ਜਸਟਿਸ ਯੂ ਯੂ ਲਲਿਤ ਨੇ 49ਵੇਂ ਚੀਫ ਜਸਟਿਸ ਵਜੋਂ ਹਲਫ ਲਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ ਜਸਟਿਸ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਹੋਏ ਸੰਖੇਪ ਸਮਾਗਮ ਦੌਰਾਨ ਜਸਟਿਸ ਲਲਿਤ ਨੂੰ ਸਹੁੰ ਚੁਕਾਈ। ਜਸਟਿਸ ਲਲਿਤ ਦੂਜੇ ਚੀਫ ਜਸਟਿਸ ਬਣ ਗਏ ਹਨ ਜੋ ਸਿੱਧੇ ਬਾਰ ਤੋਂ ਸੁਪਰੀਮ ਕੋਰਟ ਪਹੁੰਚੇ ਹਨ।

ਇਸ ਤੋਂ ਪਹਿਲਾਂ ਜਸਟਿਸ ਐਸ.ਐਮ ਸੀਕਰੀ, ਜੋ ਜਨਵਰੀ 1971 ‘ਚ 13ਵੇਂ ਚੀਫ ਜਸਟਿਸ ਬਣੇ ਸਨ, ਪਹਿਲੇ ਵਕੀਲ ਸਨ ਜਿਨ੍ਹਾਂ ਨੂੰ ਮਾਰਚ 1964 ‘ਚ ਸਿੱਧੇ ਸਿਖਰਲੀ ਅਦਾਲਤ ‘ਚ ਤਰੱਕੀ ਮਿਲੀ ਸੀ। ਜਸਟਿਸ ਲਲਿਤ ਦਾ ਚੀਫ ਜਸਟਿਸ ਵਜੋਂ ਕਾਰਜਕਾਲ 74 ਦਿਨਾਂ ਦਾ ਹੋਵੇਗਾ ਕਿਉਂਕਿ 8 ਨਵੰਬਰ ਨੂੰ ਉਹ 65 ਸਾਲ ਦੀ ਉਮਰ ‘ਚ ਸੇਵਾਮੁਕਤ ਹੋ ਜਾਣਗੇ। ਇਸ ਮਗਰੋਂ ਸਭ ਤੋਂ ਸੀਨੀਅਰ ਜਸਟਿਸ ਡੀ ਵਾਈ ਚੰਦਰਚੂੜ ਦੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਨ ਦੀ ਸੰਭਾਵਨਾ ਹੈ। ਜਸਟਿਸ ਲਲਿਤ ਨੇ ਹਲਫ਼ ਮਗਰੋਂ ਜਦੋਂ ਰਜਿਸਟਰ ‘ਤੇ ਦਸਤਖ਼ਤ ਕੀਤੇ ਤਾਂ ਰਾਸ਼ਟਰਪਤੀ ਮੁਰਮੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਹਲਫ਼ਦਾਰੀ ਸਮਾਗਮ ‘ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਸਮੇਤ ਹੋਰ ਹਸਤੀਆਂ ਹਾਜਰ ਸਨ। ਇਸ ਮੌਕੇ ਚੀਫ ਜਸਟਿਸ ਦੇ ਅਹੁਦੇ ਤੋਂ ਲਾਂਭੇ ਹੋਏ ਜਸਟਿਸ ਐੱਨ ਵੀ ਰਾਮੰਨਾ ਵੀ ਹਾਜਰ ਸਨ।