ਦੀਵਾਨ ਸਿੰਘ ਕਾਲੇਪਾਣੀ ਦੀ ਸ਼ਹਾਦਤ ਤੇ ਵਾਰਿਸ

ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ ਪੜ੍ਹਾਈ ਸਮੇਂ ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਵੀ ਪੜ੍ਹੀ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵੀ ਜਾਣਿਆ। ਫੇਰ ਦਿੱਲੀ ਜਾ ਕੇ ਰਹਿਣ ਸਮੇਂ ਉਨ੍ਹਾਂ ਦਾ ਬੇਟਾ ਹਰਵੰਤ ਢਿੱਲੋਂ ਕਾਫੀ ਹਾਊਸ ਵਿਚ ਮੇਰਾ ਏਨਾ ਕਰੀਬੀ ਹੋ ਗਿਆ ਕਿ ਮੈਂ ਉਨ੍ਹਾਂ ਦੀ ਵੱਡੀ ਧੀ ਸੁਦਰਸ਼ਨ ਕੌਰ, ਛੋਟੀ ਇੰਦਰਾ ਬੱਲ ਤੇ ਬੇਟੇ ਦਵਿੰਦਰ ਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਪੂਰੀ ਤਰਾਂ ਰਚ-ਮਿਚ ਗਿਆ। ਸਾਰਾ ਪਰਿਵਾਰ ਏਨਾ

ਮਿਲਾਪੜਾ ਹੈ ਕਿ ਤੁਸੀਂ ਪਹਿਲੀ ਮਿਲਣੀ ਵਿਚ ਹੀ ਇਕ ਦੂਜੇ ਦੇ ਹੋ ਜਾਂਦੇ ਹੋ।
ਕੁਦਰਤ ਦਾ ਖੇਡ ਇਹ ਕਿ ਇਸ ਪਰਿਵਾਰ ਦੇ ਕਈ ਜੀਵਾਂ ਨੇ ਲੰਮੀ ਉਮਰ ਨਹੀਂ ਭੋਗੀ। ਦੀਵਾਨ ਸਿੰਘ ਖ਼ੁਦ 47 ਵਰ੍ਹੇ ਦੀ ਉਮਰ ਵਿਚ ਚੱਲ ਵਸੇ। ਉਨ੍ਹਾਂ ਦਾ ਕਾਰਨ ਤਾਂ ਤਸੀਹਿਆਂ ਤੋਂ ਪੈਦਾ ਹੋਈ ਸ਼ਹਾਦਤ ਸੀ। ਪਰ ਵੱਡਾ ਬੇਟਾ ਰਛਪਾਲ ਸਿੰਘ 35 ਸਾਲ ਦੀ ਉਮਰ ਵਿਚ ਹੀ ਤੁਰ ਗਿਆ। ਵੱਡੀ ਧੀ ਲੰਮਾ ਸਮਾਂ ਨਹੀਂ ਜੀਵੀ। ਇਹ ਵੱਖਰੀ ਗੱਲ ਹੈ ਕਿ ਮਹਿੰਦਰ ਸਿੰਘ, ਹਰਵੰਤ ਸਿੰਘ ਤੇ ਇੰਦਰਾ ਨੇ ਚੰਗੀ ਉਮਰ ਭੋਗੀ ਤੇ ਭੋਗ ਰਹੇ ਹਨ। ਮਹਿੰਦਰ ਸਿੰਘ ਨੇ ਤਾਂ ਆਪਣੇ ਸ਼ਹੀਦ ਪਿਤਾ ਦੇ ਨਾਂ ਉੱਤੇ ਨਿਊ ਚੰਡੀਗੜ੍ਹ ਦੇ ਨੇੜੇ ਕੁਰਾਲੀ-ਬੱਦੀ ਮਾਰਗ ਉੱਤੇ ਸਿਸਵਾਂ ਇਲਾਕੇ ਵਿਚ ਪਿਤਾ ਦੇ ਨਾਂ ਉੱਤੇ ਇਕ ਅਜਾਇਬਘਰ ਬਣਾਇਆ ਜਿਸ ਵਿਚ ਦੀਵਾਨ ਸਿੰਘ ਕਾਲੇਪਾਣੀ ਦੀਆਂ ਸਚਿੱਤਰ ਯਾਦਾਂ ਪ੍ਰਦਰਸ਼ਿਤ ਹਨ ਤੇ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਵੀ। ਅਜਾਇਬਘਰ ਦੇ ਬਾਹਰ ਪਿਤਾ ਦਾ ਬੁੱਤ ਵੀ ਹੈ। ਇਸ ਸਭ ਕੁੱਝ ਦੀ ਦੇਖਭਾਲ ਵਾਸਤੇ ਪਰਿਵਾਰ ਨੇ ਯੋਗ ਫੰਡ ਦਾ ਪ੍ਰਬੰਧ ਕਰ ਰੱਖਿਆ ਹੈ ਤੇ ਇਸਦੀ ਵਰਤੋਂ ਦੀ ਜ਼ਿੰਮੇਵਾਰੀ ਚੰਡੀਗੜ੍ਹ ਰਹਿ ਰਹੀ ਮਹਿੰਦਰ ਸਿੰਘ ਦੀ ਜੀਵਨ ਸਾਥਣ ਗੁਰਦਰਸ਼ਨ ਕੌਰ ਨੂੰ ਸੌਂਪੀ ਹੋਈ ਹੈ। ਚਾਰ ਚੁਫੇਰੇ ਦੇ ਫੁੱਲਾਂ ਬੂਟਿਆਂ ਦੀ ਦੇਖਭਾਲ ਦਾ ਖਰਚਾ ਉਸ ਫੰਡ ਵਿਚੋਂ ਹੰੁਦਾ ਹੈ।
ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮਨਾਉਣ ਲਈ 15 ਅਗਸਤ ਨੂੰ ਉੱਥੇ ਆਂਢ-ਗੁਆਂਢ ਦੇ ਸਾਰੇ ਵਸਨੀਕ ਤੇ ਉਨ੍ਹਾਂ ਦੇ ਬੱਚੇ ਬੁਲਾਏ ਹੋਏ ਸਨ, ਜਿਨ੍ਹਾਂ ਦੇ ਖੇਡਣ ਮੱਲਣ ਦਾ ਪੂਰਾ ਪ੍ਰਬੰਧ ਸੀ। ਦੂਰ ਦੁਰਾਡੇ ਰਾਜਾਂ ਤੋਂ ਰੋਜ਼ੀ ਰੋਟੀ ਲਈ ਏਥੇ ਆਏ ਇਹ ਲੋਕ ਸਮੁੱਚੇ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਸਨ।
ਮੈਨੂੰ ਮੇਰੀ ਪਤਨੀ ਸੁਰਜੀਤ ਤੇ ਸੱਚੇ ਮਿੱਤਰ ਦਲਜੀਤ ਤੇ ਉਸਦੀ ਜੀਵਨ ਸਾਥਣ ਇੰਦਰਜੀਤ ਨੂੰ ਬਹੁਤ ਚੰਗਾ ਲੱਗਿਆ। ਏਸ ਤਰ੍ਹਾਂ ਦੀਆਂ ਯਾਦਗਾਰਾਂ ਬਣਾਉਣਾ ਤੇ ਮਨਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਡਾ. ਦੀਵਾਨ ਸਿੰਘ ਅਮਰ ਰਹੇ!
ਪਾਕਿਸਤਾਨੀ ਗਾਇਕ ਸਾਈਂ ਜ਼ਹੂਰ ਤੇ ਹੀਰ ਵਾਰਿਸ
ਲਾਹੌਰ ਦੇ ਰਹਿਣ ਵਾਲਾ ਸਾਈਂ ਜ਼ਹੂਰ ਇਕਤਾਰੇ ਨਾਲੇ ਗਾਉਣ ਵਾਲਾ ਵੱਡਾ ਨਾਂ ਹੈ। ਉਹ ਬਾਬਾ ਫਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਹਾਸ਼ਮ ਸਮੇਤ ਸੂਫ਼ੀ ਕਲਾਮ ਦੇ ਵਧੀਆ ਗਾਇਕ ਵਜੋਂ ਜਾਣਿਆ ਜਾਂਦਾ ਹੈ। ਉਹਦੇ ਵਲੋਂ ਗੁਰੂ ਨਾਨਕ ਦੇ 550ਵੇਂ ਵਰੇ੍ਹ ਗਾਈ ਗੁਰਬਾਣੀ ਅੱਜ ਤਕ ਚਰਚਾ ਵਿਚ ਹੈ। ਉਸਨੂੰ ਪਾਕਿਸਤਾਨ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਸੱਦੇ ਆਉਂਦੇ ਹਨ। ਅਗਸਤ ਮਹੀਨੇ ਦੇ ਅੰਤਲੇ ਦਿਨਾਂ ਵਿਚ ਲੰਡਨ ਦੇ ਕਿਸੇ ਪ੍ਰੋਗਰਾਮ ਵਿਚ ਵਾਰਿਸ ਦੀ ਹੀਰ ਗਾਉਂਦੇ ਸਮੇਂ ਸਰੀਰ ਵਿਚ ਸ਼ੱਕਰ ਦੀ ਘਾਟ ਵਧਣ ਕਾਰਨ ਮੰਚ ਉੱਤੇ ਹੀ ਢਹਿ ਪਿਆ। ਗੁਰਮਤਿ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਹੈਰਾਨ ਸੀ ਕਿ ਉਹ ਚਾਰ ਦਿਨ ਪਹਿਲਾਂ ਲਾਹੌਰ ਵਿਚ ਉਸਨੂੰ ਮਿਲਣ ਗਿਆ ਸੀ ਤਾਂ ਚੰਗਾ ਭਲਾ ਸੀ। ਜਸਬੀਰ ਨਹੀਂ ਸੀ ਜਾਣਦੀ ਕਿ ਉਹ ਸ਼ੱਕਰ ਦਾ ਮਰੀਜ਼ ਹੈ। ਉਸਨੂੰ ਲੰਡਨ ਦੇ ਹਸਪਤਾਲ ਦਾਖਲ ਕਰਵਾਇਆ ਤਾਂ ਅਫਵਾਹ ਫੈਲ ਗਈ ਕਿ ਉਹ ਚੱਲ ਵਸਿਆ ਹੈ। ਇਹ ਗਲਤ ਸੀ। ਵਾਪਸ ਪਰਤ ਆਉਣ ਉੱਤੇ ਹਰ ਕਿਸੇ ਨੇ ਸੁੱਖ ਦਾ ਸਾਹ ਲਿਆ।
ਬਸ਼ਿੰਦਰ ਗਰੇਵਾਲ ਦਾ ਕੈਲੀਫੋਰਨੀਆ
ਮੇਰੇ ਗੁਆਂਢੀ ਕਰਨਲ ਏ ਐਸ ਗਰੇਵਾਲ ਦਾ ਬੇਟਾ 1986 ਤੋਂ ਅਮਰੀਕਾ ਰਹਿ ਰਿਹਾ ਹੈ। ਉਹ ਬਿਜ਼ਨੈਸ ਮੈਨੇਜਮੈਂਟ ਦੀ ਪੜ੍ਹਾਈ ਕਰ ਕੇ ਅਮਰੀਕਾ ਚਲਾ ਗਿਆ ਸੀ। ਉਸਦੀ ਵਪਾਰਕ ਪ੍ਰਬੰਧਾਂ ਨਾਲ ਲੰਮੀ ਨੌਕਰੀ ਸਦਕਾ ਉਸਨੂੰ ਹਿਤਾਚੀ ਅਮਰੀਕਾ ਨਾਂ ਦੀ ਕੰਪਨੀ ਨੇ ਆਪਣੇ ਅੱਧੀ ਦਰਜਨ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜਿਸ ਵਿਚ ਵਾਈਪਰੋ ਤੇ ਇਨਫੋਸਿਸ ਵੀ ਸ਼ਾਮਲ ਹਨ। ਅੱਗੇ ਤੋਂ ਬਸ਼ਿੰਦਰ ਇਸ ਕੰਪਨੀ ਦੇ ਲਗਪਗ ਪੂਰਨ ਤਾਲਮੇਲ ਦਾ ਇੰਚਾਰਜ ਹੋਵੇਗਾ। ਬਸ਼ਿੰਦਰ ਨੇ ਆਪਣੇ ਪਰਿਵਾਰ ਦਾ ਹੀ ਨਹੀਂ ਸਮੁੱਚੇ ਗਰੇਵਾਲਾਂ ਦਾ ਨਾਂ ਰੋਸ਼ਨ ਕੀਤਾ ਹੈ। ਮੁਬਾਰਕਾਂ।

ਅੰਤਿਕਾ
ਮਹਿੰਦਰਦੀਪ ਗਰੇਵਾਲ
ਪਤਝੜਾਂ ਨੂੰ ਨਾਲ ਲੈ ਕੇ
ਤੁਰ ਰਹੀ ਹੈ ਜ਼ਿੰਦਗੀ,
ਏਸ ਵਿਚ ਵੀ ਪਲ ਰਹੀਆਂ
ਕਿੰਨੀਆਂ ਬਹਾਰਾਂ।