ਹਾਕਮ ਜਮਾਤ ਅਤੇ ਆਮ ਲੋਕ

ਮਨਮੋਹਨ ਬਾਵਾ
ਉਘੇ ਲਿਖਾਰੀ ਮਨਮੋਹਨ ਬਾਵਾ ਨੇ ਆਪਣੀਆਂ ਰਚਨਾਵਾਂ ਵਿਚ ਮਿਥਿਹਾਸ ਅਤੇ ਇਤਿਹਾਸ ਨਾਲ ਜੁੜੀਆਂ ਕਥਾਵਾਂ ਜਿਸ ਢੰਗ ਨਾਲ ਪੇਸ਼ ਕੀਤੀਆਂ ਹਨ, ਉਹ ਕਿਸੇ ਹੋਰ ਪੰਜਾਬੀ ਸਾਹਿਤਕਾਰ ਦੇ ਹਿੱਸੇ ਨਹੀਂ ਆਇਆ ਹੈ। ਇਸ ਚਰਨਾ ਵਿਚ ਉਨ੍ਹਾਂ ਨਿਰੋਲ ਸਿਆਸਤ ਅਤੇ ਸ਼ਾਸਕਾਂ ਬਾਰੇ ਗੱਲਾਂ ਕੀਤੀਆਂ ਹਨ ਜੋ ਭਾਰਤ ਦੇ ਅੱਜ ਦੇ ਲੀਡਰਾਂ ਉਤੇ ਬੜੀ ਤਿੱਖੀ ਚੋਟ ਕਰਦੀਆਂ ਹਨ।

ਮਨੁੱਖ ਦੇ ਅਨੇਕਾਂ ਸਮਾਜਿਕ ਅਤੇ ਨੈਤਿਕ ਵਰਤਾਰਿਆਂ ‘ਚੋਂ ਸ਼ਕਤੀ/ਸੱਤਾ ਦਾ ਵਿਸ਼ਾ ਸਭ ਤੋਂ ਪੁਰਾਣਾ ਅਤੇ ਮਹੱਤਵਪੂਰਨ ਹੈ-ਜਿੰਨਾ ਕਦੀਮ, ਓਨਾ ਹੀ ਗੁੰਝਲਦਾਰ। ਇਸ ਨੂੰ ਸਪਸ਼ਟ ਅਰਥਾਂ ‘ਚ ਪਰਿਭਾਸ਼ਤ ਕਰਨਾ ਵੀ ਓਨਾ ਹੀ ਕਠਿਨ ਹੈ। ਇਹ ਤਾਕਤ ਚਾਹੇ ਰਾਜਸੀ ਹੋਵੇ, ਚਾਹੇ ਧਨ-ਦੌਲਤ ਰਾਹੀਂ, ਚਾਹੇ ਨੇਤਾਗਿਰੀ ਜਾਂ ਧਰਮ-ਸ਼ਾਸਤਰ ਰਾਹੀਂ; ਇਸ ਸ਼ਕਤੀ ਦੀ ਇੱਛਾ ਦਾ ਵਕਾਰ/ਕਲੰਕ ਸਿਰਫ ਸਰੀਰਕ ਨਹੀਂ ਹੁੰਦਾ; ਨਾ ਹੀ ਇਸ ਦੀ ਕੋਈ ਸੀਮਾ ਹੁੰਦੀ ਹੈ। ਮਨੁੱਖ ਦੇ ਦਿਲੋ-ਦਿਮਾਗ ‘ਤੇ ਇਸ ਦਾ ਸ਼ਿਕੰਜਾ ਬੇਹੱਦ ਮਜ਼ਬੂਤ ਹੁੰਦਾ ਹੈ- ਨਾ ਉਤਰਨ ਵਾਲੇ ਕਿਸੇ ਨਸ਼ੇ ਵਾਂਗ। ਵਿਡੰਬਨਾ ਇਹ ਕਿ ਮਨੁੱਖ ਜਿੰਨੀ ਸ਼ਕਤੀ ਹਾਸਲ ਕਰਦਾ ਜਾਂਦਾ ਹੈ, ਇਸ ਦੀ ਭੁੱਖ ਵਧਦੀ ਜਾਂਦੀ ਹੈ। ਇਸ ਅਕਾਂਖਿਆ ਨੂੰ ਨਾ ਤਾਂ ਮਨੁੱਖ ਦੀ ਸਰੀਰਕ ਬਿਮਾਰੀ ਰੋਕ ਸਕਦੀ ਹੈ, ਨਾ ਥਕਾਵਟ, ਨਾ ਬੁਢਾਪਾ। ਇਸ ਦਾ ਇੱਛੁਕ ਆਪਣੇ ਰਸਤੇ ‘ਚ ਆਈ ਹਰ ਹਦਬੰਦੀ ਤੋੜਦਾ, ਹਰ ਰੁਕਾਵਟ ਪਾਰ ਕਰਦਾ ਤੁਰਿਆ ਜਾਂਦਾ ਹੈ।
ਦੇਖਦੇ ਹਾਂ ਕਿ ਸ਼ਕਤੀ ਦੇ ਇਨ੍ਹਾਂ ਪੁਜਾਰੀਆਂ ‘ਚ ਕਿਸ-ਕਿਸ ਤਰ੍ਹਾਂ ਅਤੇ ਕਿਸ-ਕਿਸ ਵਰਗ ਦੇ ਲੋਕ ਸ਼ਾਮਲ ਹਨ? ਇੱਥੇ ਮੈਂ ਕਿਸੇ ਚੰਗੇਜ਼ ਖਾਨ, ਨਿਪੋਲੀਅਨ, ਸਿਕੰਦਰ ਵਰਗਿਆਂ ਦੀ ਗੱਲ ਨਹੀਂ ਕਰ ਰਿਹਾ, ਚਾਹੇ ਇਨ੍ਹਾਂ ਦੀ ਸ਼੍ਰੇਣੀ ਨੂੰ ਵੀ ਬਿਨਾ ਝਿਜਕ ਇਸ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਅੱਜ ਦੇ ਸਮੇਂ ‘ਚ ਚਾਹੇ ਉਹ ਲੋਕਤੰਤਰ ਹੋਵੇ, ਚਾਹੇ ਸਮਾਜਵਾਦ (ਕਮਿਊਨਿਜ਼ਮ); ਇਸ ਦਾ ਹਰ ਲੀਡਰ- ਪ੍ਰਧਾਨ ਮੰਤਰੀ, ਮੰਤਰੀ ਇਸ ਸ਼ਕਤੀ ਦੇਵੀ ਦਾ ਪੁਜਾਰੀ ਹੈ। ਇਸ ‘ਚ ਦੌਲਤਮੰਦ ਵਰਗ ਨੂੰ ਵੀ ਬਿਨਾ ਝਿਜਕ ਸ਼ਾਮਲ ਕੀਤਾ ਜਾ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ਅੰਬਾਨੀ, ਅਦਾਨੀ, ਟਾਟਾ, ਬਿਰਲਾ ਜਾਂ ਇਨ੍ਹਾਂ ਵਰਗੇ ਹੋਰ ਬਹੁਤ ਸਾਰੇ ਧਨਾਢ ਜੋ ਅੱਜ ਦੀ ਸ਼ਬਦਾਵਲੀ ‘ਚ ਕਾਰਪੋਰੇਟ ਸੈਕਟਰ ਦਾ ਨਾਮ ਨਾਲ ਜਾਣੇ ਜਾਂਦੇ ਹਨ। ਇਹ ਦੋਵੇਂ ਸ਼੍ਰੇਣੀਆਂ, ਭਾਵ ਰਾਜ ਸੱਤਾ ਅਤੇ ਕਾਰਪੋਰੇਟ ਸੈਕਟਰ, ਅੰਦਰੋਂ ਬਾਹਰੋਂ ਪੂਰਨ ਤੌਰ ‘ਤੇ ਮਿਲੇ ਹੋਏ ਹਨ।
ਸਾਡੀ ਸਭਿਅਕ ਸੁਸਾਇਟੀ ਦੀ ਦੁਨੀਆ ਦੀ ਖਸਲਤ ਹੀ ਐਸੀ ਹੈ ਕਿ ਮਨੁੱਖ ਆਪ ਵੀ ਇਸ ਸਮਾਜਿਕ, ਮਾਇਕ, ਰਾਜਨੀਤਕ ਪੱਧਰ ‘ਤੇ ਜਿੰਨਾ ਉੱਪਰ ਚੜ੍ਹਦਾ ਹੈ, ਓਨੇ ਹੀ ਉਸ ਦੀ ਤਾਕਤ ਦੇ ਇਸਤੇਮਾਲ ਕਰਨ ਦੇ ਸਾਧਨ ਅਤੇ ਮੌਕੇ ਵਧਦੇ ਜਾਂਦੇ ਹਨ। ਇਸ ਪ੍ਰਸੰਗ ‘ਚ ਪੁਰਾਣੇ ਬਾਦਸ਼ਾਹਾਂ (ਬਦਸ਼ਾਹਾਂ) ਅਤੇ ਅੱਜ ਦੇ ਨੇਤਾਵਾਂ (ਅਨੇਤਾਵਾਂ) ‘ਚ ਕੋਈ ਬਹੁਤਾ ਅੰਤਰ ਨਹੀਂ। ਜੇ ਕੋਈ ਅੰਤਰ ਹੈ ਤਾਂ ਤੌਰ ਤਰੀਕਿਆਂ ਦਾ। ਇਸ ਵਰਗ ‘ਚ ਜੇ ਚੋਰ-ਡਾਕੂਆਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਅਨੁਚਿਤ ਨਹੀਂ ਹੋਵੇਗਾ। ਫਰਕ ਐਨਾ ਕੁ ਹੈ ਕਿ ਬਾਦਸ਼ਾਹ ਛੋਟੇ ਰਾਜਾਂ ‘ਤੇ ਹਮਲਾ ਕਰਕੇ ਖੁੱਲ-ਮ-ਖੁੱਲ੍ਹਾ ਲੁੱਟਦੇ, ਰਾਜਸੀ ਸ਼ਕਤੀ ਵਧਾਉਂਦੇ, ਆਪਣੇ ਲਈ ਐਸ਼-ਓ-ਇਸ਼ਰਤ ਦੇ ਸਾਧਨ ਮੁਹੱਈਆ ਕਰਦੇ, ਮਾਹੌਲ ਉਸਾਰਦੇ ਸਨ; ਹੁਣ ਇਹੀ ਕੰਮ ਸਾਡੇ ਲੀਡਰ ਕਰਦੇ ਹਨ। ਮੰਤਰੀ, ਮੁੱਖ ਮੰਤਰੀ ਬਣਨ ਤੋਂ ਬਾਅਦ ਕੁਝ ਹੀ ਵਰ੍ਹਿਆਂ ਵਿਚ ਉਨ੍ਹਾਂ ਦੀ ਦੌਲਤ, ਜਾਇਦਾਦ ਅਤੇ ਉਨ੍ਹਾਂ ਦੀਆਂ ਤੀਵੀਆਂ ਦੇ ਜ਼ੇਵਰਾਤ ‘ਚ ਕਈ ਗੁਣਾ ਵਾਧਾ ਹੋ ਜਾਂਦਾ ਹੈ। ਆਮ ਲੋਕਾਂ ਦੀ ਕਮਜ਼ੋਰੀ ਅਤੇ ਨਾਸਮਝੀ ਇਹ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਅਸੀਂ ਇਨ੍ਹਾਂ ਬੁਰਾਈਆਂ, ਰਿਸ਼ਵਤਖੋਰੀਆਂ ਦੇ ਘਟੀਆ ਨਮੂਨਿਆਂ ਨੂੰ ਉੱਚੇ ਸਟੇਜਾਂ ‘ਤੇ ਬਿਠਾ ਕੇ ਇੱਜ਼ਤ-ਮਾਣ ਦਿੰਦੇ ਹਾਂ ਅਤੇ ਇਨ੍ਹਾਂ ਨਾਲ ਹੱਥ ਮਿਲਾ ਕੇ ਫਖਰ ਮਹਿਸੂਸ ਸਮਝਦੇ ਹਾਂ।
ਇਸ ਪ੍ਰਸੰਗ ‘ਚ ਇਹ ਧਨਾਢ ਬੰਦੇ ਕਿਸੇ ਵਿਭਚਾਰੀ ਤੋਂ ਵੀ ਬਦਤਰ ਹਨ। ਕੋਈ ਵਿਭਚਾਰੀ ਆਪਣੀ ਉਮਰ ਵਧਣ ਨਾਲ ਆਪਣੀਆਂ ਨੀਚ ਕਰਤੂਤਾਂ ਛੱਡ ਦਿੰਦਾ ਹੈ ਪਰ ਰਾਜਸੀ ਸ਼ਕਤੀ ਜਾਂ ਧਨ ਦੇ ਲਾਲਚ ‘ਚ ਫਸੇ ਆਦਮੀ ਨੂੰ ਨਾ ਤਾਂ ਇੱਛਾਵਾਂ ਛੱਡਦੀਆਂ ਹਨ, ਨਾ ਹੀ ਉਹ ਆਪ ਇਨ੍ਹਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ; ਬਲਕਿ ਵਸੀਲੇ ਵਧਣ ਅਤੇ ਧੀਆਂ ਪੁੱਤਰਾਂ ਦੀ ਸਹਾਇਤਾ ਪ੍ਰਾਪਤ ਹੋਣ ਨਾਲ ਉਹ ਪਹਿਲਾਂ ਤੋਂ ਜ਼ਿਆਦਾ ਮਿਕਦਾਰ ‘ਚ ਉਹੀ ਕੁਝ ਕਰਨ ਲੱਗਦਾ ਹੈ। ਕਿਸੇ ਦਾਨਿਸ਼ਵਰ ਨੇ ਆਖਿਆ ਹੈ: ਸਾਰੇ ਵੱਡੇ ਆਦਮੀ ਬੁਰੇ ਹੁੰਦੇ ਹਨ (ਆਲ ਜੈਂਟਲਮੈਨ ਆਰ ਬੈਡ)। ਇਹ ਚਾਹੇ ਅਤਿਕਥਨੀ ਹੈ ਪਰ ਇਸ ਪਿੱਛੇ ਲੁਕੀ ਸਚਾਈ ਵੀ ਹੈ। ਅਸੀਂ ਪ੍ਰਤੱਖ ਤੌਰ ‘ਤੇ ਦੇਖ ਸਕਦੇ ਹਾਂ- ਸਾਡੇ ਲੀਡਰਾਂ ਦੀਆਂ ਸਾਰੀਆਂ ਰਾਜਨੀਤਕ ਗਤੀਵਿਧੀਆਂ ਪਿੱਛੇ ਜਨਤਾ ਦੀ ਭਲਾਈ ਦੀ ਥਾਂ ਆਪਣਾ ਨਿੱਜੀ ਲਾਭ, ਧਨ ਅਤੇ ਤਾਕਤ ਦੀ ਲਾਲਸਾ ਹੀ ਲੁਕੀ ਹੁੰਦੀ ਹੈ। ਇਹ ਵੀ ਦੇਖਣ ‘ਚ ਆਇਆ ਹੈ ਕਿ ਉਪਰਲੇ ਵਰਗ ਦੇ ਇਹ ਲੋਕ ਉਚਾਈ ‘ਤੇ ਪਹੁੰਚਾਉਣ ਵਾਲੀਆਂ ਪੌੜੀਆਂ ਚੜ੍ਹਦਿਆਂ ਕਿੰਨਿਆਂ ਦੀਆਂ ਲੱਤਾਂ ਘਸੀਟਦੇ ਅਤੇ ਕਿੰਨਿਆਂ ਨੂੰ ਆਪਣੇ ਪੈਰਾਂ ਥੱਲੇ ਮਧੋਲਦੇ ਹਨ।
ਹਰ ਤਾਨਾਸ਼ਾਹ, ਬਾਦਸ਼ਾਹ, ਪ੍ਰਧਾਨ ਮੰਤਰੀ ਹਮੇਸ਼ਾ ਆਪਣੇ ਅਧੀਨ ਵਫਾਦਾਰ ਕਿਸਮ ਦੇ ਆਦਮੀਆਂ ਨੂੰ ਰੱਖਦੇ ਹਨ ਜੋ ਉਨ੍ਹਾਂ ਦੇ ਜਾਇਜ਼-ਨਾਜਾਇਜ਼ ਅਖਤਿਆਰਾਂ, ਪ੍ਰਭੁਤਾ ਦੀ ਪ੍ਰਮਾਣਿਕਤਾ ‘ਚ ਯਕੀਨ ਰੱਖਦੇ ਹੋਣ। ਇਹ ਵਫਾਦਾਰ ਆਮ ਕਰਕੇ ਹੱਦ ਦਰਜੇ ਦੇ ਚਾਪਲੂਸ ਅਤੇ ਨੀਵੀਂ ਮਾਨਸਿਕਤਾ ਵਾਲੇ, ਉਨ੍ਹਾਂ ਦੀ ਤਾਕਤ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੁੰਦੇ ਹਨ। ਕਈ ਵਾਰੀ ਇਹ ਵੀ ਦੇਖਣ ‘ਚ ਆਇਆ ਹੈ ਕਿ ਕੋਈ ਨੇਕ ਦਿਲ ਵਿਅਕਤੀ ਉਨ੍ਹਾਂ ਦੇ ਨੀਚ ਇਰਾਦਿਆਂ, ਨੀਚ ਕੰਮਾਂ ਨੂੰ ਦੇਖਦਿਆਂ-ਸਮਝਦਿਆਂ ਹੋਇਆਂ ਵੀ ਆਪਣੀ ਜ਼ਮੀਰ ਵੇਚ ਕੇ ਉਨ੍ਹਾਂ ਦਾ ਹੁਕਮ ਬਜਾ ਲਿਆਉਂਦਾ ਹੈ ਕਿਉਂਕਿ ਉਨ੍ਹਾਂ ਦੇ ਮਨ ਵਿਚ ਵੀ ਕੁਝ ਬਣੇ ਰਹਿਣ ਜਾਂ ਕੁਝ ਪ੍ਰਾਪਤ ਕਰਦੇ ਰਹਿਣ ਦੀ ਇੱਛਾ ਲੁਕੀ ਹੁੰਦੀ ਹੈ।
ਆਪਣੇ ਇਸ ਵਿਸ਼ਾ-ਵਸਤੂ ਜਾਂ ਦਲੀਲ ਨੂੰ ਸਹੀ ਸਿੱਧ ਕਰਨ ਲਈ ਉਂਝ ਕੋਈ ਉਦਾਹਰਨ ਦੇਣ ਦੀ ਲੋੜ ਨਹੀਂ। ਹਰ ਕੋਈ ਆਪਣੇ ਆਲੇ-ਦੁਆਲੇ ਦਫਤਰਾਂ, ਮਹਿਕਮਿਆਂ, ਸਰਕਾਰੀ ਜਾਂ ਗੈਰ-ਸਰਕਾਰੀ ਜਥੇਬੰਦੀਆਂ ‘ਚ ਦੇਖ ਸਕਦਾ ਹੈ। ਫਿਰ ਵੀ ਕੁਝ ਉਦਾਹਰਨਾਂ ਵੱਲ ਇਸ਼ਾਰਾ ਕਰਦਿਆਂ ਕਹਿ ਸਕਦਾ ਹਾਂ ਕਿ ਅੰਗਰੇਜ਼ਾਂ ਦੀ ਤਾਕਤ ਦਾ ਸਭ ਤੋਂ ਵੱਡਾ ਸੋਮਾ ਇਸੇ ਤਰ੍ਹਾਂ ਦੇ ਲੋਕ ਸਨ। ਹਿਟਲਰ ਨੇ ਵੀ ਅਜਿਹੇ ਲੋਕਾਂ ਦੀ ਪੂਰੀ ਜਮਾਤ ਆਪਣੇ ਦੁਆਲੇ ਇਕੱਠੀ ਕਰ ਲਈ ਸੀ ਅਤੇ ਭਾਰਤ ਵਿਚ ਅਜਿਹੀ ਮਿਸਾਲ ਇੰਦਰਾ ਗਾਂਧੀ ਦੀ (ਹੁਣ ਨਰਿੰਦਰ ਮੋਦੀ ਵੀ ਇਸ ਵਿਚ ਸ਼ਾਮਿਲ ਹੋ ਗਿਆ ਹੈ)।
ਮੈਂ ਇਸ ਤੱਥ ਵੱਲ ਪਾਠਕਾਂ ਦਾ ਧਿਆਨ ਵਿਸ਼ੇਸ਼ ਤੌਰ ‘ਤੇ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਜਮਾਤ ਦੇ ਲੋਕ ਕਾਫੀ ਦਿਮਾਗਦਾਰ, ਪੜ੍ਹੇ-ਲਿਖੇ ਬੇਸ਼ੱਕ ਹੁੰਦੇ ਹਨ ਪਰ ਬੁੱਧੀਜੀਵੀ ਬਿਲਕੁਲ ਨਹੀਂ ਹੁੰਦੇ। ਜੇ ਕਿਸੇ ਕੋਲ ਇਹ ਸਭ ਕੁਝ ਹੋਣ ਦੇ ਬਾਵਜੂਦ ਖੁੱਦਾਰੀ ਦੇ ਨਾਲ-ਨਾਲ ਨੈਤਿਕਤਾ, ਸਦਭਾਵਨਾ, ਚਿੰਤਨ ਦੀ ਕੁਸ਼ਲਤਾ, ਦੂਜਿਆਂ ਲਈ ਹਮਦਰਦੀ ਨਾ ਹੋਵੇ ਤਾਂ ਉਨ੍ਹਾਂ ਦੇ ਗੁਣ ਵੀ ਔਗੁਣਾਂ ‘ਚ ਤਬਦੀਲ ਹੋ ਜਾਂਦੇ ਹਨ। ਇੰਦਰਾ ਗਾਂਧੀ ਦੇ ਕਾਲ ‘ਚ ਮੈਂ ਤਥਾਕਥਿਤ ਬੁੱਧੀਜੀਵੀਆਂ, ਉੱਚੇ ਤੋਂ ਉੱਚੇ ਅਫਸਰਾਂ, ਲੀਡਰਾਂ ਨੂੰ ਅਤਿ-ਨੀਚਤਾ ਦੀ ਪੱਧਰ ‘ਤੇ ਉੱਤਰ ਕੇ ਕੁਕਰਮ ਕਰਦੇ ਦੇਖਿਆ ਹੈ। ਇਸ ਤਰ੍ਹਾਂ ਉਹ ਕੇਵਲ ਕਿਸੇ ਡਰ ਜਾਂ ਲਾਲਚ ਖਾਤਰ ਹੀ ਨਹੀਂ ਕਰਦੇ ਰਹੇ ਬਲਕਿ ਇਸ ਵਰਗ ਦੇ ਬੰਦਿਆਂ ਲਈ ਇਹ ਕੁਝ ਕਰਦੇ ਰਹਿਣਾ ਨਿਯਮ, ਆਦਤ ਬਣ ਗਿਆ ਹੁੰਦਾ ਹੈ। ਉਹ ਆਪਣੇ ਤੋਂ ਉਪਰਲੇ, ਤਾਕਤਵਰ ਦੇ ਵਿਰੋਧ ‘ਚ ਨਾ ਖੜ੍ਹੇ ਹੋ ਸਕਦੇ ਹਨ, ਨਾ ਉਸ ਦਾ ਸਾਥ ਛੱਡ ਸਕਦੇ ਹਨ ਕਿਉਂਕਿ ਮਾਨਸਿਕ ਪੱਧਰ ‘ਤੇ ਉਹ ਇਸੇ ਵਰਗ ਦੇ ਮੈਂਬਰ ਹਨ।
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਹਾਕਮ ਜਮਾਤ ਲਈ ਕੰਮ ਕਰਨ ਵਾਲੀ ਸਾਰੀ ਅਫਸਰਸ਼ਾਹੀ ਭ੍ਰਿਸ਼ਟ ਅਤੇ ਬੇਈਮਾਨ ਹੋਵੇ ਪਰ ਨੌਕਰਸ਼ਾਹੀ ਦਾ ਸਭ ਤੋਂ ਮਹੱਤਵਪੂਰਨ ਅਸੂਲ ਉਪਰਲਿਆਂ ਦੇ ਹੁਕਮ ਅਨੁਸਾਰ ਚੱਲਣਾ ਹੁੰਦਾ ਹੈ- ਗਲਤ ਹੋਵੇ ਜਾਂ ਠੀਕ। ਨੌਕਰਸ਼ਾਹੀ ‘ਚ ਦਾਖਲ ਹੁੰਦਿਆਂ ਪਹਿਲਾਂ ਉਹ ਆਪਣੀ ਜ਼ਮੀਰ, ਆਪਣੀ ਮੌਲਿਕ ਬੌਧਿਕਤਾ ਅਨੁਸਾਰ ਸੋਚਦਾ ਹੈ ਕਿ ਕਿਸੇ ਵੇਲੇ ਹਾਕਮ ਦੇ ਅਨੁਚਿਤ ਜਾਂ ਆਮ ਲੋਕਾਂ ਲਈ ਪੂਰੀ ਤਰ੍ਹਾਂ ਹਾਨੀਕਾਰਕ ਹੁਕਮ ਨੂੰ ਮੰਨੇ ਜਾਂ ਨਾ ਮੰਨੇ? ਪਰ ਆਪਣੀ ਨੌਕਰੀ ਕਾਇਮ ਰੱਖਣ ਬਾਰੇ ਸੋਚਦਿਆਂ ਉਸ ਦੇ ਅੰਦਰ ਦੀ ਆਵਾਜ਼ ਮੱਧਮ ਪੈਂਦੀ-ਪੈਂਦੀ ਬਿਲਕੁਲ ਮਰ ਜਾਂਦੀ ਹੈ। ਹਾਕਮ ਇਨ੍ਹਾਂ ਦੇ ਜ਼ਰੀਏ ਆਪਣੇ ਭੰਡਾਰ ਭਰਦਾ ਹੈ। ਫਿਰ ਨੌਕਰਸ਼ਾਹੀ ਵੀ ਸੋਚਣ ਲੱਗਦੀ ਹੈ ਕਿ ਉਹ ਆਪਣਾ ਜੀਵਨ ਮੰਦਹਾਲੀ ‘ਚ ਕਿਉਂ ਬਤੀਤ ਕਰੇ? ਫਿਰ ਉਹ ਵੀ ਪਹਿਲਾਂ ਝਿਜਕਦਿਆਂ, ਫਿਰ ਪੂਰੇ ਮਨ ਨਾਲ ਇਸ ਲੁੱਟ-ਮਾਰ ‘ਚ ਸ਼ਾਮਿਲ ਹੋ ਜਾਂਦਾ ਹੈ।
ਅਜੇ ਤੱਕ ਕਿਸੇ ਫਿਲਾਸਫਰ ਜਾਂ ਚਿੰਤਕ ਨੇ ਕੋਈ ਐਸਾ ਅਤੁੱਟ, ਸੰਪੂਰਨ ਤਰੀਕਾ, ਫਾਰਮੂਲਾ ਨਹੀਂ ਦੱਸਿਆ ਜਿਸ ਦੁਆਰਾ ਮਨੁੱਖ ਦੀ ਤਾਕਤ ਦੀ ਇਹ ਭੁੱਖ, ਲਾਲਸਾ ‘ਤੇ ਲਗਾਮ ਲਾਈ ਜਾ ਸਕੇ। ਇਤਿਹਾਸ ‘ਚ ਦੇਖਿਆ ਗਿਆ ਹੈ ਕਿ ਕਿਸੇ ‘ਤਾਕਤ’ ਦਾ ਖਾਤਮਾ ਕਿਸੇ ਦੂਸਰੀ ਵੱਡੀ ਤਾਕਤ ਨਾਲ ਟਕਰਾਅ ਨਾਲ ਹੁੰਦਾ ਹੈ, ਜਾਂ ਉਸ ਦੇ ਅੰਦਰੋਂ ਹੀ ਕੋਈ ਬੰਦਾ ਛੜਯੰਤਰ ਰਚਾ ਕੇ ਉਸ ਦੀ ਥਾਂ ਮੱਲ ਲੈਂਦਾ ਹੈ ਪਰ ਹਾਕਮ ਤਬਕੇ ਦੀ ਤਾਕਤ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ। ਇਸ ਜ਼ਾਲਮ ਦੀ ਥਾਂ ਕੋਈ ਦੂਸਰਾ ਜ਼ਾਲਮ ਲੈ ਲੈਂਦਾ ਹੈ।
ਰੂਸ ਅਤੇ ਦੂਸਰੇ ਸਮਾਜਵਾਦੀ ਮੁਲਕਾਂ ‘ਚ ਮਾਰਕਸਵਾਦ ਦੇ ਉੱਚੇ ਉਪਦੇਸ਼ਾਂ, ਅਸੂਲਾਂ ਦੇ ਹੁੰਦਿਆਂ ਵੀ ਸਮਾਜਵਾਦ ਦੀ ਅਸਫਲਤਾ ਦਾ ਵੱਡਾ ਕਾਰਨ ਹਾਕਮ ਜਮਾਤ ਦੀ ‘ਤਾਕਤ’ ਧਨ/ਸੁਵਿਧਾਵਾਂ ਦੀ ਪ੍ਰਾਪਤੀ ਦੀ ਮਹੱਤਵਾਕਾਂਖਿਆ ਹੀ ਸੀ। ਤਾਕਤ ਦੀ ਭੁੱਖ ਦਾ ਸਬੰਧ ਮਨੁੱਖ ਦੀ ਵਿਅਕਤੀਗਤ ਮਾਨਸਿਕਤਾ ਨਾਲ ਹੈ। ਇਸ ਮਾਨਸਿਕਤਾ ਦਾ ਮਨੁੱਖੀ ਚੇਤਨਾ ‘ਚੋਂ ਲੋਪ ਹੋ ਜਾਣਾ ਕਠਿਨ ਵੀ ਹੈ ਅਤੇ ਅਸੰਭਵ ਵੀ। ਜੇ ਕੋਈ ਵਰਗ ਇਸ ਤਰ੍ਹਾਂ ਦੀਆਂ ਤਾਕਤਾਂ, ਰੁਝਾਨਾਂ ਨੂੰ ਕੰਟਰੋਲ ‘ਚ ਰੱਖਣ ਲਈ ਕੋਈ ਨਿਯਮ ਬਣਾ ਕੇ ਉਨ੍ਹਾਂ ਨੂੰ ਲਾਗੂ ਕਰ ਵੀ ਲਵੇ ਤਾਂ ਪਹਿਲਾਂ ਤਾਂ ਲਾਗੂ ਕਰਨਾ ਹੀ ਮੁਸ਼ਕਿਲ ਹੈ; ਫਿਰ ਉਸ ਨੂੰ ਜਾਰੀ ਰੱਖਣਾ ਅਸੰਭਵ ਹੈ ਕਿਉਂਕਿ ਨਿਯਮ ਲਾਗੂ ਕਰਨ ਵਾਲੇ ਕੁਝ ਚਿਰ ਬਾਅਦ ਉਸੇ ਭ੍ਰਿਸ਼ਟ ਤਾਕਤ ਦਾ ਹਿੱਸਾ ਬਣ ਜਾਂਦੇ ਹਨ।
ਵਿਡੰਬਨਾ ਇਹ ਹੈ ਕਿ ਆਮ ਆਦਮੀ ਅਤੇ ਕਈ ਵਾਰੀ ਲੇਖਕ, ਬੁੱਧੀਜੀਵੀ ਜਾਣਦਿਆਂ ਹੋਇਆ ਵੀ ਇਸ ਭ੍ਰਿਸ਼ਟ ਵਰਗ ਨਾਲ ਜੁੜੇ ਲੀਡਰਾਂ, ਪੂੰਜੀਪਤੀਆਂ ਨੂੰ ਸਟੇਜਾਂ ‘ਤੇ ਬਿਠਾ ਕੇ ਉਨ੍ਹਾਂ ਦੇ ਗਲਾਂ ‘ਚ ਫੁੱਲਾਂ ਦੇ ਹਾਰ ਪਾਉਂਦੇ, ਸਨਮਾਨ ਕਰਦੇ ਹਨ। ਹੋਣਾ ਇਹ ਚਾਹੀਦਾ ਹੈ ਕਿ ਅਜਿਹੀ ਸੱਤਾ ਨਾਲ ਜੁੜੇ ਕਿਸੇ ਭ੍ਰਿਸ਼ਟ ਵਿਅਕਤੀ ਦੇ ਸਟੇਜ ‘ਤੇ ਆ ਕੇ ਬੈਠਦਿਆਂ ਹੀ ਆਮ ਆਦਮੀ ਉੱਥੋਂ ਉੱਠ ਕੇ ਚਲੇ ਜਾਣ, ਹਾਲ ਖਾਲੀ ਕਰ ਦੇਣ। ਇਸ ਤਰ੍ਹਾਂ ਨਾ ਕਰਨ ਨਾਲ ਅਸੀਂ ਵੀ ਉਸ ਭ੍ਰਿਸ਼ਟ ਸ਼੍ਰੇਣੀ ਨੂੰ ਸ਼ਹਿ ਦਿੰਦੇ ਹਾਂ ਅਤੇ ਉਸ ਦਾ ਭਾਗ ਬਣ ਜਾਂਦੇ ਹਾਂ।
ਦੁਨੀਆ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦਾ ਕੰਟਰੋਲ ਆਮ ਕਰਕੇ ਬੜੇ ਹੁਸ਼ਿਆਰ ਪਰ ਛੋਟੀ ਮਾਨਸਿਕਤਾ ਵਾਲੇ ਲੋਕਾਂ ਦੇ ਹੱਥ ‘ਚ ਹੈ। ਇਹ ਮਨ ਦੇ ਕਠੋਰ, ਲਚਕਹੀਣ ਹੁੰਦੇ ਹਨ ਜੋ ਉਸ ਸੰਸਥਾ ਦੇ ਮੂਲ ਮੁੱਦਿਆਂ, ਅਸੂਲਾਂ ਦੇ ਪ੍ਰਸੰਗ ‘ਚ ਇਮਾਨਦਾਰ ਨਹੀਂ ਹੁੰਦੇ। ਇਨ੍ਹਾਂ ਦੀ ਨਜ਼ਰ ਆਪਣੀ ਕੁਰਸੀ ਅਤੇ ਕੁਰਸੀ ਤੋਂ ਪ੍ਰਾਪਤ ਹੋਣ ਵਾਲੇ ਨਿੱਜੀ ਫਾਇਦਿਆਂ ਵੱਲ ਹੁੰਦੀ ਹੈ। ਇਹ ਆਪਣੀਆਂ ਲੱਛੇਦਾਰ ਗੱਲਾਂ, ਭਾਸ਼ਣਾਂ, ਵਾਰਤਾਲਾਪਾਂ ਆਦਿ ਦੁਆਰਾ ਉਪਰਲੇ ਸਮਾਜਿਕ ਹਲਕੇ ਨੂੰ ਪ੍ਰਭਾਵਿਤ ਕਰਦੇ ਹਨ। ਇਹੀ ਕਾਰਨ ਹੈ ਕਿ ਨੀਵੀਂ ਮਾਨਸਿਕਤਾ ਅਤੇ ਸੁਹਿਰਦਤਾ-ਹੀਣ ਇਨ੍ਹਾਂ ਲੋਕਾਂ ਦੀ ਧੱਕੇਸ਼ਾਹੀ ਦੀ ਹੀ ਸਾਰੀ ਦੁਨੀਆ ‘ਚ ਚੌਧਰ ਹੈ। ਇਹ ਕੇਵਲ ਕੁਝ ਵੱਡੀਆਂ ਸੰਸਥਾਵਾਂ ਤੱਕ ਹੀ ਸੀਮਤ ਨਹੀਂ; ਸਾਡੇ ਆਲੇ-ਦੁਆਲੇ ਦੀਆਂ ਹੋਰ ਛੋਟੀਆਂ ਸੰਸਥਾਵਾਂ, ਸਰਕਾਰੀ ਮਹਿਕਮਿਆਂ, ਧਾਰਮਿਕ ਸੰਸਥਾਵਾਂ ‘ਚ ਇਸੇ ਵਰਗ ‘ਚ ਅਖਬਾਰਾਂ ਅਤੇ ਟੀ.ਵੀ. ਦੇ ਸੰਚਾਲਕਾਂ, ਪ੍ਰਬੰਧਕਾਂ, ਐਡੀਟਰਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਬਲਕਿ ਹਾਕਮ/ਕਾਰਪੋਰੇਟ ਜਮਾਤ ਲਈ ਇਹ ਸਭ ਤੋਂ ਵੱਧ ਲਾਹੇਵੰਦ ਹਨ। ਇਹ ਇਸ ਜਮਾਤ ਦੇ ਨੁਮਾਇੰਦੇ ਹੁੰਦੇ ਹਨ।
ਉੱਪਰਲੀ ਅਮੀਰ ਸ਼੍ਰੇਣੀ ਦੇ ਇਹ ਲੋਕ ਜੋ ਸ਼ਾਨਦਾਰ ਮਕਾਨਾਂ ‘ਚ ਰਹਿੰਦੇ ਹਨ, ਵੱਡੀਆਂ ਤੇ ਮਹਿੰਗੀਆਂ ਏ.ਸੀ. ਕਾਰਾਂ ‘ਚ ਸਫਰ ਕਰਦੇ, ਜਿਮਖਾਨਾ ਕਲੱਬਾਂ ਤੇ ਹੈਬੀਟੈਟ ਸੈਂਟਰਾਂ ਵਰਗੀਆਂ ਸੰਸਥਾਵਾਂ ਦੇ ਮੈਂਬਰ, ਲਿਸ਼ਕਾਂ ਮਾਰਦੇ ਵਸਤਰ ਹੰਢਾਉਂਦੇ, ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਚੇਅਰਮੈਨ, ਅਮਰੀਕਾ-ਇੰਗਲੈਂਡ ਦੀਆਂ ਯੂਨੀਵਰਸਿਟੀਆਂ ‘ਚ ਡਾਕਟਰੇਟ ਦੀਆਂ ਡਿਗਰੀਆਂ ਹਾਸਲ ਕਰਦੇ, ਪਰਚਿਆਂ/ਅਖਬਾਰਾਂ ‘ਚ ਕਿਸੇ ‘ਮਹੱਤਵਪੂਰਨ’ ਸਟੋਰੀ ਨੂੰ ਪ੍ਰਕਾਸ਼ਤ ਕਰਦਿਆਂ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਕਰਤੱਵ ਮਨੁੱਖਤਾ ਹੈ, ਆਮ ਆਦਮੀ ਲਈ ਸੁਹਿਰਦਤਾ ਹੈ। ਉਨ੍ਹਾਂ ਦੇ ਮਨ ਮਸਤਕ ‘ਚ ਇਹ ਵਿਚਾਰ ਰੱਤੀ ਮਾਤਰ ਨਹੀਂ ਆਉਂਦਾ ਕਿ ਉਹ ਵਰਗ- ਕਲਰਕ, ਸਫਾਈ ਕਰਮਚਾਰੀ, ਰਿਕਸ਼ਾ ਚਾਲਕ, ਮਜ਼ਦੂਰ ਜਾਂ ਘਰਾਂ ‘ਚ ਕੰਮ ਕਰਨ ਵਾਲੇ ਵੀ, ਜਿਨ੍ਹਾਂ ਦੀ ਮਿਹਨਤ ਨਾਲ ਉਹ ਸੁੱਖ ਦਾ ਜੀਵਨ ਬਤੀਤ ਕਰ ਰਹੇ ਹਨ, ਉਹ ਵੀ ਥੋੜ੍ਹੇ ਬਹੁਤ ਇੱਜ਼ਤ-ਮਾਣ, ਸਹੂਲਤਾਂ ਜਾਂ ਧੰਨਵਾਦ ਦੇ ਹੱਕਦਾਰ ਹਨ।
ਜੇ ਮਾਨਵਤਾ ਕਾਇਮ ਹੈ ਤਾਂ ਸੈਨਿਕ ਸ਼ਕਤੀਆਂ ਜਾਂ ਮੁਲਕਾਂ ਦੇ ਪ੍ਰਧਾਨਾਂ, ਮੁੱਖ ਮੰਤਰੀਆਂ ਕਾਰਨ ਨਹੀਂ ਬਲਕਿ ਸੁਹਿਰਦਤਾ ਵਾਲੇ ਆਮ ਆਦਮੀਆਂ ਕਾਰਨ ਹੈ ਜੋ ਤਕਰੀਬਨ ਹਰ ਦੇਸ਼ ‘ਚ ਖਾਮੋਸ਼ੀ ਨਾਲ ਕੰਮ ਕਰਦੇ ਹਨ। ਇਹ ਕਹਿਣਾ ਕਿ ਜੀਵਨ ਨੂੰ ਸੌਖਾ ਬਣਾਉਣ ਵਾਲੀਆਂ ਐਨੀਆਂ ਈਜ਼ਾਦਾਂ ਨਾਲ ਦੁਨੀਆ ਸੁਖੀ ਹੋ ਗਈ ਹੈ ਅਤੇ ਆਦਮੀ ਰੋਸ਼ਨ-ਖਿਆਲ ਹੋ ਗਿਆ ਹੈ, ਅਗਿਆਨਤਾ ਹੀ ਹੋਵੇਗੀ। ਇਹ ਰੋਸ਼ਨ-ਖਿਆਲੀ ਸਿਰਫ ਲਫਜ਼ੀ ਹੈ, ਸਚਮੁੱਚ ਦੀ ਨਹੀਂ। ਜੇ ਕਿਤੇ ਰੋਸ਼ਨ-ਖਿਆਲੀ ਹੈ ਤਾਂ ਉਹ ਸਿਰਫ ਕਿਤਾਬਾਂ, ਗ੍ਰੰਥਾਂ ‘ਚ ਬੰਦ ਹੋ ਕੇ ਰਹਿ ਗਈ ਹੈ। ਗਰੀਬ ਹੋਰ ਗਰੀਬ ਹੋ ਰਿਹਾ ਹੈ। ਅੰਨ ਉਗਾਉਣ ਵਾਲਾ ਭੁੱਖਾ ਮਰ ਰਿਹਾ ਹੈ। ਔਰਤਾਂ ਨਾਲ ਪਹਿਲਾਂ ਤੋਂ ਕਿਤੇ ਵੱਧ ਵਧੀਕੀਆਂ ਹੋ ਰਹੀਆਂ ਹਨ।

ਭਾਰਤ ਦੇ ਪ੍ਰਸੰਗ ਵਿਚ
ਮਹਾਤਮਾ ਬੁੱਧ ਤੋਂ ਪਹਿਲਾਂ, ਭਾਵ ਛੇਵੀਂ ਪੂਰਵ ਸ਼ਤਾਬਦੀ ਤੋਂ ਪਹਿਲਾਂ ਗੀਤਾ ਜਾਂ ਕਿਸੇ ਹੋਰ ਹਿੰਦੂ ਗ੍ਰੰਥ ‘ਚ ਕਿਤੇ ਵੀ ਰਾਜ ਸੱਤਾ ਦੁਆਰਾ ਆਮ ਲੋਕਾਂ ਦੀ ਭਲਾਈ ਜਾਂ ਕਰਤੱਵਾਂ ਬਾਰੇ ਸਿੱਧੇ ਤੌਰ ‘ਤੇ ਲਿਖਿਆ ਨਹੀਂ ਮਿਲਦਾ। ਇਨ੍ਹਾਂ ਗ੍ਰੰਥਾਂ, ਰਚਨਾਵਾਂ ਦਾ ਸਾਰਾ ਕੇਂਦਰ ਮਨੁੱਖ ਦੀ ਵਿਅਕਤਿਤਵ ਆਤਮਿਕ ਮੁਕਤੀ, ਬੌਧਿਕ ਗਿਆਨ, ਦੁਨੀਆਵੀ ਦੁੱਖਾਂ ਤੋਂ ਨਿਜਾਤ ਹਾਸਲ ਕਰਨ, ਚੇਤਨ-ਅਵਚੇਤਨ, ਆਤਮ-ਅਨਾਤਮਾ ਵਰਗੀਆਂ ਸੂਖਮ-ਅਮੂਰਤ ਫਿਲਾਸਫੀਆਂ ਵੱਲ ਹੀ ਸੀ। ਇੱਕ ਰਾਜੇ ਦੇ ਕਰਤੱਵਾਂ ਨੂੰ ਬਹੁਤ ਕਰਕੇ ‘ਧਰਮ’ ਦੀ ਰੱਖਿਆ ਦੀ ਸੰਗਿਆ ਦਿੱਤੀ ਗਈ ਹੈ। ਇਸ ‘ਧਰਮ’ ਦੀ ਰੱਖਿਆ ਦਾ ਭਾਵ ਸਭ ਤੋਂ ਪਹਿਲਾਂ ਆਪਣੇ ਰਾਜ, ਆਪਣੀ ਸੰਪਤੀ, ਆਪਣੀ ਰਾਜ ਸੱਤਾ ਅਤੇ ਆਪਣੇ ਅਧਿਕਾਰ ਥੱਲੇ ਆਏ ਖੇਤਰ ਦੀ ਰੱਖਿਆ ਕਰਨਾ ਹੈ। ਸਭ ਤੋਂ ਮਹੱਤਵਪੂਰਨ ਗ੍ਰੰਥ ‘ਗੀਤਾ’ ਵਿਚ ਵੀ ਪਰਮਸ਼ਾਂਤੀ, ਨਿਸ਼ਕਾਮ ਕਰਮ, ਰਾਜ ਧਰਮ, ਯੋਗ, ਭਗਤੀ, ਇੱਛਾ-ਅਣਇੱਛਾ, ਆਤਮਾ-ਪਰਮਾਤਮਾ, ਉਚਿਤ-ਅਨੁਚਿਤ ਬ੍ਰਹਮ-ਈਸ਼ਵਰ ਵਰਗੇ ਅਮੂਰਤ, ਅਸਪਸ਼ਟ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ ਪਰ ਇਹ ਤਥਾਕਥਿਤ ਰਾਜ ਧਰਮ ‘ਚ ਰਾਜੇ ਦਾ ਆਮ ਲੋਕਾਂ ਪ੍ਰਤੀ ਕੀ ਕਰਤੱਵ ਹੈ? ਇਸ ਬਾਰੇ ਇੱਕ ਸ਼ਬਦ ਵੀ ਨਹੀਂ। ਇਹ ਵੀ ਸਮਝਿਆ ਜਾ ਸਕਦਾ ਹੈ ਕਿ ‘ਧਰਮ ਦੀ ਰੱਖਿਆ’ ਲਈ ‘ਸ਼ੰਬਕ’ ਦਾ ਕਤਲ ਕਰਨਾ ਹੈ: ਕਿਉਂਕਿ ਉਹ ਸ਼ੂਦਰ ਹੁੰਦਿਆਂ ਹੋਇਆ ਤਪੱਸਿਆ ਜਾਂ ਸ਼ਾਸਤਰ ਅਧਿਐਨ ਕਰ ਰਿਹਾ ਸੀ ਜਾਂ ਫਿਰ ਯੁਧਿਸ਼ਟਰ ਦੁਆਰਾ ਦ੍ਰੋਪਦੀ ਨੂੰ ਜੂਏ ‘ਚ ਹਰ ਜਾਣਾ ਅਤੇ ਜੂਏ ਜਾਂ ਦਾਸਤਾ (ਆਪਣੇ ਆਪ ਨੂੰ ਹਾਰ ਜਾਣ) ਦੀਆਂ ਸ਼ਰਤਾਂ ਅਨੁਸਾਰ ਚੁੱਪ ਕਰਕੇ ਬੈਠਿਆਂ ਆਪਣੀ ਪਤਨੀ ਨੂੰ ਨਿਰਵਸਤਰ ਹੁੰਦਿਆਂ ਦੇਖਦਿਆਂ ਰਹਿਣਾ ਹੈ, ਜਾਂ ਆਪਣੀ ਰਾਜ ਸੱਤਾ ਦੀ ਖਾਤਰ, ਬਦਲੇ ਦੀ ਭਾਵਨਾ ਖਾਤਰ ਆਪਣੀਆਂ ਰਿਸ਼ਤੇਦਾਰਾਂ, ਗੁਰੂਆਂ ਨਾਲ ਯੁੱਧ ਕਰਨਾ…।
ਆਮ ਲੋਕਾਂ ਦੀ ਗਿਣਤੀ ਵਿਚ ਦਾਸ ਸਨ, ਅਣਆਰੀਆ ਲੋਕ ਸਨ, ਖੇਤੀਹਾਰ ਸਨ ਕਿਉਂਕਿ ਉਸ ਸਮੇਂ ਦੇ ਨਿਯਮਾਂ ਅਨੁਸਾਰ ਸਾਰੀ ਜ਼ਮੀਨ ਦਾ ਮਾਲਕ ਰਾਜਾ ਹੀ ਹੁੰਦਾ ਸੀ, ਸਾਰੇ ਕਾਸ਼ਤਕਾਰਾਂ ਦੀ ਗਿਣਤੀ ਦਾਸਾਂ ‘ਚ ਹੀ ਆਉਂਦੀ ਸੀ ਜਿਸ ਦੇ ਆਪਣੇ ਕੋਈ ਅਧਿਕਾਰ ਨਹੀਂ ਸਨ। ਉਹ ਰਾਜ ਸੱਤਾ ਦੇ ਰਹਿਮ ‘ਤੇ ਹੀ ਜਿਊਂਦਾ ਸੀ। ਜੇ ਵਿਅਕਤਿਤਵ ਪੱਧਰ ‘ਤੇ ਰਾਜਾ ਨੇਕ ਦਿਲ ਹੋਵੇ ਤਾਂ ਘੱਟ ਦੁਖੀ; ਨਹੀਂ ਤਾਂ ਦੁੱਖ ਹੀ ਦੁੱਖ।
ਮਨੂ ਸਿਮ੍ਰਤੀ ‘ਚ ਰਾਜ ਸੱਤਾ ਦੇ ਜੋ-ਜੋ ਕਰਤੱਵਾਂ ਦੀ ਗੱਲ ਲਿਖੀ ਗਈ ਹੈ, ਉਹ ਹਨ: ਆਸ਼ਰਮ ਧਰਮ, ਵਰਣ ਧਰਮ, ਇਸਤਰੀ ਧਰਮ, ਦੰਪਤੀ ਧਰਮ, ਆਪਤ ਧਰਮ। ਮਹਾਭਾਰਤ ਦੇ ਅਖੀਰਲੇ ਕਾਂਡ ਜਿਸ ਨੂੰ ਸ਼ਾਂਤੀ ਪਰਵ ਕਿਹਾ ਜਾਂਦਾ ਹੈ, ਤੀਰਾਂ ਦੀ ਸੇਜ ‘ਤੇ ਲੰਮਾ ਪਿਆ ਭੀਸ਼ਮ ਪਿਤਾਮਾ ਪਾਂਡੂਆਂ ਨੂੰ ਰਾਜੇ ਦੇ ਇਖਲਾਕੀ ਫਰਜ਼/ਨੈਤਿਕ ਕਰਤੱਵ, ਜ਼ਿੰਮੇਵਾਰੀਆਂ ਬਾਰੇ ਉਪਦੇਸ਼ ਦਿੰਦਾ ਹੈ। ਉਨ੍ਹਾਂ ਉਪਦੇਸ਼ਾਂ ‘ਚ ਵਰਣ ਧਰਮ ਦੀ ਮਹੱਤਤਾ ਹੈ; ਭਾਵ ਇਹ ਦੇਖਣਾ ਕਿ ਚਾਰੇ ਵਰਣ ਆਪੋ-ਆਪਣੇ ਧਰਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਇਸ ਦੇ ਨਾਲ-ਨਾਲ ਇਹ ਕਿ ਆਪਣੇ ਰਾਜ ਦੀ ਰੱਖਿਆ ਕਿਵੇਂ, ਕਿਨ੍ਹਾਂ-ਕਿਨ੍ਹਾਂ ਤਰੀਕਿਆਂ ਨਾਲ ਕੀਤੀ ਜਾਵੇ। ਉਨ੍ਹਾਂ ਨੇਮਾਂ ‘ਚ ਸਾਧਾਰਨ ਨਾਗਰਿਕ, ਮਜ਼ਦੂਰ, ਦਾਸ ਜਾਂ ਕਿਸਾਨ ਦੀ ਭਲਾਈ ਬਾਰੇ ਇੱਕ ਵੀ ਸ਼ਬਦ ਨਹੀਂ ਉਚਰਿਆ ਗਿਆ; ਸ਼ੂਦਰਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਸੱਤਾਧਾਰੀ ਵਰਗ ਦਾ ਸਿੱਧਾ ਸਬੰਧ ਵਰਣ ਵਿਵਸਥਾ ਨਾਲ ਜੁੜਿਆ ਹੋਇਆ ਸੀ (ਤੇ ਕਾਫੀ ਹੱਦ ਤੱਕ ਹੁਣ ਵੀ ਹੈ)। ਉਪਰਲੀ ਜਾਤੀ ਦਾ ਵਰਗ, ਭਾਵ ਕਸ਼ੱਤਰੀ ਤੇ ਬ੍ਰਾਹਮਣ ਆਪਣੇ ਰਿਜ਼ਕ-ਰੁਜ਼ਗਾਰ ਲਈ ਆਪਣੇ ਹੱਥੀਂ ਕੋਈ ਕੰਮ ਨਹੀਂ ਸੀ ਕਰਦਾ। ਵਿਚਕਾਰਲੇ ਵੈਸ਼ ਵਰਗ ਦੀ ਗਿਣਤੀ ਪ੍ਰਾਚੀਨ ਕਾਲ ‘ਚ ਬਹੁਤ ਘੱਟ ਰਹੀ ਹੈ। ਉਂਝ ਵੀ ਉਹ ਆਪਣੇ ਵਣਜ ਵਪਾਰ ਰਾਹੀਂ ਕੁਝ ਨਾ ਕੁਝ ਕੰਮ ਕਰਦਾ ਹੀ ਸੀ। ਅਸਲ ਵਿਚ ਸਾਰੇ ਰਾਜ ਦੇ ਧਨ-ਸੰਪਤੀ, ਖਜ਼ਾਨੇ ਦਾ ਦਾਰੋਮਦਾਰ ਖੇਤੀ ਪੈਦਾਵਾਰ ‘ਤੇ ਨਿਰਭਰ ਕਰਦਾ ਸੀ। ਬੁੱਧ ਕਾਲ ਤੋਂ ਲੈ ਕੇ ਤਕਰੀਬਨ ਗੁਪਤ ਕਾਲ ਤੱਕ ਕਿਸਾਨਾਂ ਦਾ ਦਰਜਾ ‘ਵੈਸ਼’ ਵਾਲਾ ਸੀ ਪਰ ਗੁਪਤ ਕਾਲ ਤੱਕ ਪਹੁੰਚਦਿਆਂ-ਪਹੁੰਚਦਿਆਂ ਜਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਸ਼ੂਦਰ ਦੇ ਦਰਜੇ ‘ਚ ਤਬਦੀਲ ਕਰ ਦਿੱਤਾ ਗਿਆ ਜਿਵੇਂ ਅੱਜ ਦਾ ਉਦਯੋਗਪਤੀ ਕਰਦਾ ਹੈ। ਉਪਰਲੇ ਵਰਗ ਜਿਨ੍ਹਾਂ ਵਿਚ ਬ੍ਰਾਹਮਣ, ਕਸ਼ੱਤਰੀ ਸਾਮੰਤ ਅਤੇ ਰਾਜਾ ਸ਼ਾਮਲ ਸਨ, ਨੇ ਕਿਸਾਨਾਂ ਤੋਂ ਜਬਰਨ ਤੇ ਜ਼ਿਆਦਾ ਤੋਂ ਜ਼ਿਆਦਾ ਲਗਾਨ ਜਾਂ ਉਤਪਾਦਨ ਦਾ ਜ਼ਿਆਦਾ ਭਾਗ ਵਸੂਲ ਕਰਨਾ ਆਰੰਭ ਕਰ ਦਿੱਤਾ ਸੀ। ਇਸ ਅਤੇ ਇਸ ਵਰਗੇ ਹੋਰ ਅਨੇਕਾਂ ਅਤਿਆਚਾਰਾਂ ਵਿਰੁੱਧ ਛੋਟੀਆਂ-ਛੋਟੀਆਂ ਬਗ਼ਾਵਤਾਂ ਵੀ ਹੋਈਆਂ। ਨਿਮਨ ਵਰਗ, ਵਿਸ਼ੇਸ਼ ਕਰਕੇ ਸ਼ੂਦਰ ਅਤੇ ਕਿਤੇ-ਕਿਤੇ ਵੈਸ਼ ਨੇ ਆਪੋ-ਆਪਣੇ ‘ਧਰਮਾਂ’, ਭਾਵ ਸ਼ਾਸਤਰਾਂ ‘ਚ ਲਿਖੇ ਗਏ ਕਰਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸੰਕਟ ਦੇ ਨਿਵਾਰਨ ਲਈ ਸਮਕਾਲੀਨ ਸ਼ਾਸਤਰਾਂ ਵਿਚ ਦੋ ਉਪਾਅ ਸੁਝਾਏ ਗਏ। ਇੱਕ ਸੀ ਸਖਤ ਦੰਡ ਦਾ ਪ੍ਰਯੋਗ ਅਤੇ ਦੂਸਰਾ ‘ਧਰਮ’ ਦੀ ਪੁਨਰ-ਪ੍ਰਤਿਸ਼ਠਾ। ਸ਼ਾਸਤਰਾਂ ‘ਚ ਇਸ ਤਰ੍ਹਾਂ ਦੇ ਦੰਡ ਦਾ ਭਰਪੂਰ ਗੁਣ-ਗਾਣ ਕੀਤਾ ਗਿਆ ਹੈ।

ਮਹਾਤਮਾ ਬੁੱਧ ਦੀ ਭੂਮਿਕਾ
ਆਮ ਕਰਕੇ ਅਸੀਂ ਮਹਾਤਮਾ ਬੁੱਧ ਜਾਂ ਉਸ ਦੇ ਉਪਦੇਸ਼ਾਂ ਨੂੰ ਅਹਿੰਸਾ ਅਤੇ ਪ੍ਰਾਚੀਨ ਸਮਿਆਂ ਤੋਂ ਚੱਲਦੇ ਆ ਰਹੇ ਬ੍ਰਾਹਮਣਵਾਦ ਦੇ ਟਕਰਾਉ ਜਾਂ ਵਿਰੋਧ ਤੱਕ ਸੀਮਤ ਕਰ ਦਿੰਦੇ ਹਾਂ। ਮਹਾਤਮਾ ਬੁੱਧ ਦੁਆਰਾ ਆਪਣੀਆਂ ਸਭਾਵਾਂ ਵਿਚ ਦਿੱਤੇ ਪ੍ਰਵਚਨਾਂ ਵੱਲ ਧਿਆਨ ਮਾਰਦਿਆਂ ਦੇਖਦੇ ਹਾਂ ਕਿ ਅੱਜ ਤੋਂ 2600 ਸਾਲ ਪਹਿਲਾਂ ਦੇ ਹਿਸਾਬ ਨਾਲ ਉਨ੍ਹਾਂ ਦੇ ਵਿਚਾਰ ਬੇਹੱਦ ਅਸਾਧਾਰਨ, ਅਨੂਠੇ ਅਤੇ ਕ੍ਰਾਂਤੀਕਾਰੀ ਸਨ। ਉਸ ਨੇ ਰਾਜ ਵਿਵਸਥਾ ਦੇ ਪ੍ਰਸੰਗ ਵਿਚ ਉਨ੍ਹਾਂ ਨਿਯਮਾਂ ਦਾ ਪ੍ਰਚਾਰ ਕੀਤਾ ਜਿਸ ਨੂੰ ਅੱਜ ਦੇ ਸ਼ਬਦਾਂ ‘ਚ ਰੁਕ ਕਲਿਆਣਕਾਰੀ ਅਰਥਚਾਰਾ, ਕਲਿਆਣਕਾਰੀ ਰਾਜ ਆਮ ਲੋਕਾਂ ਦੀ ਭਲਾਈ ਅਤੇ ਪ੍ਰਗਤੀ ਲਈ ਅਰਥ ਪ੍ਰਬੰਧ, ਰਾਜ ਪ੍ਰਬੰਧ ਕਿਹਾ ਜਾ ਸਕਦਾ ਹੈ। ਉਸ ਨੇ ਸਭ ਤੋਂ ਵੱਧ ਤਰਜੀਹ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਿਨ੍ਹਾਂ ਨੂੰ ਪਾਲੀ ਭਾਸ਼ਾ ਵਿਚ ‘ਗ੍ਰਹਿਪਤੀ’ ਆਖਿਆ ਗਿਆ ਹੈ। ਉਸ ਨੇ ਆਖਿਆ ਕਿ ਹਕੂਮਤ ਦੇ ਜਾਂ ਹਕੂਮਤ ਨਾਲ ਜੁੜੇ ਹੋਏ ਹਰ ਅਫਸਰ, ਪੂੰਜੀਪਤੀ ਦੇ ਮੁਲਾਜ਼ਮਾਂ ਨੂੰ ਵਾਜਬ ਵੇਤਨ ਪ੍ਰਾਪਤ ਹੋਵੇ, ਉਸ ਦੇ ਦਵਾ ਦਾਰੂ ਦਾ ਪ੍ਰਬੰਧ ਹੋਵੇ, ਇੱਥੋਂ ਤੱਕ ਕਿ ਉਸ ਨੂੰ ਆਪਣੇ ਕੰਮ ਤੋਂ ਛੁੱਟੀਆਂ ਵੀ ਮਿਲਣ। ਪੁਰਾਣੇ ਸਮਿਆਂ ‘ਚ ਸਾਰੀ ਜ਼ਮੀਨ ਦਾ ਮਾਲਕ ਰਾਜਾ ਨੂੰ ਮੰਨਿਆ ਜਾਂਦਾ ਸੀ। ਹਲ ਵਾਹ ਕੇ ਉਪਜ ਪੈਦਾ ਕਰਨ ਵਾਲੇ ਆਪਣਾ ਢਿੱਡ ਭਰਨ ਲਈ ਥੋੜ੍ਹਾ ਜਿਹਾ ਆਨਾਜ ਰੱਖ ਕੇ ਬਾਕੀ ਦਾ ਸਾਰਾ ਹਕੂਮਤ ਜਾਂ ਹਕੂਮਤ ਦੇ ਸਾਮੰਤਾਂ ਨੂੰ ਲਗਾਨ ਰੂਪ ‘ਚ ਦੇ ਦੇਣ ਦੇ ਪਾਬੰਦ ਸਨ।
ਇਨ੍ਹਾਂ ਆਤਮ-ਕੇਂਦਰਤ, ਮਹੱਤਵਾਕਾਂਖੀ ਵਰਗ ਦੀ ਗੱਲ ਕਰਦਿਆਂ ਅੰਬੇਦਕਰ ਨੇ ਮਹਾਤਮਾ ਬੁੱਧ ਅਤੇ ਕਾਰਲ ਮਾਰਕਸ ਦੇ ਕਾਂਡ ‘ਚ ਬੁੱਧ ਦੇ ਇਸ ਭਲਾਈ ਰਾਜ (ਵੈਲਫੇਅਰ ਸਟੇਟ) ਬਾਰੇ ਚਰਚਾ ਕਰਦਿਆਂ ਆਖਿਆ ਹੈ ਕਿ ਨੈਤਿਕ ਨਿਯਮ ਜਿਵੇਂ ਆਮ ਲੋਕਾਂ ਲਈ ਜ਼ਰੂਰੀ ਹਨ, ਓਨੇ ਹੀ ਸੱਤਾਧਾਰੀ ਵਰਗ, ਹਕੂਮਤ ਲਈ ਵੀ ਪਰ ਅੱਜ ਦੇ ਸਮੇਂ ਹੋ ਇਸ ਦੇ ਉਲਟ ਰਿਹਾ ਹੈ। ਆਮ ਲੋਕਾਂ ਨੂੰ ਸੰਵਿਧਾਨ, ਕਾਨੂੰਨ ਦੇ ਦਾਇਰੇ ‘ਚ ਰਹਿਣ ਲਈ ਕਿਹਾ ਜਾਂਦਾ ਹੈ ਅਤੇ ਆਪ ਇਹ ਲੋਕ ਸਦਾਚਾਰ, ਨੈਤਿਕਤਾ ਦੇ ਸਾਰੇ ਨਿਯਮਾਂ ਨੂੰ ਤੋੜਦਿਆਂ-ਮਰੋੜਦਿਆਂ ਲੁੱਟ-ਮਾਰ ਕਰਦੇ ਅਤੇ ਆਪਣੇ ਖਜ਼ਾਨੇ ਭਰਦੇ ਹਨ।
ਬਹੁਤ ਸਾਰੇ ਇਤਿਹਾਸਕਾਰ ਗੁਪਤ ਕਾਲ ਨੂੰ (ਚੌਥੀ ਪੰਜਵੀਂ ਸਦੀ ਤੋਂ ਛੇਵੀਂ ਸੱਤਵੀਂ ਸਦੀ) ਸਵਰਨ ਕਾਲ ਦੀ ਸੰਗਿਆ ਦਿੰਦੇ ਹਨ। ਉਨ੍ਹਾਂ ਨੂੰ ਇਹ ਦਿਸਦਾ ਹੈ ਕਿ ਕਾਲੀਦਾਸ, ਭਾਸ ਵਰਗੇ ਅਨੇਕਾਂ ਨਾਟਕਕਾਰ, ਕਵੀ ਇਸ ਕਾਲ ‘ਚ ਪੈਦਾ ਹੋਏ; ਨ੍ਰਿਤ ਅਤੇ ਗਾਇਨ ਦੇ ਖੇਤਰ ‘ਚ ਤਰੱਕੀ ਹੋਈ ਅਤੇ ਸ਼ਾਨਦਾਰ ਮੰਦਰਾਂ ਦਾ ਨਿਰਮਾਣ ਹੋਇਆ। ਮੂਰਤੀ ਕਲਾ ਨੇ ਉਚਾਈਆਂ ਛੋਹੀਆਂ। ਇਸ ਸਭ ‘ਤੇ ਹਰ ਭਾਰਤੀ ਨੂੰ ਮਾਣ ਅਨੁਭਵ ਹੋ ਸਕਦਾ ਹੈ ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ? ਉਪਰਲੇ ਵਰਗ ਅਤੇ ਨਿਮਨ ਜਾਤੀਆਂ ਵਿਚਕਾਰ ਕਿੰਨੀ ਅਸਮਾਨਤਾ ਸੀ? ਇਸ ਪਾਸੇ ਅਸੀਂ ਧਿਆਨ ਨਹੀਂ ਦਿੰਦੇ।
ਮਹਾਤਮਾ ਬੁੱਧ ਤੋਂ ਬਾਅਦ ਦੇ ਰਾਜਿਆਂ, ਸੱਤਾਧਾਰੀ ਵਰਗ ‘ਚ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ ਅਤੇ ਉਨ੍ਹਾਂ ਆਮ ਲੋਕਾਂ/ਪਰਜਾ ਦੀ ਭਲਾਈ ਵੱਲ ਥੋੜ੍ਹਾ ਬਹੁਤ ਧਿਆਨ ਦੇਣਾ ਸ਼ੁਰੂ ਕੀਤਾ। ਇਸ ਦੀ ਸਭ ਤੋਂ ਮਹੱਤਵਪੂਰਨ ਉਦਾਹਰਨ ਮਹਾਤਮਾ ਬੁੱਧ ਦੀ ਮ੍ਰਿਤੂ ਦੇ ਤਿੰਨ ਕੁ ਸੌ ਸਾਲ ਬਾਅਦ ਸਮਰਾਟ ਅਸ਼ੋਕ ਦੇ ਰਾਜ ਸਮੇਂ ਦੇਖੀ ਜਾ ਸਕਦੀ ਹੈ।

ਪੰਜਾਬ ਅਤੇ ਅੱਜ ਦੇ ਪ੍ਰਸੰਗ
ਨੇੜਲੇ ਸਮੇਂ ਅਤੇ ਪੰਜਾਬ ਦੇ ਪ੍ਰਸੰਗ ‘ਚ ਪਹਿਲਾਂ ਤਾਂ ਇਹ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨਾਲ ਗੱਦਾਰੀਆਂ ਦੀਆਂ ਜੋ ਵੀ ਉਦਾਹਰਨਾਂ ਮਿਲਦੀਆਂ ਹਨ, ਉਨ੍ਹਾਂ ‘ਚ ਅਸੀਂ ਸੱਤਾ ਨਾਲ ਜੁੜੇ ਹੋਏ ਲੋਕਾਂ ਨੂੰ ਹੀ ਦੇਖਦੇ ਹਾਂ। ਆਮ ਸਿੱਖ ਸਿਪਾਹੀ ਬਹਾਦਰੀ ਨਾਲ ਲੜਦਾ ਮਰਦਾ ਰਿਹਾ ਅਤੇ ਉਪਰਲਾ ਵਰਗ ਗੱਦਾਰੀਆਂ ਕਰਦਾ ਰਿਹਾ। ਜਿਨ੍ਹਾਂ-ਜਿਨ੍ਹਾਂ ਪਰਿਵਾਰਾਂ, ਤਥਾਕਥਿਤ ਪਤਵੰਤਿਆਂ ਨੇ ਫਿਰੰਗੀਆਂ ਦੁਆਰਾ ਸਿੱਖ ਰਾਜ ਨੂੰ ਖਤਮ ਕਰਨ ਅਤੇ ਉਸ ਤੋਂ ਬਾਅਦ 1857 ਦੇ ਸੁਤੰਤਰਤਾ ਸੰਗਰਾਮ ਵਿਚ ਫਿਰੰਗੀਆਂ ਦੀ ਜਾਨ ਅਤੇ ਮਾਲ ਨਾਲ ਸਹਾਇਤਾ ਕੀਤੀ, ਉਨ੍ਹਾਂ ਨੂੰ ਸਰਦਾਰ ਬਹਾਦੁਰ, ਖਾਨ ਬਹਾਦੁਰ ਅਤੇ ਰਾਏ ਬਹਾਦੁਰ ਵਰਗੇ ਖਿਤਾਬ ਪ੍ਰਾਪਤ ਹੋਏ।
ਸੱਤਾ ਦੀਆਂ ਵੀ ਅਜੋਕੇ ਸਮੇਂ ‘ਚ ਕਈ ਸਟੇਜਾਂ, ਕਈ ਗੜ੍ਹ ਹਨ ਜਿਨ੍ਹਾਂ ਨੂੰ ਅਸੀਂ ਮੋਟੇ ਤੌਰ ‘ਤੇ ਕੁਰਸੀਆਂ (ਜਾਂ ਪਦਵੀਆਂ) ਦਾ ਨਾਮ ਦੇ ਸਕਦੇ ਹਾਂ। ਸਿੱਧੇ ਤੌਰ ‘ਤੇ ਹਕੂਮਤ ਨਾਲ ਨਾਂ ਜੁੜਿਆ ਹੋਇਆ ਵੀ ਇਹ ਛੋਟੇ ਪੱਧਰ ‘ਤੇ ਸੱਤਾ ਦੇ ਕੇਂਦਰ ਪਹੁੰਚੇ ਹਨ। ਪਾਠਕ ਆਪਣੇ ਅਨੁਭਵ ਅਤੇ ਸਮਝ ਅਨੁਸਾਰ ਇਸ ਭ੍ਰਿਸ਼ਟ ਸ਼੍ਰੇਣੀ ‘ਚ ਅਨੇਕਾਂ ਨਾਮ ਜੋੜ ਸਕਦੇ ਹਨ; ਜਿਵੇਂ ਗਾਲਿਬ ਕਹਿ ਗਿਆ ਹੈ:
ਦੁਨੀਆ ਮੇਂ ਬੇਵਕੂਫੋਂ ਕੀ ਕਮੀ ਨਹੀਂ ਗਾਲਿਬ
ਏਕ ਢੂੰਡੋ ਤੋ ਹਜ਼ਾਰ ਮਿਲਤੇ ਹੈਂ।
ਇਤਿਹਾਸਕਾਰਾਂ ਦੀ ਮਾਨਸਿਕਤਾ ਵੀ ਹਾਕਮਾਂ ਦੀ ਜਮਾਤ ਤੋਂ ਵੱਖਰੀ ਨਹੀਂ ਹੁੰਦੀ। ਇਸੇ ਲਈ ਉਹ ਸਿਕੰਦਰ ਅਤੇ ਅਕਬਰ ਵਰਗੇ ਬਾਦਸ਼ਾਹ ਨੂੰ ਹੀ ਮਹਾਨ ਗਿਣਦੇ ਹਨ। ਇਨ੍ਹਾਂ ਦੇ ਵਿਚਾਰ ਅਨੁਸਾਰ ਉਹੀ ਮਹਾਨ ਬਾਦਸ਼ਾਹ ਜਿਸ ਨੇ ਬਹੁਤ ਲੜਾਈਆਂ ਲੜੀਆਂ ਅਤੇ ਧਰਤੀ ਦਾ ਬਹੁਤ ਵੱਡਾ ਭਾਗ ਆਪਣੇ ਅਧੀਨ ਕੀਤਾ। ਹਿੰਦੁਸਤਾਨ ਦੇ ਮਹਾਰਾਜਿਆਂ, ਬਾਦਸ਼ਾਹਾਂ ‘ਚੋਂ ਸਮਰਾਟ ਅਸ਼ੋਕ ਤੋਂ ਇਲਾਵਾ ਅਫਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਹੀ ਐਸਾ ਬਾਦਸ਼ਾਹ ਸੀ ਜਿਸ ਨੇ ਆਮ ਲੋਕਾਂ ਦੀ ਭਲਾਈ ਅਤੇ ਇਨਸਾਫ ਨੂੰ ਆਪਣੀ ਹਕੂਮਤ ਦਾ ਮਕਸਦ ਬਣਾਇਆ। ਬਾਕੀਆਂ ਦਾ ਸਾਰਾ ਜ਼ੋਰ ਮੰਦਿਰ, ਮਸਜਿਦਾਂ ਜਾਂ ਆਲੀਸ਼ਾਨ ਮਕਬਰੇ, ਮਾਹੌਲ ਬਣਾਉਣ, ਆਪਣੇ ਰਾਜ ਦਾ ਵਿਸਤਾਰ ਕਰਨ ਅਤੇ ਲੜਾਈਆਂ ਲੜਨ ਵੱਲ ਹੀ ਹੁੰਦਾ ਆਇਆ ਹੈ।
ਸ਼ਾਸਕ ਜਾਂ ਸੱਤਾਧਾਰੀ ਵਰਗ ਦੇ ਹਿੰਦੂ, ਮੁਸਲਮਾਨ ਜਾਂ ਸਿੱਖ ਹੁਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਨਾਲ ਆਮ ਲੋਕਾਂ ਦੇ ਜੀਵਨ ‘ਚ ਕੋਈ ਸਕਾਰਾਤਮਕ ਅੰਤਰ ਨਹੀਂ ਆਉਂਦਾ। ਆਮ ਲੋਕ ਉਸੇ ਤਰ੍ਹਾਂ ਉਪਰਲੇ ਵਰਗ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਰਹਿਣਗੇ।
ਹਾਕਮਾਂ ਦੇ ਉਪਰਲੇ ਵਰਗ ਅਧੀਨ ਕੰਮ ਕਰਨ ਵਾਲਾ ਵਰਗ (ਭਾਵ ਹਰ ਸਰਕਾਰੀ ਅਦਾਰਾ) ਆਪੋ-ਆਪਣੇ ਢੰਗ ਨਾਲ ਉਪਰਲੇ ਵਰਗ ਦੀ ਹੀ ਨਕਲ ਕਰਦਾ ਹੈ। ਅਜੋਕੇ ਸਮੇਂ ਅਤੇ ਹਾਲਾਤ ਵੱਲ ਨਜ਼ਰ ਮਾਰਦਿਆਂ ਦੇਖਦੇ ਹਾਂ ਕਿ ਜ਼ਿੰਦਗੀ ‘ਚ ਤਰੱਕੀ ਕਰਨ ਦੇ ਰਸਤੇ, ਸਰਕਾਰੀ, ਗੈਰ-ਸਰਕਾਰੀ ਨੌਕਰੀਆਂ ਹਾਸਲ ਕਰਨ ਦੀ ਸੰਭਾਵਨਾ ਰੱਖਣ ਵਾਲੀ ਪੂਰੀ ਦੀ ਪੂਰੀ ਜਮਾਤ ਉੱਪਰਲੇ ਵਰਗ ਦੀ ਹੈ। ਇਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਮਹਿੰਗੇ ਸਕੂਲਾਂ/ਕਾਲਜਾਂ ‘ਚ ਭੇਜ ਕੇ ਸਿੱਖਿਆ ਗ੍ਰਹਿਣ ਕਰਵਾਉਂਦੇ ਹਨ। ਫਿਰ ਇਹੀ ਪੀੜ੍ਹੀ ਕਾਰਪੋਰੇਟਾਂ, ਪ੍ਰਾਈਵੇਟ ਕੰਪਨੀਆਂ ਅਤੇ ਉੱਚੇ ਸਰਕਾਰੀ ਅਹੁਦਿਆਂ ਨੂੰ ਹੜੱਪ ਕਰਦੀ ਹੈ। ਅਮੀਰ ਵਰਗ ਹੋਰ ਅਮੀਰ ਅਤੇ ਹੇਠਲਾ ਵਰਗ ਹੋਰ ਥੱਲੇ ਵੱਲ ਰੁੜ੍ਹਦਾ ਜਾਂਦਾ ਹੈ।
ਪੁਰਾਣੇ ਸਮਿਆਂ ‘ਚ ਸ਼ਾਸਕ ਵਰਗ ਧਰਮ, ਧਾਰਮਿਕ ਸ਼ਾਸਤਰਾਂ ਨੂੰ ਆਪਣੇ ਸੁਆਰਥ ਦੀ ਪੂਰਤੀ ਲਈ ਵਰਤਦਾ ਸੀ। ਹੁਣ ਇਹੀ ਕੰਮ ਸਾਡੀਆਂ ਅਖਬਾਰਾਂ, ਟੀ.ਵੀ. ਚੈਨਲਾਂ ਕਰ ਰਹੇ ਹਨ। ਆਮ ਲੋਕਾਂ ਤੱਕ ਉਹੀ ਖਬਰਾਂ ਪਹੁੰਚਦੀਆਂ ਹਨ ਜੋ ਉਪਰਲਾ ਵਰਗ ਚਾਹੁੰਦਾ ਹੈ। ਪਾਰਟੀ ਚਾਹੇ ਕੋਈ ਵੀ ਹੋਵੇ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਪਾਰਟੀਆਂ ਨੂੰ ਮਾਇਕ ਸਹਾਇਤਾ ਦੇਣ ਵਾਲੇ ਵੀ ਇਹੀ ਹਨ। ਮੰਤਰੀ ਇਨ੍ਹਾਂ ਤੋਂ ਰਿਸ਼ਵਤ ਲੈ ਕੇ ਗਰੀਬਾਂ ਕੋਲੋਂ ਜ਼ਮੀਨਾਂ ਖੋਂਹਦੇ ਅਤੇ ਇਨ੍ਹਾਂ ਨੂੰ ਦਿੰਦੇ ਹਨ।
ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਵੱਡਾ ਜਾਂ ਮਹਾਨ ਕਹਾਏ ਜਾਣ ਵਾਲਾ ਸ਼ਖਸ ਵੀ ਵਧੀਆ ਇਨਸਾਨ ਹੋ ਸਕਦਾ ਹੈ, ਬਸ਼ਰਤੇ ਉਸ ਦੇ ਮਨ ‘ਚ ਆਮ ਲੋਕਾਂ ਲਈ ਸੁਹਿਰਦਤਾ ਹੋਵੇ, ਦਰਦਮੰਦੀ ਹੋਵੇ। ਉਹ ਪ੍ਰਾਪਤ ਹੋਈ ਸੱਤਾ ਨੂੰ ਸਿਰਫ ਆਪਣੀ ਸੱਤਾ ਕਾਇਮ ਰੱਖਣ ਜਾਂ ਨਿੱਜੀ ਲਾਭ ਲਈ ਹੀ ਨਾ ਵਰਤਦਾ ਹੋਵੇ। ਉਹ ਇਹ ਵੀ ਮਹਿਸੂਸ ਕਰਦਾ ਹੋਵੇ ਕਿ ਪਰਮਾਤਮਾ ਨੇ ਉਸ ਨੂੰ ਇਹ ਰਾਜਸੀ ਜਾਂ ਧਾਰਮਿਕ ਪਦਵੀ, ਕੁਰਸੀ ਜਾਂ ਧਨ ਇਸ ਲਈ ਦਿੱਤਾ ਹੈ ਕਿ ਉਹ ਇਸ ਦੀ ‘ਜਾਇਜ਼’ ਵਰਤੋਂ ਕਰੇ। ਇਸ ‘ਜਾਇਜ਼’ ਵਰਤੋਂ ਵਿਚ ਜੇ ਆਮ ਲੋਕ, ਮਿਹਨਤਕਸ਼ ਵਰਗ ਸ਼ਾਮਲ ਨਹੀਂ ਹਨ ਤਾਂ ਉਸ ਨੂੰ ਜਾਇਜ਼ ਵਰਤੋਂ ਨਹੀਂ ਕਿਹਾ ਜਾ ਸਕਦਾ।