦਿੱਤੀਆਂ। ਉਸ ਤੋਂ ਬਾਅਦ ਦਿੱਲੀ ਵਿੱਚ ‘ਆਪ’ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਉਸ ਤੋਂ ਬਾਅਦ ਹੁਣ ਪੰਜਾਬ ਵਿਚ 92 ਵਿਧਾਇਕਾਂ ਦੇ ਬਹੁਮਤ ਵਾਲੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 25-25 ਕਰੋੜ ਰੁਪਏ ਇਕੱਲੇ ਵਿਧਾਇਕ ਨੂੰ ਅਤੇ 3-4 ਵਿਧਾਇਕ ਨਾਲ ਲਿਆਉਣ ਵਾਲੇ ਵਿਧਾਇਕ ਨੂੰ 50 ਤੋਂ 70 ਕਰੋੜ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਬਾਰੇ ‘ਆਪ’ ਵਿਧਾਇਕਾਂ ਕੋਲ ਸਾਰੀਆਂ ਰਿਕਾਰਡਿੰਗਾਂ ਅਤੇ ਹੋਰ ਸਬੂਤ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ‘ਚ ਸਰਕਾਰ ਬਣਾਉਣ ਲਈ ‘ਆਪ’ ਦੇ 35 ਵਿਧਾਇਕਾਂ ਦੀ ਲੋੜ ਹੈ ਜਦਕਿ ਰਹਿੰਦੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਪਹਿਲਾਂ ਹੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਬਜ਼ ਮੋਦੀ ਸਰਕਾਰ ਕੋਲ ਪੰਜਾਬ ਦੀ ਆਰਥਿਕ ਮਦਦ ਕਰਨ ਲਈ ਇਕ ਪੈਸਾ ਵੀ ਨਹੀਂ ਹੈ ਪਰ ਪੰਜਾਬ ਦੇ ਵਿਧਾਇਕ ਖਰੀਦਣ ਲਈ 1375 ਕਰੋੜ ਰੁਪਏ ਦਾ ਕਾਲਾ ਧਨ ਹੈ। ਇਹ ਧਨ ਕਿੱਥੋਂ ਆਇਆ ਹੈ ਅਤੇ ਕਿੱਥੇ ਪਿਆ ਹੈ, ਉਸ ਦੀ ਜਾਂਚ ਕਰਵਾਉਣ ਦੀ ਲੋੜ ਹੈ।