ਨਾਬਰ

ਮਨਮੋਹਨ ਸਿੰਘ ਬਾਸਰਕੇ
ਫੋਨ: 99147-16616
ਮਨੁੱਖ ਆਪਣੀ ਹੋਂਦ ਲਈ ਨਿੱਤ ਦਿਨ ਅਨੇਕਾਂ ਲੜਾਈਆਂ ਵਿਚੋਂ ਲੰਘਦਾ ਹੈ। ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਦੀ ਕਹਾਣੀ ‘ਨਾਬਰ’ ਇਨ੍ਹਾਂ ਨਿੱਕੀਆਂ-ਵੱਡੀਆਂ ਲੜਾਈਆਂ ਦੀ ਬਾਤ ਬਾਰੀਕੀ ਅਤੇ ਵਿਸਥਾਰ ਨਾਲ ਪਾਉਂਦੀ ਹੈ। ਇਨ੍ਹਾਂ ਲੜਾਈਆਂ ਵਿਚ ਮਨੁੱਖ ਦੀ ਹੋਣੀ ਅਤੇ ਬੇਵਸੀ ਦੇ ਰੰਗ ਵੀ ਬਰਾਬਰ ਘੁਲੇ ਹੋਏ ਪ੍ਰਤੀਤ ਹੁੰਦੇ ਹਨ।

ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹਟਵੇਂ ਸਨ, ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ ਔਖਿਆਈ ਮਹਿਸੂਸ ਹੁੰਦੀ ਸੀ। ਇਸ ਔਕੜ ਤੋਂ ਛੁਟਕਾਰਾ ਪਾਉਣ ਲਈ ਨੰਬਰਦਾਰ ਨੇ ਆਪਣਾ ਡੇਰਾ ਹੀ ਖੇਤਾਂ ਵਿਚ ਬਣਾ ਲਿਆ ਸੀ। ਡੇਰੇ ਸ਼ਾਨਦਾਰ ਕੋਠੀ ਸੀ। ਮੰਡੀ ਬੋਰਡ ਦਾ ਚੇਅਰਮੈਨ ਹਲਕੇ ਦਾ ਐਮ ਐਲ ਏ ਹੋਣ ਕਰਕੇ ਹੋਰਨਾਂ ਪਿੰਡਾਂ ਦੀਆਂ ਭਾਵੇਂ ਸੜਕਾਂ ਨਾ ਮੁਰੰਮਤ ਹੋਈਆਂ ਹੋਣ ਪਰ ਉਸ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਡੇਰਿਆਂ ਨੂੰ ਵੀ ਪੱਕੀਆਂ ਸੜਕਾਂ ਬਣਾ ਦਿੱਤੀਆਂ ਸਨ। ਨੰਬਰਦਾਰ ਦੇ ਡੇਰੇ ਨੂੰ ਜਾਂਦੀ ਸੜਕ ‘ਤੇ ਇਕ ਬੋਰਡ ਲੱਗਾ ਸੀ, ਜਿਸ ‘ਤੇ ਲਿਖਿਆ ਸੀ, ‘ਪਹੁੰਚ ਮਾਰਗ ਡੇਰਾ ਨੰਬਰਦਾਰ ਕਿਸ਼ਨ ਸਿੰਘ ਲੰਬਾਈ 1.90 ਕਿਲੋਮੀਟਰ’। ਖੇਤਾਂ ਵਿਚ ਕੋਠੀ ਪਾਉਣ ਨਾਲ ਸਭ ਤੋਂ ਵੱਧ ਫਾਇਦਾ ਨੰਬਰਦਾਰ ਦੇ ਸੀਰੀ ਸੱਤੇ ਨੂੰ ਹੋਇਆ ਸੀ। ਭਾਵੇਂ ਸੱਤਾ ਪੱਠਾ ਦੱਥਾ ਰੇੜ੍ਹੀ ਅੱਗੇ ਬਲਦ ਜੋੜ ਕੇ ਲਿਆਉਂਦਾ ਸੀ ਪਰ ਉਸ ਦਾ ਦੋ ਕਿਲੋਮੀਟਰ ਦਾ ਪੈਂਡਾ ਮੁੱਕਣ ਕਰਕੇ ਸਮੇਂ ਦੀ ਬਚਤ ਹੋ ਜਾਂਦੀ ਸੀ ਜਾਂ ਫਿਰ ਇਸਦਾ ਫਾਇਦਾ ਨੰਬਰਦਾਰ ਦੀ ਨੂੰਹ ਨੂੰ ਹੋਇਆ ਸੀ, ਕਿਉਂਕਿ ਜਿਉਂਦੇ ਜੀਅ ਤਾਂ ਰੋਟੀ ਖੇਤੀ ਉਸ ਦੀ ਸੱਸ ਬੰਸੋ ਹੀ ਲੈ ਕੇ ਜਾਂਦੀ ਸੀ ਪਰ ਸੱਸ ਪੂਰੀ ਹੋਣ ‘ਤੇ ਇਹ ਜਿ਼ੰਮੇਵਾਰੀ ਵੀ ਇਸ ਦੇ ਸਿਰ ਆਣ ਪਈ ਸੀ। ਗਰਮੀਆਂ ਵਿਚ ਖੇਤੀ ਰੋਟੀ ਲੈਣ ਕੇ ਜਾਣੀ ਕਿਹੜੀ ਸੌਖੀ ਸੀ। ਮੁੜ੍ਹਕੇ ਨਾਲ ਗਲ ਪਈ ਕਮੀਜ਼ ਗੜੁੱਚ ਹੋ ਜਾਂਦੀ ਸੀ, ਕਈ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ ਹੀ ਜਾਂਦੀ। ਡੇਰੇ ‘ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
ਸੱਤੇ ਨੇ ਪਹਿਲਾਂ ਚਰੀ ਦੀਆਂ ਦੋ ਪੰਡਾਂ ਵੱਢ ਕੇ, ਰੇੜ੍ਹੀ ‘ਤੇ ਲੱਦੀਆਂ ਤੇ ਫਿਰ ਟੋਕੇ ‘ਤੇ ਲਿਆ ਸੁੱਟੀਆਂ। ਉਸ ਨੇ ਇੰਜਣ ਚਾਲੂ ਕੀਤਾ ਤੇ ਚਰੀ ਕੁਤਰ ਦਿੱਤੀ। ਉਨ੍ਹ ਚਾਰ ਮੱਝਾਂ, ਇਕ ਗਾਂ, ਬਲਦ ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ। ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆਂ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ ਪੈੱਗ ਲਾਉਣ ਦਾ ਸਮਾਂ ਹੋ ਗਿਆ, ਇਸ ਲਈ ਆਨੀਂ-ਬਹਾਨੀਂ ਸੱਤਾ ਨੰਬਰਦਾਰ ਦੁਆਲੇ ਚੱਕਰ ਕੱਟਣ ਲੱਗਾ। ਉਸ ਦਾ ਪਹਿਲਾਂ ਵੀ ਜਦੋਂ ਪੈੱਗ ਲਾਉਣ ਨੂੰ ਚਿੱਤ ਕਰਦਾ, ਇਸੇ ਤਰ੍ਹਾਂ ਹੀ ਨੰਬਰਦਾਰ ਦੇ ਦੁਆਲੇ ਫਿਰਦਾ ਸੀ। ਇਹ ਗੱਲ ਨੰਬਰਦਾਰ ‘ਤੇ ਨਿਰਭਰ ਹੁੰਦੀ ਕਿ ਇਸ ਨੂੰ ਪੈੱਗ ਲਗਵਾਉਣਾ ਹੈ ਕਿ ਨਹੀਂ। ਸ਼ਰਾਬ ਕੱਢਦਾ ਤਾਂ ਭਾਵੇਂ ਸੱਤਾ ਹੀ ਸੀ ਅਤੇ ਜਿਸ ਦਿਨ ਨਿਕਲਦੀ ਉਹ ਆਪਣੀ ਮਰਜ਼ੀ ਨਾਲ ਪੀ ਲੈਂਦਾ ਪਰ ਉਸ ਤੋਂ ਬਾਅਦ ਨੰਬਰਦਾਰ ਦੀ ਮਰਜ਼ੀ ‘ਤੇ ਨਿਰਭਰ ਹੁੰਦਾ ਕਿ ਸੱਤੇ ਨੂੰ ਪੈੱਗ ਦੇਣਾ ਹੈ ਜਾਂ ਨਹੀਂ। ਜੇਕਰ ਨੰਬਰਦਾਰ ਦਾ ਮੂਡ ਖ਼ੁਸ਼ ਹੁੰਦਾ ਤਾਂ ਉਹ ਆਪ ਹੀ ਕਹਿ ਦੇਂਦਾ, “ਸੱਤਿਆ ਫੜ ਲਿਆ ਆਪਣਾ ਗਿਲਾਸ।” ਤੇ ਜੇਕਰ ਮਰਜ਼ੀ ਨਾ ਹੁੰਦੀ ਤਾਂ ਉਹ ਝਿੜਕ ਦੇਂਦਾ, “ਮੇਰੇ ਦੁਆਲੇ ਹੀ ਫੰੁਮ੍ਹਣੀਆ ਜੇਹੀਆਂ ਪਾਈ ਜਾਵੇਂਗਾ ਕਿ ਕੋਈ ਕੰਮ ਵੀ ਕਰੇਂਗਾ, ਜਾ ਕੇ ਕੰਮ ਕਰ’। ਤੇ ਉਹ ਨਾਲ ਹੀ ਕੋਈ ਕੰਮ ਦੱਸ ਦੇਂਦਾ ਤੇ ਸੱਤਾ ਪੈਰ ਘੜੀਸਦਾ ਉਧਰ ਨੂੰ ਤੁਰ ਪੈਂਦਾ। ਪਰ ਅੱਜ ਸੱਤੇ ਦਾ ਮੂਡ ਬੜਾ ਖਰਾਬ ਸੀ। ਜੀਵਨ ਸਾਥੀ ਦਾ ਦੁੱਖ ਜਰਨਾ ਬੜਾ ਔਖਾ ਹੁੰਦਾ ਹੈ। ਨੰਬਰਦਾਰ ਬੋਤਲ ਲੈ ਕੇ ਬੈਠ ਗਿਆ ਸੀ। ਸੱਤੇ ਨੇ ਟੋਕੇ ਲਾਗਿਓਂ ਆਪਣਾ ਗਿਲਾਸ ਤੇ ਕੌਲੀ ਚੁੱਕੀ ਤੇ ਨੰਬਰਦਾਰ ਕੋਲ ਉਸਦੀ ਪੈਂਦੀਂ ਭੁੰਜੇ ਬੈਠ ਕੇ ਆਪਣਾ ਗਿਲਾਸ ਨੰਬਰਦਾਰ ਅੱਗੇ ਕਰ ਦਿੱਤਾ। ਨੰਬਰਦਾਰ ਨੇ ਕੈਰੀ ਜਿਹੀ ਅੱਖ ਨਾਲ ਉਸ ਵੱਲ ਵੇਖਿਆ ਅਤੇ ਬੜੀ ਔਖਿਆਈ ਜਿਹੀ ਨਾਲ ਉਸਦਾ ਸਟੀਲ ਦਾ ਗਿਲਾਸ ਅੱਧਾ ਕਰ ਦਿੱਤਾ। ਨੰਬਰਦਾਰ ਨੇ ਨੂੰਹ ਨੂੰ ਅਵਾਜ਼ ਦੇ ਕੇ ਸੱਤੇ ਲਈ ਸਲੂਣਾ ਲਿਆਉਣ ਲਈ ਕਿਹਾ। ਨੰਬਰਦਾਰ ਦਾ ਪਰਿਵਾਰ ਭਾਵੇਂ ਸਬਜੀ ਸ਼ਬਦ ਦੀ ਵਰਤੋਂ ਕਰਦਾ ਪਰ ਕਈ ਵਾਰ ਉਹ ਸੱਤੇ ਦਾ ਮਖੌਲ ਉਡਾਉਣ ਲਈ ਜਾਣ ਬੁੱਝ ਕੇ ਸਬਜ਼ੀ ਦੀ ਥਾਂ ਸਲੂਣਾ ਸ਼ਬਦ ਦੀ ਵਰਤੋਂ ਕਰਦੇ। ਉਹ ਪੈਰਾਂ ਭਾਰ ਬੈਠਾ ਘੁੱਟ ਘੁੱਟ ਕਰ ਕੇ ਪੀਂਦਾ ਰਿਹਾ। ਉਹਦੇ ਅੰਦਰ ਇਕ ਘੋਲ ਚੱਲ ਰਿਹਾ ਸੀ। ਉਹ ਆਪਣਾ ਦਰਦ ਬਿਆਨਣਾ ਵੀ ਚਹੁੰਦਾ ਸੀ ਪਰ ਹਿੰਮਤ ਵੀ ਨਹੀਂ ਪੈਦੀ ਸੀ। ਉਸ ਨੇ ਗਿਲਾਸ ਵਿਚ ਬਚੀ ਇਕੋ ਵਾਰ ਪੀ ਲਈ ਅਤੇ ਮੋਢੇ ‘ਤੇ ਰੱਖੇ ਪਰਨੇ ਨਾਲ ਮੂੰਹ ਪੂੰਝ ਕੇ ਸਲੂਣੇ ਦਾ ਚਮਚਾ ਮੂੰਹ ਵਿਚ ਪਾਇਆ ਤੇ ਗਿਲਾਸ ਮੁੜ ਨੰਬਰਦਾਰ ਅੱਗੇ ਕਰ ਦਿੱਤਾ। ਨੰਬਰਦਾਰ ਵੀ ਹੈਰਾਨ ਜਿਹਾ ਹੋ ਗਿਆ ਕਿਉਂਕਿ ਸੱਤੇ ਨੇ ਕਦੀ ਦੂਸਰੇ ਪੈੱਗ ਦੀ ਮੰਗ ਨਹੀਂ ਕੀਤੀ ਸੀ ਪਰ ਉਹ ਚੁੱਪ ਰਿਹਾ ਅਤੇ ਗਿਲਾਸ ਦੇ ਚੌਥੇ ਕੁ ਹਿੱਸੇ ਦਾ ਪੈੱਗ ਹੋਰ ਪਾ ਦਿੱਤਾ। ਸੱਤੇ ਪਾਣੀ ਪਾਇਆ ਤੇ ਇਕੋ ਵਾਰੀ ਪੂਰਾ ਪੈੱਗ ਪੀ ਗਿਆ। ਨੰਬਰਦਾਰ ਦੇ ਇਸ਼ਾਰੇ ‘ਤੇ ਨੂੰਹ ਨੇ ਚਾਰ ਫੁਲਕੇ ਅਤੇ ਉਹਦੀ ਕੌਲੀ ਵਿਚ ਸਬਜ਼ੀ ਹੋਰ ਪਾ ਦਿੱਤੀ। ਸੱਤੇ ਰੋਟੀ ਤਾਂ ਨਾ ਖਾਦੀ ਪਰ ਉਹ ਦੀਆਂ ਅੱਖਾਂ ‘ਚੋਂ ਤ੍ਰਿਪ ਤ੍ਰਿਪ ਹੰਝੂ ਕਿਰਨ ਲੱਗ ਪਏ।
‘ਓਏ ਸੱਤਿਆ ਕੀ ਹੋ ਗਿਆ ਤੈਨੂੰ ਸਹੁਰੀ ਦਿਆ, ਤੂੰ ਤੇ ਰੋਣਾ ਸ਼ੁਰੂ ਕਰਤਾ। ਤੈਨੂੰ ਜਾਪਦਾ ਨਸ਼ੇ ਨੇ ਢਾਹ ਲਿਆ। ਜਿ਼ਆਦਾ ਹੋ ਗਈ ਤੈਨੂੰ। ਕਮਲਿਆ ਰੋਣਾ ਕਿਸੇ ਮਸਲੇ ਦਾ ਹੱਲ ਨਹੀਂ। ਤੂੰ ਗੱਲ ਦੱਸ ਕੀ ਆ? ਉਹ ਪਲ ਕੁ ਚੁੱਪ ਰਿਹਾ ਤੇ ਫਿਰ ਬੋਲਿਆ, ‘ਉਏ ਸਿੰ਼ਦ ਨੇ ਤਾਂ ਨਹੀਂ ਕੁਝ ਕਹਿਤਾ?’ ਨੰਬਰਦਾਰ ਨੇ ਆਪ ਤੇ ਕਦੀ ਸੱਤੇ ਨਾਲ ਮਾੜੀ ਚੰਗੀ ਨਹੀਂ ਸੀ ਕੀਤੀ, ਉਹ ਸੱਤੇ ਦੇ ਪਿਓ ਦਾ ਅਹਿਸਾਨ ਮੰਨਦਾ ਸੀ ਪਰ ਉਸਦਾ ਮੁੰਡਾ ਸਿੰ਼ਦ ਕਈ ਵਾਰ ਨਿੱਕੀ ਜਿਹੀ ਗੱਲ ਤੋਂ ਸੱਤੇ ਨੂੰ ਗਾਲ੍ਹ ਮੰਦਾ ਕਰਨ ਲੱਗ ਪੈਂਦਾ ਸੀ। ਜਾਤੀ ਸੂਚਕ ਸ਼ਬਦ ਸੱਤੇ ਲਈ ਦਿਹਾੜੀ ਵਿਚ ਇਕ-ਦੋ ਵਾਰ ਵਰਤਣੇ ਆਮ ਜਿਹੀ ਗੱਲ ਸੀ। ਕਈ ਵਾਰ ਸਿੰ਼ਦ ਦੀ ਘਰਦੀ ਜਾਤੀ ਸੂਚਕ ਸ਼ਬਦ ਬੋਲਣ ਤੋਂ ਗ਼ੁਰੇਜ਼ ਕਰਨ ਲਈ ਵੀ ਆਖਦੀ ਕਹਿੰਦੀ, ‘ਸਰਦਾਰ ਜੀ, ਹੁਣ ਸਮਾਂ ਬਦਲ ਗਿਆ, ਲੋਕ ਜਾਗ੍ਰਿਤ ਹੋ ਗਏ। ਸਾਡੇ ਪਿੰਡ ਏਹੀ ਸ਼ਬਦ ਵਰਤਣ `ਤੇ ਪੁਲਿਸ ਕੇਸ ਬਣ ਗਿਆ ਸੀ। ਫਿਰ ਬੜੇ ਤਰਲੇ ਮਿੰਨਤਾਂ ਨਾਲ ਕੇਸ ਵਾਪਸ ਹੋਇਆ ਸੀ’। ਪਰ ਉਹ ਕਹਿੰਦਾ, ‘ਚੰਦ ਕੁਰੇ ਤੈਨੂੰ ਨਹੀਂ ਪਤਾ ਇਸ ਮੰਗ ਖਾਣੀ ਜਾਤ ਦਾ, ਇਹ ਇਸੇ ਤਰ੍ਹਾਂ ਸੂਤਰ ਰਹਿੰਦੇ।’ ਨਾਂ ਤਾਂ ਭਾਵੇਂ ਸਿ਼ੰਦ ਦੀ ਘਰਦੀ ਦਾ ਗੁਰਿੰਦਰ ਜੀਤ ਕੌਰ ਸੀ, ਪਰਿਵਾਰ ਵਾਲੇ ਗੁਰਿੰਦਰ ਹੀ ਕਹਿੰਦੇ। ਜਦ ਕਦੀ ਸਿ਼ੰਦ ਰੁਮਾਂਟਿਕ ਮੂਡ ਵਿਚ ਹੁੰਦਾ ਤਾਂ ਉਹ ਗੁਰਿੰਦਰ ਨੂੰ ਚੰਦ ਕੁਰ ਕਹਿ ਕੇ ਸਬੋਧਨ ਕਰਦਾ। ਸੱਤਾ ਤਾਂ ਇਹ ਸ਼ਬਦ ਸੁਣਨ ਦਾ ਹੁਣ ਆਦੀ ਹੋ ਗਿਆ ਸੀ ਅਤੇ ਹੁਣ ਇਹ ਸ਼ਬਦ ਉਸਨੂੰ ਚੋਬਵੇਂ ਵੀ ਨਹੀਂ ਸੀ ਲੱਗਦੇ। ਜਿਵੇਂ ਇਹ ਇਨ੍ਹਾਂ ਦੀ ਹੋਣੀ ਹੋਵੇ ਅਤੇ ਇਸ ਨੇ ਇਹ ਸ਼ਬਦ ਸੁਣਨ ਲਈ ਜਿਵੇਂ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਹੋਵੇ।
‘ਨਹੀਂ ਚਾਚਾ ਛੋਟੇ ਸਰਦਾਰ ਨੇ ਕੁਝ ਨਹੀਂ ਕਿਆ।’ ਉਹ ਨੰਬਰਦਾਰ ਤੋਂ ਚਾਚਾ ਸ਼ਬਦ `ਤੇ ਆ ਗਿਆ ਸੀ। ਜਦੋਂ ਉਹਦਾ ਪਿਉ ਨੰਬਰਦਾਰ ਨਾਲ ਸੀਰੀ ਸੀ ਤਾਂ ਕਦੀ ਵੀ ਨੰਬਰਦਾਰ ਨੇ ਉਹਦੇ ਬਾਪ ਨੂੰ ਨਾਂ ਲੈ ਕੇ ਨਹੀਂ ਸੀ ਬੁਲਾਇਆ ਸਗੋਂ ਭਾਊ ਕਹਿ ਕੇ ਸਬੋਧਨ ਕਰਦਾ ਸੀ, ਜਿਸ ਕਰਕੇ ਛੋਟੇ ਹੁੰਦਿਆਂ ਬਾਪ ਨਾਲ ਜਦ ਕਈ ਵਾਰ ਨੰਬਰਦਾਰ ਦੇ ਘਰ ਆਉਂਦਾ ਤਾਂ ਉਹ ਨੰਬਰਦਾਰ ਨੂੰ ਚਾਚਾ ਕਹਿ ਕੇ ਸੰਬੋਧਨ ਕਰਦਾ। ਨੰਬਰਦਾਰ ਵੀ ਉਸਨੂੰ ਤੱਤਾ ਤੱਤਾ ਕੁੜਾਹੇ ਦਾ ਗੁੜ ਜਾਂ ਗੰਨੇ ਦੇ ਕੇ ਭੇਜਦਾ। ਕਈ ਵਾਰ ਉਹ ਇਹ ਵੀ ਕਹਿ ਦੇਂਦਾ, ਮਾਂ ਆਪਣੀ ਨੂੰ ਆਖੀਂ ਮੂਲੀਆਂ ਸਾਗ ਲੈ ਜੇ, ਬਥੇਰੇ ਨੇ ਮੂਲੀਆਂ ਗੋਂਗਲੂ ਤੇ ਸਾਗ। ਪਰ ਜਦੋਂ ਦਾ ਸੱਤਾ ਨੰਬਰਦਾਰ ਨਾਲ ਸੀਰੀ ਰਲਿਆ ਸੀ, ਉਸ ਚਾਚੇ ਦੀ ਥਾਂ ਨੰਬਰਦਾਰ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸੀ।
‘ਕੰਜਰਾਂ ਕੁਝ ਮੂੰਹੋਂ ਵੀ ਫੁੱਟ, ਇਵੇਂ ਰੋਈ ਜਾਂਦਾ ਜਿਵੇਂ ਮਾਂ ਦੱਬ ਕੇ ਆਇਆ ਹੋਵੇ।’ ਸੱਤਾ ਮੋਟੇ ਮੋਟੇ ਅੱਥਰੂ ਕੇਰਦਾ ਨੰਬਰਦਾਰ ਦੇ ਪੈਰਾਂ ‘ਤੇ ਨਿਉਂ ਗਿਆ।’ ਸਰਦਾਰਾ ਟੀਨੂੰ ਦੀ ਮਾਂ ਨੂੰ ਬਚਾ ਲੈ, ਮੇਰਾ ਘਰ ਉਜੜ ਜਾਣਾ ਈ।’
‘ਕੀ ਹੋਇਆ ਟੀਨੂੰ ਦੀ ਮਾਂ ਨੂੰ?’
‘ਡਾਕਟਰਾਂ ਲੱਖ ਰੁਪਈਆ ਮੰਗਿਆ। ਕਿਹਦੀ ਮਾਂ ਨੂੰ ਮਾਸੀ ਆਖਾਂ। ਕੁਝ ਨਹੀਂ ਔੜ੍ਹਦਾ।’ ਉਹ ਪਲ ਕੁ ਚੁੱਪ ਰਿਹਾ ਤੇ ਫਿਰ ਬੋਲਿਆ, ‘ਸਰਦਾਰਾ ਤੂੰ ਹੀ ਮੇਰੀ ਬਾਂਹ ਫੜ ਸਕਦੈਂ।’ ਇਹ ਸੁਣ ਨੰਬਰਦਾਰ ਚੁੱਪ ਜਿਹਾ ਹੋ ਗਿਆ। ਉਹ ਪਲ ਕੁ ਚੁੱਪ ਰਿਹਾ ਤੇ ਫਿਰ ਬੋਲਿਆ, ‘ਚੱਲ ਚੁੱਪ ਕਰ, ਰੋਟੀ ਖਾਹ ਤੇ ਘਰ ਚੱਲ। ਤੇਰੇ ਬਾਰੇ ਵੀ ਕੁਝ ਸੋਚਾਂਗੇ।’ ਨੰਬਰਦਾਰ ਨੇ ਝੂਠਾ ਜਿਹਾ ਦਿਲਾਸਾ ਦਿੱਤਾ। ਇਹ ਸੁਣ ਸਿੰ਼ਦ ਵੀ ਅੰਦਰੋਂ ਬਾਹਰ ਨਿਕਲ ਆਇਆ। ਉਨ੍ਹ ਸੱਤੇ ਦੀ ਹਾਲਤ ਵੇਖ ਸੋਚਿਆ ਕਿਤੇ ਇੱਥੇ ਹੀ ਨਾ ਟੇਡਾ ਹੋ ਜੇ। ਉਹਨੇ ਸੱਤੇ ਅੱਗੇ ਪਈ ਰੋਟੀ ਵੇਖ ਸੱਤੇ ਨੂੰ ਪੁੱਛਿਆ ‘ਸੱਤਿਆ ਰੋਟੀ ਖਾਣੀ ਕਿ ਨਹੀਂ।’ ਸੱਤੇ ਨਾਂਹ ਵਿਚ ਸਿਰ ਹਿਲਾਇਆ। ਨੰਬਰਦਾਰ ਦੇ ਇਸ਼ਾਰਾ ਕਰਨ `ਤੇ ਸਿ਼ੰਦ ਨੇ ਮੋਟਰਸਾਈਕਲ ਬਾਹਰ ਕੱਢ ਲਿਆ।’ ਚਲ ਉੱਠ ਤੈਨੂੰ ਘਰ ਛੱਡ ਆਵਾਂ, ਉਹਨੇ ਸੱਤੇ ਨੂੰ ਬਾਹੋਂ ਫੜ ਉਠਾਲਿਆ, ਚੱਲ ਮੇਰਾ ਬੀਬਾ ਵੀਰ।
*******
ਸਵੇਰੇ ਭਾਵੇਂ ਸੱਤੇ ਤੋਂ ਰਾਤੀਂ ਜਿ਼ਆਦਾ ਨਸ਼ੇ ਕਰਕੇ ਉਠਿਆ ਨਹੀਂ ਸੀ ਜਾਂਦਾ ਪਰ ਸਿ਼ੰਦ ਤੋਂ ਪੈਣ ਵਾਲੀਆਂ ਗਾਲ੍ਹਾਂ ਨੇ ਚੌਕਸ ਕਰ ਦਿੱਤਾ ਸੀ। ਰਾਤ ਤੇ ਭਾਵੇਂ ਸੱਤਾ ਨਸ਼ੇ ਕਰ ਕੇ ਸੁੱਤਾ ਰਿਹਾ ਸੀ ਪਰ ਜਦੋਂ ਅੱਧੀ ਰਾਤ ਨੂੰ ਨਸ਼ਾ ਲੱਥਣ ‘ਤੇ ਜਾਗ ਆਈ ਤਾਂ ਉਸ ਨੂੰ ਧੰਨੋ ਦੇ ਇਲਾਜ ਲਈ ਚਾਹੀਦੇ ਪੈਸਿਆਂ ਦੀ ਚਿੰਤਾ ਨੇ ਮੁੜ ਆਣ ਘੇਰਿਆ। ਭਾਵੇਂ ਨਸ਼ੇ ਦੀ ਭੰਨ-ਤੋੜ ਨੇ ਉਹਦਾ ਸਰੀਰ ਦੁਖੂ ਦੁਖੂ ਕਰਨ ਲਗਾ ਦਿੱਤਾ ਸੀ ਅਤੇ ਨਸ਼ੇ ਦੇ ਉਤਰਣ ‘ਤੇ ਸਿਰ ਦਰਦ ਵੀ ਹੋਣ ਲੱਗ ਪਿਆ ਸੀ। ਪਹਿਲਾਂ ਤਾਂ ਉਹ ਨਸ਼ੇ ਦੀ ਵਾਧ ਘਾਟ ਹੋਣ ‘ਤੇ ਬੀਕਾਸੂਲ ਦਾ ਕੈਪਸੂਲ ਲੈ ਲੈਂਦਾ ਸੀ ਪਰ ਅੱਜ ਤਾਂ ਇਕੋ ਇਕ ਆਸ ਸੀ ਕਿ ਉਹ ਨੰਬਰਦਾਰ ਵੱਲ ਜਾ ਕੇ ਪੈੱਗ ਲੈ ਤੋਟ ਭੰਨੇਗਾ। ਇਸੇ ਕਰਕੇ ਉਹ ਰਵਾ ਰਵੀ ਨੰਬਰਦਾਰ ਦੇ ਘਰ ਪਹੁੰਚ ਗਿਆ।
ਕਈ ਵਾਰ ਤਾਂ ਸੱਤਾ ਬੜੇ ਹੰਮੇ ਦਾਅਵੇ ਨਾਲ ਆਪਣੇ ਘਰ ਵਾਂਗ ਕਿਸੇ ਵੀ ਚੀਜ਼ ਦੀ ਮੰਗ ਇਸ ਘਰੋਂ ਕਰ ਲੈਂਦਾ ਸੀ। ਪੱਠੇ ਤਾਂ ਭਾਵੇਂ ਉਹ ਰਾਤ ਹੀ ਦੋ ਪੰਡਾਂ ਰੇੜ੍ਹੀ ‘ਤੇ ਲੱਦ ਲਿਆਇਆ ਸੀ। ਉਨ੍ਹੇ ਇੰਜਣ ਚਾਲੂ ਕਰ ਕੇ ਪੱਠੇ ਕੁਤਰੇ ਤੇ ਡੰਗਰਾਂ ਨੂੰ ਪਾ ਚੌਂਤਰੇ ਦੇ ਨੇੜੇ ਹੋਇਆ।’ ਬੀਬੀ ਜੀ! ਸਿਰ ਦੁਖ ਰਿਹਾ, ਕਰੜੀ ਜੇਹੀ ਚਾਹ ਬਣਾਇਓ।’ ਉਹ ਨਿਤਾਣਾ ਜਿਹਾ ਬਣਿਆ ਖੜ੍ਹਾ ਸੀ।
‘ਰਾਤੀਂ ਥੋੜ੍ਹੀ ਨਹੀਂ ਸੀ ਡੱਫੀ ਦੀ’, ਸਰਦਾਰਨੀ ਨੇ ਮਿੱਠਾ ਜਿਹਾ ਝਿੜਕਿਆ। ਉਹਨੇ ਕੋਈ ਜਵਾਬ ਨਹੀਂ ਦਿੱਤਾ ਸਗੋਂ ਅੱਖਾਂ ਨੀਵੀਆਂ ਪਾ ਲਈਆਂ। ਜਦ ਉਸ ਚਾਹ ਪਵਾਉਣ ਲਈ ਆਪਣੇ ਭਾਂਡਿਆਂ ਵੱਲ ਵੇਖਿਆ ਤਾਂ ਉਸਨੂੰ ਆਪਣੇ ਆਪ ਤੋਂ ਕਚਿਆਣ ਜੇਹੀ ਆਈ, ਰਾਤੀਂ ਉਹ ਆਪਣੇ ਭਾਂਡੇ ਵੀ ਸਾਫ਼ ਕਰ ਕੇ ਨਹੀਂ ਸੀ ਗਿਆ। ਉਹਨੇ ਪਹਿਲਾਂ ਆਪਣੇ ਭਾਂਡੇ ਸਾਫ ਕੀਤੇ ਤੇ ਫਿਰ ਚਾਹ ਪੁਆ ਕੇ ਟੋਕੇ ਕੋਲ ਆ ਚਾਹ ਪੀਣ ਲੱਗਾ। ਉਹ ਚਾਹ ਪੀ ਕੇ ਹਟਿਆ ਤਾਂ ਨੰਬਰਦਾਰ ਨੇ ਅੱਧੀ ਗਿਲਾਸੀ ਸ਼ਰਾਬ ਦੀ ਲਿਆ ਕੇ ਉਹਦੇ ਗਿਲਾਸ ਵਿਚ ਉਲਧ ਦਿੱਤੀ। ਨੰਬਰਦਾਰ ਜਾਣਦਾ ਸੀ ਕਿ ਇਸ ਹਾਲਤ ਵਿਚ ਇਸ ਤੋਂ ਕੰਮ ਨਹੀਂ ਹੋਣਾ। ਅਸਲ ਵਿਚ ਸੱਤੇ ਨੇ ਨੰਬਰਦਾਰ ਨੂੰ ਸੁਣਾ ਕੇ ਹੀ ਸਰਦਾਰਨੀ ਨੂੰ ਚਾਹ ਲਈ ਆਖਿਆ ਸੀ ਤੇ ਨੰਬਰਦਾਰ ਉਸ ਦਾ ਇਸ਼ਾਰਾ ਸਮਝ ਗਿਆ ਸੀ।
ਪਹਿਲਾਂ ਸੱਤੇ ਦਾ ਬਾਪ ਨਾਜ਼ਰ, ਨੰਬਰਦਾਰ ਨਾਲ ਸੀਰੀ ਪੁਣਾ ਕਰਦਾ ਸੀ ਪਰ ਨਾਜ਼ਰ ਵਲੋਂ ਕੈਦ ਕੱਟ ਕੇ ਘਰ ਆਉਣ ‘ਤੇ ਤਪਦਿਕ ਨਾਲ ਮੌਤ ਹੋਣ ‘ਤੇ ਨਾਜ਼ਰ ਵਲੋਂ ਲਈ ਪੇਸ਼ਗੀ ਰਕਮ ਦੀ ਪੂਰਤੀ ਲਈ ਸੱਤੇ ਨੂੰ ਸੀਰੀ ਉਸ ਦੀ ਮਾਂ ਨੇ ਰਖਵਾ ਦਿੱਤਾ ਸੀ। ਵੱਡਾ ਤਾਂ ਭਾਵੇਂ ਸੁੱਚਾ ਸੀ ਪਰ ਸਰਕਾਰੀ ਮਹਿਕਮੇ ਵਿਚ ਦਿਹਾੜੀਦਾਰ ਨੌਕਰ ਸੀ, ਜਿਸ ਕਾਰਨ ਉਸ ਨੰਬਰਦਾਰ ਨਾਲ ਸੀਰੀ ਪੁਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਕਰਕੇ ਮਾਂ ਨੇ ਸੱਤੇ ਨੂੰ ਸਕੂਲੋਂ ਉਠਾ ਕੇ ਪੇਟ ਨੂੰ ਝੁਲਸਾ ਦੇਣ ਲਈ ਨੰਬਰਦਾਰ ਨਾਲ ਤੋਰ ਦਿੱਤਾ ਸੀ ਤੇ ਫਿਰ ਉਹ ਖਰਾਸੇ ਜੁੱਪੇ ਬਲਦ ਵਾਂਗ ਰਵਾਂ ਹੋ ਗਿਆ।
ਜਦੋਂ ਸੱਤੇ ਨੂੰ ਸਰੂਰ ਜਿਹਾ ਆਇਆ ਤਾਂ ਉਹ ਮੁੜ ਨੰਬਰਦਾਰ ਦੀ ਪੈਂਦੀਂ ਆ ਖਲੋਅ ਗਿਆ। ‘ਨੰਬਰਦਾਰ ਜੀ ਤੁਸੀਂ ਮੇਰੇ ਮਾਈ ਬਾਪ ਹੋ, ਮੇਰੀ ਡੋਰ ਤਾਂ ਤੁਹਾਡੇ ਹੱਥ ਏ। ਜੇ ਮੈਂ ਟੀਨੂੰ ਦੀ ਮਾਂ ਦਾ ਇਲਾਜ ਨਾ ਕਰਵਾ ਸਕਿਆ ਤਾਂ ਟੀਨੂੰ ,ਮਾਂ ਮਹਿੱਟਰ ਹੋਜੂ ਤੇ ਮੈਂ ਆਪਣੇ ਆਪ ਨੂੰ ਸਾਰੀ ਉਮਰ ਮਾਫ ਨਹੀਂ ਕਰ ਸਕੂੰਗਾ। ਮੈਂ ਰਾਤੀਂ ਵੀ ਬੇਨਤੀ ਕੀਤੀ ਸੀ, ਮੇਰੀ ਮਦਦ ਕਰੋ। ਨੰਬਰਦਾਰ ਜੀ ਸਵਾਲ ਇਕ ਲੱਖ ਦਾ ਏ, ਮੈਂ ਮੋੜ ਦਾਂਗਾ।’ ਨਾਲ ਹੀ ਉਸਦੇ ਹੱਥ ਜੁੜ ਗਏ। ਨੰਬਰਦਾਰ ਅਜੇ ਚੁੱਪ ਸੀ, ਸਿੰ਼ਦ ਬਾਹਰੋਂ ਆ ਗਿਆ, ਜਿਨ੍ਹੇ ਸੱਤੇ ਦੀ ਗੱਲ ਸੁਣ ਲਈ ਸੀ।
‘ਲੱਖ ਮੰਗ ਕੇ ਗੱਲ ਤਾਂ ਤੂੰ ਇਵੇਂ ਕੀਤੀ ਜਿਵੇਂ ਜੱਟ ਆੜ੍ਹਤੀ ਤੋਂ ਫਸਲ ਸੁੱਟ ਕੇ ਹਿਸਾਬ ਸਾਫ ਕਰਦੂੰ ਕਹਿੰਦਾ ਹੈ। ਪਤੰਦਰਾ ਲੱਖ ਫਿਰ ਮੋੜਨਾ ਕਿਵੇਂ? ਇਹ ਵੀ ਸੋਚ।’
‘ਸਰਦਾਰਾ ਕਿੱਥੇ ਜਾਵਾਂ, ਕੰਮ ਤੁਹਾਡੇ ਕਰਦਾਂ ਗਰਜ਼ ਵੀ ਤੁਸੀਂ ਪੂਰੀ ਕਰੋਗੇ।’
‘ਜਾ ਜਾ ! ਬਹੁਤੀਆਂ ਗੱਲਾਂ ਨਾ ਬਣਾ, ਮੈਂ ਬੰਬੀ ਛੱਡ ਦੇਂਦਾ, ਜਾ ਕੇ ਪਾਣੀ ਦੇ ਨੱਕੇ ਮੋੜ। ਸੋਚਦੇ ਆਂ ਕੁਝ ਤੇਰਾ ਵੀ।’ ਸਿ਼ੰਦ ਨੇ ਝਿੜਕ ਵੀ ਦਿੱਤਾ ਤੇ ਧੀਰਜ ਵੀ ਬਣਾ ਦਿੱਤੀ।
ਪੰਜ ਸੱਤ ਵਾਰ ਸੱਤੇ ਤੋਂ ਅਖਵਾ ਕੇ ਇਕ ਦਿਨ ਸੱਤੇ ਨੂੰ ਪਾਸੇ ਕਰ ਕੇ ਸਿ਼ਦ ਕਹਿਣ ਲੱਗਾ। ‘ਸੱਤਿਆ ਸੁੱਚਾ ਤੇਰਾ ਭਰਾ ਉਹ ਨਹੀਂ ਕੁਝ ਮਦਦ ਕਰਦਾ? ‘
‘ਰੋਂਦੀ ਕਿਓਂ ਏ ਥਾਲੀ ‘ਚ ਕੁਝ ਨ੍ਹੀਂ ਦੀਦ੍ਹਾ। ਉਹਨੇ ਮੇਰੀ ਮਦਦ ਕੀ ਕਰਨੀ, ਉਹ ਤਾਂ ਮਾਂ ਬਿਮਾਰ `ਤੇ ਲਾਗੇ ਨਹੀਂ ਸੀ ਲੱਗਾ। ਮੈਂ ਇਕ ਦਿਨ ਫੋਨ ਕੀਤਾ, ਮਾਂ ਤੇਰੀ ਵੀ ਏ, ਇਦ੍ਹੇ ਇਲਾਜ ਲਈ ਪੈਸਿਆਂ ਦੀ ਲੋੜ ਏ। ਆ ਬੀਬੀ ਨੂੰ ਹਸਪਤਾਲ ਵਿਖਾਈਏ ਤਾਂ ਉਹਨੇ ਟੱਕੇ ਵਰਗਾ ਜਵਾਬ ਦਿੱਤਾ ਸੀ। ਕਹਿੰਦਾ ਮੇਰੇ ਨਹੀਂ ਹੱਥ ਪੱਲੇ ਕੁਝ, ਜੇ ਇਲਾਜ ਕਰਵਾ ਸਕਦਾ ਤੇ ਕਰਵਾ ਲੈ ਨਹੀਂ ਤਾਂ ਬਥੇਰੀ ਉਮਰ ਭੋਗਲੀ ਬੀਬੀ ਨੇ। ਨਿਆਣੇ ਸ਼ਹਿਰ ਅੰਗਰੇਜ਼ੀ ਸਕੂਲੇ ਪਾਏ ਆ, ਖਰਚ ਬਹੁਤ ਏ। ਜੇ ਇੱਥੇ ਹੀ ਗੱਲ ਮੁੱਕ ਜਾਂਦੀ ਤਾਂ ਫਿਰ ਵੀ ਠੀਕ ਸੀ। ਉਸ ਦੇ ਹੱਥੋਂ ਮੋਬਾਈਲ ਫੜ ਕੇ ਉਹਦੀ ਘਰਦੀ ਸੱਤੋ ਬੋਲੀ ‘ਸੱਤਿਆ ਬੀਬੀ ਨੇ ਸਾਰੀ ਉਮਰ ਗੋਲਪੁਣਾ ਤੇ ਤੁਹਾਡਾ ਕੀਤਾ। ਹੁਣ ਸਾਂਭੋ ਵੀ ਤੁਸੀਂ।’
ਜਿਨ੍ਹੇ ਮਾਂ ਦਾ ਨਹੀਂ ਕੀਤਾ ਉਹ ਸਾਡਾ ਕੀ ਕਰੂ। ਸੱਤਾ ਪਲ ਕੁ ਚੁੱਪ ਰਿਹਾ ਤੇ ਫਿਰ ਬੋਲਿਆ ‘ਭਰਾ ਤੇ ਫਿਰ ਸ਼ਰੀਕੇ ਦਾ ਸਾਕ ਹੁੰਦੇ ਨੇ। ਮੈਨੂੰ ਅੱਗੋਂ ਉਸ ਨੇ ਕੁਝ ਕਹਿਣ ਦਾ ਮੌਕਾ ਹੀ ਨਾ ਦਿੱਤਾ ਤੇ ਮੋਬਾਈਲ ਬੰਦ ਕਰ ਦਿੱਤਾ। ਮੈਂ ਕਹਿਣਾ ਚਾਹੁੰਦਾ ਸੀ ਕਿ ਰੁੱਗ ਰੁਪਈਆ ਦਾ ਭਾਪੇ ਨੇ ਦੇ ਕੇ ਤੈਨੂੰ ਦਿਹਾੜੀਦਾਰ ਤੋਂ ਰੈਗੂਲਰ ਕਰਵਾਇਆ ਸੀ ਪਰ ਤੂੰ ਨਿਕਲਿਆ ਗੁਣਚੌਦ। ਸਰਦਾਰਾਂ ਇਹ ਤੇ ਗੱਲਾਂ, ਉਨ੍ਹੇ ਸਾਡੀ ਬਾਂਹ ਕੀ ਫੜਨੀ।’
ਸਿ਼ੰਦ ਸੱਤੇ ਦੇ ਮੋਢੇ ‘ਤੇ ਹੱਥ ਰੱਖ ਕੇ ਬੋਲਿਆ, ‘ਸੱਤਿਆ ਜਿਸਦਾ ਕੋਈ ਨਾ ਹੋਵੇ ਉਹਦਾ ਰੱਬ ਹੁੰਦਾ। ਫਿਕਰ ਨਾ ਕਰ, ਵੇਖ ਤੇਰਾ ਹੁਣ ਕੋਈ ਨਾ ਕੋਈ ਪ੍ਰਬੰਧ ਤੇ ਕਰਲਾਂਗੇ ਪਰ ਇਸ ਬਦਲੇ ਤੈਨੂੰ ਵੀ ਕੰਮ ਕਰਨਾ ਪਊ। ਜੇ ਮਨਜ਼ੂਰ ਆ ਤੇ ਗੱਲ ਕਰ।’
ਸਿੰ਼ਦ ਨੇ ਸੱਤੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਿਆ, ਜਿਵੇਂ ਉਹਦੀਆਂ ਅੱਖਾਂ ਵਿਚੋਂ ਇਸ ਸਵਾਲ ਦਾ ਜਵਾਬ ਲੱਭਦਾ ਹੋਵੇ। ਸੱਤਾ ਚੁੱਪ ਰਿਹਾ। ਜਿਵੇਂ ਉਸ ਨੂੰ ਕੋਈ ਜਵਾਬ ਨਾ ਔੜ੍ਹ ਰਿਹਾ ਹੋਵੇ। ਜਦੋਂ ਸੱਤਾ ਕੁਝ ਨਾ ਬੋਲਿਆ ਤਾਂ ਸਿ਼ੰਦ ਨੇ ਆਖਿਆ ‘ਵੇਖ ਸੱਤਿਆ ਜਿਸਨੇ ਪੈਸੇ ਦੇਣੇ ਆ ਉਹ ਕੰਮ ਵੀ ਲਵੇਗਾ।’
‘ਸਰਦਾਰ ਜੀ ਕੰਮ ਵਲੋਂ ਮੈਂ ਕਦੀ ਪਾਸਾ ਵੱਟਿਆ? ਜੋ ਕਹੋਗੇ ਕਰਾਂਗਾ। ਮੇਰਾ ਕੰਮ ਕਰਵਾ ਦਿਉ। ਪੈਸੇ ਦਵਾਉ ਮੈਂ ਵਿਆਜ ਵੀ ਦੇਦੂੰ।’ ਸੱਤਾ ਤਰਲਿਆਂ `ਤੇ ਆ ਗਿਆ ਸੀ।
‘ਨਹੀਂ ਸੱਤਿਆ ਕੋਈ ਵਿਆਜ ਨ੍ਹੀਂ, ਮੇਰੇ ਨਾਲ ਚੱਲੀਂ ਸ਼ਾਮੀਂ ਸਾਹਮਣੇ ਪਿੰਡ ਵਾਲੇ ਸਰਦਾਰ ਵੱਲ ਤੇਰਾ ਮਸਲਾ ਹੱਲ ਹੋਜੂ। ਕੰਮ ਕੋਈ ਭਾਰਾ ਨਹੀਂ, ਬਸ ਕਿੱਲੋ, ਅੱਧਾ ਕਿਲੋ ਚੀਜ਼ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣੀ ਹੋਵੇਗੀ।’
ਇਹ ਸੁਣ ਕੇ ਉਹ ਚੁੱਪ ਹੋ ਗਿਆ। ਉਹ ਸਰਦਾਰ ਤੇ ਸੁਣਿਆ ਦੋ ਨੰਬਰ ਦਾ ਕੰਮ ਕਰਦਾ। ਉਹਨੇ ਮਨ ਹੀ ਮਨ ਸੋਚਿਆ। ਉਹ ਅੰਦਰੋਂ ਡਰਿਆ ਤੇ ਸਹਿਮ ਜਿਹਾ ਗਿਆ। ਸੱਤੇ ਦੇ ਦਿਮਾਗ ਵਿਚ ਮਾਂ ਵਲੋਂ ਦੱਸੀ ਗੱਲ ਫਿਲਮ ਦੀ ਰੀਲ ਵਾਂਗ ਘੁੰਮਣ ਲੱਗੀ। ਮਾਂ ਨੇ ਦੱਸਿਆ ਸੀ ਕਿ ਨੰਬਰਦਾਰ ਦੀ ਚੱਲਦੀ ਭੱਠੀ ਫੜੀ ਗਈ ਸੀ। ਇਹ ਭੱਠੀ ਅਸਲ ਵਿਚ ਸਰਪੰਚ ਨੇ ਹੀ ਫੜਾਈ ਸੀ ਕਿਉਂਕਿ ਕਿਸ਼ਨ ਸਿੰਘ ਨੰਬਰਦਾਰ ਐਤਕੀਂ ਸਰਪੰਚੀ ਦਾ ਉਮੀਦਵਾਰ ਸੀ ਜੋ ਸਰਪੰਚ ਲਈ ਮੁਸੀਬਤ ਖੜ੍ਹੀ ਕਰ ਸਕਦਾ ਸੀ, ਜਿਸ ਕਾਰਨ ਸਰਪੰਚ ਨੇ ਨੰਬਰਦਾਰ ਨੂੰ ਰਾਹ ਦਾ ਰੋੜਾ ਜਾਣ, ਰਸਤੇ ਵਿਚੋਂ ਹਟਾਉਣ ਲਈ ਇਹ ਜੁਗਤ ਲੜਾਈ ਸੀ। ਨੰਬਰਦਾਰ ਨੇ ਬਥੇਰੀ ਚਾਰਾਜੋਈ ਕੀਤੀ ਸੀ ਕਿ ਭੱਠੀ ਵਾਲਾ ਮਾਮਲਾ ਰਫਾ-ਦਫਾ ਹੋ ਜਾਵੇ ਪਰ ਵੱਡਾ ਥਾਣੇਦਾਰ ਜੋ ਪਹਿਲਾਂ ਵੀ ਇਸ ਥਾਣੇ ਛੋਟਾ ਥਾਣੇਦਾਰ ਰਿਹਾ ਸੀ, ਉਹ ਲੋਹੇ ਦਾ ਥਣ ਹੀ ਬਣ ਗਿਆ। ਕਹਿਣ ਲੱਗਾ ਨੰਬਰਦਾਰਾ ਮੈਂ ਵੀ ਬਾਲ ਬੱਚੇਦਾਰ ਹਾਂ। ਤੇਰੀ ਭੱਠੀ ਛੱਡ ਕੇ ਮੈਂ ਐਸ ਐਸ ਪੀ ਸਾਬ੍ਹ ਤੋਂ ਵਰਦੀ ਨਹੀਂ ਲਹਾਉਣੀ। ਕੰਧਾਂ ਦੇ ਵੀ ਕੰਨ ਹੁੰਦੇ ਹਨ, ਹਾਂ ਨੰਬਰਦਾਰਾਂ ਆਪਣੀ ਪੁਰਾਣੀ ਸਾਂਝ ਹੈ, ਤੇਰੇ ਬਾਰੇ ਕੁਝ ਨਾ ਕੁਝ ਤਾਂ ਸੋਚਣਾ ਪਵੇਗਾ। ਉਰਾਂ ਆ ਤੈਨੂੰ ਗਲ ਸਮਝਾਵਾਂ ਤੇ ਥਾਣੇਦਾਰ ਨੇ ਨੋਟਾਂ ਵਾਲੀ ਥਈ ਜੇਬ ‘ਚ ਪਾ ਚੱਲਦੀ ਭੱਠੀ ਦਾ ਕੇਸ ਨਾਜ਼ਰ ‘ਤੇ ਫਿੱਟ ਕਰਾ ਦਿੱਤਾ ਸੀ। ਨੰਬਰਦਾਰ ਨੇ ਬਥੇਰੇ ਤਰਲੇ ਕੀਤੇ ਸੀ ਕਿ ਜੇਕਰ ਜ਼ਰੂਰੀ ਹੈ ਤਾਂ ਚੱਲਦੀ ਭੱਠੀ ਦੇ ਕੇਸ ਨੂੰ ਇਕ ਦੋ ਸ਼ਰਾਬ ਦੀਆਂ ਬੋਤਲਾਂ ਵਿਚ ਬਦਲ ਦੇਵੇ ਪਰ ਥਾਣੇਦਾਰ ਨੇ ਇਸ ਗੱਲ ਵੱਲ ਕੰਨ ਨਹੀਂ ਸੀ ਧਰਿਆ।
ਨਾਜ਼ਰ ਨੂੰ ਲੈ ਕੇ ਨੰਬਰਦਾਰ ਅੰਦਰ ਗਿਆ, ‘ਵੇਖ ਭਾਊ ਨਾਜ਼ਰ ਸਿਆਂ ਤੂੰ ਏਂ ਮੇਰਾ ਵੱਡਾ ਭਰਾ, ਔਖੇ ਵੇਲੇ ਜੇ ਵੱਡਾ ਛੋਟੇ ਦੇ ਕੰਮ ਨਾ ਆਇਆ ਤਾਂ ਹੋਰ ਕੋਣ ਆਊ। ਤੈਨੂੰ ਮੈਂ ਜੇਲ ਨ੍ਹੀ ਰਹਿਣ ਦੇਂਦਾ, ਤੇਰੀ ਜ਼ਮਾਨਤ ਵੀ ਕਰਵਾਊਂ ਤੇ ਵਕੀਲ ਦੀਆਂ ਫੀਸਾਂ ਵੀ ਮੈਂ ਦੇਵਾਂਗਾ। ਫਿਕਰ ਨਾ ਕਰੀਂ। ਤੇਰੇ ਪਰਿਵਾਰ ਦੀਆਂ ਲੋੜਾਂ ਦਾ ਖਿਆਲ ਵੀ ਮੈਂ ਰੱਖੂੰ ਪਰ ਤੂੰ ਬੀਬਾ ਵੀਰ ਬਣ ਕੇ ਮੇਰੀ ਮੰਨ।’…ਤੇ ਹਾਥੀ ਥਾਣੇਦਾਰ ਨਾਜ਼ਰ ਨੂੰ ਅੱਗੇ ਲਾ ਕੇ ਚੱਲਦੀ ਭੱਠੀ ਦਾ ਸਾਮਾਨ ਨਾਲ ਲੈ ਗਿਆ ਸੀ। ਥਾਣੇਦਾਰ ਦਾ ਨਾਂ, ਹਾਥੀ ਥਾਣੇਦਾਰ ਥਾਣੇ ਦੇ ਮੁਖੀ, ਚੌਧਰੀ ਇੰਸਪੈਕਟਰ ਨੇ ਪਾਇਆ ਸੀ, ਉਹ ਹਾਥੀ ਵਾਂਗ ਹੀ ਫਿਟਿਆ ਸੀ ਤੇ ਉਸ ਦੀ ਖੁਰਾਕ ਵੀ ਹਾਥੀ ਵਾਂਗ ਸੀ। ਜਦੋਂ ਪਹਿਲਾਂ ਇਸ ਥਾਣੇ ਸੀ ਤਾਂ ਇਸਨੇ ਇੰਸਪੈਕਟਰ ਚੌਧਰੀ ਨੂੰ ਇਕ ਵਾਰ ਕਿਹਾ ਸੀ, ‘ਚੌਧਰੀ ਸਾਬ੍ਹ ! ਥਾਣੇਦਾਰ ਵਿਚ ਫੋਰਡ ਟਰੈਕਟਰ ਜਿੰਨੀ ਪਾਵਰ ਹੁੰਦੀ ਹੈ ਪਰ ਸ਼ਰਤ ਇਹ ਹੈ ਕਿ ਥਾਣੇਦਾਰ ਨੂੰ ਲਿਖਣਾ ਪੜ੍ਹਨਾ ਆਉਂਦਾ ਹੋਵੇ।’ ਤੇ ਇਹ ਗੱਲ ਉਸ ਨੰਬਰਦਾਰ ਦੀ ਭੱਠੀ ਦੇ ਕੇਸ ਵਿਚ ਕਰ ਵਿਖਾਈ ਸੀ। ਹਾਥੀ ਥਾਣੇਦਾਰ ਨੇ ਚੱਲਦੀ ਭੱਠੀ ਦਾ ਕੇਸ ਏਨੀ ਮਜ਼ਬੂਤੀ ਨਾਲ ਤਿਆਰ ਕੀਤਾ ਸੀ ਕਿ ਨਾਜ਼ਰ ਤਿੰਨ ਸਾਲ ਬੱਝ ਗਿਆ ਸੀ ਤੇ ਰਿਹਾਈ ਤੋਂ ਛੇਤੀ ਬਾਅਦ ਉਹ ਘਰ ਆ ਕੇ ਤਪਦਿਕ ਨਾਲ ਘੁਲਦਾ ਮਰ ਗਿਆ ਸੀ।
ਜਦੋਂ ਨਾਜ਼ਰ ਨੂੰ ਸਜ਼ਾ ਹੋਈ ਤਾਂ ਪਹਿਲਾਂ ਪਹਿਲਾਂ ਨਾਜ਼ਰ ਦੀ ਘਰਦੀ ਬਥੇਰੇ ਨੰਬਰਦਾਰ ਦੇ ਬੱਚੇ ਪਿੱਟਦੀ ਸੀ ਪਰ ਸਮੇਂ ਨਾਲ ਜ਼ਖ਼ਮ ਭਰ ਗਏ ਸਨ। ਵੱਡੇ ਸੁੱਚੇ ਨੂੰ ਤਾਂ ਉਸਦੀ ਰੰਨ ਲੈ ਕੇ ਪੇਕੇ ਜਾ ਬੈਠੀ ਸੀ। ਢਿੱਡ ਨੂੰ ਝੁਲਸਾ ਦੇਣ ਲਈ ਮਾਂ ਨੇ ਸੱਤੇ ਨੂੰ ਸਕੂਲੋਂ ਉਠਾ ਨੰਬਰਦਾਰ ਨਾਲ ਸੀਰੀ ਰਖਾ ਦਿੱਤਾ ਸੀ।
‘ਸੱਤਿਆ ਕਿੱਥੇ ਗੁਆਚ ਗਿਆ, ਕੁਝ ਮੂੰਹੋਂ ਤੇ ਫੁੱਟ। ਵੇਖ ਸੱਤਿਆ ਜੇ ਤੂੰ ਘਰਦੀ ਦੀ ਜਾਨ ਬਚਾਉਣੀ ਤਾਂ ਕੁਝ ਤੇ ਕਰਨਾ ਪਊ, ਜਿਨ੍ਹੇ ਲੱਖ ਦੇਣਾ ਕੰਮ ਤੇ ਲਊ। ਸੱਤਿਆ ਤੇਰੀ ਮਰਜ਼ੀ ਏ। ਮੈਂ ਤਾਂ ਤੈਨੂੰ ਨਹੀਂ ਦੇ ਸਕਦਾ, ਦਸ ਵੀਹ ਹਜ਼ਾਰ ਦੀ ਗੱਲ ਹੁੰਦੀ ਤਾਂ ਕਰ ਵੀ ਦੇਂਦੇ। ਜੇ ਹੋਰ ਕੋਈ ਘਰ ਲੱਭਦਾ ਤਾਂ ਲੱਭ ਲੈ।’
…ਤੇ ਫਿਰ ਸਿ਼ੰਦ ਨੇ ਸੱਤੇ ਨੂੰ ਸਾਹਮਣੇ ਪਿੰਡ ਵਾਲੇ ਸਰਦਾਰ ਨੂੰ ਜਾ ਮਿਲਾਇਆ ਸੀ। ਸੱਤੇ ਵਲੋਂ ਹੁੰਗਾਰਾ ਭਰਨ ‘ਤੇ ਸਰਦਾਰ ਨੇ ਸੱਤੇ ਦੀ ਗਰਜ਼ ਪੂਰੀ ਕਰ ਦਿੱਤੀ ਸੀ ਤੇ ਸੱਤੇ ਨੇ ਪੈਸਿਆਂ ਬਦਲੇ ਉਹਦਾ ਕੰਮ ਕਰਨ ਦਾ ਫੈਸਲਾ ਕਰ ਲਿਆ ਸੀ। ਸੱਤੇ ਦੀ ਹਾਲਤ ਉਸ ਲੋਕ ਗੀਤ ਦੇ ਬੋਲਾਂ ਵਰਗੀ ਸੀ, ‘ਹਾਰ ਕੇ ਜੇਠ ਨਾਲ਼ ਲਾਈਆਂ ਮਰਦੀ ਨੇ ਅੱਕ ਚੱਬਿਆ।’
ਸੱਤੇ ਦੀ ਘਰਦੀ ਵੀ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਈ ਸੀ। ਸੱਤੇ ਦੇ ਚਿਹਰੇ ‘ਤੇ ਵੀ ਖੁਸ਼ੀ ਪਰਤ ਆਈ ਸੀ ਪਰ ਉਸ ਨੇ ਸਰਦਾਰ ਵਲੋਂ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਉਹ ਸੁਨੇਹਾ ਆਉਣ `ਤੇ ਵੀ ਆਨਾਕਾਨੀ ਕਰਨ ਲੱਗ ਪਿਆ ਸੀ। ਸਾਹਮਣੇ ਪਿੰਡ ਵਾਲੇ ਸਰਦਾਰ ਨੇ ਸਿੰ਼ਦ ਨੂੰ ‘ਲਾਮ੍ਹਾ ਵੀ ਦਿੱਤਾ। ‘ਸਿ਼ੰਦ ਇਹੋ ਜਿਹੇ ਬੰਦੇ ਬੜੇ ਖਤਰਨਾਕ ਹੁੰਦੇ ਨੇ। ਏਹਦਾ ਹੁਣ ਕੁਝ ਕਰਨਾ ਪਵੇਗਾ’। ਤੇ ਸਿ਼ੰਦ ਨੇ ਫਿਰ ਇਹ ਕਹਿ ਕੇ ਉਖਲੀ ਵਿਚ ਉਹਦਾ ਸਿਰ ਦਿਵਾ ਦਿੱਤਾ, ‘ਸੱਤਿਆ ਹੁਣ ਸਰਦਾਰ ਨਾਲ ਵਿਗਾੜ ਨਾ, ਇਹੋ ਜੇਹੇ ਬੰਦਿਆਂ ਨਾਲ ਵਿਗਾੜਿਆਂ ਨਹੀਂ ਸਰਦਾ ਅਬੀ ਨਬੀ ਵੇਲੇ ਇਹੋ ਜਿਹੇ ਸਰਦਾਰ ਹੀ ਕੰਮ ਆਉਂਦੇ।’
ਸੱਤਾ ਮੁੜ ਸਰਦਾਰ ਦੇ ਘਰੇ ਜਾ ਹਾਜ਼ਰ ਹੋਇਆ ਸੀ। ਸੱਤੇ ਦੇ ਜਾਣ ‘ਤੇ ਐਤਕੀਂ ਸਰਦਾਰ ਨੇ ਉਸ ਨੂੰ ਆਪਣੇ ਬਰਾਬਰ ਕੁਰਸੀ ਦਿੱਤੀ ਤੇ ਨਾਲ ਹੀ ਕਹਿਣ ਲੱਗਾ, ‘ਸਤਿਨਾਮ ਸਿੰਘਾ ਅੱਜ ਤੋਂ ਤੂੰ ਹੋਇਓਂ ਸਾਡਾ ਭਰਾ। ਜੇ ਵੀਰਾ ਤੂੰ ਇਹ ਕੰਮ ਨਹੀਂ ਕਰਨਾ ਤੇ ਨਾ ਕਰੀਂ, ਅੱਜ ਤੋਂ ਬਾਅਦ ਮੈਂ ਤੈਨੂੰ ਕਹਿੰਦਾ ਵੀ ਨਹੀਂ, ਪਰ ਕਾਲਜ ਦੇ ਹੋਸਟਲ ਵਿਚ ਮੁੰਡੇ ਨਸਿ਼ਆਂ ਤੋਂ ਟੁੱਟੇ ਲੇਟਣੀਆਂ ਲੈਣ ਡਹੇ ਨੇ, ਕੋਈ ਮਰ ਹੀ ਨਾ ਜਾਵੇ। ਵੀਰ ਬਣ ਕੇ ਅੱਜ 100 ਗ੍ਰਾਮ ਮਾਲ ਹੋਸਟਲ ਪਹੁੰਚਾ ਦੇ।’ ਤੇ ਨਾਲ ਹੀ ਉਸ ਸੱਤੇ ਦੇ ਮੋਢੇ ‘ਤੇ ਹੱਥ ਰੱਖ ਕੇ ਆਪਣੇਪਣ ਦਾ ਅਹਿਸਾਸ ਕਰਾਇਆ।
‘ਸਰਦਾਰ ਜੀ ਮੈਨੂੰ ਭਲਾ ਕੌਣ ਕਾਲਜ ਦੇ ਹੋਸਟਲ ਵੜਨ ਦੇਵੇਗਾ?’
‘ਤੂੰ ਤੇ ਛੇਤੀ ਭਗੌੜਾ ਹੋਈ ਜਾ ਰਿਹਾ। ਨਾਲ ਰਹੇਂ ਤਾਂ ਸਾਰੇ ਰਾਹ ਸਮਝਾ ਦਈਏ। ਤੂੰ ਫਿ਼ਕਰ ਨਾ ਕਰ, ਇਕ ਸਾਈਕਲ ਲੈ ਕੇ ਉੱਤੇ ਟੋਕਰਾ ਰੱਖ ਤੇ ਟੋਕਰੇ ਦੇ ਥੱਲੇ ਪਤਲੀ ਜੇਹੀ ਪਰਾਲੀ ਵਿਛਾ ਕੇ ਉੱਤੇ ਸਾਮਾਨ ਰੱਖ ਲੈ ਤੇ ਸਾਮਾਨ ਉੱਤੇ ਆਪਣੇ ਬਾਗ `ਚੋਂ ਅਮਰੂਦ ਪਵਾ ਲਈਂ ਤੇ ਪੰਜ ਵਜੇ ਹੋਸਟਲ ਦੇ ਬਾਹਰ ਜਾ ਦੇਈਂ ਹੋਕਾ ‘ਆ ਗਏ ਬਾਗਾਂ ਦੇ ਪੇੜੇ।’
ਕਈ ਦਿਨਾਂ ਤੋਂ ਕੜਿੱਕੀ ਥਾਣੇਦਾਰ ਦਾ ਫੋਨ ਆ ਰਿਹਾ ਸੀ।
‘ਸਰਦਾਰਾ ਜਾਨ ਬੜੀ ਕੰਦਲ ਆਈ ਏ। ਐਸ ਐਸ ਪੀ ਮੀਟਿੰਗ ਵਿਚ ਵੱਡੇ ਸਰਦਾਰ ਦੀ ਬੜੀ ਲਾਹ ਪਾਹ ਕਰਦੈ, ਕਹਿੰਦੇ ਤੁਸੀਂ ਕਰਦੇ ਕੀ ਹੋ? ਸਰਦਾਰਾ ਕੁਝ ਕਰ ਅਸੀਂ ਵੀ ਵੱਡੇ ਅਫਸਰਾਂ ਨੂੰ ਜਵਾਬਦੇਹ ਆਂ।
…ਤੇ ਅੱਜ ਉਸ ਨੇ ਸੱਤੇ ਦੇ ਆਉਣ ‘ਤੇ ਅੰਦਰ ਜਾ ਸੱਤੇ ਦਾ ਹੁਲੀਆ ਅਤੇ ਕੱਪੜਿਆਂ ਦੀ ਪਛਾਣ ਦੱਸਦਿਆਂ ਕੜਿੱਕੀ ਥਾਣੇਦਾਰ ਨੂੰ ਇਹ ਗੱਲ ਕਹਿ ਦਿੱਤੀ ਸੀ, ‘ਇਹ ਬੰਦਾ ਹੁਣ ਸਾਡੇ ਕੰਮ ਦਾ ਨਹੀਂ ਰਿਹਾ, ਇਸਨੂੰ ਕਰਾ ਦੇ ਯਾਤਰਾ ਪਰ ਵੇਖੀਂ ਸਾਡਾ ਨਾਂ ਨਾ ਬਕੇ।’ ਕਹਿੰਦੇ ਜੇ ਬੰਦਾ ਇਕ ਵਾਰ ਕੜਿੱਕੀ ਥਾਣੇਦਾਰ ਦੀ ਦਾੜ੍ਹ ਹੇਠ ਆਜੇ ਫਿਰ ਉਹ ਕੜਿੱਕੀ ਵਿਚ ਫਸੇ ਚੂਹੇ ਵਾਂਗ ਬਚ ਨਹੀਂ ਸਕਦਾ। ਇਸੇ ਕਰਕੇ ਹੀ ਇਸਦਾ ਨਾਂ ਕੜਿੱਕੀ ਥਾਣੇਦਾਰ ਹੈ।
ਸਰਦਾਰ ਨੇ ਅੰਦਰੋਂ ਆ ਸਮੈਕ ਦਾ 100 ਗ੍ਰਾਮ ਦਾ ਪੈਕਟ ਸੱਤੇ ਦੇ ਹੱਥ ਦੇਣਾ ਚਾਹਿਆ ਪਰ ਸੱਤੇ ਨੇ ਹੱਥ ਅਗਾਂਹ ਨਹੀਂ ਵਧਾਏ। ‘ਤੈਨੂੰ ਕਿਹਾ ਤੇ ਹੈ ਭਰਾਵਾ ਫਿਰ ਨਾ ਕਰੀਂ। ਪਰ ਇਹ ਸਾਮਾਨ ਪਹੁੰਚਾ ਦੇ।’ ਸਰਦਾਰ ਨੇ ਤਰਲਾ ਮਾਰਨ ਵਾਲਿਆਂ ਵਾਂਗ ਮੁੜ ਕਿਹਾ। ਅਸੀਂ ਮੁੱਢ ਤੋਂ ਏਨ੍ਹਾਂ ਲੋਕਾਂ ਦੇ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਆ ਰਹੇ ਹਾਂ, ਹੁਣ ਨਹੀਂ ਹੋਣਾ। ਉਹਦੀ ਸੋਚ ਬਦਲੀ। ਉਹਨੂੰ ਬਾਪ ਨਾਲ ਨੰਬਰਦਾਰ ਵਲੋਂ ਹੋਈ ਵਧੀਕੀ ਮੁੜ ਯਾਦ ਆਈ। ਉਹਦੀ ਮਾਂ ਵਲੋਂ ਰੰਢੇਪੇ ਵਰਗੇ ਬਿਤਾਏ ਦਿਨ ਯਾਦ ਆਏ, ਕਿਵੇਂ ਉਹ ਤਿਲ-ਤਿਲ ਮਰਦੀ ਰਹੀ। ਮੇਰੀ ਮਾਂ ਦੀ ਵਾਤ ਨਹੀਂ ਕਿਸੇ ਭੈਣ ਭਰਾ ਨੇ ਪੁੱਛੀ। ਉਹਦੇ ਮਨ ‘ਚ ਵਿਦਰੋਹ ਜਾਗਿਆ। ਜੇ ਕੱਲ੍ਹ ਨੂੰ ਮੇਰੇ ਨਾਲ ਭਾਣਾ ਵਾਪਰ ਗਿਆ ਤਾਂ ਮੇਰੇ ਬੱਚਿਆਂ ਨੂੰ ਕੋਣ ਪਾਲੂ। ਮੈਂ ਅੱਧੀ ਖਾਂ ਲੂੰ, ਪਰ ਇਹ ਕੰਮ ਮੈਂ ਨਹੀਂ ਕਰਨਾ। ਉਸ ਦ੍ਰਿੜਤਾ ਨਾਲ ਫੈਸਲਾ ਲਿਆ। ‘ਸਰਦਾਰਾ! ਹੁਣ ਨਹੀਂ। ਅਸੀਂ ਮਿਹਨਤ ਮੁਸ਼ੱਕਤ ਕਰ ਕੇ ਖਾਣ ਵਾਲੇ ਜ਼ਰੂਰ ਆਂ ਪਰ ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਅਤੇ ਆਪਣੇ ਬੱਚੇ ਨਹੀਂ ਪਿਟਾਉਣੇ।’ ਉਹ ਜ਼ਰਾ ਤਲਖ਼ੀ ਨਾਲ ਬੋਲਿਆ। ਉਹ ਪਲ ਕੁ ਚੁੱਪ ਰਿਹਾ ਤੇ ਫਿਰ ਬੋਲਿਆ, ‘ਮੈਥੋਂ ਨਹੀਂ ਇਹ ਕਰਮ ਹੋਣਾ’।
ਸੱਤੇ ਅੰਦਰ ਭੈਅ ਪੈਦਾ ਕਰਨ ਲਈ ਸਰਦਾਰ ਨੇ ਲਾਲ ਜਿਹੀਆਂ ਅੱਖਾਂ ਕੱਢ ਕੇ ਸੱਤੇ ਵੱਲ ਵੇਖਿਆ, ਜਿਵੇਂ ਖਾ ਜਾਣਾ ਹੋਵੇ। ਸੱਤਾ ਡਰਿਆ ਨਹੀਂ ਸਗੋਂ ਉਹ ਵੀ ਸਰਦਾਰ ਵੱਲ ਕੈਰੀ ਜਿਹੀ ਅੱਖ ਨਾਲ ਝਾਕਿਆ। ਉਹ ਤੈਸ਼ ਨਾਲ ਕੁਰਸੀ ਤੋਂ ਉੱਠਿਆ ਤੇ ਆਪਣੇ ਰਾਹੇ ਪੈ ਗਿਆ।