ਗੁਰਨਾਮ ਕੌਰ, ਕੈਨੇਡਾ
‘ਭੱਟ ਬਾਣੀ’ ਜਾਂ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1389 ਤੋਂ 1409 ਤੱਕ ‘ਸਵਈਏ’ ਦੇ ਸਿਰਲੇਖ ਹੇਠਾਂ ਦਰਜ ਹੈ। ਭੱਟ ਕਵੀਆਂ ਵੱਲੋਂ ‘ਗੁਰ ਮਹਿਮਾ’ ਜਾਂ ‘ਗੁਰ ਉਸਤਤਿ’ ਵਜੋਂ ਇਹ ਰਚਨਾ ਰਚੀ ਹੋਈ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਸੱਤੇ ਅਤੇ ਬਲਵੰਡ ਦੀ ਰਾਮਕਲੀ ਰਾਗ ਵਿਚ ਰਚੀ ਹੋਈ ‘ਵਾਰ’ ਬਾਰੇ ਗੱਲ ਕਰਦਿਆਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਪੋਥੀ ਸਤਵੀਂ ਦੇ ਪੰਨਾ 227 `ਤੇ ਭੱਟ ਬਾਣੀ ਬਾਰੇ ਕਿਹਾ ਹੈ ਕਿ “ਜਿਵੇਂ ਭੱਟਾਂ ਦੀ ਬਾਣੀ, ਜੋ ਉਹਨਾਂ ਨੇ ਸਿਤੰਬਰ 1581 ਵਿਚ ਉਚਾਰੀ ਸੀ,
ਸਤਿਗੁਰ ਜੀ ਨੇ ‘ਬੀੜ’ ਵਿਚ ਦਰਜ ਕੀਤੀ, ਤਿਵੇਂ ਇਹ ‘ਵਾਰ’ ਭੀ ‘ਬੀੜ’ ਵਿਚ ਦਰਜ ਕੀਤੀ। ਇਹ ਦੋਵੇਂ ‘ਬਾਣੀਆਂ’ ਸਿੱਖ-ਧਰਮ ਦੇ ਇਤਿਹਾਸ ਸੰਬੰਧੀ ਬੜੀਆਂ ਜ਼ਰੂਰੀ ‘ਯਾਦਗਾਰਾਂ’ ਹਨ। ਦਸਤਾਰਬੰਦੀ ਦੇ ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਧੱਕੇ ਨਾਲ ‘ਦਸਤਾਰ’ ਖੋਹਣੀ ਚਾਹੀ; ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੇ ਪਵਿਤ੍ਰ ਅੰਮ੍ਰਿਤ ਦੇ ਪ੍ਰਵਾਹ ਨੂੰ ਦੁਨਿਆਵੀ ਧੜੇ ਦੀ ਨਾਲੀ ਵਿਚੋਂ ਲੰਘਾਣਾ ਚਾਹੁੰਦੇ ਸਨ। ਉਸ ਸਮੇਂ ਦੂਰੋਂ ਆਏ ਨਿਰਪੱਖ ਪਰਦੇਸੀ ਭੱਟਾਂ ਨੇ ਭਰੇ ਦਰਬਾਰ ਵਿਚ, ਇਸ ਬਾਣੀ ‘ਸਵਈਆਂ’ ਦੀ ਰਾਹੀਂ ਸੱਚਾਈ ਦਾ ਹੋਕਾ ਦਿੱਤਾ। ਇਹ ਘਟਨਾ ਗੁਇੰਦਵਾਲ ਹੋਈ ਸੀ। ਇਥੋਂ ਆ ਕੇ ਬਾਬਾ ਜੀ ਨੇ ਅੰਮ੍ਰਿਤਸਰ ਵਿਚ ਆਪਣੇ ਸਾਥੀਆਂ ਦੀ ਸਹੈਤਾ ਨਾਲ ਉਸ ਅੰਮ੍ਰਿਤ ਦੇ ਸੋਮੇ ਨੂੰ ਸੁਕਾਣ ਲਈ ਕਈ ਮਹੀਨੇ ਗੁਰੂ-ਘਰ ਦੀ ਇਕ ਕਿਸਮ ਦੀ ਨਾਕਾ-ਬੰਦੀ ਕੀਤੀ ਰੱਖੀ, ਜਿਸ ਨਾਕਾ-ਬੰਦੀ ਦੇ ਟੁੱਟਣ ਦੀ ਯਾਦਗਾਰ ਇਹ ‘ਰੱਬੀ ਕਲਾਣ’ ਰੂਪ ‘ਵਾਰ’ ਹੈ।”
‘ਸਿੱਖ ਇਨਸਾਈਕਲੋਪੀਡੀਆ’ ਅਨੁਸਾਰ ਭੱਟ ਗਵੱਈਏ ਜਾਂ ਕਸੀਦਾਕਾਰ ਹੁੰਦੇ ਸਨ ਜਿਹੜੇ ਰਾਜਿਆਂ ਦੀ ਚੜ੍ਹਤ ਦੀ ਉਸਤਤਿ ਵਿਚ ਜਾਂ ਯੋਧਿਆਂ ਦੀ ਬਹਾਦਰੀ ਦੇ ਗੁਣਗਾਇਨ ਵਿਚ ਕਵਿਤਾ ਪੜ੍ਹਦੇ ਹੁੰਦੇ ਸੀ। ‘ਭੱਟ’ ਕਿਸੇ ਸਿੱਖਿਅਤ ਬ੍ਰਾਹਮਣ ਵਾਸਤੇ ਵਿਸ਼ੇਸ਼ਣ ਦੇ ਤੌਰ `ਤੇ ਵੀ ਵਰਤਿਆ ਜਾਂਦਾ ਸੀ। ਸਿੱਖ ਪ੍ਰੰਪਰਾ ਵਿਚ, ਭੱਟ ਉਹ ਕਵੀ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਰੂਹਾਨੀਅਤ ਦਾ ਅਨੁਭਵ ਅਤੇ ਦਰਸ਼ਨ ਨਿੱਜੀ ਤੌਰ `ਤੇ ਕੀਤਾ, ਜਿਸ ਦੀ ਉਨ੍ਹਾਂ ਨੇ ਕਾਵਿ ਰੂਪ ਵਿਚ ਕੀਰਤੀ ਕੀਤੀ ਹੈ। ਭਾਈ ਸੰਤੋਖ ਸਿੰਘ ਨੇ ‘ਗੁਰਪ੍ਰਤਾਪ ਸੂਰਜ’ ਗ੍ਰੰਥ ਵਿਚ ਕਿਹਾ ਹੈ ਕਿ “ਉਹ ਵੇਦਾਂ ਦਾ ਅਵਤਾਰ ਸਨ” (ਪੰ.2121)। ਭੱਟਾਂ ਬਾਰੇ ਕਿਹਾ ਜਾਂਦਾ ਹੈ ਕਿ ਮੁੱਢਲੇ ਤੌਰ `ਤੇ ਉਹ ਸਰਸਵਤੀ ਨਦੀ ਦੇ ਕਿਨਾਰੇ ‘ਤੇ ਰਹਿੰਦੇ ਸੀ ਅਤੇ ਭਾਰਤੀ ਮਿਥਿਹਾਸ ਵਿਚ ਸਰਸਵਤੀ ‘ਗਿਆਨ ਦੀ ਦੇਵੀ’ ਨੂੰ ਵੀ ਕਿਹਾ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ‘ਸਾਰਸਵੱਤ’ ਵੀ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਗਿਆਨਵਾਨ ਬ੍ਰਾਹਮਣ। ਸਰਸਵਤੀ ਦੇ ਦੂਸਰੇ ਕਿਨਾਰੇ ‘ਤੇ ਰਹਿਣ ਵਾਲਿਆਂ ਨੂੰ ‘ਗੌੜ’ ਕਿਹਾ ਜਾਂਦਾ ਸੀ। ਉਨ੍ਹਾਂ ਨੇ ਗਿਆਨ ਲੈਣ ਵਿਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਅਤੇ ਆਪਣੇ ਜਜਮਾਨਾਂ ਵੱਲੋਂ ਦਿੱਤੇ ਜਾਂਦੇ ਦਾਨ ‘ਤੇ ਹੀ ਗੁਜ਼ਾਰਾ ਕਰਦੇ ਰਹੇ ਜਿਨ੍ਹਾਂ ਦਾ ਉਹ ਬੰਸਾਵਲੀ ਨਾਮਾ ਜਾਂ ਸ਼ਜਰਾ ਤਿਆਰ ਕਰਦੇ ਸੀ, ਜਿਸ ਦੀ ਉਹ ਫਰਿਸ਼ਹਤ ਬਣਾ ਕੇ ਰੱਖਦੇ ਜਿਸ ਨੂੰ ‘ਵਹੀ’ ਕਹਿੰਦੇ ਸੀ। ਉਹ ਹੁਣ ਵੀ ਹਰਿਆਣੇ ਵਿਚ ਸਰਸਵਤੀ ਦੇ ਕਿਨਾਰੇ ‘ਤਲਾਉਂਡਾ’ (ਜ਼ਿਲ੍ਹਾ ਜੀਂਦ), ਭਾਦਸੋਂ (ਲਾਡਵਾ) ਅਤੇ ਕਰਸਿੰਧੂ (ਸਫੀਦੋਂ) ਵਿਚ ਰਹਿ ਰਹੇ ਮਿਲ ਜਾਂਦੇ ਹਨ।
ਇਨ੍ਹਾਂ ਵਿਚੋਂ ਕੁੱਝ ਪਰਿਵਾਰ ਸੁਲਤਾਨਪੁਰ ਲੋਧੀ, ਪੰਜਾਬ ਦੇ ਹੁਣ ਦੇ ਕਪੂਰਥਲਾ ਜ਼ਿਲ੍ਹੇ ਵਿਚ ਆ ਵਸੇ ਅਤੇ ਉਥੇ ਹੀ ਸਥਾਪਤ ਹੋ ਗਏ। ਇਸ ਪਰਿਵਾਰ ਦੇ ਭੀਖਾ ਅਤੇ ਟੋਡਾ ਨੇ ਗੁਰੂ ਅਮਰ ਦਾਸ ਜੀ ਦੇ ਵੇਲੇ ਸਿੱਖ ਧਰਮ ਅਪਣਾ ਲਿਆ। ਭਾਈ ਗੁਰਦਾਸ ਨੇ ਆਪਣੀ ਗਿਆਰਵੀਂ ਵਾਰ ਦੀ ਇੱਕੀਵੀਂ ਪਉੜੀ ਵਿਚ ਇਨ੍ਹਾਂ ਦਾ ਸੰਖੇਪ ਜ਼ਿਕਰ ‘ਸੁਲਤਾਨ ਪੁਰੀਏ ਸਿੱਖ’ ਸਿਰਲੇਖ ਹੇਠਾਂ ਕੀਤਾ ਹੈ:
ਕਾਲੂ ਚਾਊ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ।
ਹੋਮਾ ਵਿਚਿ ਕਪਾਹੀਆ ਗੋਬਿੰਦੁ ਘੇਈ ਗੁਰ ਨਿਸਤਾਰਾ।
ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲੁ ਤਿਸ ਭਾਰਾ।
ਗੁਰਮੁਖਿ ਰਾਮੂ ਕੋਹਲੀ ਨਾਲਿ ਨਿਹਾਲੂ ਸੇਵਕੁ ਸਾਰਾ।
ਛਜੂ ਭਲਾ ਜਾਣੀਐ ਮਾਈ ਦਿਤਾ ਸਾਧੁ ਵਿਚਾਰਾ।
ਤੁਲਸਾ ਵਹੁਰਾ ਭਗਤ ਹੈ ਦਾਮੋਦਰੁ ਆਕੁਲ ਬਲਿਹਾਰਾ।
ਭਾਨਾ ਆਵਲ ਵਿਗਹਮਲੁ ਬੁਧੋ ਛੀਂਬਾ ਗੁਰ ਦਰਬਾਰਾ।
ਸੁਲਤਾਨੇ ਪੁਰਿ ਭਗਤਿ ਭੰਡਾਰਾ॥21॥
ਪ੍ਰੋਫੈਸਰ ਸਾਹਿਬ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ਦੇ ਮਾਸਕ ਪੱਤਰ ‘ਆਲੋਚਨਾ’ ਦੇ ਅਗਸਤ 1961 ਦੇ ਪਰਚੇ ਵਿਚ ਭੱਟਾਂ ਬਾਰੇ ਛਪੇ ਲੇਖ ਦੇ ਹਵਾਲੇ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਪੋਥੀ ਦਸਵੀਂ ਦੇ ਪੰਨਾ 366 ‘ਤੇ ਲਿਖਿਆ ਹੈ, “ਪੰਜਾਬ ਦੇ ਭੱਟ ਜਾਤਿ ਦੇ ਸਾਰਸੁਤ ਬ੍ਰਾਹਮਣ ਸਨ। ਇਹ ਆਪਣੀ ਉਤਪੱਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ, ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤਿ ਦੇ ਬ੍ਰਾਹਮਣ ਸਮਝਦੇ ਹਨ। ਇਹ ਲੋਕ ਸਰਸਵਤੀ ਨਦੀ ਦੇ ਕੰਢੇ ਉਤੇ ਵੱਸੇ ਹੋਏ ਸਨ। ਇਹ ਨਦੀ ਪਹਿਲਾਂ ਪਹੋਏ (ਜ਼ਿਲਾ ਕਰਨਾਲ) ਕੋਲੋਂ ਦੀ ਵਗਦੀ ਸੀ। ਜੇਹੜੇ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ ਉਹ ਸਾਰਸੁਤ, ਤੇ, ਜੇਹੜੇ ਪਾਰਲੇ ਪਾਸੇ ਵੱਸਦੇ ਸਨ ਉਹ ਗੌੜ ਅਖਵਾਣ ਲੱਗ ਪਏ।
ਜਿਸ ਸੱਜਨ ਪਾਸੋਂ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਭੱਟਾਂ ਦੀ ਬੰਸਾਵਲੀ ਮਿਲੀ, ਉਹ ਹਨ ਭਾਈ ਸੰਤ ਸਿੰਘ ਜੀ ਭੱਟ ਪਿੰਡ ਕਰਸਿੰਧੂ ਤਸੀਲ ਜੀਂਦ ਦੇ ਰਹਿਣ ਵਾਲੇ। ਸੁਲਤਾਨਪੁਰ ਭਾਦਸੋਂ ਪਰਗਣਾ ਲਾਡਵਾ (ਜ਼ਿਲਾ ਕਰਨਾਲ) ਅਤੇ ਤਲੌਂਢਾ ਪਰਗਣਾ ਜੀਂਦ ਵਿਚ ਸਰਸਵਤੀ ਨਦੀ ਦੇ ਕੰਢੇ ਦੇ ਪਿੰਡਾਂ ਵਿਚ ਕਿਤਨੇ ਹੀ ਭੱਟ ਰਹਿੰਦੇ ਹਨ। ਇਹਨਾਂ ਹੀ ਭੱਟਾਂ ਦੇ ਕੁੱਝ ਖ਼ਾਨਦਾਨ ਯੂ.ਪੀ.ਸੀ.ਪੀ. ਵਿਚ ਭੀ ਜਾ ਵੱਸੇ ਹਨ, ਤੇ ਕੁਝ ਸਹਾਰਨਪੁਰ ਤੇ ਜਗਾਧਰੀ ਦੇ ਇਲਾਕੇ ਵਿਚ ਰਹਿੰਦੇ ਹਨ। ਇਹਨਾਂ ਸਭਨਾਂ ਭੱਟਾਂ ਦੇ ਪਾਸ ਵਹੀਆਂ ਹਨ, ਜਿੰਨ੍ਹਾਂ-ਉਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ।”
ਭੱਟਾਂ ਦੀ ਗਿਣਤੀ ਬਾਰੇ, ਜਿਨ੍ਹਾਂ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਨ, ਵਿਦਵਾਨਾਂ ਦੀ ਵੱਖਰੀ ਵੱਖਰੀ ਰਾਇ ਹੈ ਅਤੇ ਇਸ ਪ੍ਰਸ਼ਨ ਨੂੰ ਹਾਲੇ ਤੱਕ ਪੱਕੀ ਤਰ੍ਹਾਂ ਸੁਲਝਾਇਆ ਨਹੀਂ ਗਿਆ। ਸਿੱਖ ਇਨਸਾਈਕਲੋਪੀਡੀਆ ਵਿਚ ਭੱਟਾਂ ‘ਤੇ ਲਿਖੇ ਇੰਦਰਾਜ ਵਿਚ ਇਹ ਕਿਹਾ ਹੈ ਕਿ ਇੱਕ ਪ੍ਰੰਪਰਾ ਅਨੁਸਾਰ ਇੱਕ ਸਿਰਮੌਰ ਭੱਟ ਕਵੀ ਕਲ੍ਹ ਨੇ ਆਪਣੇ ਸਿਰ ਜ਼ਿੰਮੇਵਾਰੀ ਲਈ ਕਿ ਭੱਟ ਵਹੀਆਂ ਵਿਚੋਂ ਤੁਕਾਂ ਦਾ ਉਤਾਰਾ ਕਰ ਕੇ ਪਵਿੱਤਰ ਗ੍ਰੰਥ ਸਾਹਿਬ ਦੇ ਸੰਕਲਨ ਵੇਲੇ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਸ ਪਹੁੰਚਦਾ ਕਰੇ। ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਦੇ ਰਚਨਾਕਾਰ ਭੱਟਾਂ ਦੀ ਗਿਣਤੀ ਦਾ ਸਬੰਧ ਹੈ, ਸਾਹਿਬ ਸਿੰਘ, ਤੇਜਾ ਸਿੰਘ, ਤਾਰਨ ਸਿੰਘ ਅਤੇ ਹੋਰ ਆਧੁਨਿਕ ਵਿਦਵਾਨਾਂ ਅਨੁਸਾਰ ਇਹ ਗਿਣਤੀ ਗਿਆਰਾਂ ਹੈ, ਜਦਕਿ ਸੰਤੋਖ ਸਿੰਘ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ), ਭਾਈ ਵੀਰ ਸਿੰਘ (ਗੁਰੂ ਗ੍ਰੰਥ ਕੋਸ਼), ਅਤੇ ਪ੍ਰੰਪਰਕ ਵਿਦਵਾਨਾਂ ਵਿਚੋਂ ਕੁੱਝ ਹੋਰਾਂ ਅਨੁਸਾਰ ਇਹ ਗਿਣਤੀ ਸਤਾਰਾਂ ਹੈ, ਅਤੇ ਪੰਡਿਤ ਕਰਤਾਰ ਸਿੰਘ ਦਾਖਾ ਇਹ ਅੰਕੜਾ 19 ਮੰਨਦਾ ਹੈ। ਗਿਣਤੀ ਵਿਚ ਇਸ ਵਖਰੇਵੇਂ ਦੀ ਵਜ੍ਹਾ ਇਸ ਤੱਥ ਨੂੰ ਜਾਂਦੀ ਹੈ ਕਿ ਭੱਟ ਸਮੂਹਿਕ ਰੂਪ ਵਿਚ ਗਾਉਣ ਦੇ ਆਦੀ ਸਨ ਅਤੇ ਕਈ ਵਾਰ ਕਿਸੇ ਸਮੂਹਿਕ ਰੂਪ ਵਿਚ ਗਾਇਆ ਗੌਣ ਗਰੁੱਪ ਦੇ ਨੇਤਾ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਅਤੇ ਕਿਸੇ ਦੂਸਰੇ ਵੇਲੇ ਕੋਈ ਇਕੱਲਾ ਗਰੁੱਪ ਦੇ ਮੈਂਬਰਾਂ ਦੇ ਨਾਮ ਥੱਲੇ ਗਾਉਂਦਾ ਸੀ।
ਸਤਾਰਾਂ ਭੱਟਾਂ ਵਿਚੋਂ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਭੀਖਾ, ਰਈਏ ਦਾ ਪੁੱਤਰ, ਸੁਲਤਾਨਪੁਰ ਲੋਧੀ ਦਾ ਵਸਨੀਕ ਸੀ ਅਤੇ ਗੁਰੂ ਅਮਰ ਦਾਸ ਦਾ ਸਿੱਖ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੁੱਲ ਇੱਕ ਸੌ ਤੇਈ ਸਵਈਆਂ ਵਿਚੋਂ ਦੋ ਉਸ ਦੇ ਰਚੇ ਹੋਏ ਹਨ ਅਤੇ ਦੋਵੇਂ ਹੀ ਗੁਰੂ ਅਮਰਦਾਸ ਦੀ ਸਿਫ਼ਤਿ-ਸਾਲਾਹ ਵਿਚ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਕੀ ਦੇ 16 ਭੱਟਾਂ ਵਿਚੋਂ ਚਾਰ ਉਸ ਦੇ ਪੁੱਤਰ ਹਨ। ਕਲ੍ਹ, ਜਿਸ ਨੂੰ ਕਲਸਹਾਰ ਜਾਂ ਕਲ੍ਹ ਠਾਕਰ ਵੀ ਕਿਹਾ ਜਾਂਦਾ ਹੈ, ਨੂੰ ਸਾਰੇ ਭੱਟਾਂ ਵਿਚੋਂ ਬਹੁਤ ਹੀ ਪੜ੍ਹਿਆ-ਲਿਖਿਆ ਅਤੇ ਵਿਦਵਾਨ ਮੰਨਿਆ ਜਾਂਦਾ ਸੀ, ਦੇ 53 ਸਵਈਏ ਹਨ: 10 ਗੁਰੂ ਨਾਨਕ ਸਾਹਿਬ ਦੀ ਸਿਫ਼ਤਿ-ਸਾਲਾਹ, 9 ਗੁਰੂ ਅੰਗਦ ਅਤੇ 9 ਹੀ ਗੁਰੂ ਅਮਰਦਾਸ, 13 ਗੁਰੂ ਰਾਮ ਦਾਸ ਦੀ ਸਿਫ਼ਤਿ-ਸਾਲਾਹ ਅਤੇ 12 ਗੁਰੂ ਅਰਜਨ ਦੇਵ ਦੀ ਸਿਫ਼ਤਿ-ਸਾਲਾਹ ਵਿਚ ਰਚੇ ਹੋਏ ਹਨ। ਜਲਪ ਜਿਸ ਨੇ ਆਪਣੇ ਪਿਤਾ ਸਮੇਤ ਗੋਇੰਦਵਾਲ ਵਿਚ ਨਿਵਾਸ ਕਰ ਲਿਆ ਸੀ, ਦੇ ਨਾਮ ਹੇਠ 4 ਸਵਈਏ ਹਨ ਜੋ ਗੁਰੂ ਅਮਰ ਦਾਸ ਦੀ ਸਿਫ਼ਤਿ-ਸਾਲਾਹ ਵਿਚ ਰਚੇ ਹੋਏ ਹਨ। ਭੱਟ ਕੀਰਤ ਦੇ 8 ਸਵਈਏ ਹਨ ਜੋ ਚਾਰ ਗੁਰੂ ਅਮਰ ਦਾਸ ਅਤੇ ਚਾਰ ਗੁਰੂ ਰਾਮ ਦਾਸ ਦੀ ਉਸਤਤਿ ਵਿਚ ਰਚੇ ਹੋਏ ਹਨ; ਭੱਟ ਮਥੁਰਾ ਦੇ 12 ਸਵਈਏ ਹਨ ਜੋ ਸਾਰੇ ਹੀ ਗੁਰੂ ਰਾਮ ਦਾਸ ਦੀ ਉਸਤਤਿ ਵਿਚ ਰਚੇ ਹਨ।
ਸਲ੍ਹ ਭੱਟ ਨੇ ਤਿੰਨ ਸਵਈਏ ਰਚੇ ਹਨ ਇੱਕ ਵਿਚ ਗੁਰੂ ਅਮਰ ਦਾਸ ਦੀ ਸ੍ਰੇਸ਼ਟਤਾ ਨੂੰ ਦੱਸਿਆ ਹੈ ਅਤੇ ਦੋ ਵਿਚ ਗੁਰੂ ਰਾਮ ਦਾਸ ਜੀ ਦੀ ਸ੍ਰੇਸ਼ਟਤਾ ਦਾ ਵਰਣਨ ਕੀਤਾ ਹੈ। ਭੱਟ ਭੱਲ, ਜਿਸ ਨੇ ਇੱਕ ਹੀ ਸਵਈਆ ਗੁਰੂ ਅਮਰਦਾਸ ਦੀ ਸਿਫ਼ਤਿ-ਸਾਲਾਹ ਵਿਚ ਰਚਿਆ ਹੈ ਭੱਟ ਸੇਖਾ ਦਾ ਪੁੱਤਰ ਸੀ, ਜੋ ਭੱਟ ਰਈਏ ਦਾ ਭਾਈ ਸੀ। ਬਲ੍ਹ ਭੱਟ ਜਿਸ ਨੇ ਪੰਜ ਸਵਈਏ, ਸਾਰੇ ਗੁਰੂ ਸਾਹਿਬਾਨ ਵਿਚ ਇੱਕ ਹੀ ਦੈਵੀ ਜੋਤਿ ਹੋਣ ਦੇ ਸਿਧਾਂਤ ਨੂੰ ਪ੍ਰਵਾਨ ਕਰਦੇ ਰਚੇ ਹਨ, ਰਈਏ ਦੇ ਦੂਸਰੇ ਭਾਈ ਤੋਖਾ ਦਾ ਪੁੱਤਰ ਸੀ। ਹਰਿਬੰਸ, ਗੋਖਾ ਦਾ ਜੇਠਾ ਪੁੱਤਰ, ਰਈਏ ਦਾ ਭਾਈ, ਨੇ ਗੁਰੂ ਅਰਜਨ ਦੇਵ ਪਾਤਿਸ਼ਾਹ ਦੀ ਉਸਤਤਿ ਕਰਦਿਆਂ ਦੋ ਸਵਈਏ ਰਚੇ ਹਨ। ਭੱਟ ਨਲ੍ਹ ਨੇ ਗੁਰੂ ਰਾਮ ਦਾਸ ਦੀ ਉਸਤਤਿ ਵਿਚ ਪੰਜ ਸਵਈਏ ਰਚੇ ਹਨ। ਦਾਸ, ਜਿਸ ਨੂੰ ਦਾਸੁ ਜਾਂ ਦਾਸਿ ਕਰਕੇ ਵੀ ਲਿਖਿਆ ਹੋਇਆ ਹੈ, ਨੇ 10 ਸਵਈਏ ਰਚੇ ਹਨ ਜਿਨ੍ਹਾਂ ਵਿਚ ਇੱਕ ਸੇਵਕ ਨਾਲ ਸਾਂਝਾ ਹੈ; ਸੇਵਕ ਨੇ ਇਸ ਇੱਕ ਤੋਂ ਇਲਾਵਾ ਆਪਣੇ ਵੀ ਚਾਰ ਸਵਈਏ ਰਚੇ ਹਨ। ਭੱਟ ਪਰਮਾਨੰਦ ਦੇ ਗੁਰੂ ਰਾਮ ਦਾਸ ਦੀ ਉਸਤਤਿ ਵਿਚ ਪੰਜ ਸਵਈਏ ਹਨ। ਤਲ ਨੇ ਗੁਰੂ ਅੰਗਦ ਦੇਵ ਦੀ ਉਸਤਤਿ ਕਰਦਿਆਂ ਇੱਕੋ ਸਵਈਆ ਰਚਿਆ ਹੈ। ਜਲਨ ਨੇ ਦੋ ਸਵਈਏ ਰਚੇ ਹਨ ਜੋ ਗੁਰੂ ਰਾਮ ਦਾਸ ਦੀ ਉਸਤਤਿ ਵਿਚ ਹਨ। ਜਲ੍ਹ ਭੱਟ ਨੇ ਇੱਕ ਸਵਈਆ ਗੁਰੂ ਅਮਰਦਾਸ ਦੀ ਵਡਿਆਈ ਵਿਚ ਰਚਿਆ ਹੈ ਅਤੇ ਗਿਅੰਦ ਭੱਟ ਨੇ ਪੰਜ ਸਵਈਏ ਗੁਰੂ ਰਾਮ ਦਾਸ ਦੀ ਮਹਿਮਾ ਦਾ ਵਰਣਨ ਕਰਦੇ ਰਚੇ ਹਨ। ਕੁੱਲ 123 ਸਵਈਆਂ ਵਿਚੋਂ ਦਸ-ਦਸ ਸਵਈਏ ਦੋਵਾਂ ਗੁਰੂਆਂ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਸਤਿਕਾਰ ਵਿਚ ਹਨ, 22 ਸਵਈਏ ਗੁਰੂ ਅਮਰ ਦਾਸ, 60 ਗੁਰੂ ਰਾਮ ਦਾਸ ਅਤੇ 21 ਗੁਰੂ ਅਰਜਨ ਦੇਵ ਪਾਤਿਸ਼ਾਹ ਦੇ ਸਤਿਕਾਰ ਨੂੰ ਸਮਰਪਤਿ ਹਨ।
ਇਨ੍ਹਾਂ ਸਵੱਈਆ ਦਾ ਮੁੱਖ ਉਦੇਸ਼ ਗੁਰੂ ਸਾਹਿਬਾਨ ਦੀ ਉਸਤਤਿ ਵਿਅਕਤੀਆਂ ਵਜੋਂ ਨਹੀਂ ਬਲਕਿ ਰੱਬੀ ਜੋਤਿ ਦਾ ਪਰਗਟ ਸਰੂਪ ਹੋਣ ਵਜੋਂ ਕੀਤੀ ਹੈ, ਜੋ ਉਨ੍ਹਾਂ ਰਾਹੀਂ ਪਰਗਟ ਹੋਈ। ਭੱਟ ਬਾਣੀਕਾਰ ਗੁਰੂ ਸਾਹਿਬਾਨ ਨੂੰ ਇਕੋ ਦੈਵੀ ਜੋਤਿ ਦੇ ਰੂਪ ਵਿਚ, ਇਕੋ ਆਤਮਾ ਦੇ ਰੂਪ ਵਿਚ ਦੇਖਦੇ ਹਨ ਜੋ ਇਕ ਸਰੀਰ ਤੋਂ ਦੂਸਰੇ ਸਰੀਰ ਵਿਚ ਆਈ। ਉਦਾਹਰਨ ਵਜੋਂ ਭੱਟ ਕੀਰਤ ਨੇ ਫ਼ੁਰਮਾਇਆ ਹੈ ਕਿ ਜਿਵੇਂ ਗੁਰੂ ਅੰਗਦ ਗੁਰੂ ਨਾਨਕ ਦਾ ਅੰਗ ਸੀ, ਉਸੇ ਤਰ੍ਹਾਂ ਗੁਰੂ ਰਾਮਦਾਸ ਗੁਰੂ ਅਮਰਦਾਸ ਦਾ ਹਿੱਸਾ ਸੀ:
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥
ਤਾ ਤੇ ਗਉਹਰੁ ਗ੍ਹਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਹਾਰ ਕੋ ਨਾਸੁ॥
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ॥
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ॥1॥
(ਪੰ.1405)
ਅਤੇ:
ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥
ਸੋਢੀ ਸ੍ਰਿਸਿਟ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥3॥
(ਪੰ.1406)
ਇਸੇ ਤਰ੍ਹਾਂ ਭੱਟ ਕਲ੍ਹ ਨੇ ‘ਸਵਈਏ ਮਹਲੇ ਪੰਜਵੇ ਕੇ 5’ ਵਿਚ ਫੁਰਮਾਇਆ ਹੈ ਕਿ ਗੁਰੂ ਨਾਨਕ ਤੋਂ ਗੁਰੂ ਅੰਗਦ ਦੀ ਜੋਤਿ ਪਰਗਟ ਹੋਈ, ਗੁਰੂ ਅੰਗਦ ਤੋਂ ਜੋਤਿ ਗੁਰੂ ਅਮਰਦਾਸ ਪਾਸ ਆਈ, ਗੁਰੂ ਰਾਮਦਾਸ ਤੋਂ ਉਹੀ ਜੋਤਿ ਗੁਰੂ ਅਰਜਨ ਪਾਸ ਆਈ ਜੋ ਰੱਬ ਦੇ ਪੂਰੇ ਭਗਤ ਸੀ:
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ॥
ਸਤਿਗੁਰ ਚਰਣ ਕਵਲ ਰਿਦਿ ਧਾਰੰ॥
ਗੁਰ ਅਰਜੁਨ ਗੁਣ ਸਹਜਿ ਬਿਚਾਰੰ॥
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਸਗਲ ਮਨੋਰਥ ਪੂਰੀ ਆਸਾ॥
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥
ਕਲ੍ਹ ਜੋੜਿ ਕਰ ਸੁਜਸੁ ਵਖਾਣਿਓ॥
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ॥
ਸਬਦ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥1॥
(ਪੰ.1406-7)
ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਰੱਬੀ ਜੋਤਿ ਦੇ ਪ੍ਰਕਾਸ਼, ਇੱਕੋ ਜੁਗਤਿ ਹੋਣ ਦਾ ਇਹ ਸੰਕਲਪ ਸਿੱਖ ਧਰਮ ਦਾ ਸਿਧਾਂਤਕੀ ਵਿਸ਼ਵਾਸ ਬਣ ਚੁੱਕਾ ਹੈ ਅਤੇ ਅੱਜ ਇਹ ਸਿੱਖ ਧਰਮ ਦਾ ਕੇਂਦਰੀ ਸਿਧਾਂਤ ਹੈ।
‘ਸਵਈਏ ਮਹਲੇ ਪਹਿਲੇ ਕੇ 1’ ਕਲ ਭੱਟ ਤੋਂ ਸ਼ੁਰੂ ਹੁੰਦੇ ਹਨ ਅਤੇ ਕਲ ਭੱਟ ਗੁਰਮਤਿ ਦੇ ਸਿਧਾਂਤ ਗ੍ਰਹਿਸਥ ਵਿਚ ਰਹਿੰਦਿਆਂ ਹੀ ਪਰਮਸਤਿ ਦੀ ਭਗਤੀ ਜਾਂ ਧਿਆਨ ਵਿਚ ਜੁੜੇ ਰਹਿਣ ਦੇ ਸਿਧਾਂਤ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਦੀ ਸਿਫ਼ਤਿ-ਸਾਲਾਹ ਦੇ ਸੰਦਰਭ ਵਿਚ ਬਿਆਨ ਕਰਦਾ ਹੈ, “ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥”
ਅਰਥਾਤ ਕਵੀ ਕਲ ਉਸ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਦਾ ਗਾਇਨ ਕਰਦਾ ਹੈ ਜਿਸ ਨੇ ਰਾਜ ਅਤੇ ਜੋਗ ਮਾਣਿਆ ਹੈ; ਭਾਵ ਗ੍ਰਹਿਸਤਿ ਵਿਚ ਰਹਿੰਦਿਆਂ ਹੀ ਪਰਮਾਤਮਾ ਨਾਲ ਜੜਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਦਾ ਦਿੱਤਾ ਮਾਰਗ ਸਹਿਜ ਮਾਰਗ ਹੈ ਜਿਸ ਨੂੰ ਭੱਟ ਕਲ ਨੇ ‘ਸਹਜੁ ਜੋਗ’ ਕਿਹਾ ਹੈ ਅਤੇ ਗੁਰੂ ਨਾਨਕ ਦੇ ਦਿੱਤੇ ਫ਼ਲਸਫੇ ਅਨੁਸਾਰ ਬ੍ਰਹਮ ਦੇ ਨਿਰਗੁਣ ਅਤੇ ਸਰਗੁਣ ਦੋਵੇਂ ਸਰੂਪ ਹਨ; ਨਿਰਗੁਣ ਸਰੂਪ ਵਿਚ ਬ੍ਰਹਮ ਅਪ੍ਰੰਪਰ ਅਤੇ ਅਪਰਗਟ ਹੈ ਅਤੇ ਇਹ ਸਾਰਾ ਬ੍ਰਹਮੰਡ ਬ੍ਰਹਮ ਦਾ ਹੀ ਪਰਗਟ ਸਰੂਪ ਹੈ ਉਸ ਨੇ ਆਪਣੀ ਕੁਦਰਤਿ ਦੀ ਰਚਨਾ ਆਪਣੇ ਆਪ ਤੋਂ ਕੀਤੀ ਹੈ ਇਸ ਲਈ ਕੁਦਰਤਿ ਉਸ ਦਾ ਹੀ ਪਰਗਟ ਰੂਪ ਹੈ ‘ਆਪਿ ਸਤਿ ਕੀਆ ਸਭੁ ਸਤਿ॥ਤਿਸ ਸਤਿ ਤੇ ਸਗਲੀ ਉਤਪਤਿ॥” ਗੁਰੂ ਦੇ ਦਿੱਤੇ ਇਸ ਫ਼ਲਸਫੇ ਦਾ ਪ੍ਰਗਟਾਵਾ ਕਲ ਭਟ, “ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ॥ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗ ਜਿਨਿ ਮਾਣਿਓ॥9॥” ਕਹਿ ਕੇ ਕਰਦਾ ਹੈ। ‘ਸਵਈਏ ਮਹਲੇ ਦੂਜੇ ਕੇ 2’ ਵਿਚ ਗੁਰੂ ਅੰਗਦ ਦੇਵ ਜੀ ਦੀ ਸਿਫ਼ਤਿ-ਸਾਲਾਹ ਕੀਤੀ ਹੈ ਅਤੇ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਹਿਜੇ ਹੀ ਜਦੋਂ ਗੁਰੂ ਅੰਗਦ ਦੇ ਮੱਥੇ ‘ਤੇ ਹੱਥ ਧਰਿਆ ਤਾਂ ਗੁਰੂ ਅੰਗਦ ਦੇਵ ਜੀ ਦੇ ਅੰਦਰ ਨਾਮ-ਅੰਮ੍ਰਿਤ ਦੀ ਛਹਿਬਰ ਲਾ ਕੇ ਵੱਸ ਪਿਆ। ਇਨ੍ਹਾਂ ‘ਸਵਈਏ ਮਹਲੇ ਦੂਜੇ ਕੇ 2’ ਦੀਆਂ ਆਖ਼ਰੀ ਪੰਕਤੀਆਂ ਦਾ ਉਚਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਵਾਕ ਲੈਣ ਤੋਂ ਪਹਿਲਾ ਆਮ ਹੀ ਕੀਤਾ ਜਾਂਦਾ ਹੈ। ਇਹ ਸਾਡੇ ਜੀਵਨ ਦਾ ਸਹਿਜ ਵਿਚ ਹੀ ਹਿੱਸਾ ਬਣ ਗਈਆਂ ਹਨ, “ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥” ਜਿਸ ਦਾ ਭਾਵ ਹੈ ਕਿ ਹੇ ਟੱਲ! (ਕੱਲ) ਗੁਰੂ ਅੰਗਦ ਦੇਵ ਜੀ ਵਰਗੇ ਗੁਰੂ ਨੂੰ ਸਹਿਜ ਅਵਸਥਾ ਵਿਚ ਰਹਿ ਕੇ ਦਿਨ-ਰਾਤ ਸੇਵਨਾ ਚਾਹੀਦਾ ਹੈ। ਅਜਿਹੇ ਗੁਰੂ ਦੇ ਦਰਸ਼ਨ ਕੀਤਿਆਂ ਜਨਮ-ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
‘ਸਵਈਏ ਮਹਲੇ ਤੀਜੇ ਕੇ 3’ ਵਿਚ ਭੱਟ ਕਵੀਆਂ ਨੇ ਦੱਸਿਆ ਹੈ ਕਿ ਨਾਮ ਕਿਸ ਤਰ੍ਹਾਂ ਮਨੁੱਖ ਦਾ ਕਾਇਆਕਲਪ ਕਰਦਾ ਹੈ ਅਤੇ ਨਾਮ ਰਾਹੀਂ ਹੀ ਗੁਰੂ ਜੋਤਿ ਲਗਾਤਾਰਤਾ ਵਿਚ ਪ੍ਰਕਾਸ਼ਿਤ ਹੋਈ ਹੈ, “ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਚਲੁ ਸੰਸਾਰੇ॥ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ॥ਤਿਤੁ ਨਾਮਿ ਰਸਿਕੁਨਾਨਕੁ ਲਹਿਣਾ ਥਪਿਓ ਜੇਨ ਸ੍ਰਬ ਸਿਧੀ॥ਕਵਿ ਜਨ ਕਲ੍ਹ ਸਬੁਧੀ ਕੀਰਤਿ ਜਨ ਅਮਰਦਾਸ ਬਿਸਤਰੀਆ॥” ਭੱਟ ਕਲ ਨੇ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜੋ ਸੰਸਾਰ ਵਿਚ ਅਚਲ ਹੈ ਅਤੇ ਜਿਸ ਉੱਤਮ ਨਾਮ ਨੇ ਭਗਤਾਂ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਿਆ ਹੈ। ਉਸੇ ਨਾਮ ਵਿਚ ਗੁਰੂ ਨਾਨਕ ਅਨੰਦ ਲੈ ਰਹੇ ਹਨ, ਉਸੇ ਨਾਮ ਵਿਚ ਲਹਿਣਾ ਜੀ (ਗੁਰੂ ਅੰਗਦ ਦੇਵ) ਟਿਕ ਗਏ ਅਤੇ ਉਸੇ ਨਾਮ ਦੀ ਮਿਹਰ ਨਾਲ ਗੁਰੂ ਅਮਰਦਾਸ ਜੀ ਜੋ ਉਚੀ ਬੁੱਧੀ ਦੇ ਮਾਲਕ ਹਨ, ਉਨ੍ਹਾਂ ਦੀ ਸ਼ੋਭਾ ਦਾ ਲੋਕਾਂ ਵਿਚ ਪਾਸਾਰ ਹੋ ਹਿਾ ਹੈ।
‘ਸਵਈਏ ਮਹਲੇ ਚਉਥੇ ਕੇ 4’ ਵਿਚ ਕਵੀ ਕਲਸਹਾਰ ਗੁਰੂ ਰਾਮਦਾਸ ਦੀ ਉਪਮਾ ਕਰਦਿਆਂ ਕਿ ਗੁਰੂ ਰਾਮਦਾਸ ਨਾਮ ਰੂਪੀ ਅੰਮ੍ਰਿਤ ਦਾ ਸਰੋਵਰ ਹੈ ਜੋ ਸਦਾ ਭਰਿਆ ਰਹਿੰਦਾ ਹੈ “ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ॥ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭ੍ਰ ਭਰੇ॥1॥ਛੂਟਤ ਪਰਵਾਹ ਅਮਿਅ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ॥ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁਕਰੀਆ॥” ਕਲਸ੍ਹਹਾਰ ਕਵੀ ਨੇ ਫ਼ੁਰਮਾਇਆ ਹੈ ਕਿ ਗੁਰੂ ਰਾਮਦਾਸ ਠਾਕੁ ਹਰਦਾਸ ਜੀ ਦੇ ਸਪੁੱਤਰ ਹਿਰਦੇ ਦੇ ਖਾਲੀ ਮਨ-ਰੂਪੀ ਸਰੋਵਰਾਂ ਨੂੰ ਨਾਮ ਨਾਲ ਭਰਨ ਵਾਲੇ ਅਤੇ ਅਕਾਲ ਪੁਰਖ ਦੇ ਨਾਮ ਦੇ ਰਸੀਏ, ਪਰਮਾਤਮ-ਗੁਣਾਂ ਦੇ ਗਾਹਕ, ਰੱਬ ਨੂੰ ਪ੍ਰੇਮ ਕਰਨ ਵਾਲੇਅਤੇ ਸਮ-ਦ੍ਰਿਸ਼ਟਤਾ ਦੇ ਸਰੋਵਰ ਹਨ। ਉਹ ਅੰਮ੍ਰਿਤ ਦਾ ਅਜਿਹਾ ਸਰੋਵਰ ਹਨ ਜੋ ਸਦਾ ਭਰਿਆ ਰਹਿੰਦਾ ਹੈ ਅਤੇ ਉਨ੍ਹਾਂ ਵਿਚੋਂ ਅਟਲ ਪਦਵੀ ਦੇਣ ਵਾਲੇ ਚਸ਼ਮੇ ਚੱਲ ਰਹੇ ਹਨ; ਜਿਸ ਨੂੰ ਉਹ ਸੰਤ ਜਨ ਪੀਂਦੇ ਅਤੇ ਅਮਤਰ-ਆਤਮਾ ਵਿਚ ਇਸ਼ਨਾਨ ਕਰਦੇ ਹਨ ਜਿਨ੍ਹਾਂ ਨੇ ਪੂਰਬਲੇ ਜਨਮਾਂ ਵਿਚ ਕੋਈ ਸੇਵਾ ਕੀਤੀ ਹੋਈ ਹੈ।
‘ਸਵਈਏ ਮਹਲੇ ਪੰਜਵੇਂ ਕੇ 5’ ਵਿਚ ਫ਼ੁਰਮਾਇਆ ਹੈ ਕਿ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਨੇ ਭਗਤੀ ਦੇ ਜੋਗ ਨੂੰ ਜਿੱਤਿਆ ਹੈ ਅਤੇ ਸ਼ਬਦ ਦਾ ਪ੍ਰਕਾਸ਼ ਕੀਤਾ ਹੈ, “ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ॥ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥ਗੁਰੂ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ਗੁਰੁ ਅਰਜਨੁ ਘਰਿ ਗੁਰੂ ਰਾਮਦਾਸ ਭਗਤ ਉਤਰਿ ਆਯਉ॥” ਪਰਮਾਤਮਾ ਨੇ ਉਨ੍ਹਾਂ ਨੂੰ ਜਨਕ ਪੈਦਾ ਕੀਤਾ ਹੈ ਅਤੇ ਗੁਰੂ ਨੇ ਪਰਮਾਤਮਾ ਨੂੰ ਆਪਣੀ ਜੀਭ ਉੱਤੇ ਵਸਾ ਲਿਆ ਹੈ। ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਜੀ ਦੇ ਚਰਨੀਂ ਲੱਗ ਕੇ ਉੱਤਮ ਪਦਵੀ ਪਾਈ ਹੈ ਅਤੇ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਭਗਤ ਜੰਮ ਪਏ ਹਨ।