ਲਾਲ ਸਿੰਘ ਚੱਢਾ ਦੇ ਵਿਰੋਧ ਦੀ ਹਕੀਕਤ

ਗੁਰਪ੍ਰੀਤ ਸਿੰਘ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਫਿਲਮ ਲਾਲ ਸਿੰਘ ਚੱਢਾ ਅਜਿਹੇ ਸਮੇਂ ਵਿਚ ਤਾਜ਼ੀ ਹਵਾ ਦੇ ਬੁੱਲੇ ਵਾਂਗ ਹੈ ਜਦੋਂ ਭਾਰਤ ਹਿੰਦੂ ਕੱਟੜਵਾਦ ਦੇ ਵਧ ਰਹੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਤਹਿਤ ਬਹੁਲਤਾਵਾਦ ਅਤੇ ਵੰਨ-ਸੁਵੰਨਤਾ ਲਈ ਸਪੇਸ ਸੁੰਗੜਦੀ ਜਾ ਰਹੀ ਹੈ।
ਲਾਲ ਸਿੰਘ ਚੱਢਾ ਔਟਿਸਟਿਕ (ਆਪਣੇ ਹੀ ਖ਼ਿਆਲਾਂ ‘ਚ ਗੁਆਚੇ ਰਹਿਣ ਦੇ ਮਨੋਵਿਕਾਰ ਤੋਂ ਪੀੜਤ ਵਿਅਕਤੀ) ਸਿੱਖ ਵਿਅਕਤੀ ਦੀ ਕਹਾਣੀ ਹੈ ਜਿਸ ਨੂੰ ਇਸਾਈ ਔਰਤ ਨਾਲ ਮੁਹੱਬਤ ਹੋ ਜਾਂਦੀ ਹੈ। ਸਕੂਲ ਵਿਚ ਪੜ੍ਹਦਿਆਂ ਦੋਵੇਂ ਦੋਸਤ ਬਣ ਜਾਂਦੇ ਹਨ ਜਿੱਥੇ ਲਾਲ (ਆਮਿਰ ਖ਼ਾਨ) ਨੂੰ ਲਗਾਤਾਰ ਸਤਾਇਆ ਜਾਂਦਾ ਹੈ। ਰੂਪਾ (ਕਰੀਨਾ ਕਪੂਰ ਖ਼ਾਨ) ਕਲਾਸ ਰੂਮ ਦੇ ਵਿਰੋਧੀ ਮਾਹੌਲ ਵਿਚ ਉਸ ਨੂੰ ਆਪਣੀ ਬੁੱਕਲ ‘ਚ ਲੈਂਦੀ ਹੈ। ਜਦੋਂ ਉਹ ਜਵਾਨ ਹੋ ਜਾਂਦੇ ਹਨ ਤਾਂ ਉਹ ਫਿਲਮ ਸਟਾਰ ਬਣਨ ਲਈ ਉਸ ਤੋਂ ਦੂਰ ਚਲੀ ਜਾਂਦੀ ਹੈ, ਜਦਕਿ ਮੁਸ਼ਕਿਲ ਸੰਸਾਰ ਵਿਚ ਜ਼ਿੰਦਾ ਰਹਿਣ ਦੀ ਖ਼ਾਤਰ ਆਪਣੀ ਲੜਾਈ ਲੜਨ ਲਈ ਲਾਲ ਪਿੱਛੇ ਕੱਲਾ ਰਹਿ ਜਾਂਦਾ ਹੈ। ਬਾਅਦ ਵਿਚ ਉਹ ਉਸ ਨੂੰ ਮੁੜ ਮਿਲਦੀ ਹੈ।

ਲਾਲ ਸਿੰਘ 1984 ਦੇ ਸਿੱਖ ਕਤਲੇਆਮ ਸਮੇਤ ਕਈ ਵੱਡੀਆਂ ਸਿਆਸੀ ਘਟਨਾਵਾਂ ਦਾ ਗਵਾਹ ਹੈ ਜੋ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਸ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕੀਤੇ ਕਤਲ ਤੋਂ ਬਾਅਦ ਵਾਪਰਦੀਆਂ ਹਨ। ਰਾਜ ਦੀ ਖੁੱਲ੍ਹੇਆਮ ਪੁਸ਼ਤ-ਪਨਾਹੀ ਨਾਲ ਕੀਤੇ ਕਤਲੇਆਮ ਦੌਰਾਨ ਉਸ ਦੀ ਮਾਂ ਉਸ ਨੂੰ ਉਸ ਭੀੜ ਤੋਂ ਬਚਾਉਣ ਲਈ ਉਸ ਦੇ ਕੇਸ ਕੱਟਣ ਲਈ ਮਜਬੂਰ ਹੋ ਜਾਂਦੀ ਹੈ ਜੋ ਕੇਸਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹ ਹੋਰ ਘਿਨਾਉਣੀਆਂ ਘਟਨਾਵਾਂ ਨੂੰ ਵੀ ਦੂਰੋਂ ਦੇਖਦਾ ਹੈ, ਜਿਵੇਂ ਮੌਜੂਦਾ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਜਪਾ ਸਰਕਾਰ ਦੇ ਹਮਾਇਤੀਆਂ ਵੱਲੋਂ 1992 ਵਿਚ ਪੁਰਾਤਨ ਬਾਬਰੀ ਮਸਜਿਦ ਨੂੰ ਢਾਹੁਣਾ।
ਫਿਰਕੂ ਹਿੰਸਾ ਦੇ ਕਿਸੇ ਵੀ ਹਾਲਾਤ ਵਿਚ ਉਸ ਦੀ ਮਾਂ ਉਸ ਨੂੰ ਮੁਸੀਬਤ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਉਹ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ ਵਿਚ ਮਲੇਰੀਆ ਫੈਲ ਚੁੱਕਾ ਹੈ। ਇਸ ਕਰਕੇ ਉਹ ਮਜ਼੍ਹਬ ਦੀ ਤੁਲਨਾ ਮਹਾਮਾਰੀ ਨਾਲ ਕਰਦਾ ਹੈ ਅਤੇ ਅ-ਧਾਰਮਿਕ ਰਹਿੰਦਾ ਹੈ, ਭਾਵੇਂ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਸਿੱਖ ਵਾਂਗ ਦਾੜ੍ਹੀ ਵਧਾ ਲੈਂਦਾ ਹੈ ਅਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੰਦਾ ਹੈ।
ਇਹ ਦੇਖਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਹਿੰਦੂ ਕੱਟੜਵਾਦੀ ਤਾਕਤਾਂ ਇਸ ਫਿਲਮ ਨੂੰ ਲੈ ਕੇ ਐਨੀਆਂ ਚਿੰਤਤ ਕਿਉਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਨ੍ਹੇ ਭਗਤ ਇਸ ਫਿਲਮ ਨੂੰ ਦੇਖੇ ਬਿਨਾ ਹੀ ਇਸ ਦਾ ਬਾਈਕਾਟ ਕਰਨ ਦੇ ਸੱਦੇ ਦੇ ਰਹੇ ਹਨ, ਉਹ ਆਮਿਰ ਖ਼ਾਨ ਉੱਪਰ ‘ਹਿੰਦੂ ਫੋਬਿਕ’ ਹੋਣ ਅਤੇ ‘ਭਾਰਤ ਵਿਰੋਧੀ’ ਬਿਆਨ ਦੇਣ ਦੇ ਦੋਸ਼ ਲਗਾ ਰਹੇ ਹਨ। ਆਮਿਰ ਖ਼ਾਨ ਪਹਿਲਾਂ ‘ਪੀ.ਕੇ.’ ਫਿਲਮ ਵਿਚ ਅਦਾਕਾਰੀ ਕਰ ਚੁੱਕੇ ਹਨ। ਉਸ ਫਿਲਮ ਵਿਚ ਵੀ ਮਹਿਜ਼ ਤੱਥ ਬਿਆਨ ਕਰਦੇ ਹੋਏ ਹਿੰਦੂ ਧਰਮ ਵਿਚ ਫੈਲੇ ਅੰਧਵਿਸ਼ਵਾਸਾਂ ਦੀ ਆਲੋਚਨਾ ਕੀਤੀ ਗਈ ਸੀ ਅਤੇ ਭਾਰਤ ਵਿਚ ਵਧ ਰਹੀ ਧਾਰਮਿਕ ਨਫ਼ਰਤ ਬਾਰੇ ਚਿੰਤਾਵਾਂ ਸਾਂਝੀਆਂ ਕੀਤੀਆਂ ਗਈਆਂ ਸਨ। ਆਖ਼ਿਰਕਾਰ, 2014 ਵਿਚ ਮੋਦੀ ਦੇ ਦੇਸ਼ ਦਾ ਆਗੂ ਬਣਨ ਤੋਂ ਬਾਅਦ ਘੱਟ ਗਿਣਤੀਆਂ, ਖ਼ਾਸ ਕਰਕੇ ਮੁਸਲਮਾਨਾਂ ਉੱਪਰ ਹਮਲੇ ਵਧੇ ਹਨ। ਇਸੇ ਕਰਕੇ ਲਾਲ ਸਿੰਘ ਚੱਢਾ ਉਨ੍ਹਾਂ ਦੇ ਵਿਰੋਧ ਮੁਹਿੰਮ ਦਾ ਨਿਸ਼ਾਨਾ ਬਣੀ ਹੈ।
ਇੱਥੋਂ ਤੱਕ ਕਿ ਮੇਰੀ ਮਨਪਸੰਦ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਇਸ ਤਰ੍ਹਾਂ ਦੇ ਦੁਸ਼ਮਣਾਨਾ ਵਿਰੋਧ ਅਤੇ ਸੋਸ਼ਲ ਮੀਡੀਆ ਉੱਪਰ ਟਰੌਲ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਨੇ ਮੁਸਲਿਮ ਅਦਾਕਾਰ ਨਾਲ ਵਿਆਹ ਕਰਵਾਇਆ ਅਤੇ ਹਿੰਦੂ ਹੋਣ ਦੇ ਬਾਵਜੂਦ ਆਪਣਾ ਆਖ਼ਰੀ ਨਾਮ ਖ਼ਾਨ ਰੱਖਿਆ। ਫਿਰਕੂ ਤਾਕਤਾਂ ਦੀ ਮਨਸ਼ਾ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਤਕਰੀਬਨ ਦੋ ਸਾਲ ਪਹਿਲਾਂ ਹੀ ਫਿਲਮ ਦੇ ਬਾਈਕਾਟ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਸੀ। ਕਰੀਨਾ ਕਪੂਰ ਖ਼ਾਨ ਦੇ ਇਸ ਪੱਖ ਨੇ ਮੈਨੂੰ ਇਸ ਬਾਬਤ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ। ਮੇਰੀ ਕਿਤਾਬ ‘ਨਾਜ਼ਨੀਨ ਤੋਂ ਨੈਨਾ ਤੱਕ’ ਇਸ ਬਾਰੇ ਸਿਆਸੀ ਬਿਆਨ ਹੈ ਕਿ ਕਿਵੇਂ ਭਾਰਤੀ ਸਿਨੇਮਾ ਜ਼ਹਿਰੀਲੇ ਸਿਆਸੀ ਮਾਹੌਲ ਨਾਲ ਗ੍ਰਹਿਣਿਆ ਜਾ ਚੁੱਕਾ ਹੈ।
ਬਾਈਕਾਟ ਦੇ ਸੱਦੇ ਮੈਨੂੰ ਇਸ ਫਿਲਮ ਨੂੰ ਦੇਖਣ ਲਈ ਉਕਸਾਉਣ ਲਈ ਕਾਫ਼ੀ ਸਨ। ਸੋ ਮੈਂ 11 ਅਗਸਤ ਨੂੰ ਸਰੀ ਦੇ ਸਟ੍ਰਾਬੇਰੀ ਹਿੱਲ ਸਿਨੇਪਲੈਕਸ ਵਿਖੇ ਪਹਿਲਾ ਸ਼ੋਅ ਦੇਖਣ ਗਿਆ। ਕੰਮਕਾਜੀ ਦਿਨ ਹੋਣ ਦੇ ਬਾਵਜੂਦ ਦੁਪਹਿਰ ਨੂੰ ਲੱਗਭੱਗ 50 ਲੋਕ ਫਿਲਮ ਦੇਖਣ ਲਈ ਆਏ ਅਤੇ ਫਿਲਮ ਖ਼ਤਮ ਹੁੰਦੇ ਹੀ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਇਸ ਦੀ ਤਾਰੀਫ਼ ਕੀਤੀ। ਇਹ ਖ਼ਾਨ ਜੋੜੀ ਦੀ ਪ੍ਰਤੱਖ ਜਿੱਤ ਅਤੇ ਭਾਰਤ ਦੇ ਸਮਾਜੀ ਮਾਹੌਲ ਨੂੰ ਖ਼ਰਾਬ ਕਰਨ ਵਾਲੇ ਕੱਟੜਪੰਥੀਆਂ ਦੀ ਹਾਰ ਸੀ।
ਫਿਲਮ ਦੇਖਣ ਤੋਂ ਬਾਦ ਮੈਨੂੰ ਹਿੰਦੂ ਸਰਵੋਤਮਵਾਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ‘ਤੇ ਬਹੁਤੀ ਹੈਰਾਨੀ ਨਹੀਂ ਹੋਈ। ਇਹ ਧਰਮ ਨਿਰਪੱਖ ਭਾਰਤ ਲਈ ਉਮੀਦ ਦਾ ਪੈਗ਼ਾਮ ਦਿੰਦੀ ਹੈ ਅਤੇ ਘੱਟ ਗਿਣਤੀਆਂ- ਮੁਸਲਮਾਨਾਂ, ਇਸਾਈਆਂ, ਸਿੱਖਾਂ ਅਤੇ ਕੁਦਰਤੀ ਵਿਕਾਰਾਂ ਨਾਲ ਜੂਝ ਰਹੇ ਲੋਕਾਂ- ਨੂੰ ਦਰਪੇਸ਼ ਅੰਤਰ-ਵਰਗੀ ਫ਼ਿਤਰਤ ਵਾਲੀਆਂ ਚੁਣੌਤੀਆਂ ਨਾਲ ਨਜਿੱਠਦੀ ਹੈ। ਇਹ ਸੱਤਾ ਉੱਪਰ ਕਾਬਜ਼ ਲੋਕਾਂ ਨੂੰ ਕਿਉਂ ਚੰਗੀ ਲੱਗੇਗੀ ਜੋ ਭਾਰਤ ਨੂੰ ਇਕ ਅਸ਼ਹਿਣਸੀਲ ਹਿੰਦੂ ਧਰਮ-ਤੰਤਰੀ ਰਾਜ ਵਜੋਂ ਮੁੜ ਪਰਿਭਾਸ਼ਿਤ ਕਰਨ ਲਈ ਬਜ਼ਿੱਦ ਹਨ ਜਿਸ ਦੇ ਤਹਿਤ ਧਾਰਮਿਕ ਘੱਟ ਗਿਣਤੀਆਂ ਤੋਂ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ?
ਇੰਨਾ ਹੀ ਨਹੀਂ, ਇਹ ਫਿਲਮ ਭਾਰਤ ਵਿਚ ਹਾਲ ਹੀ ਵਿਚ ਬਣਾਈਆਂ ਅਤੇ ਸਰਕਾਰ ਦੀ ਸਰਪ੍ਰਸਤੀ ਨਾਲ ਪ੍ਰੋਮੋਟ ਕੀਤੀਆਂ ਗਈਆਂ ਹੋਰ ਜ਼ਹਿਰੀਲੀਆਂ ਅਤੇ ਮੁਸਲਿਮ ਵਿਰੋਧੀ ਫਿਲਮਾਂ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦਿੰਦੀ ਹੈ। ਭਾਜਪਾ ਦੇ ਹਿਮਾਇਤੀਆਂ ਨੂੰ ਤਾਂ ਚੱਪਣੀ ‘ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਕਿਉਂਕਿ ਲਾਲ ਸਿੰਘ ਚੱਢਾ ਫਿਲਮ ਤਾਂ ਇਸਲਾਮੀ ਕੱਟੜਵਾਦ ‘ਤੇ ਵੀ ਸਵਾਲ ਉਠਾਉਂਦੀ ਹੈ, ਇਹ ਉਨ੍ਹਾਂ ਇਕਪਾਸੜ ਫਿਲਮਾਂ ਤੋਂ ਉਲਟ ਹੈ ਜਿਨ੍ਹਾਂ ਦਾ ਉਹ ਬੇਸ਼ਰਮੀ ਨਾਲ ਪ੍ਰਚਾਰ ਕਰ ਰਹੇ ਹਨ।
ਮੋਦੀ ਅਤੇ ਉਸ ਦੇ ਸੰਘੀ ਲਸ਼ਕਰਾਂ ਤੋਂ ਕਿਸੇ ਹਮਾਇਤ ਜਾਂ ਮਾਨਤਾ ਦੀ ਉਮੀਦ ਕਰਨ ਦੀ ਬਜਾਇ, ਸਾਨੂੰ ਸਾਰਿਆਂ ਨੂੰ ਇਸ ਵਧੀਆ ਫਿਲਮ ਦੇ ਨਿਰਮਾਤਾਵਾਂ ਨਾਲ ਆਪਣੀ ਇਕਮੁੱਠਤਾ ਦਰਸਾਉਣ ਲਈ ਸਿਨੇਮਾਘਰਾਂ ਵਿਚ ਹੁੰਮ-ਹੁੰਮਾ ਕੇ ਫਿਲਮ ਦੇਖਣ ਲਈ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਲਾਜ਼ਮੀ ਦੇਖਣਾ ਚਾਹੀਦਾ ਹੈ।