ਕਵਿਤਾ ਅਤੇ ਮੇਰਾ ਸਫ਼ਰ

ਪ੍ਰਭਸ਼ਰਨਦੀਪ ਸਿੰਘ
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੇਸ ਨਿਕਾਲ਼ੇ ਦੇ ਅਨੁਭਵ ਦੇ ਗਿਰਦ ਉਪਜੀਆਂ ਹਨ। ਮੈਂ ਸਾਲ ਸਾਲ 2000 ਵਿਚ ਦੇਸ-ਬਦਰ ਹੋਇਆ। ਪਰ ਇਹ ਘੜੀ ਮੇਰੇ ਦੇਸ ਨਿਕਾਲ਼ੇ ਦੀ ਸ਼ੁਰੂਆਤ ਨਹੀਂ ਸੀ। ਦੇਸ ਨਿਕਾਲ਼ੇ ਦੇ ਖਿਣ ਦੀ ਸ਼ੁਰੂਆਤ ਆਪਣੀ ਧਰਤੀ ’ਤੇ ਬਿਗਾਨੇ ਬਣ ਕੇ ਜਿਊਣ ਦੀ ਮਜਬੂਰੀ ਦੇ ਅਹਿਸਾਸ ਵਿਚ ਪਈ ਸੀ। ਇਹ ਸਿੱਖਾਂ ਦੀ ਹੋਣੀ ਸੀ ਜੋ ਅਸੀਂ ਵਿਰਾਸਤ ਵਿਚ ਹਾਸਲ ਕੀਤੀ ਸੀ। ਪਹਿਲੀਆਂ ਪੀੜ੍ਹੀਆਂ ਦੇ ਸਦਮਿਆਂ ਨਾਲ਼ ਪਰੁੰਨ੍ਹੇ ਅਵਚੇਤਨ ਨੂੰ ਲੈ, ਮੇਰੀ ਪੀੜ੍ਹੀ ਦੇ ਸਿੱਖ ਜਬਰ ਦੇ ਨਵੇਂ ਦੌਰ ਨੂੰ ਹੰਢਾਅ ਰਹੇ ਸਨ। ਬੇਪਤੀ ਅਤੇ ਨਸਲਕੁਸ਼ੀ ਦਾ ਦਰਦ ਇਕੱਲ ਦੀ ਹੌਲਨਾਕ ਚੁੱਪ ਵਿਚ ਪਲਟ ਰਿਹਾ ਸੀ। ਇਕੱਲ ਉਨ੍ਹਾਂ ਭਰੇ ਮੇਲਿਆਂ ਦੀਆਂ ਯਾਦਾਂ ਵਿਚ ਵੱਸ ਗਏ ਤੱਤ ਦਾ ਬੋਧ ਕਰਵਾ ਰਹੀ ਸੀ ਜਿਨ੍ਹਾਂ ਦੀ ਰੌਣਕ ਨੂੰ ਕਾਲ਼ ਦੀਆਂ ਜੁਗ-ਗਰਦੀਆਂ ਖਾ ਗਈਆਂ ਸਨ। ਅਜਿਹਾ ਵਿਸਮਾਦੀ ਅਨੁਭਵ ਕਵਿਤਾ ਦਾ ਉਦੇ-ਖਿਣ ਸੀ। ਕਵਿਤਾ ਕਰਮ ਤੇ ਸ਼ਬਦ ਦੋਹਾਂ ਵਿਚ ਸਦੀਆਂ ਤੋਂ ਸੁੱਤੇ ਨਿਰਮਲ ਚਸ਼ਮੇ ਵਾਂਗ ਫੁੱਟ ਰਹੀ ਸੀ।

ਕਵਿਤਾ ਦੇ ਇਨ੍ਹਾਂ ਨਿਰਮਲ ਚਸ਼ਮਿਆਂ ਦਾ ਵਹਾਅ ਵਿਘਨ ਰਹਿਤ ਨਹੀਂ ਸੀ। ਸਗੋਂ ਇਨ੍ਹਾਂ ਦਾ ਸੁਹੱਪਣ ਹੀ ਇਹ ਸੀ ਕਿ ਇਹ ਕਾਲ਼ ਦੇ ਵਿਘਨਕਾਰੀ ਅਮਲਾਂ ਦੇ ਨਾਲ਼ ਹੀ ਚੱਲ ਰਹੇ ਸਨ। ਕਾਲ਼ ਦਾ ਅਮਲ ਕਾਵਿਕ ਵੇਗਾਂ ਮੂਹਰੇ ਸਿਰਫ਼ ਰੋਕਾਂ ਨਹੀਂ ਖੜ੍ਹੀਆਂ ਕਰ ਰਿਹਾ ਸੀ। ਕਾਲ਼ ਦੇ ਤਰਕ ਦੀ ਸਿਧਾਈ ਜ਼ਿੰਦਗੀ ਦੀ ਬਹੁਤ ਸਾਰੀ ਰਹਿੰਦ-ਖੂੰਹਦ ਕਾਵਿਕ ਚਸ਼ਮਿਆਂ ਦੇ ਵਹਾਅ ਵਿਚ ਰਲ਼ਣ ਨੂੰ ਅਹੁਲ਼ ਰਹੀ ਸੀ। ਇਹ ਕਾਲ਼ ਦੇ ਸਿਰਜੇ ਬਿਰਤਾਂਤ ਸਨ ਜੋ ਜੀਵਨ ਦੇ ਹਰ ਅਮਲ, ਖ਼ਾਸ ਤੌਰ ’ਤੇ ਆਪਣੇ ਆਜ਼ਾਦ ਪਸਾਰ ਸਿਰਜਦੀ ਕਵਿਤਾ ਨੂੰ ਅੰਦਰੋਂ ਰੂਪਾਂਤਰਿਤ ਕਰਨਾ ਚਾਹੁੰਦੇ ਸਨ। ਇਨ੍ਹਾਂ ਬਿਰਤਾਂਤਾਂ ਵਿਚੋਂ ਇਕ ਮਾਰਕਸਵਾਦ ਸੀ ਜਿਸ ਦਾ ਸਾਹਿਤ ਸਿਰਜਣਾ ’ਤੇ ਸਿੱਧਾ ਨਿਸ਼ਾਨਾ ਸੀ। ਅਗਲੇ ਸਫ਼ਿਆਂ ਵਿਚ ਮੈਂ ਪੰਜਾਬ ਦੇ ਮਾਰਕਸਵਾਦੀ ਸੱਭਿਆਚਾਰ ਨਾਲ਼ ਆਪਣੇ ਅਨੁਭਵ ਦੇ ਵੇਰਵੇ ਸਾਂਝੇ ਕਰਾਂਗਾ। ਮੈਂ ਮਾਰਕਸਵਾਦੀ ਸਿਧਾਂਤਕਾਰੀ ਵਿਚੋਂ ਪੈਦਾ ਹੋਏ ਸਾਹਿਤਕ ਸੱਭਿਆਚਾਰ ਦੀ ਪੰਜਾਬ ਵਿਚਲੀ ਵੰਨਗੀ ਨਾਲ਼ ਪਏ ਵਾਹ ਦੀ ਗੱਲ ਕਰਨੀ ਹੈ। ਇਹ ਮੇਰਾ ਜੀਵੰਤ ਅਨੁਭਵ ਹੈ ਜਿਸ ਦਾ ਮੇਰੇ ਲੇਖਣੀ ਦੇ ਸਫ਼ਰ ਨਾਲ਼ ਸਿੱਧਾ ਸਬੰਧ ਹੈ।
ਮੈਂ ਅੱਸੀਵਿਆਂ ਦੇ ਮਗਰਲੇ ਅੱਧ ਵਿਚ ਲਿਖਣਾ ਸ਼ੁਰੂ ਕੀਤਾ। ਜੂਨ 1984 ਵਿਚ ਹਿੰਦੁਸਤਾਨੀ ਹਕੂਮਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਨੇਕ ਹੋਰ ਗੁਰਧਾਮਾਂ ’ਤੇ ਫ਼ੌਜੀ ਹਮਲਾ ਕਰ ਚੁੱਕੀ ਸੀ। ਪੰਜਾਬ ਤੇ ਭਾਰਤ ਵਿਚ, ਕੁਝ ਕੁ ਮਹੀਨਿਆਂ ਦੇ ਵਕਫ਼ੇ ਵਿਚ, ਸਿੱਖਾਂ ਦੀ ਨਸਲਕੁਸ਼ੀ ਦੇ ਤਿੰਨ ਵੱਡੇ ਕਹਿਰ ਹੋ ਗੁਜ਼ਰੇ ਸਨ। ਨਸਲਕੁਸ਼ੀਆਂ ਤੋਂ ਬਾਅਦ ਸਿੱਖਾਂ ਖ਼ਿਲਾਫ਼ ਬਿਰਤਾਂਤਿਕ ਹਿੰਸਾ ਦਾ ਨਵਾਂ ਦੌਰ ਬਹੁਤ ਜ਼ੋਰ ਨਾਲ਼ ਸ਼ੁਰੂ ਹੋਇਆ। ਹਿੰਦੂ ਰਾਸ਼ਟਰਵਾਦੀ ਸਿੱਖਾਂ ਦੀ ਹੋਂਦ ਨੂੰ ਮੇਸਣ ਲਈ ਤਾਹੂ ਸਨ। ਹਿੰਦੂਆਂ ਨੂੰ ਲੱਗਦਾ ਸੀ ਉਨ੍ਹਾਂ ਦਾ ਸਮਾਂ ਆ ਗਿਆ ਸੀ। ਅਸਲ ਵਿਚ ਹਿੰਦੂ ਆਧੁਨਿਕਵਾਦ ਦੇ ਸਿਰਜੇ ਕਾਲ਼-ਅਮਲ ਵਿਚ ਪ੍ਰਵੇਸ਼ ਕਰ ਚੁੱਕੇ ਸਨ। ਹਿੰਦੂਆਂ ਨੂੰ ਇਸ ਗੱਲ ਦੀ ਸਮਝ ਸੀ ਕਿ ਜੇ ਸਿੱਖ ਸਿੱਖੀ ਨਾਲ਼ ਜੁੜੇ ਰਹਿਣਗੇ ਤਾਂ ਉਹ ਆਧੁਨਿਕ-ਸੈਕੂਲਰ ਕਾਲ਼ ਨਾਲ਼ ਟਕਰਾਅ ਵਿਚ ਹੀ ਰਹਿਣਗੇ। ਮਨੁੱਖੀ ਅੰਤਰਮੁਖਤਾ ’ਤੇ ਆਧੁਨਿਕਵਾਦੀ ਹਿੰਸਾ ਨਾਲ਼ ਸਿੱਖੀ ਦੇ ਟਕਰਾਅ ਨੂੰ ਸੱਜੇ-ਪੱਖੀ, ਕੇਂਦਰਵਾਦੀ ਤੇ ਖੱਬੇਪੱਖੀ, ਸਾਰੇ ਹਿੰਦੂਆਂ ਨੇ ਰਲ਼ ਕੇ ਆਪਣੇ ਰਾਸ਼ਟਰਵਾਦੀ ਮਨਸੂਬਿਆਂ ਦੇ ਹੱਕ ਵਿਚ ਵਰਤਣ ਦੀ ਕੋਸ਼ਿਸ਼ ਕੀਤੀ। ਹਿੰਦੂ ਵਿਦਵਾਨ, ਅਤੇ ਉਨ੍ਹਾਂ ਦੇ ਪ੍ਰਭਾਵ ਤਹਿਤ ਪੈਦਾ ਹੋਏ ਗ਼ੈਰ-ਹਿੰਦੂ ਹਿੰਦੁਸਤਾਨੀ ਰਾਸ਼ਟਰਵਾਦੀ, ਧਰਮ, ਸਿਆਸਤ, ਸੱਭਿਆਚਾਰ, ਤੇ ਸਾਹਿਤ ਦੀ ਆਪਣੇ ਮਨਸੂਬਿਆਂ ਨੂੰ ਰਾਸ ਆਉਂਦੀ ਵਿਆਖਿਆ ਕਰਨ ਲਈ ਬਿਰਤਾਂਤ ਸਿਰਜ ਰਹੇ ਸਨ। ਇਹ ਬਿਰਤਾਂਤ ਮੁੱਖ ਤੌਰ ’ਤੇ ਇਤਿਹਾਸਕਾਰੀ ’ਤੇ ਨਿਰਭਰ ਸਨ। ਸਿਧਾਂਤਕ ਆਧਾਰ ਲਈ ਇਹ ਬਿਰਤਾਂਤ ਆਧੁਨਿਕਵਾਦ, ਸੈਕੂਲਰਵਾਦ, ਮਨੁੱਖਵਾਦ, ਤੇ ਮਾਰਕਸਵਾਦ ਆਦਿ ਦੀ ਟੇਕ ਲੈਂਦੇ ਸਨ। ਇਸ ਧਿਰ ਦੀ ਇਤਿਹਾਸਕਾਰੀ ਤੱਥਾਂ ਅਤੇ ਅੰਕੜਿਆਂ ਦੀ ਬਹੁਤ ਨਿਰਲੱਜ ਤੋੜ-ਮਰੋੜ ਕਰਦੀ ਸੀ ਤੇ ਇਨ੍ਹਾਂ ਦੀਆਂ ਸਿਧਾਂਤਕ ਦਲੀਲਾਂ ਆਲੋਚਨਾਤਮਕ ਪਹੁੰਚ ਤੋਂ ਵਿਰਵੀਆਂ ਸਨ। ਮਿਸਾਲ ਵਜੋਂ, ਇਸ ਗੱਲ ’ਤੇ ਕੋਈ ਵਿਚਾਰ ਨਹੀਂ ਸੀ ਹੁੰਦੀ ਕਿ ਪੱਛਮੀ ਸਿਧਾਂਤਕ ਚੌਖਟੇ ਆਪਣੇ-ਆਪ ਵਿਚ ਕਿਵੇਂ ਨੁਕਸਦਾਰ ਹਨ ਅਤੇ ਸਿੱਖਾਂ ਦੇ ਸੰਦਰਭ ਵਿਚ ਇਨ੍ਹਾਂ ਨੂੰ ਅੱਖਾਂ ਮੀਟ ਕੇ ਲਾਗੂ ਕਰਨਾ ਵਿਸ਼ਲੇਸ਼ਣ ਦੇ ਸੰਤੁਲਨ ਨੂੰ ਕਿਵੇਂ ਵਿਗਾੜਦਾ ਹੈ। ਹਿੰਦੂ ਰਾਸ਼ਟਰਵਾਦੀ ਅਤੇ ਖੱਬੇਪੱਖੀ ਵਿਦਵਾਨ ਸਰਕਾਰੀ ਅਤੇ ਹਿੰਦੂ ਮੀਡੀਆ ਦੇ ਧੂੰਆਂਧਾਰ ਪ੍ਰਚਾਰ ਲਈ ਸਮੱਗਰੀ ਪੈਦਾ ਕਰਦੇ ਸਨ। ਮੀਡੀਆ ਹਿੰਸਾ ਦੇ ਸ਼ਿਕਾਰ ਸਿੱਖਾਂ ਨੂੰ ਹੀ ਹਿੰਸਾ ਲਈ ਦੋਸ਼ੀ ਬਣਾ ਰਿਹਾ ਸੀ। ਪਰ ਇਹ ਸਭ ਨਿਰਵਿਘਨ ਚੱਲੀ ਜਾ ਰਿਹਾ ਸੀ ਕਿਉਂਕਿ ਹਿੰਦੁਸਤਾਨੀ ਸਥਾਪਤੀ ਨੇ ਘੱਟ-ਗਿਣਤੀ ਸਿੱਖਾਂ ਨੂੰ ਆਪਣੇ ਸਾਧਨਾਂ ਨਾਲ਼ ਬੇਜ਼ਬਾਨ ਬਣਾ ਕੇ ਰੱਖਿਆ ਹੋਇਆ ਸੀ। ਸਾਹਮਣੇ ਦਿਸਦੀ ਸਫਲਤਾ ਦੇ ਗ਼ਰੂਰ ਵਿਚ ਅੰਨ੍ਹਾ ਹਿੰਦੂ ਫ਼ਾਸ਼ੀਵਾਦ ਤਾਂਡਵ ਨਾਚ ਨੱਚਦਾ ਚੜ੍ਹਿਆ ਆ ਰਿਹਾ ਸੀ।
ਹਿੰਦੁਸਤਾਨੀ ਰਾਸ਼ਟਰਵਾਦ ਹਿੰਦੂ ਫ਼ਾਸ਼ੀਵਾਦ ਦਾ ਸੈਕੂਲਰ ਚਿਹਰਾ ਸੀ। ਭਾਰਤ ਹਿੰਦੂਆਂ ਦਾ ਦੇਸ ਸੀ: ਆਧੁਨਿਕ ਕਾਲ਼-ਅਮਲ ਤਹਿਤ ਹੋਂਦ ਵਿਚ ਆਇਆ ਇੱਕ ਆਧੁਨਿਕ ਰਾਸ਼ਟਰ। ਆਧੁਨਿਕ ਕਾਲ਼-ਅਮਲ ਦੀ ਈਨ ਮੰਨਣ ਤੋਂ ਆਕੀ ਸਿੱਖ ਉਕਤ ਹਿੰਦੂ ਰਾਸ਼ਟਰ ਵਿਚ ਰਹਿੰਦੇ ਹੋਏ ਵੀ ਬਾਹਰ ਸਨ। ਹਿੰਦੁਸਤਾਨੀ ਰਾਸ਼ਟਰਵਾਦ ਸਿੱਖਾਂ ਦੇ ਪੇਸ਼ ਪਈ ਓਪਰੀ ਸੱਤਾ ਸੀ ਜਿਸ ਦਾ ਕੁਝ ਸਿੱਖਾਂ ’ਤੇ ਦਬਾਅ ਸੀ। ਇਹ ਦਬਾਅ ਆਧੁਨਿਕ-ਕਾਲ਼ ਦਾ ਵਰਤਾਰਾਮੂਲਕ ਪ੍ਰਗਟਾਵਾ ਸੀ ਜੋ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ। ਅਜਿਹਾ ਦਬਾਅ ਬਣਾ ਕੇ ਤੇ ਉਸ ਨੂੰ ਨਿਰੰਤਰ ਬਰਕਰਾਰ ਰੱਖ ਕੇ ਹਿੰਦੂ ਸਥਾਪਤੀ ਸਿੱਖਾਂ ਨੂੰ ਸੁਨੇਹਾ ਦੇ ਰਹੀ ਸੀ ਕਿ ਬਿਨਾਂ ਕਿਸੇ ਹੀਲ-ਹੁੱਜਤ ਆਧੁਨਿਕਵਾਦੀ ਮਹਾਂਬਿਰਤਾਂਤਾਂ ਦੇ ਭੇਖ ਵਿਚ ਆਏ ਹਿੰਦੂਵਾਦ ਦੀ ਈਨ ਮੰਨੋ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਸਿੱਖਾਂ ਅੰਦਰ ਲਗਾਤਾਰ ਤਿੱਖਾ ਹੁੰਦਾ ਦੇਸ ਨਿਕਾਲ਼ੇ ਦਾ ਅਹਿਸਾਸ ਇਸੇ ਦਬਾਅ ਦੀ ਉਪਜ ਸੀ। ਸਿੱਖਾਂ ਵੱਲੋਂ ਅਜਿਹੀ ਈਨ ਮੰਨਣ ਤੋਂ ਇਨਕਾਰੀ ਹੋਣ ’ਤੇ ਸੱਜੇ-ਪੱਖੀ, ਕੇਂਦਰਵਾਦੀ, ਤੇ ਖੱਬੇਪੱਖੀ ਹਿੰਦੁਸਤਾਨੀ ਰਾਸ਼ਟਰਵਾਦੀ ਹਰ ਕਿਸਮ ਦੇ ਸੰਚਾਰ-ਸਾਧਨਾਂ ਰਾਹੀਂ ਕਾਫ਼ਿਰ-ਕਾਫ਼ਿਰ ਕੂਕ ਰਹੇ ਸਨ। ਹਿੰਦੁਸਤਾਨੀ ਸੰਚਾਰ-ਸਾਧਨਾਂ ਦਾ ਸਿੱਖ-ਵਿਰੋਧੀ ਪ੍ਰਚਾਰ ਹਿੰਦੁਸਤਾਨੀ ਰਾਸ਼ਟਰਵਾਦੀ ਹਿੰਦੂ ਬਹੁਗਿਣਤੀ ਲੋਕਾਂ ਨੂੰ ਸਿੱਖ ਵਿਰੋਧੀ ਹਿੰਸਾ ਵਾਜਬ ਠਹਿਰਾਉਣ ਦੇ ਆਧਾਰ ਮੁਹੱਈਆ ਕਰਵਾਉਂਦਾ ਸੀ। ਬਹੁਗਿਣਤੀ ਹਿੰਦੂਆਂ ਨੇ ਇਸ ਪ੍ਰਚਾਰ ਨੂੰ ਅਣਆਲੋਚਨਾਤਮਕ ਤਰੀਕੇ ਨਾਲ਼ ਸਵੀਕਾਰ ਕਰ ਇਸ ਨੂੰ ਹਾਲਾਤ ਦੀ ਤੱਥ-ਆਧਾਰਿਤ ਪੇਸ਼ਕਾਰੀ ਤਸਲੀਮ ਕਰ ਲਿਆ। ਇਹ ਅਣਦਿਸਦੀ ਹਿੰਸਾ ਸੀ ਜੋ ਦੇਸ ਨਿਕਾਲ਼ੇ ਦਾ ਅਹਿਸਾਸ ਤਿੱਖਾ ਤੇ ਡੂੰਘੇਰਾ ਕਰਦੀ ਸੀ। ਦੇਸ ਨਿਕਾਲ਼ੇ ਦਾ ਅਹਿਸਾਸ ਜਬਰ ਤੇ ਬੇਕਿਰਕੀ ਦੀ ਇੰਤਹਾ ਦਾ ਅਹਿਸਾਸ ਸੀ; ਇਹ ਸਮਾਜਿਕ ਦਬਾਅ ਸੀ ਜੋ ਪਛਾਣ ਦੇ ਕਾਇਨਾਤੀ ਆਧਾਰਾਂ ਦੀ ਦਾਅਵੇਦਾਰੀ ਰੱਖਦਾ ਸੀ। ਇਹ ਹਵਾ ਵਿਚ ਪਸਰਿਆ ਹੋਇਆ ਬੇਗਾਨਗੀ ਦਾ ਅਹਿਸਾਸ ਸੀ ਜੋ ਹਰ ਸਾਹ ਨਾਲ਼ ਅੰਦਰ ਜਾਂਦਾ ਸੀ। ਇਹ ਕਵੀਆਂ ਲਈ ਪਰਖ ਦੀ ਘੜੀ ਸੀ ਕਿ ਉਹ ਸਥਾਪਤ ਸਿਧਾਂਤਕਾਰੀ ਦੇ ਵਾਹਨ ਬਣਦੇ ਸਨ ਜਾਂ ਜੀਵਨ ਨਾਲ਼ ਆਪਣੀ ਪ੍ਰਤੀਬੱਧਤਾ ਨੂੰ ਗੀਤ ਦੀ ਲੈਅ ਵਾਂਗ ਵਹਿੰਦੀ ਰੱਖ ਸਕਦੇ ਸਨ ਜੋ ਧਰਤੀ ਦੇ ਅਣਗੌਲ਼ੇ ਕਿਣਕਿਆਂ ਦੀ ਵੇਦਨਾ ਨੂੰ ਵੀ ਅਜਿਹੀ ਜ਼ੁਬਾਨ ਦੇਵੇ ਜਿਹੜੀ ਅਸਮਾਨਾਂ ਤੋਂ ਪਾਰ ਥਰਥਰਾਹਟਾਂ ਛੇੜਨ ਦੇ ਸਮਰੱਥ ਹੋਵੇ।
ਹਿੰਦੂ ਸਥਾਪਤੀ ਆਧੁਨਿਕ ਕਾਲ਼ ਦੀ ਬਾਂਦੀ ਹੋ ਇਸ ਦੇ ਨਰਸੰਘਾਰੀ ਲੋਹਵਾਹਨਾਂ ’ਤੇ ਸਵਾਰੀ ਕਰ ਰਹੀ ਸੀ। ਹਿੰਦੂ ਸੱਤਾ ਦੇ ਗ਼ਲਬੇ ਤਹਿਤ ਸਿੱਖ ਅਕਾਦਮਿਕ ਅਦਾਰਿਆਂ ਵਿਚ ਹਾਸ਼ੀਏ ’ਤੇ ਸਨ। ਸਿੱਖਾਂ ਕੋਲ਼ ਹਿੰਦੁਸਤਾਨੀ ਸਥਾਪਤੀ ਦੇ ਪ੍ਰਚਾਰ-ਸਾਧਨਾਂ ਦਾ ਮੁਕਾਬਲਾ ਕਰ ਸਕਣ ਵਾਲ਼ਾ ਮੀਡੀਆ ਖੜ੍ਹਾ ਕਰਨ ਜੋਗੇ ਸਰੋਤ ਵੀ ਨਹੀਂ ਸਨ। ਸਾਹਿਤਕ ਅਦਾਰੇ ਗਿਆਨ ਲਈ ਅਕਾਦਮਿਕ ਅਦਾਰਿਆਂ ਅਤੇ ਵਿੱਤੀ ਸਰੋਤਾਂ ਲਈ ਸਰਕਾਰੀ ਵਸੀਲਿਆਂ ’ਤੇ ਨਿਰਭਰ ਸਨ, ਇਸ ਲਈ ਸਿੱਖਾਂ ਦੀ ਪਹੁੰਚ ਤੋਂ ਬਾਹਰ ਸਨ। ਅਕਾਦਮਿਕ ਅਦਾਰੇ ਅਤੇ ਸਰਕਾਰੀ ਵਿੱਤੀ ਸਰੋਤ ਹਿੰਦੂ ਸਥਾਪਤੀ ਦੇ ਕਬਜ਼ੇ ਹੇਠ ਸਨ। ਪੰਜਾਬ ਦੀਆਂ ਖੱਬੇਪੱਖੀ ਧਿਰਾਂ ਹਿੰਦੂ ਸਥਾਪਤੀ ਦੇ ਨਾਲ਼ ਸਨ। ਖੱਬੇਪੱਖੀ ਧਿਰਾਂ ਵੱਲੋਂ ਹਿੰਦੁਸਤਾਨੀ ਰਾਸ਼ਟਰਵਾਦ ਦੀ ਅਧੀਨਗੀ ਵਿਚ ਆ ਜਾਣ ਕਰਕੇ ਹੀ ਹਿੰਦੂ ਸਥਾਪਤੀ ਨੇ ਖੱਬੇਪੱਖੀਆਂ ਨੂੰ ਪੰਜਾਬ ਦੇ ਅਕਾਦਮਿਕ ਅਤੇ ਸਾਹਿਤਕ ਅਦਾਰਿਆਂ ’ਤੇ ਕਾਬਜ਼ ਕਰਵਾਇਆ। ਸਰਕਾਰੀ ਇਨਾਮਾਂ ਰਾਹੀਂ ਮਾਨਤਾ ਹਾਸਲ ਕਰ ਕੇ ਅਨੇਕ ਨਕਦਰੇ ਜਿਹੇ ਖੱਬੇਪੱਖੀ ਲੇਖਕ ਵੱਡੇ ਸਾਹਿਤਕਾਰਾਂ ਵਜੋਂ ਸਥਾਪਿਤ ਹੋਏ। ਸਰਕਾਰੀ ਵਿੱਤੀ ਵਸੀਲਿਆਂ ਦੀ ਰਸਾਈ ਸਦਕਾ ਖੱਬੇਪੱਖੀ ਧਿਰ ਦੀ ਬਿਰਤਾਂਤਕ ਇਜਾਰੇਦਾਰੀ ਹੋਰ ਤਕੜੀ ਹੋਈ। ਹਿੰਦੂ ਸਥਾਪਤੀ ਨੇ ਖੱਬੇਪੱਖੀ ਧਿਰਾਂ ਦੀ ਸਰਗਰਮ ਹਮਾਇਤ ਨਾਲ਼ ਸਿੱਖਾਂ ਦੀਆਂ ਨਵੀਂਆਂ ਪੀੜ੍ਹੀਆਂ ਨੂੰ ਬਿਰਤਾਂਤਕ ਜਾਲ਼ ਵਿਚ ਉਲ਼ਝਾ ਲਿਆ ਸੀ। ਪੰਜਾਬ ਦੇ ਖੱਬੇਪੱਖੀਆਂ ਵਿਚੋਂ ਬਹੁਤੇ ਸਿੱਖ ਹੀ ਸਨ ਜੋ ਹਿੰਦੂ ਸਾਮਰਾਜ ਦੀ ਬਿਰਤਾਂਤਕ ਇਜਾਰੇਦਾਰੀ ਨੂੰ ਆਤਮਸਾਤ ਕਰ ਚੁੱਕੇ ਸਨ। ਅਜਿਹੇ ਸਿੱਖ, ਪਛਾਣ ਦੇ ਸੈਕੂਲਰ-ਸੱਭਿਆਚਾਰਕ ਆਧਾਰ ਨੂੰ ਵਡਿਆਉਂਦੇ ਅਤੇ ਧਾਰਮਿਕ ਆਧਾਰ ਨੂੰ ਛੁਟਿਆਉਂਦੇ ਸਨ। ਇਸ ਸਦਕਾ, ਹਿੰਦੂ ਸਾਮਰਾਜ ਲਈ ਸਿੱਖੀ ਨੂੰ ਸਿੱਖਾਂ ਦੀ ਪਛਾਣ ਦਾ ਆਧਾਰ ਮੰਨਣ ਤੋਂ ਇਨਕਾਰੀ ਹੋਣਾ ਸੌਖਾ ਹੋ ਗਿਆ। ਇਹ ਸਿੱਖ ਪਛਾਣ ਨੂੰ ਮੂਲ਼ੋਂ-ਮੁੱਢੋਂ ਰੱਦ ਕਰਨ ਦੇ ਮਨਸੂਬੇ ਦਾ ਹਿੱਸਾ ਸੀ। ਹਿੰਦੂ ਰਾਸ਼ਟਰਵਾਦੀਆਂ ਅਤੇ ਖੱਬੇਪੱਖੀਆਂ ਦੀ ਇਸ ਸੰਸਥਾਈ ਇਜਾਰੇਦਾਰੀ ਕਰਕੇ ਸਿੱਖੀ ਨਾਲ਼ ਜੁੜੇ ਸਿੱਖਾਂ ਕੋਲ਼ ਸਥਾਪਿਤ ਬਿਰਤਾਂਤਾਂ ਦੇ ਗ਼ਲਬੇ ਨੂੰ ਚੁਣੌਤੀ ਦੇਣ ਲਈ ਲੋੜੀਂਦਾ ਬੌਧਿਕ ਤਾਣਾ-ਬਾਣਾ ਨਹੀਂ ਸੀ। ਉਹ ਜਾਂ ਬੇਜ਼ਬਾਨ ਪਰਜਾ ਸਨ ਜਾਂ ਫਿਰ ਹਾਸ਼ੀਏ ’ਤੇ ਧੱਕੇ ਹੋਏ ਆਪਣੀ ਇਕੱਲ ਵਿਚ ਦਮਨ ਨੂੰ ਝੱਲ ਰਹੇ ਸਨ, ਜਿਵੇਂ ਪੰਜ-ਸੱਤ ਬੰਦੇ ਢਾਲ਼ਾਂ ਦੀ ਓਟ ਲੈ ਹਜ਼ਾਰਾਂ ਤੀਰਾਂ ਤੋਂ ਬਚਾਅ ਕਰ ਰਹੇ ਹੋਣ। ਹਿੰਦੂ ਸਾਮਰਾਜੀ ਸਿੱਖਾਂ ਦੀ ਪਛਾਣ ’ਤੇ ਸੁਆਲ ਖੜ੍ਹੇ ਕਰਨ ਵਿਚ ਸਫਲ ਰਹੇ ਸਨ। ਉਨ੍ਹਾਂ ਨੇ ਸਪੱਸ਼ਟ ਰਾਹ ਰੱਖ ਦਿੱਤਾ ਸੀ ਕਿ ਜਾਂ ਤਾਂ ਸਿੱਖ ਸੈਕੂਲਰ ਹਿੰਦੁਸਤਾਨੀ ਰਾਸ਼ਟਰਵਾਦ ਦੇ ਸੱਭਿਆਚਾਰਕ ਪਸਾਰ ਰਾਹੀਂ ਹਿੰਦੂਵਾਦ ਵਿਚ ਗ਼ਲਤਾਨ ਹੋ ਜਾਣ, ਨਹੀਂ ਤਾਂ ਮਰਨ ਲਈ ਤਿਆਰ ਰਹਿਣ। ਧਰਮ-ਤਬਦੀਲੀ ਜਾਂ ਮੌਤ ਦੀ ਇਹ ਚੋਣ ਕੋਈ ਨਵਾਂ ਵਰਤਾਰਾ ਨਹੀਂ ਸੀ। ਸਿੱਖਾਂ ਦਾ ਵੀ ਇਸ ਨਾਲ਼ ਬਥੇਰਾ ਅਨੁਭਵ ਰਿਹਾ ਸੀ। ਪਰ ਇਸ ਵਾਰ ਫ਼ਰਕ ਇਹ ਸੀ ਕਿ ਹਿੰਦੂ ਧਰਮ-ਤਬਦੀਲੀ ਦਾ ਸਾਮਰਾਜੀ ਮਨਸੂਬਾ ਸੈਕੂਲਰ ਬਿਰਤਾਂਤਕ ਪੈਂਤੜੇ ਦੀ ਓਟ ਵਿਚ ਅੱਗੇ ਵਧਾ ਰਹੇ ਸਨ। ਸਿੱਖਾਂ ’ਤੇ ਧਰਮ-ਤਬਦੀਲੀ ਲਈ ਹਿੰਦੂ ਸੱਤਾ ਦਾ ਦਬਾਅ ਬਹੁਤ ਡੂੰਘਾ ਅਤੇ ਜ਼ੋਰਦਾਰ ਸੀ ਪਰ ਇਸ ਦਾ ਸੈਕੂਲਰ ਅਤੇ ਜਮਹੂਰੀ ਭੇਖ ਹਿੰਦੁਸਤਾਨੀ ਸਥਾਪਤੀ ਨੂੰ ਦੋਸ਼ੀ ਬਣਨ ਤੋਂ ਬਚਾਅ ਰਿਹਾ ਸੀ। ਹਿੰਦੁਸਤਾਨੀ ਬੌਧਿਕ ਹਲਕੇ ਤੇ ਕੌਮਾਂਤਰੀ ਭਾਈਚਾਰਾ ਸਭ ਕੁਝ ਜਾਣਦੇ ਹੋਏ ਅਣਜਾਣ ਬਣ ਕੇ ਹਿੰਦੂ ਸੱਤਾ ਦੀ ਹਮਾਇਤ ਕਰ ਰਹੇ ਸਨ ਅਤੇ ਸਿੱਖ ਪਛਾਣ ਦੇ ਧਾਰਮਿਕ ਆਧਾਰ ਨੂੰ ਕੱਟੜਵਾਦੀ ਅਤੇ ਰੂੜ੍ਹੀਵਾਦੀ ਵਜੋਂ ਦੁਰਕਾਰ ਕੇ ਸਿੱਖਾਂ ਨੂੰ ਹੀ ਦੋਸ਼ੀ ਬਣਾ ਰਹੇ ਸਨ।
ਆਧੁਨਿਕ ਸਮੇਂ ਦੀ ਨੁਮਾਇੰਦਗੀ ਕਰਨ ਵਾਲ਼ੇ ਮਨੁੱਖੀ ਪਛਾਣ ਦੇ ਆਧੁਨਿਕ-ਸੈਕੂਲਰ-ਮਾਰਕਸੀ ਆਧਾਰ ਸੱਭਿਆਚਾਰ ਨੂੰ ਵਡਿਆਉਂਦੇ ਤੇ ਧਰਮ ਨੂੰ ਛੁਟਿਆਉਂਦੇ ਸਨ। ਇਨ੍ਹਾਂ ਮੁਤਾਬਕ ਪੰਜਾਬੀ ਸੱਭਿਆਚਾਰ ਸਾਂਝੀ ਪੰਜਾਬੀਅਤ ਦਾ ਲਖਾਇਕ ਸੀ ਤੇ ਸਿੱਖੀ ਇੱਕ ਫ਼ਿਰਕੇ ਦੇ ਹਿਤਾਂ ਦੀ ਪੈਰਵਾਈ ਕਰਨ ਵਾਲ਼ਾ ਰਾਹ। ਪਰ ਅਸਲ ਵਿਚ ਇਹ ਧਿਰ ਪੰਜਾਬੀਅਤ ਦੀ ਵੀ ਸਕੀ ਨਹੀਂ ਸੀ। ਇਨ੍ਹਾਂ ਦੀ ਪੰਜਾਬੀਅਤ ਇਕ ਆਧੁਨਿਕ ਸੱਭਿਆਚਾਰਕ ਘਾੜਤ ਸੀ ਜਿਸ ਦੀਆਂ ਜ਼ਮੀਨੀ ਹਕੀਕਤਾਂ ਨਾਲ਼ ਬਹੁਤ ਸਾਰੀਆਂ ਵਿਰੋਧਤਾਈਆਂ ਸਨ। ਇਸ ਸੱਭਿਆਚਾਰਕ ਘਾੜਤ ਦਾ ਮਕਸਦ ਕਾਲ਼ ਦੇ ਆਧੁਨਿਕ ਅਮਲ ਦੀਆਂ ਨਿਰਧਾਰਿਤ ਕੀਤੀਆਂ ਹੱਦਾਂ ਮੁਤਾਬਕ ਮਨੁੱਖੀ ਪਛਾਣ ਦੇ ਮਾਪਦੰਡ ਸਥਾਪਿਤ ਕਰਨਾ ਸੀ। ਇਹ ਅਮਲ ਮੂਲ ਰੂਪ ਵਿਚ ਸਿਆਸੀ ਸੀ। ਮਾਰਕਸਵਾਦੀਆਂ ਦੀ ਸਮਝ ਸੀ ਕਿ ਸਮਾਜ ਦੀਆਂ ਧਾਰਮਿਕ ਬੁਨਿਆਦਾਂ ਤੋੜੇ ਬਗ਼ੈਰ, ਅਤੇ ਇਸ ਦੀ ਸੈਕੂਲਰ ਨਵ-ਸਿਰਜਣਾ ਬਿਨਾਂ ਕਮਿਊਨਿਸਟ ਇਨਕਲਾਬ ਦਾ ਟੀਚਾ ਸਾਕਾਰ ਕਰਨਾ ਔਖਾ ਹੈ। ਹਿੰਦੂ ਰਾਸ਼ਟਰਵਾਦੀਆਂ ਨੇ ਇਹ ਗੱਲ ਫੜ ਲਈ ਸੀ ਕਿ ਜੇ ਉਹ ਸਿੱਖਾਂ ਨੂੰ ਧਰਮ ਤੋਂ ਥਿੜਕਾ ਕੇ ਸੱਭਿਆਚਾਰ ਦੀ ਜ਼ਮੀਨ ’ਤੇ ਲੈ ਆਉਣ ਤਾਂ ਲੰਮੇ ਸਮੇਂ ਵਿਚ ਉਨ੍ਹਾਂ ਨੂੰ ਹਿੰਦੂਵਾਦ ਵਿਚ ਜਜ਼ਬ ਕਰਨਾ ਸੌਖਾ ਹੋ ਜਾਵੇਗਾ।
ਪੰਜਾਬੀਅਤ ਨੂੰ ਪਛਾਣ ਦਾ ਆਧਾਰ ਬਣਾਉਣ ਦਾ ਇਹ ਅਮਲ ਭਾਸ਼ਾਈ ਫ਼ਾਸ਼ੀਵਾਦ ਸੀ। ਆਧੁਨਿਕ ਕਾਲ਼ ਦੀ ਵਿਆਪਕਤਾ ਵੇਖੋ, 1930ਵਿਆਂ ਵਿਚ, ਜਿਸ ਵੇਲ਼ੇ ਭਾਸ਼ਾਈ ਫ਼ਾਸ਼ੀਵਾਦ ਦੀ ਪੈਦਾਇਸ਼ ਨਾਜ਼ੀਵਾਦ ਯੂਰਪ ਵਿਚ ਵੱਡੇ ਨਰਸੰਘਾਰ ਵੱਲ ਵਧ ਰਿਹਾ ਸੀ, ਉਸੇ ਵੇਲ਼ੇ ਭਾਸ਼ਾਈ ਫ਼ਾਸ਼ੀਵਾਦ ਪੰਜਾਬ ਵਿਚ ਪਛਾਣ ਦੇ ਸਿੱਖ ਆਧਾਰ ਨੂੰ ਮੁੱਢੋਂ ਰੱਦ ਕਰਨ ਦੇ ਆਧਾਰ ਤਿਆਰ ਕਰ ਰਿਹਾ ਸੀ। ਪੰਜਾਬ ਵਿਚ ਖੱਬੇਪੱਖੀਆਂ ਲਈ ਸੱਭਿਆਚਾਰ ਦੀ ਘਾੜਤ ਦਾ ਆਧਾਰ ਆਧੁਨਿਕ-ਸੈਕੂਲਰ-ਮਾਰਕਸੀ ਸਿਧਾਂਤੀਕਰਨ ਸੀ। ਇਹ ਸਿਧਾਂਤੀਕਰਨ ਅਸਲੋਂ ਕੱਚਾ ਸੀ। ਮਾਰਕਸਵਾਦੀ ਇੱਕ ਬਹੁਤ ਸਿੱਧਾ ਜਿਹਾ ਸਿਧਾਂਤ ਲੈ ਕੇ ਆਏ ਕਿ ਧਰਮ ਪਰੰਪਰਕ ਹੈ ਤੇ ਸੱਭਿਆਚਾਰ ਆਧੁਨਿਕ। ਹਰ ਪਰੰਪਰਕ ਖ਼ਿਆਲ ਵੇਲ਼ਾ ਵਿਹਾ ਚੁੱਕਾ ਹੈ ਤੇ ਹਰ ਆਧੁਨਿਕ ਖ਼ਿਆਲ ਸਹੀ ਹੈ। ਅਸੀਂ ਧਰਮ ਨੂੰ ਪਰੰਪਰਕ ਤਾਂ ਮੰਨ ਸਕਦੇ ਹਾਂ, ਪਰ ਸੱਭਿਆਚਾਰ ਆਪਣੇ-ਆਪ ਵਿਚ ਆਧੁਨਿਕ ਨਹੀਂ ਹੈ। ਨਾ ਹੀ ਇਹ ਸਹੀ ਹੈ ਕਿ ਪਰੰਪਰਾ ਆਪਣੀ ਸਾਰਥਕਤਾ ਗੁਆ ਚੁੱਕੀ ਹੈ ਤੇ ਆਧੁਨਿਕਵਾਦੀ ਪਹੁੰਚ ਨੂੰ ਬਿਨਾਂ ਕਿਸੇ ਸੋਚ-ਵਿਚਾਰ ਦੇ ਅੰਤਿਮ ਮੰਨ ਲੈਣਾ ਚਾਹੀਦਾ ਹੈ। ਇਸ ਬਿਰਤਾਂਤ ਵਿਚ ਵਿਅਕਤੀਗਤ ਮਨੁੱਖੀ ਭਾਵਨਾਵਾਂ, ਜੋ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਦੀ ਹੋਂਦ ਦਾ ਮੂਲ ਆਧਾਰ ਹੁੰਦੀਆਂ ਹਨ, ਦਾ ਦਮਨ ਸੀ। ਕਿਉਂਕਿ ਮਨੁੱਖੀ ਭਾਵਨਾਵਾਂ ਨੂੰ ਸਿਧਾਂਤਕ ਚੌਖਟੇ ਦੀਆਂ ਵਲਗਣਾਂ ਵਿਚ ਕੈਦ ਕਰਨ ਵਾਲ਼ੇ ਵਿੱਦਿਅਕ ਤੇ ਸਾਹਿਤਕ ਅਦਾਰੇ ਲਗਾਤਾਰ ਇਹ ਬਿਰਤਾਂਤ ਸਿੱਖਾਂ ਦੇ ਮਨ-ਮਸਤਕ ’ਤੇ ਉੱਕਰ ਰਹੇ ਸਨ। ਭਾਸ਼ਾਈ ਫ਼ਾਸ਼ੀਵਾਦ ਦੇ ਵਾਹਨ ਬਣੇ ਪੰਜਾਬ ਦੇ ਮਾਰਕਸਵਾਦੀਆਂ ਵਿਚ ਗੰਭੀਰ ਅਧਿਐਨ ’ਤੇ ਚਿੰਤਨ ਦਾ ਸੱਭਿਆਚਾਰ ਨਾ ਹੋਣ ਕਾਰਨ ਉਹ ਅਹਿਸਾਸ ਨਾ ਕਰ ਸਕੇ ਕਿ ਉਹ ਕਾਲ਼ ਦੇ ਵੱਡੇ ਪ੍ਰਵਾਹ ਦੀ ਅਧੀਨਗੀ ਵਿਚ ਚੱਲਣ ਵਾਲ਼ੀਆਂ ਛੋਟੀਆਂ ਕਠਪੁਤਲੀਆਂ ਸਨ।
ਪੰਜਾਬੀ ਸੱਭਿਆਚਾਰ ਦੀ ਘਾੜਤ ਦਾ ਮੂਲ ਆਧਾਰ ਪੰਜਾਬੀ ਭਾਸ਼ਾ ਸੀ। ਪੰਜਾਬੀਅਤ ਦੇ ਹਮਾਇਤੀਆਂ ਦੀ ਦਲੀਲ ਸੀ ਕਿ ਇੱਕ ਭਾਸ਼ਾ ਬੋਲਣ ਵਾਲ਼ੇ ਸਿੱਖ, ਹਿੰਦੂ, ਅਤੇ ਮੁਸਲਮਾਨ ਸਾਂਝੀ ਕੌਮ ਸਨ। ਇਨ੍ਹਾਂ ਮੁਤਾਬਕ ਸਿੱਖਾਂ ਦਾ ਵੱਖਰੀ ਕੌਮ ਹੋਣ ਦਾ ਦਾਅਵਾ ਇਸ ਸਾਂਝੀਵਾਲ਼ਤਾ ਦੇ ਰਾਹ ਵਿਚ ਅੜਿੱਕਾ ਸੀ। ਇਸ ਲਈ, ਸਿੱਖਾਂ ਦਾ ਇਹ ਨੈਤਿਕ ਫ਼ਰਜ਼ ਬਣਦਾ ਸੀ ਕਿ ਉਹ ਸਿੱਖੀ ਆਧਾਰਤ ਸਿਆਸੀ ਅਤੇ ਸੱਭਿਆਚਾਰਕ ਦਾਅਵੇ ਜਤਾਉਣੇ ਬੰਦ ਕਰ ਦੇਣ। ਇਸ ਬਿਰਤਾਂਤ ਵਿਚ ਦੋ ਨੁਕਸ ਸਨ: ਪਹਿਲਾ ਭਾਸ਼ਾ ਦੀ ਹਸਤੀ ਅਤੇ ਇਸ ਦੇ ਲੋਕਾਂ ਨਾਲ਼ ਨਾਤੇ ਬਾਰੇ, ਅਤੇ, ਦੂਜਾ, ਪੰਜਾਬ ਦੇ ਸਿੱਖਾਂ, ਮੁਸਲਮਾਨਾਂ, ਅਤੇ ਹਿੰਦੂਆਂ ਦੇ ਪਿਛਲੀ ਡੇਢ ਸਦੀ ਦੇ ਸਿਆਸੀ ਇਤਿਹਾਸ ਬਾਰੇ। ਪਹਿਲੇ ਦਾਅਵੇ ਦੇ ਉਲ਼ਟ, ਪੰਜਾਬੀ ਬੋਲੀ ਦਾ ਸਰੂਪ ਇੱਕਪਰਤੀ ਨਹੀਂ ਹੈ। ਪੰਜਾਬੀ ਅੰਦਰਲੀ ਵੰਨ-ਸੁਵੰਨਤਾ ਹਥਲੇ ਸੰਦਰਭ ਵਿਚ ਖ਼ਾਸ ਧਿਆਨ ਦੀ ਮੰਗ ਕਰਦੀ ਹੈ।
ਪੰਜਾਬੀ ਹਿੰਦੂਆਂ ਦਾ ਪੰਜਾਬੀ ਸਾਹਿਤ-ਸਿਰਜਣਾ ਵਿਚ ਹਿੱਸਾ ਉਨ੍ਹਾਂ ਦੀ ਵਸੋਂ ਦੇ ਹਿਸਾਬ ਨਾਲ਼ ਨਿਗੂਣਾ ਰਿਹਾ ਹੈ। ਸ਼ਹਿਰੀ ਪੰਜਾਬੀ ਹਿੰਦੂਆਂ ਦੀ ਆਮ ਬੋਲਚਾਲ ਦੀ ਬੋਲੀ ਹਿੰਦੀ ਤੋਂ ਪ੍ਰਭਾਵਿਤ ਹੈ। ਪੰਜਾਬੀ ਮੁਸਲਮਾਨਾਂ ਨੇ ਵੀਹਵੀਂ ਸਦੀ ਤੋਂ ਪਹਿਲਾਂ ਪੰਜਾਬੀ ਬੋਲੀ ਵਿਚ ਬਹੁਤ ਵੱਡੀ ਤਾਦਾਦ ਵਿਚ, ਬਹੁਤ ਮਿਆਰੀ ਸਾਹਿਤ ਦੀ ਸਿਰਜਣਾ ਕੀਤੀ ਹੈ। ਪਰ ਵੀਹਵੀਂ ਸਦੀ ਵਿਚ ਪੰਜਾਬੀ ਮੁਸਲਮਾਨਾਂ ਦਾ ਪੰਜਾਬੀ ਸਾਹਿਤ ਸਿਰਜਣਾ ਵਿਚ ਹਿੱਸਾ ਉਨ੍ਹਾਂ ਦੀ ਆਬਾਦੀ ਦੇ ਲਿਹਾਜ਼ ਨਾਲ਼ ਨਿਗੂਣਾ ਰਿਹਾ ਹੈ। ਪੰਜਾਬੀ ਮੁਸਲਮਾਨਾਂ ਦੀ ਬੋਲੀ ਵਿਚ ਅਰਬੀ, ਫ਼ਾਰਸੀ, ਅਤੇ ਤੁਰਕੀ ਭਾਸ਼ਾਵਾਂ ਤੋਂ ਆਈ ਇਸਲਾਮੀ ਸ਼ਬਦਾਵਲੀ ਦੀ ਭਰਮਾਰ ਹੈ। ਪੰਜਾਬੀ ਸਿੱਖਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਅਨੇਕ ਠੇਠ ਮੁਹਾਵਰੇ ਸਾਂਭ ਕੇ ਰੱਖੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਸਾਹਿਤ, ਅਤੇ ਸਿੱਖ ਧਾਰਮਿਕਤਾ ਨੇ ਪੰਜਾਬੀ ਦੀ ਖ਼ਾਸ ਨੁਹਾਰ ਘੜੀ ਹੈ। ਇਤਿਹਾਸਕ ਪੱਖੋਂ, ਉੱਨ੍ਹੀਵੀਂ ਸਦੀ ਦੇ ਅੱਧ ਵਿਚ ਪੰਜਾਬੀ ਹਿੰਦੂਆਂ ਨੇ ਹਿੰਦੀ, ਮੁਸਲਮਾਨਾਂ ਨੇ ਉਰਦੂ, ਅਤੇ ਸਿੱਖਾਂ ਨੇ ਪੰਜਾਬੀ ਨੂੰ ਅਪਣਾਇਆ। ਇਸ ਤੋਂ ਬਾਅਦ ਪੰਜਾਬ ਵਿਚ ਧਾਰਮਿਕ ਪੁਨਰ-ਸੁਰਜੀਤੀ ਦੀਆਂ ਅਤੇ ਕੌਮੀ ਦਾਅਵੇਦਾਰੀ ਦੀਆਂ ਅਨੇਕ ਲਹਿਰਾਂ ਚੱਲੀਆਂ। ਉਪਰੋਕਤ ਵਰਤਾਰੇ ਸਿੱਖਾਂ, ਹਿੰਦੂਆਂ, ਜਾਂ ਮੁਸਲਮਾਨਾਂ ਦੀ ਅਗਵਾਈ ਕਰਨ ਵਾਲ਼ੇ ਕੁਲੀਨ ਵਰਗਾਂ ਤੱਕ ਸੀਮਿਤ ਨਹੀਂ ਸਨ, ਸਗੋਂ ਇਨ੍ਹਾਂ ਨੂੰ ਵਿਆਪਕ ਜਨਤਕ ਹਮਾਇਤ ਹਾਸਲ ਸੀ। ਇਨ੍ਹਾਂ ਭਾਸ਼ਾਈ ਤੇ ਸਿਆਸੀ ਲਹਿਰਾਂ ਵਿਚੋਂ ਹਿੰਦੂਆਂ ਨੇ ਹਿੰਦੁਸਤਾਨ ਅਤੇ ਮੁਸਲਮਾਨਾਂ ਨੇ ਪਾਕਿਸਤਾਨ ਹਾਸਲ ਕੀਤਾ। ਸਿੱਖ ਸਭ ਤੋਂ ਵੱਡੀ ਮਾਰ ਝੱਲਣ ਦੇ ਬਾਵਜੂਦ ਬੇਘਰ ਹੋ ਕੇ ਰਹਿ ਗਏ। ਭਾਵੇਂ ਕਿ ਇਹ ਇਤਿਹਾਸਕ ਹਕੀਕਤ ਹੈ ਕਿ ਅੱਜ ਤੱਕ, ਇਕੱਲੇ ਸਿੱਖ ਹੀ ਹਨ ਜਿਨ੍ਹਾਂ ਨੇ ਕਦੇ ਪੰਜਾਬੀ ਨਾਲ਼ ਬੇਗਾਨਗੀ ਨਹੀਂ ਪਾਲ਼ੀ, ਇਕੱਲੇ ਸਿੱਖ ਹੀ ਹਨ ਜੋ ਹੁਣ ਤੱਕ ਪੰਜਾਬੀ ਲਈ ਲੜਦੇ ਆ ਰਹੇ ਹਨ, ਤਾਂ ਵੀ ਇਹ ਗੱਲ ਕਹੀ ਨਹੀਂ ਜਾ ਸਕਦੀ। ਪੰਜਾਬੀ ਸਾਹਿਤ ਉੱਤੇ ਕਾਬਜ਼ ਖੱਬੇਪੱਖੀ ਅਤੇ ਉਦਾਰਵਾਦੀ ਸੈਕੂਲਰ ਧਿਰਾਂ ਨੇ ਸਿੱਖਾਂ ਵੱਲੋਂ ਪੰਜਾਬੀ ਨਾਲ਼ ਆਪਣੀ ਪ੍ਰਤੀਬੱਧਤਾ ਦਾ ਦਾਅਵਾ ਕਰਨ ਨੂੰ ਗੁਨਾਹ ਬਣਾ ਦਿੱਤਾ ਹੈ। ਸਿੱਖਾਂ ਦੀ ਇਸ ਜ਼ਬਾਨਬੰਦੀ ਦੇ ਹੱਕ ਵਿਚ ਖੱਬੇਪੱਖੀ ਧਿਰਾਂ ਦੀ ਦਲੀਲ ਸੀ ਕਿ ਪੰਜਾਬੀ ਨੂੰ ਧਰਮ ਨਾਲ਼ ਜੋੜਨਾ ਮਾੜੀ ਗੱਲ ਹੈ। ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੇ ਪੰਜਾਬੀ ਨੂੰ ਆਪੋ-ਆਪਣੀ ਧਾਰਮਿਕ ਰਾਸ਼ਟਰਵਾਦੀ ਪਛਾਣ ਕਰਕੇ ਰੱਦ ਕੀਤਾ ਉਨ੍ਹਾਂ ਦਾ ਤਾਂ ਕੋਈ ਕਸੂਰ ਨਹੀਂ, ਪਰ ਸਿੱਖ, ਜਿਹੜੇ ਪੰਜਾਬੀ ਨੂੰ ਆਪਣੇ ਧਰਮ ਨਾਲ਼ ਜੁੜੀ ਮੰਨ ਕੇ ਬਚਾਉਣਾ ਚਾਹੁੰਦੇ ਹਨ, ਪੂਰੇ ਗੁਨਾਹਗਾਰ ਹਨ।
ਪੰਜਾਬੀ ਸੱਭਿਆਚਾਰ ਦੇ ਖੱਬੇਪੱਖੀ ਘਾੜੇ ਮਾਰਕਸੀ ਅਤੇ ਸੈਕੂਲਰ ਸਿਧਾਂਤਵਾਦ ਨੂੰ ਪ੍ਰਣਾਏ ਸ਼ਰਧਾਵਾਨ ਸਿਆਸੀ ਕਾਰਕੁਨ ਸਨ। ਆਪਣੇ ਸਿਧਾਂਤਵਾਦ ਨੂੰ ਸਹੀ ਠਹਿਰਾਉਣ ਅਤੇ ਉਸ ਦਾ ਪ੍ਰਚਾਰ ਕਰਨ ਦੀ ਹੋੜ ਵਿਚ ਉਨ੍ਹਾਂ ਨੇ ਜ਼ਿੰਦਗੀ ਪ੍ਰਤੀ ਗੰਭੀਰ ਸਰੋਕਾਰ ਤਜ ਹੀ ਦਿੱਤੇ। ਅਸਲ ਵਿਚ ਉਹ ਸ਼ਰਧਾਲੂਜਨ ਮਨੁੱਖਜਾਤੀ ਦਾ ਬੋਲੀ ਨਾਲ਼ ਨਾਤਾ ਸਮਝਣ ਤੋਂ ਉੱਕ ਗਏ। ਉਹ ਸਮਝ ਨਾ ਸਕੇ ਕਿ ਕਿਵੇਂ ਬੋਲੀ ਕੌਮਾਂ ਦੇ ਅਤਿ ਨਿੱਜੀ ਸੱਭਿਆਚਾਰਕ, ਆਤਮਿਕ, ਅਤੇ ਕੌਮੀ ਸਰੋਕਾਰਾਂ ਨੂੰ ਸਾਂਭੀ ਬੈਠੀ ਹੁੰਦੀ ਹੈ ਜੋ ਸਮੇਂ-ਸਮੇਂ ’ਤੇ ਸਾਹਿਤ, ਖ਼ਾਸਕਰ ਕਵਿਤਾ, ਰਾਹੀਂ ਜ਼ਾਹਰ ਹੁੰਦੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਦੇ ਖੱਬੇਪੱਖੀ ਘਾੜਿਆਂ ਦੀ ਬੋਲੀ ਅਤੇ ਸਾਹਿਤ ਪ੍ਰਤੀ ਮੁਰਦਾ ਸਿਧਾਂਤਕ ਪਹੁੰਚ ਨੇ ਸਾਹਿਤ-ਸਿਰਜਣਾ ਦੇ ਵਹਾਅ ਮੂਹਰੇ ਅਨੇਕ ਬੰਨ੍ਹ ਲਾ ਦਿੱਤੇ। ਕਵਿਤਾ ਚੌਖਟਿਆਂ ਵਿਚ ਕੈਦ ਹੋ ਕੇ ਮੁਰਝਾਉਣ ਲੱਗ ਪਈ।
ਪਰ ਪੰਜਾਬ ਵਿਚ ਮੁੱਖ ਮਸਲਾ ਮਾਰਕਸਵਾਦੀ ਚਿੰਤਨਧਾਰਾ ਦਾ ਆਉਣਾ ਨਹੀਂ ਸੀ। ਮਸਲਾ ਤਾਂ ਇਹ ਸੀ ਕਿ ਪੰਜਾਬ ਦੇ ਖੱਬੇਪੱਖੀ ਅੰਧਵਿਸ਼ਵਾਸੀ ਸ਼ਰਧਾਲੂਆਂ ਵਾਂਗ ਬਿਨਾਂ ਮਾਰਕਸਵਾਦ ਨੂੰ ਪੜ੍ਹੇ ਇਸ ਦੇ ਮੁਰੀਦ ਬਣ ਗਏ। ਉਨ੍ਹਾਂ ਨੇ ਮਾਰਕਸਵਾਦ ਨੂੰ ਜਾਇਜ਼ ਠਹਿਰਾਉਣ ਲਈ ਸਿਆਸੀ ਕਾਂਵਾਂ-ਰੌਲ਼ੀ ਸ਼ੁਰੂ ਕਰ ਦਿੱਤੀ। ਇਸ ਮਾਹੌਲ ਵਿਚੋਂ ਸੰਵਾਦ ਪੂਰੀ ਤਰ੍ਹਾਂ ਗ਼ੈਰਹਾਜ਼ਰ ਸੀ। ਸਿੱਖ ਨੌਜੁਆਨਾਂ ਦੇ ਜਿਹੜੇ ਹਿੱਸੇ ਬਿਨਾਂ ਪੜ੍ਹੇ-ਗੁਣੇ ਮਾਰਕਸੀ ਬਿਰਤਾਂਤ ਨੂੰ ਆਤਮਸਾਤ ਕਰ ਚੁੱਕੇ ਸਨ ਉਨ੍ਹਾਂ ਕੋਲ਼ ਸੰਵਾਦ ਲਈ ਲੋੜੀਂਦੀ ਆਲੋਚਨਾਤਮਕ ਦ੍ਰਿਸ਼ਟੀ ਨਹੀਂ ਸੀ। ਹਿੰਦੂ ਸਥਾਪਤੀ ਅਤੇ ਇਸ ਦੇ ਮਾਰਕਸੀ ਪੈਰੋਕਾਰਾਂ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੋ ਸਿੱਧੇ ਬਗ਼ਾਵਤ ਦੇ ਰਾਹ ਤੁਰੇ ਹੋਏ ਸਿੱਖ ਨੌਜੁਆਨ ਸੰਵਾਦ ਲਈ ਲੋੜੀਂਦੇ ਮੁਹਾਵਰਿਆਂ ਨਾਲ਼ ਹੀ ਵਾਬਸਤਾ ਨਹੀਂ ਸਨ। ਦੂਜੇ ਸ਼ਬਦਾਂ ਵਿਚ, ਸਿੱਖ ਨੌਜੁਆਨਾਂ ਦੀ ਹਥਿਆਰਬੰਦ ਲਹਿਰ ਬਹੁਤ ਜ਼ੋਰਦਾਰ ਤਾਂ ਸੀ ਪਰ ਇਸ ਦੀਆਂ ਆਪਣੀਆਂ ਸੀਮਤਾਈਆਂ ਵੀ ਸਨ। ਸਿੱਖਾਂ ਦੀ ਸਥਿਤੀ ਜ਼ਿਆਦਾ ਗੰਭੀਰ ਸੀ। ਸਿੱਖਾਂ ਦੀ ਲੋੜ ਸੀ ਕਿ ਹਥਿਆਰਬੰਦ ਲਹਿਰ ਤੋਂ ਬਾਹਰ ਸਿੱਖਾਂ ਕੋਲ਼ ਕੋਈ ਬੌਧਿਕ ਮੁਹਾਜ਼ ਹੁੰਦਾ ਜਿਹੜਾ ਬਿਰਤਾਂਤਕ ਹਿੰਸਾ ਦੀ ਜੜ੍ਹ ਫੜਦਾ। ਪਰ ਬੌਧਿਕ ਅਤੇ ਸਾਹਿਤਕ ਅਦਾਰਿਆਂ ਵਿਚ ਸਿੱਖ ਹਾਸ਼ੀਏ ’ਤੇ ਧੱਕੇ ਹੋਏ ਸਨ। ਬਿਰਤਾਂਤਕ ਹਿੰਸਾ ਦੀ, ਇਸ ਦੀ ਨੁਮਾਇੰਦਗੀ ਕਰਨ ਵਾਲ਼ੇ ਵਿਅਕਤੀਆਂ ਤੋਂ ਅਗਾਂਹ, ਨਿਸ਼ਾਨਦੇਹੀ ਕਰਨੀ ਹਥਿਆਰਬੰਦ ਲਹਿਰ ਦੇ ਕਰਨ ਵਾਲ਼ਾ ਕੰਮ ਨਹੀਂ ਸੀ। ਸਿੱਖਾਂ ਦੇ ਬੌਧਿਕ ਵਰਗ ਲਈ ਬਿਰਤਾਂਤਕ ਹਿੰਸਾ ਨਾਲ਼ ਸਿੱਧਾ ਮੱਥਾ ਲਾਉਣਾ ਜ਼ਰੂਰੀ ਸੀ ਜੋ ਕਿ ਬਹੁਤ ਸਾਰੇ ਕਾਰਨਾਂ ਕਰਕੇ ਸੰਭਵ ਨਾ ਹੋ ਸਕਿਆ। ਪੰਜਾਬ ਦੇ ਸਿੱਖ ਘਰਾਂ ਵਿਚ ਜੰਮੇ ਖੱਬੇਪੱਖੀ ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਪੋਚ ਦਿਆਨਤਦਾਰੀ ਨਾਲ਼ ਸੰਵਾਦ ਵਿਚ ਆਉਣ ਲਈ ਰਾਜ਼ੀ ਨਹੀਂ ਸਨ। ਉਹ ਸੰਵਾਦ ਤੋਂ ਇਨਕਾਰੀ ਹੋ ਇੱਕਪਾਸੜ ਸਿੱਖ-ਵਿਰੋਧੀ ਪ੍ਰਚਾਰ ਵਿਚ ਜੁਟੇ ਹੋਏ ਸਨ। ਅਜਿਹੇ ਤਰਕਹੀਣ ਵਿਹਾਰ ਦੀ ਵਜ੍ਹਾ ਉਨ੍ਹਾਂ ਅੰਦਰਲੀ ਬੇਚੈਨੀ ਸੀ ਜਿਸ ਸਦਕਾ ਉਹ ਕਿਸੇ ਵੀ ਕੀਮਤ ’ਤੇ ਆਪਣੇ-ਆਪ ਨੂੰ ਸਿੱਖ ਵਿਰੋਧੀ ਸਾਬਤ ਕਰਨਾ ਚਾਹੁੰਦੇ ਸਨ। ਹਿੰਦੁਸਤਾਨੀ ਰਾਸ਼ਟਰਵਾਦੀਆਂ ਲਈ ਇਸ ਤੋਂ ਵਧੀਆ ਗੱਲ ਕੋਈ ਨਹੀਂ ਸੀ ਹੋ ਸਕਦੀ ਕਿ ਜਿਨ੍ਹਾਂ ਸਾਹਿਤਕ ਅਤੇ ਅਕਾਦਮਿਕ ਹਲਕਿਆਂ ਨੇ ਸਿੱਖਾਂ ਨੂੰ ਬਿਰਤਾਂਤਕ ਹਿੰਸਾ ਤੋਂ ਬਚਾਉਣਾ ਸੀ ਉਹ ਸਿੱਖਾਂ ਖ਼ਿਲਾਫ਼ ਇਸ ਹਿੰਸਾ ਦੇ ਸਭ ਤੋਂ ਕਾਰਗਰ ਹਥਿਆਰ ਹੋ ਨਿੱਬੜੇ। ਖੱਬੇਪੱਖੀਆਂ ਅੰਦਰਲੀ ਉਪਰੋਕਤ ਬੇਚੈਨੀ ਹਿੰਦੁਸਤਾਨੀ ਰਾਸ਼ਟਰਵਾਦੀਆਂ ਨੇ ਪੜਾਅ-ਦਰ-ਪੜਾਅ, ਬੜੇ ਵਿਉਂਤਬੱਧ ਢੰਗ ਨਾਲ਼, ਪੈਦਾ ਕੀਤੀ ਸੀ।
ਸਿੱਖਾਂ ਕੋਲ਼ ਨਾ ਤਾਂ ਕੋਈ ਆਧੁਨਿਕਤਾ ਨਾਲ਼ ਸਿੱਧਾ ਮੱਥਾ ਲਾਉਣ ਵਾਲ਼ੀ ਪੱਛਮੀ ਤਰਜ਼ ਦੀ ਬੌਧਿਕ ਪਰੰਪਰਾ ਸੀ ਤੇ ਨਾ ਹੀ ਉਹ ਇਸ ਪਰੰਪਰਾ ਨੂੰ ਚੁਣੌਤੀ ਦੇਣ ਵਾਲ਼ੀਆਂ ਉੱਤਰਆਧੁਨਿਕ ਜਾਂ ਉੱਤਰਸੰਰਚਨਾਵਾਦੀ ਚਿੰਤਨ-ਧਾਰਾਵਾਂ ਨਾਲ਼ ਚੰਗੀ ਤਰ੍ਹਾਂ ਵਾਬਸਤਾ ਸਨ। ਪਰ ਸਿੱਖਾਂ ਕੋਲ਼ ਬਹੁਤ ਤਾਕਤਵਰ ਕਾਵਿ-ਪਰੰਪਰਾ ਸੀ ਜਿਸ ਵਿਚ ਨਵੀਂਆਂ ਚਿੰਤਨ-ਤਰਜ਼ਾਂ ਦੀਆਂ ਸੰਭਾਵਨਾਵਾਂ ਪਈਆਂ ਸਨ। ਅੱਸੀਵਿਆਂ ਵਿਚ ਆ ਕੇ ਅਜਿਹੀ ਸੰਭਾਵਨਾ ਹਰਿੰਦਰ ਸਿੰਘ ਮਹਿਬੂਬ ਦੇ ਕੰਮ ਨਾਲ਼ ਸਾਕਾਰ ਹੋਈ। ਪਰ ਉਨ੍ਹਾਂ ਦੀਆਂ ਲਿਖਤਾਂ ਆਉਣ ਤੋਂ ਪਹਿਲਾਂ ਸਿੱਖ ਬੌਧਿਕ ਅਤੇ ਸਾਹਿਤਕ ਖੇਤਰਾਂ ਵਿਚ ਬਿਲਕੁਲ ਹੀ ਹਾਸ਼ੀਏ ’ਤੇ ਚਲੇ ਗਏ ਸਨ।
ਉਪਰੋਕਤ ਵੇਰਵਾ ਪੰਜਾਬ ਦੀ ਧਰਤੀ ’ਤੇ ਜੰਮੇ-ਪਲ਼ੇ ਕਵਿਤਾ ਦੇ ਇੱਕ ਸਿੱਖ ਪਾਠਕ ਅਤੇ ਸਾਧਕ ਦਾ ਇਤਿਹਾਸਕ ਅਨੁਭਵ ਬਿਆਨ ਕਰਦਾ ਹੈ। ਅਨੁਭਵ ਦੇ ਇਤਿਹਾਸਕ ਪਹਿਲੂ ਨੂੰ ਇਸ ਦੇ ਵਿਚਾਰਅਧੀਨ ਸੰਦਰਭ ਵਿਚ ਸਮਝਣ ਦੀ ਲੋੜ ਹੈ। ਇੱਥੇ ਇਤਿਹਾਸਿਕਤਾ ਅਨੁਭਵ ਨੂੰ ਢਾਲਣ ਵਾਲ਼ਾ ਸਾਂਚਾ ਨਹੀਂ ਸਗੋਂ ਕਾਲ਼ ਦੇ ਜਮੂਦ ਵਿਚ ਬੇਸੁੱਧ ਹੋਈ ਮਨੁੱਖੀ ਚੇਤਨਾ ਨੂੰ ਝੰਜੋੜਨ ਵਾਲ਼ਾ ਕਹਿਰਵਾਨ ਵੇਗ ਹੈ। ਕਵਿਤਾ ਦਾ ਆਦਿ-ਅੰਤ ਇਤਿਹਾਸਿਕਤਾ ਤੋਂ ਪਾਰ ਹੈ। ਕਵਿਤਾ ਚੇਤੇ ਵਿਚ ਲਹਿਰਦੇ ਰਾਗਾਂ ਵਿਚ ਲੀਨ ਹੋ, ਸਮਕਾਲ਼ ਦੇ ਸਦਮਿਆਂ ਸਾਹਵੇਂ ਸਿਦਕ ਦੀਆਂ ਨਵੀਂਆਂ ਬੁਲੰਦੀਆਂ ਛੋਹ, ਵਿਸਮਾਦ ਦੀ ਭਰਪੂਰਤਾ ਰਾਹੀਂ, ਭਵਿੱਖ ਵਿਚ ਮਨੁੱਖੀ ਆਪੇ ਦੀਆਂ ਅਣਕਿਆਸੀਆਂ ਸੰਭਾਵਨਾਵਾਂ ਸਾਕਾਰ ਕਰਨ ਦਾ ਨਾਂ ਹੈ। ਕਵਿਤਾ ਇਤਿਹਾਸ ਦੀਆਂ ਸੰਰਚਨਾਵਾਂ ਵਿਚੋਂ ਪੈਦਾ ਨਹੀਂ ਹੁੰਦੀ ਸਗੋਂ ਜੀਵਨ ਦੇ ਖੇੜੇ ਵਿਚ ਲੋੜੀਂਦੇ ਰੰਗ ਭਰ ਤੇ ਦੇਹ ਦੇ ਵਿਛੁੰਨੇ ਨਾਦਾਂ ਨੂੰ ਸੰਜੋਗੀ ਛੋਹਾਂ ਦੇ ਸਮਕਾਲ਼ ਤੇ ਭਵਿੱਖ ਦੇ ਉਨ੍ਹਾਂ ਰੂਪਾਂ ਨੂੰ ਡੌਲ਼ਦੀ ਹੈ ਜੋ ਵਕਤ ਨਾਲ਼ ਇਤਿਹਾਸ ਦਾ ਗੌਰਵ ਹੋ ਨਿੱਬੜਦੇ ਹਨ।
ਇਹ ਮੇਰੇ ਸਫ਼ਰ ਦੇ ਸ਼ੁਰੂਆਤੀ ਦੌਰ ਦੇ ਹਾਲਾਤ ਸਨ। ਦਮਨ ਦਾ ਪ੍ਰਕੋਪ ਦਿਨ-ਪੁਰ-ਰਾਤ ਜਾਰੀ ਸੀ। ਇਤਿਹਾਸ ਦੀਆਂ ਅਣਕਿਆਸੀਆਂ ਬੁਲੰਦੀਆਂ ਵੀ ਨਿੱਤ-ਦਿਹਾੜੇ ਪ੍ਰਗਟ ਹੋ ਰਹੀਆਂ ਸਨ। ਅਨੁਭਵ ਦੀ ਇਹ ਇਤਿਹਾਸਿਕਤਾ ਕਾਲ਼ ਤੇ ਬੋਲੀ ਦੀਆਂ ਕਾਇਨਾਤੀ ਸੰਭਾਵਨਾਵਾਂ ਨਾਲ਼ ਇਕਸੁਰ ਸੀ। ਸਿੱਖ ਦਮਨ ਨਾਲ਼ ਬਹੁਤ ਬਹਾਦਰੀ ਨਾਲ਼ ਲੜ ਰਹੇ ਸਨ। ਪਰ ਦਮਨ ਨਾਲ਼ ਜੂਝਣ ਸਦਕਾ ਵਿਅਕਤੀਆਂ ਜਾਂ ਕੌਮਾਂ ਅੰਦਰਲੇ ਬੇਗਾਨਗੀ ਦੇ ਅਹਿਸਾਸ ਖ਼ਤਮ ਨਹੀਂ ਹੋ ਜਾਂਦੇ ਭਾਵੇਂ ਕਿ ਇਸ ਨਾਲ਼ ਬੇਵਤਨੀ ਦੀ ਸਥਿਤੀ ਦੇ ਖ਼ਤਮ ਹੋਣ ਦਾ ਮੁੱਢ ਜ਼ਰੂਰ ਬੱਝ ਸਕਦਾ ਹੈ। ਦੂਜਾ, ਸੰਕਟ ਤੇ ਤਲਖ਼ੀਆਂ ਕਵੀ ਨੂੰ ਸਤਹ ਤੋਂ ਡੂੰਘਾ ਲਹਿਣ ਦੀ ਪ੍ਰੇਰਨਾ ਤੇ ਸਮਰੱਥਾ ਦਿੰਦੇ ਹਨ। ਕਵੀ ਆਪਣੀ ਗੱਲ ਨਿੱਜ ਤੋਂ ਸ਼ੁਰੂ ਕਰ ਸਕਦਾ ਹੈ ਪਰ ਕਵਿਤਾ ਦੇ ਪਸਾਰ ਕਦੇ ਨਿੱਜ ਤੱਕ ਸੀਮਿਤ ਨਹੀਂ ਰਹਿੰਦੇ। ਇਸ ਤਰ੍ਹਾਂ, ਦੇਸ ਨਿਕਾਲ਼ੇ ਨਾਲ਼ ਕਵੀ ਦਾ ਅਨੁਭਵ ਆਪਣੇ ਲੋਕਾਂ ਦੇ ਬਹੁਤ ਸਾਰੇ ਮੂਕ ਅਨੁਭਵਾਂ ਨੂੰ ਜ਼ੁਬਾਨ ਦਿੰਦਾ ਹੈ।
ਦੇਸ ਨਿਕਾਲ਼ੇ ਦੀ ਅਵਸਥਾ ਅਸਲ ਵਿਚ ਦੇਸ ਤੇ ਕਾਲ਼ ਦੇ ਸਬੰਧਾਂ ਵਿਚਲੇ ਬਖੇੜਿਆਂ ਵਿਚ ਪਈ ਸੀ। ਉਸ ਵੇਲ਼ੇ, ਕਾਲ਼ ਦਾ ਪ੍ਰਵਾਹ ਦੇਸ ਦੀ ਸੁਰਤਿ ਨਾਲ਼ ਇਕਸੁਰ ਨਹੀਂ ਸੀ। ਸਮੇਂ ਦੀਆਂ ਕਈ ਪਰਤਾਂ, ਜੋ ਸਾਡੇ ਦੇਸ ਦੇ ਵਾਯੂ-ਮੰਡਲ਼ ’ਤੇ ਹਾਵੀ ਹੋ ਗਈਆਂ ਸਨ, ਦੇਸ ਦੀ ਸੁਰਤਿ ਦੇ ਆਪ-ਮੁਹਾਰੇ ਵੇਗ ਨੂੰ ਸੀਮਿਤ ਘੇਰੇ ਵਾਲ਼ੇ ਸਿਧਾਂਤਕ ਚੌਖਟਿਆਂ ਵਿਚ ਕੈਦ ਕਰ ਰਹੀਆਂ ਸਨ। ਸਿੱਖਾਂ ਦਾ ਸਮਾਂ ਇਨ੍ਹਾਂ ਜੁਗ-ਗਰਦੀਆਂ ਦੇ ਹਾਸ਼ੀਏ ’ਤੇ ਅੰਗੜਾਈਆਂ ਲੈ ਰਿਹਾ ਸੀ।
ਇਹ ਸਭ ਕੁਝ ਮੈਥੋਂ ਪਹਿਲੀ ਪੀੜ੍ਹੀ ਵਿਚ ਹੀ ਵਾਪਰ ਚੁੱਕਾ ਸੀ। ਮੇਰੀ ਸੁਰਤ ਵਿਚ ਪੰਜਾਬ ਦੀ ਧਰਤੀ ’ਤੇ ਅਣਕਿਆਸਿਆ ਇਤਿਹਾਸਕ ਪਲ਼ਟਾਅ ਆਇਆ ਸੀ। 1970ਵਿਆਂ ਦੇ ਅਖੀਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਆਏ। ਉਨ੍ਹਾਂ ਨੇ ਇੱਕ ਇਤਿਹਾਸਕ ਲਹਿਰ ਦਾ ਮੁੱਢ ਬੰਨ੍ਹਿਆਂ ਜੋ ਉੱਪਰਲੀ ਸਤਹ ਤੋਂ ਵੇਖਿਆਂ ਸਿੱਖਾਂ ਦੇ ਸਿਆਸੀ ਸਰੋਕਾਰਾਂ ਲਈ ਸੰਘਰਸ਼ ਵਿੱਢਣ ਵਾਲ਼ੀ ਲਹਿਰ ਸੀ। ਪਰ ਅਸਲ ਵਿਚ ਇਹ ਲਹਿਰ ਸਿੱਖੀ ਅਤੇ ਸਿੱਖਾਂ ਦੀ ਹੋਂਦ ਖ਼ਿਲਾਫ਼ ਚੱਲ ਰਹੇ ਦਮਨ-ਚੱਕਰ ਨੂੰ ਬੁਨਿਆਦੀ ਪੱਧਰ ’ਤੇ ਚੁਣੌਤੀ ਦੇਣ ਵਾਲ਼ੀ ਲਹਿਰ ਸੀ। ਇਹ ਲਹਿਰ ਸਿੱਖੀ ਦੀ ਪੁਨਰ-ਸੁਰਜੀਤੀ ਦੀ ਲਹਿਰ ਹੋ ਨਿੱਬੜੀ। ਪਰ ਸਿੱਖਾਂ ਨੇ ਆਪਣਾ ਮੂਲ ਪਛਾਣਿਆ ਤੇ ਧਰਮ ਦੀ ਇਹ ਪੁਨਰ-ਸੁਰਜੀਤੀ ਸੱਭਿਆਚਾਰਕ ਪਲ਼ਟਾਅ ਦਾ ਰੂਪ ਧਾਰ ਗਈ। ਨੌਜੁਆਨਾਂ ਦਾ ਸਰੂਪ ਤੇ ਰਹਿਣੀ ਬਦਲ ਗਏ। ਉਨ੍ਹਾਂ ਦੇ ਸਰੋਕਾਰ ਸਿੱਧੇ ਧਾਰਮਿਕ ਹੋ ਗਏ। ਉਕਤ ਪਲ਼ਟਾਅ ਸਿੱਖਾਂ ਦੇ ਇੱਕ ਛੋਟੇ ਹਿੱਸੇ ਵਿਚੋਂ ਪੈਦਾ ਹੋਈ ਪ੍ਰੇਰਨਾਦਾਇਕ ਲਹਿਰ ਦੇ ਰੂਪ ਵਿਚ ਨਮੂਦਾਰ ਹੋਇਆ ਜੋ ਛੇਤੀ ਹੀ ਬਹੁਤ ਵਿਆਪਕ ਵਰਤਾਰਾ ਬਣ ਗਿਆ। ਇਸ ਪਲ਼ਟਾਅ ਦੀ ਵਿਆਪਕਤਾ ਦੇ ਬਾਵਜੂਦ, ਪੰਜਾਬ ਦਾ ਜਨਤਕ ਪਸਾਰ ਸਮੇਂ ਦੇ ਓਪਰੇ ਪ੍ਰਭਾਵਾਂ ਤੋਂ ਅਜੇ ਵੀ ਮੁਕਤ ਨਹੀਂ ਸੀ। ਦੇਸ ਅੰਦਰ ਪਰਦੇਸੀ ਹੋਣ ਦਾ, ਨਿਥਾਵੇਂ ਹੋਣ ਦਾ, ਅਹਿਸਾਸ ਸਾਡੇ ਦੌਰ ਵਿਚ ਹੋਰ ਵਿਅਕਤ ਹੋ ਗਿਆ ਸੀ। ਇਸ ਦੀ ਵਜ੍ਹਾ ਸੀ ਸਿੱਖਾਂ ਅੰਦਰ ਆਏ ਪਲ਼ਟਾਅ ਕਾਰਨ ਹਿੰਦੁਸਤਾਨੀ ਸਥਾਪਤੀ ਦੀ ਵਧੀ ਹੋਈ ਬੇਚੈਨੀ ਵਿਚੋਂ ਨਿਕਲ਼ੀ ਨਿਰਦਈ ਹਿੰਸਾ।
ਇਹ ਹਿੰਸਾ ਸਰੀਰਕ ਤੇ ਸੱਭਿਆਚਾਰਕ ਸੀ ਜਿਸ ਦੇ ਆਧਾਰ ਬਿਰਤਾਂਤਕ ਸਨ। ਹਿੰਦੁਸਤਾਨੀ ਹਕੂਮਤ ਨੂੰ ਸੱਭਿਆਚਾਰਕ ਹਿੰਸਾ ਦੀ ਲੋੜ ਦੀ ਬਹੁਤ ਸੁਚੇਤ ਪ੍ਰਤੀਤੀ ਸੀ। ਹਿੰਦੂ ਬ੍ਰਾਹਮਣਵਾਦੀ ਬਿਰਤਾਂਤ ਅਤੇ ਪੱਛਮੀ ਬਸਤੀਵਾਦੀ ਬਿਰਤਾਂਤ ਇਸ ਪ੍ਰਤੀਤੀ ਦੇ ਆਧਾਰ ਸਨ। ਬ੍ਰਾਹਮਣਵਾਦੀਆਂ ਕੋਲ਼ ਲੋਕਾਂ ਨੂੰ ਦਲਿਤ ਬਣਾ ਕੇ ਗ਼ੁਲਾਮਾਂ ਵਜੋਂ ਵਰਤਣ ਦਾ ਸਦੀਆਂ ਦਾ ਤਜਰਬਾ ਸੀ। ਪੱਛਮੀ ਬਸਤੀਵਾਦੀਆਂ ਕੋਲ਼ ਮਨੁੱਖੀ ਅੰਤਰਮੁਖਤਾ ਦੀ ਘਾੜਤ ਦੇ ਬਹੁਤ ਕਾਰਗਰ ਬਿਰਤਾਂਤ ਸਨ। ਬਸਤੀਵਾਦੀ ਇਨ੍ਹਾਂ ਬਿਰਤਾਂਤਾਂ ਨੂੰ ਬਸਤੀਆਂ ਦੇ ਮੂਲ-ਨਿਵਾਸੀਆਂ ਦੇ ਮਨ-ਮਸਤਕ ਨੂੰ ਆਪਣੇ ਹਿਸਾਬ ਨਾਲ਼ ਢਾਲਣ ਲਈ ਵਰਤਦੇ ਸਨ। ਬਸਤੀਵਾਦੀ ਸੱਤਾ ਤਹਿਤ ਆ ਗਏ ਲੋਕਾਂ ਦੀ ਅੰਤਰਮੁਖਤਾ ਦਾ ਅਜਿਹਾ ਕਾਇਆਕਲਪ ਬਸਤੀਵਾਦੀਆਂ ਦੇ ਸਾਮਰਾਜੀ ਮਨਸੂਬੇ ਲਈ ਲੋੜੀਂਦਾ ਸੀ। ਅਜਿਹੇ ਕਾਇਆਕਲਪ ਨਾਲ ਮੂਲ-ਨਿਵਾਸੀਆਂ ਵੱਲੋਂ ਬਸਤੀਵਾਦ ਖ਼ਿਲਾਫ਼ ਪ੍ਰਤੀਰੋਧ ਦੀ ਸੰਭਾਵਨਾ ਲਗਭਗ ਮੁੱਕ ਜਾਂਦੀ ਸੀ।
ਅੰਗਰੇਜ਼ ਬਸਤੀਵਾਦੀਆਂ ਦੇ ਲੋਕਾਂ ਨੂੰ ਗ਼ੁਲਾਮ ਬਣਾਉਣ ਦੇ ਹੱਥਕੰਡੇ ਸੰਨ ਸੰਤਾਲ਼ੀ ਦੀ ਸੱਤਾ ਤਬਦੀਲੀ ਤੋਂ ਬਾਅਦ ਹਿੰਦੂਆਂ ਨੂੰ ਬਹੁਤ ਰਾਸ ਆਏ। ਸੰਤਾਲ਼ੀ ਦੀ ਸੱਤਾ ਤਬਦੀਲੀ ਤੋਂ ਬਾਅਦ ਹਿੰਦੂ ਨਵੀਂ ਬਸਤੀਵਾਦੀ ਤਾਕਤ ਬਣ ਗਏ ਸਨ। ਉਨ੍ਹਾਂ ਨੇ ਸਰੀਰਕ ਹਿੰਸਾ ਦਾ ਆਧਾਰ ਤਿਆਰ ਕਰਨ ਵਾਲ਼ੇ ਸੱਭਿਆਚਾਰਕ ਹਿੰਸਾ ਦੇ ਬਣੇ-ਬਣਾਏ ਨਮੂਨੇ ਆਪਣੇ ਬਸਤੀਵਾਦੀ ਪੂਰਵ-ਅਧਿਕਾਰੀਆਂ ਤੋਂ ਲੈ ਲਏ ਸਨ। ਬਸਤੀਵਾਦੀ ਬਿਰਤਾਂਤਾਂ ਨੂੰ ਅਮਲੀ ਰੂਪ ਵਿਚ ਲਿਆਉਣ ਵੇਲ਼ੇ ਹਿੰਦੂ ਹਾਕਮਾਂ ਨੇ ਇਨ੍ਹਾਂ ਨੂੰ ਆਪਣੇ ਸਥਾਨਕ ਬਿਰਤਾਂਤਾਂ ਦੀ ਪੁੱਠ ਦੇ ਲਈ ਸੀ ਜਿਸ ਨਾਲ਼ ਇਹ ਜ਼ਮੀਨ ’ਤੇ ਲਾਗੂ ਕਰਨੇ ਹੋਰ ਸੌਖੇ ਹੋ ਗਏ। ਹਿੰਦੂ ਬਸਤੀਵਾਦੀ ਇਸ ਮਨਸੂਬੇ ਵਿਚ ਖ਼ਾਸ ਤੌਰ ’ਤੇ ਕਾਮਯਾਬ ਰਹੇ ਕਿਉਂਕਿ ਸਿੱਖਾਂ ਦੇ ਮੁਆਮਲੇ ਵਿਚ ਉਨ੍ਹਾਂ ਨੂੰ ਖੱਬੇਪੱਖੀ ਤੇ ਉਦਾਰਵਾਦੀ ਧਿਰਾਂ ਦੀ ਅਜਿਹੀ ਜ਼ੋਰਦਾਰ ਹਮਾਇਤ ਹਾਸਲ ਹੋਈ ਜਿਸ ਦੀ ਦੁਨੀਆ ਦੇ ਕਿਸੇ ਹੋਰ ਹਿੱਸੇ ’ਚੋਂ ਮਿਸਾਲ ਮਿਲਣੀ ਔਖੀ ਹੈ। ਹਿੰਦੁਸਤਾਨੀ ਪੁਲਿਸ ਤੇ ਫ਼ੌਜੀ ਦਸਤਿਆਂ ਦੀ ਸਰੀਰਕ ਹਿੰਸਾ ਦੇ ਪਿੱਛੇ ਕਾਰਜਸ਼ੀਲ ਸੱਭਿਆਚਾਰਕ ਹਿੰਸਾ ਦਾ ਵਰਤਾਰਾ ਹਰ ਸਿੱਖ ਦੇ ਮਨ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਸੀ। ਜਿਵੇਂ-ਜਿਵੇਂ ਹਿੰਦੁਸਤਾਨੀ ਹਾਕਮਾਂ ਨੂੰ ਲੱਗਦਾ ਸੀ ਕਿ ਸਿੱਖ ਆਪਣੀ ਆਜ਼ਾਦੀ ਦੀ ਮੰਜ਼ਲ ਵੱਲ ਵਧ ਰਹੇ ਹਨ ਉਵੇਂ-ਉਵੇਂ ਉਨ੍ਹਾਂ ਦੀ ਹਿੰਸਾ ਵਿਚ ਆਪਮੁਹਾਰਾ ਵਾਧਾ ਹੋ ਰਿਹਾ ਸੀ। ਜਿਵੇਂ-ਜਿਵੇਂ ਸਿੱਖਾਂ ’ਤੇ ਹਕੂਮਤੀ ਜਬਰ ਵਧ ਰਿਹਾ ਸੀ, ਉਵੇਂ-ਉਵੇਂ ਖੱਬੇਪੱਖੀ ਤੇ ਹਿੰਦੂ ਰਾਸ਼ਟਰਵਾਦੀ ਸਿੱਖਾਂ ਨੂੰ ਦੋਸ਼ੀ ਬਣਾ ਹੋਰ ਜ਼ੋਰ ਨਾਲ਼ ਹਾਸ਼ੀਏ ਵੱਲ ਧੱਕ ਰਹੇ ਸਨ। ਸਾਹਿਤਕ ਅਤੇ ਬੌਧਿਕ ਹਲਕਿਆਂ ਵਿਚ ਸਿੱਖ ਸਰੋਕਾਰਾਂ ਦੀ ਗੱਲ ਕਰਨੀ ਤਾਂ ਦੂਰ ਦੀ ਗੱਲ, ਸਿੱਖ ਸ਼ਬਦ ਬੋਲਣਾ ਹੀ ਵਰਜਿਤ ਸੀ। ਖੱਬੇਪੱਖੀ, ਉਦਾਰਵਾਦੀ, ਤੇ ਇਨ੍ਹਾਂ ਦੋਹਾਂ ਦੇ ਸਰਪ੍ਰਸਤ ਹਿੰਦੁਸਤਾਨੀ ਰਾਸ਼ਟਰਵਾਦੀ, ਅੰਤਿਮ ਫ਼ੈਸਲਾ ਦੇ ਚੁੱਕੇ ਸਨ ਕਿ ਪੰਜਾਬ ਵਿਚ ਪਛਾਣ ਦਾ ਆਧਾਰ ਸਿੱਖੀ ਨਹੀਂ, ਪੰਜਾਬੀਅਤ ਹੋਵੇਗੀ।
ਇਹ ਇੱਕਪਾਸੜ ਪ੍ਰਚਾਰ-ਮੁਹਿੰਮ ਸੀ ਜਿਸ ਵਿਚ ਸੰਵਾਦ ਦੀ ਕੋਈ ਸੰਭਾਵਨਾ ਨਹੀਂ ਸੀ। ਪੰਜਾਬ ਦੇ ਬੌਧਿਕ ਅਤੇ ਸਾਹਿਤਕ ਅਦਾਰਿਆਂ ’ਤੇ ਖੱਬੇਪੱਖੀ, ਉਦਾਰਵਾਦੀ, ਤੇ ਹਿੰਦੁਸਤਾਨੀ ਰਾਸ਼ਟਰਵਾਦੀਆਂ ਦਾ ਮੁਕੰਮਲ ਕਬਜ਼ਾ ਸੀ। ਪੰਜਾਬ ਦੇ ਬੌਧਿਕ ਅਤੇ ਸਾਹਿਤਕ ਹਲਕਿਆਂ ਦੇ ਸੱਭਿਆਚਾਰ ਵਿਚ ਬੌਧਿਕਤਾ ਅਤੇ ਸਾਹਿਤਕਤਾ ਦੋਵੇਂ ਗ਼ੈਰਹਾਜ਼ਰ ਸਨ। ਇਸ ਗੱਲ ’ਤੇ ਕਦੇ ਵਿਚਾਰ ਨਹੀਂ ਸੀ ਹੁੰਦੀ ਕਿ ਪਛਾਣ ਦੇ ਆਧਾਰ ਸੱਭਿਆਚਾਰਕ ਹੀ ਕਿਉਂ ਹੋਣ, ਧਾਰਮਿਕ ਕਿਉਂ ਨਹੀਂ ਹੋ ਸਕਦੇ। ਅਸਲ ਵਿਚ ਕਿਸੇ ਵੀ ਗੱਲ ’ਤੇ ਵਿਚਾਰ ਨਹੀਂ ਸੀ ਹੁੰਦੀ। ਖੱਬੇਪੱਖੀਆਂ ਅਤੇ ਉਦਾਰਵਾਦੀਆਂ ਦਾ ਯਕੀਨ ਸੀ ਕਿ ਉਨ੍ਹਾਂ ਕੋਲ਼ ਕਾਇਨਾਤੀ ਸੱਚ ਹੈ ਜਿਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਉਨ੍ਹਾਂ ਦਾ ਬੁਨਿਆਦੀ ਹੱਕ ਸੀ। ਇਸ ਕਰਕੇ, ਇਨ੍ਹਾਂ ਭੱਦਰ ਲੋਕਾਂ ਨੇ ਬਿਨਾਂ ਕਿਸੇ ਅਧਿਐਨ ਜਾਂ ਚਿੰਤਨ ਤੋਂ ਧਰਮ ਨੂੰ ਪੱਛਮੀ ਸੰਬੋਧ ਰਿਲਿਜਨ ਦਾ ਸਮਅਰਥੀ ਮੰਨ ਲਿਆ। ਇਸ ਵਿਸ਼ੇ ’ਤੇ ਵਿਸਥਾਰ ਵਿਚ ਅਗਾਂਹ ਗੱਲ ਕਰਾਂਗੇ। ਪਹਿਲਾਂ ਪੰਜਾਬ ਦੀ ਸਾਹਿਤਕ ਸਥਾਪਤੀ ਨਾਲ਼ ਮੇਰੇ ਅਨੁਭਵ ਦੇ ਕੁਝ ਵੇਰਵੇ ਸਾਂਝੇ ਕਰਦੇ ਹਾਂ।