ਇਕ ਲਾਹੌਰਨ ਅਦਾਕਾਰਾ

ਮਨਦੀਪ ਸਿੰਘ ਸਿੱਧੂ
ਭਾਰਤੀ ਫਿਲਮ ਸਨਅਤ ਵਿਚ ਜ਼ੁਬੈਦਾ ਨਾਮ ਦੀਆਂ ਕਈ ਅਦਾਕਾਰਾਵਾਂ ਨੇ ਕੰਮ ਕੀਤਾ ਹੈ। ਇੱਕ ਅਦਾਕਾਰਾ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫਿਲਮ ‘ਆਲਮਆਰਾ’ (1931) ਦੀ ਹੀਰੋਇਨ ਸੀ ਜ਼ੁਬੈਦਾ ਉਰਫ਼ ਜ਼ੁਬੈਦਾ ਬੇਗ਼ਮ (ਧੀ ਅਦਾਕਾਰਾ ਫ਼ਾਤਿਮਾ ਬੇਗ਼ਮ) ਅਤੇ ਦੂਜੀ ਵੰਡ ਤੋਂ ਪਹਿਲਾਂ ਬਣੀਆਂ ਪੰਜਾਬੀ ਫਿਲਮਾਂ ਦੀ ਚਰਿੱਤਰ ਅਦਾਕਾਰਾ ਜ਼ੁਬੈਦਾ ਬੇਗ਼ਮ (ਲਾਹੌਰ) ਸੀ ਪਰ ਅੱਜ ਜਿਸ ਗੁਮਨਾਮ ਪੰਜਾਬਣ ਅਦਾਕਾਰਾ ਦਾ ਤਾਅਰੁਫ਼ ਕਰਵਾ ਰਿਹਾ ਹਾਂ, ਉਸ ਦਾ ਨਾਮ ਵੀ ਜ਼ੁਬੈਦਾ ਹੀ ਹੈ। ਖ਼ੂਬਸੂਰਤ ਅਦਾਕਾਰਾ ਜ਼ੁਬੈਦਾ ਦੀ ਪੈਦਾਇਸ਼ 1927 ਵਿਚ ਲਾਹੌਰ ਦੇ ਪੰਜਾਬੀ ਪਰਿਵਾਰ ਵਿਚ ਹੋਈ। ਜਦੋਂ ਜਵਾਨ ਹੋਈ ਤਾਂ ਉਸ ਨੂੰ ਫਿਲਮਾਂ ਵਿਚ ਦਿਲਚਸਪੀ ਹੋ ਗਈ। ਉਸ ਦੇ ਜਾਣਕਾਰ ਮਜ਼ਾਹੀਆ ਅਦਾਕਾਰ ਤੇ ਹਿਦਾਇਤਕਾਰ ਮਜਨੂੰ ਉਸ ਦੇ ਅਦਾਕਾਰਾਨਾ ਇਸ਼ਕ ਤੋਂ ਵਾਕਿਫ਼ ਸਨ।

1945 ਵਿਚ ਜਦੋਂ ਹਿੰਦੀ ਫਿਲਮ ‘ਬਦਨਾਮੀ’ (1946) ਸ਼ੁਰੂ ਹੋਈ ਤਾਂ ਉਸ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਗਿਆ। ਫਿਲਮ ‘ਚ ਉਸ ਨੇ ਛੋਟਾ ਜਿਹਾ ਪਾਰਟ ਅਦਾ ਕੀਤਾ, ਮਰਕਜ਼ੀ ਕਿਰਦਾਰ ਵਿਚ ਮਨੋਰਮਾ ਤੇ ਪ੍ਰਾਣ ਦੇ ਸਨ। ਇਹ ਫਿਲਮ 1947 ਵਿਚ ਪੈਲੇਸ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਹਿੰਦੀ ਫਿਲਮ ‘ਪਰਾਏ ਬਸ ਮੇਂ’ (1946) ‘ਚ ਜ਼ੁਬੈਦਾ ਨੇ ਬਨਵਾਰੀ ਲਾਲ ਦਾ ਪਾਰਟ ਨਿਭਾ ਰਹੇ ਚਰਿੱਤਰ ਅਦਾਕਾਰ ਮਾਸਟਰ ਗ਼ੁਲਾਮ ਕਾਦਰ ਦੀ ਧੀ ਰੂਪਾ ਦਾ ਪਾਤਰ ਅਦਾ ਕੀਤਾ। ਇਹ ਫਿਲਮ 20 ਦਸੰਬਰ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਚ ਪਰਦਾਪੇਸ਼ ਹੋਈ। ਹਿੰਦੀ ਫਿਲਮ ‘ਏਕ ਰੋਜ਼’ (1947) ‘ਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ। ਫਿਲਮ ਮੁਕੰਮਲ ਹੋਣ ਜਾ ਰਹੀ ਸੀ ਕਿ ਪੰਜਾਬ ਦੀ ਵੰਡ ਹੋ ਗਈ। ਮਗਰੋਂ ਇਹ ਫਿਲਮ ਬੰਬਈ ਵਿਚ ਮੁਕੰਮਲ ਹੋਈ। ਫਿਲਮ 1947 ਵਿਚ ਬੰਬਈ ਅਤੇ ਫਰਵਰੀ 1949 ਵਿਚ ਕੈਸਰ ਸਿਨਮਾ, ਲਾਹੌਰ ‘ਚ ਨੁਮਾਇਸ਼ ਹੋਈ। ਹਿੰਦੀ ਫਿਲਮ ‘ਨੇਕ ਦਿਲ’ ਵਿਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ। 1947 ਵਿਚ ਪੰਜਾਬ ਦੀ ਵੰਡ ਹੋ ਗਈ ਤੇ ਮੁਲਕ ਦੋ ਹਿੱਸਿਆਂ ਵਿਚ ਤਕਸੀਮ ਹੋ ਗਿਆ। ਜ਼ੁਬੈਦਾ ਨੇ ਲਾਹੌਰ ਰਹਿਣਾ ਪਸੰਦ ਕੀਤਾ।
ਵੰਡ ਤੋਂ ਬਾਅਦ ਪਾਕਿਸਤਾਨ ਦੀ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ (1948) ਬਣੀ ਤਾਂ ਇਸ ਫਿਲਮ ‘ਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਕਿਰਦਾਰ ਨਿਭਾਇਆ। ਇਹ ਫਿਲਮ 7 ਅਗਸਤ 1948 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਚ ਰਿਲੀਜ਼ ਹੋਈ। ਜਦੋਂ ਫਿਲਮਸਾਜ਼ ਐੱਮ. ਐੱਸ. ਇਜਾਜ਼ ਆਪਣੀ ਹਿਦਾਇਤਕਾਰੀ ‘ਚ ਪੰਜਾਬੀ ਫਿਲਮ ‘ਨੱਥ’ (1952) ਬਣਾਈ ਤਾਂ ਜ਼ੁਬੈਦਾ ਨੂੰ ਸਹਾਇਕ ਅਦਾਕਾਰਾ ਦਾ ਪਾਰਟ ਦਿੱਤਾ ਜਦੋਂ ਕਿ ਮੁੱਖ ਭੂਮਿਕਾ ਵਿਚ ਅਦਾਕਾਰਾ ਹਫ਼ੀਜ਼ ਜਹਾਂ ਤੇ ਹਸੀਬ (ਨਵਾਂ ਚਿਹਰਾ) ਸਨ। ਇਹ ਫਿਲਮ 24 ਅਕਤੂਬਰ 1952 ਨੂੰ ਕੈਸਰ ਸਿਨਮਾ, ਲਾਹੌਰ ‘ਚ ਰਿਲੀਜ਼ ਹੋਈ। ਜਦੋਂ ਐੱਮ.ਐੱਮ. ਖ਼ਾਨ ਤੇ ਏ. ਐੱਮ ਖ਼ਾਨ ਨੇ ਇਕਬਾਲ ਹੁਸੈਨ ਦੀ ਹਿਦਾਇਤਕਾਰੀ ਵਿਚ ਕਰਾਚੀ ਵਿਚ ਉਰਦੂ ਫਿਲਮ ‘ਕਾਰਨਾਮਾ’ (1956) ਬਣਾਈ ਤਾਂ ਜ਼ੁਬੈਦਾ ਨੇ ਸਹਾਇਕ ਭੂਮਿਕਾ ਨਿਭਾਈ ਅਤੇ ਮਰਕਜ਼ੀ ਕਿਰਦਾਰ ਵਿਚ ਕਮਰ ਜਹਾਂ ਤੇ ਲੱਡਣ ਸਨ। ਇਹ ਫਿਲਮ 30 ਮਾਰਚ 1956 ਨੂੰ ਲਾਹੌਰ ਤੇ ਕਰਾਚੀ ‘ਚ ਰਿਲੀਜ਼ ਹੋਈ ਤੇ ਨਾਕਾਮ ਰਹੀ।
ਜਦੋਂ ਫਿਲਮਸਾਜ਼ ਨਜ਼ੀਰ ਨੇ ਆਪਣੇ ਫਿਲਮਸਾਜ਼ ਅਦਾਰੇ ਅਨੀਸ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਸ਼ਾਹਨੂਰ ਸਟੂਡੀਓ ਵਿਚ ਰਫ਼ੀਕ ਚੌਧਰੀ ਦੀ ਹਿਦਾਇਤਕਾਰੀ ਵਿਚ ਉਰਦੂ ਫਿਲਮ ‘ਸਾਬਿਰਾ’ (1956) ਬਣਾਈ ਤਾਂ ਜ਼ੁਬੈਦਾ ਇੱਕ ਵਾਰ ਫਿਰ ਸਹਾਇਕ ਅਦਾਕਾਰਾ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਇਹ ਫਿਲਮ 15 ਜੁਲਾਈ 1956 ਨੂੰ ਨੁਮਾਇਸ਼ ਹੋਈ ਪਰ ਔਸਤ ਦਰਜੇ ਦੀ ਫਿਲਮ ਰਹੀ।
ਜ਼ੁਬੈਦਾ ਦੀ ਸਹਾਇਕ ਅਦਾਕਾਰਾ ਵਜੋਂ ਆਖ਼ਰੀ ਪੰਜਾਬੀ ਫਿਲਮ ਲਿਬਰਟੀ ਫਿਲਮਜ਼, ਲਾਹੌਰ ਦੀ ਐੱਮ. ਇਜਾਜ਼ ਨਿਰਦੇਸ਼ਿਤ ‘ਬਿੱਲੋ ਜੀ’ (1962) ਸੀ। ਇਸ ‘ਚ ‘ਬਿੱਲੋ ਜੀ’ ਦਾ ਟਾਈਟਲ ਕਿਰਦਾਰ ਸਵਰਨ ਲਤਾ ਨੇ ਅਦਾ ਕੀਤਾ ਤੇ ਹੀਰੋ ਸਨ ਹਬੀਬ। ਬਾਕੀ ਅਦਾਕਾਰਾਂ ‘ਚ ਨਜ਼ੀਰ, ਨਜ਼ਰ, ਠਾਕੁਰ, ਜੈਗਮ, ਅਨਵਰ ਸ਼ਾਹ, ਦੀਪਕ, ਨੀਲਮ, ਸ਼ੇਖ਼, ਅਨਵਰ ਬੇਗ਼ਮ ਨੁਮਾਇਆ ਸਨ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਜ਼ਹੀਰ ਅਹਿਮਦ ਨਕਸ਼, ਗੀਤ ਸਾਹਿਲ ਫ਼ਰਮਾਨੀ, ਇਸਮਾਇਲ ਮਤਵਾਲਾ, ਵਾਰਿਸ ਲੁਧਿਆਣਵੀ, ਪਰਵੇਜ਼ ਚਿਸ਼ਤੀ ਅਤੇ ਦਿਲਕਸ਼ ਤਰਜ਼ਾਂ ਆਸ਼ਿਕ ਹੁਸੈਨ ਨੇ ਤਿਆਰ ਕੀਤੀਆਂ ਸਨ। ਫਿਲਮ 13 ਜੁਲਾਈ 1962 ਨੂੰ ਰਿਲੀਜ਼ ਹੋਈ ਤੇ ਨਾਕਾਮ ਰਹੀ।
ਜ਼ੁਬੈਦਾ ਨੇ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਤਕਰੀਬਨ 4 ਹਿੰਦੀ ਫਿਲਮਾਂ ਅਤੇ ਵੰਡ ਤੋਂ ਬਾਅਦ ਲਾਹੌਰ (ਪਾਕਿਸਤਾਨ) ‘ਚ ਵੀ 5 ਕੁ ਦੇ ਕਰੀਬ ਪੰਜਾਬੀ ਤੇ ਉਰਦੂ ਫਿਲਮਾਂ ‘ਚ ਸਿਰਫ਼ ਸਹਾਇਕ ਅਦਾਕਾਰਾ ਵਜੋਂ ਕਿਰਦਾਰਨਿਗਾਰੀ ਕੀਤੀ। 1962 ਵਿਚ ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਇਸ ਤੋਂ ਬਾਅਦ ਉਹ ਕਿੱਥੇ ਗਈ, ਕੀਹਦੇ ਨਾਲ ਉਸ ਦਾ ਵਿਆਹ ਹੋਇਆ, ਕਦੋਂ ਫ਼ੌਤ ਹੋਈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।