ਤੇਜਾ ਸਿੰਘ ਸੁਤੰਤਰ

ਸ਼ਿਵ ਨਾਥ
ਫੋਨ: 96538-70627
ਇੰਦਰ ਸਿੰਘ ਮੁਰਾਰੀ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ: ‘‘ਜਿਨ੍ਹਾਂ ਦਿਨਾਂ ਵਿਚ ਫਸਾਦ ਸ਼ੁਰੂ ਹੋਏ ਅਸੀਂ ਲਾਹੌਰ ਤੇਜਾ ਸਿੰਘ ਸੁਤੰਤਰ ਦੀ ਕੋਠੀ ਵਿਚ ਰਹਿ ਰਹੇ ਸਾਂ। ਅਸਲ ਵਿਚ ਇਹ ਕੋਠੀ ਉਹਦੀ ਆਪਣੀ ਨਹੀਂ ਸੀ। ਸਗੋਂ, ਕਿਸੇ ਮੁਸਲਮਾਨ ਦੋਸਤ ਨੇ ਰਹਿਣ ਲਈ ਦਿੱਤੀ ਹੋਈ ਸੀ ਤੇ ਇਸ ਗੱਲ ’ਤੇ ਪਾਰਟੀ ਅੰਦਰੋਂ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤਾ। ਉਂਜ ਇਹ ਇਤਰਾਜ਼ ਬੜਾ ਫਜ਼ੂਲ ਜਿਹਾ ਸੀ ਕਿਉਂਕਿ ਕੋਠੀ ਉਹ ਕਿਹੜਾ ਸਾਰੀ ਆਪ ਹੀ ਵਰਤਦਾ ਸੀ? ਪਾਰਟੀ ਵਰਕਰਾਂ ਦੇ ਹੀ ਕੰਮ ਆਉਂਦੀ ਸੀ। ਉਸ ਦੌਰ ਵਿਚ ਬੜੀਆਂ ਮੀਟਿੰਗਾਂ ਹੋਈਆਂ ਸਨ ਇਸ ਜਗ੍ਹਾ ’ਤੇ।

ਖੈ਼ਰ, ਪਾਰਟੀ ਦੇ ਕਿਸੇ ਕੰਮ ਲਈ, ਮੈਨੂੰ ਇਥੋਂ ਸਿਆਲਕੋਟ ਘੱਲਿਆ ਗਿਆ ਪਰ ਉਥੇ ਜਾਂਦਿਆਂ ਨੂੰ, ਕਰਫਿਊ ਦਾ ਅਲਾਰਮ! ਲੁਕ-ਲੁਕਾ ਕੇ, ਪਾਰਟੀ ਦੇ ਦਫ਼ਤਰ ਪਹੁੰਚਿਆ ਪਰ ਉਸ ਦਾ ਬੂਹਾ ਬੰਦ! ਸੋ ਰਾਤ ਗੁਰਦੁਆਰੇ ਜਾ ਕੇ ਹੀ ਗੁਜ਼ਾਰਨੀ ਪਈ।
ਦਿਨੇ ਉੱਠ ਫਿਰ ਦਫ਼ਤਰੇ ਅੱਪੜਿਆ। ਵੇਖ ਕੇ, ਮੁਸਲਮਾਨ ਵਰਕਰ ਦਾ ਰੰਗ ਫੱਕ! ਆਖੇ: ‘ਤੂੰ ਇਥੇ ਆਉਣ ਦੀ ਬੜੀ ਭੁੱਲ ਕੀਤੀ ਏ ਕਿਉਂਕਿ ਘੜੀ-ਘੜੀ ਪਿੱਛੋਂ ਤਾਂ ਇਥੇ ਛੁਰੇ ਚੱਲ ਰਹੇ ਨੇ!’
ਉਸ ਨਾਲ ਦੀ ਦੁਕਾਨ ਤੋਂ ਕੁਝ ਮੇਰੇ ਖਾਣ ਲਈ ਲਿਆ ਕੇ ਦਿੱਤਾ ਤੇ ਫਿਰ ਉਸੇ ਵੇਲੇ ਮੇਰੇ ਨਾਲ ਜਾ ਕੇ, ਇਕ ਬੱਸ ’ਤੇ ਬਿਠਾ ਕੇ ਮੈਨੂੰ ਲਾਹੌਰ ਨੂੰ ਤੋਰ ਦਿੱਤਾ। ਬੱਸ ਵੀ ਉਸ ਉਹ ਫੜ ਕੇ ਦਿੱਤੀ, ਜਿਸ ਦੇ ਡਰਾਈਵਰ, ਕੰਡਕਟਰ ਉਹਦੇ ਜਾਣੂ ਸਨ। ਉਸ ਉਨ੍ਹਾਂ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਸਮਝਾ ਕੇ ਪੱਕੀ ਕੀਤੀ ਕਿ ਇਹਨੂੰ ਆਪਣੀ ਨਿਗਰਾਨੀ ਵਿਚ ਅੱਪੜਾ ਕੇ ਆਉਣਾ ਹੈ। ਹੋ ਸਕੇ ਤਾਂ ਇਹਨੂੰ ਕੁਝ ਅੱਗੇ ਵੀ ਕਰ ਆਉਣਾ। ਪਰ ਜਾਂਦਿਆਂ ਨੂੰ ਲਾਹੌਰ ਵੀ ਸੁੰਨ-ਮਸਾਨ! ਮਤਲਬ ਕਰਫਿਊ ਇੱਥੇ ਵੀ ਲੱਗ ਚੁੱਕਾ ਸੀ।
ਕਿਸੇ ਨਾ ਕਿਸੇ ਤਰ੍ਹਾਂ ਆਪਣੇ ਟਿਕਾਣੇ ਅੱਪੜਿਆ। ਸਾਰੇ ਸਾਥੀਆਂ ਦੇ ਚਿਹਰੇ ਉਤਰੇ ਹੋਏ ਕਿਉਂਕਿ ਗੜਬੜ ਹੁਣ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਵਿਚ ਵੀ ਫੈਲ ਗਈ ਹੋਈ ਸੀ ਜੋ ਅਜੇ ਤਕ ਬਚੇ ਹੋਏ ਸਨ। ਬੜੀ ਸੋਚ-ਵਿਚਾਰ ਪਿੱਛੋਂ ਇਹ ਫੈਸਲਾ ਕੀਤਾ ਗਿਆ ਕਿ ਸੁਤੰਤਰ, ਉਹਦੀ ਪਤਨੀ, ਧੀ ਤੇ ਰਾਮ ਸਿੰਘ ਨੂੰ ਕੱਢ ਕੇ, ਅੰਮ੍ਰਿਤਸਰ ਘੱਲ ਦਿੱਤਾ ਜਾਵੇ।
ਇਸ ਕੰਮ ਦੀ ਡਿਊਟੀ ਸਰੈਣ ਸਿੰਘ ‘ਖੇਲਾ’ ਨੇ ਆਪਣੇ ਸਿਰ ਲਈ ਪਰ ਟੈਕਸੀ ਦਾ ਪਤਾ ਕਰਨ ਗਿਆ ਉਹ ਆਪ ਹੀ ਮਾਰਿਆ ਜਾਣ ਲੱਗਾ ਸੀ।’’
‘‘ਕਿਉਂ?’’ ਨਾ ਚਾਹੁੰਦਿਆਂ ਵੀ ਹੁਣ ਫੇਰ ਮੇਰੇ ਤੋਂ (ਭਾਵ ਸ਼ਿਵਨਾਥ) ਪੁੱਛਿਆ ਗਿਆ।
‘‘ਪਤਾ ਨਹੀਂ ਕਿਵੇਂ ਮੁਸਲਮਾਨਾਂ ਦੇ ਇਕ ਟੋਲੇ ਨੂੰ ਸ਼ੱਕ ਪੈ ਗਿਆ ਤੇ ਉਹ ਉਹਨੂੰ ਫੜ ਕੇ ਨੰਗਿਆਂ ਕਰਨ ਲੱਗੇ ਸਨ ਕਿ ਉਤੋਂ ਕੁਝ ਹੋਰ ਬੰਦੇ ਆ ਗਏ। ਉਹ ਬੰਦੇ ਅੰਦਰੋਂ ਸਾਡੀ ਪਾਰਟੀ ਦੇ ਹਮਦਰਦ ਸਨ ਤੇ ਉਨ੍ਹਾਂ ਨੇ ਇਹ ਆਖ ਕੇ, ਖੇਲੇ ਨੂੰ ਉਸ ਟੋਲੇ ਦੇ ਪੰਜੇ ’ਚੋਂ ਛੁਡਾ ਲਿਆ: ‘ਓ ਭਰਾਓ! ਕਿਉਂ ਬੇਇੱਜ਼ਤੀ ਕਰਦੇ ਓ? ਇਹ ਤਾਂ ਸਾਡਾ ਆਪਣਾ ਹੀ ਭਰਾ ਅਬਦੁਲ ਰਹਿਮਾਨ ਏ।’
ਇੱਥੇ ਹੀ ਬਸ ਨਹੀਂ; ਉਸ ਤੋਂ ਪਿੱਛੋਂ, ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਇਕ ਟੈਕਸੀ ਦਾ ਪ੍ਰਬੰਧ ਵੀ ਕਰ ਦਿੱਤਾ ਜਿਸ ’ਚ ਬਿਠਾ ਕੇ ਉਹ ਸੁਤੰਤਰ ਹੋਰਾਂ ਨੂੰ ਸਰਹੱਦੋਂ ਲੰਘਾ ਆਇਆ ਸੀ।
ਹੁਣ ਬਾਕੀ ਜਿੰਨੇ ਵੀ ਅਸੀਂ ਇਸ ਕੋਠੀ ਵਿਚ ਰਹਿ ਗਏ ਸਾਂ ਸਭ ਦੇ ਦਾੜ੍ਹੀ-ਕੇਸ ਮੁਨਾਏ ਹੋਏ ਸਨ। ਸੋ ਮੁਸਲਮਾਨਾਂ ਵਾਂਗ ਹੀ ਲੱਗਦੇ ਸਾਂ। ਜਿਹੜਾ ਕੋਈ ਪਤਾ ਕਰਨ ਆਵੇ ਆਖੀਏ, ‘ਅਸੀਂ ਅੰਮ੍ਰਿਤਸਰ ਦੀ ਉਸ ਕੋਠੀ ’ਚੋਂ ਆਏ ਹਾਂ ਜ੍ਹਿਦੇ ਵਿਚ ਹੁਣ ਇਸ ਕੋਠੀ ਵਾਲਾ ਸਰਦਾਰ ਗਿਆ ਏ।’ ਉਂਜ ਅੰਦਰੋਂ ਆਪਣੇ ਇਸ ਝੂਠ ਤੋਂ ਘਾਬਰੀਏ ਵੀ ਪਰ ਇਸ ਤੋਂ ਬਿਨਾਂ ਹੋਰ ਸਾਡੇ ਕੋਲ ਇਲਾਜ ਵੀ ਕਿਹੜਾ ਰਹਿ ਗਿਆ ਸੀ।
ਫਿਰ ਇਕ ਦਿਨ ਮੈਂ ਤੇ ਨਰਿੰਞਣ ਸਿੰਘ, ਜੋ ਆਜ਼ਾਦ ਹਿੰਦ ਫੌਜ ਦਾ ਪੁਰਾਣਾ ਬੰਦਾ ਸੀ, ਸੁਤੰਤਰ ਦੀ ਟਾਈਪ ਮਸ਼ੀਨ ਤੇ ਕੁਝ ਕਿਤਾਬਾਂ ਲੈ ਕੇ, ਕੋਠੀ ’ਚੋਂ ਬਾਹਰ ਨਿਕਲੇ। ਘੋੜਾ ਹਸਪਤਾਲ ਲਈ ਟਾਂਗਾ ਫੜਿਆ ਤੇ ਉਥੋਂ ਉਤਰ ਕੇ ਰਿਫੂਜੀ ਕੈਂਪ ਵਿਚ ਜਾ ਵੜੇ। ਸੋਚਿਆ, ਕਿਸੇ ਟਰੱਕ ’ਤੇ ਚੜ੍ਹ ਕੇ ਸੌਖਿਆਂ ਹੀ ਅੰਮ੍ਰਿਤਸਰ ਪਹੁੰਚ ਜਾਵਾਂਗੇ ਪਰ ਕੈਂਪ ਵਿਚ ਆ ਕੇ ਪਤਾ ਲੱਗਾ ਕਿ ਇਹ ਕੰਮ ਕਿੰਨੀ ਔਖੀ ਗੱਲ ਹੈ! ਚੰਗੇ-ਚੰਗੇ ਬੰਦੇ ਤਾਂ ਮਿਲ ਮਿਲਾ ਕੇ, ਆਪੋ-ਆਪਣੇ ਸਾਰੇ ਸਾਮਾਨ ਵੀ ਲੱਦੀ ਜਾਣ ਪਰ ਮਾੜਿਆਂ ਨੂੰ ਕੋਈ ਖਾਲੀ ਹੱਥ ਵੀ ਨਾ ਚੜ੍ਹਨ ਦੇਵੇ। ਆਖਣ: ‘ਅਜੇ ਤੁਹਾਡਾ ਨੰਬਰ ਨਹੀਂ ਆਇਆ।’
ਕੁਦਰਤੀ, ਸਾਡੇ ਖਲੋਤਿਆਂ-ਖਲੋਤਿਆਂ ਹੀ, ਡੋਗਰਾ ਮਿਲਟਰੀ ਦਾ ਇਕ ਸੂਬੇਦਾਰ ਕੈਂਪ ਵਿਚ ਆਣ ਵੜਿਆ। ਉਹ ਆਪਣੇ ਨਾਲ ਰਾਵਲਪਿੰਡੀ ਤੋਂ ਸੱਤ ਜੀਪਾਂ ਵੀ ਭਜਾ ਲਿਆਇਆ ਸੀ।
ਉਸ ਨੂੰ ਵੇਖਦਿਆਂ ਹੀ ਨਰਿੰਞਣ ਸਿੰਘ ਨੇ ਜਾ ਸਲੂਟ ਮਾਰਿਆ। ਤੇ ਉਹਦੇ ਸਲੂਟ ਨੇ ਇੰਨਾ ਕੰਮ ਕੀਤਾ ਕਿ ਸੂਬੇਦਾਰ, ਸਾਨੂੰ ਅੰਮ੍ਰਿਤਸਰ ਤਕ ਲੈ ਕੇ ਆਉਣਾ ਮੰਨ ਗਿਆ।’’
* * *
‘‘ਅੰਮ੍ਰਿਤਸਰ ਪਹੁੰਚ ਕੇ ਅਸਾਂ ਸੁਤੰਤਰ ਦਾ ਪਤਾ ਕੀਤਾ ਪਰ ਉਹ ਉਸ ਸਮੇਂ ਜਲੰਧਰ ਵੱਲ ਗਿਆ ਹੋਇਆ ਸੀ। ਜਲੰਧਰ ਆ ਕੇ ‘ਦੰਦੂਆਲ’ ਦੀ ਦੱਸ ਪਈ ਜੋ ਕਾਮਰੇਡ ਚੈਨ ਸਿੰਘ ‘ਚੈਨ’ ਦਾ ਪਿੰਡ ਹੈ ਪਰ ਮੇਲ ਸਾਡਾ ਉਥੇ ਵੀ ਨਾ ਹੋ ਸਕਿਆ। ਸਗੋਂ, ਚੈਨ ਆਪ ਵੀ ਕਿਤੇ ਹੋਰ ਥਾਂ ਗਿਆ ਹੋਇਆ ਸੀ।
ਪਿੰਡ ਵਾਲਿਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਇਕ ਬੰਦਾ ਨਾਲ ਦੇ ਕੇ, ਕਾਮਰੇਡ ਗੁਰਚਰਨ ਸਿੰਘ ਰੰਧਾਵੇ ਦੇ ਪਿੰਡ ਨੂੰ ਤੋਰ ਦਿੱਤਾ ਪਰ ਉਹ ਬੰਦਾ ਰਾਹ ਵਿਚੋਂ ਹੀ ਪਿੱਛੇ ਮੁੜ ਗਿਆ ਕਿਉਂਕਿ ਇਕ ਤਾਂ ਸ਼ਾਮ ਦਾ ਵਕਤ ਸੀ ਤੇ ਦੂਜਾ, ਰਸਤਿਆਂ ’ਚ, ਲੱਕ-ਲੱਕ ਪਾਣੀ ਫਿਰੇ। ਉਸ ਵੇਲੇ ਮੀਂਹ ਬੜੇ ਪੈ ਰਹੇ ਸਨ। ਉਂਜ ਬਹੁਤਾ ਤਾਂ ਉਹ ਆਲੇ-ਦੁਆਲੇ ਵਿਚ ਫੈਲੀ ਹੋਈ ਗੜਬੜ ਤੋਂ ਹੀ ਡਰਿਆ ਸੀ ਤੇ ਗੱਲ ਉਹਦੀ ਹੈ ਵੀ ਸੱਚੀ ਸੀ ਕਿਉਂਕਿ ਉਸ ਸਮੇਂ ਲੋਕਾਂ ਨੂੰ ਐਵੇਂ ਹੀ, ਇਕ ਦੂਜੇ ’ਤੇ ਸ਼ੱਕ ਪਿਆ ਪੈਂਦਾ ਸੀ। ਅਸੀਂ ਆਪ ਵੀ ਤਾਂ ਇਕ ਪਿੰਡ ਅੱਗੋਂ ਲੰਘਣ ਲੱਗੇ ‘ਠੀਕਰੀ ਪਹਿਰੇ’ ਵਾਲਿਆਂ ਦੇ ਕਾਬੂ ਆ ਗਏ ਸਾਂ। ਬੜੀ ਪੁੱਛ-ਪੜਤਾਲ ਪਿੱਛੋਂ ਉਨ੍ਹਾਂ ਨੇ ਖਹਿੜਾ ਛੱਡਿਆ।
ਉਥੋਂ ਅਜੇ ਥੋੜ੍ਹੀ ਦੂਰ ਹੀ ਅੱਗੇ ਆਏ ਸਾਂ ਕਿ ਸਾਹਮਣਿਓਂ, ਕਿਸੇ ਜੀਪ ਦੀ ਰੌਸ਼ਨੀ ਵਿਖਾਈ ਦਿੱਤੀ। ਭੱਜ ਕੇ ਨਾਲ ਦੇ ਕਮਾਦ ਵਿਚ ਜਾ ਵੜੇ ਪਰ ਉਸ ਵਿਚ ਪਾਣੀ ਇੰਨਾ ਕਿ ਬੈਠਾ ਵੀ ਨਾ ਜਾਵੇ! ਕਮਾਦ ਵੀ ਕੋਈ ਇੰਨਾ ਸੰਘਣਾ ਨਹੀਂ ਸੀ ਕਿ ਖਲੋਤੇ ਹੋਏ ਨਜ਼ਰ ਨਾ ਆ ਸਕੀਏ ਪਰ ਸ਼ੁਕਰ ਹੈ ਰੌਸ਼ਨੀ ਵਾਲੀ ਉਹ ਜੀਪ ਸਾਡੇ ਤੋਂ ਪਿੱਛੇ ਹੀ ਕਿਤੇ ਮੁੜ ਗਈ।
ਕਮਾਦੋਂ ਨਿਕਲ ਕੇ ਰਾਹ ’ਤੇ ਆਉਂਦਿਆਂ ਇੰਨਾ ਹਨ੍ਹੇਰਾ ਹੋ ਗਿਆ ਸੀ ਕਿ ਪਤਾ ਈ ਨਾ ਲੱਗੇ, ਅੱਗੇ ਕਿੱਧਰ ਨੂੰ ਜਾਣਾ ਏ। ਬੜੇ ਹੈਰਾਨ! ਸੋਚਿਆ, ਜੇ ਰਾਤ ਪਿਛਲੇ ਪਿੰਡ ਵਿਚ ਹੀ ਗੁਜ਼ਾਰ ਲੈਂਦੇ ਤਾਂ ਠੀਕ ਰਹਿਣਾ ਸੀ ਪਰ ਹੁਣ ਪਛੋਤਾਇਆਂ ਕੀ ਬਣਦਾ ਸੀ? ਕਿਉਂਕਿ ਹੁਣ ਤਾਂ ਪਿੱਛੇ ਪਰਤਣ ਜੋਗੇ ਵੀ ਨਹੀਂ ਸਾਂ ਰਹੇ।
ਨ੍ਹੇਰੇ ਵਿਚ ਟੱਕਰਾਂ ਮਾਰਦਿਆਂ ਸਾਨੂੰ ਇਕ ਕੋਠਾ ਜਿਹਾ ਨਜ਼ਰੀਂ ਆਇਆ। ਇਹ ਕੋਠਾ ਕਿਸੇ ਖੂਹ ਦਾ ਸੀ ਜਿਸ ਦੇ ਬੂਹੇ ਨੂੰ ਭੈੜਾ ਜਿਆ ਜੰਦਰਾ ਵੱਜਾ ਹੋਇਆ ਸੀ। ਜੰਗਾਲ ਦਾ ਖਾਧਾ ਹੋਇਆ ਜਿਸ ਨੂੰ ਤੋੜ ਕੇ, ਰਾਤ ਅਸਾਂ ਉਸ ਕੋਠੜੀ ਵਿਚ ਹੀ ਲੰਘਾਈ। ਪਤਾ ਨਹੀਂ ਇਹ ਕੋਠੜੀ ਕਦੋਂ ਕੁ ਦੀ ਬੰਦ ਪਈ ਸੀ। ਉਹਦੇ ਵਿਚ ਪਈ ਤੂੜੀ ’ਚ ਕਈ ਕੁਝ ਫਿਰੇ! ਤੇ ਉਹਦੇ ਅੰਦਰੋਂ ਉਠਦੀ ਅਜੀਬ ਤਰ੍ਹਾਂ ਦੀ ਬਦਬੋ! ਬਸ, ਅਸੀਂਓਂ ਜਾਣਦੇ ਹਾਂ ਕਿ ਉਥੇ ਬਹਿ ਕੇ ਕਿਵੇਂ ਰਾਤ ਲੰਘਾਈ। ਬਸ ਇਕ ਸਿਰ ਲੁਕਾਈ ਦੇ ਲਾਲਚ ਨੂੰ ਬੈਠੇ ਹੀ ਰਹੇ ਸਾਂ।
ਦਿਨ ਚੜ੍ਹਨ ’ਤੇ ਫਿਰ ਪਿਛਲੇ ਪਿੰਡ। ਪਿੰਡ ਵਾਲਿਆਂ ਨੇ ਚੰਗੀ ਤਰ੍ਹਾਂ ਸਮਝਾ-ਬੁਝਾ ਕੇ, ਫਿਰ ਰੰਧਾਵੇ ਨੂੰ ਤੋਰ ਦਿੱਤਾ। ਸਾਡੇ ਜਾਂਦਿਆਂ ਨੂੰ ਸੁਤੰਤਰ ਤਿਆਰ ਹੋਇਆ ਬੈਠਾ ਸੀ। ਉਨ੍ਹੀਂ ਦਿਨੀਂ ਉਹ ਕਿਤੇ ਇਕ ਥਾਂ ’ਤੇ ਨਹੀਂ ਸੀ ਅਟਕਦਾ। ਜਗ੍ਹਾ-ਜਗ੍ਹਾ ਪਹੁੰਚ ਕੇ, ਬਚੇ-ਖੁਚੇ ਮੁਸਲਮਾਨਾਂ ਨੂੰ ਕੱਢ ਕੇ, ਕੈਂਪਾਂ ਵਿਚ ਅਪੜਾਣ ਦੇ ਯਤਨ ਕਰਦਾ ਸੀ। ਖਾਸਕਰ ਉਨ੍ਹਾਂ ਕੁੜੀਆਂ ਜਾਂ ਔਰਤਾਂ ਦੇ ਸਬੰਧ ਵਿਚ ਤਾਂ ਉਹ ਬਹੁਤਾ ਹੀ ਜਜ਼ਬਾਤੀ ਸੀ ਜੋ ਧੱਕੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ ਵਿਚ ਪਾ ਰੱਖੀਆਂ ਸੀ ਪਰ ਇਸ ਕਿਸਮ ਦੇ ਮਸਲਿਆਂ ਨੂੰ ਹੱਲ ਉਹ ਬੜੇ ਠੰਢੇ ਦਿਮਾਗ ਨਾਲ ਕਰਦਾ। ਨਾਲ ਆਪਣੇ ਬੰਦਿਆਂ ਨੂੰ ਵੀ ਸਮਝਾ ਕੇ ਰੱਖਣਾ ਕਿ ਇਹੋ ਜਿਹੀ ਹਾਲਤ ਵਿਚ, ਆਪਣੇ-ਆਪ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਖੈ਼ਰ, ਉਥੋਂ ਉਹ ਬਾਬੇ ਕਰਮ ਸਿੰਘ ਚੀਮੇ ਦੇ ਪਿੰਡ ਚੱਲਿਆ ਸੀ, ਸੋ ਰੋਟੀ ਪਾਣੀ ਖਵਾ ਕੇ ਸਾਨੂੰ ਵੀ ਆਪਣੇ ਨਾਲ ਹੀ ਤੋਰ ਲਿਆ।
ਬਾਬੇ ਦੇ ਪਿੰਡੋਂ ਹੋ ਕੇ ਅਸੀਂ ਰੁੜਕੇ ਪਹੁੰਚੇ। ਜਾਂਦਿਆਂ ਨੂੰ ਲੋਕਾਂ ਨੇ, ਮੁਸਲਮਾਨਾਂ ਨੂੰ ਮਸੀਤ ਢਾਹੁਣ ਲਾਇਆ ਹੋਇਆ ਸੀ। ਇਹ ਸ਼ਰਤ ਸੀ ਉਨ੍ਹਾਂ ਦੀ ਜਾਨ ਬਖਸ਼ੀ ਵਾਸਤੇ ਪਰ ਫੇਰ ਵੀ ਉਹ ਇੰਨੇ ਸਹਿਮੇ ਹੋਏ ਸਨ ਕਿ ਸਾਨੂੰ ਵੇਖਦਿਆਂ ਹੀ, ਸਲਾਮਾਂ ਕਰਨ ਲੱਗ ਪਏ।
ਸ਼ਾਇਦ ਉਨ੍ਹਾਂ ਦਾ ਖਿਆਲ ਹੋਵੇ ਕਿ ਅਸੀਂ ਉਨ੍ਹਾਂ ਨੂੰ ਛੁਟਕਾਰਾ ਦਿਵਾਉਣ ਆਏ ਹਾਂ ਕਿਉਂਕਿ ਉਨ੍ਹਾਂ ਦਿਨਾਂ ਵਿਚ ਇਹ ਵੀ ਤਾਂ ਹੁੰਦਾ ਸੀ ਕਿ ਅਗਲੇ ਤੋਂ ਆਪਣੀ ਈਨ ਵੀ ਮੰਨਵਾ ਲਓ ਤੇ ਕਰੋ ਵੀ ਆਪਣੀ ਮਰਜ਼ੀ। ਮਤਲਬ, ਮਸਜਿਦ ਢਵਾ ਕੇ ਵੀ ਉਹ ਉਨ੍ਹਾਂ ਨੂੰ ਪਾਰ ਬੁਲਾ ਸਕਦੇ ਸਨ।
ਉਸ ਸਮੇਂ, ਸੁਤੰਤਰ ਦੀ ਆਪਣੀ ਹਾਲਤ ਵੀ ਤਾਂ ਵੇਖਣ ਵਾਲੀ ਸੀ! ਇਕ ਪੈਰ ਉਹਦਾ ਮਸੀਤ ਵੱਲ ਵਧੇ ਤੇ ਦੂਜਾ, ਆਪਣੇ ਰਾਹੇ-ਰਾਹ ਤੁਰੇ ਜਾਣ ਵਾਸਤੇ। ਉਸ ਦੁਚਿੱਤੀ ’ਚੋਂ ਨਿਕਲਣ ਲਈ ਕਈ ਵਾਰ ਉਸ ਆਪਣੀਆਂ ਉਂਗਲਾਂ ਦੇ ਕੜਾਕੇ ਕੱਢੇ ਸਨ। ਤੇ ਉਹਦੇ ਕੋਲ ਹੈ ਵੀ ਕੀ ਸੀ ਇੰਨੇ ਵੱਡੇ ਹਜ਼ੂਮ ਦਾ ਮੁਕਾਬਲਾ ਕਰਨ ਵਾਸਤੇ? ਇਨ੍ਹਾਂ ਦਿਨਾਂ ਵਿਚ ਸਾਡੀ ਪਾਰਟੀ ਦੇ ਬੜੇ ਆਦਮੀ ਕਤਲ ਹੋਏ ਸਨ ਜਿਨ੍ਹਾਂ ਵਿਚੋਂ, ਸਾਥੀ ਮੇਘ ਸਿੰਘ ਤੇ ਸੂਬਾ ਸਿੰਘ ‘ਕੋਟ ਧਰਮ ਚੰਦ’ ਤੇ ਕਾਮਰੇਡ ਗਹਿਲ ਸਿੰਘ ‘ਛੱਜਲਵੱਢੀ’ ਜਿਹੇ ਸਿਰ-ਕੱਢ ਬੰਦਿਆਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਤਾਂ, ਜਲ੍ਹਿਆਂਵਾਲੇ ਬਾਗ ਦੇ ਹੀਰੋ, ਡਾਕਟਰ ਸੈਫੁਦ-ਦੀਨ ਕਿਚਲੂ ਜਹੇ ਦੇਸ਼ ਭਗਤ ਆਦਮੀਆਂ ਨੂੰ ਵੀ ਨਹੀਂ ਸੀ ਬਖਸ਼ਿਆ ਜੋ ਹਿੰਦੂ-ਮੁਸਲਮ ਏਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਤੇ ਇਹੋ ਕੁਝ ਹੀ ਸਾਡੇ ਬੰਦਿਆਂ ਨਾਲ ਉਧਰਲੇ ਪਾਸਿਓਂ ਹੋਇਆ! ਖੈ਼ਰ…!’’
‘‘ਠਹਿਰੋ!’’ ਮੈਂ (ਸ਼ਿਵਨਾਥ) ਉਹਦੀ ਗੱਲ ਕੱਟ ਕੇ, ਹੱਥ ਦੇ ਇਸ਼ਾਰੇ ਨਾਲ ਰੋਕਦਿਆਂ ਆਖਿਆ: ‘‘ਇੱਥੇ ਤੁਹਾਡੇ ਇਹ ਕਹਿਣ ਦਾ ਕੀ ਭਾਵ ਏ ਕਿ ਉਨ੍ਹਾਂ ਨੇ, ਕਿਚਲੂ ਜਹੇ ਦੇਸ਼ ਭਗਤ ਬੰਦਿਆਂ ਨੂੰ ਵੀ ਨਹੀਂ ਸੀ ਬਖਸ਼ਿਆ? ਕਿਉਂਕਿ ਡਾਕਟਰ ਕਿਚਲੂ ਨੇ ਤਾਂ ਅਜੇ, ਅਗਲੇ ਦਿਨ ਹੀ ਅੱਖਾਂ ਮੀਟੀਆਂ ਨੇ!’’
‘‘ਗੱਲ ਸਾਫ ਏ ਕਿ ਉਹਦੀ ਕੋਠੀ ਨੂੰ ਘੇਰਾ ਪੈ ਗਿਆ ਜੋ ਅੰਮ੍ਰਿਤਸਰ, ਕਚਹਿਰੀ ਰੋਡ ’ਤੇ ਹੁੰਦੀ ਸੀ। ਇਸ ਗੱਲ ਦਾ ਸੁਤੰਤਰ ਨੂੰ ਬੜਾ ਫਿ਼ਕਰ, ਕਿਉਂਕਿ ਸਵਾਲ ਇਥੇ ਕੇਵਲ ਇਕ ਆਦਮੀ ਦੀ ਜ਼ਿੰਦਗੀ ਬਚਾਣ ਦਾ ਹੀ ਨਹੀਂ ਸੀ ਸਗੋਂ ਇਸ ਦੇ ਨਾਲ ਤਾਂ ਫਿਰਕੂਆਂ ਦੀ ਉਸ ਸੋਚ ਨੂੰ ਵੀ ਹਵਾ ਮਿਲਣੀ ਸੀ ਜੋ ਹਿੰਦੂਆਂ ਨੂੰ ਮੁਸਲਮਾਨਾਂ ਦੇ ਤੇ, ਮੁਸਲਮਾਨਾਂ ਨੂੰ ਹਿੰਦੂਆਂ ਦੇ ਦੁਸ਼ਮਣ ਨੰਬਰ ਇਕ ਬਣਾ ਕੇ ਪੇਸ਼ ਕਰਦੇ ਸਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੇ ਇਸ ਆਦਮੀ ਨੂੰ ਪਾਰ ਬੁਲਾਣ ਵਿਚ ਕੋਈ ਕਸਰ ਨਹੀਂ ਛੱਡੀ। ਤੇ ਸ਼ਾਇਦ ਇਹੋ ਕਾਰਨ ਸੀ ਕਿ ਦੂਜੇ ਪਾਸਿਉਂ ਸਾਡੀ ਪਾਰਟੀ ਨੇ ਵੀ ਉਚੇਰੀ ਦਿਲਚਸਪੀ ਲੈ ਕੇ ਇਸ ਬੰਦੇ ਦੀ ਹਿਫ਼ਾਜ਼ਤ ਕੀਤੀ।
ਅਸੀਂ ਚਾਲੀ ਬੰਦੇ ਸਾਂ ਹਥਿਆਰਬੰਦ, ਇਕੋ ਜਿਹੇ ਜੋ ਦਿਨ-ਰਾਤ ਉਹਦੇ ਘਰ ਦਵਾਲੇ ਪਹਿਰਾ ਦੇਂਦੇ ਰਹੇ। ਕੋਈ ਮਹੀਨਾ ਕੁ ਇਹ ਕੰਮ ਚਲਦਾ ਰਿਹਾ ਹੋਵੇਗਾ ਤੇ ਫਿਰ ਇਕ ਦਿਨ ਮੌਕਾ ਤਾੜ ਕੇ, ਅਸਾਂ ਉਸ ਨੂੰ ਅੰਮ੍ਰਿਤਸਰ ’ਚੋਂ ਕੱਢ ਕੇ ਬਾਹਰ ਲੈ ਆਂਦਾ ਤੇ ਨਾਲ ਜਾ ਕੇ ਦਿੱਲੀ ਪਹੁੰਚਾ ਆਏ। ਇਸ ਗੱਲ ਦਾ ਅਹਿਸਾਨ ਡਾਕਟਰ ਕਿਚਲੂ ਨੇ ਅੰਤਲੇ ਦਿਨਾਂ ਤਕ ਵੀ ਨਹੀਂ ਸੀ ਭੁਲਾਇਆ।
ਸੁਤੰਤਰ ਦੇ ਸਬੰਧ ਵਿਚ ਤਾਂ ਇਹ ਗੱਲ ਹੋਰ ਪੱਕੀ ਸੀ ਕਿਉਂਕਿ ਉਸ, ਉਹਦੇ ਅੰਡਰ-ਗਰਾਊਂਡ ਸਮੇਂ ਵੀ ਉਸਨੂੰ ਕਈ ਵਾਰ ਝੱਲਿਆ ਜਦੋਂਕਿ ਹਕੂਮਤ ਵਲੋਂ ਉਹਦੇ ਸਿਰ ਦਾ ਇੰਨਾ ਵੱਡਾ ਇਨਾਮ ਹੁੰਦਾ ਸੀ। ਇਕ ਵਾਰ ਕਿਸੇ ਨੇ ਉਹਨੂੰ ਪੁੱਛਿਆ: ‘ਤੁਸੀਂ ਸੁਤੰਤਰ ਦੇ ਬਦਲੇ ਹੋਏ ਭੇਸਾਂ ’ਚੋਂ ਉਸਨੂੰ ਕਿਵੇਂ ਪਛਾਣ ਲੈਂਦੇ ਹੋ?’
ਥੋੜ੍ਹਾ ਜਿਹਾ ਹੱਸ ਕੇ ਆਖਣ ਲੱਗਾ: ‘ਖ਼ੁਦਾ ਕਿਸੇ ਵੀ ਭੇਸ ’ਚ ਹੋਵੇ ਵੇਖਣ ਵਾਲੀ ਅੱਖ ਨੂੰ, ਉਸ ਦੀ ਰਹਿਮਤ ਦਾ ਝਲਕਾਰਾ ਸਾਫ਼ ਨਜ਼ਰ ਆਵੇਗਾ।’ ਤੇ ਇਹ ਸੱਚ ਸੀ ਕਿ ਉਹ ਕਾਮਰੇਡ ਸੁਤੰਤਰ ਦਾ ਤੇ ਸੁਤੰਤਰ ਉਹਦਾ, ਰੱਬ ਨਾਲੋਂ ਵੀ ਬਹੁਤਾ ਸਤਿਕਾਰ ਕਰਦਾ ਸੀ ਤੇ ਉਨ੍ਹਾਂ ਨੂੰ ਇਕ ਦੂਜੇ ’ਤੇ ਇਹਦੇ ਨਾਲੋਂ ਵੀ ਵੱਧ ਯਕੀਨ ਤੇ ਭਰੋਸਾ ਹੁੰਦਾ ਸੀ।’’ ਵਿਚ ਵਿਚਕਾਰ ਡਾ. ਸੈਫੂਉਦੀਨ ਕਿਚਲੂ ਦੀ ਕਹਾਣੀ ਸੁਣਾ ਕੇ ਇੰਦਰ ਸਿੰਘ ਮੁਰਾਰੀ ਦੁਬਾਰਾ ਤੇਜਾ ਸਿੰਘ ਸੁਤੰਤਰ ਦੇ ਨਾਲ ਜਲੰਧਰ ਜਿ਼ਲ੍ਹੇ ਦੇ ਪਿੰਡਾਂ ਵਿਚ ਹੋਏ ਮਿਲਾਪ ਦੀ ਕਹਾਣੀ ਵੱਲ ਪਰਤਿਆ।
‘‘ਰੁੜਕੇ ’ਚੋਂ ਨਿਕਲ ਕੇ ਅੱਗੇ ਨੂੰ ਜਾਣ ਲੱਗੇ ਸਾਂ ਕਿ ਇਕ ਆਦਮੀ, ਸੁਤੰਤਰ ਨੂੰ ਬਾਹੋਂ ਫੜ ਕੇ ਉਸ ਮਕਾਨ ਵਿਚ ਲੈ ਗਿਆ ਜਿੱਥੇ ਉਸ ਫ਼ਸਾਦੀਆਂ ਤੋਂ ਲੁਕਾ ਕੇ ਕੁਝ ਮੁਸਲਮਾਨ ਰੱਖੇ ਹੋਏ ਸਨ।
ਰੰਗ ਵਿਚਾਰਿਆਂ ਦੇ ਫੂਕ! ਸਾਡੇ ਹਮਦਰਦੀ ਭਰੇ ਸ਼ਬਦ ਸੁਣ ਕੇ ਉਨ੍ਹਾਂ ਦੇ ਰੋਣ ਨਿਕਲ ਗਏ ਪਰ ਸੁਤੰਤਰ ਨੇ ਸਮਝਾ ਬੁਝਾ ਕੇ ਉਨ੍ਹਾਂ ਨੂੰ ਹੌਸਲੇ ਵਿਚ ਲੈ ਆਂਦਾ।
ਇਥੇ ਹੀ ਆ ਕੇ, ਇਕ ਹੋਰ ਆਦਮੀ ਨੇ ਮਸਲਾ ਰੱਖਿਆ ਕਿ ‘ਕਾਮਰੇਡ ਮੁਬਾਰਕ ਸਾਗਰ ਦੀ ਭਤੀਜੀ ਦਾ ਕੀ ਕਰੀਏ?’ ਕਾਲਜ ਦੀ ਇਹ ਵਿਦਿਆਰਥਣ, ਫ਼ਸਾਦੀਆਂ ਦੇ ਘੇਰੇ ’ਚੋਂ ਨਸ ਕੇ, ਇਕ ਪਿੰਡ ਵਿਚ ਜਾ ਵੜੀ। ਪਿੰਡ ਵਾਲਿਆਂ ਨੇ ਉਹਨੂੰ ਆਪਣੀਆਂ ਕੁੜੀਆਂ ਦੇ ਕੱਪੜੇ ਪਵਾ ਕੇ ਟੱਬਰ ਵਿਚ ਹੀ ਛੁਪਾ ਲਿਆ, ਜਿਥੋਂ ਨਿਕਲ ਕੇ ਉਹ ਕਿਤੇ ਜਾਣਾ ਨਹੀਂ ਸੀ ਚਾਹੁੰਦੀ। ਆਂਹਦੀ ਸੀ, ‘ਮੈਨੂੰ ਤਾਂ ਹੁਣ ਆਪਣੇ ਭਰਾਵਾਂ (ਮੁਸਲਮਾਨਾਂ) ’ਤੇ ਵੀ ਇਤਬਾਰ ਨਹੀਂ ਰਿਹਾ।’ ਮਤਲਬ ਹੁਣ ਉਹ ਕਿਸੇ ਕੈਂਪ ਵਿਚ ਵੀ ਜਾਣ ਨੂੰ ਤਿਆਰ ਨਹੀਂ ਸੀ। ਤੇ ਸੁਤੰਤਰ ਨੇ, ਉਹਦੇ ਚਾਚੇ ਦੇ ਵਾਕਫਕਾਰ ਕੁਝ ਸਾਥੀਆਂ ਦੀ ਡਿਊਟੀ ਲਾਈ ਜਿਨ੍ਹਾਂ ਨੇ ਉਸ ਨੂੰ ਇਹ ਆਖ ਕੇ ਆਪਣੇ ਨਾਲ ਤੋਰ ਲਿਆਂਦਾ ਕਿ ਅਸੀਂ ਤੈਨੂੰ ਆਪ, ਲਾਹੌਰ ਅੱਪੜਾ ਕੇ ਆਵਾਂਗੇ ਕਿਉਂਕਿ ਕਮਿਊਨਿਸਟ ਵਰਕਰਾਂ ’ਤੇ ਤਾਂ ਉਹ ਅਜੇ ਵੀ ਬੜਾ ਭਰੋਸਾ ਕਰਦੀ ਸੀ ਪਰ ਇੰਨੇ ਬੰਦਿਆਂ ਨੂੰ ਨਾਲ ਜਾਣ ਦੀ ਆਗਿਆ ਕੌਣ ਦੇਵੇ? ਤੇ ਫਿਰ, ਹਿੰਦੂ-ਸਿੱਖ ਤਾਂ ਨਾਲ ਜਾ ਹੀ ਨਹੀਂ ਸਨ ਸਕਦੇ। ਖ਼ਤਰਾ ਸੀ ਕਿ ਰਾਹ ਵਿਚ ਕੋਈ ਕਤਲ ਹੀ ਨਾ ਕਰ ਦੇਵੇ।
ਆਖ ਵੇਖ ਕੇ ਪਾਕਿਸਤਾਨੀ ਅਫ਼ਸਰ ਨੂੰ ਵੀ ਮਨਾ ਲਿਆ ਗਿਆ ਤੇ ਉਸ ਇਸ ਸ਼ਰਤ ’ਤੇ ਇਕ ਆਦਮੀ ਨੂੰ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਕਿ ਉਹ ਆਪਣੇ ਆਪ ਨੂੰ ਮੁਸਲਮਾਨ ਦੇ ਭੇਸ ਵਿਚ ਰੱਖੇ ਤੇ ਰਾਖੀ ਦੀ ਗਾਰੰਟੀ ਵੀ ਸਿਰਫ਼ ਲਾਹੌਰ ਕੈਂਪ ਤੱਕ ਹੀ ਦਿੱਤੀ। ਅੱਗੋਂ ਦਾ ਉਹ ਆਪ ਜਿ਼ੰਮੇਵਾਰ ਹੋਵੇਗਾ। ਸੋ ਇਸ ਕੰਮ ਲਈ ਮੈਨੂੰ ਤਿਆਰ ਕੀਤਾ ਗਿਆ ਪਰ ਜਦੋਂ ਲਾਹੌਰ ਜਾ ਕੇ ਮੈਂ ਕੁੜੀ ਨੂੰ ਕੈਂਪ ਵਿਚ ਛੱਡਣ ਲੱਗਾ ਤਾਂ ਉਹ, ਮੇਰੇ ਨਾਲ ਚੰਬੜ ਕੇ ਰੋਣ ਲੱਗ ਪਈ! ਮੈਂ ਆਖਿਆ: ‘ਹੌਸਲਾ ਕਰ। ਇਸ ਤਰ੍ਹਾਂ ਤਾਂ ਤੂੰ ਮੈਨੂੰ ਕਿਸੇ ਮੁਸੀਬਤ ਵਿਚ ਹੀ ਫਸਾ ਦੇਵੇਂਗੀ।’
ਸੁਣ ਕੇ, ਉਸ ਆਪਣੇ ਅੱਥਰੂ ਪੂੰਝ ਲਏ ਪਰ ਕੋਲ ਖਲੋਤੀਆਂ ਔਰਤਾਂ ਨੇ ਉਸ ’ਤੇ, ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਆਖ਼ਰ ਉਸ ਨੂੰ ਇਹ ਆਖ ਕੇ ਹੀ ਖਹਿੜਾ ਛੁਡਾਣਾ ਪਿਆ, ‘ਇਹ ਮੇਰੇ ਚਾਚੇ ਦਾ ਪੁੱਤਰ ਭਰਾ ਏ। ਮੈਨੂੰ ਅੰਮ੍ਰਿਤਸਰੋਂ ਲੈ ਕੇ ਆਇਐ। ਹੁਣ ਅੱਬਾ ਜਾਨ ਦਾ ਪਤਾ ਕਰਨ ਚੱਲਿਆ ਜੋ ਰੌਲੇ ’ਚ, ਪਤਾ ਨਹੀਂ ਬਚ ਕੇ ਵੀ ਨਿਕਲੇ ਸਨ ਕਿ ਨਹੀਂ!’
ਹੁਣ ਮੈਂ ਸੁਤੰਤਰ ਦੀ ਕੋਠੀਓਂ ਜਾ ਕੇ, ਉਹਦਾ ਕੁਝ ਹੋਰ ਸਾਮਾਨ ਲਿਆਉਣਾ ਸੀ। ਜਿੱਥੋਂ ਮੇਰੇ ਨਾਲ, ਗੁਰਚਰਨ ਸਿੰਘ ਸਹਿੰਸਰਾ ਵੀ ਤਿਆਰ ਹੋ ਗਿਆ। ਇਸ ਵਾਰ ਕੈਂਪ ’ਚੋਂ ਸਾਨੂੰ ਉਹ ਲਾਰੀ ਮਿਲ ਗਈ ਜੋ ਉਧਰ ਰਹਿ ਗਏ ਹਿੰਦੂਆਂ-ਸਿੱਖਾਂ ਨੂੰ ਤੇ ਇਧਰੋਂ, ਮੁਸਲਮਾਨਾਂ ਨੂੰ ਲਿਜਾਂਦੀ ਸੀ। ਪਹਿਲਾਂ ਤਾਂ ਡਰਦਾ ਉਹਦੇ ਵਿਚ ਕੋਈ ਪੈਰ ਹੀ ਨਾ ਧਰੇ ਕਿਉਂਕਿ ਅਮਲਾ ਇਸ ਲਾਰੀ ਦਾ ਮੁਸਲਮਾਨ ਪਰ ਸਾਡੇ ਵੱਲ ਵੇਖ ਕੇ ਇਕ ਦੋ ਆਦਮੀ ਹੋਰ ਵੀ ਚੜ੍ਹ ਗਏ। ਉਨ੍ਹਾਂ ਦੀ ਵੇਖੋ-ਵੇਖੀ, ਸਾਰੀ ਮੋਟਰ ਹੀ ਭਰ ਗਈ। ਭਰੀ ਹੋਈ ਗੱਡੀ ਨੂੰ ਵੇਖ ਕੇ ਕਈ ਹੋਰ ਵੀ ਤਰਲੇ ਮਾਰਨ ਲੱਗ ਪਏ ਪਰ ਉਹ ਕਿੰਨਿਆਂ ਕੁ ਨੂੰ ਚੜ੍ਹਾ ਸਕਦੇ ਸਨ? ਕਿਉਂਕਿ ਗਿੱਠ ਕੁ ਦੀ ਤਾਂ ਉਨ੍ਹਾਂ ਦੀ ਮੋਟਰ ਸੀ।
ਇਸ ਕਿਸਮ ਦੀਆਂ ਮੋਟਰਾਂ ਵਿਚ ਲੋਕ ਉਸ ਸਮੇਂ ਚੜ੍ਹਦੇ ਹੀ ਨਹੀਂ ਸਨ ਹੁੰਦੇ ਕਿਉਂਕਿ ਅਫ਼ਵਾਹ ਸੀ ਕਿ ਇਹ ਲੋਕਾਂ ਨੂੰ ਲਿਜਾ ਕੇ ਰਾਹ ਵਿਚ ਹੀ ਕਤਲ ਕਰ ਦੇਂਦੇ ਨੇ। ਇਹ ਗੱਲ ਉਧਰਲੇ ਮੁਸਲਮਾਨ ਤੇ ਇਧਰਲੇ ਹਿੰਦੂ-ਸਿੱਖ ਅਮਲਿਆਂ ਵਾਲੀਆਂ ਮੋਟਰਾਂ ਨਾਲ ਜੁੜੀ ਹੋਈ ਸੀ। ਖ਼ੈਰ, ਸਹਿੰਸਰਾ ਤਾਂ ਰਹਿ ਗਿਆ ਅੰਮ੍ਰਿਤਸਰ ਤੇ ਮੈਂ ਉਸੇ ਮੋਟਰ ਵਿਚ ਬੈਠਾ ਬੈਠਾ, ਗੁਰਦਾਸਪੁਰ ਨੂੰ ਆ ਗਿਆ। ਖਿ਼ਆਲ ਸੀ ਕਿ ਸੁਤੰਤਰ ਦੇ ਪਿੰਡ ‘ਅਲੂਏਂ’ ਜਾ ਕੇ ਉਹਦਾ ਪਤਾ ਕਰਾਂਗੇ ਪਰ ਬਟਾਲੇ ਕੋਲ ਆ ਕੇ ਐਸੀ ਘਟਨਾ ਵਾਪਰੀ ਕਿ ਪਰਤ ਕੇ ਫਿਰ ਅੰਮ੍ਰਿਤਸਰ ਹੀ ਜਾਣਾ ਪੈ ਗਿਆ!
ਬਟਾਲੇ ਸ਼ਹਿਰ ਉਤੇ ਉਸ ਵੇਲੇ ਫ਼ਸਾਦੀਆਂ ਨੇ ਹਮਲਾ ਕੀਤਾ ਹੋਇਆ ਸੀ ਜਦੋਂ ਸਾਡੇ ਵਾਲੀ ਮੋਟਰ, ਉਹਦੀ ਹਦੂਦ ਵਿਚ ਦਾਖ਼ਲ ਹੋਈ। ਰੂਲ ਮੁਤਾਬਕ ਉਨ੍ਹਾਂ ’ਚੋਂ ਇਕ ਆਦਮੀ, ਜੋ ਸਾਰਿਆਂ ਨਾਲੋਂ ਵੱਧ ਠਰ੍ਹੰਮੇ ਵਾਲਾ ਤੇ ਉਨ੍ਹਾਂ ’ਤੇ ਇੰਚਾਰਜ ਸੀ, ਥੱਲੇ ਉਤਰ ਕੇ, ਚੁੰਗੀ ਤੋਂ ਰਾਹ-ਦਾਰੀ ਕਟਵਾਉਣ ਲੱਗਾ ਸੀ ਕਿ ਕਿਸੇ ਨੇ ਪਿੱਛੋਂ, ਗੋਲੀ ਮਾਰ ਦਿੱਤੀ! ਗੋਲੀ ਉਹਨੂੰ ਇਹੋ ਜਹੀ ਥਾਂ ’ਤੇ ਵੱਜੀ ਸੀ ਕਿ ਉਹ ਥਾਂ ’ਤੇ ਹੀ ਢੇਰੀ ਹੋ ਗਿਆ।
ਇਥੇ ਪਤਾ ਨਹੀਂ ਉਨ੍ਹਾਂ ਦਾ ਸਾਰਾ ਅਮਲਾ ਹੀ ਮਾਰਿਆ ਜਾਂਦਾ ਪਰ ਡਰਾਈਵਰ ਦੀ ਹੋਸ਼ਿਆਰੀ ਸਮਝੋ ਕਿ ਉਸ ਛੇਤੀ ਨਾਲ ਹੀ, ਗੱਡੀ ਨੂੰ ਗੋਲੀਆਂ ਦੀ ਮਾਰ ਹੇਠੋਂ, ਬਾਹਰ ਕੱਢ ਲਿਆਂਦਾ। ਰਾਹ ਵਿਚ ਇਕ ਥਾਂ ’ਤੇ ਲਾਰੀ ਨੂੰ ਰੋਕ ਕੇ ਉਨ੍ਹਾਂ ਨੇ, ਮਰਨ ਵਾਲੇ ਲਈ ਦੁੱਖ ਪਰਗਟ ਕਰਦਿਆਂ ਸਾਨੂੰ ਆਖਿਆ: ‘ਵੇਖ ਲੌ, ਤੁਹਾਡੇ ਸਾਹਮਣੇ ਜੋ ਕੁਝ ਹੋਇਐ! ਹੁਣ ਜੇ ਅਸੀਂ ਚਾਹੀਏ ਤਾਂ ਬਦਲੇ ਵਿਚ ਤੁਹਾਨੂੰ ਸਾਰਿਆਂ ਨੂੰ ਖ਼ਤਮ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਦੀ ਹਰਕਤ ਤਾਂ ਕੋਈ ‘ਖ਼ਬੀਸ’ ਦਾ ਪੁੱਤਰ ਹੀ ਕਰ ਸਕਦਾ ਹੈ। ਸਾਨੂੰ ਤਾਂ ਸਗੋਂ ਇਸ ਗੱਲ ਦਾ ਵੀ ਬੜਾ ਰੰਜ ਏ ਕਿ ਤੁਹਾਨੂੰ ਤੁਹਾਡੇ ਟਿਕਾਣਿਆਂ ’ਤੇ ਨਾ ਪਹੁੰਚਾ ਸਕੇ!
ਉਨ੍ਹਾਂ ਦੇ ਭਰੇ ਦਿਲਾਂ ’ਚੋਂ ਨਿਕਲਦੀਆਂ ਗੱਲਾਂ ਤੇ ਅੱਥਰੂਆਂ ਨਾਲ ਭਿੱਜੇ ਹੋਏ ਚਿਹਰਿਆਂ ਨੂੰ ਵੇਖ ਕੇ, ਫਿਰ ਇਕ ਵਾਰ ਸਾਡੇ ਸਾਹਮਣੇ ਉਸ ਬੰਦੇ ਦੀ ਖ਼ੂਬਸੂਰਤ ਸ਼ਕਲ ਆ ਖਲੋਤੀ! ਉਹ ਸਾਨੂੰ ਸਾਰਿਆਂ ਨੂੰ, ਅਨੇਕਾਂ ਖ਼ਤਰਿਆਂ ਦੇ ਮੂੰਹਾਂ ’ਚੋਂ ਬਚਾ ਕੇ ਕੱਢ ਲਿਆਇਆ ਸੀ ਪਰ ਸਾਡੇ ਆਪਣੇ ਬੰਦਿਆਂ (ਹਿੰਦੂ-ਸਿੱਖਾਂ) ਨੇ ਹੀ ਉਸਨੂੰ, ਸਾਡੀਆਂ ਅੱਖਾਂ ਦੇ ਸਾਹਮਣੇ ਢੇਰੀ ਕਰ ਦਿੱਤਾ!’’
ਇਹ ਸ਼ਬਦ ਆਖ ਕੇ, ਉਹਨੂੰ ਇਕ ਝੁਣਝੁਣੀ ਆਈ ਤੇ ਉਸ ਇਉਂ ਘੁੱਟ ਕੇ ਆਪਣੀਆਂ ਦੋਵੇਂ ਅੱਖਾਂ ਮੀਟ ਲਈਆਂ ਜਿਵੇਂ ਬੀਤੇ ਹੋਏ ਸਮੇਂ ਦੇ ਇਸ ਦ੍ਰਿਸ਼ ਨੇ, ਉਸ ਨੂੰ ਭੈਭੀਤ ਕਰਨ ਦੇ ਨਾਲ-ਨਾਲ ਧੁਰ-ਅੰਦਰ ਤੋਂ ਹਿਲਾ ਕੇ ਵੀ ਰੱਖ ਦਿੱਤਾ ਹੈ।