ਸੜਕ ਹਾਦਸੇ ਵਿਚ ਸਾਇਰਸ ਮਿਸਤਰੀ ਦੀ ਮੌਤ

ਮੁੰਬਈ: ਟਾਟਰ ਸੰਨਜ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੁੰਬਈ ਨਾਲ ਲੱਗਦੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਡਿਵਾਈਡਰ ਨਾਲ ਕਾਰ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਸਤਰੀ (54) ਤੇ ਮਰਸਿਡੀਜ ਕਾਰ ਵਿਚ ਸਵਾਰ ਇਕ ਹੋਰ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂਕਿ ਡਰਾਈਵਰ ਅਨਾਹਿਤਾ ਪਾਂਡੋਲੇ (55) ਤੇ ਉਸ ਦਾ ਪਤੀ ਡਾਰੀਅਸ ਪਾਂਡੋਲੇ (60) ਜ਼ਖਮੀ ਹੋ ਗਏ।

ਇਨ੍ਹਾਂ ਨੂੰ ਗੁਜਰਾਤ ਦੇ ਵਾਪੀ ਵਿਚ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਣੇ ਹੋਰਨਾਂ ਸਿਆਸੀ ਆਗੂਆਂ ਨੇ ਸਾਇਰਸ ਮਿਸਤਰੀ ਦੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਗੂਆਂ ਨੇ ਮਿਸਤਰੀ ਦੀ ਮੌਤ ਨੂੰ ਕਾਰੋਬਾਰੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।
ਪਾਲਘਰ ਜ਼ਿਲ੍ਹੇ ਦੇ ਐਸ.ਪੀ. ਬਾਲਾ ਸਾਹਿਬ ਪਾਟਿਲ ਨੇ ਕਿਹਾ, ‘’ਹਾਦਸਾ ਸ਼ਾਮੀਂ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ। ਮਿਸਤਰੀ ਉਦੋਂ ਅਹਿਮਦਾਬਾਦ ਤੋਂ ਮੁੰਬਈ ਪਰਤ ਰਹੇ ਸਨ। ਕਾਰ ਵਿਚ ਕੁੱਲ ਚਾਰ ਵਿਅਕਤੀ ਸਵਾਰ ਸਨ। ਹਾਦਸਾ ਸੂਰਿਆ ਨਦੀ `ਤੇ ਬਣੇ ਪੁਲ ਉਤੇ ਹੋਇਆ। ਮਿਸਤਰੀ ਤੇ ਇਕ ਹੋਰ ਵਿਅਕਤੀ ਜਹਾਂਗੀਰ ਪਾਂਡੋਲੇ ਦੀ ਮੌਕੇ `ਤੇ ਮੌਤ ਹੋ ਗਈ। ਪਹਿਲੀ ਨਜ਼ਰੇ ਇਹ ਹਾਦਸਾ ਹੀ ਜਾਪਦਾ ਹੈ।“ ਕਾਸਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਹਾਦਸਾ ਸੂਰਿਆ ਨਦੀ ਦੇ ਪੁਲ `ਤੇ ਚਾਰੋਟੀ ਨਾਕੇ `ਤੇ ਹੋਇਆ, ਜਿੱਥੇ ਮਿਸਤਰੀ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਰੋਕ ਲਈ ਬਣੀ ਕੰਧ ਵਿਚ ਵੱਜੀ। ਟੱਕਰ ਇੰਨੀ ਜਬਰਦਸਤ ਸੀ ਕਿ ਮਿਸਤਰੀ ਤੇ ਜਹਾਂਗੀਰ ਪਾਂਡੋਲੇ ਦੀ ਮੌਕੇ `ਤੇ ਹੀ ਮੌਤ ਹੋ ਗਈ।