ਸੰਦੀਪ ਨੰਗਲ ਅੰਬੀਆਂ ਕਤਲ ਕੇਸ ਵਿਚ ਤਿੰਨ ਕਬੱਡੀ ਪਰਮੋਟਰ ਨਾਮਜ਼ਦ

ਜਲੰਧਰ: ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਬੰਧੀ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਵਾਸੀ ਮੁਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ ਅਤੇ ਰਾਇਲ ਕਿੰਗਜ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਹਨ।

ਇਨ੍ਹਾਂ ਤਿੰਨਾਂ ਨੂੰ ਥਾਣਾ ਨਕੋਦਰ ਵਿਚ ਦਰਜ ਐਫ.ਆਈ.ਆਰ. ਨੰਬਰ 42 ਵਿਚ ਨਾਮਜ਼ਦ ਕੀਤਾ ਗਿਆ ਹੈ। ਕਬੱਡੀ ਖਿਡਾਰੀ ਦੇ ਕਤਲ ਦੀ ਮੁੱਖ ਵਜ੍ਹਾ ਕਬੱਡੀ ਜਥੇਬੰਦੀਆਂ ਦੀ ਨਿੱਜੀ ਰੰਜਿਸ਼ ਮੰਨੀ ਜਾ ਰਹੀ ਹੈ। ਸੰਦੀਪ ਦੀ ਕਬੱਡੀ ਐਸੋਸੀਏਸ਼ਨ ਹੋਰਾਂ ਦੇ ਮੁਕਾਬਲੇ ਵੱਧ ਮਕਬੂਲ ਸੀ ਅਤੇ ਉਸ ਨਾਲ ਨਾਮਵਰ ਖਿਡਾਰੀ ਲਗਾਤਾਰ ਜੁੜਦੇ ਜਾ ਰਹੇ ਸਨ। ਸੰਦੀਪ ਸਿੰਘ ਨੰਗਲ ਅੰਬੀਆਂ ਦੇ ਭਰਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਤਿੰਨੋਂ ਵਿਅਕਤੀਆਂ ਦੇ ਨਾਮ ਐਫ.ਆਈ.ਆਰ. ਵਿਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਕਿਸੇ ਨੇ ਇਨ੍ਹਾਂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜੁਲਾਈ ਦੇ ਸ਼ੁਰੂ ਵਿਚ ਨਾਮਜ਼ਦ ਕੀਤਾ ਗਿਆ ਸੀ ਪਰ ਪਰਿਵਾਰ ਨੂੰ ਇਸ ਬਾਰੇ ਬੀਤੇ ਦਿਨ ਜਾਣਕਾਰੀ ਮਿਲੀ ਸੀ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦ ਖੇਡ ਪਰਮੋਟਰਾਂ ਨੂੰ ਤੁਰਤ ਗ੍ਰਿਫਤਾਰ ਕੀਤਾ ਜਾਵੇ। ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿਚ 14 ਮਾਰਚ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਸਬੰਧੀ ਹੁਣ ਤੱਕ ਨੌਂ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।