ਪੰਜਾਬ ਦੇ ਗੈਂਗਸਟਰ ਕੌਮੀ ਰਡਾਰ `ਤੇ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੇ ਹੁਕਮਾਂ ਪਿੱਛੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਪੰਜਾਬ ਸਣੇ ਕੁਝ ਹੋਰ ਸੂਬਿਆਂ ਵਿਚ ਧੜਾਧੜ ਮਾਰੇ ਛਾਪਿਆਂ ਨੇ ਵੱਡੇ ਪੱਧਰ ਉਤੇ ਚਰਚਾ ਛੇੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਵਧ ਰਹੇ ਖ਼ੌਫ ਤੇ ਉਨ੍ਹਾਂ ਦੀ ਅਤਿਵਾਦੀਆਂ ਨਾਲ ਗੰਢਤੁੱਪ ‘ਤੇ ਨਕੇਲ ਕੱਸਣ ਲਈ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ, ਹਾਲਾਂਕਿ ਪੰਜਾਬ ਵਿਚ ਐਨ.ਆਈ.ਏ. ਨੇ ਜ਼ਿਆਦਾਤਰ ਉਨ੍ਹਾਂ ਗੈਂਗਸਟਰਾਂ ਦੇ ਘਰਾਂ ਵਿਚ ਛਾਪੇ ਮਾਰੇ ਜੋ ਜਾਂ ਤਾਂ ਜੇਲ੍ਹ ਵਿਚ ਬੰਦ ਹਨ, ਜਾਂ ਵਿਦੇਸ਼ ਭੱਜੇ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਛਾਪਿਆਂ ਦੌਰਾਨ ਹਥਿਆਰ, ਗੋਲੀ-ਸਿੱਕਾ ਤੇ ਨਸ਼ਾ ਬਰਾਮਦ ਹੋਇਆ ਹੈ। ਉਧਰ, ਗੈਂਗਸਟਰਾਂ ਵਜੋਂ ਛੋਟੀਆਂ-ਮੋਟੀਆਂ ਵਾਰਦਾਤਾਂ ਕਰਨ ਵਾਲੇ ਨੌਜਵਾਨਾਂ ਵਿਚ ਸਹਿਮ ਹੈ ਕਿ ਉਨ੍ਹਾਂ ਨੂੰ ਪੁਲਿਸ ਮੁਕਾਬਲੇ ਵਿਚ ਮਰਵਾਇਆ ਜਾ ਸਕਦਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇਂਦਰੀ ਏਜੰਸੀ ਨੇ ਗੈਂਗਸਟਰਾਂ ਖਿਲਾਫ ਇੰਨੇ ਵੱਡੇ ਪੱਧਰ ਉਤੇ ਕਾਰਵਾਈ ਕੀਤੀ ਹੋਵੇ। ਯਾਦ ਰਹੇ ਕਿ ਪਿਛਲੇ ਕੁਝ ਸਮੇਂ ਵਿਚ ਹੋਈਆਂ ਵਾਰਦਾਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਵਿਚ ਬੈਠ ਕੇ ਅਤਿਵਾਦੀ ਕਾਰਵਾਈਆਂ ਚਲਾ ਰਹੇ ਕੁਝ ਲੋਕਾਂ ਵੱਲੋਂ ਅਜਿਹੇ ਗੈਂਗਸਟਰਾਂ ਨੂੰ ਅੱਗੇ ਲਾਇਆ ਹੋਇਆ ਹੈ। ਇਨ੍ਹਾਂ ਨੂੰ ਪੈਸਾ ਤੇ ਵੱਡੇ ਪੱਧਰ ਉਤੇ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਹਨ।
ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਵੇਲੇ ਇਨ੍ਹਾਂ ਗੈਂਗਸਟਰਾਂ ਦੀ ਪੂਰੀ ਤਰ੍ਹਾਂ ਤੂਤੀ ਬੋਲਦੀ ਰਹੀ ਹੈ। ਇਹ ਚਰਚਾ ਹਮੇਸ਼ਾ ਰਹੀ ਹੈ ਕਿ ਚੋਣਾਂ ਸਮੇਂ ਸਿਆਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਅਕਾਲੀ ਸਰਕਾਰ ਵੇਲੇ ਇਹ ਗਰੁੱਪ ਖੂਬ ਵਧੇ-ਫੁੱਲੇ ਜੋ ਬਾਅਦ ਵਿਚ ਚੋਣ ਮੁੱਦਾ ਵੀ ਬਣੇ। ਕਾਂਗਰਸ ਸਰਕਾਰ ਵੇੇਲੇ ਇਨ੍ਹਾਂ ਦੀਆਂ ਕਾਰਵਾਈ ਇੰਨੀਆਂ ਵਧ ਗਈਆਂ ਕਿ ਕੈਪਟਨ ਸਰਕਾਰ ਨੂੰ ਇਨ੍ਹਾਂ ਦਾ ਨੈਟਵਰਕ ਤੋੜਨ ਲਈ ਮਜਬੂਰ ਹੋਣਾ ਪਿਆ। ਉਸ ਤੋਂ ਬਾਅਦ ਕਈ ਗੈਂਗਸਟਰ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਤੇ ਬਚੇ ਵਿਦੇਸ਼ ਭੱਜ ਗਏ। ਇਸ ਤੋਂ ਬਾਅਦ ਪਿਛਲੇ ਕੁਝ ਸਮੇਂ ਵਿਚ ਅਜਿਹੇ ਗੈਂਗਸਟਰਾਂ ਦੇ ਵਿਦੇਸ਼ ਬੈਠੇ ਅਤਿਵਾਦੀਆਂ ਨਾਲ ਸਬੰਧਾਂ ਦੀਆਂ ਖਬਰਾਂ ਆਈਆਂ ਸਨ ਜਿਸ ਪਿੱਛੋਂ ਕੇਂਦਰੀ ਏਜੰਸੀਆਂ ਚੌਕਸ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤਾਜ਼ਾ ਕਾਰਵਾਈ ਇਸੇ ਦਾ ਹੀ ਹਿੱਸਾ ਹੈ।
ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਕਰੀਬ 60 ਥਾਵਾਂ ‘ਤੇ ਛਾਪੇ ਮਾਰੇ ਗਏ। ਗੈਂਗਸਟਰਾਂ ਦੇ ਪੂਰੇ ਨੈੱਟਵਰਕ ਨੂੰ ਜੜ੍ਹੋਂ ਉਖਾੜਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੇ ਨਿਰਦੇਸ਼ਾਂ ਮਗਰੋਂ ਐਨ.ਆਈ.ਏ. ਨੇ ਇਹ ਕਾਰਵਾਈ ਕੀਤੀ ਹੈ। ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੈਂਗਸਟਰਾਂ ਦੇ ਫੈਲ ਰਹੇ ਜਾਲ ਤੋਂ ਖਫ਼ਾ ਸਨ ਤੇ ਉਨ੍ਹਾਂ ਗੈਂਗਸਟਰਾਂ ਦੇ ਜਾਲ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਨ੍ਹਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਮਗਰੋਂ ਦਿੱਲੀ ‘ਚ ਵਿਸ਼ੇਸ਼ ਸੈੱਲ, ਐਨ.ਆਈ.ਏ. ਅਤੇ ਆਈ.ਬੀ. ਅਧਿਕਾਰੀਆਂ ਵਿਚਕਾਰ ਮੀਟਿੰਗਾਂ ਹੋਈਆਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਗਿਆ। ਪੰਜਾਬ ‘ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਦੀਆਂ ਰਿਹਾਇਸ਼ਾਂ ਸਮੇਤ ਹੋਰ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਵੀ ਛਾਪੇ ਮਾਰੇ ਗਏ ਹਨ।
ਇਹ ਗੈਂਗਸਟਰ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਵੀ ਮੁਲਜ਼ਮ ਹਨ। ਪੰਜਾਬ ‘ਚ ਨਸ਼ਿਆਂ ਦੀ ਤਸਕਰੀ ‘ਚ ਗੈਂਗਸਟਰਾਂ ਦੀ ਸ਼ਮੂਲੀਅਤ ਤੇ ਫਿਰ ਉਸ ਪੈਸੇ ਦੀ ਵਰਤੋਂ ਦਹਿਸ਼ਤੀ ਸਰਗਰਮੀਆਂ ‘ਚ ਵਰਤਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਮਿੱਥ ਕੇ ਕੀਤੇ ਜਾਂਦੇ ਕਤਲਾਂ ਅਤੇ ਅਤਿਵਾਦੀਆਂ ਨਾਲ ਸਬੰਧਾਂ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਐਨ.ਆਈ.ਏ. ਦੇ ਰਡਾਰ ‘ਤੇ ਸਨ। ਐਨ.ਆਈ.ਏ. ਦੀ ਸੂਚੀ ‘ਚ 10 ਤੋਂ 12 ਗੈਂਗਸਟਰ ਹਨ ਜਿਨ੍ਹਾਂ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਅਤੇ ਸੂਬਾ ਪੁਲਿਸ ਹੀ ਇਨ੍ਹਾਂ ਕੇਸਾਂ ਨੂੰ ਦੇਖ ਰਹੀ ਸੀ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਪਿੱਛੋਂ ਗੈਂਗਸਟਰਾਂ ਦੀਆਂ ਇਕਦਮ ਵਧੀਆਂ ਸਰਗਰਮੀਆਂ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਤੇ ਪੁਲਿਸ ਨੂੰ ਚੌਕਸ ਕੀਤਾ ਸੀ। ਇਨ੍ਹਾਂ ਗੈਂਗਸਟਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਲਗਾਤਾਰ ਉਚ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ। ਮੂਸੇਵਾਲਾ ਦੀ ਹੱਤਿਆ ਪਿੱਛੋਂ ਗੈਂਗਸਟਰਾਂ ਧੜਿਆਂ ਵੱਲੋਂ ਇਕ ਦੂਜੇ ਨੂੰ ਸਬਕ ਸਿਖਾਉਣ ਲਈ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਮੂਸੇਵਾਲਾ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਉਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਤਰ ਵਿਚ ਕਿਹਾ ਸੀ ਕਿ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਉਤੇ ਅਦਾਲਤੀ ਸੁਣਵਾਈ ਦੌਰਾਨ ਜਾਨਲੇਵਾ ਹਮਲਾ ਕਰ ਸਕਦੇ ਹਨ। ਇਸ ਪਿੱਛੋਂ ਪੰਜਾਬ ਪੁਲਿਸ ਨੂੰ ਵਿਸ਼ੇਸ਼ ਚੌਕਸੀ ਵਰਤਣ ਲਈ ਆਖਿਆ ਗਿਆ ਸੀ। ਐਨ.ਆਈ.ਏ. ਦੀ ਤਾਜ਼ਾ ਕਾਰਵਾਈ ਤੋਂ ਜਾਪ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ ਦੇਖਣ ਲੱਗੀਆਂ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਸ ਪਾਸੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਹੈ।
ਅਤਿਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦਾ ਨੈੱਟਵਰਕ
ਚੰਡੀਗੜ੍ਹ: ਐਨ.ਆਈ.ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਜਿਹੀਆਂ ਅਪਰਾਧਿਕ ਕਾਰਵਾਈਆਂ ਵੱਖ-ਵੱਖ ਸਥਾਨਕ ਘਟਨਾਵਾਂ ਨਹੀਂ ਸਨ, ਸਗੋਂ ਦੇਸ਼ ਦੇ ਅੰਦਰ ਤੇ ਬਾਹਰੋਂ ਕੰਮ ਕਰ ਰਹੇ ਅਤਿਵਾਦੀਆਂ, ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਨੈੱਟਵਰਕਾਂ ਵਿਚਕਾਰ ਇਕ ਡੂੰਘੀ ਸਾਜ਼ਿਸ਼ ਸੀ। ਕਈ ਗੈਂਗ ਲੀਡਰ ਤੇ ਮੈਂਬਰ ਭਾਰਤ ਤੋਂ ਭੱਜ ਗਏ ਹਨ ਅਤੇ ਹੁਣ ਪਾਕਿਸਤਾਨ, ਕੈਨੇਡਾ, ਮਲੇਸ਼ੀਆ, ਆਸਟਰੇਲੀਆ ਸਮੇਤ ਵਿਦੇਸ਼ਾਂ ਤੋਂ ਕੰਮ ਕਰ ਰਹੇ ਹਨ। ਪੰਜਾਬ ਵਿਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਸਮੇਤ ਏਜੰਸੀ ਵੱਲੋਂ ਕੀਤੇ ਜਾ ਰਹੇ ਮਾਮਲਿਆਂ ਦੀ ਜਾਂਚ ਨੇ ਵੀ ਇਹ ਖ਼ੁਲਾਸਾ ਕੀਤਾ ਹੈ ਕਿ ਇਨ੍ਹਾਂ ਵਿਚੋਂ ਬਹੁਤੀਆਂ ਸਾਜ਼ਿਸ਼ਾਂ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿਚੋਂ ਰਚੀਆਂ ਗਈਆਂ ਸਨ ਤੇ ਵਿਦੇਸ਼ਾਂ ਵਿਚ ਬੈਠੇ ਗੁਰਗਿਆਂ ਦੇ ਇਕ ਸੰਗਠਿਤ ਨੈੱਟਵਰਕ ਦੀ ਮਦਦ ਨਾਲ ਇਨ੍ਹਾਂ ਨੂੰ ਅੰਜਾਮ ਦਿੱਤਾ ਗਿਆ।