ਡਾਰੋਂ ਵਿਛੜੀ ਕੂੰਜ

ਲਾਜ ਨੀਲਮ ਸੈਣੀ
ਫੋਨ: 510-502-0551
ਅਮਰੀਕਾ ਵੱਸਦੀ ਲੇਖਕਾ ਲਾਜ ਨੀਲਮ ਸੈਣੀ ਦੀ ਕਹਾਣੀ ‘ਡਾਰੋਂ ਵਿਛੜੀ ਕੂੰਜ’ ਵਿਚ ਰਿਸ਼ਤਿਆਂ ਦਾ ਰਾਗ, ਪਰਵਾਸ ਦੀ ਪਰਵਾਜ਼ ਅਤੇ ਜ਼ਿੰਦਗੀ ਦੀ ਜੁਸਤਜੂ ਹੈ। ਇਸ ਵਿਚ ਜ਼ਿੰਦਗੀ ਦੇ ਨੈਣਾਂ ਵਿਚ ਹਰ ਪਲ ਪਲਮਦੇ ਸੁਪਨੇ ਹਨ ਜੋ ਲਗਾਤਾਰ ਅੰਗੜਾਈਆਂ ਭਰਦੇ ਹਨ। ਇਹ ਅਸਲ ਵਿਚ ਧੜਕਦੀ ਜ਼ਿੰਦਗੀ ਦੀਆਂ ਬਾਤਾਂ ਹਨ।

ਮੈਂ ਪਿਛਲੇ ਕੁਝ ਦਿਨਾਂ ਤੋਂ ਮੌਰੀ ਐਵਿਨਿਊ ਤੋਂ ਲੰਘਦਿਆਂ ਪੰਛੀਆਂ ਦੀਆਂ ਡਾਰਾਂ ਨੂੰ ਅਸਮਾਨ ਵਿਚ ਉਡਦਿਆਂ ਤੱਕਦੀ ਹਾਂ। ‘ਇਹ ਪੰਛੀ ਏਥੇ ਕਿਵੇਂ ਆ ਗਏ? ਪਹਿਲਾਂ ਤਾਂ ਕਦੀ ਨਹੀਂ ਦੇਖੇ, ਅਸਮਾਨ ਉੱਪਰ ਉਡਦੇ ਕਿੰਨੇ ਸੁਹਣੇ ਲੱਗਦੇ ਹਨ।’ ਜੀਅ ਕਰਦੈ ਕਾਰ ਨੂੰ ਇਕ ਪਾਸੇ ਖੜ੍ਹੀ ਕਰ ਕੇ, ਇਨ੍ਹਾਂ ਨੂੰ ਜੀ ਭਰ ਕੇ ਤੱਕਾਂ ਪਰ ਕੰਮ ’ਤੇ ਸਮੇਂ ਸਿਰ ਪਹੁੰਚਣ ਦੇ ਖਿਆਲ ਨਾਲ ਇਸ ਇੱਛਾ ਨੂੰ ਮਨ ਵਿਚ ਹੀ ਦਬਾ ਲੈਂਦੀ ਹਾਂ…।
ਕੰਮ `ਤੇ ਪੁੱਜ ਕੇ ਇਹ ਡਾਰਾਂ ਘੰਟਿਆਂ ਬੱਧੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀਆਂ ਹਨ। ਮੈਨੂੰ ਕੁਝ ਯਾਦ ਕਰਵਾਉਂਦੀਆਂ ਹਨ। ਪੰਛੀਆਂ ਦੀਆਂ ਇਨ੍ਹਾਂ ਡਾਰਾਂ ਨੂੰ ਲੈ ਕੇ ਮੇਰੇ ਦਿਲ ਵਿਚ ਰਹਿ-ਰਹਿ ਕੇ ਭਾਵਨਾਵਾਂ ਦਾ ਵਾਵਰੋਲਾ ਉੱਠ ਰਿਹੈ।
ਅੱਜ ਸਕੂਲ ਤੋਂ ਵਾਪਸ ਘਰ ਆ ਕੇ ਚਾਹ ਪੀਣ ਲੱਗੀ ਤਾਂ ਬਹੁਤ ਪਿੱਛੇ ਪਹੁੰਚ ਗਈ ਹਾਂ: ਆਪਣੇ ਵਤਨ, ਆਪਣੇ ਪਿੰਡ, ਆਪਣੇ ਘਰ, ਬਚਪਨ ਵਿਚ…। ਰੋਜ਼ ਸ਼ਾਮ ਢਲੀ ’ਤੇ ਕੂੰਜਾਂ ਦੀਆਂ ਡਾਰਾਂ ਇਕ ਤੋਂ ਬਾਅਦ ਇਕ ਕੋਠੇ ਉੱਪਰੋਂ ਲੰਘਦੀਆਂ।
ਮੈਂ ਆਪਣੇ ਭੈਣ-ਭਰਾ ਨਾਲ ਛੱਤ ’ਤੇ ਖੜ੍ਹ ਡਾਰ ਮੱਲਣ ਖੇਡਦੀ। ਅਸੀਂ ਤਿੰਨੇ ਡਾਰ ਵਿਚਲੀਆਂ ਕੂੰਜਾਂ ਨੂੰ ਗਿਣਨਾ ਸ਼ੁਰੂ ਕਰਦੇ। ਸਭ ਤੋਂ ਵੱਡੀ ਡਾਰ ਵੱਲ ਉਂਗਲ ਕਰ-ਕਰ ਕੇ ਕਹਿੰਦੇ, “ਇਹ ਡਾਰ ਮੇਰੀ ਆ, ਔਹ ਡਾਰ ਮੇਰੀ ਆ…।”
ਇਕ ਦਿਨ ਅਚਾਨਕ ਅਸਮਾਨ ਉੱਪਰੋਂ ਦੋ ਡਾਰਾਂ ਲੰਘੀਆਂ। ਉਨ੍ਹਾਂ ਤੋਂ ਬਾਅਦ ਇਕ ਕੂੰਜ ਇਕੱਲੀ ਉੱਚੀ-ਉੱਚੀ ਕੁਰਲਾਉਂਦੀ ਇੱਧਰ-ਉੱਧਰ ਘੁੰਮਣ ਲੱਗੀ। ਅਸੀਂ ਤਿੰਨੇ ਹੈਰਾਨ ਹੋ ਕੇ ਉਸ ਵੱਲ ਤੱਕ ਰਹੇ ਸੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਕਦੀ ਕਿਸੇ ਕੂੰਜ ਨੂੰ ਏਦਾਂ ਕੁਰਲਾਉਂਦੇ ਨਹੀਂ ਸੀ ਤੱਕਿਆ। ਇੰਨੇ ਨੂੰ ਮੰਮੀ ਉੱਪਰ ਆ ਗਏ। ਸਾਨੂੰ ਉਸ ਕੂੰਜ ਵੱਲ ਤੱਕਦੇ ਦੇਖ ਬੋਲੇ, “ਲੱਗਦੈ, ਆਹ ਕੂੰਜ ਆਪਣੀ ਡਾਰ ’ਚੋਂ ਵਿਛੜ ਗਈ ਆ।” ਮੰਮੀ ਇਹ ਆਖ ਕੇ ਚਲੇ ਗਏ ਤੇ ਮੈਂ ਓਥੇ ਖੜ੍ਹੀ ਕਿੰਨੀ ਦੇਰ ਉਸ ਕੂੰਜ ਦੇ ਡਾਰ ’ਚੋਂ ਵਿਛੜਨ ਦੇ ਅਰਥ ਲੱਭਦੀ ਰਹੀ।
ਕੁਝ ਦਿਨਾਂ ਬਾਅਦ ਮੈਂ ਪਿੰਡ ’ਚ ਆਪਣੀਆਂ ਸਹੇਲੀਆਂ ਜੀਤੀ ਅਤੇ ਭੋਲੀ ਨਾਲ ਇਕ ਵਿਆਹ ਵਿਚ ਸ਼ਾਮਲ ਹੋਈ। ਵਿਆਹ ਵਿਚ ਸਾਰੇ ਲੋਕ ਬਹੁਤ ਸਜੇ-ਧਜੇ ਫਿਰ ਰਹੇ ਸਨ। ਮੈਂ ਪਹਿਲੀ ਵਾਰੀ ਕਿਸੇ ਕੁੜੀ ਨੂੰ ਲਾਲ ਕੱਪੜਿਆਂ ਵਿਚ ਤਿਆਰ ਹੋਏ ਦੇਖਿਆ ਸੀ। ਸਾਰਾ ਮਾਹੌਲ ਬਹੁਤ ਵਧੀਆ ਸੀ। ਮੇਰੇ ਕੱਪੜੇ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਮੰਮੀ ਨੇ ਬਹੁਤ ਸੁਹਣੇ ਪਾਏ ਹੋਏ ਸਨ। ਬਰਾਤ ਰੋਟੀ ਖਾਣ ਲੱਗੀ ਤਾਂ ਔਰਤਾਂ ਗਾਉਣ ਲੱਗੀਆਂ। ਹੱਥ ਵਿਚ ਲੱਡੂਆਂ ਦਾ ਥਾਲ ਫੜੀ, ਕੋਲੋਂ ਦੀ ਲੰਘਦੀ ਹੋਈ ਤਾਈ ਤੇਜੋ ਬੋਲੀ, “ਕੁੜੇ ਕੁੜੀਓ-ਵਹੁਟੀਓ! ਦੱਬ ਕੇ ਸਿੱਠਣੀਆਂ ਦੇ ਲਓ ਨਵੇਂ ਕੁੜਮਾਂ ਨੂੰ! ਆਹ ਪੁਰਾਣਾ ਜਵਾਈ ਵੀ ਸੁੱਕਾ ਨਾ ਜਾਵੇ! ਹੁਣੇ ਮੌਕਾ!”
ਮੈਂ ਸਹੇਲੀਆਂ ਵਿਚ ਖੜ੍ਹੀ ਨੇ ਸਿੱਠਣੀਆਂ ਬੜੇ ਧਿਆਨ ਨਾਲ਼ ਸੁਣੀਆਂ। ਇਨ੍ਹਾਂ ਦੇ ਅਰਥ ਲੱਭਣ ਲਈ ਜਰਬਾਂ-ਤਕਸੀਮਾਂ ਦੇਣੀਆਂ ਸ਼ੁਰੂ ਕੀਤੀਆਂ।
ਰੋਟੀ-ਖਾਣ ਤੋਂ ਬਾਅਦ ਬਰਾਤ ਲੜਕੀ ਵਾਲੇ ਘਰ ਆਣ ਪਹੁੰਚੀ। ਲੜਕੀ ਦੇ ਭਰਾ ਉਸ ਨੂੰ ਵਿਆਂਦੜ ਮੁੰਡੇ ਦੇ ਮਗਰ ਤੋਰਨ ਲੱਗੇ। ਵਿਆਹ ਵਾਲੀ ਕੁੜੀ, ਲਾੜੇ ਦੇ ਮਗਰ ਤੁਰੀ, ਘੁੰਡ ਵਿਚ ਲਿਪਟੀ ਉੱਚੀ-ਉੱਚੀ ਰੋ ਰਹੀ ਸੀ,
“ਅੱਜ ਰੋਂਦੀ ਜਾਂਦੀ ਜੀ, ਵੀਰ ਜੀ!
ਕੂੰਜ ਵਿਛੜ ਗਈ ਡਾਰ ’ਚੋਂ।”
ਔਰਤਾਂ ਪਿੱਛੇ-ਪਿੱਛੇ ਗਾਉਂਦੀਆਂ ਤੇ ਨੀਰ ਵਹਾਉਂਦੀਆਂ ਤੁਰੀਆਂ ਜਾ ਰਹੀਆਂ ਸਨ। ਡੋਲੀ ਤੋਰਨ ਵੇਲੇ ਮਾਹੌਲ ਇੰਨਾ ਕਰੁਣਾਮਈ ਸੀ ਕਿ ਮੇਰਾ ਬਾਲ ਮਨ ਪੰਘਰ ਗਿਆ ਅਤੇ ਹਮੇਸ਼ਾਂ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ। ਮੈਂ ਜੀਤੀ ਅਤੇ ਭੋਲੀ ਨੂੰ ਬਿਨਾਂ ਕੁਝ ਕਹੇ ਵਾਪਸ ਘਰ ਆ ਗਈ। ਇਸ ਗੀਤ ਦੇ ਬੋਲ ਮੇਰੇ ਦਿਲ ਵਿਚ ਘਰ ਕਰਕੇ ਮੇਰੇ ਅਵਚੇਤਨ ਵਿਚ ਪਰਵੇਸ਼ ਕਰ ਗਏ…।
ਮੈਂ ਵੱਡੀ ਹੋਈ। ਮੰਮੀ-ਡੈਡੀ ਨਾਲ਼ ਪਿੰਡ ਅਤੇ ਰਿਸ਼ਤੇਦਾਰੀਆਂ ਵਿਚ ਬਹੁਤ ਸਾਰੇ ਵਿਆਹ ਖਾਧੇ। ਰਸਾਲੇ ਅਤੇ ਕਿਤਾਬਾਂ ਪੜ੍ਹੀਆਂ। ਇਨ੍ਹਾਂ ਗੀਤਾਂ ਦੇ ਅਰਥ ਲੱਭ ਲਏ। ਹੁਣ ਤਾਂ ਮੈਂ ਆਪ ਕਵਿਤਾਵਾਂ ਲਿਖਦੀ, ਬੋਲਦੀ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦੇ ਵਕਤ ‘ਆਓ ਬਦਲੀਏ ਇਹ ਰਿਵਾਜ, ਨਾ ਲਈਏ ਨਾ ਦਈਏ ਦਾਜ’ ਜਿਹੇ ਵਿਸ਼ੇ ਹੀ ਚੁਣਦੀ।
ਇਕ ਦਿਨ ਜਦੋਂ ਕਾਲਜ ਪਹੁੰਚੀ ਤਾਂ ਮੇਰੀਆਂ ਦੋਵਾਂ ਸਹੇਲੀਆਂ ਜੀਤੀ ਤੇ ਭੋਲੀ ਦੇ ਨਾਲ਼ ਇਕ ਹੋਰ ਕੁੜੀ ਵਿੰਦਰ ਜੋ ਮੈਨੂੰ ਚੰਗੀ ਲੱਗਦੀ ਸੀ, ਸਾਡੇ ਗਰੁੱਪ ਵਿਚ ਸ਼ਾਮਲ ਹੋ ਗਈ। ਉਹ ਹਰ ਵਕਤ ਸਾਡੇ ਨਾਲ ਰਹਿਣ ਲੱਗੀ। ਅਸੀਂ ਸਾਰੇ ਪੀਰੀਅਡ ਇਕੱਠੇ ਲਾਉਂਦੀਆਂ। ਵਿਹਲੇ ਪੀਰੀਅਡ ਕੋਈ ਕੋਨਾ ਦੇਖ ਕੇ ਜਾ ਬੈਠਦੀਆਂ ਸਾਂ। ਇਕ ਦਿਨ ਜਦੋਂ ਇਕਨਾਮਿਕਸ ਦਾ ਪੀਰੀਅਡ ਲਗਾਉਣ ਜਾ ਰਹੀਆਂ ਸਾਂ ਤਾਂ ਪ੍ਰੋ. ਗਿੱਲ ਨੇ ਆਵਾਜ਼ ਮਾਰ ਕੇ ਕਿਹਾ, “ਕੂੰਜਾਂ ਦੀ ਡਾਰ ਕਿੱਧਰ ਜਾ ਰਹੀ ਆ? ਅੱਜ ਪੀਰੀਅਡ ਨੲ੍ਹੀਂ ਲੱਗੇਗਾ।”
ਮੈਂ ਹਾਜ਼ਰ ਜਵਾਬ ਹੋ ਕੇ ਕਿਹਾ ਸੀ, “ਕੂੰਜਾਂ ਦੀ ਡਾਰ ਕਿੱਧਰ ਜਾਏਗੀ? ਪੀਰੀਅਡ ਨਾ ਲੱਗਿਆ ਤਾਂ ਮੁੜ ਗਰਾਊਂਡ ਵਿਚ ਜਾ ਬੈਠੇਗੀ ਤੇ ਅਗਲਾ ਪੀਰੀਅਡ ਲਗਾਉਣ ਤੋਂ ਬਾਅਦ ਘਰ ਚਲੀ ਜਾਵੇਗੀ। ਹੋਰ ਇਸ ਡਾਰ ਵਿਚਾਰੀ ਨੇ ਕਿੱਥੇ ਜਾਣਾ, ਸਰ?
ਪ੍ਰੋ. ਗਿੱਲ ਨੇ ਜਵਾਬ ਸੁਣ ਕੇ ਜ਼ੋਰ ਨਾਲ ਠਹਾਕਾ ਮਾਰਦੇ ਕਿਹਾ ਸੀ, “ਜਾਓ! ਫਿਰ ਅੱਜ ਗਰਾਊਂਡ ’ਚ ਉਡਾਰੀਆਂ ਮਾਰੋ” ਤੇ ਅਸੀਂ ਸਭ ਗਰਾਊਂਡ ’ਚੋਂ ਉਡਦੀਆਂ ਚਾਰੇ ਕੂੰਟਾਂ ਵਿਚ ਉਡ ਗਈਆਂ। ਮੈਂ ਅਮਰੀਕਾ ਆ ਗਈ, ਭੋਲੀ ਇਟਲੀ, ਜੀਤੀ ਨਾਲ ਦੇ ਪਿੰਡ ਕੁਰਾਲੇ ਅਤੇ ਵਿੰਦਰ ਨੇ ਵਿਆਹ ਨਾ ਕਰਵਾਇਆ…।
ਮੇਰਾ ਚਾਹ ਦਾ ਕੱਪ ਖਾਲੀ ਹੋ ਗਿਐ ਪਰ ਮੈਂ ਯਾਦਾਂ ਦੇ ਮੋਤੀ ਪਰੋਂਦੀ ਹੋਈ ਹਾਰ ਦੀ ਲੜੀ ਲੰਮੀ ਕਰ ਰਹੀ ਹਾਂ।
ਉਹ ਕਾਲਜ ਦੇ ਮਸਤੀ ਭਰੇ ਦਿਨ, ਨਾ ਕੰਮ ਦਾ ਫ਼ਿਕਰ ਤੇ ਨਾ ਬੱਚੇ ਦੀ ਚਿੰਤਾ, ਖਾਓ-ਪੀਓ-ਮੌਜ ਉਡਾਓ…ਕਿੰਨਾ ਕੁਝ ਪਿੱਛੇ ਰਹਿ ਗਿਆ…। ਮੈਂ ਆਪਣੇ ਹੀ ਮਨ ਨਾਲ ਗੱਲਾਂ ਕਰ ਰਹੀ ਹਾਂ। ਕਿਵੇਂ ਇਕ ਦਿਨ ਪੌਲੀਟੀਕਲ ਸਾਇੰਸ ਦਾ ਪੀਰੀਅਡ ਲਾਉਣ ਜਾਂਦੇ ਡੇਢ-ਫੁੱਟੇ ਆਸ਼ਕ ਨਾਲ ਟੱਕਰ ਹੋ ਗਈ ਸੀ। ਜੀਤੀ ਨੇ ਤਾਂ ਉਸਦੀ ਮਾਂ-ਭੈਣ ਗਿਣ ਦਿੱਤੀ। ਥੋੜ੍ਹਾ ਅੱਗੇ ਜਾ ਕੇ ਸਪੋਰਟਸ ਵਾਲੇ ਮਿਲ ਪਏ। ਅਸੀਂ ਨੀਵੀਆਂ ਪਾ ਲਈਆਂ। ਫਿਰ ਵੀ ਉਨ੍ਹਾਂ ਵਿਚੋਂ ਇਕ ਉੱਚੀ ਆਵਾਜ਼ `ਚ ਬੋਲਿਆ, “ਕਹਿੰਦੇ! ਨਮੇ ’ਥੇਟਰ ‘ਚ ਫ਼ਿਲਮ ਬਹੁਤ ਵਧੀਆ ਲੱਗੀ ਆ।”
“ਚਲੋ ਅੱਜ ਈ ਚੱਲਦੇ ਆਂ ਦੇਰ ਕਾਹਦੀ?” ਦੂਜਾ ਬੋਲਿਆ।
ਮੈਂ ਆਪਣੇ ਕਦਮ ਹੋਰ ਤੇਜ਼ ਕਰ ਲਏ ਪਰ ਜੀਤੀ ਨੇ ਉੱਚੀ ਸੁਰ ਕਰਦੇ ਕਿਹਾ, “ਫਿਲਮ ਤਾਂ ਸੱਚੀਂ ਬਹੁਤ ਸੁਹਣੀ ਆਂ। ਹੁਣ ਦੇਖ ਕੇ ਈ ਮੁੜਿਓ! ਮਾਂ ਦਿਓ ਦੀਨਿਓਂ!!”
“ਅੱਛਾ ਤੇਰੀ ਦੇਖੀ ਲੱਗਦੀ ਆ। ਕੀ ਨਾਂ ਫਿਲਮ ਦਾ…?” ਮੈਂ ਗੁੱਸੇ ਭਰੀਆਂ ਨਜ਼ਰਾਂ ਨਾਲ ਇਕ ਵਾਰੀ ਉਨ੍ਹਾਂ ਵੱਲ ਤੇ ਦੂਜੀ ਵਾਰੀ ਜੀਤੀ ਵੱਲ ਤੱਕਿਆ ਪਰ ਜੀਤੀ ਮੇਰੀ ਪ੍ਰਵਾਹ ਕੀਤੇ ਬਿਨਾਂ ਬੋਲੀ, “ਤੇਰੀ ਬੀਬੀ ਤੇ ਮੇਰਾ ਭਾਪਾ…ਅੱਜ ਦਾ ਸ਼ੋਅ ਦੇਖਣਾ ਨਾ ਭੁੱਲਿਓ।”
ਮੈਂ ਇਸ ਘਟਨਾ ਤੋਂ ਥੋੜ੍ਹਾ ਪ੍ਰੇਸ਼ਾਨ ਹੋ ਕੇ ਜੀਤੀ ਨਾਲ ਨਾਰਾਜ਼ ਹੋ ਗਈ ਤਾਂ ਜੀਤੀ ਬੋਲੀ, “ਨਵ ਤੂੰ ਸੁਹਣੀ ਈ ਬਹੁਤ ਆਂ, ਏਸ ਵਿਚ ਮੁੰਡਿਆਂ ਦਾ ਵੀ ਕੀ ਕਸੂਰ? ਹਾ-ਹਾ-ਹਾ ਜੇ ਮੈਂ ਵੀ ਮੁੰਡਾ ਹੁੰਦੀ ਤਾਂ ਸ਼ਾਇਦ ਤੈਨੂੰ ਛੇੜੇ ਬਿਨਾਂ ਨਾ ਲੰਘਦੀ।”
“ਜੀਤੀ ਕਦੀ ਪੜ੍ਹਾਈ ਦੀ ਗੱਲ ਵੀ ਕਰ ਲਿਆ ਕਰ। ਸਾਰਾ ਦਿਨ ਇਹੋ ਜਿਹੇ ਕਿੱਸੇ ਲੈ ਕੇ ਬੈਠੀ ਰਹਿੰਨੀ ਆਂ। ਤੈਨੂੰ ਪਤਾ ਕਲ੍ਹ ਗਿੱਲ ਸਰ ਨੇ ਟੈਸਟ ਲੈਣਾਂ, ਚਾਰ ਪ੍ਰਸ਼ਨ ਮਿਲੇ ਆ, ਯਾਦ ਕਰ ਲਏ?”
“ਮੈਂ ਤਾਂ ਤੇਰੀ ਆਸ `ਤੇ ਹੀ ਬੈਠੀ ਆਂ, ਤੂੰ ਥੋੜ੍ਹਾ-ਬਹੁਤਾ ਦਿਖਾ ਦੇਈਂ। ਆਪਾਂ ਕਿਹੜਾ ਤੇਰੇ ਆਂਗ ਫ਼ਸਟ ਡਿਵੀਜ਼ਨ ਲੈਣੀ ਆਂ। ਬੱਸ ਬੀ.ਏ ਪਾਸ ਕਰਨੀ ਆਂ। ਜੇ ਫੇਲ੍ਹ ਹੋ ਗਈ ਤਾਂ ਸਹੁਰੇ ਘਰ ਬੇਜ਼ਤੀ ਬਹੁਤ ਖਰਾਬ ਹੋਊਗੀ।”
ਭੋਲੀ ਹੱਸ ਪਈ ਸੀ, “ਲੈ! ਅੱਜ ਤੈਨੂੰ ਆਪਣੀ ਬੇਜ਼ਤੀ ਖਰਾਬ ਹੋਣ ਦੀ ਚਿੰਤਾ ਲੱਗ ਗਈ। ਕੱਲ੍ਹ ਤਾਂ ਕਹਿੰਦੀ ਸੀ ਪਈ ਬੀ.ਏ ਪਾਸ ਕਰਾਂ ਜਾਂ ਫੇਲ੍ਹ, ਪਕਾਉਣੀਆਂ ਤਾਂ ਸੌਰ੍ਹੇ ਘਰ ਰੋਟੀਆਂ ਈਂ ਨੇ।”
ਭੋਲੀ ਦੀ ਗੱਲ ਸੁਣ ਅਸੀਂ ਉੱਚੀ-ਉੱਚੀ ਹੱਸ ਪਈਆਂ ਸੀ…।
ਸਾਰੇ ਪੀਰੀਅਡ ਖਤਮ ਕਰ ਵਿੰਦਰ ਸਾਨੂੰ ਬਾਏ-ਬਾਏ ਕਰਦੀ ਸੀਕਰੀ ਵੱਲ ਨੂੰ ਚੱਲ ਪਈ ਤੇ ਅਸੀਂ ਤਿੰਨੇ ਆਪਣੇ ਪਿੰਡ ਵੱਲ। ਅਜੇ ਪੈਟਰੋਲ ਪੰਪ ਲੰਘ ਕੇ ਭੱਠੇ ਕੋਲ ਹੀ ਪਹੁੰਚੀਆਂ ਸੀ ਕਿ ਅੱਗੇ ਬਿਜਲੀ ਵਾਲੇ ਖੰਭਾ ਪੁੱਟ ਰਹੇ ਸਨ। ਉੱਚੀ ਆਵਾਜ਼ ਵਿਚ “ਲਾ ਦੇ ਜ਼ੋਰ! ਹਈ ਸ਼ਾਅ!! ਖਿੱਚ ਜਵਾਨਾ! ਹਈ ਸ਼ਾਅ!!” ਆਪਣਾ ਤਕੀਆ ਕਲਾਮ ਬੋਲ ਰਹੇ ਸਨ।
ਸਾਨੂੰ ਨੇੜੇ ਆਉਂਦੀਆਂ ਤੱਕ ਇਕ ਬੋਲਿਆ, “ਪਿੰਡ ਦੀਆਂ ਕੁੜੀਆਂ! ਹਈ ਸ਼ਾਅ!! ਖੰਡ ਦੀਆਂ ਪੁੜੀਆਂ! ਹਈ ਸ਼ਾਅ!!
ਜੀਤੀ ਸਾਈਕਲ ਤੋਂ ਉੱਤਰ ਕੇ ਦੋ ਹੱਥ ਕਰਨ ਲਈ ਤਿਆਰ ਹੋ ਗਈ ਪਰ ਮੈਂ ਤੇ ਭੋਲੀ ਨੇ ਆਪਣੇ ਸਾਈਕਲ ਹੋਰ ਤੇਜ਼ ਕਰ ਲਏ ਤਾਂ ਉਹ ਵੀ ਬਿਨਾਂ ਲੜਾਈ ਕੀਤੇ ਸਾਡੇ ਪਿੱਛੇ ਹੀ ਆ ਗਈ। “ਮੈਨੂੰ ਉਨ੍ਹਾਂ ਦੀ ਮੁਰੰਮਤ ਨ੍ਹੀਂ ਕਰਨ ਦਿੱਤੀ?” ਉਸਦੀ ਆਵਾਜ਼ ‘ਚ ਲੋਹੜੇ ਦਾ ਗੁੱਸਾ ਸੀ।
“ਤੈਨੂੰ ਕਿੰਨੀ ਵਾਰੀ ਕਿਹਾ ਚੁੱਪ ਕਰ ਕੇ ਆ ਜਾਇਆ ਕਰ, ਮੂਰਖਾਂ ਦੇ ਸਿਰ `ਤੇ ਕਿਹੜਾ ਸਿੰਙ ਹੁੰਦੇ ਆ। ਨਾਲੇ ਕੀ ਪਤਾ ਕੌਣ ਨੇ?” ਮੈਂ ਆਪਣਾ ਪੱਖ ਪੇਸ਼ ਕੀਤਾ ਸੀ।
“ਲੈ ਪਤਾ ਕਿੱਦਾਂ ਨ੍ਹੀਂ, ਇਕ ਤਾਂ ਮੈਂ ਸਾਫ ਪਛਾਣ ਲਿਆ ਜਿਹੜਾ ਪਰਸੋਂ ਆਰੇ ਵਾਲਿਆਂ ਦੇ ਮੁੰੰਡੇ ’ਨਾ ਕਾਲਜ ਫਿਰਦਾ ਸੀ।” ਜੀਤੀ ਨੇ ਨਵੀਂ ਗੱਲ ਕੱਢ ਮਾਰੀ ਸੀ।
“ਕਿਹੜੇ ਆਰੇ ਵਾਲੇ?”
“ਭੁੱਲ ਗਈ! ਜਦੋਂ ਯੂਥ ਫੈਸਟੀਵਲ `ਤੇ ਕਵਿਤਾ ਬੋਲ ਕੇ ਆਈ ਸੀ ਤਾਂ ਕਿਮੇਂ ਲਾਰਾਂ ਟਪਕਾਉਂਦਾ ਸਾਨੂੰ ਸੁਣਾ ਕੇ ਬੋਲਿਆ ਸੀ, “ਨਵ ਦਾ ਨਾਂ ਤਾਂ ਕਵਿਤਾ ਹੋਣਾ ਚਾੲ੍ਹੀਦਾ ਸੀ।”
ਭੋਲੀ ਮੱਥੇ ’ਤੇ ਵੱਟ ਪਾ ਕੇ ਬੋਲੀ ਸੀ, “ਸੱਚੀਂ, ਏਨੂੰ ਈ ਕਹਿੰਦੇ ਆ ਟਿੱਡੀਆਂ ਨੂੰ ਜਕਾਮ ਹੋਣਾਂ?” ਏਦਾਂ ਗੱਲਾਂ ਕਰਦੀਆਂ-ਕਰਦੀਆਂ ਅਸੀਂ ਪਿੰਡ ਪਹੁੰਚ ਗਈਆਂ ਸੀ…।
ਜੀਤੀ ਅਤੇ ਭੋਲੀ ਦੇ ਵਿਆਹ ਤੋਂ ਬਾਅਦ ਮੇਰੀ ਵਾਰੀ ਆ ਗਈ। ਵਿੰਦਰ ਪੜ੍ਹਾਈ ਪੂਰੀ ਕਰ ਕੇ ਖ਼ਾਲਸਾ ਕਾਲਜ ਵਿਚ ਇਕਨਾਮਿਕਸ ਦੀ ਲੈਕਚਰਾਰ ਲੱਗ ਗਈ। ਕੁਝ ਘਰੇਲੂ ਕਾਰਨਾਂ ਤੇ ਕੁਝ ਉਹਦੀ ਆਜ਼ਾਦ ਰਹਿਣ ਦੀ ਇੱਛਾ ਕਰਕੇ ਵੀ, ਵਿੰਦਰ ਦਾ ਵਿਆਹ ਨਾ ਕਰਵਾਉਣ ਦਾ ਫੈਸਲਾ ਅਟੱਲ ਸੀ। ਮੇਰੇ ਲਈ ਇਕ ਲੰਮੀ ਤਲਾਸ਼ ਤੋਂ ਬਾਅਦ ਇਕ ਸ਼ਰੀਫ਼ ਖ਼ਾਨਦਾਨ ਦਾ ਬਹੁਤ ਹੀ ਸ਼ਰੀਫ਼ ਲੜਕਾ ਮੰਮੀ-ਡੈਡੀ ਨੇ ਲੱਭਿਆ, ਜੋ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਸੀ…।
ਇਕ ਪਲ ਲਈ ਮੇਰੀਆਂ ਯਾਦਾਂ ਦੀ ਲੜੀ ਰਿੱਕੀ ਤੋੜ ਦਿੰਦਾ ਹੈ। ਮੈਂ ਉਸਨੂੰ ਦੁੱਧ ਦੀ ਬੋਤਲ ਫੜਾ ਉਸ ਦੇ ਕੋਲ ਹੀ ਬੈਠ ਗਈ ਹਾਂ। ਮੈਂ ਵਿਆਹ ਦੀ ਯਾਦ ਨੂੰ ਤਾਜ਼ਾ ਕਰਨ ਲਈ ਮੂਵੀ ਲਗਾ ਲਈ ਹੈ। ਜੀਤੀ ਅਤੇ ਵਿੰਦਰ ਮੇਰੇ ਵਿਆਹ ਵਿਚ ਨੈਣ ਵਾਂਗ ਘੁੰਮ ਰਹੀਆਂ ਹਨ। ਬਰਾਤ ਚਾਹ ਪੀ ਰਹੀ ਏ। ਪਿੰਡ ਦੀਆਂ ਔਰਤਾਂ ਸਿੱਠਣੀਆਂ ਦੇ ਰਹੀਆਂ ਹਨ।
ਡੋਲੀ ਤੁਰਨ ਵੇਲੇ ਤਾਂ ਮੈਂ ਬਹੁਤ ਰੋ ਰਹੀ ਹਾਂ। ਮੇਰੀਆਂ ਚਾਚੀਆਂ, ਤਾਈਆਂ, ਭੂਆ, ਭਰਜਾਈਆਂ, ਮਾਮੀਆਂ ਅਤੇ ਮਾਸੀਆਂ, ਸਾਡੇ ਪਿੱਛੇ ਗਾ ਰਹੀਆਂ ਨੇ,
“ਅੱਜ ਰੋਂਦੀ ਜਾਂਦੀ ਜੀ ਵੀਰ ਜੀ,
ਕੂੰਜ ਵਿਛੜ ਗਈ ਡਾਰ `ਚੋਂ।”
ਅੱਜ ਵੀ ਇਹ ਸੀਨ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ। ਮੈਂ ਟੀ ਵੀ ਬੰਦ ਕਰ ਦਿੱਤੈ।
ਮੈਨੂੰ ਅਮਰੀਕਾ ਆਏ ਤਿੰਨ ਵਰ੍ਹੇ ਹੋ ਗਏ ਹਨ। ਇਸ ਸਮੇਂ ਦੌਰਾਨ ਵਿੰਦਰ ਦੀਆਂ ਚਿੱਠੀਆਂ ਲਗਾਤਾਰ ਮਿਲ ਰਹੀਆਂ ਹਨ। ਮੈਂ ਉਸ ਦੀ ਹਰ ਚਿੱਠੀ ਦਾ ਜਵਾਬ ਦਿੰਦੀ ਹਾਂ। ਇਥੋਂ ਦੀ ਜ਼ਿੰਦਗੀ ਮੈਨੂੰ ਚੰਗੀ ਲੱਗਦੀ ਹੈ। ਰਾਜੇਸ਼ ਦਾ ਨਿੱਘਾ ਸਾਥ ਵੀ। ਉਹ ਮੈਨੂੰ ਕਿਸੇ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ, ਵਿੰਦਰ ਨੂੰ ਜਵਾਬਾਂ ਵਿਚ ਲਿਖਦੀ ਹਾਂ…।
ਮੈਂ ਕੰਮ `ਤੇ ਜਾਣਾ ਸ਼ੁਰੂ ਕਰ ਦਿੰਦੀ ਹਾਂ। ਮੇਰੀਆਂ ਚਿੱਠੀਆਂ ਜਾਣੀਆਂ ਘਟ ਜਾਂਦੀਆਂ ਹਨ। ਵਿੰਦਰ ਸੋਚਦੀ ਹੈ ਕਿ ਮੈਂ ਬਦਲ ਗਈ ਹਾਂ…।
ਪੂਰੇ ਢਾਈ ਵਰ੍ਹੇ ਬਾਅਦ ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਹੁਣ ਤਾਂ ਕਦੇ ਰੋਟੀ ਵੀ ਇਕੱਠੇ ਬੈਠ ਕੇ ਨਹੀਂ ਖਾਧੀ। ਰਾਜੇਸ਼ ਰਿੱਕੀ ਨੂੰ ਫੜਦਾ ਹੈ ਤਾਂ ਮੈਂ ਰੋਟੀ ਖਾਂਦੀ ਹਾਂ। ਮੈਂ ਰਿੱਕੀ ਨੂੰ ਫੜਦੀ ਹਾਂ ਤਾਂ ਉਹ ਰੋਟੀ ਖਾਂਦਾ ਹੈ। ਮੈਂ ਕੰਮ ’ਤੇ ਜਾਂਦੀ ਹਾਂ ਤਾਂ ਰਾਜੇਸ਼ ਰਿੱਕੀ ਕੋਲ ਹੁੰਦਾ ਹੈ। ਮੈਂ ਰਿੱਕੀ ਕੋਲ ਹੁੰਦੀ ਹਾਂ ਤਾਂ ਰਾਜੇਸ਼ ਕੰਮ ’ਤੇ ਜਾਂਦਾ ਹੈ। ਹੁਣ ਤਾਂ ਕਦੀ ਜੀਅ ਭਰ ਕੇ ਇਕ ਦੂਜੇ ਨੂੰ ਤੱਕਿਆ ਵੀ ਨਹੀਂ। ਬੱਸ ਫੋਨ ’ਤੇ ਹੀ ਗੱਲਾਂ ਹੁੰਦੀਆਂ ਹਨ…। ਮੈਂ ਮੌਕਾ ਮਿਲਦੇ ਹੀ ਵਿੰਦਰ ਨੂੰ ਖ਼ਤ ਲਿਖਦੀ ਹਾਂ। ਅਚਾਨਕ ਸਾਡਾ ਪ੍ਰੋਗਰਾਮ ਇੰਡੀਆ ਜਾਣ ਦਾ ਬਣ ਗਿਆ ਏ। ਅਸੀਂ ਸਿਰਫ਼ ਚਾਰ ਹਫ਼ਤੇ ਲਈ ਜਾ ਰਹੇ ਹਾਂ। ਮੈਂ ਵਿੰਦਰ ਨੂੰ ਸਰਪਰਾਈਜ਼ ਦੇਣਾ ਚਾਹੁੰਦੀ ਹਾਂ।
ਅਮਰੀਕਾ ਵਿਚ ਜੇਕਰ ਮੈਨੂੰ ਕੋਈ ਗੱਲ ਬਹੁਤ ਪਸੰਦ ਹੈ ਤਾਂ ਇਥੋਂ ਦੇ ਲੋਕਾਂ ਵਲੋਂ ਦਿੱਤੇ ਜਾਂਦੇ ਸਰਪਰਾਈਜ਼ ਅਤੇ ਸਰਪਰਾਈਜ਼ ਪਾਰਟੀਆਂ। ਮੈਨੂੰ ਬਹੁਤ ਚੰਗਾ ਲੱਗਿਆ ਸੀ ਜਦੋਂ ਮੇਰੇ ਜਨਮ ਦਿਨ `ਤੇ ਮੇਰੀ ਸੁਪਰਵਾਈਜ਼ਰ ਨੇ ਮੈਨੂੰ ਸਰਪਰਾਈਜ਼ ਪਾਰਟੀ ਦਿੱਤੀ ਸੀ…।
ਮੈਂ ਖ਼ੁਸ਼ੀਆਂ ਦੀ ਕਨ੍ਹੇੜੀ ਚੜ੍ਹ ਕੇ ਇੰਡੀਆ ਜਾ ਰਹੀ ਹਾਂ। ਜਹਾਜ਼ ਦਾ ਕੱਦ ਇਸ ਕਨ੍ਹੇੜੀ ਨਾਲੋਂ ਕਿਤੇ ਛੋਟਾ ਲੱਗ ਰਿਹਾ ਏ। ਦਿੱਲੀ ਪਹੁੰਚਦੇ ਹੀ ਪਹਿਲੀ ਖ਼ਬਰ ਗਿੱਲ ਸਰ ਦੇ ਇਸ ਦੁਨੀਆਂ ’ਚ ਨਾ ਹੋਣ ਦੀ ਮਿਲੀ। ਮੈਂ ਟੈਕਸੀ ਵਿਚ ਨਹੀਂ ਗਿੱਲ ਸਰ ਦੀ ਕਲਾਸ ਵਿਚ ਬੈਠੀ ਹੀ ਪੰਜਾਬ ਪਹੁੰਚ ਗਈ…।
ਘਰ ਪਹੁੰਚਦੇ ਹੀ ਰਿੱਕੀ ਬਿਮਾਰ ਹੋ ਗਿਆ। ਰਾਜੇਸ਼ ਦੇ ਭਤੀਜੇ ਦਾ ਵਿਆਹ, ਜ਼ਮੀਨ ਦੀ ਵੰਡ-ਵੰਡਾਈ, ਰਹਿੰਦਾ ਖੂੰਹਦਾ ਸਮਾਂ ਖੰਭ ਲਾ ਕੇ ਉੱਡ ਗਿਆ। ਮੈਂ ਪਲ-ਪਲ ਵਿੰਦਰ ਨੂੰ ਮਿਲਣਾ ਲੋਚਦੀ, ਗਿੱਲ ਸਰ ਦਾ ਅਫ਼ਸੋਸ ਕਰਨਾ ਤੱਕਦੀ ਮੁੜ ਅਮਰੀਕਾ ਆ ਗਈ ਹਾਂ। ਮਨ ’ਤੇ ਪੱਥਰਾਂ ਵਰਗਾ ਬੋਝ ਹੈ। ਵਿੰਦਰ ਨੂੰ ਚਿੱਠੀ ਲਿਖ ਕੇ ਸਾਰੀ ਸਥਿਤੀ ਸਪੱਸ਼ਟ ਕਰਨਾ ਚਾਹੁੰਦੀ ਹਾਂ ਪਰ ਜ਼ਿੰਦਗੀ ਪਹਿਲਾਂ ਤੋਂ ਵੀ ਜ਼ਿਆਦਾ ਉਲਝ ਗਈ ਹੈ।
ਰਿੱਕੀ ਵੱਡਾ ਹੋ ਰਿਹਾ ਏ। ਜ਼ਿਆਦਾ ਧਿਆਨ ਮੰਗਦੈ। ਰਾਜੇਸ਼ ਕੰਮ ’ਤੇ ਹੈ। ਮੈਨੂੰ ਇਹ ਧਰਤੀ ਨਿਰਮੋਹੀ ਤੇ ਪਰਾਈ ਲੱਗਦੀ ਹੈ। ਕੋਈ ਵੀ ਆਪਣਾ ਹੋ ਕੇ ਨਹੀਂ ਮਿਲਦਾ। ਜੇ ਕੋਈ ਮਿਲ ਵੀ ਪੈਂਦਾ ਹੈ ਤਾਂ ਪਿੱਠ ਪਿੱਛੇ ਛੁਰਾ ਚੁਭਾਉਣਾ ਨਹੀਂ ਭੁੱਲਦਾ। ਜੋ ਮੂੰਹ `ਤੇ ਆਪਣੇ ਹਨ, ਢਿੱਡ ਵਿਚ ਸਭ ਤੋਂ ਵੱਧ ਉਹ ਹੀ ਈਰਖਾ ਕਰਦੇ ਹਨ।
ਅਚਾਨਕ ਫੋਨ ਦੀ ਘੰਟੀ ਵੱਜੀ ਏ,
“ਹੈਲੋ! ਨਵ ਕੀ ਹਾਲ ਆ?”
“ਠੀਕ ਹਾਂ, ਰਾਜੇਸ਼ ਤੁਸੀਂ?”
“ਠੀਕ ਆਂ। ਵਿੰਦਰ ਦੀ ਚਿੱਠੀ ਆਈ ਆ ਪੜ੍ਹ ਲਈ?”
“ਨੲ੍ਹੀਂ! ਕਿੱਥੇ ਆ?”
“ਟੇਬਲ `ਤੇ ਰੱਖ ਕੇ ਆਇਆ ਸੀ। ਪੜ੍ਹ ਕੇ ਫੋਨ ਕਰੀਂ।”
ਮੈਂ ਫੋਨ ਰੱਖ ਕੇ ਚਿੱਠੀ ਪੜ੍ਹਦੀ ਹਾਂ:
ਪਿਆਰੀ ਨਵ,
ਬਹੁਤ-ਬਹੁਤ ਪਿਆਰ।
ਮੇਰਾ ਖ਼ਤ ਦੇਖ ਕੇ ਇਹ ਤਾਂ ਸੋਚੇਂਗੀ ਕਿ ਮੈਂ ਤਾਂ ਇੰਡੀਆ ਜਾ ਕੇ ਮਿਲੀ ਤੱਕ ਵੀ ਨਹੀਂ ਪਰ ਇਹ ਕਿਸ ਲਾਲਚ ਨੂੰ ਪਿੱਛਾ ਨਹੀਂ ਛੱਡ ਰਹੀ। ਮੈਂ ਮੰਨਦੀ ਹਾਂ ਤੂੰ ਅਮਰੀਕਾ ਵਿਚ ਹੈਂ। ਬਹੁਤ ਡਾਲਰ ਹਨ ਪਰ ਮੈਨੂੰ ਤਾਂ ਤੇਰੇ ਪਿਆਰ ਤੋਂ ਬਿਨਾਂ ਕੁਝ ਨਹੀਂ ਚਾਹੀਦਾ ਸੀ। ਨਵ ਸੱਚ ਜਾਣੀਂ ਜਦ ਤੇਰੇ ਆਉਣ ਤੇ ਬਿਨਾਂ ਮਿਲੇ ਜਾਣ ਦੀ ਖ਼ਬਰ ਮਿਲੀ ਤਾਂ ਮੈਂ ਤਾਂ ਲੋਕਾਂ ਦੀ ਗੱਲ `ਤੇ ਯਕੀਨ ਹੀ ਨਹੀਂ ਕੀਤਾ ਪਰ ਬਾਅਦ ਵਿਚ ਯਕੀਨ ਆ ਗਿਆ ਜਦੋਂ ਬਜ਼ਾਰ ਵਿਚ ਅਚਾਨਕ ਤੇਰੇ ਭਰਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਮੈਥੋਂ ਕੋਈ ਗ਼ਲਤੀ ਹੋ ਗਈ ਸੀ ਜਾਂ ਤੈਨੂੰ ਅਮਰੀਕਾ ਨੇ ਹੀ ਬਦਲ ਦਿੱਤਾ। ਮੈਂ ਤਾਂ ਤੇਰੇ ਕੋਲੋਂ ਕਦੇ ਕੁਝ ਮੰਗਿਆ ਹੀ ਨਹੀਂ। ਖ਼ੈਰ ਕੁਝ ਵੀ ਹੋਵੇ, ਹੁਣ ਮੈਂ ਆਪਣੀ ਕੋਈ ਵੀ ਖ਼ੁਸ਼ੀ-ਗ਼ਮੀ ਤੇਰੇ ਨਾਲ ਸਾਂਝੀ ਨਹੀਂ ਕਰਾਂਗੀ ਅਤੇ ਨਾ ਹੀ ਖ਼ਾਹ-ਮਖ਼ਾਹ ਤੈਨੂੰ ਪਰੇਸ਼ਾਨ ਕਰਾਂਗੀ। ਖ਼ਤ ਵੀ ਨਹੀਂ ਲਿਖਾਂਗੀ। ਤੂੰ ਮੇਰੀਆਂ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਇਸ ਤੋਂ ਜ਼ਿਆਦਾ ਕੁਝ ਨਹੀਂ ਕਹਾਂਗੀ। ਕਸੂਰ ਤੇਰਾ ਨਹੀਂ, ਅਮਰੀਕਾ ਦਾ ਹੈ। ਮੇਰੇ ਵਲੋਂ ਭਾਅ ਜੀ ਨੂੰ ਸਤਿ ਸ੍ਰੀ ਅਕਾਲ ਅਤੇ ਰਿੱਕੀ ਨੂੰ ਪਿਆਰ!
ਤੇਰੀ ਸਹੇਲੀ,
ਵਿੰਦਰ।
ਵਿੰਦਰ ਦੀ ਚਿੱਠੀ ਪੜ੍ਹਦੇ ਮੇਰੀਆਂ ਅੱਖਾਂ ਵਿਚੋਂ ਪਰਲ-ਪਰਲ ਅੱਥਰੂ ਵਹਿ ਰਹੇ ਨੇ। ਜੀਅ ਕਰਦਾ ਏ ਉਡ ਕੇ ਉਸ ਨੂੰ ਜਾ ਮਿਲਾਂ ਪਰ ਕਾਸ਼! ਇਹ ਸੰਭਵ ਹੋਵੇ…। ਜੀਅ ਭਰ ਕੇ ਰੋ ਲਿਆ। ਮਨ ਹਲਕਾ ਹੋ ਗਿਆ ਹੈ। ਰਿੱਕੀ ਵੀ ਮੇਰੇ ਵੱਲ ਦੇਖ ਰੋਣ ਲੱਗ ਪਿਐ। ਜ਼ਿੰਦਗੀ ਹੰਭੀ-ਟੁੱਟੀ ਲੱਗ ਰਹੀ ਆ। ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਕਰਦਾ ਪਰ ਰਿੱਕੀ ਨੂੰ ਚੁੱਪ ਕਰਾ ਰਹੀ ਹਾਂ। ਉਹ ਰੋਂਦਾ-ਰੋਂਦਾ ਸੌਂ ਗਿਆ ਏ। ਮੈਂ ਸਭ ਕੁਝ ਛੱਡ ਪੇਪਰ ਅਤੇ ਪੈੱਨ ਚੁੱਕ ਵਿੰਦਰ ਨੂੰ ਵਾਪਸੀ ਖ਼ਤ ਲਿਖਦੀ ਹਾਂ।
ਪਿਆਰੀ ਵਿੰਦਰ,
ਸੱਤ ਤੇ ਵੀਹ ਖ਼ੈਰਾਂ!
ਤੇਰੀ ਚਿੱਠੀ ਮਿਲੀ ਪੜ੍ਹ ਕੇ ਅੱਖਾਂ ਹੀ ਨਹੀਂ ਮੇਰਾ ਦਿਲ ਵੀ ਰੋਇਆ ਏ। ਮੈਂ ਤਾਂ ਪਲ-ਪਲ ਤੈਨੂੰ ਮਿਲਣਾ ਚਾਹਿਆ। ਏਨੀ ਦੇਰ ਤੱਕ ਤੇਰੀਆਂ ਚਿੱਠੀਆਂ ਹੀ ਮੇਰੀ ਇਕੱਲਤਾ ਵਿਚ ਮੇਰਾ ਸਾਥ ਦਿੰਦੀਆਂ ਰਹੀਆਂ ਨੇ। ਤੂੰ ਲਿਖਿਆ ਹੈ ਕਿ ਮੈਂ ਅਮਰੀਕਨ ਹੋ ਗਈ ਹਾਂ। ਤੈਨੂੰ ਭੁੱਲ ਗਈ ਹਾਂ। ਸੱਚ ਜਾਣੀਂ, ਇਹ ਅਮਰੀਕਾ, ਅਮਰੀਕਾ ਆ ਕੇ ਉਹ ਨਹੀਂ ਰਹਿੰਦਾ, ਜੋ ਇੰਡੀਆ ਤੋਂ ਦਿਸਦਾ ਹੈ। ਮੇਰੇ ਖ਼ਿਆਲ ਵਿਚ ਅਮਰੀਕਾ ਦਾ ਨਾਮ ‘ਉਦਾਸੀਕਾ’ ਹੋਣਾ ਚਾਹੀਦਾ ਸੀ। ਏਥੇ ਮੈਂ ਹੀ ਨਹੀਂ ਹਰ ਕੋਈ ਪਲ-ਪਲ ਉਦਾਸੀ ਦਾ ਸ਼ਿਕਾਰ ਹੁੰਦਾ ਹੈ ਪਰ ਏਥੇ ਮੈਨੂੰ ਜੋ ਚੰਗਾ ਲੱਗਿਆ ਉਹ ਹੈ, ਇਥੋਂ ਦੇ ਲੋਕਾਂ ਵਲੋਂ ਕੀਤੀਆਂ ਜਾਂਦੀਆਂ ‘ਸਰਪਰਾਈਜ਼ ਪਾਰਟੀਆਂ’। ਮੈਂ ਤੈਨੂੰ ਉਸੇ ਤਰ੍ਹਾਂ ਸਰਪਰਾਈਜ਼ ਦੇਣਾ ਚਾਹੁੰਦੀ ਸਾਂ ਪਰ ਅਮਰੀਕਨ ਨਾ ਹੋਣ ਕਰਕੇ ਧੋਖਾ ਖਾ ਗਈ। ਤੈਨੂੰ ਸਰਪਰਾਈਜ਼ ਨਾ ਦੇ ਸਕੀ ਪਰ ਵਾਇਦਾ ਕਰਦੀ ਹਾਂ ਕਿ ਮੁੜ ਕਦੇ ਅਜਿਹਾ ਨਹੀਂ ਹੋਵੇਗਾ। ਮੈਂ ਅਗਲੀ ਵਾਰ ਤੈਨੂੰ ਅਗਾਊਂ ਦੱਸ ਕੇ ਆਵਾਂਗੀ। ਮੈਂ ਤੈਨੂੰ ਅਮਰੀਕਾ ਬਾਰੇ ਇਸ ਲਈ ਹੋਰ ਕੁਝ ਨਹੀਂ ਲਿਖਣਾ ਚਾਹੁੰਦੀ ਕਿਉਂਕਿ ਅਮਰੀਕਾ ਬਾਰੇ ਸਹੀ-ਸਹੀ ਪਤਾ ਏਥੇ ਆ ਕੇ ਹੀ ਲੱਗਦਾ ਹੈ…। ਜੇ ਤੂੰ ਵੀ ਇਸ ਨਿਰਮੋਹੀ ਧਰਤੀ ਨੂੰ ਲਾਗਿਉਂ ਦੇਖਣਾ ਚਾਹੁੰਦੀ ਏਂ ਤਾਂ ਮੈਨੂੰ ਚਿੱਠੀ ਜ਼ਰੂਰ ਲਿਖਦੀ ਰਹੀਂ…ਮੈਂ ਰਾਜੇਸ਼ ਨੂੰ ਕਹਿ ਕੇ ਤੇਰੇ ਵਾਸਤੇ ਕੋਈ ਸੁਹਣਾ ਜਿਹਾ ਮੁੰਡਾ ਲੱਭਣ ਦੀ ਕੋਸ਼ਿਸ਼ ਕਰਾਂਗੀ, ਜੇ ਤੇਰੇ ਜ਼ਿਹਨ ਵਿਚ ਮਰਦ ਤੋਂ ਆਜ਼ਾਦੀ ਦੇ ਅਰਥ ਬਦਲ ਗਏ ਹੋਣ ਤਾਂ…।
ਖ਼ੈਰ! ਤੂੰ ਮੈਨੂੰ, ਤੈਨੂੰ ਨਾ ਮਿਲਣ ਲਈ ਮੁਆਫ਼ ਜ਼ਰੂਰ ਕਰ ਦੇਵੀਂ ਤੇ ਇਸ ਚਿੱਠੀ ਦਾ ਜਵਾਬ ਵੀ ਜ਼ਰੂਰ ਦੇਵੀਂ।
ਤੇਰੀ ਆਪਣੀ,
ਨਵ।
ਮੈਂ ਚਿੱਠੀ ਮੇਲ ਬੌਕਸ ਵਿਚ ਪਾ ਕੇ, ਮਨ ਦਾ ਬੋਝ ਕੁਝ ਹਲਕਾ ਮਹਿਸੂਸ ਕੀਤਾ ਏ। ਕਾਲਜ ਦੇ ਦਿਨਾਂ ਦੀਆਂ ਯਾਦਾਂ ਸੀਨੇ ਵਿਚ ਸੁਲਘਾ ਕੇ ਨੀਂਦ ਦੀ ਗੋਦ ਵਿਚ ਜਾ ਪਹੁੰਚੀ ਹਾਂ…।
ਅੱਜ ਸਵੇਰੇ ਮੌਰੀ ਐਵਨਿਊ ਤੋਂ ਲੰਘਦਿਆਂ, ਮੇਰੀ ਕਾਰ ਆਪਣੇ-ਆਪ ਇੰਨੀ ਹੌਲੀ ਹੋ ਗਈ ਏ ਕਿ ਮੈਂ ਪੁਲ਼ ਪਾਰ ਕਰ ਕੇ, ਕਾਰ ਇਕ ਪਾਸੇ ਪਾਰਕ ਕਰ ਕੇ, ਸੁੰਨੇ ਅਸਮਾਨ ਨੂੰ ਨਿਹਾਰ ਰਹੀ ਹਾਂ। ਪੰਛੀਆਂ ਦੀ ਕੋਈ ਡਾਰ ਤਾਂ ਕਿਤੇ ਨਜ਼ਰ ਨਹੀਂ ਆ ਰਹੀ…ਇਕ ਪੰਛੀ ਵਿਚਾਰਾ ਇਕੱਲਾ ਉੱਡਦਾ ਫਿਰਦਾ ਕਦੇ ਇੱਧਰ, ਕਦੇ ਉੱਧਰ ਜਾਂਦਾ ਦੇਖ ਕੇ, ਮੇਰੀ ਰੂਹ ਠਠੰਬਰ ਗਈ ਹੈ।