ਸਿੱਖ ਪਛਾਣ ਨੂੰ ਨਵੇਂ ਸਿਰਿਓਂ ਸਮਝਣ ਦੀ ਲੋੜ

ਗੁਰਬਚਨ ਸਿੰਘ
ਫੋਨ: 98156 98451
ਸੁਲਤਾਨਪੁਰ ਲੋਧੀ ਵਿਖੇ ਵੇਈਂ ਵਿਚ ਟੁਭੀ ਮਾਰਨ ਤੋਂ ਤਿੰਨ ਦਿਨ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤਾਂ ਉਨ੍ਹਾਂ ਦੇ ਪਹਿਲੇ ਬਚਨ ਸਨ, ‘ਨ ਕੋ ਹਿੰਦੂ ਨ ਮੁਸਲਮਾਨ।’
ਗੁਰੂ ਸਾਹਿਬ ਦੇ ਆਤਮਿਕ ਗਿਆਨ ਦਾ ਇਹ ਪਹਿਲਾ ਮਹਾਂਵਾਕ ਸੀ। ਉਨ੍ਹਾਂ ਦੇ ਇਸ ਮਹਾਂਵਾਕ ਨੇ ਵੇਲੇ ਦੇ ਮੁਸਲਿਮ ਰਾਜ ਵਿਚ ਹਲਚਲ ਪੈਦਾ ਕਰ ਦਿੱਤੀ। ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਸਾਹਿਬ ਤੇ ਕਾਜ਼ੀ ਦੋਹਾਂ ਨੂੰ ਬੁਲਾ ਭੇਜਿਆ।

ਕਾਜ਼ੀ ਦਾ ਗੁਰੂ ਸਾਹਿਬ ਨੂੰ ਕਹਿਣਾ ਸੀ :
‘ਇਕ ਹਿੰਦੂਆਂ ਦਾ ਰਾਹ ਹੈ, ਇਕ ਮੁਸਲਮਾਨਾਂ ਦਾ, ਤੁਸੀਂ ਕਿਸ ਰਾਹ ਉਤੇ ਹੋ?’
ਗੁਰੂ ਸਾਹਿਬ ਦਾ ਜੁਆਬ ਸੀ: ‘‘ਮੈਂ ਖੁਦਾ ਦੇ ਰਾਹ ਉਤੇ ਹਾਂ। ਖੁਦਾ ਨ ਹਿੰਦੂ ਹੈ ਨ ਮੁਸਲਮਾਨ।’’
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:
ਨ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥ (ਪੰਨਾ 1136)
ਇਹ ਇਕ ਦਮ ਨਵੀਂ ਸੋਚ ਸੀ। ਨਵੀਂ ਚੇਤਨਾ। ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਪਰ ਸਾਡਾ ਮਨੁੱਖੀ ਸਰੀਰ ਤੇ ਜਿੰਦ ਅਲਹ ਤੇ ਰਾਮ ਦੀ ਦੇਣ ਹੈ। ਅਲਹ ਮੁਸਲਮਾਨਾਂ ਲਈ ਉਚਤਮ ਰਬੀ ਹਸਤੀ ਹੈ ਅਤੇ ਰਾਮ ਹਿੰਦੂਆਂ ਲਈ ਅਵਤਾਰੀ ਮਹਾਂਪੁਰਸ਼।
ਗੁਰੂ ਗ੍ਰੰਥ ਸਾਹਿਬ ਵਿਚ ਇਸ ਨਵੀਂ ਸੋਚ ਨੂੰ ਹੋਰ ਵੀ ਸਪੱਸ਼ਟ ਕੀਤਾ ਗਿਆ ਹੈ:
ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥
ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ ॥ ੧॥
ਓੁਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥ ੧॥ ਰਹਾਉ॥
ਜਗੰਨਾਥ ਜਗਜੀਵਨ ਮਾਧੋ ॥ ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗੁੋਵਿੰਦ ॥ ਪੂਰਨ ਸਰਬ੍ਰਤ ਮੁਕੰਦ ॥੨॥
ਮਿਹਰਵਾਨ ਮਉਲਾ ਤੂਹੀ ਏਕ ॥ ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ ਕਰੇ ਹਾਕੁ ॥ ਕੁਰਾਨ ਕਤੇਬ ਤੇ ਪਾਕੁ ॥੩॥
ਨਾਰਾਇਣ ਨਰਹਰ ਦਇਆਲ ॥ ਰਮਤ ਰਾਮ ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥ ਲੀਲਾ ਕਿਛੁ ਲਖੀ ਨ ਜਾਇ ॥ ੪॥
ਮਿਹਰ ਦਇਆ ਕਰਿ ਕਰਨੈਹਾਰ ॥ ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥ (ਪੰਨਾ 896-97)
ਯਥਾ ਸਮੁੱਚੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਭਨੀਂ ਥਾਈਂ ਰਮਿਆ ਹੋਇਆ ਹੈ। (ਰਹਾਉ) ਇਹੀ ਖਾਲਕ ਕਾਰਨ ਹੈ। ਇਹੀ ਕਰਨ ਵਾਲਾ ਹੈ। ਇਹ ਖਾਲਕ ਬਖਸ਼ਿੰਦ ਹੈ। ਇਹ ਖਾਲਕ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਸਾਰਿਆਂ ਉਤੇ ਰਹਿਮਤਾਂ ਦੀ ਬਖਸ਼ਿਸ਼ ਕਰਨ ਵਾਲਾ ਹੈ। ਅਲਹ ਦੇ ਰੂਪ ਵਿਚ ਇਹ ਖਾਲਕ ਅਪਹੁੰਚ ਤੇ ਬੇਅੰਤ ਹੈ। ਇਸ ਖਾਲਕ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਹ ਖਾਲਕ ਆਪ ਹੀ ਖੁਦਾ ਹੈ, ਜਿਹੜਾ ਮਨੁੱਖੀ ਗਿਣਤੀਆਂ-ਮਿਣਤੀਆਂ ਦੇ ਕਲਾਵੇ ਵਿਚ ਨਹੀਂ ਆਉਂਦਾ। ਇਹ ਖਾਲਕ ਹੀ ਹਿੰਦੂ ਮਤਿ ਵਿਚਲਾ ਸਰਬਵਿਆਪੀ ਓਮ, ਨਮੋ, ਭਗਵੰਤ ਤੇ ਗੁਸਾਈਂ ਹੈ। ਇਹੀ ਖਾਲਕ ਧਰਤੀ ਦਾ ਮਾਲਕ ਤੇ ਜਗਤ ਦਾ ਪਾਲਕ ਹੈ। ਸਮੁੱਚੇ ਜਗਤ ਨੂੰ ਜੀਵਨ ਦੇਣ ਵਾਲਾ ਜਗਜੀਵਨ ਦਾਤਾ ਤੇ ਸਮੁੱਚੀ ਦੌਲਤ ਦਾ ਮਾਲਕ ਵੀ ਇਹੀ ਖਾਲਕ ਹੈ। ਇਸ ਖਾਲਕ ਨੂੰ ਹਿਰਦੇ ਭਾਵ ਆਤਮ ਵਿਚ ਵਸਾਉਣ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ।
ਸਾਰੀਆਂ ਮਨੁੱਖੀ ਇੰਦਰੀਆਂ ਦਾ ਮਾਲਕ ਵੀ ਇਹੀ ਖਾਲਕ ਹੈ, ਜਿਹੜਾ ਪੂਰਨ ਹੈ, ਸਰਬਵਿਆਪੀ ਹੈ ਤੇ ਮੁਕਤੀਦਾਤਾ ਹੈ। ਇਹ ਖਾਲਕ ਮਿਹਰਬਾਨ ਅਤੇ ਮੁਕਤੀ ਦੇਣ ਵਾਲਾ ਹੈ। ਇਹੀ ਖਾਲਕ ਸਾਰੇ ਦਿਲਾਂ ਦਾ ਮਾਲਕ ਹੈ। ਪਵਿੱਤਰ ਕੁਰਾਨ ਅਤੇ ਕਤੇਬ ਵਿਚ ਦਰਜ ਖਾਲਕ ਵੀ ਇਹੀ ਹੈ। ਇਹੀ ਨਾਰਾਇਣ ਨਰਹਰ ਦਇਆਲ ਪੁਰਖ ਹੈ। ਇਹੀ ਰਮਿਆ ਹੋਇਆ ਰਾਮ ਹੈ। ਇਹੀ ਵਾਸਦੇਵ ਸਭ ਥਾਂ ਵਸਦਾ ਹੈ। ਮਨੁੱਖੀ ਮਨਾਂ ਵਿਚ ਵਸੇ ਸ੍ਰੀ ਕ੍ਰਿਸ਼ਨ ਜੀ ਨੂੰ ਗੁਰੂ ਸਾਹਿਬ ਨੇ ਸਰਬਤ੍ਰ ਦੇ ਕਣ ਕਣ ਵਿਚ ਰਮੀ ਹੋਈ ਰਬੀ ਹਸਤੀ ਦੇ ਰੂਪ ਵਿਚ ਪ੍ਰਗਟ ਕੀਤਾ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਹੁਣ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿੱਤੇ ਹਨ ਅਤੇ ਮੈਨੂੰ ਪਤਾ ਲੱਗਾ ਹੈ ਕਿ ਸਾਡੇ ਚਾਰ-ਚੁਫੇਰੇ ਪਸਰਿਆ ਏਕੋ ਹੀ ਅਲਹ ਅਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਅਤੇ ਇਸਲਾਮੀ ਫਿਲਾਸਫੀ ਵਿਚਲੀ ਰਬੀ ਹਸਤੀ ਇਕੋ ਹੀ ਹੈ। ਇਸ ਏਕੋ ਨੂੰ ਮੁਖਾਤਿਬ ਹੋ ਕੇ ਗੁਰੂ ਸਾਹਿਬ ਮੇਹਰ ਤੇ ਦਇਆ ਦੀ ਮੰਗ ਕਰ ਰਹੇ ਹਨ। ਤਥਾ ਆਪਣੇ ਆਲੇ ਦੁਆਲੇ ਫੈਲਿਆ ਜੋ ਅਸੀਮ ਬ੍ਰਹਿਮੰਡ ਅਸੀਂ ਵੇਖ ਰਹੇ ਹਾਂ, ਇਹ ਇਕੋ ਹੈ। ਇਹ ਇਕੋ ਹੀ ਨਿਰਆਕਾਰ ਹਸਤੀ ਵਜੋਂ ‘ਰੱਬ’ ਹੈ ਅਤੇ ਕੁਦਰਤ ਵਜੋਂ ਦਾਤਾ ਭਾਵ ਮਨੁੱਖ ਨੂੰ ਚਾਹੀਦੀਆਂ ਸਾਰੀਆਂ ਦਾਤਾਂ ਦੇਣ ਵਾਲਾ ਦਾਤਾਰ ਹੈ।
ਇਸ ਸਬਦੁ ਵਿਚ ਗੁਰੂ ਸਾਹਿਬ ਨੇ ਹਿੰਦੂ ਮਤਿ ਅਤੇ ਇਸਲਾਮ ਵਿਚਲੀ ‘ਰਬੀ ਹਸਤੀ’ ਬਾਰੇ ਵਰਤੇ ਜਾਂਦੇ ਸਾਰੇ ਨਾਵਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾ ਸਕਣ ਵਾਲੇ ਦਾਤਾਰ ਭਾਵ ‘ਏਕੋ’ (ਦਾਤਾ-ਕਰਤਾ) ਦੀ ਨਵੀਂ ਵਿਆਖਿਆ ਕੀਤੀ ਹੈ। ਇਹ ਏਕੋ ਹੀ ਅਲਹ ਖੁਦਾ ਮਉਲਾ ਪੈਗੰਬਰ ਤੇ ਕੁਰਾਨ ਕਤੇਬ ਵਿਚਲਾ ਪਵਿੱਤਰ ਰੱਬ ਹੈ। ਇਹ ਏਕੋ ਹੀ ਹਿੰਦੂ ਮਤਿ ਵਿਚਲਾ ਭਗਵੰਤ, ਗੁਸਾਈਂ, ਨਾਰਾਇਣ, ਨਰਹਰਿ, ਓਮ, ਨਮੋ, ਬਾਸੁਦੇਵ, ਰਿਖੀਕੇਸ਼, ਗੋਪਾਲ, ਗੋਬਿੰਦ, ਮੁਕੰਦ, ਕ੍ਰਿਸ਼ਨ, ਜਗੰਨਾਥ ਮਾਧੋ ਜਗਜੀਵਨ ਹੈ। ਗੁਰੂ ਸਾਹਿਬ ਹਿੰਦੂਆਂ ਨੂੰ ਇਸੇ ਸਿਰਜਣਹਾਰ ਦੀ ਭਗਤੀ ਤੇ ਮੁਸਲਮਾਨਾਂ ਨੂੰ ਅਲਹ ਦੇ ਰੂਪ ਵਿਚ ਇਸ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰਦੇ ਹਨ।
ਹਿੰਦੂ ਮੁਸਲਮਾਨ ਦਾ ਇਹ ਵਖਰੇਵਾਂ ਦੂਰ ਕਿਵੇਂ ਹੋਵੇ?
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ ੧।
ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥ ੧॥ ਰਹਾਉ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥ ੨॥
ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥ ੩॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥ ੪॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥ ੫॥ (ਪੰਨਾ 885)
ਕਾਰਣ ਭਾਵ ਕਰਨ ਵਾਲਾ ਕਾਦਰ ਬਖਸ਼ਿੰਦ ਹੈ। ਉਹ ਪਾ ਧਾਰ ਕੇ ਸਾਰਿਆਂ ਉਤੇ ਆਪਣੀ ਰਹਿਮਤ ਕਰ ਰਿਹਾ ਹੈ। ਕੋਈ ਇਸ ਨੂੰ ਰਾਮ ਕਹਿੰਦਾ ਹੈ। ਕੋਈ ਇਸ ਨੂੰ ਖੁਦਾ ਦੇ ਨਾਮ ਨਾਲ ਯਾਦ ਕਰਦਾ ਹੈ। ਕੋਈ ਇਸ ਨੂੰ ਗੁਸਾਈਂ ਤੇ ਕੋਈ ਅਲਹ ਦੇ ਨਾਮ ਨਾਲ ਯਾਦ ਕਰਦਾ ਹੈ। ਜਿਵੇਂ ਉਸ ਕਾਦਰ ਦੇ ਅਨੇਕ ਨਾਂਅ ਹਨ, ਉਵੇਂ ਹੀ ਉਸ ਦੀ ਉਪਾਸਨਾ ਦੇ ਅਨੇਕ ਢੰਗ ਹਨ। ਕੋਈ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਦਾ ਹੈ। ਕੋਈ ਹਜ ਜਾਂਦਾ ਹੈ। ਕੋਈ ਪੂਜਾ ਕਰਦਾ ਹੈ ਤੇ ਕੋਈ ਮੂਰਤੀਆਂ ਅੱਗੇ ਸਿਰ ਨਿਵਾਉਂਦਾ ਹੈ। ਕੋਈ ਵੇਦ ਪੜ੍ਹਦਾ ਹੈ। ਕੋਈ ਕਤੇਬ ਪੜ੍ਹਦਾ ਹੈ। ਕੋਈ ਨੀਲੇ ਬਸਤਰ ਪਹਿਨਦਾ ਹੈ। ਕੋਈ ਸਫੇਦ ਬਸਤਰ ਪਹਿਨਦਾ ਹੈ। ਕੋਈ ਆਪਣੇ-ਆਪ ਨੂੰ ਤੁਰਕ ਕਹਿੰਦਾ ਹੈ। ਕੋਈ ਹਿੰਦੂ ਕਹਿੰਦਾ ਹੈ। ਕੋਈ ਬਹਿਸ਼ਤ ਵਿਚ ਜਾਣਾ ਚਾਹੁੰਦਾ ਹੈ। ਕੋਈ ਸਵਰਗ ਦੀ ਕਾਮਨਾ ਕਰਦਾ ਹੈ। ਗੁਰੂ ਸਾਹਿਬ ਅੱਡ-ਅੱਡ ਧਰਮਾਂ ਦੇ ਪੈਰੋਕਾਰਾਂ ਦੇ ਇਸ ਵਖਰੇਵੇਂ ਨੂੰ ਨਫਰਤ ਕਰਨ ਦੀ ਬਜਾਇ ਇਨ੍ਹਾਂ ਸਾਰਿਆਂ ਦੀ ਏਕਤਾ ਦੇ ਇਸ ਤੋਂ ਵੀ ਵੱਡੇ ਆਧਾਰ ਦਾ ਆਤਮਿਕ ਗਿਆਨ ਦੇਂਦੇ ਹਨ। ਗੁਰੂ ਸਾਹਿਬ ਦੇ ਬਚਨ ਹਨ ਕਿ ਹੁਕਮ (ਭਾਵ ਕੁਦਰਤੀ ਨੇਮਾਂ) ਦੇ ਭੇਦ ਨੂੰ ਬੁੱਝਣ ਵਾਲਾ ਮਨੁੱਖ ਸਰਬ-ਸ਼ਕਤੀਮਾਨ ਮਾਲਕ ਦਾ ਭੇਦ ਪਾ ਲੈਂਦਾ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ॥ (ਪੰਨਾ 695)
ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ ॥ (ਪੰਨਾ 141)
ਯਥਾ ਬੰਦੇ ਦਾ ਸਰੀਰ ਬ੍ਰਹਿਮੰਡ ਦਾ ਹੀ ਇਕ ਅੰਸ਼ ਹੈ ਅਤੇ ਰੱਬੀ ਹੋਂਦ ਦੀ ਸ਼ਨਾਖਤ ਕੁਦਰਤ ਵਿਚੋਂ ਹੁੰਦੀ ਹੈ।
‘ਪ੍ਰਭ’ ਦਾ ਭੇਦ ਪਾਉਣ ਦਾ ਮਤਲਬ ਪ੍ਰਭੁਤਾ ਭਾਵ ਸਾਰੀਆ ਸ਼ਕਤੀਆਂ ਦੇ ਮਾਲਕ ਕਾਦਰ ਦੇ (ਕੁਦਰਤੀ) ਨੇਮਾਂ ਅਨੁਸਾਰ ਜ਼ਿੰਦਗੀ ਜਿਊਣਾ ਹੈ। ਹੁਕਮ ਦੀ ਸੁਚੇਤ ਪਛਾਣ ਹੀ ਸਾਰੇ ਧਰਮਾਂ ਦੀ ਏਕਤਾ ਦਾ ਆਧਾਰ ਹੈ। ਕਿਉਂਕਿ ਕੁਦਰਤ ਦੇ ਇਹ ਨੇਮ ਅਟਲ ਹਨ ਤੇ ਇਨ੍ਹਾਂ ਤੋਂ ਕੋਈ ਬਾਹਰ ਨਹੀਂ ਜਾ ਸਕਦਾ।
ਕੋਊ ਭਇਓ ਮੰੁਡੀਆ ਸਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭਰਮ ਮਾਨਬੋ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਓ ਹੈ॥
ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਕ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥
ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ: ਕੋਈ ਮਨੁੱਖ ਮੁੰਡਨ ਕਰਵਾ ਕੇ ਸੰਨਿਆਸੀ ਬਣ ਜਾਂਦਾ ਹੈ। ਕੋਈ ਜੋਗੀ ਬਣ ਜਾਂਦਾ ਹੈ। ਕੋਈ ਮਨੁੱਖ ਬ੍ਰਹਮਚਾਰੀ ਬਣ ਜਾਂਦਾ ਹੈ। ਕੋਈ ਸਾਰਾ ਕੁਝ ਤਿਆਗ ਕੇ ਜਤੀ ਬਣ ਜਾਂਦਾ ਹੈ। ਕੋਈ ਹਿੰਦੂ ਅਖਵਾਉਂਦਾ ਹੈ, ਕੋਈ ਤੁਰਕ ਅਖਵਾਉਂਦਾ ਹੈ। ਕੋਈ ਆਪਣੇ ਆਪ ਨੂੰ ਪ੍ਰਹੇਜਗਾਰ ਕਹਿੰਦਾ ਹੈ। ਕੋਈ ਇਸਲਾਮ ਦੇ ਸ਼ੀਆ ਫਿਰਕੇ ਨਾਲ ਸਬੰਧ ਰੱਖਦਾ ਹੈ। ਕੋਈ ਸੁੰਨੀ ਫਿਰਕੇ ਨਾਲ ਸਬੰਧ ਰੱਖਦਾ ਹੈ ਪਰ ਮਾਨਸ ਦੀ ਜਾਤ ਹੋਣ ਕਰਕੇ ਸਾਰਿਆਂ ਦੀ ਇਕੋ ਹੀ ਪਛਾਣ ਹੈ। ਓਹੀ ਮਿਹਰਵਾਨ ਕਰਤਾ ਹੈ। ਓਹੀ ਰਿਜਕ ਦੇਣ ਵਾਲਾ ਹੈ। ਹੋਰ ਦੂਜਾ ਕੋਈ ਹੈ ਹੀ ਨਹੀਂ। ਬਾਕੀ ਸਾਰੇ ਭਰਮ-ਭੁਲੇਖੇ ਹਨ। ਸਿਰਫ ਇਸ ਇਕ ਦੀ ਸੇਵਾ ਕਰੋ। ਇਹੀ ਇਕ ਸਾਰਿਆਂ ਦਾ ਗੁਰਦੇਵ ਹੈ। ਸਾਰੇ ਇਸ ਇਕ ਦਾ ਹੀ ਰੂਪ ਹਨ। ਸਾਰਿਆਂ ਨੂੰ ਇਕ ਹੀ ਜੋਤ ਜਾਣੋ। ਮੰਦਿਰ, ਮਸਜਿਦ ਵਿਚ ਕੋਈ ਫਰਕ ਨਹੀਂ। ਨਾ ਹੀ ਮੰਦਿਰ ਵਿਚ ਪੂਜਾ ਕਰਨ ਅਤੇ ਮਸਜਿਦ ਵਿਚ ਨਮਾਜ਼ ਪੜ੍ਹਨ ਵਿਚ ਕੋਈ ਫਰਕ ਹੈ। ਸਾਰੇ ਮਨੁੱਖ ਇਕੋ ਹੀ ਹਨ। ਬਾਕੀ ਦੇ ਸਾਰੇ ਐਵੇਂ ਦੇ ਭਰਮ-ਭੁਲੇਖੇ ਹਨ। ਸੁਰ ਅਸੁਰ ਨਰ ਅੱਡ ਅੱਡ ਤਰ੍ਹਾਂ ਦੇ ਦੇਵਤੇ ਤੇ ਹੋਰਨਾਂ ਦੇਵਤਿਆਂ ਦੇ ਪੈਰੋਕਾਰਾਂ, ਤੁਰਕਾਂ ਤੇ ਹਿੰਦੂਆਂ ਦਾ ਵਖਰੇਵਾਂ ਅੱਡ ਅੱਡ ਦੇਸਾਂ ਵਿਚਲੇ ਭੇਖਾਂ ਦੇ ਫਰਕ ਕਰਕੇ ਹੈ। ਸਾਰਿਆਂ ਦੀਆਂ ਇਕੋ ਜਿਹੀਆ ਅੱਖਾਂ ਹਨ। ਸਾਰਿਆਂ ਦੇ ਇਕੋ ਜਿਹੇ ਕੰਨ ਹਨ। ਸਾਰਿਆਂ ਦੇ ਇਕੋ ਜਿਹੇ ਸਰੀਰ ਹਨ। ਸਾਰੇ ਇਕੋ ਜਿਹੇ ਤੱਤਾਂ ਭਾਵ ਮਿੱਟੀ, ਹਵਾ, ਪਾਣੀ, ਅਗਨੀ ਤੇ ਅਕਾਸ਼ ਦੇ ਬਣੇ ਹੋਏ ਹਨ। ਅਲਹ ਵੀ ਓਹੀ ਹੈ। ਭੇਖ ਰਹਿਤ (ਹਿੰਦੂ ਰੱਬ) ਵੀ ਓਹੀ ਹੈ। ਪੁਰਾਨ ਅਤੇ ਕੁਰਾਨ ਵਿਚ ਕੋਈ ਫਰਕ ਨਹੀਂ। ਸਾਰੇ ਮਨੁੱਖਾਂ ਦਾ ਰੂਪ ਵੀ ਇਕੋ ਜਿਹਾ ਹੈ ਅਤੇ ਉਨ੍ਹਾਂ ਦੀ ਬਣਤਰ ਵੀ ਇਕੋ ਜਿਹੀ ਹੈ। ਫਿਰ ਇਕ-ਦੂਜੇ ਵਿਚ ਭੇਦ ਕਿਉਂ ਕਰਨਾ।
ਇਸਲਾਮ ਵਿਚ ਅਲਹ ਦੀ ਹਸਤੀ ਨੂੰ ਸਿਰਜਕ ਦੇ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਅਲਹ ਮਹਾਨ ਹੈ। ਅਲਹ ਸਰਬ-ਵਿਆਪਕ ਹੈ। ਅਲਹ ਦੀ ਇਹੀ ਹਸਤੀ ਗੁਰਮਤਿ ਵਿਚ ਅਕਾਲ ਪੁਰਖ ਕਰਤਾ ਰਾਮ ਸ਼ਿਆਮ ਬੀਠਲ ਮੁਰਾਰੀ ਹਰਿ ਰਬ ਪਰਮਾਤਮਾ (ਏਕੋ) ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਗੁਰਮਤਿ ਅਲਹ ਦੀ ਹਸਤੀ ਨੂੰ ਏਕੋ (ੴ) ਦੇ ਇਕ ਨਾਮ ਵਜੋਂ ਆਪਣੇ ਵਿਚ ਆਤਮਸਾਤ ਕਰ ਲੈਂਦੀ ਹੈ। ਗੁਰਮਤਿ ਨੇ ਅਲਹ ਦੇ ਸੰਕਲਪ ਨੂੰ ਇਸੇ ਰੂਪ ਵਿਚ ਹੀ ਅਪਣਾ ਲਿਆ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (ਪੰਨਾ 1349)
ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨ ਦੀ ਵਿਆਖਿਆ ਵੀ ਕੀਤੀ ਹੋਈ ਹੈ :
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥ (ਪੰਨਾ 141)
ਯਥਾ ਮੁਸਲਮਾਨ ਬਣਨਾ ਬੜਾ ਔਖਾ ਹੈ। ਪਰ ਜੇ ਕੋਈ ਸੱਚੇ ਅਰਥਾਂ ਵਿਚ ਮੁਸਲਮਾਨ ਹੋਵੇ ਤਾਂ ਹੀ ਉਹ ਆਪਣੇ-ਆਪ ਨੂੰ ਮੁਸਲਮਾਨ ਕਹਾਵੇ। ਫਿਰ ਉਹ ਮੁਸਲਮਾਨ ਬਣ ਕੇ ਇਸਲਾਮ ਦੇ ਸਾਰੇ ਚੰਗੇ ਗੁਣ ਧਾਰਨ ਕਰੇ। ਆਪਣੇ ਦੀਨ ਭਾਵ ਆਪਣੇ ਧਰਮ ਨੂੰ ਮਿੱਠਾ ਕਰਕੇ ਮੰਨੇ। ਉਸ ਉਤੇ ਪੂਰਨ ਯਕੀਨ ਲਿਆਵੇ। ਫਿਰ ਜਿਵੇਂ ਲੋਹੇ ਦਾ ਜੰਗਾਲ ਲਾਹੁਣ ਲਈ ਉਸ ਨੂੰ ਵਾਰ-ਵਾਰ ਰਗੜਨਾ ਪੈਂਦਾ ਹੈ, ਇਸ ਤਰ੍ਹਾਂ ਉਹ ਆਪਣੇ ਮਨ ਉਤੇ ਜੰਮੀ ਹੋਈ ਭਰਮਾਂ ਦੀ ਮੈਲ ਲਾਹੁਣ ਦੇ ਯਤਨ ਕਰੇ। ਧਰਮੀ ਮੁਸਲਮਾਨ ਬਣ ਕੇ ਜੰਮਣ-ਮਰਨ ਦੇ ਭਰਮ ਨੂੰ ਸਦਾ ਲਈ ਮਨ ਵਿਚੋਂ ਕੱਢ ਦੇਵੇ। ਮੌਤ ਦੇ ਡਰ ਨੂੰ ਹਮੇਸ਼ਾ ਲਈ ਮਨੋ ਭੁਲਾ ਦੇਵੇ। ਸੱਚਾ ਮੁਸਲਮਾਨ ਬਣ ਕੇ ਉਹ ਕਰਤਾ ਦੀ ਰਜ਼ਾ ਨੂੰ ਮੰਨੇ। ਕਾਦਰ ਦੇ ਹੁਕਮ ਨੂੰ ਮੰਨ ਕੇ ਆਪਣੀ ਝੂਠੀ ਹਉਮੈਗ੍ਰਸਤ ਹੋਂਦ ਗੁਆ ਦੇਵੇ। ਆਪਣੀ ਨਾਸਵੰਤ ਹੋਂਦ ਨੂੰ ਪਛਾਣੇ। ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਸਾਰੇ ਜੀਆਂ ਉਤੇ ਦਇਆ ਕਰੇ। ਭਾਵ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਪੈਰੋਕਾਰ ਬਣੇ। ਫਿਰ ਹੀ ਉਹ ਆਪਣੇ ਮੁਸਲਮਾਨ ਹੋਣ ਦਾ ਦਾਅਵਾ ਕਰੇ।
ਫ਼ਿਲਾਸਫ਼ਰ ਕਵੀ ਅਲਾਮਾ ਇਕਬਾਲ ਨੇ ਇਸਲਾਮ ਦੀ ਵਿਆਖਿਆ ਕਰਦਿਆਂ ਲਿਖਿਆ ਹੈ, ‘‘ਇਸਲਾਮ ਦਾ ਅੰਤਿਮ ਨਿਸ਼ਾਨਾ ਆਤਮਿਕ ਜਮਹੂਰੀਅਤ ਹੈ। ਅਜੋਕੀ ਯੂਰਪੀਨ ਸਭਿਅਤਾ ਮਨੁੱਖ ਦੇ ਸਦਾਚਾਰਕ ਤੇ ਸਭਿਆਚਾਰਕ ਵਿਕਾਸ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਕੁਰਾਨ ਇਕ ਕਿਤਾਬ ਹੈ, ਜਿਹੜੀ ਕਹਿਣੀ ਨਾਲੋਂ ਕਰਨੀ ਉਤੇ ਜ਼ੋਰ ਦੇਂਦੀ ਹੈ।’’ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦਾ ਸਾਰਾ ਤੱਤ-ਨਿਚੋੜ ਇਹੀ ਹੈ
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ॥
ਮੱਕੇ ਦੀ ਜਿਆਰਤ ਦੌਰਾਨ ਜਦੋਂ ਗੁਰੂ ਨਾਨਕ ਸਾਹਿਬ ਨੂੰ ਹਾਜੀਆਂ ਨੇ ਪੁੱਛਿਆ ਕਿ ‘ਹਿੰਦੂ ਚੰਗੇ ਹਨ ਜਾਂ ਮੁਸਲਮਾਨ?
ਤਾਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੁਆਬ ਨੂੰ ਇੰਝ ਬਿਆਨ ਕੀਤਾ ਹੈ:
ਪੁਛਨ ਖੋਲ ਕਿਤਾਬ ਨੋ ਬਾਬਾ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝਹੁ ਦੋਵੈਂ ਰੋਈ।
ਭਾਵ ਸ਼ੁੱਭ ਅਮਲ ਹੀ ਕਿਸੇ ਬੰਦੇ ਦੀ ਚੰਗਿਆਈ ਦਾ ਪੈਮਾਨਾ ਬਣਦੇ ਹਨ। ਨਵੀਂ ਸੋਚ ਦੇ ਰੂਪ ਵਿਚ ਅਜੋਕੀ ਮਨੁੱਖਤਾ ਨੂੰ ਗੁਰੂ ਨਾਨਕ ਸਾਹਿਬ ਦੀ ਇਹੀ ਮਹਾਨ ਦੇਣ ਹੈ, ਜਿਹੜੀ ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਜਨਕ ਹੈ।