ਮੈਕਸੀਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ `ਚ 8 ਸ਼ਰਨਾਰਥੀਆਂ ਦੀ ਮੌਤ

ਈਗਲ ਪਾਸ (ਟੈਕਸਾਸ): ਅਮਰੀਕਾ ਦੇ ਟੈਕਸਾਸ ਸੂਬੇ ਦੇ ਈਗਲ ਪਾਸ ਉਤੇ ਅਤਿ ਖਤਰਨਾਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰੀਓ ਗ੍ਰਾਂਡੇ ਵਿਚ ਘੱਟੋ-ਘੱਟ ਅੱਠ ਸ਼ਰਨਾਰਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਯੂ.ਐਸ. ਕਸਟਮਜ ਐਂਡ ਬਾਰਡਰ ਡਿਫੈਂਸ (ਸੀ.ਬੀ.ਪੀ.) ਅਤੇ ਮੈਕਸੀਕਨ ਅਧਿਕਾਰੀਆਂ ਨੂੰ ਮਿਲੀਆਂ।

ਭਾਰੀ ਮੀਂਹ ਤੋਂ ਬਾਅਦ ਲੋਕਾਂ ਦੇ ਵੱਡੇ ਸਮੂਹ ਨੇ ਇਲਾਕੇ ਵਿਚੋਂ ਲੰਘਦੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸੀ.ਬੀ.ਪੀ. ਦੇ ਬਿਆਨ ਦੇ ਅਨੁਸਾਰ ਯੂ.ਐਸ. ਅਧਿਕਾਰੀਆਂ ਨੂੰ ਛੇ ਲਾਸ਼ਾਂ ਮਿਲੀਆਂ, ਜਦੋਂ ਕਿ ਮੈਕਸੀਕਨ ਟੀਮਾਂ ਨੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਮਰੀਕੀ ਅਧਿਕਾਰੀਆਂ ਨੇ ਨਦੀ ਵਿਚੋਂ 37 ਹੋਰ ਲੋਕਾਂ ਨੂੰ ਕੱਢਿਆ ਅਤੇ 16 ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ, ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ। ਸੀ.ਬੀ.ਪੀ. ਨੇ ਇਹ ਨਹੀਂ ਦੱਸਿਆ ਕਿ ਸ਼ਰਨਾਰਥੀ ਕਿਸ ਦੇਸ ਦੇ ਸਨ ਅਤੇ ਬਚਾਅ ਅਤੇ ਖੋਜ ਮੁਹਿੰਮ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।
ਗੈਰਕਾਨੂੰਨੀ ਪਰਵਾਸੀਆਂ `ਚੋਂ 17 ਭਾਰਤੀ
ਨਿਊ ਯਾਰਕ: ਕੈਲੀਫੋਰਨੀਆ ਵਿਚ ਸਰਹੱਦੀ ਚੌਕੀ ਉਤੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੁੰਦੇ ਫੜੇ ਗਏ 100 ਪਰਵਾਸੀਆਂ ਦੇ ਸਮੂਹ ਵਿਚ 17 ਭਾਰਤੀ ਨਾਗਰਿਕ ਹਨ। ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਏਗੋ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਤੜਕੇ 2 ਵਜੇ 100 ਪਰਵਾਸੀਆਂ ਦੇ ਸਮੂਹ ਨੂੰ ਗ੍ਰਿਫਤਾਰ ਕੀਤਾ, ਜਿਸ ਵਿਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ। ਸਮੂਹ ਵਿੱਚ ਸੋਮਾਲੀਆ (37), ਭਾਰਤ (17), ਅਫ਼ਗਾਨਿਸਤਾਨ (6), ਪਾਕਿਸਤਾਨ (4) ਸਮੇਤ 12 ਦੇਸਾਂ ਦੇ ਨਾਗਰਿਕ ਹਨ।