ਕਾਨੂੰਨ ਦੀ ਵਾੜ (ਵਿਅੰਗ)

ਸਿ਼ਵਚਰਨ ਜੱਗੀ ਕੁੱਸਾ
1986 ਵਿਚ ਮੈਂ ਤੀਜੀ ਵਾਰ ਭਾਰਤ ਗਿਆ। ਧੂੜ ਭਰੇ ਰਸਤੇ ਅਤੇ ਭੋਲੇ ਚਿਹਰਿਆਂ ਦੀਆਂ ਮੁਸਕਾਨਾਂ ਤੱਕਣ ਲਈ ਮਨ ਹਾਬੜ ਗਿਆ ਸੀ। ਗੁੱਲੀ-ਡੰਡਾ ਖੇਡਣ ਵਾਲੇ ਰੌੜ ਹਵੇਲੀਆਂ ਵਿਚ ਬਦਲੇ ਪਏ ਸਨ। ਗੁੱਡੀਆਂ-ਪਟੋਲਿਆਂ ਨਾਲ ਖੇਡਣ ਵਾਲੀਆਂ ਬੱਚੀਆਂ ਜਵਾਨ ਹੋ ਗਈਆਂ ਸਨ। ਬਾਂਹ ਨਾਲ ਨਲੀ ਪੂੰਝਣ ਵਾਲੇ ਮੁੰਡੇ ਅੱਜ-ਕੱਲ੍ਹ ਕਾਲਜੀਏਟ ਪੜ੍ਹਾਕੂ ਬਣੇ ਫਿਰਦੇ ਸਨ। ਕਾਫ਼ੀ ਕੁਝ ਬਦਲ ਗਿਆ ਸੀ। ਪਰ ਮੈਂ ਹੀ ਸੀ, ਜੋ ਅਜੇ ਵੀ ਉਹੀ ਸੀ ਸ਼ਾਇਦ। ਦੋ ਕੁ ਦਿਨ ਪਿੰਡ ਰਹਿਣ ਮਗਰੋਂ ਨਾਨਕੀਂ ਜਾਣ ਦਾ ਮਨ ਬਣਿਆ। ਮੈਂ ਸ਼ਾਮ ਜਿਹੇ ਨੂੰ ਬਾਪੂ ਜੀ ਦੀ ਕਾਰ ਲਈ ਅਤੇ ਨਾਨਕਿਆਂ ਨੂੰ ਚਾਲੇ ਪਾ ਦਿੱਤੇ।

ਜਦੋਂ ਮੈਂ ਪੰਜ ਕੁ ਕਿਲੋਮੀਟਰ ਗਿਆ ਤਾਂ ਹਿੰਮਤਪੁਰੇ ਵਾਲੇ ਪੁਲ਼ ‘ਤੇ ਪੁਲੀਸ ਨੇ ਨਾਕਾ ਲਾਇਆ ਹੋਇਆ ਸੀ। ਮਜਬੂਰਨ ਮੈਨੂੰ ਵੀ ਰੁਕਣਾ ਪਿਆ। ਜੀਪ ਅਤੇ ਇੱਕ ਟਰੈਕਟਰ ਦਾ ਚਲਾਣ ਕਰ ਦਿੱਤਾ ਗਿਆ ਸੀ।
ਮੈਥੋਂ ਅੱਗੇ ਇੱਕ ਮਾਰੂਤੀ ਕਾਰ ਅਤੇ ਇੱਕ ਜੀਪਾ ਖੜ੍ਹੇ ਸਨ। ਜੀਪਾ ਵੀ ਕਾਹਦਾ ਸੀ? ਬਾਡੀ ਹੀ ਜੀਪ ਦੀ ਸੀ। ਜਿਸ ਵਿਚ ਪੀਟਰ ਇੰਜਣ ਰੱਖ ਕੇ ਮਿਸਤਰੀ ਨੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਸਵਾਰੀਆਂ ਢੋਣ ਲਈ ‘ਸੰਦ’ ਬਣਾਇਆ ਹੋਇਆ ਸੀ। ਕਾਰ ਵਾਲੇ ਨੇ ਤਾਂ ਪੁਲੀਸ ਦੇ ਮੂੰਹ ‘ਹੱਡ’ ਦੇ ਕੇ ਆਪਣਾ ਖਹਿੜਾ ਛੁਡਵਾ ਲਿਆ। ਹੁਣ ਜੀਪੇ ਵਾਲੇ ਦੀ ਵਾਰੀ ਸੀ। ਸ਼ਾਇਦ ਜੇਬ ਵਿਚ ਕੁਝ ਨਾ ਹੋਣ ਕਰਕੇ ਉਹ ਪਾੜ ਵਿਚ ਫੜੇ ਚੋਰ ਵਾਂਗ ਝਾਕ ਰਿਹਾ ਸੀ।
-‘ਇਹਦੇ ਕਾਗਜ਼ ਪੱਤਰ ਕਿੱਥੇ ਐ ਉਏ?’ ਮੁੰਨਿਆਂ ਮੂੰਹ ਬਘਿਆੜ ਵਾਂਗ ਖੋਲ੍ਹ ਕੇ ਇਕ ਸਿਪਾਹੀ ਨੇ ਪੁੱਛਿਆ।
-‘ਜੀ ਕਾਗਤ ਪੱਤਰ ਤਾਂ ਹੈਨ੍ਹੀ।’ ਮਿਸਤਰੀ ਕੂੰਗੜ ਕੇ ਗਿੱਠ ਕੁ ਦਾ ਬਣ ਗਿਆ।
-‘ਇਹਨੂੰ ਪਿਉ ਨੂੰ ਬਿਨਾ ਕਾਗਜ਼ਾਂ ਪੱਤਰਾਂ ਤੋਂ ਈ ਦਬੱਲੀ ਫਿਰਦੈਂ?’
-‘………..।’ ਮਿਸਤਰੀ ਚੁੱਪ ਸੀ।
-‘ਨਾ ਥੋਨੂੰ ਮਾਂਚੋ ਕਾਨੂੰਨ ਦਾ ਡਰ ਈ ਨ੍ਹੀ ਰਿਹਾ?’ ਦੂਜੇ ਨੇ ਕਾਨੂੰਨ ਦਾ ਨਾਂ ਲੈ ਕੇ ਫ਼ੀਸ ਦੀ ਕੀਮਤ ਵਧਾਈ। ਪੈਰ ਹੇਠ ਆਇਆ ਬਟੇਰਾ ਉਹ ਸੁੱਕਾ ਨਹੀਂ ਨਿਕਲਣ ਦੇਣਾ ਚਾਹੁੰਦਾ ਸੀ।
-‘ਕਾਨੂੰਨ ਨੂੰ ਤਾਂ ਵਾੜੀ ਜਾਂਦੇ ਐ, ਜਿੱਥੋਂ ਨਿਕਲਿਐ!’ ਤੀਜੇ ਨੇ ਹਿਲਦਾ ਕਿੱਲਾ ਠੋਕਿਆ।
-‘ਮਾਪਿਓ ਬੰਨ੍ਹ-ਸੁੱਬ ਕਰਕੇ ਘਰੇ ਈ ਢਾਣਸ ਕੀਤੈ ਜੀ, ਮੈਂ ਕਿਹੜਾ ਕਿਸੇ ਅਜੰਸੀ ਤੋਂ ਲਿਐ?’ ਡਰਦੇ ਮਿਸਤਰੀ ਨੇ ਕਿਹਾ।
-‘ਉਏ ਇਹਦਾ ਚਲਾਣ ਪਾ ਕੇ ਗਾਂਹਾਂ ਤੋਰੋ! ਆਪਾਂ ਲੋਕਾਂ ਮਾਂਗੂੰ ਵਿਹਲੇ ਨ੍ਹੀ, ਚਲਾਣ ਕਾਹਤੋਂ ਨ੍ਹੀ ਕਰਦੇ?’ ਦੂਰ ਨ੍ਹਿੰਮ ਹੇਠ ਕੁਰਸੀ ‘ਤੇ ਬੈਠੇ ਠਾਣੇਦਾਰ ਨੇ ਹੋਕਰਾ ਮਾਰਿਆ। ਫਿ਼ਕਸੋ ਲਾ ਕੇ ਉਸ ਨੇ ਆਪਣੀਆਂ ਪਤਲੀਆਂ ਮੁੱਛਾਂ ਲੜਾਕੇ ਜਹਾਜ ਦੀ ‘ਤੂਈ’ ਵਰਗੀਆਂ ਬਣਾਈਆਂ ਹੋਈਆਂ ਸਨ।
-‘ਸਰਦਾਰ ਜੀ! ਜੀਪ ਇਹ ਨ੍ਹੀ, ਕਾਰ ਇਹ ਨ੍ਹੀ, ਇਹਦਾ ਗਰੜਪੌਂਕ ਜਿਹੇ ਦਾ ਕਾਹਦੇ ‘ਤੇ ਚਲਾਣ ਕਰੀਏ?’ ਸਿਪਾਹੀ ਨੇ ਘੋਰ ਮਾਯੂਸੀ ਪ੍ਰਗਟਾਈ।
-‘ਲਿਖੋ ਜੀ ਘੜੁੱਕਾ…!’ ਮਿਸਤਰੀ ਨੇ ਆਪਣੇ ਵੱਲੋਂ ਨਾਂ ਦੱਸਿਆ।
-‘ਤੇਰੀ ਮਾਂ ਦਾ ਕੜਛਾ! ਸਾਲਿਆ ਕੁੱਤਿਆਂ ਦਿਆ! ਘੜੁੱਕਾ ਤੇਰੇ ਕਿਹੜੇ ਪਿਉ ਆਲੀ ਕਾਨੂੰਨ ਦੀ ਕਿਤਾਬ ‘ਚ ਲਿਖਿਐ ਉਏ?’ ਸਿਪਾਹੀ ਨੇ ਮਿਸਤਰੀ ਦੇ ਸੋਟੀ ਮਾਰੀ।
-‘ਨਾਲੇ ਤੂੰ ਤਾਂ ਕਹੇਂਗਾ ਇਹਨੂੰ ਮਾਂ ਦਾ ਖਸਮ ਲਿਖੋ?’ ਦੂਜਾ ਸਿਪਾਹੀ ਬੋਲਿਆ। ਮੁਫ਼ਤ ਵਿਚ ਮਿਲੀ ਮੁਰਗੀ ਉਸ ਤੋਂ ਮਰੋੜੀ ਨਹੀਂ ਜਾ ਰਹੀ ਸੀ, ਜਿਸ ਕਰਕੇ ਉਸ ਦੇ ਲੂਹਰੀਆਂ ਉਠੀ ਜਾ ਰਹੀਆਂ ਸਨ।
-‘ਮਾਪਿਓ! ਹੋਰ ਨ੍ਹੀ ਕਿਮੇਂ ਗੱਲ ਬਣਦੀ?’ ਅੰਤ ਮਿਸਤਰੀ ਨੇ ਜਾਂਦੀ ਗੱਲ ਹੱਥ ਵਿਚ ਲੈਣੀ ਚਾਹੀ।
-‘ਤੇ ਹੋਰ ਅਸੀਂ ਐਥੇ ਚਾਅ ਨੂੰ ਖੜ੍ਹੇ ਐਂ?’ ਮਾਯੂਸ ਸਿਪਾਹੀ ਟਹਿਕ ਪਿਆ ਸੀ। ਉਸ ਦੀ ਬੋਕ ਦਾਹੜੀ ਕਾਟੋ ਦੀ ਪੂਛ ਵਾਂਗ ਲਟਕ ਜਿਹੀ ਰਹੀ ਸੀ।
ਮਿਸਤਰੀ ਨੇ ਸਾਰੇ ਦਿਨ ਦੀ ਕਮਾਈ ਜੇਬ ਵਿਚੋਂ ਕੱਢ ਲਈ। ਜਿਸ ਨੂੰ ਸਿਪਾਹੀ ਝਬੁੱਟ ਮਾਰ ਕੇ ਲੈ ਗਿਆ।
-‘ਮਾਪਿਓ ਤੇਲ ਵਾਸਤੇ ਤਾਂ ਰਹਿਣ ਦਿਓ। ਟੈਂਕੀ ਖਾਲੀ ਹੋਣ ਆਲੀ ਐ।’ ਮਿਸਤਰੀ ਪਿਆਸੇ ਕਾਂ ਵਾਂਗ ਝਾਕਿਆ।
-‘ਸਾਲਿਆ ਤੇਲ ਦਿਆ! ਤੈਨੂੰ ਹੁਣੇਂ ਨਾ ਮੈਂ ਗਿਣ ਕੇ ਦਿਆਂ। ਜਾਹ ਚਾਰ ਸਵਾਰੀਆਂ ਵੱਧ ਲੱਦ ਲਈਂ। ਖੁੱਲ੍ਹੀ ਛੁੱਟੀ!’ ਆਪਣੇ ਵੱਲੋਂ ਸਿਪਾਹੀ ਨੇ ਉਸ ਦਾ ਖੱਭਾ ਕੱਢ ਦਿੱਤਾ।
-‘ਤੂੰ ਸ਼ੁਕਰ ਕਰ ਚੌਲਾਂ ‘ਚ ਈ ਸਰ ਗਿਆ, ਨਹੀਂ ਤਾਂ ਅਗਲੇ ਪਿਛਲੇ ਸਾਰੇ ਕਚਿਹਰੀ ‘ਚ ਈ ਲੱਗ ਜਾਣੇਂ ਸੀ!’ ਦੂਜੇ ਸਿਪਾਹੀ ਨੇ ਆਪਣਾ ਅਹਿਸਾਨ ਮਿਸਤਰੀ ‘ਤੇ ਜਤਾਇਆ।
ਪਰ ਮਿਸਤਰੀ ਖੜ੍ਹਾ ਨੋਟਾਂ ਵੱਲ ਝਾਕ ਰਿਹਾ ਸੀ।
-‘ਹੁਣ ਤੁਰਦੈਂ ਕਿ ਚਾਰਾਂ ਬੱਕਲ? ਮੇਰੀਆਂ ਗਾਲ੍ਹਾਂ ਰਾਕਟ ਲਾਂਚਰਾਂ ਅਰਗੀਆਂ ਹੁੰਦੀਐਂ, ਦੋ ਛੱਡਤੀਆਂ ਤਾਂ ਡਰ-ਡਰ ਉਠਿਆ ਕਰੇਂਗਾ। ਸਾਲਾ ਕੁੱਕੜੂੰ-ਘੜੂੰ ਜਿਆ!’ ਪਾਸਿਓਂ ਤੀਜੇ ਨੇ ਕੜੀ ‘ਚ ਕੜੀ ਅੜਾ ਕੇ ਦਬਕਾ ਮਾਰਿਆ।
ਸਲੋਕ ਸੁਣ ਕੇ ਮਿਸਤਰੀ ਆਪਣਾ ਘੜੁੱਕਾ ਲੈ ਕੇ ਵਿਦਾ ਹੋ ਗਿਆ।
ਦੋ ਸਿਪਾਹੀ ਮੇਰੇ ਦੁਆਲੇ ਹੋ ਗਏ।
-‘ਹਾਂ ਬਈ, ਕਾਗਜ ਪੱਤਰ?’ ਸ਼ਾਇਦ ਮੇਰੇ ਕਾਲੀਆਂ ਐਨਕਾਂ ਲੱਗੀਆਂ ਦੇਖ ਕੇ ਸਿਪਾਹੀ ਕੁਝ ਧੀਮਾਂ ਬੋਲਿਆ।
ਮੈਂ ਕਾਗਜ ਪੱਤਰ ਦੇ ਦਿੱਤੇ ਅਤੇ ਦੂਸਰਾ ਸਿਪਾਹੀ ਕਾਗਜ-ਪੱਤਰਾਂ ‘ਤੇ ਸਰਸਰੀ ਨਜ਼ਰ ਮਾਰਨ ਲੱਗ ਪਿਆ।
ਇਤਨੇ ਨੂੰ ਇਕ ਅਮਲੀ ਨੇ ਸਾਡੇ ਕੋਲ ਸਾਈਕਲ ਆ ਰੋਕਿਆ। ਉਸ ਨੇ ਸਾਈਕਲ ਨੂੰ ਤੇਲ ਲਾ ਕੇ ਲਿਸ਼ਕਾ ਰੱਖਿਆ ਸੀ। ਰਿੰਮਾਂ ਵਿਚ ਫੁੱਲ ਪੁਆਏ ਹੋਏ ਸਨ ਅਤੇ ਚੈਨ-ਕਵਰ ‘ਤੇ ਦੁੱਧ ਚਿੱਟੇ ਅੱਖਰਾਂ ਵਿਚ ‘ਸਰਦਾਰ ਕਰਨੈਲ ਸਿੰਘ’ ਲਿਖਿਆ ਹੋਇਆ ਸੀ। ਸਾਈਕਲ ਦੇ ਡੰਡਿਆਂ ਵਿਚ ਉਸ ਨੇ ਵੱਡੀ ਕਿਰਪਾਨ ਫ਼ਸਾਈ ਹੋਈ ਸੀ।
-‘ਆਹ ਮਗਰਲੇ ਦੀ ਵੀ ਖਬਰ ਲੈ ਲਓ!’ ਦੂਰੋਂ ਦੈਂਗੜ ਚੂਹਿਆਂ ਦੀ ਬਿੱਲੀ ਮਾਸੀ, ਠਾਣੇਦਾਰ ਨੇ ਹੋਕਰਾ ਮਾਰਿਆ।
-‘ਕੀ ਨਾਂ ਐਂ ਉਏ ਤੇਰਾ?’ ਇਕ ਸਿਪਾਹੀ ਅਮਲੀ ਦੁਆਲੇ ਹੋ ਗਿਆ।
-‘ਜੀ ਕਰਨੈਲ ਸਿਉਂ!’
-‘ਪਿਉ ਦਾ ਨਾਂ?’
-‘ਜੀ ਜਰਨੈਲ ਸਿਉਂ!’
-‘ਪਿੰਡ ਕਿਹੜੈ?’
-‘ਜੀ ਯੁੱਧ ਸਿੰਘ ਆਲਾ।’
-‘ਬੱਲੇ!’ ਸਿਪਾਹੀ ਨੇ ਵਿਅੰਗਮਈ ਮੂੰਹ ਬਣਾ ਲਿਆ।
-‘ਇਹਦਾ ਨਾਂ ਕਰਨੈਲ ਸਿਉਂ, ਬੁੜ੍ਹੇ ਦਾ ਨਾਂ ਜਰਨੈਲ ਸਿਉਂ, ਤੇ ਪਿੰਡ ਯੁੱਧ ਸਿੰਘ ਆਲਾ.. ਬੁੜ੍ਹੀ ਦਾ ਨਾਂ ਤਾਂ ਫੇਰ ਏ. ਕੇ. ਸੰਤਾਲੀ ਈ ਹੋਊ?’
ਸਾਰੇ ਸਿਪਾਹੀ ਬੁੱਚੜਾਂ ਵਾਂਗ ਹੱਸੇ।
-‘ਤੇ ਆਇਆ ਕਿੱਥੋਂ ਐਂ ਉਏ, ਚੌਰਿਆ?’ ਇਕ ਨੇ ਹੱਸਦੇ-ਹੱਸਦੇ ਨੇ ਮੂੰਹ ਭਿਆਨਕ ਬਣਾ ਲਿਆ।
-‘ਜੀ ਤੇਲ ਨ੍ਹੀ ਮਿਲਦਾ, ਜਨਾਬ ਕਣਕ ਸੁੱਕੀ ਜਾਂਦੀ ਐ, ਕਾਲ਼ੇ ਤੇਲ ਦਾ ਪਤਾ ਕਰਕੇ ਆਇਐਂ।’ ਅਮਲੀ ਨੇ ਮਜਬੂਰੀ ਵਿਚ ਹੱਥ ਜੋੜੇ।
-‘ਆਇਆ ਤੇਲ ਦਾ ਪਤਾ ਕਰਕੇ ਐਂ, ਤੇ ਟੰਗੀ ਫਿਰਦੈਂ ਸੈਕਲ ਨਾਲ ਕਿਰਪਾਨ? ਇਹ ਮਾਂ ਕਾਹਦੇ ਆਸਤੇ ਟੰਗੀ ਐ ਉਏ?’ ਸਿਪਾਹੀ ਦਾ ਬੁੱਚੜ ਦਾਗਲ ਚਿਹਰਾ ਜਿਵੇਂ ਅਮਲੀ ਨੂੰ ਖਾਣ ਆ ਰਿਹਾ ਸੀ।
-‘ਮਾਪਿਓ ਇਹ ਤਾਂ ਕੁੱਤੇ ਬਿੱਲੇ ਦੇ ਡਰੋਂ ਐਂ।’ ਅਮਲੀ ਕੰਬੀ ਜਾ ਰਿਹਾ ਸੀ।
-‘ਇਹ ਤਾਂ ਕੋਈ ਅੱਤਵਾਦੀ ਲੱਗਦੈ। ਇਹਨੂੰ ਜੀਪ ‘ਚ ਲੱਦੋ!’ ਦੂਰੋਂ ਠਾਣੇਦਾਰ ਦੇ ਘਣ ਵਰਗੇ ਹੁਕਮ ਨੇ ਅਮਲੀ ਨੂੰ ਪਰਾਲ ਕਰ ਦਿੱਤਾ।
-‘ਰਾਤ ਆਲੇ ਸਰਪੈਂਚ ਦਾ ਕਤਲ ਫਿਰ ਏਸੇ ਨੇ ਈ ਕੀਤਾ ਹੋਣੈਂ। ਇਹਨੂੰ ਮੂਧਾ ਪਾਓ!’ ਇਕ ਸਿਪਾਹੀ ਆ ਰਹੇ ਟਰੱਕ ਨੂੰ ਹੱਥ ਦਿੰਦਾ ਬੋਲਿਆ। ਫਿਰ ਉਸ ਨੇ ਵਿਸਲ ਮੂੰਹ ਵਿਚ ਤੁੰਨ ਲਈ।
ਟਰੱਕ ਕਿਸੇ ਬਾਰਸੂਖ਼ ਸਾਬਕਾ ਐੱਮ. ਐੱਲ. ਏ. ਦਾ ਸੀ, ਜਿਸ ਨੂੰ ਸਿਪਾਹੀ ਨੇ ਗਲਤੀ ਨਾਲ ਰੋਕ ਲਿਆ ਸੀ। ਪਰ ਡਰਾਈਵਰ ਨੇ ਪੁੱਛ-ਗਿੱਛ ਤੋਂ ਪਹਿਲਾਂ ਹੀ ਦੱਸ ਦਿੱਤਾ। ਇਸ ਲਈ ਸਿਪਾਹੀ ਨੇ ਡਰਾਈਵਰ ਤੋਂ ਮੁਆਫ਼ੀ ਮੰਗੀ ਅਤੇ ਜਨਾਬ ਐੱਮ. ਐੱਲ. ਏ. ਸਾਹਿਬ ਨੂੰ ‘ਮੱਥਾ ਟੇਕਣਾ’ ਵੀ ਕਿਹਾ।
ਇਤਨੇ ਨੂੰ ਅਮਲੀ ਸਾਈਕਲ ਛੱਡ ਕੇ ਭੱਜ ਚੁੱਕਾ ਸੀ।
-‘ਉਏ ਆਹ ਸੈਕਲ ਆਲ਼ਾ ਤਾਂ ਭੱਜ ਗਿਆ!’ ਇਕ ਸਿਪਾਹੀ ਚੌਂਕਿਆ।
-‘ਤੂੰ ਸਾਨੂੰ ਦੱਸਿਆ ਨਾ ਉਏ?’ ਦੂਜਾ ਮੇਰੇ ਵੱਲ ਕੌੜ ਬੋਤੇ ਵਾਂਗ ਝਾਕਿਆ। ਉਸ ਨੇ ਅੱਕੀ ਹੋਈ ਬਾਂਦਰੀ ਵਾਂਗ ਦੰਦ ਪੀਹੇ।
-‘ਉਏ ਕੋਈ ਬੰਦਾ-ਕੁਬੰਦਾ ਵੀ ਦੇਖ ਲਿਆ ਕਰੋ! ਸਭ ਨੂੰ ਇੱਕੋ ਰੱਸੇ ਨਰੜਦੇ ਐਂ?’ ਸ਼ਾਇਦ ਟਰੱਕ ਵਾਲਾ ਸਿਪਾਹੀ ਕੋਈ ਦੁਜੀ ਬਲਾਅ ਗਲ ਨਹੀਂ ਪਾਉਣੀ ਚਾਹੁੰਦਾ ਸੀ।
-‘ਚੱਲੋ ਰਹਿਣ ਦਿਓ ਨਾਕੇ ਨੂੰ, ਅੱਜ ਨ੍ਹੀ ਕੁਛ ਬਣਦਾ ਦੀਂਹਦਾ।’ ਇਕ ਸਿਪਾਹੀ ਮੇਰੇ ਕਾਗਜ-ਪੱਤਰ ਮੋੜਦਾ ਕਹਿ ਰਿਹਾ ਸੀ।
-‘ਚੱਲੋ ਉਤੋਂ ‘ਨ੍ਹੇਰਾ ਵੀ ਹੋ ਚੱਲਿਐ। ਕਿਤੇ ‘ਉਹ’ ਨਾ ਆ ਜਾਣ। ਅੰਧਾ-ਧੁੰਦ ਫ਼ਾਇਰ ਵੀ ਪਤੰਦਰ ਏ. ਕੇ. ਸੰਤਾਲੀ ਦਾ ਈ ਖੋਲ੍ਹਦੇ ਐ।’ ਦੂਜਾ ਬੋਲਿਆ।
-‘ਚਲੋ ਮੈਨੂੰ ਤਾਂ ਆਹ ਅਮਲੀ ਆਲਾ ਸੈਕਲ ਮਿਲ ਗਿਆ, ਜੁਆਕ ਨੂੰ ਸਕੂਲ ਤੋਰਿਆ ਕਰਾਂਗੇ। ਕਦੋਂ ਦਾ ਸੈਕਲ-ਸੈਕਲ ਕਰਦਾ ਸੀ।’ ਤੀਜਾ ਆਪਣੀ ਜਿੱਤ ‘ਤੇ ਖੁਸ਼ ਸੀ।
-‘ਆਹ ਕਿਰਪਾਨ ਚੱਕ ਕੇ ਜੀਪ ‘ਚ ਰੱਖੋ, ਕਿਸੇ ਕਤਲ ਕੇਸ ‘ਚ ਕੰਮ ਆਊ।’
-‘ਬਣ ਗਏ ਦੋ ਬੋਤਲਾਂ ਜੋਗੇ ਕਿ ਨਹੀਂ?’
-‘ਅੱਜ ਦਾ ਕੰਮ ਈ ਸਰੂ।’
-‘ਚੱਲ ਰਾਤ ਤਾਂ ਸੌਖੀ ਲੰਘੂ।’
ਕਾਰ ਸਟਾਰਟ ਕਰ ਕੇ ਤੁਰਦੇ ਦੇ ਮੇਰੇ ਕੰਨੀਂ ਗੱਲਾਂ ਪੈ ਰਹੀਆਂ ਸਨ। ਮੇਰੀ ‘ਘਿਰਰ-ਘਿਰਰ’ ਜਿਹੀ ਕਰਦੀ ਕਾਰ ਪਤਾ ਨਹੀਂ ਕਿਸ ਦੀ ਜਾਨ ਨੂੰ ਰੋ ਰਹੀ ਸੀ?