ਪੁਆਧੀ ਨੈਣ-ਨਕਸ਼

ਨਿਰੰਜਣ ਸਿੰਘ ਸੈਲਾਨੀ
ਫੋਨ: +91-98762-28703
ਮਾਲਵੇ ਦੇ ਜੰਮੇ-ਪਲੇ ਨਿਰੰਜਣ ਸਿੰਘ ਸੈਲਾਨੀ ਨੇ ਪੁਆਧ ਬਾਰੇ ਬੜੀ ਖੂਬਸੂਰਤ ਰਚਨਾ ਕੀਤੀ ਹੈ। ਇਸ ਰਚਨਾ ਵਿਚ ਪੁਆਧ ਦੀ ਖੁਸ਼ਬੂ ਫੈਲੀ ਹੋਈ ਪ੍ਰਤੀਤ ਹੁੰਦੀ ਹੈ। ਇਹ ਕਈ ਦਹਾਕੇ ਪਹਿਲਾਂ ਦੀਆਂ ਗੱਲਾਂ-ਬਾਤਾਂ ਹਨ ਪਰ ਇਨ੍ਹਾਂ ਗੱਲਾਂ-ਬਾਤਾਂ ਵਿਚ ਉਨ੍ਹਾਂ ਵੇਲਿਆਂ ਦਾ ਸਮੁੱਚਾ ਸਭਿਆਚਾਰ ਅਤੇ ਸਮਾਜਿਕ ਹਕੀਕਤਾਂ ਪਰੋਈਆਂ ਹੋਈਆਂ ਹਨ ਜਿਨ੍ਹਾਂ ਉਤੇ ਇੰਨੇ ਸਮੇਂ ਪਿੱਛੋਂ ਝਾਤੀ ਮਾਰਨ ‘ਤੇ ਕਿਸੇ ਵੱਖਰੀ ਤਰ੍ਹਾਂ ਦੀ ਖੁਸ਼ੀ ਦਾ ਅਹਿਸਾਸ ਜਾਗਦਾ ਹੈ।
ਉਸ ਵਕਤ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਲਾਜ਼ਮੀ ਸਿੱਖਿਆ ਲਾਗੂ ਕੀਤੀ ਜਾ ਰਹੀ ਸੀ। ਇੰਟਰਵਿਊ ਦੀ ਚਿੱਠੀ ਆ ਗਈ। ਨਾਭੇ ਦੇ ਕਿਲ੍ਹੇ ਵਿਚ ਇੰਟਰਵਿਊ ਹੋਈ। ਮੈਂ ਵੀ ਚੁਣਿਆ ਗਿਆ। ਅਜੇ ਉਮਰ ਮਸਾਂ 16 ਸਾਲਾਂ ਦੀ ਹੋਈ ਸੀ। ਨਿਯੁਕਤੀ ਪੱਤਰ ਡਾਕ ਰਾਹੀਂ ਘਰ ਆ ਗਿਆ।

ਘਰੇ ਸਲਾਹਾਂ ਹੋਣ ਲੱੱਗੀਆਂ, ਮੁੰਡਾ ਮਛੋਹਰ ਹੈ, ਉਮਰ ਘੱਟ ਹੈ, ਨਾ ਮੁੱਛ ਨਾ ਦਾੜ੍ਹੀ; ਕਿਵੇਂ ਰੋਟੀ ਪਕਾਏਗਾ? ਕਿਵੇਂ ਇਕੱਲਾ ਰਹੇਗਾ? ਫਿਰ ਪਤਾ ਨਾ ਲੱਗੇ ਪਿੰਡ ਕਾਮੀ ਖੁਰਦ ਹੈ ਕਿਸ ਪਾਸੇ? ਫਿਰ ਸਿੱਖਿਆ ਮਹਿਕਮੇ ਤੋਂ ਪਤਾ ਲੱਗਾ ਕਿ ਘਨੌਰ ਬਲਾਕ ਵਿਚ ਹੈ। ਸਾਮਾਨ, ਕੁਝ ਭਾਂਡੇ, ਖਾਣਾ ਬਣਾਉਣ ਦਾ ਸਾਮਾਨ ਅਤੇ ਬਿਸਤਰਾ ਤਿਆਰ ਕੀਤਾ।
ਦੂਜੇ ਦਿਨ ਮੇਰੇ ਬਾਈ ਜੀ ਮੇਰੇ ਨਾਲ ਚੱਲ ਪਏ। ਸ਼ੰਭੂ ਰੇਲਵੇ ਸਟੇਸ਼ਨ ‘ਤੇ ਉਤਰ ਕੇ ਰਾਹ ਪਤਾ ਕੀਤਾ। ਕੋਈ ਬੱਸ ਨਹੀਂ ਸੀ ਜਾਂਦੀ। ਸਿਆਲ ਦੇ ਦਿਨ ਸਨ। ਠੰਢੀ ਹਵਾ ਚੱਲ ਰਹੀ ਸੀ। ਪੈਦਲ ਚੱਲ ਪਏ। ਪਹਿਲਾਂ ਮਰਦਾਂਪੁਰ ਨਾਂ ਦਾ ਪਿੰਡ ਆਇਆ। ਉਸ ਪਿੱਛੋਂ ਸੰਧਾਰਸੀ ਜਿਸ ਦੇ ਸਕੂਲ ਦੇ ਆਲੇ-ਦੁਆਲੇ ਰੇਤਾ ਹੀ ਰੇਤਾ ਵਿਛਿਆ ਹੋਇਆ ਸੀ। ਜਿਸ ਨੂੰ ਰਾਹ ਪੁੱਛੋ ਉਹੋ ਕਹਿੰਦਾ, “ਗੋਹਰੀ ਗੋਹਰੀ ਗਾੜ੍ਹੀ ਜਾਉ।” ਫਿਰ ਸਾਨੂੰ ਪਤਾ ਲੱਗਾ ਕਿ ਪਹੇ ਨੂੰ ਗੋਹਰ ਕਹਿੰਦੇ ਹਨ। ਬੋਲੀ ਦਾ ਵੀ ਅੰਤਰ ਸੀ। ਅਸੀਂ ਮਲਵਈ ਬੋਲੀ ਤੋਂ ਜਾਣੂ ਸਾਂ। ਇਹ ਪੁਆਧੀ ਉਪ-ਭਾਸ਼ਾ ਬੋਲਦੇ ਸਨ। ਇੱਕ ਹੋਰ ਪਿੰਡ ਪਿੱਪਲ ਮੰਗੋਲੀ ਆਇਆ ਜਿਸ ਵਿਚ ਰਫਿਊਜੀ ਰਹਿੰਦੇ ਸਨ। ਰਾਹ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਨਥਾਣਾ ਸਾਹਿਬ ਆਇਆ। ਇੱਥੇ ਲੰਡੀ ਨਾਂ ਦੀ ਨਦੀ ਵਹਿੰਦੀ ਸੀ ਜਿਸ ਦਾ ਛੋਟਾ ਜਿਹਾ ਪੁਲ ਸੀ। ਸਿਆਲ ਕਾਰਨ ਪਾਣੀ ਬਹੁਤ ਘੱਟ ਸੀ। ਪਤਾ ਲੱਗਾ ਬਰਸਾਤ ‘ਚ ਇਸ ਵਿਚ ਬਹੁਤ ਪਾਣੀ ਆਉਂਦਾ ਹੁੰਦਾ ਸੀ।
ਉਸ ਤੋਂ ਅੱਗੇ ਜੰਡ ਮੰਘੋਲੀ ਪਿੰਡ ਆਇਆ ਜਿੱਥੇ ਕਈ ਘੁਲਾੜੀਆਂ ਚਲ ਰਹੀਆਂ ਸਨ ਤੇ ਗੰਨੇ ਪੀੜੇ ਜਾ ਰਹੇ ਸਨ। ਗੁੜ ਪੱਕਣ ਦੀ ਮਿੱਠੀ-ਮਿੱਠੀ ਵਾਸ਼ਨਾ ਹਵਾ ‘ਚ ਫੈਲ ਰਹੀ ਸੀ। ਉੱਥੋਂ ਰਾਹ ਪੁੱਛ ਕੇ ਅਸੀਂ ਕਾਮੀ ਦੇ ਰਾਹ ਪੈ ਗਏ। ਇੱਕ ਪਾਸੇ ਕਿੱਕਰਾਂ ਹੀ ਕਿੱਕਰਾਂ ਖੜ੍ਹੀਆਂ ਸਨ ਜਿਸ ਨੂੰ ਲੋਕ ‘ਵਣੀ’ ਕਹਿੰਦੇ ਸਨ। ਤੁਰਦੇ ਗਏ ਤੁਰਦੇ ਗਏ। ਅਖੀਰ ਪਿੰਡ ਦਿਸਣ ਲੱਗਾ। ਉੱਥੇ ਪੁੱਜ ਕੇ ਸਕੂਲ ਪਤਾ ਕਰਕੇ ਸਕੂਲ ਪੁੱਜ ਗਏ। ਬੜੀ ਉੱਚੀ ਥਾਂ ‘ਤੇ ਧਰਮਸ਼ਾਲਾ ਬਣੀ ਹੋਈ ਸੀ। ਮਾਸਟਰ ਜੀ ਬੈਠੇ ਬੱਚਿਆਂ ਨੂੰ ਪੜ੍ਹਾ ਰਹੇ ਸਨ। ਨਾਂ ਸੀ ਰਾਮ ਲਾਲ ਪਸਰੀਚਾ। ਉਹ ਲਾਹੌਰ ਦਾ ਪੜ੍ਹਿਆ ਹੋਇਆ ਸੀ। ਸਕੂਲ ਕੀ ਸੀ? ਖੁੱਲ੍ਹਾ ਜਿਹਾ ਕਮਰਾ ਸੀ, ਵਿਹੜਾ ਸੀ। ਇਹ ਪਿੰਡ ਦੀ ਧਰਮਸ਼ਾਲਾ ਸੀ।
ਅਧਿਆਪਕ ਸਾਨੂੰ ਦੇਖ ਕੇ ਪੁੱਛਣ ਲੱਗਾ, “ਤੁਹਾਡੇ ‘ਚੋਂ ਮਾਸਟਰ ਕਿਹੜਾ ਹੈ?” ਬਾਈ ਜੀ ਨੇ ਦੱਸਿਆ ਕਿ ਇਹ ਮੇਰਾ ਲੜਕਾ ਹੈ, ਇਸ ਦਾ ਇਹ ਨਿਯੁਕਤੀ ਪੱਤਰ ਹੈ। ਉਸ ਦਿਨ 15 ਦਸੰਬਰ 1961 ਦੀ ਤਰੀਕ ਸੀ। ਮੈਂ ਨੌਕਰੀ ਲੱਗ ਗਿਆ। ਮਾਸਟਰ ਜੀ ਨੇ ਮੇਰੇ ਰਹਿਣ ਦਾ ਪ੍ਰਬੰਧ ਮੰਗਤ ਰਾਮ ਦੇ ਘਰ ਕਰ ਦਿੱਤਾ। ਰੋਟੀ ਪਾਣੀ ਉਹ ਦਿੰਦੇ ਸਨ ਅਤੇ ਮੈਂ ਸਾਰੇ ਰੋਟੀ ਪਾਣੀ ਦੇ ਝੰਜਟ ਤੋਂ ਮੁਕਤ ਹੋ ਗਿਆ।
ਪਹਿਲੀ ਜਮਾਤ ਵਿਚ 54 ਬੱਚੇ ਸਨ, ਉਹ ਮੇਰੇ ਹਿੱਸੇ ਆਏ। ਫਿਰ ਕੁਝ ਦਿਨਾਂ ਬਾਅਦ ਮੇਰੀ ਰਿਹਾਇਸ਼ ਕਿਸੇ ਹੋਰ ਘਰ ਦੇ ਚੁਬਾਰੇ ‘ਚ ਹੋ ਗਈ। ਲੋਕੀਂ ਮੈਨੂੰ ਮੇਰਾ ਰੰਗ ਚਿਹਰਾ-ਮੋਹਰਾ ਦੇਖ ਕੇ ਕਹਿੰਦੇ, “ਤੂੰ ਤਾਂ ਜੱਟਾਂ ਦਾ ਮੁੰਡਾ ਲਗਦੈਂ।” ਪਰ ਮੈਂ ਆਪਣੀ ਜਾਤ ਨਹੀਂ ਲੁਕਾਈ। ਜੇ ਮੈਂ ਜਾਤ ਲੁਕਾਉਂਦਾ ਤਾਂ ਮਗਰੋਂ ਝੂਠਾ ਪੈਂਦਾ।
ਉਨ੍ਹਾਂ ਦੇ ਰਹਿਣ-ਸਹਿਣ ਅਤੇ ਬੋਲੀ ਬਾਰੇ ਹੌਲੀ-ਹੌਲੀ ਪਤਾ ਲੱਗਣ ਲੱਗਾ। ਜ਼ਨਾਨੀਆਂ ਜਦੋਂ ਬੋਲਦੀਆਂ ਤਾਂ ਨਾਲ ਹੀ ਕਹਿੰਦੀਆਂ “ਲਾਲ ਰੀ।” ਅਰਬੀਆਂ ਨੂੰ ਗਾਗਟੀਆਂ ਕਹਿੰਦੀਆਂ। ਜਵਾਨ ਜਹਾਨ ਮੁਟਿਆਰ ਕੁੜੀ ਨੂੰ ਉਹ ‘ਬੋਬੋ’ ਕਹਿੰਦੇ। ਮਾਲਵੇ ‘ਚ ਬੋਬੋ ਜਾਂ ਬੋਬੀ ਬਜ਼ੁਰਗ ਔਰਤ ਨੂੰ ਕਹਿੰਦੇ ਸਨ।
ਪਿੰਡ ਦੇ ਪੂਰਬ ਵੱਲ ਥੋੜ੍ਹੀ ਕੁ ਦੂਰ ਘੱਗਰ ਦਰਿਆ ਵਹਿੰਦਾ ਹੈ ਜੋ ਬਰਸਾਤਾਂ ਵਿਚ ਬੜਾ ਸ਼ੂਕਦਾ ਸੀ। ਇਸ ਨੂੰ ਦੇਖ ਕੇ ਡਰ ਲੱਗਦਾ ਸੀ। ਕਿਨਾਰੇ ‘ਤੇ ਕਿਧਰੇ-ਕਿਧਰੇ ਸਰਕੜੇ ਦੇ ਕਾਨੇ ਖੜ੍ਹੇ ਸਨ। ਬੋਲੀ ਬੜੀ ਅਜੀਬ ਲੱਗਣੀ: “ਕਾ ਕਰੇਗਾ ਘੁਲਾੜੀ ਪਰ ਜਾ ਕੇ ਹੁੱਕੀ ਥਾਰੀ ਇੱਖ ਮਾ ਪੜੀ।” ਬੋਲਣ ਵੇਲੇ ਮ੍ਹਾਰੇ, ਥ੍ਹਾਰੇ ਬੜਾ ਕਰਨ। ਉੱਥੋਂ ਦੀ ਮਿੱਟੀ ਵੀ ਬੜੀ ਤਿਲ੍ਹਕਵੀਂ ਸੀ। ਜੇ ਥੋੜ੍ਹਾ ਜਿਹਾ ਮੀਂਹ ਪੈ ਜਾਂਦਾ ਤਾਂ ਬੜੀ ਔਖਿਆਈ ਹੁੰਦੀ। ਸਾਈਕਲ ਦੇ ਮਡਗਾਰਡਾਂ ‘ਚ ਗਾਰਾ ਫਸ ਜਾਣਾ। ਸਾਈਕਲ ਦੇ ਪਹੀਏ ਜਾਮ ਹੋ ਜਾਣੇ ਤਾਂ ਮਜਬੂਰਨ ਸਾਈਕਲ ਉੱਥੇ ਹੀ ਛੱਡ ਕੇ ਆਉਣਾ ਪੈਂਦਾ। ਬੱਚੇ ਹੀ ਫਿਰ ਸਾਈਕਲ ਚੁੱਕ ਕੇ ਲਿਆਉਂਦੇ, ਪਹੀਏ ਸਾਫ਼ ਕਰਦੇ। ਪਿੰਡ ਵਿਚ ਉਨ੍ਹਾਂ ਦਿਨਾਂ ‘ਚ ਕੋਈ ਦੁੱਧ ਨਹੀਂ ਵੇਚਦਾ ਸੀ।
ਨੂੰਨਗਰਾਂ ਦੀ ਜਾਤ ਮੈਂ ਇਸ ਪਿੰਡ ਵਿਚ ਦੇਖੀ। ਇਸ ਤੋਂ ਬਿਨਾਂ ਹਰੀਜਨਾਂ ਤੋਂ ਬਣੇ ਇਸਾਈ ਲੋਕ ਵੀ ਰਹਿੰਦੇ ਸਨ। ਕਈਆਂ ਦਾ ਨਾਂ ਬਾਬੂ ਮਸੀਹ ਸੀ। ਪਿੰਡ ਵਿਚ ਸਰਪੰਚ ਸੀ ਮੋਤੀ ਲਾਲ ਜੋ ਖੱਦਰਧਾਰੀ ਸੀ ਅਤੇ ਨਹਿਰੂ ਟੋਪੀ ਪਹਿਨਦਾ ਸੀ, ਥੋੜ੍ਹੀ ਬਹੁਤ ਵੈਦਗੀ ਵੀ ਜਾਣਦਾ ਸੀ। ਇੱਕ ਮੰਦਰ ਸੀ ਜਿਸ ਨੂੰ ਲੋਕ ‘ਮਾਲ੍ਹਦਾ’ ਕਹਿੰਦੇ ਸੀ। ਲੋਕ ਖੂਹਾਂ ਤੋਂ ਪਾਣੀ ਭਰਦੇ ਸਨ। ਕਿਸੇ-ਕਿਸੇ ਘਰ ਨਲਕਾ ਲੱਗਿਆ ਹੋਇਆ ਸੀ। ਕਈ ਜਾਤਾਂ ਦੇ ਲੋਕ ਰਹਿੰਦੇ ਸਨ। ਕੁਝ ਘਰ ਮੁਸਲਮਾਨਾਂ ਦੇ ਵੀ ਸਨ। ਪਿੰਡ ਦੇ ਨੇੜੇ ਨਥਾਣਾ ਸਾਹਿਬ, ਲੋਹੜੀ ਮਾਘੀ ਨੂੰ ਹਰ ਸਾਲ ਮੇਲਾ ਭਰਦਾ ਸੀ। ਲੋਕੀਂ ਦੂਰੋਂ-ਦੂਰੋਂ ਦੇਖਣ ਲਈ ਆਉਂਦੇ। ਮੇਲੇ ਵਾਲਾ ਰੰਗ ਬੱਝ ਜਾਂਦਾ ਸੀ। ਇਸ ਇਲਾਕੇ ਦਾ ਇਹ ਬਹੁਤ ਮਸ਼ਹੂਰ ਮੇਲਾ ਸੀ। ਘੱਗਰ ਤੋਂ ਪਾਰ ਰਾਮਪੁਰ ਚਮਾਰੂ ਤੋਂ ਅੱਗੇ ਕਪੂਰੀ ਨਾਂ ਦੇ ਪਿੰਡ ਵਿਚ ਮਾਤਾ ਰਾਣੀ ਦੇ ਥਾਨਾਂ ‘ਤੇ ਬੜਾ ਵੱਡਾ ਮੇਲਾ ਭਰਦਾ ਸੀ। ਉੱਥੇ ਬਹੁਤ ਰੌਣਕ ਹੁੰਦੀ ਸੀ। ਬਹੁਤ ਲੋਕ ਦੇਖਣ ਲਈ ਜਾਂਦੇ ਸੀ। ਮੈਂ ਉੱਥੋਂ ਉਰਦੂ ਦਾ ਕਾਇਦਾ ਲੈ ਕੇ ਮਾਸਟਰ ਜੀ ਤੋਂ ਉਰਦੂ ਸਿੱਖਣਾ ਸ਼ੁਰੂ ਕੀਤਾ। ਸਕੂਲ ‘ਚ ਮੇਰੇ ਨਾਲੋਂ ਵੀ ਵੱਡੇ-ਵੱਡੇ ਮੁੰਡੇ ਪੜ੍ਹਦੇ ਸਨ।
ਇੱਕ ਹਾਕਮ ਦਾ ਬੱਚਾ ਪਹਿਲੀ ‘ਚ ਮੇਰੇ ਕੋਲ ਪੜ੍ਹਦਾ ਸੀ। ਇੱਕ ਦਿਨ ਉਹ ਆਪਣੀ ਮਾਂ ਨੂੰ ਲੈ ਕੇ ਮੇਰੇ ਕੋਲ ਆਇਆ। ਮੈਂ ਪੁੁੱਛਿਆ, “ਕੀ ਗੱਲ?” ਉਹ ਕਹਿੰਦੀ, “ਇਹ ਰੋਂਦਾ ਰਹਿੰਦਾ।” ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਕੌਣ ਮਾਰਦਾ? ਉਹ ਕਹਿੰਦਾ, “ਤੌਂ ਮਾਰਾ” ਤਾਂ ਉਸ ਦੀ ਮਾਂ ਮੁਸਕੜੀਏਂ ਹੱਸਣ ਲੱਗ ਪਈ। ਮੈਂ ਕਿਹਾ, “ਪੜ੍ਹਾਈ ਵੇਲੇ ਥੋੜ੍ਹਾ ਬਹੁਤ ਘੂਰਨਾ ਤਾਂ ਪੈਂਦਾ ਹੀ ਹੈ।”
ਪਿੰਡਾਂ ਵਿਚ ਕੁੜੀਆਂ ਦਾ ਮੁੰਡਾ ਬਣ ਕੇ ਅਤੇ ਔਰਤਾਂ ਦਾ ਮਰਦ ਬਣ ਕੇ ਰਹਿਣਾ ਉੱਥੋਂ ਦਾ ਵਰਤਾਰਾ ਸੀ। ਪੰਡਤਾਂ ਦੀ ਸਵਰਨਾ ਦੇਵੀ ਨਾਂ ਦੀ ਕੁੜੀ ਸਾਡੇ ਕੋਲ ਤੀਜੀ ਵਿਚ ਪੜ੍ਹਦੀ ਸੀ ਜੋ ਕੱਦ ਕਾਠ ਦੀ ਤਕੜੀ, ਭਾਰੇ ਜਿਸਮ ਵਾਲੀ ਸੀ। ਉਹ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਅਤੇ ਸਿਰ ‘ਤੇ ਪੱਗ ਵੀ ਬੰਨ੍ਹਦੀ ਸੀ। ਇਸੇ ਤਰ੍ਹਾਂ ਮਿੱਸੀ ਨਾਂ ਦੀ ਜ਼ਨਾਨੀ ਸੀ ਜੋ ਮਰਦਾਂ ਵਾਲੇ ਕੱਪੜੇ ਪਹਿਨਦੀ, ਪੋਥਾ ਬਾਕਾਇਦਾ ਲਾਉਂਦੀ ਅਤੇ ਹੱਥ ‘ਚ ਡਾਂਗ ਰੱਖਦੀ ਸੀ। ਬੰਦਿਆਂ ਨਾਲ ਸ਼ਹਿਰ ਵਗੈਰਾ ਜਾਂਦੀ ਰਹਿੰਦੀ ਸੀ ਤੇ ਖੇਤੀ ਵੀ ਕਰਾਉਂਦੀ ਸੀ।
ਪਿੰਡ ਵਿਚ ਜ਼ੈਲਦਾਰਾਂ ਦਾ ਘਰ ਸੀ। ਉਨ੍ਹਾਂ ਦਾ ਬਿੰਨੂੂ ਨਾਂ ਦਾ ਬੱਚਾ ਸਕੂਲ ਪੜ੍ਹਦਾ ਸੀ। ਲਾਜ਼ਮੀ ਸਿੱਖਿਆ ਕਾਰਨ ਬੱਚੇ ਰਾਤ ਨੂੰ ਵੀ ਪੜ੍ਹਨ ਆ ਜਾਂਦੇ। ਲੋਕਾਂ ਤੇ ਬੱਚਿਆਂ ਵਿਚ ਸਿੱਖਿਆ ਲਈ ਬੜਾ ਜੋਸ਼ ਸੀ। ਵੱਡੀਆਂ-ਵੱਡੀਆਂ ਕੁੜੀਆਂ ਵੀ ਪੜ੍ਹਨ ਨੂੰ ਆ ਜਾਂਦੀਆਂ ਸਨ। ਇੱਕ ਵਾਰ ਵਾਰਸ ਨਾ ਹੋਣ ਕਾਰਨ ਪਿੰਡ ਦੀ ਜ਼ਮੀਨ ਇੱਕ ਰਿਸ਼ਤੇਦਾਰ ਦੇ ਨਾਂ ‘ਤੇ ਹੋ ਗਈ। ਮੌਕਾ ਪਾ ਕੇ ਸ਼ਰੀਕ ਦੇ ਬੰਦਿਆਂ ਨੇ ਉਸ ਨੂੰ ਬਹੁਤ ਕੁੱਟਿਆ, ਜ਼ਖ਼ਮੀ ਕਰ ਦਿੱਤਾ, ਫਿਰ ਕੇਸ ਚਲਦਾ ਰਿਹਾ।
ਉੱਥੇ ਪਿੰਡਾਂ ਵਿਚ ਰਾਤ ਨੂੰ ਅਖਾੜੇ ਲੱਗਦੇ ਸਨ। ਇੱਕ ਵਾਰ ਮ੍ਹਾਰੀਆਂ, ਹਰਪਾਲਾਂ ਘੱਗਰ ਤੋਂ ਪਾਰ ਅਖਾੜਾ ਲੱਗਿਆ। ਉਹ ਪੁਆਧੀ ਗੀਤ ਗਾਉਂਦੇ। ਮਰਦ, ਔਰਤਾਂ ਵਾਲੇ ਕੱਪੜੇ ਪਾ ਕੇ ਨੱਚਦੇ ਟੱਪਦੇ ਤੇ ਗਾਉਂਦੇ, ਖ਼ੂਬ ਮਟਕਦੇ, ਅੱਖ ਮਟੱਕਾ ਲਾਉਂਦੇ। ਲੋਕੀਂ ਖ਼ੁਸ਼ ਹੋ ਕੇ ਨਚਾਰਾਂ ਤੋਂ ਨੋਟ ਵਾਰਦੇ। ਉਨ੍ਹਾਂ ਜ਼ਮਾਨਿਆਂ ‘ਚ ਬਿਜਲੀ ਨਹੀਂ ਸੀ ਹੁੰਦੀ। ਇੱਕ ਬੰਦਾ ਬੋਤਲ ‘ਚ ਮਿੱਟੀ ਦਾ ਤੇਲ ਪਾ ਕੇ ਰੂੰਈ ਬੱਤੀ ਜਲਾ ਕੇ ਨਚਾਰਾਂ ਦੇ ਮੂੰਹ ‘ਤੇ ਕਰੀ ਰੱਖਦਾ। ਉਹ ਨਚਾਰ ਸੁਰਖੀ ਬਿੰਦੀ ਲਾ ਕੇ ਮਟਕਦਿਆਂ ਲੋਕਾਂ ਨੂੰ ਬਹੁਤ ਖ਼ੁਸ਼ ਕਰਦੇ।
ਇੱਕ ਵਾਰ ਕਾਮੀ ਪਿੰਡ ਵਿਚ ਫਕੀਰੀਏ ਦਾ ਗਾਉਣ ਦਾ ਅਖਾੜਾ ਲੱਗਿਆ। ਖੂਹ ਦੇ ਆਲੇ-ਦੁਆਲੇ ਲੋਕ ਇਕੱਠੇ ਹੋ ਗਏ। ਔਰਤਾਂ ਘਰਾਂ ਦੇ ਬਨੇਰਿਆਂ ‘ਤੇ ਬੈਠ ਗਈਆਂ। ਰੌਸ਼ਨੀ ਕਰਨ ਵਾਲਾ ਮਿੱਟੀ ਦੇ ਤੇਲ ਦੀ ਬੋਤਲ, ਰੌਸ਼ਨੀ ਲਈ, ਤਿਆਰ ਕਰ ਕੇ ਤਿਆਰ-ਬਰ-ਤਿਆਰ ਸੀ। ਫਕੀਰੀਏ ਨੇ ਦਾਹੂਦ ਬਾਦਸ਼ਾਹ ਦਾ ਕਿੱਸਾ ਸੁਣਾਇਆ। ਲੋਕਾਂ ਪੂਰਨ ਭਗਤ ਦੇ ਕਿੱਸੇ ਦੀ ਫਰਮਾਇਸ਼ ਕੀਤੀ। ਉਸ ਨੇ ਪੂਰੇ ਵੇਰਵੇ ਨਾਲ ਸਾਖੀ ਸੁਣਾ ਕੇ, ਲੈਅ ਨਾਲ ਗਾਈ। ਦੇਰ ਰਾਤ ਤੱਕ ਪੂਰੀ ਰੌਣਕ ਲੱਗੀ ਰਹੀ। ਲੋਕਾਂ ਨੇ ਉਸ ਨੂੰ ਇਨਾਮ ਅਤੇ ਸੀਧਾ ਇਕੱਠਾ ਕਰ ਕੇ ਦਿੱਤਾ। ਉਨ੍ਹਾਂ ਵਕਤਾਂ ‘ਚ ਲੋਕੀਂ ਇਸ ਤਰ੍ਹਾਂ ਆਪਣਾ ਮਨੋਰੰਜਨ ਕਰਦੇ ਸਨ।
ਗਰਮੀਆਂ ‘ਚ ਹਨੇਰੀਆਂ ਵੀ ਵੱਖ ਹੀ ਤਰ੍ਹਾਂ ਦੀਆਂ ਆਉਂਦੀਆਂ ਸਨ। ਸਿਖਰ ਦੁਪਹਿਰੇ ਧੂੜ ਅਸਮਾਨ ‘ਚ ਉੱਡਦੀ, ਅੰਧ ਗ਼ੁਬਾਰ ਹੋ ਜਾਂਦਾ, ਜੋ ਇੰਨਾ ਵਧ ਹੁੰਦਾ ਕਿ ਸਿਖਰ ਦੁਪਹਿਰੇ ਰਾਤ ਹੋ ਜਾਂਦੀ, ਪੂਰੀ ਰਾਤ ਬਣ ਜਾਂਦੀ। ਦੁਪਹਿਰ ਨੂੰ ਸੁੱਤੇ ਲੋਕੀਂ ਜਾਗ ਜਾਂਦੇ। ਘਰਾਂ ਦੇ ਤਾਕੀਆਂ, ਦਰ ਬੰਦ ਕਰਦੇ ਤਾਂ ਕਿ ਧੂੜ ਗ਼ੁਬਾਰ ਘਰਾਂ ‘ਚ ਦਾਖਲ ਨਾ ਹੋ ਜਾਏ। ਰੇਤ ਦੇ ਵਾਅ-ਵਰੋਲੇ ਉੱਡਦੇ ਰਹਿੰਦੇ। ਹੌਲੀ-ਹੌਲੀ ਘੁੰਮਦੇ-ਘੁੰਮਦੇ ਹਵਾ ‘ਚੋਂ ਉਨ੍ਹਾਂ ਦੀ ਹੋਂਦ ਹਵਾ ਹੋ ਜਾਂਦੀ। ਕੁਦਰਤ ਦਾ ਕਹਿਰ ਹੌਲੀ-ਹੌਲੀ ਸ਼ਾਂਤ ਹੁੰਦਾ ਤਾਂ ਲੋਕਾਈ ਸੁਖ ਦਾ ਸਾਹ ਲੈਂਦੀ।
ਉਸ ਇਲਾਕੇ ‘ਚ ਖੇਤੀ ਲਗਭਗ ਮਾਰੂ ਹੀ ਸੀ। ਪਿੰਡ ਦੇ ਪੂਰਬ ਵਾਲੇ ਪਾਸੇ ਇੱਕ ਟਿੰਡਾਂ ਵਾਲਾ ਖੂਹ ਚਲਦਾ ਹੁੰਦਾ ਸੀ। ਮੈਂ ਨਹਿਰਾਂ, ਸੂਇਆਂ ਵਾਲੇ ਇਲਾਕੇ ਤੋਂ ਆਇਆ ਸਾਂ ਪਰ ਇੱਥੇ ਇੱਕੋ ਇੱਕ ਖੂਹ ਖੇਤਾਂ ਵਿਚ ਚਲਦਾ ਰਹਿੰਦਾ ਸੀ। ਹਾਂ, ਲੋਕ ਘੱਗਰ ‘ਚੋਂ ਜ਼ਰੂਰ ਇਕੱਠਾ ਹੋਇਆ ਪਾਣੀ ਖੇਤਾਂ ਨੂੰ ਲਾ ਲੈਂਦੇ। ਪਾਣੀ ਸਾਫ਼ ਹੁੰਦਾ ਸੀ ਜਿਸ ਨਾਲ ਲੋਕ ਖੇਤਾਂ ਨੂੰ ਲੋੜ ਮੁਤਾਬਿਕ ਸਿੰਜ ਲੈਂਦੇ। ਬੜੀ ਸ਼ਾਂਤਮਈ ਜ਼ਿੰਦਗੀ ਸੀ। ਪਿੰਡ ਦੀ ਸਾਂਝ ਬੜੀ ਪੀਢੀ ਸੀ। ਵਿਆਹ ਸ਼ਾਦੀ ‘ਚ ਲੋਕ ਮਿਲ ਕੇ ਸਹਾਇਤਾ ਕਰਦੇ। ਮੈਂ ਬੜੇ ਵਧੀਆ ਯਾਦਗਾਰੀ ਦਿਨ ਉੱਥੇ ਬਿਤਾਏ। ਸਕੂਲ ‘ਚ ਮੈਂ ਮਾਸਟਰ ਜੀ ਤੋਂ ਉਰਦੂ ਸਿੱਖਦਾ ਅਤੇ ਅਖੀਰ ਮੈਂ ਪੰਜਾਬ ਯੂਨੀਵਰਸਿਟੀ ਦੀ ਉਰਦੂ ਦੀ ਦਸਵੀਂ ਪਾਸ ਕੀਤੀ। ਸ਼ਾਮ ਨੂੰ ਸ਼ਾਸਤਰੀ ਜੀ ਤੋਂ ਸੰਸਕ੍ਰਿਤ ਸਿੱਖਦਾ। ਹੁਣ ਵੀ ਉਹ ਦਿਨ ਬਹੁਤ ਯਾਦ ਆਉਂਦੇ ਹਨ ਅਤੇ ਜਦੋਂ ਵਕਤ ਮਿਲਦਾ ਹੈ ਤਾਂ ਉਸ ਪਿੰਡ ‘ਚ ਆਪਣੇ ਪੜ੍ਹਾਏ ਬੱਚਿਆਂ ਨੂੰ ਮਿਲ ਆਉਂਦਾ ਹਾਂ।
ਇੱਕ ਵਾਰ ਸਤੰਬਰ 1962 ‘ਚ ਤਿੰਨ ਦਿਨ ਲਗਾਤਾਰ ਇੰਨੀ ਬਾਰਸ਼ ਹੋਈ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ। ਘੱਗਰ ਵੀ ਉੱਛਲ ਕੇ ਜਲ-ਥਲ ਹੋ ਗਿਆ। ਕੋਠਿਆਂ ‘ਤੇ ਚੜ੍ਹ ਕੇ ਲੋਕ ਦੇਖ ਰਹੇ ਸਨ, ਚਾਰੋਂ ਪਾਸੇ ਪਾਣੀ ਹੀ ਪਾਣੀ ਘੁੰਮ ਰਿਹਾ ਸੀ। ਨਰਵਾਣਾ ਨਹਿਰ ਦੇ ਕਿਨਾਰੇ ਵੀ ਟੁੱਟ ਗਏ ਸਨ। ਕੁਝ ਕਿਨਾਰੇ ਲੋਕਾਂ ਨੇ ਪਾਣੀ ਕੱਢਣ ਲਈ ਵੱਢ ਦਿੱਤੇ ਸਨ। ਚਾਰੇ ਪਾਸੇ ਹਾਹਾਕਾਰ ਮੱਚ ਰਹੀ ਸੀ। ਲੰਡੀ ਬਰਸਾਤੀ ਦਰਿਆ ਵੀ ਪੁਲ ਤੋਂ ਉੱਪਰ ਦੀ ਵਗ ਰਿਹਾ ਸੀ। ਉਸ ਵਿਚ ਵੀ ਹੜ੍ਹ ਆਇਆ ਹੋਇਆ ਸੀ। ਲੋਕਾਂ ਦੇ ਕੱਚੇ ਘਰ ਡਿੱਗ ਰਹੇ ਸਨ। ਕਮਜ਼ੋਰ ਛੱਤਾਂ ਬਹੁਤ ਚੋਅ ਰਹੀਆਂ ਸਨ।