ਜ਼ਹਿਰੀਲੀ ਸਿਆਸਤ ਦਾ ਅਸਰ

ਦੁਬਈ ਵਿਚ ਖੇਡੇ ਏਸ਼ੀਆ ਕ੍ਰਿਕਟ ਕੱਪ ਦੇ ਸੁਪਰ-4 ਮੁਕਾਬਲੇ ਵਿਚ ਪਾਕਿਸਤਾਨ ਅਤੇ ਭਾਰਤ ਵਿਚਕਾਰ ਹੋਏ ਮੈਚ ਤੋਂ ਬਾਅਦ ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਦੇ ਹਵਾਲੇ ਨਾਲ ਜੋ ਚਰਚਾ ਛਿੜੀ, ਉਸ ਨੇ ਅੱਜ ਦੀ ਜ਼ਹਿਰੀਲੀ ਸਿਆਸਤ ਦਾ ਸਿਆਹ ਰੰਗ ਉਜਾਗਰ ਕਰ ਦਿੱਤਾ ਹੈ। ਇਸ ਮੈਚ ਵਿਚ ਵਿਚ ਪਾਕਿਸਤਾਨ ਨੇ ਭਾਰਤ ਨੇ ਆਖਰੀ ਓਵਰ ਵਿਚ ਹਰਾ ਦਿੱਤਾ।

ਇਸ ਮੈਚ ਵਿਚ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਹੱਥੋਂ ਪਾਕਿਸਤਾਨੀ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੁੱਟਣ ਕਾਰਨ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਅਰਸ਼ਦੀਪ ‘ਤੇ ਦੋ ਤਰ੍ਹਾਂ ਦੇ ਲੋਕਾਂ ਨੇ ਨਿਸ਼ਾਨਾ ਸਾਧਿਆ ਹੈ: ਪਹਿਲਾ, ਭਾਰਤ ਦੇ ਅੰਧ-ਰਾਸ਼ਟਰਵਾਦੀਆਂ ਨੇ ਅਤੇ ਦੂਸਰਾ, ਪਾਕਿਸਤਾਨੀਆਂ ਨੇ। ਭਾਰਤ ਦੇ ਅੰਧ-ਰਾਸ਼ਟਰਵਾਦੀ ਹਰ ਖੇਡ ਵਿਚ ਹਮੇਸ਼ਾ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹਨ, ਭਾਵੇਂ ਖੇਡਾਂ ਦੇ ਖੇਤਰ ਵਿਚ ਭਾਰਤ ਬਾਕੀ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੈ। ਇਤਿਹਾਸਕ ਕਾਰਨਾਂ ਕਰ ਕੇ ਕ੍ਰਿਕਟ ਭਾਰਤ ਦੀ ਹਰਮਨਪਿਆਰੀ ਖੇਡ ਹੈ। ਅੰਧ-ਰਾਸ਼ਟਰਵਾਦ ਅਤੇ ਵਪਾਰਕ ਦਖ਼ਲ ਨੇ ਇਸ ਦੀ ਲੋਕਪ੍ਰਿਯਤਾ ਨੂੰ ਨਵੇਂ ਪਸਾਰ ਦੇ ਕੇ ਲੋਕਾਂ ਦੀ ਇਸ ਨਾਲ ਜੁੜੀ ਹੋਈ ਮਾਨਸਿਕਤਾ ਨੂੰ ਮਾਨਸਿਕ ਬਿਮਾਰੀ ਦੀ ਹੱਦ ਤਕ ਪਹੁੰਚਾ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਭਾਰਤ ਨੇ ਹਰ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ ਹਰਾਉਣਾ ਹੀ ਹਰਾਉਣਾ ਹੈ। ਯਾਦ ਰਹੇ ਕਿ ਭਾਰਤ ਅਤੇ ਪਾਕਿਸਤਾਨ ਬਹੁਤ ਦੇਰ ਤੋਂ ਆਪਸ ਵਿਚ ਕ੍ਰਿਕਟ ਅਤੇ ਹੋਰ ਖੇਡਾਂ ਨਹੀਂ ਖੇਡ ਰਹੇ; ਦੋਹਾਂ ਦੇਸ਼ਾਂ ਦਾ ਮੁਕਾਬਲਾ ਸਿਰਫ਼ ਕੌਮਾਂਤਰੀ ਟੂਰਨਾਮੈਂਟਾਂ ਵਿਚ ਹੀ ਹੁੰਦਾ ਹੈ। 20 ਓਵਰਾਂ ਵਾਲੇ ਕੌਮਾਂਤਰੀ ਮੈਚਾਂ ਵਿਚ ਬਹੁਤੀ ਵਾਰ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਹੈ। 2007 ਵਿਚ ਆਈ.ਸੀ.ਸੀ. ਟੀ.-ਟਵੰਟੀ ਸੰਸਾਰ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ ਸੀ। 2012 ਅਤੇ 2016 ਦੇ ਸੰਸਾਰ ਪੱਧਰ ਦੇ ਮੁਕਾਬਲਿਆਂ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਪਰ ਪਿਛਲੇ ਸਾਲ ਦੁਬਈ ਵਿਚ ਟੀ.-ਟਵੰਟੀ ਵਿਸ਼ਵ ਕੱਪ ਦੇ ਇਕ ਮੈਚ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਹੁਣ ਦੁਬਈ ਵਿਚ ਹੋ ਰਹੇ ਏਸ਼ੀਆ ਕੱਪ ਵਿਚ ਵੀ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਪਰ ਐਤਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ ਵਿਚ ਕੁਝ ਲੋਕਾਂ ਨੇ ਅਰਸ਼ਦੀਪ ਸਿੰਘ ਨੂੰ ‘ਖ਼ਾਲਿਸਤਾਨੀ’ ਕਿਹਾ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਵਿਕੀਪੀਡੀਆ ‘ਤੇ ਅਰਸ਼ਦੀਪ ਦੇ ਪੇਜ ‘ਤੇ ਉਸ ਨੂੰ ‘ਵੱਖਵਾਦੀ ਖ਼ਾਲਿਸਤਾਨੀ ਲਹਿਰ’ ਨਾਲ ਸਬੰਧਿਤ ਦੱਸਿਆ। ਵਿਕੀਪੀਡੀਆ ਫਾਊਂਡੇਸ਼ਨ ਅਨੁਸਾਰ ਉਨ੍ਹਾਂ ਦੀ ਟੀਮ ਨੇ ਗ਼ਲਤ ਜਾਣਕਾਰੀ ਕੁਝ ਮਿੰਟਾਂ ਬਾਅਦ ਹੀ ਹਟਾ ਦਿੱਤੀ ਸੀ। ਇਹ ਵਰਤਾਰਾ ਦੋ ਰੁਝਾਨਾਂ ਨੂੰ ਸਪੱਸ਼ਟ ਕਰਦਾ ਹੈ: ਪਹਿਲਾ ਇਹ ਕਿ ਅੰਧ-ਰਾਸ਼ਟਰਵਾਦੀ ਭਾਰਤ ਦੀ ਹਾਰ ਲਈ ਕਿਸੇ ਇਕ ਖਿਡਾਰੀ ਨੂੰ ਜ਼ਿੰਮੇਵਾਰ ਠਹਿਰਾ ਕੇ ਉਸ ‘ਤੇ ਆਪਣਾ ਗੁੱਸਾ ਕੱਢਣਾ ਅਤੇ ਬਿਮਾਰ ਮਾਨਸਿਕਤਾ ਤੋਂ ਉਪਜੀ ਨਫ਼ਰਤ ਦਾ ਜ਼ਹਿਰ ਉਗਲਣਾ ਚਾਹੁੰਦੇ ਹਨ; ਦੂਸਰਾ ਤੇ ਜ਼ਿਆਦਾ ਖ਼ਤਰਨਾਕ ਪਹਿਲੂ ਇਹ ਹੈ ਕਿ ਪਾਕਿਸਤਾਨੀ ਅਤੇ ਹੋਰ ਭਾਰਤ-ਵਿਰੋਧੀ ਜਾਣਦੇ ਹਨ ਕਿ ਭਾਰਤ ਦੇ ਅੰਧ-ਰਾਸ਼ਟਰਵਾਦੀ ਕਿਵੇਂ ਭਾਈਚਾਰਕ ਨਫ਼ਰਤ ਨੂੰ ਸਵੀਕਾਰ ਤੇ ਉਸ ਦਾ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਭੜਕਾਇਆ ਜਾ ਸਕਦਾ ਹੈ। ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਵੱਡੀ ਪੱਧਰ ‘ਤੇ ਮਾਣ-ਸਨਮਾਨ ਪ੍ਰਾਪਤ ਕੀਤਾ ਤੇ ਅਣਗਿਣਤ ਮੈਚ ਤੇ ਮੈਡਲ ਜਿੱਤੇ ਹਨ। ਇਹ ਗੱਲ ਹੋਰ ਸੂਬਿਆਂ ਤੇ ਫਿ਼ਰਕਿਆਂ ਨਾਲ ਸਬੰਧਿਤ ਖਿਡਾਰੀਆਂ ‘ਤੇ ਵੀ ਲਾਗੂ ਹੁੰਦੀ ਹੈ। ਕਿਸੇ ਖਿਡਾਰੀ ਨੂੰ ਉਸ ਦੇ ਧਰਮ ਜਾਂ ਸੂਬੇ ਦੇ ਆਧਾਰ `ਤੇ ਨਿਸ਼ਾਨਾ ਬਣਾਉਣਾ ਘਿਨਾਉਣਾ ਅਪਰਾਧ ਤੇ ਅਨੈਤਿਕ ਕਾਰਵਾਈ ਹੈ।
ਅਸਲ ਵਿਚ ਅਰਸ਼ਦੀਪ ਦੇ ਹਵਾਲੇ ਨਾਲ ਜੋ ਚਰਚਾ ਸ਼ੁਰੂ ਹੋਈ ਹੈ, ਉਹ ਪਿਛਲੇ ਅੱਠ ਸਾਲਾਂ ਦੌਰਾਨ ਭਾਰਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਵੱਲੋਂ ਕੀਤੇ ਜਾ ਰਹੇ ਨਫਰਤੀ ਪ੍ਰਚਾਰ ਦਾ ਹੀ ਸਿੱਟਾ ਹੈ। ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਘੱਟ ਗਿਣਤੀਆਂ ਦੇ ਖਿਲਾਫ ਭੁਗਤਦੀ ਹੈ। ਪਹਿਲਾਂ ਜਦੋਂ 1990ਵਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਬਣੀ ਸੀ ਤਾਂ ਇਸ ਕੋਲ ਪੂਰਨ ਬਹੁਮਤ ਨਹੀਂ ਸੀ। ਜਦੋਂ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਤਾਂ ਇਸ ਕੋਲ ਪੂਰਨ ਬਹੁਮਤ ਸੀ। ਇਸ ਨੇ ਭਾਵੇਂ ਐਨ.ਡੀ.ਏ. ਗੱਠਜੋੜ ਤਾਂ ਕਾਇਮ ਰੱਖਿਆ ਪਰ ਤਾਕਤਾਂ ਦਾ ਕੇਂਦਰੀਕਰਨ ਇਸ ਹਿਸਾਬ ਨਾਲ ਕਰ ਦਿੱਤਾ ਕਿ ਮੋਦੀ ਦੀ ਆਗਿਆ ਤੋਂ ਬਗੈਰ ਸਰਕਾਰ ਅੰਦਰ ਪੱਤਾ ਵੀ ਨਹੀਂ ਹਿੱਲਦਾ। ਇਉਂ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨੇ ਹੌਲੀ-ਹੌਲੀ ਆਪਣਾ ਫਿਰਕੂ ਏਜੰਡਾ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਇਸ ਨੇ ਸਮਾਜ ਨੂੰ ਫਿਰਕੂ ਆਧਾਰ ਉਤੇ ਬਹੁਤ ਬੁਰੀ ਤਰ੍ਹਾਂ ਵੰਡ ਦਿੱਤਾ। ਇਸੇ ਦਾ ਨਤੀਜਾ ਹੈ ਕਿ ਹੁਣ ਅਰਸ਼ਦੀਪ ਸਿੰਘ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ। 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਆਸ ਬਣੀ ਸੀ ਕਿ ਹੁਣ ਦੋਹਾਂ ਮੁਲਕਾਂ ਵਿਚ ਸੁਖਾਵੇਂ ਸਬੰਧ ਬਣ ਜਾਣਗੇ ਪਰ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਸਮੁੱਚੀ ਚੋਣ ਸਿਆਸਤ ਕਿਉਂਕਿ ਪਾਕਿਸਤਾਨ ਦੇ ਵਿਰੋਧ ਵਿਚੋਂ ਹੀ ਨਿਕਲਦੀ ਹੈ, ਇਸ ਲਈ ਦੋਹਾਂ ਮੁਲਕਾਂ ਵਿਚ ਤਣਾਅ ਦਾ ਬਹਾਨਾ ਬਣਾ ਕੇ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ। ਬਾਅਦ ਵਿਚ ਸਬੰਧ ਕੁਝ ਸੁਖਾਵੇਂ ਹੋਣ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਸ਼ੁਰੂ ਤਾਂ ਕੀਤਾ ਗਿਆ ਪਰ ਦੋਹਾਂ ਮੁਲਕਾਂ ਵਿਚਕਾਰ ਸਬੰਧ ਉਸ ਪੱਧਰ ਉਤੇ ਸੁਖਾਵੇਂ ਨਹੀਂ ਹੋ ਸਕੇ ਕਿ ਇਸ ਲਾਂਘੇ ਨੂੰ ਅਗਾਂਹ ਸਬੰਧ ਬਣਾਉਣ ਦਾ ਰਾਹ ਬਣਾਇਆ ਜਾ ਸਕੇ। ਇਹੀ ਨਹੀਂ, ਭਾਰਤੀ ਜਨਤਾ ਪਾਰਟੀ ਅਤੇ ਅਤੇ ਆਰ.ਐਸ.ਐਸ. ਭਾਰਤ ਵਿਚ ਵੱਸਦੀਆਂ ਘੱਟ ਗਿਣਤੀਆਂ ਨੂੰ ਸਦਾ ਨਿਸ਼ਾਨੇ ਉਤੇ ਰੱਖਦੀ ਹੈ। ਇਸ ਜ਼ਹਿਰੀਲੀ ਸਿਆਸਤ ਦਾ ਹੀ ਅਸਰ ਹੈ ਕਿ ਸਮੁੱਚਾ ਭਾਰਤੀ ਸਮਾਜ ਵੰਡਿਆ ਗਿਆ ਹੈ। ਹੁਣ ਸੰਜੀਦਾ ਲੋਕਾਂ ਨੂੰ ਇਸ ਜ਼ਹਿਰੀਲੀ ਸਿਆਸਤ ਖਿਲਾਫ ਨਿੱਤਰਨਾ ਚਾਹੀਦਾ ਹੈ।