ਢੁੱਡੀਕੇ ਦੇ ਉੱਘੇ ਖਿਡਾਰੀ: ਗੁਰਚਰਨ ਸਿੰਘ

ਪ੍ਰਿੰ. ਸਰਵਣ ਸਿੰਘ
ਮਾਸਟਰ ਗੁਰਚਰਨ ਸਿੰਘ ਢੁੱਡੀਕੇ ਆਰਾਮ ਨਾਲ ਬਹਿਣ ਵਾਲਾ ਮਾਸਟਰ ਨਹੀਂ। ਸਰਕਾਰੀ ਸਰਵਿਸ ਤੋਂ ਰਿਟਾਇਰ ਹੋ ਕੇ ਉਹ ਸਗੋਂ ਹੋਰ ਵੀ ਸਰਗਰਮ ਹੋ ਗਿਆ ਹੈ। ਏਨਾ ਸਰਗਰਮ ਕਿ ਲੋਕ ਸੇਵਾ ਦੀ ਲਗਨ ਨਾ ਉਹਨੂੰ ਆਪ ਨੂੰ ਟਿਕਣ ਦਿੰਦੀ ਹੈ, ਨਾ ਉਹ ਪਿੰਡ ਦੇ ਲੋਕ ਸੇਵੀ ਦੋਸਤਾਂ ਮਿੱਤਰਾਂ ਨੂੰ ਟਿਕਣ ਦਿੰਦੈ। ਉਹ ਕਦੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਂਦਾ, ਉਨ੍ਹਾਂ ਨੂੰ ਹਾਕੀ ਖੇਡਣੀ ਸਿਖਾਉਂਦਾ, ਟੀਮਾਂ ਲੈ ਕੇ ਟੂਰਨਾਮੈਂਟਾਂ `ਚ ਜਾਂਦਾ, ਕਦੇ ਪਿੰਡ ਦੇ ਸਾਂਝੇ ਕਾਰਜ ਕਰਦਾ

ਕਰਾਉਂਦਾ, ਚਲਦੇ ਕਾਰਜਾਂ ਲਈ ਪਿੰਡ ਵਾਸੀਆਂ ਤੇ ਪਰਵਾਸੀਆਂ ਤੋਂ ਫੰਡ `ਕੱਠਾ ਕਰਦਾ ਕਰਵਾਉਂਦਾ ਤੇ ਫਿਰ ਸਾਰੀ ਜਾਣਕਾਰੀ ਫੇਸਬੁੱਕ `ਤੇ ਪਾਉਂਦਾ ਢੁੱਡੀਕੇ ਦੀ ਮਸ਼ਹੂਰੀ ਕਰਦਾ ਰਹਿੰਦਾ ਹੈ। ਉਹਦੀ ਆਪਣੀ ਮਸ਼ਹੂਰੀ ਤਾਂ ਫਿਰ ਆਪੇ ਹੀ ਹੋਣੀ ਹੋਈ। ਮੈਂ ਜਦੋਂ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਉਹ ਪੰਜ ਸਾਲ ਦਾ ਬੱਚਾ ਸੀ ਜੋ ਕਾਲਜ ਦੇ ਖਿਡਾਰੀਆਂ ਨੂੰ ਖੇਡਦੇ ਵੇਖਦਾ ਸੀ। ਅੱਜ-ਕੱਲ੍ਹ ਉਹ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਦੇ ਦੇਸ਼ ਭਗਤ ਸਟੇਡੀਅਮ ਵਿਚ ਸਰਕਾਰ ਵੱਲੋਂ ਬਣਾਏ ਹਾਕੀ ਆਸਟਰੋਟਰਫ ਫੀਲਡ ਨੂੰ ਵਰਤੋਂ ਵਿਚ ਲਿਆਉਣ ਦੇ ਸਰਕਾਰੀ ਚੱਕਰਾਂ `ਚ ਪਿਆ ਹੋਇਐ। ਨਾ ਉਹਨੂੰ ਸਰਕਾਰ ਡਾਹੀ ਦਿੰਦੀ ਹੈ, ਨਾ ਉਹ ਸਰਕਾਰ ਦਾ ਖਹਿੜਾ ਛੱਡਦੈ।
28 ਜਨਵਰੀ 2015 ਨੂੰ ਲਾਲਾ ਲਾਜਪਤ ਰਾਏ ਦੇ 150ਵੇਂ ਜਨਮ ਦਿਵਸ `ਤੇ ਸਰਕਾਰ ਵੱਲੋਂ ਢੁੱਡੀਕੇ ਵਿਖੇ ਹਾਕੀ ਆਸਟਰੋਟਰਫ ਲਾਉਣ ਦੇ ਕੀਤੇ ਐਲਾਨ ਤੋਂ ਲੈ ਕੇ 7 ਸਾਲਾਂ `ਚ ਤਿਆਰ ਹੋਇਆ ਇਹ ਆਸਟਰੋਟਰਫ ਮੈਦਾਨ ਅਜੇ ਵੀ ਅਣਵਰਤਿਆ ਪਿਐ! ਆਖ਼ਰ ਕਦੋਂ ਹੋਵੇਗਾ ਇਹਦਾ ਉਦਘਾਟਨ ਤੇ ਕਦੋਂ ਵਰਤੋਂ `ਚ ਲਿਆਂਦਾ ਜਾਵੇਗਾ ਇਹ ਪੰਜ ਕਰੋੜੀ ਪ੍ਰੋਜੈਕਟ? ਹੁਣ ਜਦੋਂ ‘ਖੇਡਾਂ ਵਤਨ ਪੰਜਾਬ ਦੀਆਂ’ ਹੋ ਰਹੀਆਂ, ਜਿਨ੍ਹਾਂ `ਚ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਨੇ ਤਾਂ ਸਰਕਾਰੀ ਕਾਲਜ ਢੁੱਡੀਕੇ ਦਾ ਸਰਕਾਰੀ ਆਸਟਰੋਟਰਫ ਵੀ ਸਰਕਾਰ ਨੂੰ ਵਰਤੋਂ `ਚ ਲੈ ਆਉਣਾ ਚਾਹੀਦੈ। ਇੰਜ ਕਰਨ ਨਾਲ ਇਹਦਾ ‘ਉਦਘਾਟਨ’ ਵੀ ਹੋ ਜਾਵੇਗਾ। ਇਹਦੇ ਨਾਲ ਸ਼ਾਇਦ ਸਰਕਾਰੀ ਕਾਲਜ ਦੇ ਭਾਗ ਵੀ ਜਾਗ ਪੈਣ!
ਗੁਰਚਰਨ ਸਿੰਘ ਖ਼ੁਦ ਖਿਡਾਰੀ ਰਿਹਾ, ਅਧਿਆਪਕ ਰਿਹਾ, ਹਾਕੀ ਕੋਚ ਰਿਹਾ, ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ ਦਾ ਜਨਰਲ ਸਕੱਤਰ ਤੇ ਪ੍ਰਧਾਨ ਰਿਹਾ। ਉਹ ਢੁੱਡੀਕੇ ਸਾਹਿਤ ਮੰਚ ਦਾ ਪਹਿਲਾਂ ਜਨਰਲ ਸਕੱਤਰ ਫਿਰ ਪ੍ਰਧਾਨ, ਲਾਲਾ ਲਾਜਪਤ ਰਾਏ ਯਾਦਗਾਰ ਕਮੇਟੀ ਦਾ ਸੇਵਕ ਤੇ ਸਲਾਹਕਾਰ, ਲਾਜਪਤ ਰਾਏ ਖੇਡ ਮੇਲੇ ਦਾ ਸਕੱਤਰ ਤੇ ਬੁਲਾਰਾ, ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਦਾ ਸਕੱਤਰ, ਢੁੱਡੀਕੇ ਦੇ ਹਾਕੀ ਕਲੱਬ ਦਾ ਖ਼ਜ਼ਾਨਚੀ ਤੇ ਹੋਰ ਵੀ ਕਈ ਸਭਾ ਸੁਸਾਇਟੀਆਂ ਦਾ ਅਹੁਦੇਦਾਰ ਹੈ। ਪਰ ਜਿਵੇਂ ਜੋਗੀ ਜੋਗੜੇ ਵਾਲੀ ਅਖਾਣ ਹੋਰਨਾਂ ਬਹੁਤ ਸਾਰਿਆਂ `ਤੇ ਢੁੱਕਦੀ ਹੈ ਉਵੇਂ ਪਿੰਡ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਵਾਲੀ ਕਹਾਵਤ ਉਹਦੇ `ਤੇ ਵੀ ਢੁੱਕਦੀ ਹੈ। ਉਹਦਾ ਜਨਮ 11 ਦਸੰਬਰ 1961 ਨੂੰ ਸ. ਮੁਖਤਿਆਰ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਢੁੱਡੀਕੇ `ਚ ਹੋਇਆ। ਪਿੰਡੋਂ ਹਾਇਰ ਸੈਕੰਡਰੀ ਤੇ ਮੋਗੇ ਤੋਂ ਬੀਐੱਸਸੀ ਬੀਐੱਡ ਕਰ ਕੇ ਪਹਿਲਾਂ ਉਸ ਨੇ ਲੁਧਿਆਣੇ, ਫਿਰ ਅਜੀਤਵਾਲ, ਕੁੱਸੇ ਤੇ ਢੁੱਡੀਕੇ ਮਾਸਟਰੀ ਕੀਤੀ। 2021 ਵਿਚ ਉਹ ‘ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ’ ਕਿਤਾਬ ਛਪਵਾ ਕੇ ਖੇਡ ਪ੍ਰਮੋਟਰ ਹੋਣ ਨਾਲ ਖੇਡ ਲੇਖਕ ਵੀ ਬਣ ਗਿਐ।
ਜਿਵੇਂ ਸੰਸਾਰਪੁਰ ਨੂੰ ਹਾਕੀ ਖਿਡਾਰੀਆਂ ਦਾ ਪਿੰਡ ਕਿਹਾ ਜਾਂਦੈ ਉਵੇਂ ਢੁੱਡੀਕੇ ਨੂੰ ਲਿਖਾਰੀਆਂ ਦਾ ਪਿੰਡ ਕਿਹਾ ਜਾ ਸਕਦੈ। ਇਸ ਪਿੰਡ ਨਾਲ ਸੰਬੰਧਤ ਦਰਜਨ ਤੋਂ ਵੱਧ ਲੇਖਕ ਹਨ ਜਿਨ੍ਹਾਂ ਦੀਆਂ ਦਰਜਨਾਂ ਕਿਤਾਬਾਂ ਛਪ ਚੁੱਕੀਆਂ ਹਨ। ਸੌ ਕੁ ਕਿਤਾਬਾਂ ਤਾਂ `ਕੱਲੇ ਕੰਵਲ ਦੀਆਂ ਹੀ ਹਨ ਤੇ ਚਾਲੀਆਂ ਤੋਂ ਉਤੇ ਮੇਰੀਆਂ ਪਹੁੰਚ ਚੁੱਕੀਆਂ ਹਨ। ਤੀਹ ਸਾਲ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਕਰਕੇ ਮੈਨੂੰ ਵੀ ਢੁੱਡੀਕੇ ਦਾ ਹੀ ਸਮਝ ਲਿਆ ਜਾਂਦੈ। ਮੇਰੀਆਂ ਲਿਖਤਾਂ ਉਤੇ ਢੁੱਡੀਕੇ ਦੇ ਮਾਹੌਲ ਦਾ ਕਾਫੀ ਪ੍ਰਭਾਵ ਹੈ। ਐਨ ਉਵੇਂ ਜਿਵੇਂ ਰਾਮਪੁਰੀ ਸ਼ਾਇਰਾਂ `ਤੇ ਨਹਿਰ ਸਰਹੰਦ ਦੇ ਪਾਣੀ ਦਾ ਪ੍ਰਭਾਵ ਹੈ। ਕਹਿੰਦੇ ਹਨ ਜਿਹੜਾ ਰਾਮਪੁਰ ਨਾਲ ਵਗਦੀ ਨਹਿਰ ਦਾ ਪਾਣੀ ਪੀ ਲਵੇ ਉਹ ਸ਼ਾਇਰ ਬਣ ਈ ਜਾਂਦੈ। ਇਵੇਂ ਕਹਿ ਸਕਦੇ ਆਂ ਜਿਹੜਾ ਢੁੱਡੀਕੇ ਦੀ ਆਬੋ-ਹਵਾ `ਚ ਸਾਹ ਲੈ ਲਵੇ ਉਹ ਲੇਖਕ ਬਣ ਈ ਜਾਂਦੈ।
ਡਾ. ਜਸਵੰਤ ਸਿੰਘ ਕੰਵਲ ਤੋਂ ਬਿਨਾਂ ਡਾ. ਜਸਵੰਤ ਗਿੱਲ, ਡਾ. ਦਰਸ਼ਨ ਗਿੱਲ, ਡਾ. ਅਜੀਤ ਸਿੰਘ, ਡਾ. ਜੋਗਿੰਦਰ ਨਹਿਰੂ, ਹਰੀ ਸਿੰਘ ਢੁੱਡੀਕੇ, ਨਰਿੰਦਰਪਾਲ ਸ਼ਰਮਾ, ਕੰਵਲਜੀਤ ਸਿੰਘ, ਮਾਸਟਰ ਗੁਰਚਰਨ ਸਿੰਘ, ਅੱਛਰ ਸਿੰਘ, ਅਮਰਜੀਤ ਸਿੰਘ, ਬੇਅੰਤ ਬਾਵਾ, ਬੀਬੀ ਰਮਨਦੀਪ ਕੌਰ, ਬੀਬੀ ਲਖਵਿੰਦਰ ਗਿੱਲ, ਕੰਵਲ ਦੀ ਭਤੀਜੀ ਪਰਵਿੰਦਰ ਗੋਗੀ ਤੇ ਸਤਨਾਮ ਸੰਦੇਸ਼ੀ ਸਭ ਢੁੱਡੀਕੇ ਦੇ ਹਨ। ‘ਢੁੱਡੀਕੇ ਦੇ ਗਦਰੀ ਬਾਬੇ’ ਪੁਸਤਕ ਲਿਖਣ ਵਾਲੇ ਪ੍ਰਿੰ. ਧਰਮ ਸਿੰਘ ਸਹੋਤਾ ਤੇ ਮਾਰਕਸਵਾਦੀ ਲੇਖਕ ਗੁਰਮੀਤ ਸਿੰਘ ਟਿਵਾਣਾ ਵੀ ਢੁੱਡੀਕੇ ਦੇ ਸਮਝੇ ਜਾਂਦੇ ਹਨ। ਕਹਾਣੀਕਾਰ ਸੁਜਾਨ ਸਿੰਘ ਵੀ ਢੁੱਡੀਕੇ ਕਾਲਜ ਦੇ ਪ੍ਰਿੰਸੀਪਲ ਰਹੇ ਸਨ। ਉਨ੍ਹਾਂ ਦੇ ਵੇਲੇ ਢੁੱਡੀਕੇ `ਚ ਲੇਖਕਾਂ ਦਾ ਆਉਣ-ਜਾਣ ਹੋਰ ਵੀ ਵਧ ਗਿਆ ਸੀ। ਅਜੀਤ ਪੱਤੋ ਤੇ ਸੰਤੋਖ ਸਿੰਘ ਧੀਰ ਤੋਂ ਲੈ ਕੇ ਜਗਜੀਤ ਸਿੰਘ ਅਨੰਦ ਤੇ ਪ੍ਰੋ. ਕਿਸ਼ਨ ਸਿੰਘ ਤਕ ਸਭ ਆਉਂਦੇ ਜਾਂਦੇ ਸਨ। ਗੁਰਸ਼ਰਨ ਸਿੰਘ ਨੇ ਬਥੇਰੇ ਨਾਟਕ ਢੁੱਡੀਕੇ `ਚ ਸਟੇਜ ਕੀਤੇ। ਉਥੇ ਕਵੀ ਦਰਬਾਰ ਤੇ ਸੈਮੀਨਾਰ ਹੁੰਦੇ। ਕਹਿੰਦੇ ਕਹਾਉਂਦੇ ਲੇਖਕ ਤੇ ਪ੍ਰਕਾਸ਼ਕ ਕੰਵਲ ਨੂੰ ਮਿਲਣ ਆਉਂਦੇ। ਜਦੋਂ ਆਤਮ ਹਮਰਾਹੀ ਨੱਥੂਵਾਲੇ ਰਹਿੰਦਾ ਸੀ ਤਾਂ ਢੁੱਡੀਕੇ ਉਹਦਾ ਪੱਕਾ ਅੱਡਾ ਸੀ। ਮੈਨੂੰ ਉਹ ਗੋਲ ਮੋਲ ਜੁੱਸੇ ਤੇ ਗੋਲ ਮੋਲ ਲੱਤਾਂ ਨਾਲ ਤੇਜ਼ ਤੇਜ਼ ਤੁਰਦਾ ਪਹੀਏ ਵਾਂਗ ਰੁੜ੍ਹਦਾ ਲੱਗਦਾ ਸੀ। ਇਹੋ ਭੁਲੇਖਾ ਕੁਲਬੀਰ ਕਾਂਗ ਦਾ ਪੈਂਦਾ ਸੀ। ਦੇਸ ਰਾਜ ਮੋਗੇ ਦੀ ਲਿਖਾਰੀ ਸਭਾ ਦੇ ਮੈਂਬਰ ਲਿਆਉਂਦਾ। ਜਗਰਾਓਂ ਤੋਂ ਕੇਸਰ ਨੀਰ ਤੇ ਸ਼ੇਖ ਦੌਲਤ ਤੋਂ ਦਿਓਲ ਹੋਰੀਂ ਆਉਂਦੇ। ਕਰਮਜੀਤ ਕੁੱਸਾ, ਢੁੱਡੀਕੇ ਦੇ ਵਾਰ-ਵਾਰ ਗੇੜੇ ਮਾਰਦਾ। ਜਗਤਾਰ ਪਪੀਹਾ, ਸਿ਼ਵ ਕੁਮਾਰ, ਤਰਸੇਮ ਪੁਰੇਵਾਲ, ਸ਼ੇਰ ਜੰਗ ਜਾਂਗਲੀ, ਨਿਰੰਜਣ ਤਸਨੀਮ, ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ ਤੇ ਹਰ ਵੇਲੇ ਇਕ ਅੱਖ ਮੀਚੀ ਰੱਖਣ ਵਾਲਾ ਫੋਟੋਗਰਾਫਰ ਹਰਭਜਨ ਬਟਾਲਵੀ, ਸਭ ਧਾਅ ਕੇ ਕੰਵਲ ਨੂੰ ਮਿਲਣ ਆਉਂਦੇ। ਬਲਰਾਜ ਸਾਹਨੀ ਬੰਬਈ ਤੋਂ ਢੁੱਡੀਕੇ ਦੇ ਅਮਲੀਆਂ ਦੀਆਂ ਗੱਲਾਂ ਸੁਣਨ, ਕਮਾਦ ਦੇ ਗੰਨੇ ਚੂਪਣ ਤੇ ਘੁਲਾੜੀਆਂ ਦਾ ਤੱਤਾ ਗੁੜ ਖਾਣ ਆਉਂਦਾ। ਕੰਵਲ ਕਰਕੇ ਢੁੱਡੀਕੇ ਸਾਹਿਤਕ ਸਰਗਰਮੀਆਂ ਦਾ ਗੜ੍ਹ ਸੀ ਜਿਥੋਂ ਨਵੇਂ ਲੇਖਕਾਂ ਨੂੰ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਦਾ।
ਗੁਰਚਰਨ ਸਿੰਘ ਨੇ ਢੁੱਡੀਕੇ ਵਿਖੇ ਹਾਕੀ ਦੇ ਬਾਨੀ ਹੈੱਡਮਾਸਟਰ ਅਜਾਇਬ ਸਿੰਘ ਹਾਂਸ, ਏਸ਼ੀਆ ਦੇ ਗੋਲਡ ਮੈਡਲਿਸਟ ਜਸਵੀਰ ਸਿੰਘ ਗਿੱਲ, ਮਹਿੰਦਰ ਸਿੰਘ ਮਿੰਦ੍ਹੀ, ਕੁਲਵੰਤ ਪਨੂੰ, ਮਾਸਟਰ ਪਰਮਜੀਤ ਸਿੰਘ ਤਖਾਣਵੱਧ, ਮਾਸਟਰ ਮੋਹਨ ਸਿੰਘ ਦੌਧਰ, ਹਰਭਜਨ ਭਜੀ ਲੋਪੋਂ, ਗੁਰਵਿੰਦਰ ਸੋਨੂੰ ਚਕਰ, ਪਰਮਿੰਦਰ ਪੰਮਾ ਬੁੱਟਰ, ਰਵੀ ਤਖਾਣਵੱਧ, ਅਮਨਦੀਪ ਕੌਰ, ਜਗਜੀਤ ਜੱਗਾ, ਬਲਦੀਪ ਧੂੜਕੋਟ, ਅਮਿੰਦਰ ਨਿਊਜ਼ੀਲੈਂਡ, ਅਵਤਾਰ ਦੌਧਰ, ਕਰਮਾ ਕੈਨੇਡਾ, ਧੀਰਾ ਪਨੂੰ, ਹਰਜੀਤ ਘਾਲੀ, ਅਮਨਦੀਪ ਗੋਲਡੀ, ਤਜਿੰਦਰ ਬਲੌਰੀ, ਚਰਨਜੀਤ ਦੌਧਰ, ਸੁਰਜੀਤ ਲੋਪੋਂ ਤੇ ਕਰਮਜੀਤ ਆਦਿ, ਰੋਇੰਗ ਦੀ ਤਰਨਜੀਤ ਕੌਰ ਢੁੱਡੀਕੇ, ਡਿਕੈਥਲਨ ਦਾ ਨੈਸ਼ਨਲ ਚੈਂਪੀਅਨ ਪ੍ਰੋ. ਜਗਵਿੰਦਰ ਸਿੰਘ, ਫੁੱਟਬਾਲਰ ਗਗਨਾ ਅਜੀਤਵਾਲ, ਅਜੈਦੀਪ ਕੋਕਰੀ, ਜਡੂਕਾ ਰਮਨ ਕਾਟਲ ਤੇ ਸੰਦੀਪ ਕੌਰ, ਕਬੱਡੀ ਖਿਡਾਰੀ ਮੀਤੋ ਢੁੱਡੀਕੇ, ਮੱਲ ਮੱਦੋਕੇ, ਗੈਸ ਮੱਲੇਆਣੀਆਂ, ਆਤਮਾ ਬੁੱਟਰ, ਬਿੱਲੂ ਰਾਜੇਆਣੀਆ, ਨੰਜੀ ਵੈਰੋਕੇ, ਬੰਤ ਗੋਲੂ, ਅਰਜਨ ਕੌਂਕੇ, ਲਾਲੀ ਚੂਹੜਚੱਕ, ਮੋਹਲਾ ਮੱਦੋਕੇ, ਬਿੰਦੀ, ਗੁੱਗੂ, ਇਕਬਾਲ, ਬਾਜ ਕੌਂਕੇ, ਸਵਰਨਾ ਵੈਲੀ, ਮੰਦਰ ਲੰਡੇਕੇ ਤੇ ਦਰਸ਼ਨ ਕੋਕਰੀ ਆਦਿ ਸੌ ਦੇ ਕਰੀਬ ਖਿਡਾਰੀਆਂ ਦੀ ਸੰਖੇਪ ਜਾਣਕਾਰੀ ਦਿੱਤੀ ਹੈ। ਅਮਾਮ ਬਖ਼ਸ਼ ਦਾ ਜੋੜ ਪਹਿਲਵਾਨ ਗੁਰਬਖ਼ਸ਼ ਦੌਧਰੀਆ ਪਤਾ ਨਹੀਂ ਗੁਰਚਰਨ ਨੂੰ ਕਿਵੇਂ ਭੁੱਲ ਗਿਆ? ਉਮੀਦ ਹੈ ਅਗਲੀ ਐਡੀਸ਼ਨ `ਚ ਉਹ ਇਲਾਕੇ ਦੇ ਹੋਰ ਖਿਡਾਰੀਆਂ ਦੀ ਜਾਣਕਾਰੀ ਵੀ ਕਿਤਾਬ ਵਿਚ ਦੇਵੇਗਾ।
ਮੇਰਾ ਢੁੱਡੀਕੇ ਨਾਲ ਰਿਸ਼ਤਾ
1950ਵਿਆਂ `ਚ ਜਦੋਂ ਮੈਂ ਕਾਲਜ ਵਿਚ ਪੜ੍ਹਦਾ ਸੀ ਤਾਂ ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਪੜ੍ਹ ਬੈਠਾ। ਉਸ ਨੇ ਮੈਨੂੰ ਪੱਟ ਲਿਆ ਤੇ ਮੈਂ ਉਹਦੇ ਮਗਰ ਲੱਗ ਗਿਆ। ਲਾਹੌਰ ਦੀ ਪੜ੍ਹੀ ਡਾ. ਜਸਵੰਤ ਗਿੱਲ ਐਵੇਂ ਨਹੀਂ ਸੀ ਕੰਵਲ ਨੂੰ ਚਿੱਠੀਆਂ ਲਿਖਣ ਲੱਗੀ। ਅਸੀਂ ਫਾਜਿ਼ਲਕਾ ਕਾਲਜ ਵਿਚ ਕਵੀ ਦਰਬਾਰ ਰੱਖਿਆ ਤਾਂ ਕੰਵਲ ਨੂੰ ਪ੍ਰਧਾਨਗੀ ਲਈ ਸੱਦਾ ਦੇਣ ਗਏ। ਮੇਰਾ ਪਿੰਡ ਚਕਰ, ਢੁੱਡੀਕੇ ਦੇ ਨੇੜੇ ਹੋਣ ਕਾਰਨ ਚੰਗੀ ਸਿਆਣ ਗਿਆਣ ਹੋ ਗਈ। ਫਿਰ ‘ਰਾਤ ਬਾਕੀ ਹੈ’ ਪੜ੍ਹਿਆ ਤਾਂ ਕੰਵਲ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਕਿਹਾ ਜਾਂਦੈ, ਜਿੰਨੇ ਮੁੰਡੇ ਉਸ ਨਾਵਲ ਨੇ ਕਾਮਰੇਡ ਬਣਾਏ ਉਨੇ ਸ਼ਾਇਦ ਪਾਰਟੀ ਨੇ ਵੀ ਨਾ ਬਣਾਏ ਹੋਣ।
1967 ਵਿਚ ਢੁੱਡੀਕੇ ਕਾਲਜ ਬਣਿਆ ਤਾਂ ਪ੍ਰੋ. ਪ੍ਰੀਤਮ ਸਿੰਘ ਨੇ ਕੰਵਲ ਹੋਰਾਂ ਨੂੰ ਸਲਾਹ ਦਿੱਤੀ, ਪੇਂਡੂ ਪਿਛੋਕੜ ਦੇ ਪ੍ਰੋਫ਼ੈਸਰ ਰੱਖਿਓ ਕਿਉਂਕਿ ਸ਼ਹਿਰੀਆਂ ਨੇ ਮੌਕਾ ਮਿਲਣ `ਤੇ ਦੌੜ ਜਾਣਾ। ਢੁੱਡੀਕੇ ਦਾ ਕਵੀ ਦਰਸ਼ਨ ਗਿੱਲ ਉਦੋਂ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਦਾ ਲੈਕਚਰਾਰ ਸੀ। ਉਸ ਨੂੰ ਪਿੰਡ ਦੇ ਕਾਲਜ ਵਿਚ ਲੱਗਣ ਲਈ ਕਿਹਾ ਗਿਆ। ਪਹਿਲਾਂ ਉਹ ਮੰਨ ਗਿਆ ਪਰ ਜਦੋਂ ਉਹਦੇ ਘਰ ਵਾਲੀ ਨਾ ਮੰਨੀ ਤਾਂ ਉਸ ਨੂੰ ਨਾਂਹ ਕਰਨੀ ਪਈ। ਦਿੱਲੀ ਪੜ੍ਹਾਉਂਦੇ ਢੁੱਡੀਕੇ ਦੇ ਅਜੀਤ ਸਿੰਘ ਨੇ ਕੰਵਲ ਕੋਲ ਮੇਰਾ ਨਾਂ ਲੈ ਦਿੱਤਾ ਕਿ ਉਹਨੂੰ ਦਿੱਲੀ ਤੋਂ ਢੁੱਡੀਕੇ ਲੈ ਆਓ। ਪਹਿਲਾਂ ਅਜੀਤ ਆਪਣੇ ਨਾਂ ਨਾਲ ‘ਪੰਛੀ’ ਲਾਉਂਦਾ ਸੀ। ਪੀਐਚਡੀ ਕਰਨ ਪਿੱਛੋਂ ਪੰਛੀ ਉਡਾ ਦਿੱਤਾ ਤੇ ਡਾ. ਅਜੀਤ ਸਿੰਘ ਲਿਖਣ ਲੱਗ ਪਿਆ। ਉਹਦੇ ਨਾਲ ਮੈਂ ਕੰਵਲ ਨੂੰ ਮਿਲਿਆ ਤਾਂ ਕੰਵਲ ਨੇ ਮੈਥੋਂ ਢੁੱਡੀਕੇ ਦੇ ਕਾਲਜ `ਚ ਆਉਣ ਲਈ ‘ਹਾਂ’ ਕਰਵਾ ਲਈ। ਜਦੋਂ ਮੈਂ ਖ਼ਾਲਸਾ ਕਾਲਜ ਦਿੱਲੀ ਦੇ ਪ੍ਰਿੰ. ਗੁਰਬਚਨ ਸਿੰਘ ਬੱਲ ਨੂੰ ਅਸਤੀਫ਼ਾ ਦੇਣ ਗਿਆ ਤਾਂ ਉਸ ਨੇ ਮੈਨੂੰ ਰੋਕਿਆ, “ਤੂੰ ਅਜੇ ਨਿਆਣੈਂ। ਤੈਨੂੰ ਨਹੀਂ ਪਤਾ ਇਸ ਕਾਲਜ ਦੀ ਰੈਗੂਲਰ ਪੋਸਟ ਤੈਨੂੰ ਕਿਵੇਂ ਮਿਲੀ ਐ? ਮੁੜ ਕੇ ਪਿੰਡ ਚਲਾ ਗਿਆ ਤਾਂ ਸਾਰੀ ਉਮਰ ਪਛਤਾਏਂਗਾ।” ਪਰ ਮੈਂ ਇਹੋ ਕਹੀ ਗਿਆ ਕਿ ਮੈਂ ਢੁੱਡੀਕੇ ਕੰਵਲ ਹੋਰਾਂ ਨੂੰ ‘ਹਾਂ’ ਕਹਿ ਆਇਆਂ।
ਅਖ਼ੀਰ ਪ੍ਰਿੰਸੀਪਲ ਬੱਲ ਨੇ ਮੇਰੀ ਹੂੜ੍ਹਮੱਤ ਬਾਰੇ ਕਿਹਾ, “ਓਨਲੀ ਏ ਜਾਟ ਅਰ ਏ ਫੂਲ ਕੈਨ ਡੂ ਦਿੱਸ।” ਮੈਂ ਆਖਿਆ, “ਸਰ, ਤੁਹਾਡਾ ਅੱਧਾ ਫਿਕਰਾ ਬਿਲਕੁਲ ਸਹੀ ਐ।” ਤੇ ਮੈਂ ਦਿੱਲੀ ਨੂੰ ਫਤਿਹ ਬੁਲਾ ਕੇ ਢੁੱਡੀਕੇ ਆ ਮੋਰਚਾ ਮੱਲਿਆ। ਫਿਰ 1967 ਤੋਂ 1996 ਤਕ ਢੁੱਡੀਕੇ ਹੀ ਰਿਹਾ। ਹਾਕੀ ਪ੍ਰੇਮੀ ਪ੍ਰੋ. ਗੁਰਸੇਵਕ ਸਿੰਘ, ਕਾਲਜਾਂ ਦੇ ਡੀਪੀਆਈ ਬਣੇ ਤਾਂ ਉਨ੍ਹਾਂ ਦੇ ਕਹਿਣ `ਤੇ ਵੀ ਸਪੋਰਟਸ ਕਾਲਜ ਜਲੰਧਰ ਜਾਂ ਮਹਿੰਦਰਾ ਕਾਲਜ ਪਟਿਆਲੇ ਦੀ ਬਦਲੀ ਨਾ ਕਰਵਾਈ। ਸਰਕਾਰੀ ਨੌਕਰੀ ਦੇ ਆਖ਼ਰੀ ਸਾਲਾਂ `ਚ ਕੰਵਲ ਦੀ ਸਲਾਹ ਨਾਲ ਹੀ ਡਾ. ਸਰਦਾਰਾ ਸਿੰਘ ਜੌਹਲ ਦੇ ਅਮਰਦੀਪ ਕਾਲਜ ਮੁਕੰਦਪੁਰ ਦਾ ਪਿ੍ਰੰਸੀਪਲ ਬਣਨ `ਤੇ ਢੁੱਡੀਕੇ ਦਾ ਤਖਤ ਹਜ਼ਾਰਾ ਛੱਡਿਆ।
ਲਾਜਪਤ ਰਾਏ ਕਾਲਜ ਢੁੱਡੀਕੇ ਪਹਿਲਾਂ ਪ੍ਰਾਈਵੇਟ ਐਫਿਲੀਏਟਿਡ ਕਾਲਜ ਸੀ। ਭਿੰਦਰ ਸਿੰਘ ਸੋਹੀ ਬੜਾ ਮਿਹਨਤੀ ਡੀਪੀਈ ਸੀ। ਅਸੀਂ ਪੰਜਾਬ ਯੂਨੀਵਰਸਿਟੀ ਦੀਆਂ ਹਾਕੀ ਤੇ ਕਬੱਡੀ ਦੀਆਂ ਟਰਾਫੀਆਂ ਜਿੱਤਣ ਲੱਗੇ। ਉਦੋਂ ਦੇ ਖਿਡਾਰੀ ਜਸਵੰਤ ਜਮਨਾ, ਗੁਰਮੇਲ ਜੈਲੋ, ਦਰਸ਼ੀ, ਸੁੱਖੀ, ਸੀਤਾ, ਸਤਪਾਲ, ਇਕਬਾਲ ਇੰਦਰ, ਗੁਰਮੇਲ ਚੂਹੜਚੱਕ, ਦਰਸ਼ਨ ਤੇ ਬਿੰਦਰ ਬਿਲਾਸਪੁਰ, ਬਲਜੀਤ ਚੁਗਾਵਾਂ, ਜਗਜੀਤ ਮੱਦੋਕੇ, ਜਸਵੰਤ ਭੋਲਾ, ਹਾਕਮ ਦੌਧਰ ਤੇ ਦਰਜਨਾਂ ਹੋਰ ਖਿਡਾਰੀ ਯਾਦ ਆ ਰਹੇ ਨੇ। 1975 `ਚ ਕਾਲਜ ਸਰਕਾਰੀ ਹੋ ਗਿਆ ਤਾਂ ਬਹੁਤੇ ਲੈਕਚਰਾਰ ਸ਼ਹਿਰੀ ਕਾਲਜਾਂ `ਚ ਬਦਲੀਆਂ ਕਰਾ ਗਏ। ਪਿੱਛੋਂ ਕਾਲਜ ਦਾ ਹਾਲ ਪੰਜਾਬ ਰੋਡਵੇਜ਼ ਦੀ ਉਸ ਬੱਸ ਵਰਗਾ ਹੁੰਦਾ ਗਿਆ ਜਿਸ ਬਾਰੇ ਕਿਸੇ ਅਮਲੀ ਨੇ ਕਿਹਾ ਸੀ, “ਸ਼ੁਕਰ ਕਰੋ, ਇਹ ਤਾਂ ਪਹੀਏ ਲੱਗੇ ਕਰਕੇ ਮਾੜੀ ਮੋਟੀ ਰੁੜ੍ਹੀ ਫਿਰਦੀ ਐ, ਨਹੀਂ ਤਾਂ ਕਦੋਂ ਦੀ ਖਾਧੀ ਪੀਤੀ ਜਾਂਦੀ!”
ਜਿਸ ਪੇਂਡੂ ਕਾਲਜ ਲਈ ਮੈਂ ਦਿੱਲੀ ਦਾ ਕਾਲਜ ਤਿਆਗ ਆਇਆ ਸੀ ਹੁਣ ਉਥੇ ਇਕ ਵੀ ਰੈਗੂਲਰ ਲੈਕਚਰਾਰ ਨਹੀਂ ਤੇ ਨਾ ਹੀ ਕੋਈ ਪ੍ਰਿੰਸੀਪਲ। ਇਕ ਸਮਾਂ ਸੀ ਜਦੋਂ ਢੁੱਡੀਕੇ ਦੇ ਸਕੂਲ ਤੇ ਕਾਲਜ ਵਿਚ ਹਾਕੀ ਤੇ ਅਥਲੈਟਿਕਸ ਦੇ ਸਪੋਰਟਸ ਵਿੰਗ ਸਨ, ਹੁਣ ਕੁਝ ਵੀ ਨਹੀਂ। ਸੁੱਤਾ ਢੁੱਡੀਕੇ ਵੀ ਪਿਆ ਹੈ, ਜਾਗਦੀ ਸਰਕਾਰ ਵੀ ਨਹੀਂ।
ਲਾਜਪਤ ਰਾਏ ਖੇਡ ਮੇਲਾ
ਢੁੱਡੀਕੇ ਦੀ ਮਸ਼ਹੂਰੀ ਦੇਸ਼ ਭਗਤਾਂ, ਗਦਰੀ ਬਾਬਿਆਂ, ਲੇਖਕਾਂ, ਖਿਡਾਰੀਆਂ ਤੇ ਲਾਜਪਤ ਰਾਏ ਖੇਡ ਮੇਲੇ ਵਾਲੇ ਪਿੰਡ ਵਜੋਂ ਹੋਈ ਹੈ। ਜੇ ਲਾਲਾ ਮੋਹਨ ਲਾਲ ਨਾ ਹੁੰਦਾ ਤਾਂ ਢੁੱਡੀਕੇ `ਚ ਲਾਲਾ ਲਾਜਪਤ ਰਾਏ ਕਾਲਜ ਹੋਂਦ ਵਿਚ ਨਾ ਆਉਂਦਾ। ਪਹਿਲਾਂ ਪ੍ਰਚਾਰਿਆ ਗਿਆ ਸੀ ਕਿ ਲਾਲਾ ਲਾਜਪਤ ਰਾਏ ਦਾ ਜਨਮ ਜਗਰਾਓਂ `ਚ ਹੋਇਆ ਕਿਉਂਕਿ ਉਥੇ ਉਨ੍ਹਾਂ ਦੇ ਪਿਤਾ ਰਾਧਾ ਕਿਸ਼ਨ ਅਧਿਆਪਕ ਸਨ। ਪਰ ਲਾਲਾ ਜੀ ਦੇ ਸਾਥੀ ਰਹੇ ਮੋਹਨ ਲਾਲ ਐੱਮਐੱਲਸੀ ਨੇ ਸਿੱਧ ਕੀਤਾ ਕਿ ਲਾਜਪਤ ਰਾਏ ਦਾ ਜਨਮ ਉਹਦੇ ਨਾਨਕੇ ਪਿੰਡ ਢੁੱਡੀਕੇ ਦੇ ਕੱਚੇ ਕੋਠੇ ਵਿਚ 28 ਜਨਵਰੀ, 1865 ਨੂੰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਹੋਇਆ ਸੀ। ਇਸ ਤੱਥ ਦਾ ਪਤਾ ਲੱਗਣ ਪਿਛੋਂ ਸਰਪੰਚ ਰਾਮ ਸਿੰਘ ਤੇ ਜਸਵੰਤ ਸਿੰਘ ਕੰਵਲ ਹੋਰਾਂ ਨੇ ਇਲਾਕੇ ਦੇ ਸਹਿਯੋਗ ਨਾਲ ਲਾਲਾ ਜੀ ਦੇ ਨਾਂ ਉਤੇ 28 ਜਨਵਰੀ 1956 ਨੂੰ ਪਹਿਲਾ ਖੇਡ ਮੇਲਾ ਸ਼ੁਰੂ ਕੀਤਾ ਜੋ ਹਰ ਸਾਲ 26 ਤੋਂ 28 ਜਨਵਰੀ ਤਕ ਭਰਦਾ ਆ ਰਿਹੈ। ਇਹ ਚੋਟੀ ਦਾ ਖੇਡ ਮੇਲਾ ਮੰਨਿਆ ਜਾਂਦੈ ਜਿੱਥੇ 1973 ਵਿਚ ਇੰਗਲੈਂਡ ਬਨਾਮ ਮਾਲਵਾ ਕਬੱਡੀ ਮੈਚ ਹੋਇਆ ਤੇ ਫਿਰ ਵਰਲਡ ਕਬੱਡੀ ਕੱਪ ਦੇ ਮੈਚ ਹੋਏ। 1967-68 ਵਿਚ ਪਹਿਲਵਾਨ ਦਾਰਾ ਸਿੰਘ ਨੇ ਢੁੱਡੀਕੇ ਦੇ ਕਾਲਜ ਨਮਿਤ ਮੋਗੇ ਤੇ ਫਿਰੋਜ਼ਪੁਰ ਦੋ ਕੁਸ਼ਤੀਆਂ ਵਿਖਾਈਆਂ।
ਜੁਲਾਈ 1959 ਵਿਚ ਲਾਲ ਬਹਾਦਰ ਸ਼ਾਸ਼ਤਰੀ ਪਹਿਲੀ ਵਾਰ ਢੁੱਡੀਕੇ ਆਏ। ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਲਾਲਾ ਜੀ ਦੇ ਜਨਮ ਸਥਾਨ ਮੈਮੋਰੀਅਲ ਦੀ ਬੁਨਿਆਦ ਰੱਖੀ। ਲਾਲਾ ਜੀ ਦੀ ਪਹਿਲੀ ਜਨਮ ਸ਼ਤਾਬਦੀ ਮੌਕੇ 28 ਜਨਵਰੀ 1965 ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਮੈਮੋਰੀਅਲ ਦਾ ਉਦਘਾਟਨ ਕੀਤਾ। ਉਸੇ ਦਿਨ ਲਾਜਪਤ ਰਾਏ ਸੈਂਟੇਨਰੀ ਕਾਲਜ ਢੁੱਡੀਕੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੇ ਕਰ ਕਮਲਾਂ ਨਾਲ ਰੱਖਿਆ ਗਿਆ। ਦੱਸਦੇ ਹਨ ਸ਼ਾਸ਼ਤਰੀ ਜੀ ਦੀ ਉਂਗਲ `ਤੇ ਝਰੀਟ ਆ ਗਈ ਜਿਸ ਨਾਲ ਖੂਨ ਦੀਆਂ ਕੁਝ ਬੂੰਦਾਂ ਨੀਂਹ ਵਿਚ ਪੈ ਗਈਆਂ। ਵਰਣਨਯੋਗ ਹੈ ਕਿ ਕਾਲਜ ਲਈ ਜ਼ਮੀਨ ਕੌਲੂ ਪੱਤੀ ਦੇ ਕਿਸਾਨ ਬਚਨ ਸਿੰਘ ਨੇ ਇਹ ਕਹਿ ਕੇ ਦਿੱਤੀ ਸੀ ਕਿ ਮੈਂ ਤਾਂ ਸਕੂਲ ਦਾ ਮੂੰਹ ਵੀ ਨਹੀਂ ਦੇਖ ਸਕਿਆ। ਚਲੋ `ਗਾਂਹਾਂ ਦੀਆਂ ਪੀੜ੍ਹੀਆਂ ਤਾਂ ਕਾਲਜ ਦਾ ਮੂੰਹ ਦੇਖ ਲੈਣਗੀਆਂ।
ਕਾਲਜ ਬਣਨ ਪਿੱਛੋਂ ਮੈਂ ਖੇਤ `ਚ ਕੰਮ ਕਰਦੇ ਬਚਨ ਸਿੰਘ ਨੂੰ ਨੰਗੇ ਧੜ, ਤੇੜ ਪਰਨਾ ਬੰਨ੍ਹੀ ਵੇਖਦਾ। ਉਹ ਮੁੜ੍ਹਕੋ ਮੁੜ੍ਹਕੀ ਹੋਇਆ ਹੁੰਦਾ ਤੇ ਉਹਦਾ ਤੇਲੀਆ ਪਿੰਡਾ ਤਾਂਬੇ ਦੇ ਬੁੱਤ ਵਾਂਗ ਚਮਕਦਾ। ਬਾਅਦ ਵਿਚ ਸਟੇਡੀਅਮ ਲਈ ਨਾਲ ਲੱਗਦੀ ਕੁਝ ਹੋਰ ਜ਼ਮੀਨ ਚਾਹੀਦੀ ਸੀ। ਮੈਂ ਉਦੋਂ ਕਾਰਜਕਾਰੀ ਪ੍ਰਿੰਸੀਪਲ ਸਾਂ। ਮੇਰੀ ਬੇਨਤੀ `ਤੇ ਉਹ ਵੀ ਉਹਨੇ ਖੁੱਲ੍ਹੇ ਦਿਲ ਨਾਲ ਦੇ ਦਿੱਤੀ ਤੇ ਸਟੇਡੀਅਮ ਦੀਆਂ ਪੌੜੀਆਂ ਲਈ ਆਪਣੇ ਖੇਤ `ਚੋਂ ਮਿੱਟੀ ਚੁਕਾ ਕੇ ਭਰਤ ਵੀ ਪੁਆ ਦਿੱਤਾ। ਮੈਂ ਕਈ ਵਾਰ ਸੋਚਦਾਂ, ਸਾਡੇ ਕਿਸਾਨਾਂ ਦੇ ਦਿਲ ਕਿੰਨੇ ਖੁੱਲ੍ਹੇ ਹੁੰਦੇ ਨੇ! ਬੇਸ਼ੱਕ ਬਾਅਦ ਵਿਚ ਪਿੰਡ ਵਾਲਿਆਂ ਨੇ ਉਸ ਨੂੰ ਪੰਚਾਇਤੀ ਜ਼ਮੀਨ `ਚੋਂ ਇਵਜ਼ਾਨਾ ਦੇ ਦਿੱਤਾ ਪਰ ਗੱਲ ਤਾਂ ਉਸ ਦਿਨ ਦੀ ਸੀ ਜਿੱਦਣ ਕੈਰੋਂ ਸਰਕਾਰ ਦੇ ਸਿੱਖਿਆ ਮੰਤਰੀ ਪ੍ਰਬੋਧ ਚੰਦਰ ਨੇ ਕਿਹਾ ਸੀ, “ਪਹਿਲਾਂ ਜ਼ਮੀਨ ਦਿਓ, ਫਿਰ ਕਾਲਜ ਬਣੇਗਾ।”
ਇਕੱਠ `ਚ ਬੈਠੇ ਬਚਨ ਸਿੰਘ ਨੇ ਹਿੱਕ ਥਾਪੜੀ ਸੀ, “ਮੇਰੀ ਜ਼ਮੀਨ ਹਾਜ਼ਰ ਐ।” ਫਿਰ ਪ੍ਰਬੋਧ ਚੰਦਰ ਨੇ ਆਖਿਆ ਸੀ, “ਕਾਲਜ ਬਣਾਉਣ ਦਾ ਐਲਾਨ ਮੈਂ ਮੁੱਖ ਮੰਤਰੀ ਜੀ ਨੂੰ ਪੁੱਛ ਕੇ ਕਰਾਂਗਾ।” ਬਚਨ ਸਿੰਘ ਦਾ ਕਹਿਣਾ ਸੀ, “ਮੈਂ ਕਿਹੜਾ ਘਰ ਆਲੀ ਨੂੰ ਪੁੱਛਿਆ? ਜਿਵੇਂ ਮੈਂ ਜ਼ਮੀਨ ਦੇਣ ਦਾ ਅਲਾਣ ਕੀਤਾ ਓਵੇਂ ਤੂੰ ਵੀ ਕਾਲਜ ਬਣਾਉਣ ਦਾ ਅਲਾਣ ਕਰ।” ਤੇ ਸਿੱਖਿਆ ਮੰਤਰੀ ਨੂੰ ਖੜ੍ਹੇ ਪੈਰ ਕਾਲਜ ਬਣਾਉਣ ਦਾ ਐਲਾਨ ਕਰਨਾ ਪਿਆ ਸੀ। ਸੁਰਗਾਂ ਵਿਚ ਵਾਸਾ ਹੋਵੇ ਉਸ ਸਿੱਧੇ ਸਾਦੇ ਖੁੱਲ੍ਹ-ਦਿਲੇ ਕਿਸਾਨ ਦਾ। ਬਚਨ ਸਿੰਘ ਦੇ ਨਾਂ ਦਾ ਕੋਈ ਪੱਥਰ ਅਜੇ ਤਕ ਕਾਲਜ ਜਾਂ ਸਟੇਡੀਅਮ ਦੀ ਕਿਸੇ ਕੰਧ `ਤੇ ਨਹੀਂ ਲੱਗਾ। ਜੇਕਰ ਉਹ ਮੌਕੇ `ਤੇ ਜ਼ਮੀਨ ਨਾ ਦਿੰਦਾ ਤਾਂ ਸੰਭਵ ਸੀ ਢੁੱਡੀਕੇ ਦਾ ਕਾਲਜ ਬੜਾ ਪਛੜ ਕੇ ਹੋਂਦ ਵਿਚ ਆਉਂਦਾ। ਇਹ ਵੀ ਸੰਭਵ ਸੀ ਤਦ ਤਕ ਮੈਂ ਪੱਕਾ ਦਿੱਲੀ ਵਾਲਾ ਬਣ ਗਿਆ ਹੁੰਦਾ ਤੇ ਮੇਰੇ ਨਾਂ ਨਾਲ ਢੁੱਡੀਕੇ ਨਾ ਜੁੜਦਾ। ਪੇਸ਼ ਹੈ ਪੁਸਤਕ `ਚੋਂ ਇਕ ਲੇਖ:
ਢੁੱਡੀਕੇ ਦਾ ਮਾਣ ਮਿੰਦ੍ਹੀ ਭਾਜੀ
ਪਿੰਡ ਢੁੱਡੀਕੇ ਦਾ ਨਾਮ ਇਤਿਹਾਸ ਦੇ ਪੰਨਿਆਂ `ਤੇ ਸੁਨਹਿਰੀ ਅੱਖਰਾਂ `ਚ ਲਿਖਿਆ ਹੋਇਆ ਹੈ। ਚਾਹੇ ਗੱਲ ਗਦਰੀ ਬਾਬਿਆਂ ਦੀ ਹੋਵੇ, ਚਾਹੇ ਸੁਤੰਤਰਤਾ ਸੰਗਰਾਮੀਆਂ ਦੀ ਹੋਵੇ, ਚਾਹੇ ਲੇਖਕਾਂ ਦੀ ਹੋਵੇ, ਢੁੱਡੀਕੇ ਦਾ ਨਾਮ ਹਮੇਸ਼ਾਂ ਮੂਹਰੇ ਰਿਹਾ ਹੈ। ਇਸ ਪਿੰਡ `ਚ ਬਾਬਾ ਈਸ਼ਰ ਸਿੰਘ ਤੇ ਬਾਬਾ ਪਾਖਰ ਸਿੰਘ ਵਰਗੇ ਗਦਰੀ ਯੋਧੇ, ਲਾਲਾ ਲਾਜਪਤ ਰਾਏ ਵਰਗੇ ਆਜ਼ਾਦੀ ਘੁਲਾਟੀਏ, ਜਸਵੰਤ ਸਿੰਘ ਕੰਵਲ ਵਰਗੇ ਨਾਵਲਕਾਰ ਤੇ ਮੀਤੋ ਮੱਲ ਵਰਗੇ ਕਬੱਡੀ ਖਿਡਾਰੀ ਪੈਦਾ ਹੋਏ ਹਨ। ਇਸੇ ਪਿੰਡ `ਚ ਪੈਦਾ ਹੋਇਆ ਸੂਬੇਦਾਰ ਮਹਿਮਾ ਸਿੰਘ ਗਿੱਲ ਦਾ ਪੋਤਰਾ, ਦਲਜੀਤ ਸਿੰਘ ਤੇ ਮਾਤਾ ਗਿਆਨ ਕੌਰ ਦਾ ਪੁੱਤਰ, ਮਹਿੰਦਰ ਸਿੰਘ ਗਿੱਲ ਜੋ ਹਾਕੀ ਜਗਤ `ਚ ‘ਮਿੰਦੀ ਭਾਜੀ’ ਦੇ ਨਾਂ ਨਾਲ ਮਸ਼ਹੂਰ ਹੋਇਆ। ਕੁਝ ਇਨਸਾਨ ਇਸ ਦੁਨੀਆਂ `ਚ ਐਸੇ ਆਉਂਦੇ ਨੇ ਤੇ ਚਲੇ ਜਾਂਦੇ ਨੇ, ਜਿਨ੍ਹਾਂ ਦਾ ਇਸ ਦੁਨੀਆਂ `ਚ ਹੋ ਰਹੇ ਕੰਮਾਂ ਕਾਰਾਂ ਨਾਲ ਨਿੱਜ ਤੋਂ ਵੱਧ ਕੋਈ ਸਰੋਕਾਰ ਨਹੀਂ ਹੁੰਦਾ। ਪਰ ਕੁਝ ਇਨਸਾਨਾਂ `ਚ ਆਪਣੇ ਨਿੱਜ ਲਈ ਘੱਟ ਤੇ ਦੂਸਰਿਆਂ ਲਈ ਜਿ਼ਆਦਾ ਕਰਨ ਦਾ ਚਾਅ ਹੁੰਦਾ ਹੈ। ਉਨ੍ਹਾਂ ਵਿਚ ਹੀ ਨਾਮ ਆਉਂਦਾ ਹੈ ਮਿੰਦ੍ਹੀ ਭਾਜੀ ਦਾ।
ਉਸ ਦਾ ਜਨਮ 1952 `ਚ ਮਾਤਾ ਗਿਆਨ ਕੌਰ ਦੀ ਕੁੱਖੋਂ ਹੋਇਆ ਤਾਂ ਬਾਪੂ ਦਲਜੀਤ ਸਿੰਘ ਨੂੰ ਚੌਥੀਆਂ ਵਧਾਈਆਂ ਮਿਲੀਆਂ ਸਨ। ਉਸ ਵਕਤ ਪਰਿਵਾਰ ਵੱਡੇ ਹੁੰਦੇ ਸਨ। ਉਹ ਛੇ ਭਰਾ ਤੇ ਦੋ ਭੈਣਾਂ ਸਨ। ਮਿੰਦ੍ਹੀ ਭਾਜੀ ਦੇ ਬਚਪਨ ਤੋਂ ਦੋ ਹੀ ਸ਼ੌਕ ਸਨ, ਹਾਕੀ ਖੇਡਣਾ ਤੇ ਗਾਉਣਾ। ਸਕੂਲ ਪੜ੍ਹਦਿਆਂ ਜਿਥੇ ਹਾਕੀ `ਚ ਮੱਲਾਂ ਮਾਰੀਆਂ ਉਥੇ ਗਾਉਣ ਦਾ ਸ਼ੌਕ ਵੀ ਬਰਕਰਾਰ ਰੱਖਿਆ। ਉਸ ਨੇ ਦਸਵੀਂ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਢੁੱਡੀਕੇ ਤੋਂ ਕੀਤੀ। ਆਪਣੇ ਦਾਦਾ ਜੀ ਅਤੇ ਦੋਵੇਂ ਵੱਡੇ ਭਰਾਵਾਂ ਵਾਂਗ 1969 ਚ ਫੌਜ `ਚ ਭਰਤੀ ਹੋ ਗਿਆ। ਫੌਜ `ਚ ਭਰਤੀ ਹੋ ਕੇ ਹਾਕੀ ਨੂੰ ਸਮਰਪਿਤ ਹੋ ਗਿਆ। ਕਿਸਾਨ ਉਸ ਵਕਤ ਫੌਜ ਨੂੰ ਵੱਧ ਕਮਾਈ ਦਾ ਸਾਧਨ ਸਮਝ ਕੇ ਭਰਤੀ ਹੁੰਦੇ ਸਨ। ਪਰ ਮਿੰਦ੍ਹੀ ਭਾਜੀ ਸਾਰੀ ਤਨਖਾਹ ਆਪਣੀ ਖੇਡ ਅਤੇ ਸਿਹਤ ਵਧੀਆ ਬਣਾਉਣ `ਚ ਖ਼ਰਚ ਕਰ ਦਿੰਦਾ ਸੀ। ਉਸ ਨੂੰ ਲਗਾਤਾਰ ਅੱਠ ਵਾਰ ਸੀਨੀਅਰ ਨੈਸ਼ਨਲ ਚੈਂਪੀਅਨਸਿ਼ਪ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਦੋ ਵਾਰ ਨੈਸ਼ਨਲ ਕੈਂਪ ਲਾਉਣ ਦਾ ਮੌਕਾ ਮਿਲਿਆ ਪਰ ਭਾਰਤ ਵੱਲੋਂ ਨਹੀਂ ਖੇਡ ਸਕਿਆ। ਮਾਸਕੋ ਓਲੰਪਿਕਸ-1980 ਵਿਚ ਜਾਣ ਵਾਲੀ ਟੀਮ ਦੇ 22 ਖਿਡਾਰੀਆਂ `ਚ ਉਹਦੀ ਚੋਣ ਵੀ ਹੋ ਗਈ ਸੀ ਪਰ ਖੇਡ ਨਾ ਸਕਿਆ। ਉਸ ਨੂੰ 1982 `ਚ ਮੱਧ ਪ੍ਰਦੇਸ਼ ਟੈੱਸਟ ਮੈਚ ਦੌਰਾਨ ਰੂਸ ਦੀ ਟੀਮ ਵਿਰੁੱਧ ਖੇਡਣ ਦਾ ਮੌਕਾ ਮਿਲਿਆ। 1984 ਤੋਂ ਬਾਅਦ ਕੁਝ ਸਾਲ ਸਰਵਿਸਜ਼ ਟੀਮ ਦੀ ਕਪਤਾਨੀ ਵੀ ਕੀਤੀ ਤੇ ਕਈ ਨੈਸ਼ਨਲ ਟੂਰਨਾਮੈਂਟਾਂ ਵਿਚ ਬੈੱਸਟ ਫੁੱਲਬੈਕ ਦਾ ਖਿ਼ਤਾਬ ਜਿੱਤਿਆ।
1991 ‘ਚ ਉਸ ਨੇ ਸੇਵਾ ਮੁਕਤੀ ਲੈ ਲਈ ਅਤੇ ਪਟਿਆਲੇ ਦੇ ਐਨਆਈਐਸ ਤੋਂ ਕੋਚਿੰਗ ਦਾ ਡਿਪਲੋਮਾ ਲੈ ਕੇ ਬਾਕਾਇਦਾ ਹਾਕੀ ਕੋਚ ਬਣਿਆ। ਇਹਦੇ ਨਾਲ ਹੀ ਸ਼ੁਰੂ ਹੋਇਆ ਆਪਣੇ ਪਿੰਡ ਵਿਚ ਵਿਚਰਨ ਦਾ ਸਫ਼ਰ। ਉਸ ਨੂੰ ਪਿੰਡ ਵਾਸੀਆਂ ਨੇ ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ ਦਾ ਪ੍ਰਧਾਨ ਬਣਾ ਦਿੱਤਾ। ਉਹ ਪਿੰਡ ਦੇ ਬੱਚਿਆਂ ਨੂੰ ਫਰੀ ਕੋਚਿੰਗ ਦੇਣ ਲੱਗੇ। ਉਨ੍ਹਾਂ ਦੀ ਕੋਚਿੰਗ ਕਾਰਨ ਬਾਬਾ ਪਾਖਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਦੀ ਹਾਕੀ ਟੀਮ ਦੋ ਵਾਰ ਪੰਜਾਬ ਸਕੂਲ ਖੇਡਾਂ `ਚ ਅੱਵਲ ਆਈ। 1994 ਵਿੱਚ ਉਹ ਜਗਰਾਓਂ ਪੁਲੀਸ ਰੇਂਜ ਦੇ ਕੋਚ ਵਜੋਂ ਭਰਤੀ ਹੋਏ। ਕਿਲਾ ਰਾਏਪੁਰ ਦੀਆਂ ਖੇਡਾਂ, ਜਿਹੜੀਆਂ ਪੇਂਡੂ ਓਲਪਿੰਕਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ, ਹਾਕੀ ਵਿਚ ਆਪਣੀ ਟੀਮ ਦੇ ਨਾਮ ਕੀਤੀਆਂ। ਆਪਣੀ ਕੋਚਿੰਗ ਦਰਮਿਆਨ ਦੇਸ਼ ਭਗਤ ਸਪੋਰਟਸ ਕਲੱਬ ਨੇ ਵੱਡੇ-ਵੱਡੇ ਟੂਰਨਾਮੈਂਟ ਖੇਡੇ ਤੇ ਅਨੇਕਾਂ ਕੱਪ ਦੇਸ਼ ਭਗਤ ਸਪੋਰਟਸ ਕਲੱਬ ਦੇ ਨਾਮ ਕੀਤੇ। ਦੇਸ਼ ਭਗਤ ਸਪੋਰਟਸ ਕਲੱਬ ਨੇ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਅਤੇ ਅਨੇਕਾਂ ਖਿਡਾਰੀ ਮਿੰਦੀ ਭਾਜੀ ਦੀ ਕੋਚਿੰਗ ਹੇਠ ਜੂਨੀਅਰ ਨੈਸ਼ਨਲ ਤੇ ਇੰਟਰਵਰਸਿਟੀ ਪੱਧਰ `ਤੇ ਜੇਤੂ ਬਣ ਕੇ ਉਭਰੇ। ਉਨ੍ਹਾਂ ਦੀ ਕੋਚਿੰਗ ਹੇਠ ਖੇਡੇ ਇਲਾਕੇ ਦੇ ਢੁੱਡੀਕੇ, ਦੌਧਰ, ਤਖਾਣਵੱਧ, ਲੋਪੋਂ, ਬੁੱਟਰ ਪਿੰਡਾਂ ਦੇ ਕਈ ਖਿਡਾਰੀ ਆਪਣੀ ਖੇਡ ਸਦਕਾ ਸਰਕਾਰੀ ਅਦਾਰਿਆਂ ਦੀ ਨੌਕਰੀ ਕਰਦੇ ਅਤੇ ਦੇਸ਼ਾਂ ਵਿਦੇਸ਼ਾਂ `ਚ ਵਸਦੇ ਆਪਣਾ ਵਧੀਆ ਜੀਵਨ ਮਾਣ ਰਹੇ ਹਨ।
ਮਿੰਦ੍ਹੀ ਭਾਅ ਜੀ ਲਾਲਾ ਲਾਜਪਤ ਰਾਏ ਖੇਡ ਮੇਲੇ `ਚ ਕਲੱਬ ਪ੍ਰਧਾਨ ਵਜੋਂ ਪੂਰਾ ਯੋਗਦਾਨ ਪਾਉਂਦੇ ਰਹੇ ਸਨ। ਉਹ 40 ਸਾਲ ਦੇ ਕਰੀਬ ਇਸ ਖੇਡ ਮੇਲੇ ਨਾਲ ਜੁੜੇ ਰਹੇ, ਕਦੇ ਖਿਡਾਰੀ ਬਣ ਕੇ ਤੇ ਕਦੇ ਪ੍ਰਬੰਧਕ ਬਣ ਕੇ। ਇਸ ਕਰਕੇ ਪੂਰੇ ਇਲਾਕੇ `ਚ ਆਪ ਨੂੰ ਆਮ ਲੋਕ ਵੀ ਬੜੇ ਸਤਿਕਾਰ ਦੀ ਨਿਗ੍ਹਾ ਨਾਲ ਦੇਖਦੇ ਸਨ। ਬਦਕਿਸਮਤੀ ਨਾਲ ਅਚਾਨਕ ਹੀ 30 ਸਤੰਬਰ, 2011 ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦਾ ਆਤਮ ਕੱਦ ਬੁੱਤ, ਇੱਕ ਕਮਰਾ ਤੇ ਸਕੂਲ ਦੇ ਖੇਡ ਕੰਪਲੈਕਸ ਦਾ ਨਾਮ ‘ਸਵਰਗਵਾਸੀ ਮਹਿੰਦਰ ਸਿੰਘ ਖੇਡ ਕੰਪਲੈਕਸ’ ਰੱਖਣਾ, ਇਲਾਕੇ, ਪਿੰਡ ਦੇ ਲੋਕਾਂ ਅਤੇ ਕਲੱਬ ਦੇ ਮੌਜੂਦਾ ਤੇ ਸਾਬਕਾ ਖਿਡਾਰੀਆਂ ਦਾ ਉਨ੍ਹਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਗੁਆਹੀ ਭਰਦਾ ਹੈ। ਅੱਜ ਵੀ ਉਨ੍ਹਾਂ ਦੇ ਸ਼ਾਗਿਰਦ ਤੇ ਚੇਲੇ ਬਾਲਕੇ ਸ਼ਾਮ ਦੇ ਵਕਤ ਖੇਡ ਕੰਪਲੈਕਸ ਵਿਚ ਇਕੱਠੇ ਖੇਡਦੇ ਭਾਜੀ ਦੀ ਮੌਜੂਦਗੀ ਦਾ ਅਹਿਸਾਸ ਮਹਿਸੂਸ ਕਰਦੇ ਨੇ। ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ, ਖੇਡ ਮੇਲਾ ਕਮੇਟੀ ਅਤੇ ਮਿੰਦ੍ਹੀ ਭਾਜੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਹਰ ਸਾਲ ਕਿਸੇ ਬਹੁਪੱਖੀ ਸ਼ਖ਼ਸੀਅਤ ਨੂੰ ਮਹਿੰਦਰ ਸਿੰਘ ਗਿੱਲ ਯਾਦਗਾਰੀ ਗੋਲ਼ਡ-ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।