ਮੂਸੇਵਾਲਾ ਕਤਲ: ਸੰਗੀਤ ਜਗਤ ਵੱਲ ਵਧਣ ਲੱਗਾ ਪੜਤਾਲ ਦਾ ਘੇਰਾ

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਦਾ ਘੇਰਾ ਹੁਣ ਸੰਗੀਤ ਜਗਤ ਵੱਲ ਵਧਣ ਲੱਗਾ ਹੈ। ਮਾਨਸਾ ਪੁਲਿਸ ਵੱਲੋਂ ਜਿਨ੍ਹਾਂ ਪੰਜ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਕੰਵਰਪਾਲ ਗਰੇਵਾਲ ਅਤੇ ਜੋਤੀ ਪੰਧੇਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ` ਅਤੇ ‘ਜੱਟ ਲਾਈਫ ਸਟੂਡੀਓ` ਚਲਾਉਂਦੇ ਹਨ। ਦੋਵੇਂ ਮੁਲਜ਼ਮਾਂ `ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਮਾਨਸਾ ਦੇ ਐਸ.ਐਸ.ਪੀ. ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਰੇਵਾਲ ਤੇ ਜੋਤੀ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦਿਨਾਂ ਦੇ ਉਸ ਦੇ ਦੋਸਤ ਸਨ ਤੇ ਦੋਵਾਂ ਨਾਲ ਸਿੱਧੂ ਦੀਆਂ ਕਾਫੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ। ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿਚ ਦੋ ਸਿੱਧੂ ਦੇ ਗੁਆਂਢੀ ਹਨ ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜ਼ਿਕਰਯੋਗ ਹੈ ਕਿ ਜਗਤਾਰ ਪਹਿਲਾਂ ਸਿੱਧੂ ਦਾ ਨਜਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ।
ਜਗਤਾਰ ਖਿਲਾਫ ਇਹ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਘਰ ਵਿਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਅਸਲ ਵਿਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰਕੇ ਲਗਾਏ ਗਏ ਸਨ, ਜਿਸ ਰਾਹੀਂ ਉਹ ਸਿੱਧੂ ‘ਤੇ ਨਜ਼ਰ ਰੱਖ ਰਿਹਾ ਸੀ। ਜ਼ਿਕਰਯੋਗ ਹੈ ਕਿ 2020 ਵਿਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੰਵਰਪਾਲ ਸਿੰਘ ਤੇ ਜੋਤੀ ਪੰਧੇਰ ਖਿਲਾਫ ਸਿੱਧੂ ਦਾ ਇਕ ਗੀਤ ਲੀਕ ਕਰਨ ਸਬੰਧੀ ਇਕ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਸੀ। ਗੌਰਤਲਬ ਹੈ ਕਿ ਬੀਤੇ ਦਿਨੀਂ ਵੀ ਬਲਕੌਰ ਸਿੰਘ ਵੱਲੋਂ ਸਿੱਧੂ ਦੇ ਕਤਲ ਲਈ ਉਸ ਦੇ ਕੁਝ ਦੋਸਤਾਂ ਅਤੇ ਨੇੜਲਿਆਂ ਦੇ ਸ਼ਾਮਲ ਹੋਣ ਦੀ ਵੀ ਗੱਲ ਕਹੀ ਗਈ ਸੀ ਤੇ ਇਸੇ ਸ਼ਿਕਾਇਤ ਦੇ ਆਧਾਰ ‘ਤੇ ਹੀ ਮਗਰੋਂ ਪੰਜ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਮਾਨਸਾ ਪੁਲਿਸ ਵੱਲੋਂ 36 ਖਿਲਾਫ ਚਾਰਜਸ਼ੀਟ ਦਾਖਲ
ਮਾਨਸਾ: ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਕੁਲ 36 ਮੁਲਜ਼ਮਾਂ ‘ਚੋਂ 24 ਕਾਤਲਾਂ ਦੇ ਨਾਂ ਦਿੱਤੇ ਗਏ ਹਨ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰ- ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਤੇ ਅਨਮੋਲ ਹਨ ਦੇ ਨਾਂ ਵੀ ਸ਼ਾਮਲ ਹਨ। ਚਾਰਜਸ਼ੀਟ ਵਿਚ 122 ਗਵਾਹ ਸ਼ਾਮਲ ਕੀਤੇ ਗਏ ਹਨ, ਜਿਸ ਵਿਚ ਚਸ਼ਮਦੀਦ ਗਵਾਹ, ਮੂਸੇਵਾਲਾ ਦੇ ਕਤਲ ਸਮੇਂ ਉਸ ਨਾਲ ਮੌਜੂਦ ਦੋਸਤ, ਪੋਸਟਮਾਰਟਮ ਕਰਨ ਵਾਲੇ ਮਾਨਸਾ ਦੇ ਡਾਕਟਰ, ਗੋਲੀਬਾਰੀ ਕਰਨ ਵਾਲੇ ਹੋਟਲ ਸਟਾਫ ਸਣੇ ਕਈ ਲੋਕ ਸ਼ਾਮਲ ਹਨ। ਇਸ ਮਾਮਲੇ ਵਿਚ ਹੁਣ ਤੱਕ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਨਿਸ਼ਾਨੇਬਾਜ਼ ਮਨਪ੍ਰੀਤ ਮੰਨੂ ਤੇ ਜਗਰੂਪ ਸਿੰਘ ਰੂਪਾ ਮੁਕਾਬਲੇ ਦੌਰਾਨ ਮਾਰੇ ਗਏ ਹਨ।