ਖੁਰਾਕ ਤੇ ਸਪਲਾਈ ਵਿਭਾਗ `ਚ ਬੇਨੇਮੀਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ

ਚੰਡੀਗੜ੍ਹ: ਖੁਰਾਕ ਤੇ ਸਪਲਾਈ ਵਿਭਾਗ ‘ਚ ਹੋਈਆਂ ਬੇਨੇਮੀਆਂ ਦੀਆਂ ਨਵੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਟੈਂਡਰ ਮਾਮਲੇ ਦਾ ਘੇਰਾ ਹੁਣ ਦਰਜਨ ਜ਼ਿਲ੍ਹਿਆਂ ਤੱਕ ਵਧ ਗਿਆ ਹੈ। ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਬਾਰੇ 19 ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਪੜਤਾਲ ਕਰਵਾਈ ਜਾ ਰਹੀ ਹੈ।

ਵਿਜੀਲੈਂਸ ਨੇ ਇਨ੍ਹਾਂ ‘ਚੋਂ ਤਿੰਨ ਨਵੇਂ ਮੁਕੱਦਮੇ ਦਰਜ ਕਰਨ ਦੀ ਤਿਆਰੀ ਕਰ ਲਈ ਹੈ। ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਮਗਰੋਂ ਵਿਜੀਲੈਂਸ ਨੇ ਟੈਂਡਰ ਮਾਮਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਮਿਲੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਕਿਹਾ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮੁਹਾਲੀ ਦੇ ਡੀ.ਐੱਸ.ਪੀ. ਗਿੱਲ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੁਧਿਆਣਾ ਵਿਚ ਫਾਰਮ ਹਾਊਸ ਢਾਹ ਦਿੱਤਾ ਗਿਆ ਸੀ ਜਿਸ ‘ਚ ਸਾਬਕਾ ਮੰਤਰੀ ਆਸ਼ੂ ਦਾ ਹੱਥ ਹੋਣ ਦਾ ਸ਼ੱਕ ਹੈ। ਵਿਜੀਲੈਂਸ ਲੁਧਿਆਣਾ ਨੇ ਇਸ ਦੀ ਪੜਤਾਲ ਵਿੱਢੀ ਹੋਈ ਹੈ। ਬਿਊਰੋ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਫ਼ਰੀਦਕੋਟ, ਮੋਗਾ, ਫ਼ਿਰੋਜ਼ਪੁਰ, ਮਾਨਸਾ, ਸੰਗਰੂਰ, ਬਰਨਾਲਾ, ਤਰਨ ਤਾਰਨ, ਬਠਿੰਡਾ ਅਤੇ ਪਟਿਆਲਾ ‘ਚ ਟੈਂਡਰ ਮਾਮਲੇ ਦੀ ਜਾਂਚ ਵੱਖ-ਵੱਖ ਵਿਜੀਲੈਂਸ ਰੇਂਜਾਂ ਨੂੰ ਸੌਂਪੀ ਹੈ। ਸ਼ਿਕਾਇਤਾਂ ‘ਚ ਹੈਰਾਨ ਕਰਨ ਵਾਲੇ ਤੱਥ ਹਨ ਕਿ ਢੋਆ-ਢੁਆਈ ਲਈ ਜਿਹੜੇ ਵਾਹਨਾਂ ਦੀ ਰਜਿਸਟਰੇਸ਼ਨ ਮਹਿਕਮੇ ਕੋਲ ਜਮ੍ਹਾਂ ਕਰਾਈ ਗਈ ਹੈ, ਉਹ ਵੱਖ-ਵੱਖ ਜ਼ਿਲ੍ਹਿਆਂ ਵਿਚ ਇਕ ਹੀ ਸਨ। ਸੂਤਰਾਂ ਨੇ ਕਿਹਾ ਕਿ ਇਕੋ ਤਰ੍ਹਾਂ ਦੇ ਨੰਬਰਾਂ ਵਾਲੇ ਟਰੱਕਾਂ ਨੇ ਇਕੋ ਸਮੇਂ ਕਈ ਕਈ ਜ਼ਿਲ੍ਹਿਆਂ ਵਿਚ ਢੋਆ-ਢੁਆਈ ਕੀਤੀ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ ਰੋਸ਼ਨ ਲਾਲ ਅਤੇ ਸੁਰਜੀਤ ਕੁਮਾਰ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਹੋਏ ਘੁਟਾਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੀ ਜਾਂਚ ਵਿਜੀਲੈਂਸ ਰੇਂਜ ਰੋਪੜ ਵੱਲੋਂ ਕੀਤੀ ਜਾ ਰਹੀ ਹੈ। ਇਸ ‘ਚ ਟੈਂਡਰਾਂ ਨਾਲ ਵਾਹਨਾਂ ਦੀਆਂ ਆਰਸੀ‘ਜ ਨੱਥੀ ਨਹੀਂ ਕੀਤੀਆਂ ਗਈਆਂ ਜਿਨ੍ਹਾਂ ‘ਤੇ ਅਨਾਜ ਢੋਇਆ ਗਿਆ। ਮਦਨ ਲਾਲ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਠੇਕੇਦਾਰ ਨੇ ਬਨੂੜ ਕਲੱਸਟਰ ਵਿਚ ਵਾਹਨਾਂ ਦੇ ਗ਼ਲਤ ਨੰਬਰ ਦਿੱਤੇ ਹਨ। ਲੁਧਿਆਣਾ ਦੇ ਬਰਿੰਦਰ ਕੁਮਾਰ ਨੇ ਸ਼ਿਕਾਇਤ ਦਿੱਤੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਸਾਰੇ ਟੈਂਡਰ ਪ੍ਰੇਮ ਗੁਪਤਾ ਅਤੇ ਯੋਗੇਸ਼ ਗੁਪਤਾ ਨੂੰ ਦਿੱਤੇ ਗਏ।
ਹੁਸ਼ਿਆਰਪੁਰ ਵਿਚ ਇਕ ਬਲੈਕ ਲਿਸਟਡ ਠੇਕੇਦਾਰ ਨੂੰ ਟੈਂਡਰ ਅਲਾਟ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਅਤੇ ਜਲੰਧਰ ਦੇ ਐਸ.ਐਸ.ਪੀ. ਇਸ ਦੀ ਪੜਤਾਲ ਕਰ ਰਹੇ ਹਨ। ਸਚਿਨ ਕੁਮਾਰ ਨੇ ਨਵਾਂਸ਼ਹਿਰ ਵਿਚ ਟੈਂਡਰ ਮਾਮਲੇ ‘ਚ ਬੇਨੇਮੀਆਂ ਹੋਣ ਦੀ ਗੱਲ ਰੱਖੀ ਹੈ। ਫ਼ਰੀਦਕੋਟ ਦੇ ਪਿੰਡ ਮੱਤਾ ਦੇ ਜਸਪਾਲ ਸਿੰਘ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਫ਼ਰੀਦਕੋਟ ਅਤੇ ਕੋਟਕਪੂਰਾ ਵਿਚ ਜੋ ਟੈਂਡਰ ਹੋਏ ਸਨ, ਉਨ੍ਹਾਂ ਵਿਚ ਜਿਹੜੇ ਵਾਹਨਾਂ ਦੀ ਸੂਚੀ ਲਾਈ ਗਈ ਹੈ, ਉਹੀ ਵਾਹਨਾਂ ਦੀ ਸੂਚੀ ਦੂਸਰੇ ਜ਼ਿਲ੍ਹਿਆਂ ਵਿਚ ਵੀ ਲਾਈ ਗਈ ਹੈ। ਫ਼ਿਰੋਜ਼ਪੁਰ ਰੇਂਜ ਦੇ ਐਸ.ਐਸ.ਪੀ. ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸੇ ਤਰ੍ਹਾਂ ਮਨੋਜ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਮੋਗਾ ਜ਼ਿਲ੍ਹੇ ਵਿਚ ਲੰਘੇ ਤਿੰਨ ਵਰ੍ਹਿਆਂ ਤੋਂ ਉੱਚੇ ਰੇਟਾਂ ‘ਤੇ ਟੈਂਡਰ ਅਲਾਟ ਕੀਤੇ ਜਾਣ ਦੀ ਗੱਲ ਆਖੀ ਹੈ।
ਮੁਦਕੀ ਦੇ ਰਾਕੇਸ਼ ਕੁਮਾਰ ਨੇ ਫ਼ਿਰੋਜ਼ਪੁਰ ‘ਚ ਪਨਗਰੇਨ ਦੇ ਤਤਕਾਲੀ ਡਿਪਟੀ ਡਾਇਰੈਕਟਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਸਾਰੇ ਠੇਕੇਦਾਰਾਂ ਦਾ ਇਹੋ ਕਹਿਣਾ ਹੈ ਕਿ ਉਨ੍ਹਾਂ ਦੇ ਟੈਂਡਰ ਬਿਨਾਂ ਆਧਾਰ ਤੋਂ ਰੱਦ ਕੀਤੇ ਜਾਂਦੇ ਸਨ। ਮੁਹਾਲੀ ਦੇ ਜਸਕਰਨ ਸਿੰਘ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਜਿਨ੍ਹਾਂ ਨੂੰ ਟੈਂਡਰ ਅਲਾਟ ਕੀਤੇ ਗਏ, ਉਨ੍ਹਾਂ ਨੇ ਵੱਖ ਵੱਖ ਸ਼ਹਿਰਾਂ ਵਿਚ ਇਕੋ ਵਾਹਨਾਂ ਦੇ ਨੰਬਰ ਦਿੱਤੇ ਹੋਏ ਹਨ।
ਡਰਨ ਵਾਲੇ ਨਹੀਂ ਕਾਂਗਰਸੀ ਵਰਕਰ: ਵੜਿੰਗ
ਮਾਨਸਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ` ਵੱਲੋਂ ਕਾਂਗਰਸੀ ਵਰਕਰਾਂ ਦਾ ਮਨੋਬਲ ਡੇਗਣ ਲਈ ਸੂਬੇ ਦੇ ਸਾਬਕਾ ਵਜ਼ੀਰਾਂ ਤੇ ਕਾਂਗਰਸੀ ਆਗੂਆਂ ਖਿਲਾਫ਼ ਕਾਰਵਾਈਆਂ ਕਰ ਰਹੀ ਹੈ, ਪਰ ਕਾਂਗਰਸੀ ਵਰਕਰ ਇਸ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਚੰਗੀਆਂ ਸੇਵਾਵਾਂ ਦੇਣ ਦੀ ਥਾਂ ਸਾਬਕਾ ਵਜ਼ੀਰਾਂ ਖਿਲਾਫ਼ ਕਾਰਵਾਈਆਂ ਕਰਕੇ ਉਨ੍ਹਾਂ ਦਾ ਧਿਆਨ ਹੋਰ ਪਾਸੇ ਲਾਉਣ ਦਾ ਯਤਨ ਕਰ ਰਹੀ ਹੈ।
ਕੈਪਟਨ ਦੇ ਘਰ ਵੀ ਵਿਜੀਲੈਂਸ ਭੇਜੇ ਭਗਵੰਤ ਮਾਨ: ਬਾਜਵਾ
ਪਟਿਆਲਾ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਉਹ ਸਹੀ ਮਾਅਨਿਆਂ ਵਿਚ ਇਮਾਨਦਾਰ ਹਨ ਤਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੋਏ 3400 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਮੋਤੀ ਮਹਿਲ ‘ਚ ਵਿਜੀਲੈਂਸ ਭੇਜ ਕੇ ਇਸ ਕਥਿਤ ਗਬਨ ਤੋੋਂ ਪਰਦਾ ਚੁੱਕਿਆ ਜਾਵੇ। ਉਂਜ ਬਾਜਵਾ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਦਰਜ ਸੀ.ਬੀ.ਆਈ. ਕੇਸ ਦੇ ਹਵਾਲੇ ਨਾਲ ਪੰਜਾਬ ਦੀ ‘ਆਪ‘ ਸਰਕਾਰ ਨੂੰ ਆਪਣੀ ਪੀੜ੍ਹੀ ਹੇੇਠ ਸੋਟਾ ਫੇਰਨ ਦੀ ਸਲਾਹ ਵੀ ਦਿੱਤੀ।