ਵਾਰਿਸ ਦੀ ਹੀਰ ਤੇ ਕਰਮ ਸਿੰਘ ਬਠਿੰਡਾ

ਗੁਲਜ਼ਾਰ ਸਿੰਘ ਸੰਧੂ
ਵਾਰਿਸ ਸ਼ਾਹ ਦੀ ਜਨਮ ਸ਼ਤਾਬਦੀ ਦੇ ਸਮਾਗਮਾਂ ਨੇ ਉਸ ਦੀ ਹੀਰ ਦੇ ਕਈ ਰਸੀਆਂ ਨੂੰ ਮੁੜ ਚੇਤੇ ਕਰਵਾ ਦਿੱਤਾ ਹੈ। ਬਠਿੰਡਾ ਦੇ ਜੰਮਪਲ ਜੀਤ ਜੋਸ਼ੀ ਨੇ ਆਸਟਰੇਲੀਆ ਦੀ ਦੂਰ ਦੁਰੇਡੀ ਧਰਤੀ ਤੋਂ ਪ੍ਰੋ. ਕਰਮ ਸਿੰਘ ਬਠਿੰਡਾ ਦੀ ਹੀਰ ਪ੍ਰਸਤੀ ਦਾ ਵੇਰਵਾ ਮੀਡੀਆ ਰਾਹੀਂ ਸਾਂਝਾ ਕੀਤਾ ਹੈ। ਕਰਮ ਸਿੰਘ ਦੀ ਜਨਮ ਸ਼ਤਾਬਦੀ ਦਾ ਸਾਲ ਵੀ ਹੈ। ਉਨ੍ਹਾਂ ਦਾ ਜਨਮ ਤਿੰਨ ਮਈ 1922 ਨੂੰ ਮਾਲਵਾ ਦੀ ਅਨਮੋਲ ਬਸਤੀ ਬਠਿੰਡਾ ਵਿਚ ਹੋਇਆ ਸੀ।

ਕਰਮ ਸਿੰਘ ਖੁਦ ਕਵੀ ਸਨ ਤੇ ਉਨ੍ਹਾਂ ਨੇ ਸੋਹਣੀ ਮਹੀਵਾਲ ਬਾਰੇ 1100 ਪੰਨਿਆਂ ਦਾ ਵੱਡ-ਆਕਾਰੀ ਕਿੱਸਾ ਲਿਖ ਕੇ ਬਠਿੰਡਾ ਦਾ ਨਾਂ ਇਕ ਵਾਰੀ ਫੇਰ ਰਾਸ਼ਟਰ ਦੇ ਨਕਸ਼ੇ ਉੱਤੇ ਲੈ ਆਂਦਾ ਸੀ। ਉਨ੍ਹਾਂ ਤੋਂ ਪਹਿਲਾਂ ਫਕੀਰੀ ਵੇਸ ਵਾਲੇ ਸੰਤ ਧਿਆਨ ਸਿੰਘ ਨੇ ‘ਮਲਕੀ’ ਨਾਂ ਦਾ ਕਿੱਸਾ ਲਿਖ ਕੇ ਅਪਣੀ ਜਨਮ ਭੌਂ ਨੂੰ ਰੁਸ਼ਨਾਇਆ ਸੀ। ਬਠਿੰਡਾ ਦਾ ਇਕ ਹੋਰ ਕਵੀ ਗੰਗਾ ਸਿੰਘ ਭੂੰਦੜ ਵੀ ਹੋਇਆ ਹੈ ਜਿਸ ਨੇ ਪ੍ਰੰਪਰਾਗਤ ਹੀਰਾਂ ਨਾਲੋਂ ਵੱਖਰਾ ਹੀਰ ਦਾ ਕਿੱਸਾ ਲਿਖ ਕੇ ਕਿੱਸਾ ਕਾਵਿ ਵਿਚ ਨਿਵੇਕਲਾ ਵਾਧਾ ਕੀਤਾ ਹੈ। ਉਸ ਦੀ ਰਚਨਾ ਕਲੀਆਂ ਵਿਚ ਹੋਣ ਕਾਰਨ ਸਭ ਤੋਂ ਵੱਖਰੀ ਹੈ।
ਜੀਤ ਜੋਸ਼ੀ ਨੇ ਕਰਮ ਸਿੰਘ ਰਚਿਤ ‘ਕਾਰਵਾਂ’ ‘ਞੱਡ ਸਾਰੰਗੀ ਵਜਦੀ ਮਾਲਵੇ’, ‘ਮੱਲਾਂ ਦੀਆਂ ਗੱਲਾਂ’ ਦਾ ਵੀ ਜ਼ਿਕਰ ਕੀਤਾ ਹੈ। ਖਾਸ ਕਰਕੇ ‘ਢੱਡ ਸਾਰੰਗੀ ਵਜਦੀ ਮਾਲਵੇ’ ਦਾ ਜਿਸ ਵਿਚ ਕਰਮ ਸਿੰਘ ਨੇ ਗੰਗਾ ਸਿੰਘ ਦੀ ਹੀਰ ਦੀਆਂ ਕੁਝ ਕਲੀਆਂ ਮਾਣ ਨਾਲ ਸ਼ਾਮਲ ਕੀਤੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਕੋਲੋਂ ਬਠਿੰਡਾ ਸ਼ਹਿਰ ਬਾਰੇ ਪੂਰਨ ਪੁਸਤਕ ਲਿਖਵਾਈ ਹੈ ਜਿਸ ਵਿਚ ਉਪ੍ਰੋਕਤ ਜਾਣਕਾਰੀ ਤੋਂ ਬਿਨਾਂ, ਕਿਲਾ ਮੁਬਾਰਕ ਬਠਿੰਡਾ, ਹਜ਼ਰਤ ਹਾਜੀ ਰਤਨ, ਮਹਾਂਦਾਨੀ ਤੇ ਬ੍ਰਹਮ ਗਿਆਨੀ ਗੰਗਾ ਰਾਮ, ਇਲਾਹੀ ਦਰਵੇਸ਼ ਭਾਈ ਮੂਲ ਚੰਦ, ਬਾਬਾ ਭੁੱਖੜ ਦਾਸ ਤੇ ਬਾਬਾ ਕਾਲੂ ਨਾਥ ਨਥਾਣੇ ਵਾਲਿਆਂ ਦੀ ਜਾਣ-ਪਛਾਣ ਤੋਂ ਬਿਨਾ ਕਿਲਾ ਮੁਬਾਰਕ ਬਠਿੰਡਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਕਰਮ ਸਿੰਘ ਦਾ ਸਾਰਾ ਪਰਿਵਾਰ ਆਪਣੇ ਪਿਤਾ ਵਾਂਗ ਮਿਲਾਪੜਾ ਤੇ ਪਰਉਪਕਾਰੀ ਹੈ। ਦੋਨੋਂ ਬੇਟੇ ਫਤਿਹ ਸਿੰਘ ਤੇ ਗੋਪਾਲ ਸਿੰਘ ਦਾਨੀ ਪਿਤਾ ਵਾਂਗ ਉਨ੍ਹਾਂ ਦੀ ਧਾਰਨਾ ‘ਸੱਜਣਾਂ ਦੀ ਮਿਜ਼ਮਾਨੀ ਖਾਤਰ, ਲਹੂ ਜਿਗਰ ਦਾ ਛਾਣੀਦਾ’ ਉੱਤੇ ਪਹਿਰਾ ਦੇ ਰਹੇ ਹਨ।
ਜਿਥੋਂ ਤਕ ਪ੍ਰੋ. ਕਰਮ ਸਿੰਘ ਤੇ ਵਾਰਿਸ ਸ਼ਾਹ ਦਾ ਸੰਬੰਧ ਹੈ। ਉਹ ਹਰ ਗੱਲ ਦਾ ਬਾਨਣ ਬੰਨ੍ਹਣ ਲਈ ਹੀਰ ਵਿਚੋਂ ਕਿਸੇ ਨਾ ਕਿਸੇ ਟੋਟਕੇ ਦਾ ਸਹਾਰਾ ਲੈ ਲੈਂਦੇ ਸਨ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ’ ਜਾਂ ਵਾਰਿਸ ਸ਼ਾਹ ਦਾ ‘ਦੱਬੀਏ ਮੋਤੀਆਂ ਨੂੰ ਫੁੱਲ ਅੱਗ ਦੇ ਵਿਚ ਨਾ ਸਾੜੀਏ ਜੀ’ ਤੇ ਜਾਂ ‘ਫਿਰ ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ’। ਉਨ੍ਹਾਂ ਕੋਲ ਵਾਰਿਸ ਸ਼ਾਹ ਦੀਆਂ ਤੁਕਾਂ ਦਾ ਢੇਰ ਸਾਰਾ ਖਜ਼ਾਨਾ ਸੀ।
ਏਕੇ ਦਾ ਬੁੱਤ ਸਰਦਾਰ ਪਟੇਲ
ਭਾਰਤ ਦੀ ਵਰਤਮਾਨ ਸਰਕਾਰ ਨੇ ਨਰਬਦਾ ਨਦੀ ਦੇ ਕਿਨਾਰੇ ਸਰਦਾਰ ਸਰੋਵਰ ਡੈਮ ਦੇ ਨੇੜੇ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਬ ਭਾਈ ਪਟੇਲ ਦਾ 182 ਫੁੱਟ ਉੱਚਾ ਯੂਨਿਟੀ ਸਟੈਚੂ (ਏਕਤਾ ਸਤੰਭ) ਬਣਾਇਆ ਹੈ ਜਿਸਦੀ ਉਸਾਰੀ ਵਿਚ 182 ਵਿਧਾਨਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਇਹ ਸਤੰਭ ਅਮਰੀਕਾ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ 128 ਫੁੱਟ ਉੱਚੇ ਸਟੈਚੂ ਆਫ ਲਿਬਰਟੀ (ਸੁਤੰਤਰਤਾ ਸਤੰਭ) ਨਾਲੋਂ ਵੀ 54 ਫੁੱਟ ਉੱਚਾ ਹੈ। ਖ਼ੂਬੀ ਇਹ ਕਿ ਏਥੇ ਦਿਨ ਰਾਤ ਦੋ ਤੇਜ਼ ਰਫਤਾਰ ਐਸਕੇਲੇਟਰਜ਼ (ਬਿਜਲੀ ਲਿਫਟਾਂ) ਦਾ ਪ੍ਰਬੰਧ ਹੈ, ਜਿਹੜੀਆਂ ਇਕ ਮਿੰਟ ਵਿਚ ਯਾਤਰੀਆਂ ਨੂੰ ਬੁੱਤ ਦੀ ਛਾਤੀ ਤੱਕ ਲੈ ਜਾਂਦੀਆਂ ਹਨ। ਏਨੀਆਂ ਉੱਚੀਆਂ ਕਿ ਥੱਲੇ ਵੇਖਿਆਂ ਧਰਤੀ ਉੱਤੇ ਚੱਲ ਰਹੀਆਂ ਮੋਟਰ ਗੱਡੀਆਂ ਚੀਚ ਵਹੁਟੀਆਂ ਦਿਖਾਈ ਦਿੰਦੀਆਂ ਹਨ।
ਬੁੱਤ ਦੇ ਨੇੜੇ ਹੀ ਅਜਾਇਬਘਰ ਵੀ ਹੈ ਤੇ ਚਾਰ ਚੁਫੇਰੇ ਫੁੱਲਾਂ ਦੀ ਵਾਦੀ ਬਣਾਈ ਗਈ ਹੈ। ਹਰ ਸ਼ਾਮ ਸਾਢੇ ਸੱਤ ਵਜੇ ਲੇਜ਼ਰ ਸ਼ੋਅ (ਧੀਮੀ ਗਤੀ ਪ੍ਰਦਰਸ਼ਨ) ਦਾ ਆਨੰਦ ਮਾਨਣਾ ਹੋਵੇ ਤਾਂ ਬੈਠਣ ਲਈ 200 ਬੈਂਚਾਂ ਦਾ ਪ੍ਰਬੰਧ ਹੈ।
ਨੇੜੇ ਹੀ ਕਿ੍ਰਸ਼ਨ ਭਗਵਾਨ ਦਾ ਪੋਇਚਾ ਮੰਦਰ ਵੀ ਹੈ ਜਿੱਥੇ ਧਰਮ ਆਸਥਾ ਵਾਲੇ ਯਾਤਰੀ ਨਤਮਸਤਕ ਹੰੁਦੇ ਹਨ। ਏਥੇ ਦਰਸ਼ਕਾਂ ਤੇ ਯਾਤਰੀਆਂ ਦੇ ਰਹਿਣ ਤੇ ਸੁਸਤਾਉਣ ਲਈ ਤੰਬੂ ਬਸਤੀ ਦਾ ਪ੍ਰਬੰਧ ਹੈ ਜਿੱਥੇ ਦੂਰ ਦੁਰੇਡੇ ਦੇ ਯਾਤਰੀ ਰੈਣ ਬਸੇਰਾ ਕਰ ਸਕਦੇ ਹਨ। ਚੇਤੇ ਰਹੇ ਕਿ ਹਰ ਸੁਵਿਧਾ ਲਈ ਟੌਲ ਟੈਕਸ ਦੇਣਾ ਪੈਂਦਾ ਹੈ। ਕਾਹਲੀ ਕਰਨ ਵਾਲਿਆਂ ਨੂੰ 1050 ਤੇ ਬਾਕੀਆਂ ਨੂੰ 380 ਰੁਪਏ।
ਸਾਡੀ ਜਾਣੂ ਤੇ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਕਮਲਪ੍ਰੀਤ ਆਪਣੇ ਛੋਟੇ ਬੇਟੇ ਨੂੰ ਨਾਲ ਲੈ ਕੇ ਪਿਛਲੇ ਹਫਤੇ ਉਥੋਂ ਹੋ ਕੇ ਆਈ ਹੈ। ਉਹ ਸਭ ਕਾਸੇ ਦਾ ਅਜਿਹਾ ਨਕਸ਼ਾ ਖਿੱਚਦੀ ਹੈ ਕਿ ਸੁਣਨ ਵਾਲਾ ਸਰਦਾਰ ਸਰੋਵਰ ਡੈਮ, ਫੁੱਲਾਂ ਦੀ ਵਾਦੀ ਤੇ ਏਕਤਾ ਸਤੰਭ ਦਾ ਨਜ਼ਾਰਾ ਮਾਨਣ ਲੱਗਦਾ ਹੈ।
ਰੇਲ ਗੱਡੀ ਰਾਹੀਂ ਜਾਣਾ ਹੋਵੇ ਤਾਂ ਇਸ ਥਾਂ ਨੂੰ ਏਕਤਾ ਨਗਰ ਦਾ ਸਟੇਸ਼ਨ ਲੱਗਦਾ ਹੈ ਜਿੱਥੇ ਮੋਟਰ ਰਿਕਸ਼ਾ ਵਾਲੀਆਂ ਮਹਿਲਾਵਾਂ ਤੁਹਾਡੀ ਉਡੀਕ ਵਿਚ ਤਿਆਰ-ਬਰ-ਤਿਆਰ ਹੰੁਦੀਆਂ ਹਨ। ਜਾਓ ਤੇ ਮਾਣੋ।

ਅੰਤਿਕਾ
ਉਲਫਤ ਬਾਜਵਾ
ਡਾਇਰੀ `ਤੇ ਲਿਖ ਲਿਖ ਕੇ, ਮੇਰਾ ਨਾਂ ਤੱਕ ਵੀ ਭੁੱਲ ਜਾਨੈਂ,
ਤੈਨੂੰ ਯਾਦ ਜ਼ੁਬਾਨੀ ਸੱਜਣਾ, ਗੈਰਾਂ ਦੇ ਸਿਰਨਾਵੇਂ।