ਭਾਜਪਾ ਨੇ ਸਰਗਰਮੀ ਵਧਾਈ

ਚੰਡੀਗੜ੍ਹ: ‘ਮਿਸ਼ਨ 2024` ਲਈ ਭਾਜਪਾ ਨੇ ਪੰਜਾਬ ਵਿਚ ਸਰਗਰਮੀਆਂ ਵਧਾ ਦਿੱਤੀਆਂ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸੂਬੇ ਵਿਚ ਗੇੜੇ ਉਤੇ ਗੇੜਾ ਬੰਨ੍ਹਿਆ ਹੋਇਆ ਹੈ। ਕੇਂਦਰੀ ਮੰਤਰੀ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਘਰ ਖਾਣਾ ਖਾਣ ਲਈ ਪਹੁੰਚ ਰਹੇ ਹਨ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬੇ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ।

ਭਾਜਪਾ ਵੱਲੋਂ ਪੰਜਾਬ ਵਿਚ 9 ਲੋਕ ਸਭਾ ਹਲਕੇ ਸ਼ਨਾਖ਼ਤ ਕੀਤੇ ਗਏ ਹਨ ਜਿਨ੍ਹਾਂ ਵਿਚ ਤਿੰਨ ਕੇਂਦਰੀ ਵਜ਼ੀਰਾਂ ਦੀ ਡਿਊਟੀ ਲਾਈ ਗਈ ਹੈ। ਇਹ ਵੀ ਸੰਕੇਤ ਮਿਲੇ ਹਨ ਕਿ ਭਾਜਪਾ ਵਿਚ ਧੜਾਧੜ ਸ਼ਾਮਲ ਹੋ ਰਹੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੌਕਾ ਮਿਲ ਸਕਦਾ ਹੈ। ਭਾਜਪਾ ਦੇ ਇਸ ਖੁੱਲ੍ਹੇ ‘ਆਫਰ` ਪਿੱਛੋਂ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਤੇ ਅਕਾਲੀ ਦਲ ਵਿਚੋਂ ਵੱਡੀ ਗਿਣਤੀ ਆਗੂ ਭਗਵਾ ਧਿਰ ਦਾ ਹਿੱਸਾ ਬਣ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਪਿਛਲੇ ਹਫਤੇ ਹੀ ਪੰਜਾਬ ਦੀ ਫੇਰੀ ਲਾ ਕੇ ਗਏ ਹਨ ਤੇ ਸੂਤਰ ਦੱਸਦੇ ਹਨ ਕਿ ਸਤੰਬਰ ਮਹੀਨੇ ‘ਚ ਮੁੜ ਪੰਜਾਬ ਦੌਰੇ ‘ਤੇ ਆਉਣਗੇ। ਉਨ੍ਹਾਂ ਨੇ ਫ਼ਿਰੋਜ਼ਪੁਰ ਅਤੇ ਬਠਿੰਡਾ ਦੀ ਫੇਰੀ ਦੇ ਚਰਚੇ ਹਨ। ਭਾਜਪਾ ਦੀ ਕੋਸ਼ਿਸ਼ ਹੈ ਕਿ ਕਿਸਾਨ ਅੰਦੋਲਨ ਪਿੱਛੋਂ ਪਾਰਟੀ ਪ੍ਰਤੀ ਪੰਜਾਬੀਆਂ ਦੇ ਵਧੇ ਰੋਸ ਨੂੰ ਚੋਣਾਂ ਤੋਂ ਪਹਿਲਾਂ ਸ਼ਾਂਤ ਕੀਤਾ ਜਾਵੇ। ਦੂਜੇ ਪਾਸੇ ਭਗਵਾ ਧਿਰ ਮੁਲਕ ਵਿਚ ਆਮ ਆਦਮੀ ਪਾਰਟੀ ਦੀਆਂ ਵਧ ਰਹੀਆਂ ਸਰਗਰਮੀਆਂ ਤੋਂ ਵੀ ਫਿਕਰਮੰਦ ਹੈ। ਆਪ ਵੱਲੋਂ ਕੌਮੀ ਪਾਰਟੀ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਸਾਲ ਦੇ ਅੰਤ ਵਿਚ ਭਾਜਪਾ ਸੱਤਾ ਵਾਲੇ ਸੂਬਿਆਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹਨ।
ਆਪ ਨੇ ਇਨ੍ਹਾਂ ਸੂੁਬਿਆਂ ਵਿਚ ਸਰਗਰਮੀਆਂ ਵਧਾਈਆਂ ਹੋਈਆਂ ਹਨ ਤੇ ਇਹ ਚਰਚਾ ਹੈ ਕਿ ਜੇਕਰ ਪਾਰਟੀ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਗਵਾ ਧਿਰ ਲਈ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ। ਆਪ ਵੱਲੋਂ ਇਸ ਸਮੇਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਤੇ ਦਿੱਲੀ ਵਿਚ ਆਪ ਦੀ ਸੱਤਾ ਹੈ। ਇਸ ਲਈ ਭਾਜਪਾ ਇਨ੍ਹਾਂ ਸੂਬਿਆਂ ਬਾਰੇ ਖਾਸ ਰਣਨੀਤੀ ਬਣਾ ਰਹੀ ਹੈ।
ਪ੍ਰਧਾਨ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਪੰਜਾਬ ਅਤੇ ਖ਼ਾਸਕਰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ ਹੈ। ਪੇਂਡੂ ਪੰਜਾਬ ਦੇ ਮਨਾਂ ਵਿਚ ਪਈ ਦਰਾੜ ਭਰਨੀ ਭਾਜਪਾ ਲਈ ਸੌਖੀ ਨਹੀਂ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਵੱਧ ਸ਼ਹਾਦਤਾਂ ਪੰਜਾਬ ਦੇ ਕਿਸਾਨਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਤੀਆਂ ਹਨ। ਪੰਜਾਬੀਆਂ ਦੇ ਗਿਲੇ ਦੂਰ ਕਰਨ ਲਈ ਕੇਂਦਰੀ ਵਜ਼ੀਰ ਮੀਨਾਕਸ਼ੀ ਲੇਖੀ ਨੇ ਗੁਰਦਾਸਪੁਰ ਹਲਕੇ ਦਾ ਦੌਰਾ ਕੀਤਾ ਹੈ ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਦੌਰਾ ਕੀਤਾ। ਸਭ ਕੇਂਦਰੀ ਵਜ਼ੀਰਾਂ ਨੂੰ ਇਹ ਵੀ ਹਦਾਇਤ ਹੈ ਕਿ ਉਹ ਹਰ ਮਹੀਨੇ ਦੌਰੇ ਦੌਰਾਨ ਗੁਰੂ ਘਰਾਂ ਵਿਚ ਦਰਸ਼ਨਾਂ ਲਈ ਜ਼ਰੂਰ ਜਾਣ। ਸਟੇਜਾਂ ‘ਤੇ ਸਿੱਖ ਚਿਹਰਿਆਂ ਨੂੰ ਅੱਗੇ ਰੱਖਣ ਦੀ ਵੀ ਹਦਾਇਤ ਹੈ।