ਗੋਰਬਾਚੋਵ ਦੇ ਹਵਾਲੇ ਨਾਲ ਰੂਸੀ ਇਨਕਲਾਬ ਨੂੰ ਯਾਦ ਕਰਦਿਆਂ

ਗੁਰਬਚਨ ਸਿੰਘ
ਫੋਨ: +91-98156-98451
ਕਿਸੇ ਵੇਲੇ ਕਿਰਤੀ ਜਮਾਤ ਦੇ ਅਗਵਾਨੂ ਦੀ ਭੂਮਿਕਾ ਵਿਚ ਰਹੇ ਸੋਵੀਅਤ ਸੰਘ ਦੇ ਅਖੀਰਲੇ ਸ਼ਾਸਕ ਮਿਖਾਈਲ ਗੋਰਬਾਚੋਵ ਦੀ ਮੌਤ ਤੋਂ ਬਾਅਦ ਵੱਖ-ਵੱਖ ਵਿਦਵਾਨਾਂ ਨੇ ਰੂਸ ਦੇ ਇਨਕਲਾਬ ਬਾਰੇ ਆਪੋ-ਆਪਣੇ ਹਿਸਾਬ ਨਾਲ ਟਿੱਪਣੀਆਂ ਕੀਤੀਆਂ ਹਨ। ਜਲੰਧਰ ਵੱਸਦੇ ਵਿਦਵਾਨ ਸ. ਗੁਰਬਚਨ ਸਿੰਘ ਨੇ ‘ਪੰਜਾਬ ਟਾਈਮਜ਼’ ਲਈ ਇਹ ਵਿਸ਼ੇਸ਼ ਲੇਖ ਭੇਜਿਆ ਹੈ ਜਿਸ ਵਿਚ ਉਨ੍ਹਾਂ ਰੂਸੀ ਇਨਕਲਾਬ ਦੇ ਸਰਬਰਾਹ ਵਲਾਦੀਮੀਰ ਇਲੀਇਚ ਲੈਨਿਨ ਦੇ ਹਵਾਲੇ ਨਾਲ ਕਈ ਟਿੱਪਣੀਆਂ ਵੀ ਆਪਣੇ ਇਸ ਲੇਖ ਵਿਚ ਕੀਤੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹ ਟਿੱਪਣੀਆਂ ਕਰਦੇ ਵਕਤ ਉਹ ਉਸ ਵਕਤ ਦੇ ਹਾਲਾਤ ਨੂੰ ਉਕਾ ਹੀ ਵਿਸਾਰ ਗਏ ਜਦੋਂ ਸੰਸਾਰ ਵਿਚ ਪਹਿਲੀ ਵਾਰ ਹੋਈ ਅਜਿਹੀ ‘ਜੱਗੋਂ ਤੇਰਵੀਂ’ ਤੋਂ ਪੂੰਜੀਵਾਦੀ ਸੰਸਾਰ ਬਹੁਤ ਔਖਾ ਹੋਇਆ ਪਿਆ ਸੀ। ਇਹ ਉਹੀ ਪੂੰਜੀਵਾਦੀ ਸੰਸਾਰ ਸੀ ਜਿਸ ਨੇ ਅੱਜ ਮਨੁੱਖਤਾ ਨੂੰ ਮੌਤ ਦੇ ਕਗਾਰ ‘ਤੇ ਲਿਆ ਖੜ੍ਹਾਇਆ ਹੈ। ਉਨ੍ਹਾਂ ਆਪਣੇ ਲੇਖ ਵਿਚ ਨਾਸਤਿਕਤਾ/ਆਸਤਿਕਤਾ ਨੂੰ ਵੀ ਮੁੱਖ ਮੁੱਦਾ ਬਣਾਇਆ ਹੈ।

ਵੱਡੇ ਭਾਈ ਸ. ਕਰਮਜੀਤ ਸਿੰਘ ਨੇ ਗੋਰਬਾਚੋਵ ਨੂੰ ਬੜੀ ਦਿਲਚਸਪ ਸ਼ਰਧਾਂਜਲੀ ਭੇਟ ਕੀਤੀ ਹੈ। ‘‘ਦੋਸਤੋ! ਗੋਰਬਾਚੋਵ ਦੀ ਮੌਤ ਨੂੰ ਕਿਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾਵੇ? ਅਸਲ ਵਿਚ ਢੁਕਵੇਂ ਸ਼ਬਦਾਂ ਦਾ ਕਾਲ ਪੈ ਗਿਆ ਹੈ। ਦਾਸਤੋਵਸਕੀ ਅਤੇ ਟਾਲਸਟਾਏ ਦਾ ਦੇਸ ਉਸ ਨੂੰ ਕਿਵੇਂ ਯਾਦ ਕਰਦਾ ਹੈ? ਅਤੇ ‘‘ਪੱਛਮ ਵਾਲੇ’’ ਕਿਵੇਂ ਸੋਚਦੇ ਹਨ? ਵੈਸੇ ਇਤਿਹਾਸ ਦਾ ਪੈਂਡੂਲਮ ਦੋਵੇਂ ਪਾਸੇ ਘੁੰਮਦਾ ਨਜ਼ਰ ਆ ਰਿਹਾ ਹੈ। ਅੱਜ ਦੀ ਰੂਸੀ ਜਵਾਨੀ ਨੂੰ ਬਹੁਤ ਘੱਟ ਪਤਾ ਹੈ ਕਿ ਉਹ ਕੌਣ ਸੀ। ਹਾਲਾਤ ਕਿੰਨੇ ਬਦਲ ਗਏ ਹਨ ਕਿ ਉਹ ਆਪਣੇ ਹੀ ਮੁਲਕ ਵਿਚ ਅਜਨਬੀ ਹੋ ਕੇ ਰਹਿ ਗਿਆ ਹੈ। ਗੋਰਬਾਚੋਵ ਨੂੰ ਰੱਜ ਕੇ ਪ੍ਰਸ਼ੰਸਾ ਵੀ ਤੇ ਲਾਹਣਤਾਂ ਵੀ ਮਿਲਦੀਆਂ ਰਹੀਆਂ। ਇਹੋ ਉਸ ਦੀ ਤਕਦੀਰ ਵਿਚ ਲਿਖਿਆ ਗਿਆ ਸੀ।’’
‘‘ਉਸ ਨੇ ਇਕ ਝਟਕੇ ਨਾਲ ਸੱਤ ਦਹਾਕਿਆਂ ਦੀ ਇਕ ਤਾਕਤਵਰ ਸਲਤਨਤ ਨੂੰ ਅਸਮਾਨ ਤੋਂ ਚੁੱਕ ਕੇ ਧਰਤੀ ਉਤੇ ਪਟਕਾ ਮਾਰਿਆ। ਦੂਜੇ ਸ਼ਬਦਾਂ ਵਿਚ ਹੱਥੀਂ ਕੰਮ ਕਰਨ ਵਾਲੇ ਕਿਰਤੀਆਂ ਦਾ ਜਿਹੜਾ ਇਨਕਲਾਬ 1917 ਵਿਚ ਇਸ ਦੁਨੀਆਂ ਨੇ ਵੇਖਿਆ ਉਹ ਇਤਿਹਾਸ ਦੇ ਬਲੈਕ ਹੋਲ ਨੇ 1991 ਵਿਚ ਆਪਣੇ ਅੰਦਰ ਖਿੱਚ ਲਿਆ।’’
ਗੋਰਬਾਚੋਵ ਦਾ ਇਹ ਹਸ਼ਰ ਕਿਉਂ ਹੋਇਆ?
ਇਹ ਜਾਣਨ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੀਦਾ ਹੈ ਕਿ ‘1917 ਵਿਚ ਰੂਸ ਅੰਦਰ ਆਇਆ ਕਿਰਤੀਆਂ ਦਾ ਇਨਕਲਾਬ ਇਤਿਹਾਸ ਦੇ ਬਲੈਕ ਹੋਲ ਨੇ ਆਪਣੇ ਅੰਦਰ’ ਕਿਉਂ ਖਿੱਚ ਲਿਆ?
ਕਾਰਲ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਹੀ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਵੀ ਵਰਤਾਰੇ ਦੇ ਵਿਕਾਸ ਤੇ ਵਿਨਾਸ਼ ਦੇ ਕਾਰਨ ਉਸ ਦੇ ਅੰਦਰ ਹੀ ਮੌਜੂਦ ਹੁੰਦੇ ਹਨ। ਸੰਖੇਪ ਵਿਚ ਇਥੇ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਰੂਸੀ ਇਨਕਲਾਬ ਦੇ ਆਗੂ ਲੈਨਿਨ ਨੇ 1917 ਤੋਂ ਬਾਅਦ ਰੂਸੀ ਇਨਕਲਾਬ ਨੂੰ ਅੱਗੇ ਵਧਾਉਂਦਿਆ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਦੇੇ ਬਹੁਤ ਹੀ ਅਹਿਮ ਪੱਖਾਂ ਨੂੰ ਅਣਗੌਲਿਆ ਕਰ ਦਿੱਤਾ। ਉਸ ਨੇ ਮਨੁੱਖ ਦੇ ਪਦਾਰਥਕ ਵਿਕਾਸ ਉਤੇ ਜ਼ੋਰ ਦੇਂਦਿਆਂ ਉਸ ਦੇ ਸਮਾਜੀ ਅਤੇ ਆਤਮਿਕ ਵਿਕਾਸ ਨੂੰ ਕੋਈ ਅਹਿਮੀਅਤ ਨਾ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਸਮਾਜਵਾਦੀ ਜਾਂ ਕਮਿਊਨਿਸਟ ਮਨੁੱਖ ਸਿਰਜਿਆ ਹੀ ਨਾ ਜਾ ਸਕਿਆ।
ਇਨਕਲਾਬ ਤੋਂ ਬਾਅਦ ਲੈਨਿਨ ਦੀ ਘੜੀ ਨਵੀਂ ਆਰਥਿਕ ਨੀਤੀ ਨੇ ਮਨੁੱਖ ਦੀਆਂ ਸੀਮਤ ਬੁਨਿਆਦੀ ਲੋੜਾਂ ਦੀ ਪੈਦਾਵਾਰ ਉਤੇ ਜੋ਼ਰ ਦੇਣ ਦੀ ਥਾਂ ਪੂੰਜੀਵਾਦੀਆਂ ਵਾਂਗ ਮਨੁੱਖ ਦੀਆਂ ਖਪਤਕਾਰੀ ਵਸਤੂਆਂ ਦੀ ਪੈਦਾਵਾਰ ਉਤੇ ਜ਼ੋਰ ਦਿੱਤਾ। ਇਹੀ ਕਾਰਨ ਸੀ ਕਿ ਮੁੱਖ ਜ਼ੋਰ ਖੇਤੀਬਾੜੀ ਉਤੇ ਦੇਣ ਦੀ ਬਜਾਇ ਸਾਰਾ ਜ਼ੋਰ ਦੇਸ ਦੇ ਸਨਅਤੀਕਰਨ ਉਤੇ ਲਾ ਦਿੱਤਾ ਗਿਆ ਅਤੇ ਕਿਸਾਨੀ ਨੂੰ ਹਮੇਸ਼ਾਂ ਲਈ ਨੌਕਰਸ਼ਾਹੀ ਦਾ ਗੁਲਾਮ ਬਣਾ ਦਿੱਤਾ ਗਿਆ। ਸੋਵੀਅਤ ਯੂਨੀਅਨ ਦੀ ਇਸੇ ਖਾਮੀ ਨੇ ਰੂਸ ਦੇ ਅਰਥਚਾਰੇ ਨੂੰ ਹੁਣ ਤਕ ਬੇੜੀਆਂ ਪਾਈਆਂ ਹੋਈਆਂ ਹਨ। ਪਿਛਲੇ ਸਾਲ ਦਿੱਲੀ ਦੀਆਂ ਬਰੂਹਾਂ ਉਤੇ ਚੱਲੇ ਕਿਸਾਨ ਅੰਦੋਲਨ ਨੇ ਮੌਜੂਦਾ ਪੈਦਾਵਾਰੀ ਪ੍ਰਬੰਧ ਦੀ ਇਸੇ ਸਦੀਵੀ ਕਮਜ਼ੋਰੀ ਨੂੰ ਪ੍ਰਗਟ ਕੀਤਾ ਹੈ।
ਦਰਅਸਲ ਲੈਨਿਨ ਨੇ ਕਮਿਊਨਿਜ਼ਮ ਨੂੰ ਨਾਸਤਿਕਤਾ ਨਾਲ ਬੰਨ੍ਹ ਕੇ ਮਾਰਕਸ ਵਲੋਂ ਵਿਕਸਿਤ ਕੀਤੇ ਗਏ ਕੁਦਰਤ ਅਤੇ ਮਨੁੱਖ ਦੇ ਆਪਸੀ ਬੁਨਿਆਦੀ ਰਿਸ਼ਤੇ ਨੂੰ ਹੀ ਮਨੁੱਖ ਦੀ ਚੇਤਨਾ ਵਿਚੋਂ ਮਨਫੀ ਕਰ ਦਿੱਤਾ। ਇਹੀ ਕਾਰਨ ਸੀ ਕਿ ਰੂਸੀ ਬੰਦਾ ਆਪਣੀ ਅਸਲੀ ਕੁਦਰਤੀ ਹੋਂਦ ਦਾ ਅਹਿਸਾਸ ਹੀ ਨਾ ਕਰ ਸਕਿਆ। ਲੈਨਿਨ ਦਾ ਕਥਨ ਹੈ, ‘‘ਕਮਿਊਨਿਸਟਾਂ ਦੇ ਸਮੁੱਚੇ ਸੰਸਾਰ ਦ੍ਰਿਸ਼ਟੀਕੋਣ ਦਾ ਆਧਾਰ ਵਿਗਿਆਨਕ ਸਮਾਜਵਾਦ ਭਾਵ ਮਾਰਕਸਵਾਦ ਹੈ। ਮਾਰਕਸਵਾਦ ਦਾ ਫਲਸਫਈ ਆਧਾਰ, ਜਿਵੇਂ ਕਿ ਮਾਰਕਸ ਅਤੇ ਏਂਗਲਜ ਨੇ ਵਾਰ ਵਾਰ ਐਲਾਨ ਕੀਤਾ ਹੈ, ਦਵੰਦਵਾਦੀ ਭੌਤਿਕਵਾਦ ਹੈ, ਜੋ ਕਤਈ ਤੌਰ ਉਤੇ ਨਾਸਤਿਕਵਾਦੀ ਤੇ ਸਮੁੱਚੇ ਧਰਮ ਦਾ ਕੱਟੜ ਵਿਰੋਧੀ ਹੈ।’’… ‘‘ਧਰਮ ਲੋਕਾਂ ਲਈ ਅਫੀਮ ਹੈ, ਮਾਰਕਸ ਦਾ ਇਹ ਕਥਨ ਧਰਮ ਸੰਬੰਧੀ ਸਮੁੱਚੇ ਮਾਰਕਸਵਾਦੀ ਨਜ਼ਰੀਏ ਦਾ ਨੀਂਹ ਪੱਥਰ ਹੈ।’’
… ‘‘ਮਾਰਕਸਵਾਦ ਭੌਤਿਕਵਾਦ ਹੈ, ਇਸ ਲਈ ਇਹ ਧਰਮ ਦਾ ਓਡਾ ਹੀ ਬੇਕਿਰਕ ਦੁਸ਼ਮਣ ਹੈ, ਜਿੱਡਾ ਅਠਾਰਵੀਂ ਸਦੀ ਦੇ ਬੁੱਧੀਜੀਵੀਆਂ ਜਾਂ ਫਿਊਰਬਾਖ ਦਾ ਭੌਤਿਕਵਾਦ ਸੀ। ਇਹ ਸ਼ੰਕਾ ਰਹਿਤ ਹੈ। ਸਗੋਂ ਮਾਰਕਸ ਤੇ ਏਂਗਲਜ ਦਾ ਵਿਰੋਧ ਵਿਕਾਸੀ ਭੌਤਿਕਵਾਦ ਬੁੱਧੀਜੀਵੀਆਂ ਤੇ ਫਿਊਰਬਾਖ ਦੇ ਭੌਤਿਕਵਾਦ ਤੋਂ ਵੀ ਅਗਾਂਹ ਜਾਂਦਾ ਹੈ। ਕਿਉਂਕਿ ਇਹ ਭੌਤਿਕਵਾਦੀ ਫਿਲਾਸਫੀ ਨੂੰ ਇਤਿਹਾਸ ਦੇ ਖੇਤਰ ਵਿਚ ਅਤੇ ਸਮਾਜੀ ਵਿਗਿਆਨਾਂ ਦੇ ਖੇਤਰ ਵਿਚ ਲਾਗੂ ਕਰਦਾ ਹੈ। ਸਾਨੂੰ ਧਰਮ ਵਿਰੁੱਧ ਲੜਨਾ ਚਾਹੀਦਾ ਹੈ, ਇਹ ਸਾਰੇ ਭੌਤਿਕਵਾਦ ਦਾ ਅਤੇ ਇਸਦੇ ਸਿੱਟੇ ਵਜੋਂ ਮਾਰਕਸਵਾਦ ਦਾ ੳ ਅ ਹੈ। ਪਰ ਮਾਰਕਸਵਾਦ ਇਕ ਅਜਿਹਾ ਭੌਤਿਕਵਾਦ ਨਹੀਂ, ਜਿਹੜਾ ੳ ਅ ਉਤੇ ਠਹਿਰ ਜਾਂਦਾ ਹੈ ਸਗੋਂ ਮਾਰਕਸਵਾਦ ਇਸ ਤੋਂ ਵੀ ਅਗਾਂਹ ਜਾਂਦਾ ਹੈ। ਇਹ ਕਹਿੰਦਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਰਮ ਵਿਰੁੱਧ ਕਿਵੇਂ ਲੜਿਆ ਜਾਵੇ ਅਤੇ ਇੰਜ ਕਰਨ ਲਈ ਸਾਨੂੰ ਇਕ ਭੌਤਿਕਵਾਦੀ ਢੰਗ ਨਾਲ ਧਰਮ ਤੇ ਵਿਸ਼ਵਾਸ ਦੇ ਸੋਮਿਆਂ ਦੀ ਜਨਤਾ ਵਿਚ ਵਿਆਖਿਆ ਕਰਨੀ ਚਾਹੀਦੀ ਹੈ।’’
ਇਥੇ ਮਾਰਕਸ ਤੇ ਲੈਨਿਨ ਦੇ ਧਰਮ ਬਾਰੇ ਵਿਚਾਰਾਂ ਵਿਚਲੇ ਵਖਰੇਵੇਂ ਨੂੰ ਸਪੱਸ਼ਟ ਤੌਰ ਉਤੇ ਵੇਖਿਆ ਜਾ ਸਕਦਾ ਹੈ। ਮਾਰਕਸ ਧਰਮ ਨੂੰ ਲੋਕਾਂ ਦੀ ਅਫੀਮ (ਪੂੰਜੀਵਾਦੀ ਪ੍ਰਬੰਧ ਤੋਂ ਪੀੜਤ ਮਨੁੱਖ ਵਲੋਂ ਆਪਣੀ ਪੀੜ ਘਟਾਉਣ ਲਈ ਵਰਤੀ ਜਾਂਦੀ ਇਕ ਦਵਾਈ) ਮੰਨਦਾ ਹੈ, ਜਦਕਿ ਲੈਨਿਨ ਧਰਮ ਨੂੰ ਲੋਕਾਂ ਲਈ ਅਫੀਮ (ਪੀੜਤ ਮਨੁੱਖ ਦੀ ਚੇਤਨਾ ਨੂੰ ਸਿਥਲ ਕਰਨ ਲਈ ਇਕ ਨਸ਼ਾ) ਮੰਨਦਾ ਹੈ। ਮਾਰਕਸ ਇਕ ਕਮਿਊਨਿਸਟ ਸਿਧਾਂਤਕਾਰ ਦੇ ਤੌਰ ਉਤੇ ਨਾਸਤਿਕਤਾ ਦਾ ਵਿਰੋਧ ਕਰਦਾ ਹੈ ਜਦਕਿ ਲੈਨਿਨ ਨਾਸਤਿਕਤਾ ਨੂੰ ਆਪਣੇ ਭੌਤਿਕਵਾਦ ਦਾ ਮੂਲ ਆਧਾਰ ਬਣਾ ਧਰਦਾ ਹੈ। ਮਾਰਕਸ ਅਨੁਸਾਰ, ‘‘ਕਮਿਊਨਿਜ਼ਮ ਦੀ ਸ਼ੁਰੂਆਤ (ਓਵਨ ਤੋਂ) ਨਾਸਤਿਕਤਾ ਨਾਲ ਹੁੰਦੀ ਹੈ ਪਰ ਨਾਸਤਿਕਤਾ ਪਹਿਲੀ ਨਜ਼ਰੇ ਹੀ ਕਮਿਊਨਿਜ਼ਮ ਤੋਂ ਦੂਰ ਹੈ।’’
… ‘‘ਮਨੁੱਖ ਤੇ ਕੁਦਰਤ ਦੇ ਕਲਪਿਤ ਰਿਸ਼ਤੇ ਦੀ ਹੋਂਦ ਤੋਂ ਇਨਕਾਰੀ ਹੋਣ ਵਜੋਂ ਨਾਸਤਿਕਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਨਾਸਤਿਕਤਾ ਰੱਬ ਤੋਂ ਇਨਕਾਰੀ ਹੋਣਾ ਹੈ ਅਤੇ ਇਹ ਮਨੁੱਖੀ ਹੋਂਦ ਦੀ ਧਾਰਨਾ ਰੱਬ ਤੋਂ ਇਨਕਾਰੀ ਹੋਣ ਵਜੋਂ ਬਣਾਉਣਾ ਹੈ। ਪਰ ਸਮਾਜਵਾਦ ਨੂੰ ਸਮਾਜਵਾਦ ਦੇ ਤੌਰ ਉਤੇ ਹੁਣ ਅਜਿਹੀ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ। ਇਹ ਮਨੁੱਖ ਦੀ ਸਿਧਾਂਤਕ ਅਤੇ ਅਮਲੀ (ਇੰਦ੍ਰਿਆਵੀ) ਅਨੁਭਵੀ ਚੇਤਨਾ ਅਤੇ ਕੁਦਰਤ ਦੀ ਇਸਦੇ ਤੱਤ ਵਜੋਂ ਹੋਂਦ ਤੋਂ ਆਰੰਭ ਕਰਦਾ ਹੈ।’’
ਮਾਰਕਸ ਨੇ ਕਿਤੇ ਵੀ ਨਾਸਤਿਕਤਾ ਦੀ ਪੈਰਵਾਈ ਨਹੀਂ ਕੀਤੀ ਸਗੋਂ ਉਹ ਨਾਸਤਿਕਤਾ ਨੂੰ ਕਮਿਊਨਿਜ਼ਮ ਤੋਂ ਦੂਰ ਦੱਸਦਾ ਹੈ। ਮਾਰਕਸ ਨੇ ਆਪਣੀਆ ਲਿਖਤਾਂ ਵਿਚ ਅਨੇਕ ਵਾਰ ਦੁਹਰਾਇਆ ਹੈ ਕਿ ‘ਧਾਰਮਿਕਤਾ ਦਾ ਭੇਦ ਇਨਸਾਨੀਅਤ ਦਾ ਜਜ਼ਬਾ ਭਾਵ ਪਰਉਪਕਾਰ ਦੀ ਭਾਵਨਾ ਹੈ।’ ਮਾਰਕਸ ਦੀ ਸਮਝ ਅਨੁਸਾਰ ਧਰਮ ਓਨਾ ਚਿਰ ਖਤਮ ਨਹੀਂ ਹੋ ਸਕਦਾ, ਜਿੰਨਾ ਚਿਰ ਮਨੁੱਖ ਆਪਣੀ ਚੇਤਨਾ ਅੰਦਰ ਕੁਦਰਤ ਤੇ ਆਪਣੇ ਨਾਲਦੇ ਮਨੁੱਖਾਂ ਨਾਲ ਆਪਣੇ ਅਟੁੱਟ ਅਨੁਭਵੀ ਰਿਸ਼ਤੇ ਬਾਰੇ ਸਪੱਸ਼ਟ ਨਹੀਂ ਹੋ ਜਾਂਦਾ। ਜਦਕਿ ਲੈਨਿਨ ਐਨ ਮੁੱਢ ਤੋਂ ਹੀ ਕੁਦਰਤ ਅਤੇ ਮਨੁੱਖ ਦੇ ਰਿਸ਼ਤੇ ਨੂੰ ਆਪਣੀ ਸੋਚ ਵਿਚ ਸਪੱਸ਼ਟ ਕੀਤਿਆਂ ਬਗੈਰ ਬਲਕਿ ਇਸ ਰਿਸ਼ਤੇ ਨੂੰ ਉਲਝਾ ਕੇ ਧਰਮ ਦਾ ਖਾਤਮਾ ਕਰਨਾ ਲੋਚਦਾ ਹੈ।
ਲੈਨਿਨ ਜਦੋਂ ਇਕ ਭੌਤਿਕਵਾਦੀ ਢੰਗ ਨਾਲ ਧਰਮ ਤੇ ਵਿਸ਼ਵਾਸ ਦੇ ਸੋਮਿਆਂ ਦੀ ਜਨਤਾ ਵਿਚ ਵਿਆਖਿਆ ਕਰਨ ਦੀ ਗੱਲ ਕਰਦਾ ਹੈ ਤਾਂ ਇਸ ਦਾ ਮਾਰਕਸੀ ਅਰਥ ਵੀ ਇਹੀ ਬਣਦਾ ਹੈ ਕਿ ਕੁਦਰਤ ਅਤੇ ਭਾਰੂ ਪ੍ਰਬਲ ਸ਼ਕਤੀਆਂ ਬਾਰੇ ਮਨੁੱਖੀ ਮਨਾਂ ਵਿਚ ਬਣਿਆ ਕਲਪਿਤ ਅਕਸ ਖਤਮ ਕੀਤਾ ਜਾਵੇ ਅਤੇ ਕੁਦਰਤ ਤੇ ਮਨੁੱਖ ਦੇ ਸਿੱਧੇ ਅਤੇ ਅਟੁੱਟ ਅਨੁਭਵੀ ਰਿਸ਼ਤੇ ਬਾਰੇ ਮਨੁੱਖੀ ਚੇਤਨਾ ਸਪੱਸ਼ਟ ਹੋਵੇ। ਪਰ ਲੈਨਿਨ ਦੀਆਂ ਦਾਰਸ਼ਨਿਕ ਲਿਖਤਾਂ ਵਿਚ ਕਿਤੇ ਵੀ ਇਹ ਯਤਨ ਨਹੀਂ ਕੀਤਾ ਗਿਆ। ਜਦਕਿ ਮਾਰਕਸ ਦੀ ਹਰੇਕ ਦਾਰਸ਼ਨਿਕ ਲਿਖਤ ਵਿਚ ਇਹ ਯਤਨ ਸਪੱਸ਼ਟ ਨਜ਼ਰ ਆਉਂਦੇ ਹਨ। ਆਲਮੀ ਕਮਿਊਨਿਸਟ ਲਹਿਰ ਦਾ ਆਗੂ ਹੋਣ ਕਰ ਕੇ ਲੈਨਿਨ ਨੇ ਸਮੁੱਚੀ ਆਲਮੀ ਕਮਿਊਨਿਸਟ ਲਹਿਰ ਨੂੰ ਹੀ ਧਰਮਾਂ ਬਾਰੇ ਮਾਰਕਸੀ ਸਮਝ ਤੋਂ ਪਰਾਂ ਗਲਤ ਦਿਸ਼ਾ ਵੱਲ ਤਿਲਕਾ ਦਿੱਤਾ। ਪੰਜਾਬ ਵਿਚ ਇਸੇ ਗਲਤੀ ਦਾ ਪ੍ਰਭਾਵ ਭਾਈ ਸੰਤੋਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖੀ ਅਤੇ ਕਮਿਊਨਿਸਟ ਲਹਿਰ ਵਿਚ ਪਈ ਦੁਫੇੜ ਤੋਂ ਵੇਖਿਆ ਜਾ ਸਕਦਾ ਹੈ।
ਕੁਦਰਤ ਅਤੇ ਮਨੁੱਖ ਦਾ ਆਪਸੀ ਅਨੁਭਵੀ ਰਿਸ਼ਤਾ ਸਪੱਸ਼ਟ ਕੀਤੇ ਬਗੈਰ ਜਦੋਂ ਧਰਮ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਮਨੁੱਖ ਦਾ ਆਤਮਿਕ ਵਿਕਾਸ, ਜਿਸ ਦਾ ਮੂਲ ਆਧਾਰ ਮਨੁੱਖ ਅਤੇ ਕੁਦਰਤ ਦੇ ਆਪਸੀ ਰਿਸ਼ਤੇ ਦਾ ਇੰਦ੍ਰਿਆਵੀ ਅਨੁਭਵ ਹੈ, ਉਹ ਅਣਗੌਲਿਆ ਹੋ ਜਾਂਦਾ ਹੈ। ਇਹੀ ਕੁਝ ਆਲਮੀ ਕਮਿਊਨਿਸਟ ਲਹਿਰ ਨਾਲ ਵਾਪਰਿਆ ਹੈ। ਰੂਹਾਨੀਅਤ ਹੋਰ ਕੁਝ ਨਹੀਂ ਸਗੋਂ ਮਨੁੱਖ ਦਾ ਕੁਦਰਤ ਦੀ ਅਨੰਤਤਾ, ਬੇਅੰਤਤਾ, ਵੰਨ-ਸੁਵੰਨਤਾ ਅਤੇ ਆਪਣੀਆਂ ਸੀਮਤ ਲੋੜਾਂ ਬਾਰੇ ਹੋਇਆ ਜਜ਼ਬਾਤੀ ਅਨੁਭਵ ਹੈ। ਇਹ ਅਨੁਭਵ ਹੀ ਮਨੁੱਖ ਦੇ ਮਨ ਅੰਦਰ ਆਪਣੇ ਨਾਲਦੇ ਮਨੁੱਖਾਂ ਬਾਰੇ ਸਮਾਜੀ ਰਿਸ਼ਤੇ ਦਾ ਅਹਿਸਾਸ ਪੈਦਾ ਕਰਦਾ ਹੈ ਅਤੇ ਮਨੁੱਖ ਦੇ ਮਨ ਵਿਚ ਸਰਬੱਤ ਦੇ ਭਲੇ ਦੀ ਚੇਤਨਾ ਪੈਦਾ ਹੁੰਦੀ ਹੈ।
ਰੂਸੀ ਮਨੁੱਖ ਦੇ ਆਤਮਿਕ ਵਿਕਾਸ ਨੂੰ ਅਣਗੌਲਿਆ ਕਰਨ ਦੀ ਨਿਸ਼ਾਨਦੇਹੀ ਚੀਨੀ ਕਮਿਊਨਿਸਟ ਲਹਿਰ ਦੇ ਆਗੂ ਮਾਓ-ਜੇ-ਤੁੰਗ ਨੇ ਵੀ ਕੀਤੀ ਹੈ। ਸਟਾਲਿਨ ਦੀ ਇਕ ਅਹਿਮ ਲਿਖਤ, ‘ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਅਰਥਚਾਰੇ ਦੀਆਂ ਸਮੱਸਿਆਵਾਂ’ ਦੀ ਪੜਚੋਲ ਕਰਦਿਆਂ ਮਾਓ-ਜੇ-ਤੁੰਗ ਨੇ ਲਿਖਿਆ ਹੈ, ‘‘ਇਸ ਲਿਖਤ ਦਾ ਮੂਲ ਪਾਠ ਹਰ ਕਦਮ ਉਤੇ ਨਿੱਜੀ ਪਦਾਰਥਕ ਹਿੱਤਾਂ ਦੀ ਗੱਲ ਕਰਦਾ ਹੈ, ਜਿਵੇਂ ਕਿ ਲੋਕਾਂ ਨੂੰ ਖੁਸ਼ਹਾਲ ਭਵਿੱਖ ਦੇ ਝਾਂਸੇ ਵਿਚ ਲਿਆਉਣ ਲਈ ਇਹੀ ਇਕ ਦਿਲ ਟੁੰਬਵਾਂ ਸਾਧਨ ਹੋਵੇ। ਇਹ ਚੋਖੀ ਗਿਣਤੀ ਦੇ ਰੂਸੀ ਕਿਰਤੀਆਂ ਤੇ ਆਗੂ ਸ਼ਖਸੀਅਤਾਂ ਦੀ ਆਤਮਿਕ ਹਾਲਤ ਦਾ ਪ੍ਰਗਟਾਵਾ ਅਤੇ ਰਾਜਸੀ ਵਿਚਾਰਧਾਰਕ ਕੰਮ ਉਤੇ ਜ਼ੋਰ ਦੇਣ ਵਿਚ ਰਹੀ ਅਸਫਲਤਾ ਹੈ। ਇਨ੍ਹਾਂ ਹਾਲਤਾਂ ਵਿਚ ਪਦਾਰਥਕ ਪ੍ਰੇਰਕਾਂ ਉਤੇ ਭਰੋਸਾ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। …ਹਰ ਇਕ ਤੋਂ ਉਸ ਦੀ ਯੋਗਤਾ ਅਨੁਸਾਰ, ਹਰ ਇਕ ਨੂੰ ਉਸ ਦੀ ਕਿਰਤ ਅਨੁਸਾਰ ਨਾਅਰੇ ਦੇ ਪਹਿਲੇ ਪੱਖ ਦਾ ਅਰਥ ਹੈ ਪੈਦਾਵਾਰ ਨੂੰ ਵਧਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨੀਆਂ ਪਰ ਨਾਅਰੇ ਦੇ ਦੋਵਾਂ ਪੱਖਾਂ ਨੂੰ ਵੱਖ ਕਿਉਂ ਕੀਤਾ ਜਾਵੇ ਅਤੇ ਹਮੇਸ਼ਾ ਇਕ ਪਾਸੜ ਤੌਰ ਉਤੇ ਪਦਾਰਥਕ ਪ੍ਰੇਰਨਾਵਾਂ ਬਾਰੇ ਹੀ ਕਿਉਂ ਕਿਹਾ ਜਾਵੇ? ਇਸ ਕਿਸਮ ਦਾ ਪ੍ਰਚਾਰ ਪੂੰਜੀਵਾਦ ਨੂੰ ਅਜਿੱਤ ਬਣਾ ਦੇਵੇਗਾ।’’
ਅਤੇ ਹਕੀਕਤ ਵਿਚ ਇਹੀ ਕੁਝ ਵਾਪਰਿਆ ਹੈ। ਪਦਾਰਥਕ ਸਹੂਲਤਾਂ ਦੇਣ ਦੇ ਮਸਲੇ ਵਿਚ ਸਮਾਜਵਾਦੀ ਮੁਲਕ ਪੂੰਜੀਵਾਦੀ ਮੁਲਕਾਂ ਦਾ ਮੁਕਾਬਲਾ ਕਰਨ ਵਿਚ ਨਾਕਾਮ ਰਹੇ ਅਤੇ ਇਉਂ ਸਮਾਜੀ ਤੇ ਆਤਮਿਕ ਵਿਕਾਸ ਦੀ ਅਣਹੋਂਦ ਕਾਰਨ ਸਮਾਜਵਾਦੀ ਸਮਾਜਾਂ ਦੇ ਬਹੁਗਿਣਤੀ ਲੋਕ ਪਦਾਰਥਕ ਸਹੂਲਤਾਂ ਦੇ ਲੋਭ ਅਧੀਨ ਬਿਨਾਂ ਕਿਸੇ ਹੀਲਹੁਜਤ ਪੂੰਜੀਵਾਦੀ ਰਾਹ ਉਤੇ ਚਲ ਪਏ। ਬੇਸ਼ਕ ਇਸੇ ਸਟਾਲਿਨਵਾਦ ਦੀ ਲਾਗ ਚੀਨੀ ਕਮਿਊਨਿਸਟ ਪਾਰਟੀ ਨੂੰ ਵੀ ਚਿੰਬੜੀ ਰਹੀ। ਮਾਓ-ਜੇ-ਤੁੰਗ ਨੇ ‘ਮਹਾਨ ਕਿਰਤੀ ਸਭਿਆਚਾਰਕ ਇਨਕਲਾਬ’ ਰਾਹੀਂ ਇਸ ਮਰਜ਼ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਬੜੀ ਦੇਰ ਹੋ ਚੁੱਕੀ ਸੀ। ਇਸੇ ਕਾਰਨ ਕਮਿਊਨਿਸਟ ਲਹਿਰ ਮਾਰਕਸ-ਏਂਗਲਜ਼ ਦੇ ਕਿਆਸੇ, ਕੁਦਰਤ ਨਾਲ ਇਕਸੁਰ ਮਨੁੱਖ ਪੱਖੀ ਵਿਕਾਸ ਦਾ ਮਾਡਲ ਨਾ ਸਿਰਜ ਸਕੀ, ਜਿਸ ਦਾ ਖਮਿਆਜ਼ਾ ਅੱਜ ਸਮੁੱਚੀ ਮਨੁੱਖਤਾ ਨੂੰ ਭੁਗਤਣਾ ਪੈ ਰਿਹਾ ਹੈ।
ਦਰਅਸਲ ਸਾਮਰਾਜੀ ਤਰਜ਼ ਦੀ ਬੇਲੋੜੀ ਖਪਤਕਾਰੀ ਦਾ ਸ਼ਿਕਾਰ ਹੋਈ ਸੋਵੀਅਤ ਯੂਨੀਅਨ ਦੀ ਨੌਕਰਸ਼ਾਹੀ ਆਤਮਿਕ ਕੰਗਾਲੀ ਦਾ ਸ਼ਿਕਾਰ ਹੋ ਕੇ ਆਪਣੇ ਲੋਕਾਂ ਤੋਂ ਟੁਟਦੀ ਗਈ। ਉਸ ਦੇ ਮਨ ਵਿਚ ਪੱਛਮੀ ਪੂੰਜੀਵਾਦ ਦਾ ਪ੍ਰਭਾਵ ਵਧਦਾ ਗਿਆ। ਜਦੋਂ ਗੋਰਬਾਚੋਵ ਰਾਜਸੱਤਾ ਵਿਚ ਆਇਆ ਉਦੋਂ ਸੋਵੀਅਤ ਯੂਨੀਅਨ ਦਾ ਅਰਥਚਾਰਾ ਭਾਰੀ ਖੜੋਤ ਦਾ ਸ਼ਿਕਾਰ ਸੀ ਤੇ ਲੋਕ ਆਤਮਿਕ ਕੰਗਾਲੀ ਦੀ ਦਲਦਲ ਵਿਚ ਧਸੇ ਹੋਏ ਘੋਰ ਨਿਰਾਸ਼ਾ ਵਿਚ ਜੀਅ ਰਹੇ ਸਨ। ਇਸ ਹਾਲਤ ਵਿਚ ਗੋਰਬਾਚੋਵ ਪੱਛਮੀ ਉਦਾਰਵਾਦ ਤੇ ਪੈਦਾਵਾਰ ਵਿਚ ਹੋਈ ਤਕਨੀਕੀ ਚਕਾਚੌਂਧ ਦਾ ਪੈਰੋਕਾਰ ਬਣ ਗਿਆ। ਪਰ ਪੱਛਮੀ ਸਾਮਰਾਜੀਆਂ ਨੇ ਗੋਰਬਾਚੋਵ ਦੀ ਇਸ ਸੁਹਿਰਦਤਾ ਦੇ ਬਾਵਜੂਦ ਸੋਵੀਅਤ ਯੂਨੀਅਨ ਨਾਲ ਆਪਣੀ ਪੁਰਾਣੀ ਦੁਸ਼ਮਣੀ ਨੂੰ ਨਾ ਭੁਲਾ ਕੇ ਉਸ ਨੂੰ ਪੈਰ-ਪੈਰ ਉਤੇ ਜ਼ਲੀਲ ਕਰਨ ਤੇ ਹਰੇਕ ਨੀਚ ਹਰਬਾ ਵਰਤ ਕੇ ਉਸ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਇਸੇ ਕਰਕੇ ਗੋਰਬਾਚੋਵ ਦਾ ਨਾ ਸੋਵੀਅਤ ਯੂਨੀਅਨ ਵਿਚ ਸਤਿਕਾਰ ਬਣ ਸਕਿਆ ਤੇ ਨਾ ਹੀ ਉਹ ਅਰਥਚਾਰੇ ਵਿਚ ਕੋਈ ਭਾਰੀ ਤਬਦੀਲੀਆਂ ਕਰ ਸਕਿਆ।
ਪੂਤਿਨ ਨੇ ਗੋਰਬਾਚੋਵ ਦੀਆਂ ਇਨ੍ਹਾਂ ਗਲਤੀਆਂ ਤੋਂ ਸਬਕ ਸਿਖ ਕੇ ਹੀ ਰੂਸ ਨੂੰ ਫਿਰ ਤੋਂ ਆਪਣੇ ਪੈਰਾਂ ਸਿਰ ਖੜਾ ਕੀਤਾ ਹੈ। ਰੂਸੀ ਨੌਕਰਸ਼ਾਹੀ ਤੇ ਲੋਕਾਂ ਦੀ ਆਤਮਿਕ ਕੰਗਾਲੀ ਨਾਲ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਪੂਤਿਨ ਨੇ ਸਨਾਤਨੀ ਇਸਾਈਅਤ ਦਾ ਖੂਬ ਪ੍ਰਚਾਰ ਕਰਵਾਇਆ ਅਤੇ ਪੱਛਮੀ ਸਾਮਰਾਜੀ ਅਰਥਚਾਰੇ ਦਾ ਮੁਕਾਬਲਾ ਕਰਨ ਲਈ ਉਸ ਨੇ ਸਰਕਾਰੀ ਸਹਾਇਤਾ ਨਾਲ ਰੂਸੀ ਪੂੰਜੀ ਨੂੰ ਸਾਮਰਾਜੀ ਤਰਜ਼ ਉਤੇ ਕੇਂਦਰਿਤ ਹੋਣ ਦਿੱਤਾ। ਤੇਲ ਤੇ ਗੈਸ ਦੇ ਮੁਨਾਫਿਆਂ ਨਾਲ ਮਿਲੇ ਬੇਹਿਸਾਬੇ ਪੈਸੇ ਨੂੰ ਉਸ ਨੇ ਰੂਸ ਦੀ ਫੌਜੀ ਸ਼ਕਤੀ ਨੂੰ ਦੁਬਾਰਾ ਕਾਇਮ ਕਰਨ ਲਈ ਵਰਤਿਆ। ਜਿਸ ਸਦਕਾ ਅੱਜ ਉਹ ਚੀਨ ਨਾਲ ਮਿਲ ਕੇ ਯੂਕਰੇਨ ਵਿਚ ਪੂਰੇ ਪੱਛਮ ਨਾਲ ਲੜ ਰਿਹਾ ਹੈ। ਬੇਸ਼ਕ ਯੂਕਰੇਨ ਤੇ ਰੂਸ ਵਿਚ ਕੌਮੀ ਜਜ਼ਬੇ ਅਧੀਨ ਲੜੀ ਜਾ ਰਹੀ ਜੰਗ ਨੇ ਇਕ ਗਲ ਸਪੱਸ਼ਟ ਕਰ ਦਿੱਤੀ ਹੈ ਕਿ ਕੌਮਵਾਦ ਦਾ ਸੰਕਲਪ ਮਨੁੱਖ ਜਾਤੀ ਲਈ ਤਬਾਹੀ ਅਤੇ ਸੰਤਾਪ ਦਾ ਕਾਰਨ ਬਣਿਆ ਹੋਇਆ ਹੈ। ਯੂਰਪ ਅੰਦਰ ਪੂੰਜੀਵਾਦ ਨੇ ਹੀ ਕੌਮੀ ਰਾਜ ਦੇ ਸੰਕਲਪ ਨੂੰ ਫੈਲਾਇਆ ਅਤੇ ਹੋਰ ਮਜ਼ਬੂਤ ਕੀਤਾ ਹੈ।
ਅਸਲ ਵਿਚ ਕੌਮੀ ਰਾਜ ਦਾ ਸੰਕਲਪ ਮਨੁੱਖ ਜਾਤੀ ਨੂੰ ਜੋੜਨ ਦੀ ਬਜਾਏ ਤੋੜਨ ਦਾ ਸਬੱਬ ਬਣਿਆ ਹੋਇਆ ਹੈ। 1917 ਵਿਚ ਰੂਸ ਅੰਦਰ ਆਏ ਕਮਿਊਨਿਸਟ ਇਨਕਲਾਬ ਨੇ ਅੱਡ ਅੱਡ ਕੌਮਾਂ ਨੂੰ ਸਰਬਵਿਆਪੀ ਕੁਦਰਤੀ ਫਿਲਾਸਫੀ ਦੇ ਆਧਾਰ ਉਤੇ ਜੋੜਨ ਦੀ ਬਜਾਏ ਕੌਮੀ ਰਾਜਾਂ ਦੇ ਸੰਕਲਪ ਨੂੰ ਨੇਮਬੱਧ ਕਰ ਕੇ ਲੋਕਾਂ ਨੂੰ ਕੌਮਾਂ ਦੇ ਘੇਰੇ ਵਿਚ ਵੰਡ ਦਿੱਤਾ, ਜਿਸ ਦਾ ਖਮਿਆਜ਼ਾ ਹੁਣ ਰੂਸ ਅਤੇ ਯੂਕਰੇਨ ਦੀ ਜੰਗ ਵਿਚ ਦੋਵੇਂ ਸਭਿਆਚਾਰਾਂ ਦੇ ਲੋਕ ਭੁਗਤ ਰਹੇ ਹਨ। ਪੂਤਿਨ ਦਾ ਇਹ ਕਹਿਣਾ ਕੁਝ ਹੱਦ ਤਕ ਠੀਕ ਹੈ ਕਿ ਅਸੀਂ ਲੈਨਿਨ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ। ਇਨ੍ਹਾਂ ਭਿਆਨਕ ਜੰਗਾਂ ਤੋਂ ਸਹਿਮੀ ਹੋਈ ਮਨੁੱਖੀ ਸੱਭਿਅਤਾ ਹੁਣ ਮੰਗ ਕਰ ਰਹੀ ਹੈ ਕਿ ਸਰਬਸਾਂਝੇ ਸੰਸਾਰ ਲਈ ਨਵੀਂ ਸ਼ੁਰੂਆਤ ਕੀਤੀ ਜਾਵੇ, ਜਿਸ ਦਾ ਆਧਾਰ ਸਰਬ-ਵਿਆਪੀ ਕੁਦਰਤ, ਸਰਬ-ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਹੋਵੇ।
ਸ. ਕਰਮਜੀਤ ਸਿੰਘ ਨੇ ਪ੍ਰਸਿੱਧ ਇਤਿਹਾਸਕਾਰ ਟਾਇਨਬੀ ਦੇ ਹਵਾਲੇ ਨਾਲ ਲਿਖਿਆ ਹੈ, ‘‘ਕਿਰਤੀਆਂ ਦੇ ਇਨਕਲਾਬ ਦੀ ਗੱਲ ਚਲੀ ਹੈ ਤਾਂ ਡਿੱਗਦੀਆਂ ਢਹਿੰਦੀਆਂ, ਚੜ੍ਹਦੀਆਂ ਸਭਿਅਤਾਵਾਂ ਦਾ ਵਡਾ ਥੰਮ ਯਾਨੀ ‘‘ਅਸਮਾਨ ਕੱਦ’’ ਇਤਿਹਾਸਕਾਰ ਆਰਨਲਡ ਟਾਇਨਬੀ ਯਾਦ ਆ ਗਿਆ ਹੈ। ਪਿਛਾਂਹ ਵੱਲ ਦੂਰ ਤਕ ਝਾਕ ਸਕਣ ਦੀ ਉਸ ਦੀ ਰੱਬੀ ਨਿਗਾਹ ਨੇ ਐਲਾਨ ਕੀਤਾ ਕਿ ਨਹੀਂ, ਕਿਰਤੀਆਂ ਦਾ ਪਹਿਲਾ ਇਨਕਲਾਬ ਅਸਲ ਵਿਚ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ 1699 ਵਾਲੇ ਸਾਲ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਉਤਰਿਆ ਸੀ। ਇਹੋ ਰਾਜ ਪੰਜਾਬ ਦੇ ਕਾਮਰੇਡਾਂ ਨੂੰ ਅੱਜ ਤਕ ਵੀ ਸਮਝ ਨਹੀਂ ਲੱਗਿਆ ਤੇ ਵਰਤਮਾਨ ਖਾਲਸੇ ਅੰਦਰ ਵੀ ਉਥੋਂ ਹਾਸਲ ਕੀਤੀ “ਪਹਿਲ ਤਾਜ਼ਗੀ’’ ਮੁਰਝਾਉਂਦੀ ਨਜ਼ਰ ਆ ਰਹੀ ਹੈ।’’ … ‘‘ਟਾਇਨਬੀ ਭਵਿੱਖਬਾਣੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਆਉਣ ਵਾਲੇ ਸਮੇਂ ਵਿਚ ਇਸ ਸੰਸਾਰ ਨੂੰ ਕੋਈ “ਵਿਸ਼ੇਸ਼ ਗੱਲ’’ ਦੱਸਣਗੇ ਪਰ ਉਸ ਦੀ ਕੌਮ ਵਿਚ “ਖਾਸਮਖਾਸ’’ ਗੱਲ ਦੱਸਣ ਵਾਲੇ ਨਜ਼ਰ ਹੀ ਨਹੀਂ ਆ ਰਹੇ।’’
ਇਹ ‘ਖਾਸਮਖਾਸ’ ਗੱਲ ਦੱਸਣ ਵਾਲੇ ਨਜ਼ਰ ਕਿਉਂ ਨਹੀਂ ਆ ਰਹੇ, ਇਸ ਦਾ ਕਾਰਨ ਹੈ ਕਿ ਸ. ਕਰਮਜੀਤ ਸਿੰਘ ਵਰਗੇ ਚਿੰਤਕ ਵੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਘੋਖਣ ਅਤੇ ਉਸ ਦੀ ਅਜੋਕੇ ਪ੍ਰਸੰਗ ਵਿਚ ਮੁੜ ਵਿਆਖਿਆ ਕਰਨ ਦੀ ਬਜਾਇ ਅਜੇ ਤਕ ਗੁਰਬਾਣੀ ਦੇ ਪੁਰਾਣੇ ਚੌਖਟੇ ਵਿਚ ਹੀ ਘੁੰਮੀ ਜਾਂਦੇ ਹਨ। ਉਹ ਗੁਰਮਤਿ ਫਿਲਾਸਫੀ ਨੂੰ ਸਾਰੇ ਧਰਮਾਂ ਦੇ ਪ੍ਰਸੰਗ ਵਿਚ ਰੱਖ ਕੇ ਪਰਖਣ ਦੀ ਬਜਾਇ ਇਸ ਦੀ ਸਭ ਨਾਲੋਂ ਟੁੱਟਵੀਂ ਵਿਆਖਿਆ ਉਤੇ ਯਕੀਨ ਕਰੀ ਬੈਠੇ ਹਨ। ਜਦੋਂ ਕਿ ਗੁਰੂ ਨਾਨਕ ਸਾਹਿਬ ਦੇ ਆਤਮਿਕ ਇਨਕਲਾਬ ਨੇ ਸਭ ਤੋਂ ਪਹਿਲਾਂ ਮਨੁੱਖ ਜਾਤੀ ਨੂੰ ਮਾਨਸਿਕ ਕਲਪਨਾ ਵਿਚੋਂ ਕੱਢ ਕੇ ਹਕੀਕੀ ਕੁਦਰਤੀ ਯਥਾਰਥ ਨਾਲ ਜੋੜਿਆ।
ਮਾਰਕਸ ਨੇ ਇਹੀ ਯਤਨ ਇਸ ਤੋਂ ਬਾਅਦ ਵਿਚ ਕੀਤਾ ਪਰ ਯੂਰਪ ਅੰਦਰ ਫੈਲੇ ਇਸਾਈ ਤੇ ਯਹੂਦੀ ਧਰਮਾਂ ਵਿਚ ਕੁਦਰਤ ਬਾਰੇ ਬਣੇ ਨਿਰਜੀਵ ਸੰਕਲਪਾਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਇਸ ਬਾਰੇ ਮਾਰਕਸ ਦਾ ਆਪਣਾ ਕਥਨ ਹੈ, ‘‘ਨਿੱਜੀ ਜਾਇਦਾਦ ਤੇ ਪੈਸੇ ਦੇ ਗਲਬੇ ਅਧੀਨ ਕੁਦਰਤ ਬਾਰੇ ਬਣਿਆ ਦ੍ਰਿਸ਼ਟੀਕੋਣ ਸੋਚ ਵਿਚ ਸਰਬਸ਼ਕਤੀਮਾਨ ਕੁਦਰਤ ਦਾ ਨਿਰਾਦਰ ਅਤੇ ਅਮਲ ਵਿਚ ਅਪਮਾਨ ਕਰਦਾ ਹੈ। ਯਹੂਦੀ ਧਰਮ ਵਿਚ ਕੁਦਰਤ ਦੀ ਹੋਂਦ ਹੈ ਪਰ ਇਹ ਹੋਂਦ ਸਿਰਫ ਕਲਪਨਾ ਵਿਚ ਹੀ ਮੌਜੂਦ ਹੈ।’’
ਗੁਰੂ ਗ੍ਰੰਥ ਸਾਹਿਬ ਵਿਚ ਇਸੇ ਨਿਰਜੀਵ ਕੁਦਰਤ ਨੂੰ ਸਜੀਵ ਕਰ ਦਿੱਤਾ ਗਿਆ ਹੈ:
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥ (ਪੰਨਾ 976)
ਯਥਾ (ਗੁਰੂ ਨਾਨਕ ਸਾਹਿਬ ਨੇ) ਗੰਗਾ ਉਲਟੇ ਪਾਸੇ ਵਹਾਅ ਦਿੱਤੀ ਹੈ। ਦੁਨੀਆ ਕਹਿੰਦੀ ਹੈ ਕਿ ਗੁਰੂ ਸਾਹਿਬ ਨੇ ਇਹ ਕੀ ਕ੍ਰਿਸ਼ਮਾ ਕਰ ਦਿੱਤਾ। ਜਗਤ ਦੇ ਸੁਆਮੀ ਮਾਲਕ (ਗੁਰੂ) ਨਾਨਕ (ਸਾਹਿਬ) ਨੇ ਸਰਬਉਚ ਬਚਨ ਬੁਲੰਦ ਕੀਤਾ ਹੈ। (ਕਿਹਾ ਜਾਂਦਾ ਹੈ ਕਿ ਦੇਵਤਿਆਂ ਨੇ) ਸੁਮੇਰ ਪਰਬਤ ਦੀ ਮਧਾਣੀ ਬਣਾ ਕੇ ਅਤੇ ਸੱਪਾਂ ਦੇ ਰਾਜੇ ਬਾਸਕ ਦਾ ਨੇਤ੍ਰਾ (ਰਸੀ) ਬਣਾ ਕੇ ਸਮੁੰਦਰ ਰਿੜਕਿਆ ਸੀ ਅਤੇ ਚੌਦਾਂ ਰਤਨ ਪ੍ਰਾਪਤ ਕੀਤੇ ਸਨ। (ਗੁਰੂ) ਨਾਨਕ (ਸਾਹਿਬ) ਨੇ ਸਬਦਿ ਭਾਵ ਅਖਰਾਂ ਰਾਹੀਂ ਪ੍ਰਗਟ ਹੁੰਦੇ ਗਿਆਨ ਨੂੰ ਰਿੜਕਿਆ ਹੈ ਅਤੇ ਨਵੇਂ ਆਤਮਿਕ ਗਿਆਨ ਦੀ ਸੂਝ ਦਿੱਤੀ ਹੈ। ਜਿਸ ਆਤਮਿਕ ਗਿਆਨ ਨੇ ਮਨੁੱਖੀ ਸੋਚ ਤੇ ਮਨ ਵਿਚ ਆਵਾਗੌਣ ਭਾਵ ਵਾਰ-ਵਾਰ ਜੰਮਣ-ਮਰਨ ਦੇ ਬਣੇ ਭਰਮਜਾਲ ਨੂੰ ਸਦਾ ਲਈ ਖਤਮ ਕਰ ਕੇ ਇਸ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਦਿੱਤਾ ਹੈ। ਮਨੁਖ ਦੀ ਸੋਚ ਤੇ ਉਸ ਦੇ ਅਨੁਭਵੀ ਮਨ ਵਿਚੋਂ ਵਾਰ-ਵਾਰ ਜੰਮਣ ਮਰਨ ਦਾ ਡਰ ਹਮੇਸ਼ਾਂ ਲਈ ਖਤਮ ਕਰ ਕੇ ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾ ਦਿੱਤਾ ਹੈ। ਮਨੁੱਖੀ ਮਨ ਦੀਆਂ ਅੱਖਾਂ ਦੇ ਸਨਮੁੱਖ ਕੁਦਰਤ ਨੂੰ ਇੰਝ ਪ੍ਰਗਟ ਕਰ ਦਿੱਤਾ ਹੈ, ਜਿਵੇਂ ਕਿਸੇ ਵੱਡੇ ਘੋਲ ਵਿਚ ਜਿੱਤਣ ਵਾਲੇ ਪਹਿਲਵਾਨ ਦੀ ਅਮਲ ਵਿਚ ਪਰਖ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਦੇ ਆਤਮਿਕ ਗਿਆਨ ਦੀ ਇਹੀ ਮੌਲਿਕਤਾ ਹੈ। ਗੁਰੂ ਸਾਹਿਬ ਨੇ ਭਾਸ਼ਾਈ ਸਬਦੁ (ਅੱਖਰਾਂ) ਰਾਹੀਂ ਪ੍ਰਗਟ ਹੋਏੇ ਗਿਆਨ ਨੂੰ ਰਿੜਕ ਕੇ ਉਸ ਨਵੇਂ ਆਤਮਿਕ ਗਿਆਨ ਦੀ ਸੋਝੀ ਦਿੱਤੀ ਹੈ, ਜਿਹੜਾ ਆਤਮਿਕ ਗਿਆਨ ਮਨੁੱਖੀ ਜ਼ਿੰਦਗੀ ਬਾਰੇ ਬਣੇ ਸਾਰੇ ਪੁਰਾਣੇ ਕੂੜੁ ਭਰਮਾਂ ਦਾ ਖੰਡਨ ਕਰ ਕੇ ਨਵੇਂ ਸੱਚ ਦੀ ਸੋਝੀ ਦੇਂਦਾ ਹੈ। ਮਨੁੱਖ ਨੂੰ ਨਵੀਂ ਚੇਤਨਾ (ਸੋਚ) ਦੇਂਦਾ ਹੈ। ਜਿਸਦਾ ਤਤ ਹੈ : ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ 141)
ਹੁਣ ਰੂਸੀ ਕਮਿਊਨਿਸਟਾਂ ਨੇ ਵੀ ਇਸਾਈ ਧਰਮ ਨੂੰ ਮਾਨਤਾ ਦਿੱਤੀ ਹੈ। ਰੂਸ ਦੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਤੇ ਰੂਸੀ ਪਾਰਲੀਮੈਂਟ ਵਿਚ ਦੂਜੇ ਨੰਬਰ ਦੀ ਪਾਰਟੀ ਦੇ ਮੁਖੀ ਗੇਨਾਡੀ ਯੂਗਾਨੋਵ ਨੇ ਕਿਹਾ ਹੈ ਕਿ ‘ਇਸ ਧਰਤੀ ਉਤੇ ਪਹਿਲਾਂ ਕਮਿਊਨਿਸਟ ਯਿਸੂ ਮਸੀਹ ਸੀ ਤੇ ਉਹ ਅਸਲੀ ਸਮਾਜਵਾਦੀ ਸੀ। ਧਨਾਢਾਂ ਕੋਲੋਂ ਖੋਹ ਕੇ ਜਨਤਾ ਨੂੰ ਖੁਆਉਣ ਤੇ ਗਰੀਬਾਂ ਦਾ ਮੁਫਤ ਇਲਾਜ ਕਰਨ ਵਾਲੇ ਈਸਾ ਮਸੀਹ ਦਾ ਇਨਕਲਾਬੀ ਜਜ਼ਬਾ ਕਮਿਊਨਿਸਟਾਂ ਦੀਆਂ ਕਦਰਾਂ-ਕੀਮਤਾਂ ਨਾਲ ਮਿਲਦਾ ਹੈ। ਮਾਊਂਟ ਪਰਬਤ ਉਤੇ ਯਿਸੂ ਦੇ ਕੀਤੇ ਬਚਨ ਤੇ ਕਮਿਊਨਿਸਟ ਰਹਿਬਰਾਂ ਦੇ ਸਿਧਾਂਤਾਂ ਨੂੰ ਨਾਲ ਰੱਖ ਕੇ ਪੜ੍ਹੋ ਤਾਂ ਤੁਸੀਂ ਉਨ੍ਹਾਂ ਵਿਚਲੀ ਸਾਂਝ ਵੇਖ ਕੇ ਹੈਰਾਨ ਰਹਿ ਜਾਓਗੇ। ਤੁਸੀਂ ਬਾਈਬਲ ਨੂੰ ਪੜੋ੍ਹ ਤਾਂ ਤੁਹਾਨੂੰ ਹੋਰ ਬਹੁਤ ਕੁਝ ਪਤਾ ਲੱਗੇਗਾ। ਦਰਅਸਲ ਕਮਿਊਨਿਸਟ ਰਹਿਬਰਾਂ ਦਾ ਸਦਾਚਾਰ ਬਾਈਬਲ ਦੇ ਅਧਾਰ ਉਤੇ ਤਿਆਰ ਕੀਤਾ ਗਿਆ ਹੈ।’
ਪਿਛਲੇ ਸਾਲ ਯੂਗਾਨੋਵ ਨੇ ਪਾਰਲੀਮੈਂਟ ਅੰਦਰ ਰੂਸੀ ਸੰਵਿਧਾਨ ਵਿਚ ਗਾਡ (ਰੱਬ) ਨੂੰ ਸ਼ਾਮਿਲ ਕਰਨ ਲਈ ਸੁਝਾਅ ਦਿੱਤਾ ਸੀ। ਯੂਗਾਨੋਵ ਦੀ ਅਗਵਾਈ ਹੇਠਲੀ ਕਮਿਊਨਿਸਟ ਪਾਰਟੀ ਨੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1992 ਵਿਚ ਹੀ ਇਹ ਪੁਜ਼ੀਸ਼ਨ ਲੈ ਲਈ ਸੀ ਕਿ ਕਮਿਊਨਿਜ਼ਮ ਤੇ ਇਸਾਈਅਤ ਵਿਚ ਕੋਈ ਵਿਰੋਧ ਨਹੀਂ ਹੈ। ਇਸੇ ਕਰਕੇ ਜਦੋਂ ਸਾਰੇ ਪੂਰਬੀ ਯੂਰਪ ਵਿਚ ਕਮਿਊਨਿਸਟ ਪਾਰਟੀਆਂ ਖੁਰ ਗਈਆ ਤਾਂ ਵੀ ਰੂਸ ਦੀ ਕਮਿਊਨਿਸਟ ਪਾਰਟੀ ਹੁਣ ਤਕ ਸਰਗਰਮੀ ਕਰ ਰਹੀ ਹੈ ਅਤੇ ਰੂਸ ਵਿਚ ਦੂਜੇ ਨੰਬਰ ਦੀ ਵੱਡੀ ਪਾਰਟੀ ਹੈ। ਆਲਮੀ ਕਮਿਊਨਿਸਟ ਲਹਿਰ ਵਿਚ ਆਈਆਂ ਏਨੀਆਂ ਭਾਰੀ ਤਬਦੀਲੀਆਂ ਦੇ ਬਾਵਜੂਦ ਪੰਜਾਬ ਦੇ ਬਹੁਤੇ ਨਾਸਤਿਕ ਕਮਿਊਨਿਸਟ ਹੁਣ ਤਕ ਦੇ ਪੈਦਾ ਹੋਏ ਸਾਰੇ ਧਰਮਾਂ ਦੇ ਤਤਸਾਰ ਗੁਰਮਤਿ ਨੂੰ ਮੰਨਣ ਤੋਂ ਇਨਕਾਰੀ ਹਨ। ਅਜੇ ਵੀ ਉਹ ਗੁਰਮਤਿ ਨੂੰ ਕਿਸੇ ਪਿਛਲੀ ਸਦੀ ਦੀ ਜਗੀਰੂ ਵਿਚਾਰਧਾਰਾ ਦੀ ਰਹਿੰਦ ਖੂਹੰਦ ਹੀ ਸਮਝਦੇ ਹਨ। ਇਹੀ ਮਨੁੱਖਤਾ ਦੀ ਤ੍ਰਾਸਦੀ ਹੈ।