ਪੰਜਾਬ ਫੇਰੀ: ਪ੍ਰਧਾਨ ਮੰਤਰੀ ਨੇ ਪ੍ਰਾਹੁਣਚਾਰੀ ਦਾ ਮੁੱਲ ਵੀ ਨਾ ਪਾਇਆ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੇ ਸੂਬਾ ਵਾਸੀਆਂ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਮੌਕੇ ‘ਸਪੈਸ਼ਲ ਪੈਕੇਜ` ਦੇ ਮਾਮਲੇ `ਤੇ ਵੀ ਮੋਦੀ ਖਾਮੋਸ਼ ਹੀ ਰਹੇ। ਪ੍ਰਧਾਨ ਮੰਤਰੀ ਦੀ ਚੁੱਪ ਨੇ ਪੰਜਾਬ ਨੂੰ ਨਿਰਾਸ਼ ਕੀਤਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੀ ਸੌਗਾਤ ਪੰਜਾਬ ਦੀ ਝੋਲੀ ਪਾਈ ਗਈ ਹੈ, ਪਰ ਉਨ੍ਹਾਂ ਪੰਜਾਬ ਦੀ ਕਿਸਾਨੀ ਤੇ ਜਵਾਨੀ `ਤੇ ਕੋਈ ਚਰਚਾ ਨਹੀਂ ਕੀਤੀ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਉਨ੍ਹਾਂ ਇਸ ਖ਼ਾਤਰਦਾਰੀ ਦਾ ਕੋਈ ਮੁੱਲ ਨਹੀਂ ਪਾਇਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪਈ ਕੈਂਸਰ ਦੀ ਮਾਰ ਪਿੱਛੇ ਹਰੀ ਕ੍ਰਾਂਤੀ ਦੀ ਭੂਮਿਕਾ ਵੀ ਦੱਸੀ। ਉਨ੍ਹਾਂ ਸਰਹੱਦੀ ਸੂਬਾ ਹੋਣ ਕਰਕੇ ਗੁਆਂਢੀ ਮੁਲਕ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਡੂੰਘਾ ਨਾਤਾ ਰਿਹਾ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਪੰਜਾਬ ਨੂੰ ਜ਼ਰੂਰ ਕਿਸੇ ਤੋਹਫ਼ੇ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਪੰਜਾਬ ਸਰਕਾਰ ਪ੍ਰਤੀ ਕਿਧਰੇ ਬਹੁਤਾ ਅਪਣੱਤ ਨਹੀਂ ਦਿਖਾਇਆ, ਜਿਸ ਦਾ ਪੰਜਾਬੀਆਂ ਨੇ ਨੋਟਿਸ ਲਿਆ ਹੈ। ਪੰਜਾਬ ਦੀ ਘਾਲਣਾ ‘ਤੇ ਕੋਈ ਚਰਚਾ ਨਹੀਂ ਕੀਤੀ। ਪੰਜਾਬ ਸਰਕਾਰ ਨੂੰ ਉਮੀਦ ਸੀ ਕਿ ਵਿੱਤੀ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੋਈ ਨਾ ਕੋਈ ਪੈਕੇਜ ਜ਼ਰੂਰ ਦੇਣਗੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਫ਼ਿਰੋਜ਼ਪੁਰ ਰੈਲੀ ਦੇ ਰਸਤੇ ‘ਚੋਂ 5 ਜਨਵਰੀ ਨੂੰ ਹੋਈ ਵਾਪਸੀ ‘ਤੇ ਅਫ਼ਸੋਸ ਜ਼ਾਹਿਰ ਵੀ ਕੀਤਾ। ਸਵਾਗਤ ਲਈ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਲਈ ਰੈੱਡ ਕਾਰਪੈੱਟ ਵਿਛਾਇਆ। ਪੰਡਾਲ ਵਿਚ ਭਰਵਾਂ ਇਕੱਠ ਕੀਤਾ। ਸੁਰੱਖਿਆ ਦੇ ਮਾਮਲੇ ਵਿਚ ਕੋਈ ਮੋਰੀ ਨਹੀਂ ਛੱਡੀ। ਦੂਜੇ ਬੰਨੇ ਪ੍ਰਧਾਨ ਮੰਤਰੀ ਨੇ ਸਟੇਜ ਤੋਂ ਪੰਜਾਬ ਨਾਲੋਂ ਹਿਮਾਚਲ ਪ੍ਰਦੇਸ਼ ਦੀ ਵੱਧ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਚਾਰ ਦਫ਼ਾ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਿਸ ਤੋਂ ਪ੍ਰਧਾਨ ਮੰਤਰੀ ਦੀ ਫੇਰੀ ਹਿਮਾਚਲ ਪ੍ਰਦੇਸ਼ ਚੋਣਾਂ ਵੱਲ ਸੇਧਿਤ ਦਿੱਸੀ। ਪ੍ਰਧਾਨ ਮੰਤਰੀ ਦਾ 2014 ਤੋਂ ਹੁਣ ਤੱਕ ਪੰਜਾਬ ਦਾ ਇਹ ਤੇਰ੍ਹਵਾਂ ਦੌਰਾ ਹੈ। ਉਨ੍ਹਾਂ ਹਰ ਦੌਰੇ ਸਮੇਂ ਪੰਜਾਬ ਦੀ ਕਿਸਾਨੀ ਨੂੰ ਜ਼ਰੂਰ ਛੋਹਿਆ ਪ੍ਰੰਤੂ ਹੁਣ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਕਿਸਾਨੀ ਨੂੰ ਨਜ਼ਰਅੰਦਾਜ਼ ਕੀਤਾ। ‘ਹਰ ਘਰ ਤਿਰੰਗਾ‘ ਦੀ ਗੱਲ ਕਰਦਿਆਂ ਪੰਜਾਬ ਦੀ ਜਵਾਨੀ ਦਾ ਧੰਨਵਾਦ ਜ਼ਰੂਰ ਕੀਤਾ।
ਪ੍ਰਧਾਨ ਮੰਤਰੀ ਨੇ ਪੰਜਾਬ ਦੀ ਤਾਰੀਫ ਵਿਚ ਸਿਰਫ ਇੰਨਾ ਹੀ ਕਿਹਾ ਕਿ ਪੰਜਾਬ ਸੁਤੰਤਰਤਾ ਸੈਨਾਨੀਆਂ, ਕਰਾਂਤੀਵੀਰਾਂ ਅਤੇ ਰਾਸ਼ਟਰ ਭਗਤੀ ਵਾਲੀ ਧਰਤੀ ਹੈ। ਭਾਜਪਾ ਦੇ ਕੁਝ ਆਗੂਆਂ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਐਲਾਨ ਦੀ ਆਸ ਵੀ ਲਾਈ ਹੋਈ ਸੀ, ਪਰ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦਾ ਜ਼ਿਕਰ ਤੱਕ ਨਹੀਂ ਕੀਤਾ ਜਦੋਂ ਕਿ ਪਹਿਲਾਂ ਹਰ ਪੰਜਾਬ ਫੇਰੀ ਦੌਰਾਨ ਉਹ ਆਪਣੇ ਭਾਸ਼ਣ ਵਿਚ ਗੁਰੂਆਂ ਦੀ ਗੱਲ ਜ਼ਰੂਰ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਸਿਹਤ ਦੇ ਮੁੱਦੇ ‘ਤੇ ਹੀ ਕੇਂਦਰਿਤ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਲੋਕਾਂ ਨੇ ਅੱਖਾਂ ਵਿਛਾਈਆਂ ਹਨ। ਪ੍ਰਧਾਨ ਮੰਤਰੀ ਜ਼ਿਆਦਾ ਗੰਭੀਰ ਤੌਰ ‘ਤੇ ਹੀ ਵਿਚਰੇ।
ਫੇਰੀ ਦਾ ਲਾਹਾ ਖੱਟਣ `ਚ ਨਾਕਾਮ ਰਹੇ ਭਗਵੰਤ: ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਇਕ ਵਾਰ ਫਿਰ ਤੋਂ ਘੇਰਿਆ ਹੈ। ਪ੍ਰਧਾਨ ਮੰਤਰੀ ਦੀ ਮੁਹਾਲੀ ਫੇਰੀ ਨੂੰ ਲੈ ਕੇ ਇਕ ਟਵੀਟ ਕਰਦਿਆਂ ਡਾ. ਚੀਮਾ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਦੀ ਫੇਰੀ ਇਕ ਸੂਬੇ ਲਈ ਅਜਿਹਾ ਮੌਕਾ ਹੁੰਦਾ ਹੈ ਜਿਸ ਰਾਹੀਂ ਇਕ ਸੂਬਾ ਆਪਣਾ ਪੱਖ ਰੱਖ ਕੇ ਕੋਈ ਵਚਨਬੱਧਤਾ ਪ੍ਰਾਪਤ ਕਰ ਸਕਦਾ ਹੈ ਪਰ ਬਦਕਿਸਮਤੀ ਨਾਲ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਦੀ ਪਿਛਲੀ ਫੇਰੀ ਉਸ ਸਮੇਂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਮੁੱਦਿਆਂ ਨੂੰ ਗਲਤ ਤਰੀਕੇ ਨਾਲ ਨਜਿੱਠਣ ਵਿਚ ਗਵਾ ਦਿੱਤੀ ਅਤੇ ਅੱਜ ਫਿਰ ਪੰਜਾਬ ਦੇ ਮੁੱਖ ਮੰਤਰੀ ਆਪਣੀ ਤਿਆਰੀ ਨਾ ਹੋਣ ਕਰਕੇ ਇਸ ਫੇਰੀ ਦਾ ਲਾਹਾ ਖੱਟਣ ਵਿਚ ਅਸਫਲ ਰਹੇ।