ਯੂਨੀਵਰਸਿਟੀ ਦੀਆਂ ਯਾਦਾਂ `ਚ ਪਿਘਲਦਿਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਯਾਦਾਂ ਸਾਡੀ ਜਿ਼ੰਦਗੀ ਦਾ ਸਭ ਤੋਂ ਉਤਮ ਸਰਮਾਇਆ। ਇਨ੍ਹਾਂ ਸਹਾਰੇ ਹੀ ਅਸੀਂ ਜਿ਼ੰਦਗੀ ਦੀ ਅਜੇਹੀ ਕਲਾਨਿਕਾਸ਼ੀ ਕਰਦੇ ਹਾਂ ਜੋ ਸਾਡੇ ਟੁੱਟਦੇ ਸਾਹਾਂ ਨੂੰ ਜੋੜਦੀ ਹੈ ਅਤੇ ਢਲਦੇ ਪ੍ਰਛਾਵਿਆਂ ਵੇਲੇ ਚੜ੍ਹਦੇ ਦਿਨ ਵਰਗਾ ਅਹਿਸਾਸ ਮਨ ਵਿਚ ਪੈਦਾ ਕਰਦੀ ਹੈ।

ਕੁਝ ਯਾਦਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਮੁੜ-ਮੁੜ ਜਿਊਣਾ ਚਾਹੁੰਦੇ ਹਾਂ। ਕੁਝ ਪਲ ਅਜਿਹੇ ਹੁੰਦੇ ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਤਰਾਸਿ਼ਆ ਹੋਵੇ, ਸੰਵੇਦਨਾ ਨੂੰ ਮਨ ਦੀ ਬੀਹੀ ਵਿਚ ਉਗਾਇਆ ਹੋਵੇ ਅਤੇ ਸਾਡੇ ਸੁਪਨਿਆਂ ਨੂੰ ਅਜਿਹੀ ਪ੍ਰਵਾਜ਼ ਦਿਤੀ ਹੁੰਦੀ ਹੈ ਕਿ ਅਸੀਂ ਸਾਰੀ ਉਮਰ ਉਸ ਪ੍ਰਵਾਜ਼ ਵਿਚ ਰਹਿੰਦੇ, ਸੁਪਨੇ ਦੀ ਪੂਰਨਤਾ ਨੂੰ ਆਪਣਾ ਕਰਮ-ਧਰਮ ਬਣਾ ਲੈਂਦੇ ਹਾਂ।
ਯਾਦਾਂ ਬਚਪਨ ਦੀਆਂ ਵੀ ਹੁੰਦੀਆਂ ਅਤੇ ਜਵਾਨੀ ਦੀਆਂ ਵੀ। ਸਕੂਲ ਦੀਆਂ ਵੀ ਮਾਸੂਮ ਜਿਹੀਆਂ ਯਾਦਾਂ ਹੁੰਦੀਆਂ। ਕਾਲਜ ਦੀਆਂ ਲੜਕਪਣ ਨਾਲ ਭਰੀਆਂ ਯਾਦਾਂ ਹੁੰਦੀਆਂ। ਸਭ ਤੋਂ ਅਨਮੋਲ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਯਾਦਾਂ ਜਦ ਮਨ ਵਿਚ ਚਾਵਾਂ ਨਾਲ ਭਰੇ ਸੁਪਨੇ ਮਚਲਦੇ। ਇਨ੍ਹਾਂ ਚਾਵਾਂ ਨੂੰ ਪੂਰਿਆਂ ਕਰਨ ਲਈ ਯੂਨੀਵਰਸਿਟੀ ਦਾ ਮਾਹੌਲ ਵੀ ਸਾਜ਼ਗਾਰ ਹੁੰਦੈ। ਪਿਆਰੇ ਮਿੱਤਰਾਂ ਅਤੇ ਸਹਿਪਾਠੀਆਂ ਦਾ ਮੋਹਵੰਤਾ ਸਾਥ ਵੀ ਹੁੰਦਾ। ਕੁਝ ਨਰੋਇਆ ਅਤੇ ਵਿਲੱਖਣ ਕਰਨ ਦਾ ਜ਼ਜਬਾ ਅਤੇ ਜਨੂੰਨ ਵੀ ਹੁੰਦਾ। ਖਾਸ ਕਰਕੇ ਸਾਡੇ ਵਰਗਿਆਂ ਲਈ ਨਿੱਕੇ-ਨਿੱਕੇ ਪਿੰਡਾਂ ਵਿਚੋਂ ਆ ਕੇ ਯੂਨੀਵਰਸਿਟੀ ਵਿਚ ਪੜ੍ਹਨਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਯੂਨੀਵਰਸਿਟੀ ਦੇ ਮਾਹੌਲ ਨੂੰ ਸਮਝਣਾ, ਇਸਨੂੰ ਮਾਨਣਾ ਅਤੇ ਆਪਣੀ ਜਿ਼ੰਦਗੀ ਨੂੰ ਇਸਦੇ ਚੌਗਿਰਦੇ ਅਨੁਸਾਰ ਢਾਲਣਾ। ਅਤੇ ਸਭ ਤੋਂ ਅਹਿਮ ਸੀ ਉਨ੍ਹਾਂ ਸੁਪਨਿਆਂ ਦੀ ਤਾਮੀਰਦਾਰੀ ਵਿਚ ਖੁਦ ਨੂੰ ਅਰਪਿਤ ਕਰਨਾ ਜਿਹੜੇ ਸੁਪਨੇ ਸਾਡੇ ਮਾਪਿਆਂ ਨੇ ਸਾਡੇ ਦੀਦਿਆਂ ਵਿਚ ਧਰ ਕੇ ਸਾਨੂੰ ਯੂਨੀਵਰਸਿਟੀ ਨੂੰ ਤੋਰਿਆ ਸੀ।
ਅਮਰੀਕਾ ਤੋਂ ਪੰਜਾਬ ਆਏ ਨੂੰ ਮਹੀਨਾ ਹੋ ਚੱਲਿਆ ਸੀ। ਮੇਰੇ ਪਰਮ ਮਿੱਤਰ, ਹਮਜਮਾਤੀ, ਸਹਿਕਰਮੀ ਅਤੇ ਗਰਾਈਂ ਪੋ੍ਰ. ਕੁਲਵੰਤ ਸਿੰਘ ਔਜਲਾ ਦਾ ਮੁਹੱਬਤੀ ਹੁਕਮ ਸੀ ਕਿ ਪੰਜਾਬੀ ਯੂਨੀਵਰਸਿਟੀ ਜਾਣਾ ਹੈ। ਰਾਤ ਰਹਿ ਕੇ ਆਉਣਾ ਹੈ। ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਹੈ ਕਿਉਂਕਿ ਹੁਣ ਸਾਰੇ ਦੋਸਤ ਸੇਵਾ-ਮੁਕਤ ਹੋ ਚੁੱਕੇ ਸਨ। ਉਹ ਵਾਰ-ਵਾਰ ਤਾਕੀਦ ਕਰ ਰਹੇ ਸਨ ਕਿ ਆਪਾਂ ਮਿਲਣ ਦਾ ਸਬੱਬ ਤਾਂ ਬਣਾਈਏ ਤਾਂ ਕਿ ਬੀਤੇ ਨੂੰ ਫਿਰ ਤੋਂ ਪੁਨਰਸੰਜੀਵ ਕੀਤਾ ਜਾ ਸਕੇ।
ਕਪੂਰਥਲੇ ਤੋਂ ਸਵੇਰੇ ਸੁਵੱਖਤੇ ਚੱਲ ਕੇ ਦਸ ਕੁ ਵਜੇ ਪਟਿਆਲੇ ਪਹੁੰਚ ਗਏ। ਸਾਡੇ ਨਾਲ ਪ੍ਰੋ. ਬਖਤੌਰ ਧਾਲੀਵਾਲ ਅਤੇ ਡਾ. ਗੋਪਾਲ ਬੁੱਟਰ ਨੇ ਸਾਰੇ ਰਾਹ ਵਿਚ ਗੱਲਾਂ-ਬਾਤਾਂ ਨਾਲ ਚੰਗੀ ਰੌਣਕ ਲਾਈ ਰੱਖੀ। ਪ੍ਰੋ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਦੇ ਘਰ ਬ੍ਰੇਕਫਾਸਟ ਕੀਤਾ। ਇਸ ਮੋਹਵੰਤੀ ਜੋੜੀ ਦਾ ਪਿਆਰ ਅਤੇ ਪ੍ਰਸੰਨਤਾ ਡੁੱਲ-ਡੁੱਲ ਪੈਂਦੀ ਸੀ। ਇਸ ਅਦਬੀ ਜੋੜੇ ਨੇ ਅਕਾਦਮਿਕ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਨਾਲ ਬਹੁਤ ਵੱਡਾ ਨਾਮਣਾ ਖੱਟਿਆ ਹੈ ਜਿਸ `ਤੇ ਸਾਨੂੰ ਸਾਰਿਆਂ ਨੂੰ ਬਹੁਤ ਨਾਜ਼ ਏ। ਯਾਦ ਆਇਆ ਕਿ 1975 ਤੋਂ 1977 ਤੀਕ ਐਮ.ਐਸ.ਸੀ. ਕਰਦਿਆਂ, ਪ੍ਰੋ. ਕੁਲਵੰਤ ਔਜਲਾ, ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਵਰਮਾ, ਪ੍ਰੋ. ਰਣਜੀਤ ਰਣੀਆ, ਡਾ. ਮੱਖਣ ਸਿੰਘ ਅਤੇ ਪੋ੍ਰ. ਬਲਵਿੰਦਰ ਧਾਲੀਵਾਲ ਅਕਸਰ ਹੀ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੇਰੇ ਕਮਰੇ ਹੋਮੀ ਭਾਬਾ ਹੋਸਟਲ ਵਿਚ ਆ ਕੇ ਕਵਿਤਾਵਾਂ ਅਤੇ ਚੁਟਕਲਿਆਂ ਦੀਆਂ ਮਹਿਫ਼ਲਾਂ ਸਜਾਉਂਦੇ ਹੁੰਦੇ ਸਨ। ਪੰਜਾਬੀ ਅਦਬ ਨਾਲ ਮੇਰੇ ਪ੍ਰੇਮ ਦਾ ਇਕ ਕਾਰਨ ਮੇਰੇ ਕਮਰੇ ਵਿਚ ਅੱਧੀ ਅੱਧੀ ਰਾਤ ਤੀਕ ਸਜੀਆਂ ਉਨ੍ਹਾਂ ਮਿੱਤਰ-ਮਹਿਫਲ਼ਾਂ ਦਾ ਵੀ ਅਚੇਤ ਰੂਪ ਵਿਚ ਬਹੁਤ ਵੱਡਾ ਯੋਗਦਾਨ ਹੈ।
ਭਾਸ਼ਾ ਵਿਭਾਗ, ਪੰਜਾਬ ਦੀ ਡਾਇਰੈਕਟਰ ਡਾ. ਵੀਰਪਾਲ ਕੌਰ ਜੀ ਨੂੰ ਉਸਦੇ ਦਫ਼ਤਰ ਵਿਚ ਮਿਲਣ ਤੋਂ ਬਾਅਦ ਜਦ ਡਾ. ਸਤੀਸ਼ ਵਰਮਾ ਨੂੰ ਫੋਨ ਕੀਤਾ ਤਾਂ ਉਸਦਾ ਕਹਿਣਾ ਸੀ ਕਿ ਘਰ ਹੀ ਆ ਜਾਵੋ। ਦੁਪਹਿਰਾ ਮੇਰੇ ਘਰ ਕੱਟੋ। ਇਸ ਦੌਰਾਨ ਉਘੇ ਕਹਾਣੀਕਾਰ ਕਿਰਪਾਲ ਕਜ਼ਾਕ ਵੀ ਡਾ. ਵਰਮਾ ਦੇ ਘਰ ਪਹੁੰਚ ਗਏ। 2-3 ਘੰਟੇ ਚੱਲੀ ਇਸ ਮਿੱਤਰ-ਮਿਲਣੀ ਵਿਚ ਜਿਥੇ ਪੁਰਾਣੀਆਂ ਯਾਦਾਂ ਨੂੰ ਤਰੋਤਾਜ਼ਾ ਕੀਤਾ ਗਿਆ ਉਥੇ ਪੰਜਾਬੀ ਦੇ ਇਨ੍ਹਾਂ ਉਘੇ ਵਿਦਵਾਨਾਂ ਨੇ ਪੰਜਾਬੀ ਸਾਹਿਤ ਦੇ ਅਜੋਕੇ ਹਾਲਾਤ, ਇਸਦੇ ਸੰਭਾਵੀ ਵਿਸਥਾਰ ਤੇ ਵਰਤਾਰੇ, ਇਸਦੀ ਵਿਲੱਖਣਤਾ ਨੂੰ ਲੱਗ ਰਹੇ ਖੋਰੇ ਅਤੇ ਇਸ ਵਿਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਬਾਰੇ ਵੀ ਚਰਚਾ ਚੱਲਦੀ ਰਹੀ। ਇਸ ਦੌਰਾਨ ਨਿੱਕੇ ਨਿੱਕੇ ਟੋਟਕੇ, ਇਕ ਦੂਜੇ ਨੂੰ ਮਿੱਠੀਆਂ ਟਕੋਰਾਂ ਅਤੇ ਆਪਣੇ ਰੁਤਬਿਆਂ ਤੇ ਅਹੁਦਿਆਂ ਨੂੰ ਸਿਰਾਂ ਤੋਂ ਲਾਹ ਕੇ, ਬੀਤੇ ਵਿਚ ਪਰਤਣਾ ਬਹੁਤ ਹੀ ਚੰਗਾ ਲੱਗਦਾ। ਇਥੇ ਹੀ ਗਰੈਸੀਅਸ ਪਬਲਿਸ਼ਰਜ਼, ਪਟਿਆਲਾ ਵਲੋਂ ਮੇਰੀ ਨਵ-ਪ੍ਰਕਾਸਿ਼ਤ ਪੁਸਤਕ ‘ਦੀਵਿਆਂ ਦੀ ਡਾਰ’ ਡਾ. ਸਤੀਸ਼ ਵਰਮਾ ਦੇ ਘਰ ਵਿਚ ਪੁਰ-ਖਲੂਸ, ਪਰ ਨਿਰ-ਉਚੇਚ ਮਹਿਫ਼ਲ ਵਿਚ ਮਿੱਤਰ-ਪਿਆਰਿਆਂ ਵਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਨੇ ਇਕ ਹੋਰ ਯਾਦ ਪੁਰਾਣੀਆਂ ਯਾਦਾਂ ਵਿਚ ਰਲਾ ਕੇ ਸਾਡੀ ਇਸ ਮਿਲਣੀ ਨੂੰ ਯਾਦਗਾਰੀ ਬਣਾ ਦਿੱਤਾ।
ਅਸੀਂ ਰਾਤ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਕੱਟਣ ਦਾ ਸੋਚ ਕੇ ਆਏ ਸਾਂ ਤਾਂ ਕਿ ਵਿਦਿਆਰਥੀ ਜੀਵਨ ਦੇ ਬੀਤੇ ਹੋਏ ਪਲਾਂ ਨੂੰ ਮੁੜ ਤੋਂ ਜੀਵਿਆ ਜਾਵੇ। ਢਾ. ਜਸਵਿੰਦਰ ਸਿੰਘ ਦਾ ਸਾਰਾ ਦਿਨ ਦਾ ਇਹ ਕੇਹਾ ਮੋਹਭਿੱਜਾ ਸਾਥ ਸੀ ਕਿ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਦੇ ਦਸ ਵੱਜ ਗਏ। ਪੁਰਾਣੇ ਸਾਥੀਆਂ ਨਾਲ ਬਿਤਾਏ ਇਹ ਪਲ ਵਿਦਿਆਰਥੀ ਜੀਵਨ ਦੇ ਰਾਂਗਲੇ ਵਕਤ ਨੂੰ ਦੀਦਿਆਂ ਵਿਚ ਸੰਜੀਵ ਕਰ ਗਏ ਜੋ ਕਦੇ ਚੇਤਿਆਂ ਵਿਚ ਕੁਝ ਕੁ ਧੁੰਧਲਕੇ ਦਾ ਰੂਪ ਧਾਰਨ ਲੱਗੇ ਸਨ। ਇਸ ਰਾਤਰੀ ਮਹਿਫ਼ਲ ਵਿਚ ਡਾ. ਗੁਰਸੇਵਕ ਸਿੰਘ ਲੰਬੀ, ਡਾ. ਗੋਪਾਲ ਬੁੱਟਰ, ਪ੍ਰੋ. ਪ੍ਰੀਤਮ ਭੰਗੂ, ਡਾ. ਜਸਵਿੰਦਰ ਸਿੰਘ, ਪ੍ਰੋ. ਕੁਲਵੰਤ ਔਜਲਾ ਅਤੇ ਪ੍ਰੋ. ਬਖਤਾਵਰ ਧਾਲੀਵਾਲ ਦੀ ਭਰਪੂਰ ਹਾਜ਼ਰੀ ਨੇ ਇਸਦੀ ਰੰਗਤ ਨੂੰ ਹੋਰ ਵੀ ਗੂੜ੍ਹਾ ਕਰ ਦਿੱਤਾ। ਠਹਾਕਿਆਂ ਅਤੇ ਮੋਹਭਿੱਜੀ ਚੁੰਝ ਚਰਚਾ ਦੌਰਾਨ ਪਤਾ ਹੀ ਨਾ ਲੱਗਾ ਕਿ ਕਦੋਂ ਰਾਤ ਦੇ ਦਸ ਵੱਜ ਗਏ। ਖਾਣੇ ਤੋਂ ਬਾਅਦ ਡਾ. ਜਸਵਿੰਦਰ ਸਿੰਘ ਨੂੰ ਉਸਦੇ ਘਰ ਪਟਿਆਲਾ ਛੱਡ ਕੇ ਜਦ ਵਾਪਸ ਪਰਤੇ ਤਾਂ ਮੈਂ ਤੇ ਪੋ੍ਰ. ਔਜਲਾ ਬੀਤੇ ਦੀਆਂ ਪਰਤਾਂ ਵਿਚੋਂ ਜਿ਼ੰਦਗੀ ਦੀਆਂ ਉਨ੍ਹਾਂ ਪਰਤਾਂ ਨੂੰ ਫਰੋਲਣ ਲੱਗੇ ਜਿਹੜੀਆਂ ਪਰਤਾਂ ਵਿਚੋਂ ਚਾਨਣ-ਝੀਤਾਂ ਨੇ ਸਾਡੇ ਜੀਵਨ-ਬੂਹੇ `ਤੇ ਦਸਤਕ ਦਿੱਤੀ ਸੀ।
ਕੁਦਰਤ ਦੀ ਆਗੋਸ਼ ਵਿਚ ਹਰਿਆਵਲ ਨਾਲ ਭਰੀ ਯੂਨੀਵਰਸਿਟੀ ਦੀ ਸਵੇਰ ਨੇ ਉਨ੍ਹਾਂ ਯਾਦਾਂ ਨੂੰ ਮੁੜ ਤੋਂ ਨਵਿਆ ਦਿਤਾ ਜਦ ਵਿਦਿਆਰਥੀ ਹੁੰਦਿਆਂ, ਸਵੇਰੇ-ਸਵੇਰੇ ਆਪੋ-ਆਪਣੇ ਡਿਪਾਰਟਮੈਂਟਾਂ ਵਿਚ ਕਲਾਸਾਂ ਲਾਉਣ ਦੀ ਕਾਹਲ ਹੁੰਦੀ ਸੀ। ਫਿਜਿ਼ਕਸ ਵਿਭਾਗ ਦਾ ਮੁਹਾਂਦਰਾ ਭਾਵੇਂ ਹੁਣ ਬਦਲ ਚੁੱਕਾ ਏ ਪਰ ਇਸਦੀ ਨੁਹਾਰ ਵਿਚੋਂ ਬੀਤੇ ਹੋਏ ਨਕਸ਼ਾਂ ਨੂੰ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਏ।
ਮੈਂ ਤੇ ਪੋ੍ਰ. ਔਜਲਾ ਕੈਂਪਸ ਦਾ ਗੇੜਾ ਲਾਉਣ ਅਤੇ ਇਸਦੀ ਸਵੇਰ ਵਿਚ ਖ਼ੁਦ ਨੂੰ ਤਰੋਤਾਜ਼ਾ ਕਰਨ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਜਿਊਣ ਲਈ, ਸੈਰ ਕਰਨ ਵਾਸਤੇ ਗੈਸਟ ਹਾਊਸ ਵਿਚੋਂ ਬਾਹਰ ਨਿਕਲੇ। ਬਹੁਤ ਵਿਰਲੇ ਹੀ ਲੋਕ ਸਨ ਜੋ ਸਿਹਤਯਾਬੀ ਲਈ ਸੈਰ ਦਾ ਲੁਤਫ਼ ਮਾਣ ਰਹੇ ਸਨ। ਅਜੋਕੀ ਜੀਵਨ-ਸ਼ੈਲੀ ਨੇ ਮਨੁੱਖ ਨੂੰ ਖੁਦ ਪ੍ਰਤੀ ਲਾਪ੍ਰਵਾਹ ਜਿਊਣ ਦੀ ਜਾਚ ਦਿੱਤੀ ਹੈ। ਛੋਟੀਆਂ ਛੋਟੀਆਂ ਗੱਲਾਂ ਕਰਦਿਆਂ, ਮੈਂ ਪ੍ਰੋ. ਔਜਲਾ ਜੀ ਨੂੰ ਕਿਹਾ ਕਿ ਕਿ ਜੇਕਰ ਆਪਣੇ ਘਰਾਂ ਦੇ ਹਾਲਾਤ ਸਾਜ਼ਗਾਰ ਹੁੰਦੇ ਤਾਂ ਆਪਾਂ ਵੀ ਆਪਣੇ ਜਮਾਤੀਆਂ ਵਾਂਗ ਯੂਨੀਵਰਸਿਟੀ ਵਿਚ ਹੀ ਰਹਿ ਸਕਦੇ ਸੀ ਅਤੇ ਪੀਐਚਡੀ ਕਰਕੇ ਇੱਥੇ ਹੀ ਪੜ੍ਹਾਉਂਦੇ। ਆਪਣੇ ਮਿੱਤਰਾਂ ਡਾ. ਜਸਵਿੰਦਰ ਸਿੰਘ ਤੇ ਡਾ. ਸਤੀਸ਼ ਵਰਮਾ ਵਾਂਗ ਉਚੀਆਂ ਅਕਾਦਮਿਕ ਪ੍ਰਾਪਤੀਆਂ ਕਰ ਸਕਦੇ ਸਾਂ ਅਤੇ ਅਕਾਦਮਿਕ ਹਲਕਿਆਂ ਵਿਚ ਵਿਕਲੋਤਰਾ ਨਾਮ ਬਣਾ ਸਕਦੇ ਸੀ। ਪੋ੍ਰ. ਔਜਲਾ ਕਹਿਣ ਲੱਗੇ ਕਿ ਆਪਾਂ ਦੋਵੇਂ ਪਰਿਵਾਰ ਵਲੋਂ ਮਿਲਣ ਵਾਲੇ ਸਹਿਯੋਗ ਦੀ ਅਣਹੋਂਦ ਅਤੇ ਆਰਥਿਕ ਤੰਗੀ ਕਾਰਨ ਯੂਨੀਵਰਸਿਟੀ ਵਿਚ ਹੋਰ ਉਚੇਰੀ ਪੜਾ੍ਹਈ ਕਰਨ ਤੋਂ ਤਾਂ ਖੁੰਝ ਗਏ ਸਾਂ। ਵੈਸੇ ਆਪਾਂ ਇਨ੍ਹਾਂ ਤੋਂ ਜਿ਼ਆਦਾ ਲਾਇਕ ਸਾਂ। ਪਰ ਆਪਾਂ ਸ਼ੁਕਰਗੁਜ਼ਾਰ ਹਾਂ ਆਪਣੇ ਮਾਪਿਆਂ ਦੇ ਕਿ ਉਨ੍ਹਾਂ ਨੇ ਸਾਨੂੰ ਯੂਨੀਵਰਸਿਟੀ ਤੀਕ ਪੜ੍ਹਾਇਆ। ਆਪਾਂ ਕਾਲਜ ਵਿਚ ਪੜ੍ਹਾਉਂਦਿਆਂ ਵੀ ਬਹੁਤ ਮਾਣ-ਸਤਿਕਾਰ, ਆਪੋ-ਆਪਣੇ ਖੇਤਰਾਂ ਵਿਚ ਪ੍ਰਾਪਤ ਕੀਤਾ ਹੈ। ਦਰਅਸਲ ਉਨ੍ਹਾਂ ਸਮਿਆਂ ਵਿਚ ਆਪਣੇ ਲਈ ਹਾਲਾਤ ਸਾਜ਼ਗਾਰ ਨਹੀਂ ਸਨ ਕਿਉਂਕਿ ਛੋਟੇ ਕਿਰਸਾਨੀ ਪਰਿਵਾਰ ਦੇ ਬੱਚਿਆਂ ਲਈ ਇਹ ਹੀ ਗਨੀਮਤ ਸੀ ਕਿ ਅਸੀਂ ਯੂਨੀਵਰਸਿਟੀ ਵਿਚ ਪੜ੍ਹ ਸਕੇ।
ਉਸ ਵਕਤ ਯਾਦ ਆਇਆ ਕਿ ਕਿਵੇਂ ਬੀਐਸਸੀ ਕਰਨ ਤੋਂ ਬਾਅਦ ਜਿ਼ਆਦਾਤਰ ਸਬੰਧੀਆਂ ਅਤੇ ਜਾਣਕਾਰਾਂ ਦੀ ਮੱਤ ਸੀ ਕਿ ਬੀਐਡ ਕਰ ਕੇ ਸਕੂਲ ਟੀਚਰ ਬਣ ਕੇ ਕਮਾਈ ਦਾ ਜੁਗਾੜ ਕੀਤਾ ਜਾਵੇ। ਇਹ ਤਾਂ ਕੁਦਰਤ ਦੀ ਅਨਾਇਤ ਸੀ ਕਿ ਮੈਂ ਅੱਗੇ ਪੜ੍ਹਨ ਦਾ ਫੈਸਲਾ ਕੀਤਾ ਜਿਸ ਵਿਚ ਘਰਦਿਆਂ ਦੀ ਸਹਿਮਤੀ ਸ਼ਾਮਲ ਸੀ। ਮੈਰਿਟ ਸਕਾਲਰਸਿ਼ਪ ਮਿਲਣ ਕਰਕੇ ਘਰਦਿਆਂ ਲਈ ਵੱਡੀ ਆਰਥਿਕ ਰਾਹਤ ਸੀ ਕਿ ਪੜ੍ਹਾਈ ਦੇ ਖਰਚੇ ਦਾ ਵੱਡਾ ਹਿੱਸਾ ਸਕਾਲਰਸਿ਼ਪ ਨਾਲ ਹੀ ਪੂਰਾ ਹੋ ਜਾਂਦਾ ਸੀ। ਪੇਂਡੂਆਂ ਵਾਲੇ ਸੰਜਮੀ ਸੁਭਾਅ ਕਰਕੇ ਆਪਣੀਆਂ ਲੋੜਾਂ ਨੂੰ ਸੀਮਤ ਕਰ ਕੇ ਆਪਣੀ ਪੜ੍ਹਾਈ ਨੂੰ ਪੂਰੀ ਕਰਨ ਦੀ ਧਾਰਨਾ ਮਨ ਵਿਚ ਸੀ। ਸਾਨੂੰ ਪਤਾ ਹੁੰਦਾ ਸੀ ਕਿ ਸਾਡੇ ਮਾਪਿਆਂ ਦੀ ਆਰਥਿਕ ਸਥਿਤੀ ਕੀ ਹੈ?
ਐਮਐਸ ਸੀ ਕਰਦਿਆਂ ਇਕ ਜਨੂੰਨ ਹੁੰਦਾ ਸੀ ਪੜ੍ਹਨ ਦਾ ਅਤੇ ਉਚੀ ਅਕਾਦਮਿਕ ਪ੍ਰਾਪਤੀ ਦਾ। ਇਸ ਲਈ ਸਾਡੇ ਵਰਗਿਆਂ ਲਈ ਯੂਨੀਵਰਸਿਟੀ ਵਿਚ ਜਾਣ ਦਾ ਮਤਲਬ ਐਸ਼ ਕਰਨਾ ਨਹੀਂ ਸਗੋਂ ਬਾਪ ਦੇ ਉਸ ਸੁਪਨੇ ਦੀ ਪੂਰਤੀ ਦਾ ਸਵਾਲ ਸੀ ਜਿਹੜਾ ਸੁਪਨਾ ਤੋੜਨ ਲਈ ਮੈਂ ਹੀ ਕਸੂਰਵਾਰ ਸਾਂ ਜਦ ਮੈਂ ਪ੍ਰੈਪ ਵਿਚੋਂ ਫੇਲ੍ਹ ਹੋ ਗਿਆ ਸੀ। ਜਦ ਤੁਸੀਂ ਸੁਪਨੇ ਦੀ ਅੱਖ ਵਿਚ ਅੱਖ ਪਾ ਕੇ ਇਸਨੂੰ ਜਾਗਦਿਆਂ ਸੌਂਦਿਆਂ ਚਿਤਾਰਦੇ ਹੋ ਤਾਂ ਸੁਪਨੇ ਦਾ ਸੱਚ ਤੁਹਾਡੇ ਜੀਵਨ ਦੀ ਸੰਦਲੀ ਦਸਤਕ ਬਣਨ ਲਈ ਕਾਹਲਾ ਹੁੰਦਾ ਏ।
ਮੈਨੂੰ ਤਾਂ ਹੁਣ ਤੀਕ ਚੇਤੇ ਆ ਕਿ ਜਦ ਮੈਂ ਐਮਐਸਸੀ ਕਰਨ ਤੋਂ ਬਾਅਦ ਡਾ. ਖੁਰਾਨਾ ਜੀ ਨੂੰ ਮਿਲਿਆ ਤਾਂ ਉਸ ਨੇ ਬਹੁਤ ਜੋ਼ਰ ਲਾਇਆ ਕਿ ਪੀਐਚਡੀ ਸ਼ੁਰੂ ਕਰ ਲਵਾਂ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਐਮਐਸ ਸੀ ਵਿਚ ਯੂਨਵਿਰਸਿਟੀ ਵਿਚੋਂ ਪਹਿਲੇ ਨੰਬਰ `ਤੇ ਆਉਂਦਾ ਆਉਂਦਾ, ਦੂਸਰੇ ਨੰਬਰ `ਤੇ ਆਇਆ ਸਾਂ। ਇਸਦਾ ਕਾਰਨ ਸਾਲਾਨਾ ਫੇਅਰਵੈਲ ਪਾਰਟੀ `ਤੇ ਬੋਲੀ ਗਈ ਇਹ ਕਵਿਤਾ ਸੀ (ਉਸ ਸਮੇਂ ਐਮਰਜੈਂਸੀ ਦੇ ਦਿਨ ਸਨ);
ਹਵਾ ਬੰਦ ਹੈ
ਦਰਖਤਾਂ ਦੇ ਪੱਤੇ ਨਹੀਂ ਹਿਲਦੇ
ਪਹਿਆਂ ਵਿਚੋਂ ਘੱਟਾ ਨਹੀਂ ਉਡਦਾ
ਇਸਦਾ ਇਹ ਮਤਲਬ ਨਹੀਂ
ਕਿ
ਹਵਾ ਮਰ ਚੁੱਕੀ ਹੈ
ਇਹ ਤਾਂ
ਸਗੋਂ ਸਮੋਸੂਚਕ ਹੈ
ਆਉਣ ਵਾਲੇ
ਕਿਸੇ ਭਾਰੀ ਤੂਫ਼ਾਨ ਦੀ।
ਪਰ ਮੈਂ ਘਰ ਦੇ ਹਾਲਾਤ ਨੂੰ ਸਮਝਦਿਆਂ ਪੀਐਚਡੀ ਕਰਨ ਤੋਂ ਅਸਮਰੱਥਾ ਪ੍ਰਗਟਾਈ ਸੀ। ਘਰ ਵਾਲੇ ਚਾਹੁੰਦੇ ਸਨ ਕਿ ਮੈਂ ਜਲਦੀ ਤੋਂ ਜਲਦੀ ਕਮਾਊ ਪੁੱਤ ਬਣਾਂ। ਇਥੋਂ ਤੀਕ ਕਿ ਮੈਂ ਸਪੇਸ ਸਾਇੰਸ ਵਿਚ ਇਕ ਸਾਲ ਦੇ ਡਿਪਲੋਮੇ ਵਿਚ ਵੀ ਅਪਲਾਈ ਕਰ ਦਿੱਤਾ ਜਿੱਥੋਂ ਫੈਲੋਸਿ਼ਪ ਮਿਲਣੀ ਸੀ। ਇਸ ਅਰਜ਼ੀ ਦੇ ਸਬੰਧ ਵਿਚ ਡਾ. ਗੁਰਮ ਦਾ ਪੱਤਰ ਆਇਆ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਇਸ ਕੋਰਸ ਵਿਚ ਦਾਖਲ ਹੋਵੇਂ। ਪਰ ਮੈਨੂੰ ਪਤਾ ਹੈ ਕਿ ਤੂੰ ਇਸ ਕੋਰਸ ਵਿਚ ਦਾਖਲ ਨਹੀਂ ਹੋਣਾ। ਇਹੀ ਸੱਚ ਸੀ ਕਿਉਂਕਿ ਮੈਂ ਆਰਜ਼ੀ ਤੌਰ `ਤੇ ਕਾਲਜ ਵਿਚ ਪੜ੍ਹਾਉਣ ਲੱਗ ਪਿਆ ਸੀ।
ਇਨ੍ਹਾਂ ਯਾਦਾਂ ਵਿਚ ਡੁੱਬਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਅਸੀਂ ਵੱਖ ਵੱਖ ਬਲਾਕਾਂ ਦੀ ਪ੍ਰਕਰਮਾ ਕਰਦਿਆਂ, ਵਾਪਸ ਗੈਸਟ ਹਾਊਸ ਪਰਤ ਆਏ। ਕਪੂਰਥਲਾ ਨੂੰ ਵਾਪਸ ਤੁਰਨ ਤੋਂ ਪਹਿਲਾਂ ਪੋ੍ਰ.ਜਗਬੀਰ ਸਿੰਘ, ਡਾ. ਭੀਮਇੰਦਰ, ਡਾ. ਸੁਰਜੀਤ ਸਿੰਘ ਭੱਟੀ, ਸੱਤਪਾਲ ਭੀਖੀ ਆਦਿ ਮਿੱਤਰਾਂ ਨੂੰ ਮਿਲ ਕੇ, ਪੁਰਾਣੀਆਂ ਯਾਦਾਂ ਨੂੰ ਨਵਿਆ ਕੇ ਅਤੇ ਨਵੀਆਂ ਯਾਦਾਂ ਦਾ ਸ਼ਗੂਫ਼ਾ ਲੈ ਕੇ ਚਾਲੇ ਪਾ ਦਿੱਤੇ।
ਅਜਿਹੀਆਂ ਮਿਲਣੀਆਂ ਤੁਹਾਨੂੰ ਜੀਵਨ ਲਈ ਊਰਜਾ ਦਿੰਦੀਆਂ ਨੇ ਅਤੇ ਤੁਸੀਂ ਊਰਜਾਵਾਨ ਹੋ ਕੇ ਨਵੀਆਂ ਪੇਸ਼ਬੰਦੀਆਂ ਅਤੇ ਪਹਿਲਾਂ ਵਿਚੋਂ ਜਿ਼ੰਦਗੀ ਨੂੰ ਨਵੇਂ ਨਜ਼ਰੀਏ ਤੋਂ ਦੇਖਣ, ਸਮਝਣ ਦੇ ਕਾਬਲ ਹੁੰਦੇ ਹੋ। ੀੲਸ ਦੀਆਂ ਉਨ੍ਹਾਂ ਪਰਤਾਂ ਵਿਚੋਂ ਜਿ਼ੰਦਗੀ ਦੇ ਸੂਹੇ ਸਵੇਰੇ ਨੂੰ ਮਾਨਣ ਦਾ ਅਹਿਦ ਕਰਦੇ ਹੋ ਜੋ ਤੁਹਾਡੇ ਚੇਤਿਆਂ ਦੀਆਂ ਵਿਰਲਾਂ ਵਿਚੋਂ ਕਿਰਿਆ ਹੁੰਦਾ ਹੈ। ਇਹ ਮਿੱਤਰ ਹੀ ਹੁੰਦੇ ਨੇ ਜਿਨ੍ਹਾਂ ਨਾਲ ਦਿਲ ਖੋਲ੍ਹ ਕੇ ਅਤੇ ਮਨ ਦੀਆਂ ਭਾਵਨਾਵਾਂ ਨੂੰ ਸਾਂਝੀਆਂ ਕਰ ਕੇ, ਨਵੇਂ ਸਿਰਿਉਂ, ਨਵੇਂ ਜੋਸ਼, ਨਵੀਂ ਆਸ ਅਤੇ ਨਰੋਏ ਹੁਲਾਸ ਨਾਲ ਸਾਹਾਂ ਦੀ ਸਾਰਥਿਕਤਾ ਨੂੰ ਆਪਣੀ ਸੰਜੀਦਗੀ ਅਤੇ ਸਮਰਪਿਤਾ ਬਣਾਉਂਦੇ ਹੋ।
ਕਦੇ ਕਦਾਈਂ ਆਪਣੇ ਮਿੱਤਰਾਂ ਨੂੰ ਮਿਲਦੇ ਰਹੋ ਤਾਂ ਮਿੱਤਰ-ਮੋਹ ਤੁਹਾਡੇ ਲਈ ਦੁਆਵਾਂ ਬਣ ਕੇ ਤੁਹਾਡੇ ਸਾਹਾਂ ਨੂੰ ਸੰਗੀਤਕ-ਵਰਦਾਨ ਦਿੰਦਾ ਹੈ। ਮੈਂ ਪਿੰਡ ਜਾਵਾਂ ਤਾਂ ਆਪਣੇ ਸਕੂਲ ਦੇ ਜਮਾਤੀਆਂ ਨੂੰ ਮਿਲ ਕੇ ਕੱਚੀ ਪੱਕੀ ਦੇ ਦਿਨਾਂ ਦਾ ਚੇਤਾ, ਬੋਰੀ ਵਿਛਾ ਕੇ ਪੜ੍ਹਾਈ ਕਰਨਾ, ਛੱਪੜ ਦੇ ਕੰਢੇ ਬੈਠ ਕੇ ਪੋਚੀਆਂ ਫੱਟੀਆਂ ਅਤੇ ਅੱਧੀ ਛੁੱਟੀ ਵੇਲੇ ਭੁੰਨਾਏ ਦਾਣੇ ਅਤੇ ਇਨ੍ਹਾਂ ਨੂੰ ਲੁਕਾ ਕੇ ਚੱਬਣ ਵਾਲੇ ਪਿਆਰੇ ਅਤੇ ਮਾਸੂਮ ਜਿਹੇ ਦਿਨਾਂ ਨੂੰ ਚੇਤੇ ਕਰ, ਆਪਣੀ ਵਰਤਮਾਨ ਜਿ਼ੰਦਗੀ ਵਿਚ ਪਰਤਦਾ ਹਾਂ।
ਪੰਜਾਬੀ ਯੂਨੀਵਰਸਿਟੀ ਦੀ ਇਹ ਯਾਦਗਾਰੀ ਯਾਤਰਾ ਉਸ ਤੀਰਥ ਅਸਥਾਨ ਦੀ ਅਕੀਦਤ ਸੀ ਜਿਸਨੇ ਸਾਡੇ ਮਸਤਕਾਂ ਵਿਚ ਗਿਆਨ ਦਾ ਦੀਪਕ ਧਰਿਆ ਸੀ। ਉਹ ਚਾਨਣ-ਕਾਤਰਾਂ ਨੂੰ ਵੰਡਦਿਆਂ ਹੁਣ 45 ਸਾਲ ਹੋ ਚੁਕੇ ਹਨ ਅਤੇ ਆਸ ਹੈ ਕਿ ਚਾਨਣ ਵੰਡਣ ਦਾ ਕਰਮ-ਧਰਮ ਆਖਰੀ ਸਾਹ ਤੀਕ ਪਾਲਦੇ ਰਹਾਂਗੇ। ਜਿਉਂਦੇ ਰਹਿਣ ਮਿੱਤਰ ਪਿਆਰੇ ਅਤੇ ਚਿਰੰਜੀਵ ਰਹਿਣ ਉਮਰ ਭਰ ਦੀਆਂ ਦੋਸਤੀਆਂ।