ਰਾਸ਼ਟਰਮੰਡਲ ਖੇਡਾਂ `ਚ ਜੇਤੂ ਰਹੇ ਪੰਜਾਬ ਦੇ 23 ਖਿਡਾਰੀਆਂ ਦਾ ਸਨਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ ‘ਚ ਜੇਤੂ ਰਹੇ ਸੂਬੇ ਦੇ 23 ਖਿਡਾਰੀਆਂ ਦਾ ਸਨਮਾਨ ਕੀਤਾ। ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਇਥੋਂ ਦੇ ਸੈਕਟਰ-35 ਸਥਿਤ ਮਿਉਂਸਪਲ ਭਵਨ ‘ਚ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਕੀਤੀ ਮਿਹਨਤ ਦੇ ਸਤਿਕਾਰ ‘ਚ ਇਕ ਨਿਮਾਣਾ ਜਿਹਾ ਉਪਰਾਲਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੀ ਸ਼ਾਨ ਬਹਾਲ ਕਰਨ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਸਬੰਧੀ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ‘ਤੇ ਨਵੇਂ ਸਟੇਡੀਅਮ ਬਣਾਉਣ ਲਈ ਪਹਿਲਾਂ ਹੀ ਖੇਡ ਬਜਟ ਵਿੱਚ ਵਾਧਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ‘ਚ ਪੰਜਾਬ ਦੇ 23 ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ‘ਚੋਂ 19 ਖਿਡਾਰੀਆਂ ਨੇ ਚਾਂਦੀ ਤੇ ਚਾਰ ਨੇ ਕਾਂਸੀ ਦੇ ਤਗਮੇ ਜਿੱਤੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤੇ ਗਏ ਖਿਡਾਰੀਆਂ ਵਿਚ ਵੇਟਲਿਫਟਰ ਵਿਕਾਸ ਠਾਕੁਰ, ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਪਾਠਕ, ਸ਼ਮਸ਼ੇਰ ਸਿੰਘ, ਜਰਮਨਜੀਤ ਸਿੰਘ ਤੇ ਜੁਗਰਾਜ ਸਿੰਘ, ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਤਾਨੀਆ ਭਾਟੀਆ, ਵੇਟਲਿਫਟਰ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ, ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ, ਜੂਡੋ ਖਿਡਾਰੀ ਜਸਲੀਨ ਸੈਣੀ, ਅਥਲੀਟ ਨਵਜੀਤ ਕੌਰ ਢਿੱਲੋਂ ਅਤੇ ਸਾਈਕਲਿਸਟ ਨਮਨ ਕਪਿਲ ਤੇ ਵਿਸ਼ਵਾਜੀਤ ਸਿੰਘ ਸ਼ਾਮਲ ਹਨ।