ਪੰਜਾਬ `ਚ ਗੈਂਗਸਟਰਾਂ ਦੀ ਚੜ੍ਹਤ?

ਚੰਡੀਗੜ੍ਹ: ਪੰਜਾਬ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੇ ਵੱਡੀ ਅਨਹੋਣੀ ਦੇ ਸੰਕੇਤ ਦਿੱਤੇ ਹਨ। ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰਾਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਇਕ-ਦੂਜੇ ਨੂੰ ਸਬਕ ਸਿਖਾਉਣ ਲਈ ਵੰਗਾਰਨ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਨੂੰ ਵੀ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਗੈਂਗਸਟਰਾਂ ਦੀਆਂ ਇਕਦਮ ਵਧੀਆਂ ਸਰਗਰਮੀਆਂ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਤੇ ਪੁਲਿਸ ਨੂੰ ਚੌਕਸ ਕੀਤਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਉਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ। ਮੰਤਰਾਲੇ ਨੇ ਪੱਤਰ ਵਿਚ ਕਿਹਾ ਹੈ ਕਿ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਉਤੇ ਅਦਾਲਤੀ ਸੁਣਵਾਈ ਦੌਰਾਨ ਜਾਨਲੇਵਾ ਹਮਲਾ ਕਰ ਸਕਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਲਗਾਤਾਰ ਪੁਲਿਸ ਅਧਿਕਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਧਮਕੀ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਹੈ ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੇ ਯਤਨ ਤੇਜ ਹੋ ਗਏ ਹਨ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਉਸ ਨੇ ਪੰਜਾਬ ਪੁਲਿਸ ਨੂੰ ਕਿਹਾ ਕਿ ਕੇਂਦਰੀ ਜੇਲ੍ਹ ਬਠਿੰਡਾ ਦਾ ਇਕ ਸਹਾਇਕ ਸੁਪਰਡੈਂਟ ਬਠਿੰਡਾ ਜੇਲ੍ਹ ਵਿਚ ਬੰਦ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਬਠਿੰਡਾ ‘ਚ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਉਸ ਨੇ ਡੀ.ਜੀ.ਪੀ. ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਇਸ ਮਾਮਲੇ ਵਿਚ ਸਬਕ ਸਿਖਾਇਆ ਜਾਵੇਗਾ।
ਉਧਰ, ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਬੰਬੀਹਾ ਗਰੁੱਪ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਬਦਲਾ ਲੈਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਬੰਬੀਹਾ ਗੈਂਗ ਦੇ ਮਨਸੂਬਿਆਂ ਦੀ ਪੜਤਾਲ ਕਰਨ ਲੱਗੀ ਹੈ। ਪਤਾ ਲੱਗਿਆ ਹੈ ਕਿ ਮਾਮਲੇ ਸਬੰਧੀ ਮਾਨਸਾ ਪੁਲਿਸ ਵੱਲੋਂ ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ ਤਾਂ ਜੋ ਉਸ ਤੋਂ ਪੁੱਛ-ਪੜਤਾਲ ਕਰਕੇ ਨਵੇਂ ਸਿਰੇ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਸਕੇ।
ਇਸ ਤੋਂ ਪਹਿਲਾਂ ਪੁਲਿਸ ਦੇ ਇਕ ਸਬ ਇੰਸਪੈਕਟਰ ਦੀ ਕਾਰ ਹੇਠਾਂ ਬਾਰੂਦੀ ਸੁਰੰਗ (ਆਈ.ਈ.ਡੀ.) ਲਾਉਣ ਦੇ ਮਾਮਲੇ ਵਿਚ ਪਾਕਿਸਤਾਨ ਬੈਠੇ ਇਕ ਅਤਿਵਾਦੀ ਨੇ ਪੁਲਿਸ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਹਰਵਿੰਦਰ ਸਿੰਘ ਉਰਫ ਰਿੰਦਾ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵਿਚ ਪੁਲਿਸ ਕਰਮਚਾਰੀਆਂ ਨੂੰ ਚਿਤਾਵਨੀ ਦਿੰਦਿਆਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸ਼ੱਕੀ ਵਿਅਕਤੀਆਂ ਦੇ ਪਰਿਵਾਰਾਂ ‘ਤੇ ਦਬਾਅ ਪਾਇਆ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਸ ਨੇ ਆਖਿਆ ਕਿ ਉਸ ਕੋਲ ਇਸ ਕੇਸ ਵਿਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਬਾਰੇ ਜਾਣਕਾਰੀ ਹੈ ਅਤੇ ਧਮਕੀ ਦਿੱਤੀ ਕਿ ਪੁਲਿਸ ਦੀ ਇਸ ਕਾਰਵਾਈ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਉਸ ਨੇ ਐਸ.ਆਈ. ਦਿਲਬਾਗ ਸਿੰਘ ‘ਤੇ ਖਾੜਕੂਵਾਦ ਵੇਲੇ ਕਈ ਸਿੱਖਾਂ ਨੂੰ ਮਾਰਨ ਦਾ ਦੋਸ਼ ਲਾਇਆ ਹੈ।
ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗਾਇਕ ਮਨਕੀਰਤ ਔਲਖ ਨੂੰ ਹਰ ਹੀਲੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਗਈ ਇਸ ਧਮਕੀ ਵਿਚ ਕਿਹਾ ਗਿਆ ਹੈ ਕਿ ਉਕਤ ਤਿੰਨਾਂ ਨੂੰ ਮਾਰੇ ਬਿਨਾਂ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਇਹ ਵੀ ਕਿਹਾ ਪੰਜਾਬੀ ਗਾਇਕ ਮਨਕੀਰਤ ਔਲਖ ਚਾਹੇ ਕਿਤੇ ਵੀ ਜਾ ਕੇ ਲੁਕ ਜਾਵੇ, ਉਸ ਨੂੰ ਮਾਰ ਦਿੱਤਾ ਜਾਵੇਗਾ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁੱਛ-ਗਿੱਛ ਲਈ ਦਿੱਲੀ ਤੋਂ ਲਿਆਂਦੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਪੇਸ਼ ‘ਤੇ ਲਿਜਾਣ ਮੌਕੇ ਪੰਜਾਬ ਪੁਲਿਸ ਵੱਲੋਂ ਬੁਲੇਟ ਪਰੂਫ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਬੰਬੀਹਾ ਗੈਂਗ ਵੱਲੋਂ ਦਿੱਤੀ ਗਈ ਧਮਕੀ ਮਗਰੋਂ ਪੰਜਾਬ ਪੁਲਿਸ ਨੇ ਦੋਵੇਂ ਗੈਂਗਸਟਰਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਬੀਹਾ ਗੈਂਗ ਅਦਾਲਤੀ ਸਟਾਫ ਸਣੇ ਵਕੀਲਾਂ ਦੀ ਆੜ ਹੇਠ ਵੀ ਹਮਲਾ ਕਰ ਸਕਦਾ ਹੈ। ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚੌਕਸ ਕੀਤੇ ਜਾਣ ਪਿੱਛੋਂ ਪੰਜਾਬ ਪੁਲਿਸ ਦੀ ਸਿਰਦਰਦੀ ਵਧ ਗਈ ਹੈ। ਕਿਉਂਕਿ ਅਦਾਲਤ ਨੇ ਸੁਰੱਖਿਆ ਦਾ ਭਰੋਸਾ ਲੈ ਕੇ ਦਿੱਲੀ ਦੀ ਜੇਲ੍ਹ ਵਿਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਹਵਾਲੇ ਕੀਤਾ ਸੀ।