ਸੀਤੇ ਬੁੱਲ੍ਹਾਂ ਦਾ ਸੁਨੇਹਾ: ਪ੍ਰਮਾਣਿਕ ਮਨੁੱਖੀ ਅਹਿਸਾਸਾਂ ਦੇ ਸੁਹਜ ਅਤੇ ਸੰਜਮ ਦਾ ਬਿਰਤਾਂਤ

ਧਨਵੰਤ ਕੌਰ (ਡਾ.)
ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਮਨੁੱਖ ਦੇ ਸੱਚੇ-ਸੁੱਚੇ, ਸਾਫ਼-ਸ਼ਫਾਫ ਅਹਿਸਾਸਾਂ, ਭਾਵਾਂ, ਜਜ਼ਬਿਆਂ ਅਤੇ ਕਦਰਾਂ ਨੂੰ ਉਨ੍ਹਾਂ ਦੀ ਮਨੁੱਖੀ ਖ਼ਸਲਤਾਂ ਵਿਚ ਮੌਜੂਦਗੀ, ਸਜਿੰਦਤਾ ਤੇ ਅਮਰਤਾ ਸਮੇਤ ਸਾਂਭਣ ਦੀ ਜੁਸਤਜ਼ੂ ਰੱਖਣ ਵਾਲੇ ਗਲਪਕਾਰ ਬਲਦੇਵ ਸਿੰਘ ਗਰੇਵਾਲ ਰਚਿਤ ਮੌਲਿਕ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ 28 ਕਹਾਣੀਆਂ ਦੇ ਰਚਨਾ ਕਾਲ ਅਤੇ ਰਚਨਾ ਸੰਸਾਰ ਦੇ ਅੰਦਰੂਨੀ ਹਵਾਲੇ ਇਸ ਗੱਲ ਦਾ ਪ੍ਰਮਾਣ ਹਨ ਕਿ ਗਰੇਵਾਲ ਦੀ ਕਥਾ ਸੰਵੇਦਨਾ ਆਪਣੇ ਸਮੇਂ ਅਤੇ ਸਥਾਨ ਨਾਲ, ਨਿਰੰਤਰ ਤੌਰ ’ਤੇ ਸੰਵਾਦੀ ਸੁਰ ਵਿਚ ਰਹੀ ਹੈ।

ਇਸ ਸੰਗ੍ਰਹਿ ਵਿਚ ਸ਼ਾਮਿਲ ‘ਆਜ਼ਾਦ ਲੋਕ’, ‘ਦੇਸ਼ ਭਗਤ’, ‘ਤੋਚੀ’ ਵਰਗੀਆਂ ਕਹਾਣੀਆਂ ਦੇ 1966-67 ਵਿਚ ਪ੍ਰੀਤਲੜੀ ਮੈਗਜ਼ੀਨ ਵਿਚ ਛਪੀਆਂ ਹੋਣ ਦੇ ਹਵਾਲੇ ਇਸ ਗੱਲ ਦੀ ਗਵਾਹੀ ਹਨ ਕਿ ਇਸ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਦਾ ਰਚਨਾ ਕਾਲ ਲਗਭਗ ਪੰਜ ਦਹਾਕਿਆਂ ਦੇ ਕਾਲ ਅੰਤਰਾਲ ਵਿਚ ਫੈਲਿਆ ਹੋਇਆ ਹੈ। ਇਸੇ ਤਰ੍ਹਾਂ, ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਕਥਾਨਕੀ ਵੇਰਵਿਆਂ ਵਿਚ ਸੰਤਾਲੀ ਵਿਚ ਉੱਜੜੇ-ਉੱਖੜੇ, ਬਟਵਾਰੇ ਵਿਚੋਂ ਨਿਕਲ ਕੇ ਅਜ਼ਾਦ ਭਾਰਤ ਵਿਚ ਸੁਰਤ ਸੰਭਾਲਦੇ, ਪੰਜਾਬ ਤੋਂ ਲੈ ਕੇ ਪਰਵਾਸੀ ਹੋ ਕੇ ਪੰਜਾਬੀ ਡਾਇਸਪੋਰੇ ਵਿਚ ਵਸਦੇ ਪੰਜਾਬੀ ਬੰਦੇ ਅਤੇ ਸਮਾਜ ਦੇ ਅਨੁਭਵੀ ਹਵਾਲੇ ਦੱਸਦੇ ਹਨ ਕਿ ਗਰੇਵਾਲ ਦੀ ਕਹਾਣੀ ਨੇ ਆਪਣੀ ਵਾਬਸਤਗੀ ਉਸ ਸੰਸਾਰ ਨਾਲ ਨਿਰੰਤਰ ਬਣਾਈ ਰੱਖੀ ਹੈ, ਜਿਸ ਵਿਚ ਉਹ ਰਹਿੰਦਾ ਹੈ।
ਸ. ਗਰੇਵਾਲ ਨੇ ਕਹਾਣੀਆਂ ਦੇ ਥੀਮ ਨੂੰ ਜਿਸ ਕੇਂਦਰੀ ਸੂਤਰ ਵਿਚ ਪਰੋਇਆ ਹੈ, ਉਹ ਹੈ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’। ਮਨੁੱਖ ਦੀਆਂ ਸਥਿਤੀਆਂ ਅਤੇ ਖ਼ਸਲਤਾਂ ਵਿਚ, ਮਨੁੱਖ ਦੀਆਂ ਚਾਹਤਾਂ ਤੇ ਚੁਣੌਤੀਆਂ ਵਿਚ ਸਮਨਵੈ ਬਿਠਾਉਣਾ, ਅਕਥ ਨੂੰ ਕਥਣਾ ਮੁੱਢ ਕਦੀਮ ਤੋਂ ਕਹਾਣੀ ਦੀ ਬਿਰਤੀ ਤੇ ਸ਼ਕਤੀ ਰਿਹਾ ਹੈ। ਪਰ ‘ਸੀਤੇ ਬੁੱਲ੍ਹਾਂ’ ਦੇ ਮੈਟਾਫਰ ਰਾਹੀਂ ਗਰੇਵਾਲ ਨੇ ਇਨ੍ਹਾਂ ਕਹਾਣੀਆਂ ਵਿਚਲੇ ਸੰਸਾਰ ਨੂੰ ਵੱਖਰੇ ਤੇ ਵਿਸ਼ੇਸ਼ ਰੂਪ ਵਿਚ ਸਨਦੀ ਬਣਾਇਆ ਹੈ। ਇਨ੍ਹਾਂ ਕਹਾਣੀਆਂ ਦੇ ਪ੍ਰਤੱਖਣ ਦੀ ਮਨੋਭੂਮੀ, ਇਨ੍ਹਾਂ ਕਹਾਣੀਆਂ ਦੇ ਪਾਤਰ ਉਹ ਲੋਕ ਹਨ, ਜਿਨ੍ਹਾਂ ਦੇ ਬੁੱਲ੍ਹ ਸਾਡੀਆਂ ਸਮਾਜਿਕ ਰੀਤਾਂ, ਮਨੌਤਾਂ, ਮਰਯਾਦਾਵਾਂ ਜਾਂ ਜਾਤੀ-ਜਮਾਤੀ ਲਿੰਗਕ ਦਰਜਾਬੰਦੀਆਂ ਦੇ ਤਕੜਿਆਂ ਪੱਖੀ ਵਿਧੀ-ਵਿਧਾਨਾਂ ਨੇ ਸੀਤੇ ਹੋਏ ਹਨ, ਜਿਹੜੇ ਸਭ ਕੁੱਝ ਸਮਝਦੇ ਹੋਏ ਵੀ ਚੁੱਪ ਰਹਿ ਕੇ ਜਰਨ ਲਈ ਮਜਬੂਰ ਹਨ। ਅਜੋਕਾ ਸਮਾਜਿਕ ਸਭਿਆਚਾਰਕ ਚਿੰਤਨ ਇਨ੍ਹਾਂ ਲੋਕਾਂ ਨੂੰ ਹਾਸ਼ੀਅਤਾਂ ਵਜੋਂ ਜਾਂ ਸਬਾਲਟਰਨ ਵਜੋਂ ਪਰਿਭਾਸ਼ਿਤ ਕਰਦਾ ਹੈ। ਇਹ ਚਿੰਤਨ ਮੁੱਖ ਰੂਪ ਵਿਚ ਦਲਿਤਾਂ, ਨਾਰੀਆਂ ਤੇ ਪਰਵਾਸੀਆਂ ਨੂੰ ਇਸ ਕੈਟੇਗਰੀ ਵਿਚ ਰੱਖ ਕੇ ਵਿਚਾਰਦਾ ਹੈ ਅਤੇ ਇਨ੍ਹਾਂ ਦੇ ਬੋਲਣ ਦੀ ਸੰਭਵਤਾ ਤੇ ਸੰਭਾਵਨਾ ਨੂੰ ਪ੍ਰਤੀਰੋਧ ਦੇ ਮੁਹਾਵਰੇ ਵਿਚ ਬੰਨ੍ਹਣ ਦੀ ਚੇਸ਼ਟਾ ਰੱਖਦਾ ਹੈ। ਤਕੜਿਆਂ ਦੀ ਜਾਤੀ-ਜਮਾਤੀ ਧੌਂਸ ਵਿਚ ਦਲੀ ਜਾ ਰਹੀ ਗਰੀਬ ਲੋਕਾਈ, ਪਿਤਰਕੀ ਦੇ ਮਰਿਯਾਦਾ ਤੰਤਰ ਵਿਚ ਪਿਸ ਰਹੀ ਨਾਰੀ ਅਤੇ ਪਰਾਏ ਮੁਲਕਾਂ ਤੇ ਬਿਗਾਨੇ ਲੋਕਾਂ ਵਿਚ ਹਾਸ਼ੀਏ ’ਤੇ ਵਿਚਰਦੇ ਪਰਵਾਸੀ, ਤਿੰਨੋਂ ਹੀ ਆਪਣੀਆਂ ਉਭਰਵੀਆਂ, ਨਿੱਖੜਵੀਆਂ ਪਛਾਣਾਂ ਸਮੇਤ ਬਲਦੇਵ ਸਿੰਘ ਗਰੇਵਾਲ ਦੀ ਕਹਾਣੀ ਦੇ ਪਾਤਰ ਹਨ। ਪਰ ਇਨ੍ਹਾਂ ਕਹਾਣੀਆਂ ਦਾ ਸਰਸਰੀ ਪਾਠ ਵੀ ਪਾਠਕ ਨੂੰ ਇਸ ਸਿੱਟੇ ’ਤੇ ਪਹੁੰਚਾਵੇਗਾ ਕਿ ਇਨ੍ਹਾਂ ਦਾ ਮਨੋਰਥ ਪਾਠਕ ਨੂੰ ਇਨ੍ਹਾਂ ਲੋਕਾਂ ਦੀ ਹੋਂਦ-ਸਥਿਤੀ ਬਾਰੇ ਬੌਧਿਕ ਤੌਰ ’ਤੇ ਜਾਗਰੂਕ ਕਰਨਾ ਜਾਂ ਉਨ੍ਹਾਂ ਪਾਤਰਾਂ ਦੀ ਹੋਂਦ-ਚੇਤਨਾ ਨੂੰ ਤਰਕ-ਵਿਤਰਕ ਦੀਆਂ ਸੋਝੀਆਂ ਨਾਲ ਲੈਸ ਕਰਨਾ ਨਹੀਂ। ਗਰੇਵਾਲ ਦੀਆਂ ਕਹਾਣੀਆਂ ਦੇ ਗਲਪੀ ਬਿੰਬ ਆਪਣੇ ਕਥਾਨਕ ਤੇ ਪਾਤਰਾਂ ਰਾਹੀਂ, ਜ਼ਿੰਦਗੀ ਦੇ ਵਰਤ-ਵਰਤਾਰਿਆਂ ਨੂੰ ਜਿਹੜੀ ਤਰਤੀਬ ਤੇ ਧੁਨੀ ਦੇ ਰਹੇ ਹਨ, ਉਹ ਸਾਨੂੰ ਦਮਿਤ ਆਵਾਜ਼ਾਂ ਨੂੰ ਜੀਵਨ ਦੇ ਅਤਿ-ਨਿਕਟੀ ਪ੍ਰਸੰਗਾਂ ਅਤੇ ਬਹੁ-ਕੋਣੀ ਸੰਦਰਭਾਂ ਵਿਚੋਂ ਵੇਖ਼ਣ, ਪਛਾਣਨ ਅਤੇ ਸਮਝਣ ਦੇ ਯੋਗ ਬਣਾ ਰਹੀ ਹੈ। ‘ਖੱਟੀ ਕਮਾਈ’, ‘ਜ਼ਖ਼ਮੀ ਹੱਥ’, ‘ਲੋਹ ਪੁਰਸ਼’, ‘ਸੀਤੇ ਬੁੱਲ੍ਹਾਂ ਦਾ ਸੁਨੇਹਾ’, ‘ਉਨਾਭੀ ਕੋਟ’, ‘ਤੋਚੀ’ ‘ਦੇਸ ਪਰਾਏ’ ਅਤੇ ‘ਝੂਠ’ ਵਰਗੀਆਂ ਕਈ ਕਹਾਣੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਉਸਦੀ ਕਹਾਣੀ ਬਿਗਾਨਿਆਂ ਹੱਥੋਂ ਹੀ ਨਹੀਂ, ਆਪਣਿਆਂ ਹੱਥੋਂ ਹੀ ਆਤੁਰ ਹੋਏ ਪਾਤਰਾਂ ਦੀ ਗਹਿਰੀ ਚੁੱਪ ਨੂੰ ਉਠਾਲਣ ਦਾ ਮਨੋਰਥ ਵੀ ਰੱਖਦੀ ਹੈ।
ਕਹਾਣੀਆਂ ਦੇ ਪ੍ਰਤੱਖਣ ਅਤੇ ਪਰਿਪੇਖ ਸੋਝੀ ਦੇ ਲਿਹਾਜ਼ ਨਾਲ ਵਿਚਾਰੀਏ ਤਾਂ ਗਰੇਵਾਲ ਦੇ ਬਿਰਤਾਂਤਕ ਮੂਡ ਦੀ ਮੁੱਖ ਟੇਕ ਹਨ-ਮਨੁੱਖੀ ਖ਼ਸਲਤਾਂ ਵਿਚ ਗੁੱਝੇ ਨਪੀੜੇ ਅਹਿਸਾਸ। ਆਪਣੇ ਪਾਤਰਾਂ ਨੂੰ ਜੀਵੰਤ ਚਰਿੱਤਰ ਪ੍ਰਦਾਨ ਕਰਨ ਲਈ, ਉਨ੍ਹਾਂ ਦੇ ਅਹਿਸਾਸਾਂ, ਜਜ਼ਬਿਆਂ ਦੇ ਹੋਂਦਵਾਨ ਹੋ ਸਕਣ ਦੀ ਗੁੰਜਾਇਸ਼ ਬਣਾਉਣ ਲਈ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਅਨੁਭਵੀ ਸੰਸਾਰ ਵਿਚ ਸਥਿਤ ਕਰਦਾ ਹੈ ਅਤੇ ਮਨੁੱਖੀ ਖ਼ਸਲਤਾਂ ਦੇ ਹੋਣ/ਥੀਣ ਦੀਆਂ ਹਰਕਤਾਂ/ਸੰਕਟਾਂ/ਸੰਭਾਵਨਾਵਾਂ ਨੂੰ ਉਨ੍ਹਾਂ ਦੇ ਨਿਕਟਵਰਤੀ ਰਿਸ਼ਤਿਆਂ ਦੇ ਤਣਾਓ ਜਾਂ ਇਕਸੁਰਤਾ ਵਿਚੋਂ ਤਲਾਸ਼ਦਾ ਹੈ। ਮਨੁੱਖੀ ਅਹਿਸਾਸਾਂ ਦੇ ਹਨਨ ਨੂੰ ਉਸਨੇ ਆਰਥਿਕ ਸਮਾਜਿਕ ਦਰਜਾਬੰਦੀਆਂ ਵਾਲੇ ਸੰਦਰਭਾਂ ਵਿਚ ਵੀ ਤਲਾਸ਼ਿਆ ਹੈ। ‘ਆਜ਼ਾਦ ਲੋਕ’ ਅਤੇ ‘ਦੇਸ਼ ਭਗਤ’ ਕਹਾਣੀਆਂ ਤਕੜਿਆਂ ਦੇ ਦਾਬੇ ਅਤੇ ਦਮਨ ਵਿਚ ਦਹਿਲੀਆਂ ਹੋਂਦਾਂ ਦੀ ਪ੍ਰਮਾਣਿਕ ਪੇਸ਼ਕਾਰੀ ਹਨ, ਪਰ ਪਰਵਾਸੀ ਅਨੁਭਵ ਅਤੇ ਮਰਦ-ਔਰਤ ਵਿਚਲੇ ਪਿਆਰ ਸੰਬੰਧ, ਯਕੀਨਨ, ਉਸਦੀ ਕਥਾ ਸੰਵੇਦਨਾ ਦੇ ਉਹ ਝਰੋਖੇ ਹਨ, ਜਿਨ੍ਹਾਂ ਦੀ ਬਦੌਲਤ ਉਸ ਦੇ ਬਿਰਤਾਂਤਕ ਮੂਡ ਨੇ ਬੜੀਆਂ ਜਾਨਦਾਰ ਕਹਾਣੀਆਂ ਲਿਖੀਆਂ ਹਨ।
ਇਸ ਸੰਗ੍ਰਹਿ ਦੀਆਂ 28 ਵਿਚੋਂ 17 ਕਹਾਣੀਆਂ ਦੀ ਪ੍ਰਤੱਖਣ ਭੂਮੀ ਪੰਜਾਬੀ ਬੰਦੇ ਦਾ ਪਰਵਾਸੀ ਅਨੁਭਵ ਹੈ। ਪਰਵਾਸੀ ਘਰ ਛੱਡਣ ਜਾਂ ਘਰ ਛੁਟਣ ਦੇ ਦੁੱਖ ਨਾਲ ਕਿਵੇਂ ਜੂਝਦਾ ਹੈ, ਉਸ ਦੀਆਂ ਸਿਮਰਤੀਆਂ ਉਸਦਾ ਸਾਰ ਅਤੇ ਭਾਰ ਕਿਵੇਂ ਬਣਦੀਆਂ ਹਨ, ਨਵੇਂ ਪਰਿਵੇਸ਼ ਵਿਚ ਉਸਦਾ ਅਨੁਕੂਲਣ ਉਸਨੂੰ ਕਿਹੋ ਜਿਹੀਆਂ ਘਾੜਤਾਂ ਵਿਚ ਪਾਉਂਦਾ ਹੈ ਅਤੇ ਕੀਮਤਾਂ ਦੇ ਦੋਹਰੇ ਪਰਿਪੇਖਾਂ ਵਿਚ ਪੰਜਾਬੀ ਖ਼ਸਲਤਾਂ ਕੀ ਗੁਆਉਂਦੀਆਂ ਤੇ ਕੀ ਪਾਉਂਦੀਆਂ ਹਨ, ਵਰਗੇ ਵਰਤਾਰਿਆਂ ਨੂੰ ਪ੍ਰਤੱਖਦਿਆਂ ਉਸਨੇ ਯਾਦਗਾਰੀ ਕਹਾਣੀਆਂ ਰਚੀਆਂ ਹਨ। ਪਰਵਾਸੀ ਦੇ ਘਰ ਛੱਡਣ ਅਤੇ ਘਰ ਛੁੱਟਣ ਦੇ ਅਹਿਸਾਸ ਨੂੰ ਅਜਿਹੇ ਬਿਰਤਾਂਤ ਵਿਚ ਬੰਨ੍ਹਣ ਪੱਖੋਂ ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ‘ਖੱਟੀ ਕਮਾਈ’ ਇੱਕ ਜ਼ਿਕਰਯੋਗ ਕਹਾਣੀ ਹੈ। ਕਹਾਣੀ ਦਾ ਮੈਂ ਪਾਤਰ ਪੰਜਾਬੀ ਪਰਵਾਸੀਆਂ ਦੀ ਉਸ ਪਹਿਲੀ ਪੀੜ੍ਹੀ ਦੀ ਪ੍ਰਤਿਨਿੱਧਤਾ ਕਰਦਾ ਹੈ, ਜਿਹੜੇ ਬਿਗਾਨੇ ਮੁਲਕਾਂ ਵਿਚ ਨਿਰੋਲ ਕਮਾਈਆਂ ਕਰਨ ਗਏ ਸਨ ਤੇ ਪਿਛਲੀ ਉਮਰੇ ਘਰ ਮੁੜਨ ਦਾ ਇਰਾਦਾ ਰੱਖਦੇ ਸਨ। ਇਸ ਕਹਾਣੀ ਦੇ ‘ਮੈਂ’ ਪਾਤਰ ਨੇ ਪਰਦੇਸ ਦੀਆਂ ਕਮਾਈਆਂ ਨਾਲ ਪਿਛਲਿਆਂ ਦੀ ਸਥਿਤੀ ਸੁਧਾਰੀ ਹੈ, ਜਾਇਦਾਦ ਬਣਾਈ ਹੈ। ਜਿਉਂ ਹੀ ਉਸਨੇ ਪਰਤਣਾ ਚਾਹਿਆ ਹੈ, ਉਸਦੇ ਸਕਿਆਂ ਨੇ ਉਸਨੂੰ ਜੱਦੀ ਜਾਇਦਾਦ ਤਾਂ ਕੀ, ਉਸਦੀ ਕਮਾਈ ਨਾਲ ਖਰੀਦੀ ਜਾਇਦਾਦ ਤੋਂ ਵੀ ਬਾਹਰ ਹੋਣ ਦਾ ਰਸਤਾ ਵਿਖਾ ਦਿੱਤਾ ਹੈ। ‘ਆਪਣਿਆਂ’, ‘ਸਕਿਆਂ’ ਦੀ ਢਾਰਸ ਜਿਸਨੇ ਉਸਨੂੰ ਪਰਦੇਸ਼ ਵਿਚ ਵੀ ਪਰਦੇਸੀ, ਬੇਵਤਨੇ, ਬੇਘਰੇ ਹੋਣ ਦੀ ਹੌਲਨਾਕ ਸਥਿਤੀ ਤੋਂ ਬਚਾਉਣਾ ਸੀ, ਦੇ ਬਿਨਸ ਜਾਣ ਦੀ ਅਕਹਿ ਵੇਦਨਾ ਨੂੰ ਪੋਂਹਦੀ ਬਿੰਬਕਾਰੀ ਦੇਣ ਪੱਖੋਂ ਇਹ ਕਹਾਣੀ ਮਿਸਾਲੀ ਹੈ। ਆਪਣੇ ਹੀ ਘਰੋਂ ਅਜਨਬੀ ਹੋ ਤੁਰਨ ਦੇ ਮਾਰਮਿਕ ਅਹਿਸਾਸਾਂ ਨੂੰ ਮਹਿਸੂਸਦੇ ਪਾਤਰ ਦੇ ਬੋਲ ਹਨ:
‘ਮੈਂ ਆਪਣਾ ਹੱਥ ਆਪਣੇ ਮੋਢੇ ’ਤੇ ਰੱਖਿਆ। ਬਾਪੂ ਦਾ ਬੁੱਢਾ ਹੱਥ ਟੋਲਿਆ ਪਰ ਉਹ ਤਾਂ ਉਥੇ ਹੈ ਹੀ ਨਹੀਂ ਸੀ। ਮੇਰਾ ਹਉਕਾ ਨਿੱਕਲ ਗਿਆ। ਮੈਂ ਅੱਖਾਂ ਖੋਲ੍ਹੀਆਂ। ਪਹਿਲੀ ਵਾਰ ਤੋਰਨ ਆਏ ਇਕ ਇਕ ਨੂੰ ਅਲਵਿਦਾ ਆਖੀ ਤੇ ਪਿੱਛੇ ਵੱਲ ਪਿੱਠ ਕਰਕੇ ਤੁਰ ਪਿਆ। ਮੈਂ ਕਈ ਵਾਰ ਪਿੱਛੇ ਮੁੜ ਕੇ ਵੇਖਿਆ। ਪਰ ਮਾਂ ਤਾਂ ਕਿਤੇ ਵੀ ਖਲੋਤੀ ਨਹੀਂ ਸੀ।’
ਮੋਹ-ਸ੍ਰੋਤਾਂ ਦੇ ਮੁਕੰਮਲ ਤੌਰ ਤੇ ਬਿਨਸ ਜਾਣ, ਮੂਲ ਵਾਸ ਤੋਂ ਮੋਹ-ਭੰਗ ਹੋਣ ਦੀ ਇਹ ਸਰਾਪੀ ਸਥਿਤੀ, ਮੋਹ ਦੇ ਰਿਸ਼ਤਿਆਂ ਦੀ ਥਾਂ ਗਰਜ਼ਾਂ ਦੇ ਰਿਸ਼ਤਿਆਂ ਦਾ ਇਹ ਨੰਗਾ ਸੱਚ ਪਰਵਾਸੀ ਨੂੰ ਆਪਣੀ ਅਸਲ ਤੇ ਤ੍ਰਾਸਦਿਕ ਹੋਣੀ ਤੋਂ ਵਾਕਫ਼ ਕਰਵਾਉਂਦਾ ਹੈ।
‘ਖੱਟੀ ਕਮਾਈ’ ਜੇ ਮੂਲਵਾਸ ਵੱਲੋਂ ਹਾਸ਼ੀਏ ਤੇ ਧਕੇਲੇ ਪਰਵਾਸੀ ਦੇ ‘ਸੀਤੇ ਬੁੱਲ੍ਹਾਂ’ ਦੀ ਕਹਾਣੀ ਹੈ ਤਾਂ ‘ਲੋਹ ਪੁਰਸ਼’, ‘ਰਜਨੀ’, ‘ਕਰਜ਼’, ‘ਸੀਤੇ ਬੁੱਲ੍ਹਾਂ ਦਾ ਸੁਨੇਹਾ’, ਡਾਇਸਪੋਰਿਕ ਪਰਿਵੇਸ਼ ਦੇ ਪ੍ਰਭਾਵਾਂ/ਦਬਾਵਾਂ ਹੇਠ ਨਵੀਆਂ ਘਾੜਤਾਂ ਵਿਚ ਪਈਆਂ ਪਰਵਾਸੀ ਪੰਜਾਬੀ ਸ਼ਨਾਖਤਾਂ ਦੀਆਂ ਕਹਾਣੀਆਂ ਹਨ। ‘ਲੋਹ ਪੁਰਸ਼’ ਕਹਾਣੀ ਦਾ ਕਥਾ ਨਾਇਕ ਸੂਬੇਦਾਰ ਬਿਸ਼ਨ ਸਿੰਘ ਡਾਇਸਪੋਰਿਕ ਪਰਿਵੇਸ਼ ਵਿਚ ਆਪਣੇ ਹੱਥੀਂ ਉਸਾਰੇ ਆਪਣੇ ਹੀ ਘਰ ਵਿਚ, ਆਪਣੇ ਹੀ ਜੀਆਂ ਵਿਚ ਆਪਣੇ ਆਪ ਨੂੰ, ਆਪਣੀ ਥਾਂ ਨੂੰ ਪਛਾਣਨ ਦੇ ਔਖੇ ਅਭਿਆਸ ਵਿਚੋਂ ਗੁਜ਼ਰ ਰਿਹਾ ਹੈ। ਉਹ ਇੰਡੀਅਨ ਆਰਮੀ ਵਿਚੋਂ ਪੈਨਸ਼ਨ ਲੈਣ ਉਪਰੰਤ ਅਮਰੀਕਾ ਪਹੰੁਚਿਆ ਹੈ। ਸੰਘਰਸ਼ ਉਪਰੰਤ ਚੰਗੇ ਜੀਵਨ ਤੇ ਸੁਰੱਖਿਅਤ ਭਵਿੱਖ ਦੇ ਆਨੰਦ ਪ੍ਰਤਿ ਆਸਥਾ ਰੱਖ ਕੇ ਉਹ ਬਾਰਾਂ ਬਾਰਾਂ ਘੰਟੇ ਯੈਲੋ ਕੈਬ ਚਲਾਉਂਦਾ ਰਿਹਾ ਹੈ। ਆਪਣੇ ਪੁੱਤਰ ਨੂੰ ਇੰਜੀਨੀਅਰ ਬਣਾ ਕੇ ਅਤੇ ਆਪਣੇ ਹੀ ਕਲਚਰ ਵਿਚ ਵਿਆਹ ਕੇ ਉਹ ਜੱਗ ਜਿੱਤ ਲੈਣ ਵਾਲੀ ਸ਼ੋਭਾ ਅਤੇ ਖੁਸ਼ੀ ਮਹਿਸੂਸ ਕਰਨਾ ਚਾਹੁੰਦਾ ਹੈ। ਪਰ ਉਸਦੇ ਨੂੰਹ-ਪੁੱਤ ਦੇ ਨਿੱਤ ਹੁੰਦੇ ਕਲੇਸ਼ ਉਪਰੰਤ ਟੁੱਟੇ ਘਰ ਨੇ ਉਸਦੇ ਆਪਣੇ ਸਾਵੇਂ, ਸੁਖਾਵੇਂ ਬੁਢਾਪੇ ਦੇ ਸੁਪਨਿਆਂ ਅਤੇ ਦਾਅਵਿਆਂ ਤੇ ਹੀ ਕਾਲਖ਼ ਨਹੀਂ ਪੋਤੀ, ਉਸਦੇ ਜਾਨ ਤੋਂ ਪਿਆਰੇ ਪੋਤੇ ਸੋਨੂੰ ਨੂੰ ਵੀ ਮਤ੍ਰੇਏ ਪਿਓ, ਮਤ੍ਰੇਏ ਭੈਣ-ਭਰਾਵਾਂ ਵਾਲੇ ਨਰਕ ਕੁੰਡ ਵਿਚ ਸੁੱਟ ਦਿੱਤਾ ਹੈ। ਬੁੱਢੀ ਉਮਰੇ ਸਟੀਲ ਦੇ ਗੋਡੇ ਪੁਆ ਕੇ ਉਠਿਆ ਸੂਬੇਦਾਰ ਆਪਣੇ ਪੋਤੇ ਸੋਨੂੰ ਨੂੰ ਭੰਵਰ ਵਿਚੋਂ ਕੱਢਣ ਲਈ, ਪੜ੍ਹਾ-ਲਿਖਾ ਕੇ ਵਧੀਆ ਭਵਿੱਖ ਦੇਣ ਲਈ ਆਪਣੇ ਆਪ ਨੂੰ ਇੱਕ ਵਾਰ ਫਿਰ ਹੌਂਸਲੇ ਵਿਚ ਲਿਆਉਂਦਾ ਹੈ, ‘ਲੋਹ ਪੁਰਸ਼’ ਬਣਨਾ ਚਾਹੰੁਦਾ ਹੈ। ਪਰ ਸੋਨੂੰ ਦੀ ਮਾਂ ਦੀ ਵਰਜਣਾ ਉਸਤੋਂ ਇਹ ਸੁਪਨਾ, ਇਹ ਮਕਸਦ, ਇਹ ਕਲੇਮ ਇਕ ਝਟਕੇ ਨਾਲ ਖੋਹ ਲੈਂਦੀ ਹੈ। ਪੰਜਾਬੀ ਪਰਿਵਾਰ ਦੇ ਮੁਖੀ ਦਾ ਜਿਹੜਾ ਤਸੱਵਰ ਸੂਬੇਦਾਰ ਦੇ ਜ਼ਿਹਨ ਵਿਚ ਵੱਸਿਆ ਹੋਇਆ ਹੈ, ਉਸਦੇ ਸਾਰੇ ਹੱਕ, ਫ਼ਰਜ਼, ਸੁਪਨੇ, ਦਾਅਵੇ ਖਿੰਡ ਜਾਂਦੇ ਹਨ। ਯਾਦਾਂ ਸਿਮਰਤੀਆਂ ਵਿਚ ਉਸ ਕੋਲ ਪਰਿਵਾਰ ਦੇ ਮੁਖੀ ਦਾ ਜਿਹੜਾ ਬਿੰਬ ਹੈ, ਉਹ ਬਿੰਬ ‘ਡਿਊਢੀ ਵਿਚ ਬੈਠੇ’, ‘ਹੱਡੀਆਂ ਦੀ ਮੁੱਠ’ ਆਪਣੇ ਬਾਬੇ ਦਾ ਹੈ, ਜਿਸਦੇ ਇਕ ਖੰਘੂਰੇ ਨਾਲ ਸਾਰਾ ਟੱਬਰ ਕੰਬ ਜਾਂਦਾ ਸੀ ਤੇ ਜਿਸਦੀ ਆਖੀ ਗੱਲ ਖ਼ਾਨਦਾਨ ਦੇ ਹਰ ਜੀਅ ਲਈ ਕਾਨੂੰਨ ਹੁੰਦੀ ਸੀ। ਉਥੇ ਉਸਦੇ ਪੋਤੇ ਸੋਨੂੰ ਦੀ ਮਾਂ ਉਸਨੂੰ ਪੁੱਛ ਰਹੀ ਹੈ ‘ਤੁਸੀਂ ਕੌਣ ਹੁੰਦੇ ਓ ਉਸਦੀ ਫ਼ਿਕਰ ਕਰਨ ਵਾਲੇ।’ ਇਨ੍ਹਾਂ ਨਵੀਆਂ ਘਾੜਤਾਂ, ਸਥਿਤੀਆਂ ਵਿਚ ਪਰਿਵਾਰ ਦੇ ਮੁਖੀ ਵੱਜੋਂ ਉਸਦੇ ਪੱਲੇ ਵਿਚ ਜੋ ਪੈ ਰਿਹਾ ਹੈ, ਉਹ ਹੈ ਬੇਦਖਲੀ, ਬੇਬਸੀ, ਵਿਚਾਰਗੀ, ਅਲਹਿਦਗੀ ਤੇ ਅੰਨ੍ਹਾ ਬੋਲਾ ਸੱਖਣਾਪਣ।
ਬਲਦੇਵ ਸਿੰਘ ਗਰੇਵਾਲ ਇਨ੍ਹਾਂ ਕਹਾਣੀਆਂ ਵਿਚ ਮੂਲ ਘਰ ਜਾਂ ਡਾਇਸਪੋਰਿਕ ਪਰਿਵੇਸ਼ ਵਿਚ ਘਰ ਵਰਗਾ ਸਭ ਕੁਝ ਭਾਲਦੇ ਬੰਦੇ ਦੀ ਬੇਬਸੀ ਨੂੰ ਜਾਂ ਨਿਰਮੋਹੇ ਜੀਆਂ ਕਰਕੇ ਪੰਜਾਬੀ ਘਰ ਪਰਿਵਾਰਾਂ ਦੇ ਸੁਹਜ ਸਲੀਕੇ ਨੂੰ ਲੱਗ ਰਹੇ ਖਸਾਰਿਆਂ ਦੀ ਬਾਤ ਪਾ ਰਿਹਾ ਹੈ ਤਾਂ ਇਸਦਾ ਭਾਵ ਇਹ ਕਦਾਚਿੱਤ ਨਹੀਂ ਕਿ ਪੰਜਾਬੀ ਘਰ-ਪਰਿਵਾਰਾਂ ਦੀਆਂ ਕਦਰਾਂ-ਕੀਮਤਾਂ ਜਾਂ ਮਰਯਾਦਾਵਾਂ ਉਸ ਲਈ ਨਿਰਪੇਖ ਆਦਰਸ਼ ਹਨ ਬਲਕਿ ਪੰਜਾਬੀ ਪਿਤਰਕੀ ਦੇ ਬੰਦ ਵਿਧਾਨਕ ਅਤੇ ਗਲਘੋਟੂ ਵਿਧੀ-ਵਿਧਾਨਾਂ ਨੂੰ ਉਸਨੇ ਇੱਕ ਤੋਂ ਵੱਧ ਕਹਾਣੀਆਂ ਵਿਚ ਨਸ਼ਰ ਕੀਤਾ ਹੈ। ‘ਅਰਥ ਗੁਆ ਚੁੱਕੇ ਬੋਲ’, ‘ਰਜਨੀ’, ‘ਦੇਸ ਪਰਾਏ’, ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਵਰਗੀਆਂ ਕਈ ਕਹਾਣੀਆਂ ਵਿਚ ਉਹ ਪੰਜਾਬੀ ਪਰਿਵਾਰਾਂ ਵਿਚ ਧੀਆਂ ਲਈ ਮਰਿਯਾਦਾਵਾਂ ਦੇ ਰੂਪ ਵਿਚ ਰੱਚੜ ਹੋ ਚੁੱਕੇ ਹੱਕਾਂ ਤੇ ਅਧਿਕਾਰਾਂ ਨੂੰ ਨਵੇਂ ਪ੍ਰਸੰਗਾਂ, ਸੰਦਰਭਾਂ ਦੀ ਤੁਲਨਾ ਵਿਚ ਪੜ੍ਹ ਕੇ ਵਿਖਾਉਂਦਾ ਹੈ ਅਤੇ ਉਨ੍ਹਾਂ ਦੇ ਗ਼ਲਤ, ਕੁਰੱਖਤ, ਪੱਖਪਾਤੀ ਤੇ ਦੁਖਾਂਤਕ ਹੋਣ ਦਾ ਖੌਰੂ ਇਨ੍ਹਾਂ ਨੂੰ ਲਾਗੂ ਕਰਨ ਵਾਲਿਆਂ ਦੇ ਮਨ ਵਿਚ ਹੀ ਮਚਾਉਂਦਾ ਹੈ। ਇਨ੍ਹਾਂ ਕਹਾਣੀਆਂ ਦੀਆਂ ਨਾਇਕਾਵਾਂ ਚੁੱਪ ਪਰ ਆਪਣੇ ਫੈਸਲੇ ਤੇ ਅਡੋਲ ਰਹਿ ਕੇ ਪਿਤਰਕੀ ਤੰਤਰ ਦੀ ਅਵੈਧਤਾ ਦਾ ਸੁਨੇਹਾ ਦਿੰਦੀਆਂ ਹਨ।
ਡਾਇਸਪੋਰਿਕ ਪਰਿਵੇਸ਼ ਵਿਚੋਂ ਅਰਜਿਤ ਕੀਤੀ ਦੋਹਰੀ ਦ੍ਰਿਸ਼ਟੀ ਦਾ ਲਾਭ ਲੈਂਦਿਆਂ ਉਸਨੇ ਪਿਤਰਕੀ ਨੂੰ ਸਿਰਫ਼ ਨਾਰੀ ਦੇ ਹਵਾਲੇ ਨਾਲ ਹੀ ਨਹੀਂ, ਪੰਜਾਬੀ ਮਰਦ ਦੀਆਂ ਮਰਿਯਾਦਿਤ ਘਾੜਤਾਂ ਦੀਆਂ ਘਾਟਾਂ ਅਤੇ ਕਮੀਆਂ ਦੇ ਪ੍ਰਸੰਗ ਵਿਚ ਵੀ ਪੜ੍ਹਿਆ ਹੈ। ‘ਜ਼ਖ਼ਮੀ ਹੱਥ’ ਕਹਾਣੀ ਇਸ ਪ੍ਰਥਾਇ ਇੱਕ ਮਾਅਨੇਖੇਜ਼ ਗਲਪੀ ਬਿੰਬ ਸਿਰਜਦੀ ਹੈ। ਸਾਰੀ ਉਮਰ ਆਗਿਆਕਾਰੀ ਪੁੱਤਰ, ਵਫ਼ਾਦਾਰ ਪਤੀ ਅਤੇ ਜ਼ੁੰਮੇਵਾਰ ਪਿਓ ਵਜੋਂ ਵਿਚਰਿਆ ਇਸ ਕਹਾਣੀ ਦਾ ਨਾਇਕ 65 ਸਾਲ ਦੀ ਉਮਰ ਵਿਚ ਜਦੋਂ ਦੁਬਾਰਾ ਵਿਆਹ ਕਰਨ ਦਾ ਫੈਸਲਾ ਲੈਂਦਾ ਹੈ ਤਾਂ ਘਰੋਂ-ਘਰੀਂ ਤੜੀ, ਘੁੱਗ ਵੱਸਦੀ ਸਾਰੀ ਰਿਸ਼ਤੇਦਾਰੀ ਨਮੋਸ਼ੀ ਮੰਨਦੀ ਹੈ। ਹਾਲਾਂਕਿ ਉਸਦੀ ਪਤਨੀ ਨੂੰ ਮਰਿਆਂ 15 ਸਾਲ ਹੋ ਚੁੱਕੇ ਹਨ ਅਤੇ ਬੱਚੇ ਵਿਆਹੇ ਜਾ ਚੁੱਕੇ ਹਨ। ਕਥਾਨਕੀ ਵੇਰਵੇ ਦੱਸਦੇ ਹਨ ਕਿ ਕਹਾਣੀ ਦਾ ਇਹ ਹੋਣਹਾਰ ਨਾਇਕ ਪਹਿਲੀ ਉਮਰੇ ਪੜ੍ਹਨਾ ਚਾਹੁੰਦਾ ਸੀ। ਪਰ ਘਰ ਦੀਆਂ, ਖੇਤੀ ਦੀਆਂ ਲੋੜਾਂ ਅਤੇ ਪਿਓ ਦੀ ਮਰਜ਼ੀ ਕਰਕੇ ਉਸਨੂੰ ਖੇਤੀ ਕਰਨੀ ਪਈ। ਜਵਾਨੀ ਵਿਚ ਉਸਦਾ ਕਿਸੇ ਕੁੜੀ ਨਾਲ ਪਿਆਰ ਹੋਇਆ ਪਰ ਪਿਓ ਦੇ ਮੁਗਲਈ ਫ਼ੁਰਮਾਨ ਕਰਕੇ ਉਸਨੂੰ ਆਪਣੀ ਚਾਹਤ ਤਿਆਗਣੀ ਪਈ। ਪਤਨੀ ਨਾਪਸੰਦ ਹੋਣ ਦੇ ਬਾਵਜੂਦ ਉਹ ਉਸ ਨਾਲ ਨਿਭਿਆ ਤੇ ਉਸਦੇ ਮਰਨ ਉਪਰੰਤ ਬੱਚਿਆਂ ਦੀ ਜ਼ੁੰਮੇਵਾਰੀ ਬੜੀ ਵਫ਼ਾਦਾਰੀ ਨਾਲ ਨਿਭਾਈ। ਬੱਚੇ ਵਿਆਹ ਕਰਵਾ ਕੇ ਆਪੋ-ਆਪਣੇ ਘਰੀਂ ਚਲੇ ਗਏ ਤੇ ਉਹ ਬਿਲਕੁਲ ਇਕੱਲਾ ਰਹਿ ਗਿਆ। ਪਰ ਜਿਉਂ ਹੀ ਉਸਨੇ ਆਪਣੇ ਬਾਰੇ ਸੋਚਦਿਆਂ ਦੂਜੇ ਵਿਆਹ ਦਾ ਫ਼ੈਸਲਾ ਲਿਆ, ਸਾਰੀ ਰਿਸ਼ਤੇਦਾਰੀ ਪੰਚਾਇਤ ਬਣ ਆ ਢੁਕੀ, ਉਸਨੂੰ ਸਮਝਾਉਣ ਕਿ ਇਹ ਵੇਲਾ ਭਜਨ ਬੰਦਗੀ ਦਾ ਹੈ, ਕੁਲ ਨੂੰ ਕਲੰਕ ਲਾਉਣ ਦਾ ਨਹੀਂ। ਪਰ ਗਰੇਵਾਲ ਨੇ ਇਨ੍ਹਾਂ ਵੇਰਵਿਆਂ ਨੂੰ ਜਿਹੜੀ ਬਿਰਤਾਂਤਕ ਗੁਲਾਈ ਦਿੱਤੀ ਹੈ ਉਹ ਸਾਡੀ ਮਰਿਯਾਦਿਤ ਜੀਵਨ ਜਾਚ ਦੀਆਂ ਉਨ੍ਹਾਂ ਊਣਤਾਈਆਂ ਤੇ ਜਕੜਾਂ ਨੂੰ ਨਸ਼ਰ ਕਰਦੀ ਹੈ, ਜਿਹੜੀਆਂ ਬੰਦੇ ਦੇ ਸਿਰਜਣਾਤਮਕ ਆਪੇ ਦਾ ਗਲਾ ਘੁੱਟ ਕੇ ਰੱਖਦੀਆਂ ਹਨ। ਕਹਾਣੀ ਇਨ੍ਹਾਂ ਦਮਘੋਟੂ, ਦਕਿਆਨੂਸੀ ਸਿਊਣਾ ਦੇ ਬਖੀਏ ਬਾਖ਼ੂਬੀ ਉਧੇੜਦੀ ਹੈ।
ਬਲਦੇਵ ਸਿੰਘ ਗਰੇਵਾਲ ਦੀ ਡਾਇਸਪੋਰਿਕ ਪਰਿਵੇਸ਼ ਵਿਚੋਂ ਅਰਜਿਤ ਕੀਤੀ ਦੋਹਰੀ ਦ੍ਰਿਸ਼ਟੀ ਵਾਲੀ ਕਥਾ ਸੰਵੇਦਨਾ ਪੰਜਾਬੀ ਸ਼ਨਾਖ਼ਤਾਂ ਵਿਚ ਪੰਜਾਬੀਅਤ ਦੀ ਵੱਖਰੀ ਤੇ ਵਸ਼ਿਸ਼ਟ ਪਛਾਣ ਬਣਾਉਣ ਵਾਲੀਆਂ ਖ਼ਸਲਤਾਂ ਦੀ ਬਰਕਰਾਰੀ ਵੀ ਚਾਹੁੰਦੀ ਹੈ ਪਰ ਪਿਤਰਕੀ ਦੀਆਂ ਦਕਿਆਨੂਸੀ ਰੱਚੜਤਾਵਾਂ ਦੇ ਤਿਆਗ ਦਾ ਸੁਨੇਹਾ ਵੀ ਦਿੰਦੀ ਹੈ। ਉਸਦੇ ਖੁੱਲ੍ਹੇ ਅਤੇ ਸੰਵਾਦੀ ਬਿਰਤਾਂਤਕ ਮੂਡ ਦਾ ਇੱਕ ਪ੍ਰਮਾਣ ਇਹ ਵੀ ਹੈ ਕਿ ਇਸ ਸੰਗ੍ਰਹਿ ਦੀਆਂ ਪੰਜ ਕਹਾਣੀਆਂ ਦਾ ਨਾਇਕਤਵ ਵਿਦੇਸ਼ੀ ਪਾਤਰਾਂ ਕੋਲ ਹੈ ਅਤੇ ਇਹ ਉਹ ਪਾਤਰ ਹਨ ਜਿਹੜੇ ਸਾਡੀ ਵਿਦੇਸ਼ੀਆਂ ਪ੍ਰਤੀ ਇੱਕ ਪੱਖੀ ਤੇ ਅੰਤਮ ਪੱਖੀ ਰਾਏ ਨੂੰ ਹੀ ਨਹੀਂ, ਸਾਡੇ ਜ਼ਿੰਦਗੀ ਜਿਊਣ ਦੇ ਢੰਗ ਪ੍ਰਤਿ ਰਾਏ ਬਦਲਣ ਦੀ ਤੌਫੀਕ ਵੀ ਰੱਖਦੇ ਹਨ। ‘ਉਸ ਦਾ ਨਾਂ’, ‘ਲਿਜ਼ਾ’, ‘ਫੈਸਲਾ’, ‘ਅਰਥ ਗੁਆ ਚੁੱਕੇ ਬੋਲ’, ‘ਰਜਨੀ’, ‘ਕਰਜ਼’ ਕਹਾਣੀਆਂ ਵਿਚ ਪੰਜਾਬੀ ਪਾਤਰ ਦੇ ਸੰਪਰਕ ਵਿਚ ਆਏ ਵਿਦੇਸ਼ੀ ਪਾਤਰ ਆਪਣੇ ਜ਼ਿੰਦਗੀ ਜਿਊਣ ਦੇ ਸਲੀਕੇ ਰਾਹੀਂ ਕਹਾਣੀ ਵਿਚਲੇ ਪਾਤਰਾਂ ਦਾ ਦ੍ਰਿਸ਼ਟੀਕੋਣ ਹੀ ਨਹੀਂ ਬਦਲਦੇ, ਪਾਠਕ ਨੂੰ ਵੀ ਸੁਹਿਰਦ, ਵੱਡੇ, ਖੁੱਲ੍ਹੇ ਤੇ ਮਾਨਵੀ ਹੋਣ ਲਈ ਪ੍ਰੇਰਦੇ ਹਨ।
ਗਰੇਵਾਲ ਦੀ ਸਾਹਿਤ ਸੰਵੇਦਨਾ ਮਨੁੱਖੀ ਰਿਸ਼ਤਿਆਂ ਵਿਚਲੇ ਮੋਹ-ਮਾਣ, ਭਰੋਸਗੀ, ਰਵਾਦਾਰੀ ਅਤੇ ਪ੍ਰਤਿਬੱੱਧਤਾ ਦੀ ਸ਼ੈਦਾਈ ਹੈ। ਰਿਸ਼ਤਿਆਂ ਵਿਚ ਨਿਭਣ-ਨਿਭਾਉਣ ਦਾ ਸੁਹਜ ਸਲੀਕਾ, ਰਿਸ਼ਤਿਆਂ ਵਿਚਲੀ ਪਾਕੀਜ਼ਗੀ ਦਾ ਮਹਾਤਮ ਉਸ ਦੀਆਂ ਕਹਾਣੀਆਂ ਵਿਚ ਆਦਰਸ਼ ਗ੍ਰਹਿਣ ਕਰਦਾ ਵੀ ਜਾਪਦਾ ਹੈ। ‘ਮੁਕਲਾਵਾ’ ਕਹਾਣੀ ਵਿਚ ਨਿਆਜ਼ ਤੇ ਨਾਮੋ, ‘ਬੱਟੂਆ’ ਕਹਾਣੀ ਵਿਚਲੀ ਮਾਸੀ, ‘ਝੂਠ’ ਕਹਾਣੀ ਵਿਚ ਰਮਤਾ ਬਣੇ ਚਰਨ, ‘ਸੂਹਾ ਸਾਲੂ’ ਵਿਚਲੀ ਸੀਤੋ ਜਾਂ ‘ਫ਼ੈਸਲਾ’ ਕਹਾਣੀ ਦੀ ਪਾਤਰ ਪੰਮੀ ਦਾ ਪਿਆਰ ਵੀ, ਕਿਰਦਾਰ ਵੀ ਆਦਰਸ਼ਕ ਹੀ ਜਾਪਦਾ ਹੈ। ਇਨ੍ਹਾਂ ਤੋਂ ਇਲਾਵਾ ਵੀ ਹੋਰ ਕਈ ਕਹਾਣੀਆਂ ਵਿਚ ਆਪਣੇ ਪਾਤਰਾਂ ਨੂੰ ਚਰਿੱਤਰ ਪ੍ਰਦਾਨ ਕਰਨ ਲਈ ਉਸਨੇ ਮਰਦ-ਔਰਤ ਸੰਬੰਧ ਪਿਆਰ ਦਾ ਉਚ ਪ੍ਰਤਿਮਾਨ ਪਾ ਕੇ ਘੜੇ ਹਨ। ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਗਰੇਵਾਲ ਨੇ ਆਪਣੀਆਂ ਕਹਾਣੀਆਂ ਵਿਚ ਮੋਹ ਪਿਆਰ ਦੇ ਥੀਮ ਨੂੰ ਇਨਸਾਨ ਹੋਣ ਦੀ ਜਾਮਨੀ ਵੱਜੋਂ ਐਨਕੋਡ ਕੀਤਾ ਹੈ। ਏਸੇ ਲਈ ਇਸ ਸੰਗ੍ਰਹਿ ਦੀਆਂ 16 ਕਹਾਣੀਆਂ ਵਿਚ ਦੁਹਰਾਈ ਪਹਿਲੇ ਪਿਆਰ ਦੀ ਕਥਾ ਰੂੜੀ ਉਸਦੀ ਕਥਾ ਚੇਤਨਾ ਨੂੰ ਵੱਖਰੇ ਤੌਰ ’ਤੇ ਡੀਕੋਡ ਕਰਨ ਦਾ ਸਬੱਬ ਵੀ ਪ੍ਰਦਾਨ ਕਰਦੀ ਹੈ। ਪਹਿਲੇ ਪਿਆਰ ਦੀ ਰੂੜੀ ਨੂੰ ਉਸਦੀ ਕਥਾ ਚੇਤਨਾ ਆਪਣੇ ਪਾਤਰਾਂ ਦੀ ਸਾਫ਼-ਸ਼ਫ਼ਾਫ਼ ਪਾਰਗਾਮੀ ਚੇਤਨਾ ਦੇ ਲਿਸ਼ਕਾਰੇ ਹੁੰਗਾਰੇ ਵਜੋਂ ਹੀ ਨਹੀਂ ਨਿਹਾਰਦੀ, ਚੇਤਨਾ ਦੇ ਇਸ ਪਲ ਨੂੰ ਉਸਦੀ ਸਜਿੰਦਤਾ ਤੇ ਅਮਰਤਾ ਸਮੇਤ ਸਾਂਭਣ ਦਾ ਉਪਰਾਲਾ ਵੀ ਕਰਦੀ ਹੈ। ਇਸੇ ਕਰਕੇ ਸਿਮਰਤੀਆਂ ਉਸਦੀ ਕਹਾਣੀ ਦੀ ਸੰਚਾਰ ਜੁਗਤ ਦਾ ਅਹਿਮ ਹਿੱਸਾ ਬਣਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਿਆਰ ਅਤੇ ਕਿਰਦਾਰ ਆਦਰਸ਼ਕ ਵੀ ਇਸੇ ਕਰਕੇ ਲਗਦੇ ਹਨ ਕਿ ਫਰੀਜ਼ ਹੋਈਆਂ ਯਾਦਾਂ ਚਿਤਵਣ ਦੀ ਕੁਠਾਲੀ ਵਿਚ ਪੈ ਕੇ ਹੋਰ ਨਿੱਜੀ, ਹੋਰ ਸਾਫ਼-ਸ਼ਫਾਫ ਅਤੇ ਹੋਰ ਪਾਕ-ਪਵਿੱਤਰ ਹੋ ਗਈਆਂ ਹਨ।
ਦ੍ਰਿਸ਼ਟੀ ਅਤੇ ਸੰਚਾਰ ਦੇ ਹਵਾਲੇ ਨਾਲ ਹੀ ਗਰੇਵਾਲ ਦੀ ਕਹਾਣੀ ਕਲਾ ਦਾ ਇਕ ਹੋਰ ਨਿਖੜਵਾਂ ਪਹਿਲੂ ਉਸਦਾ ਨਾਰੀ ਪਾਤਰਾਂ ਨੂੰ ਬਿਰਤਾਂਤਕ ਕਰਿੰਦੇ ਬਣਾਉਣਾ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ 28 ਕਹਾਣੀਆਂ ਵਿਚੋਂ 22 ਕਹਾਣੀਆਂ ਦਾ ਨਾਇਕਤਵ ਨਾਰੀ ਪਾਤਰਾਂ ਕੋਲ ਹੈ। ਅੱਠ ਕਹਾਣੀਆਂ (ਸੀਤੇ ਬੁੱਲਾਂ ਦਾ ਸੁਨੇਹਾ, ਰਜਨੀ, ਉਨਾਭੀ ਕੋਟ, ਲਿਜ਼ਾ, ਇਕ ਵਾਰ ਫਿਰ, ਯੈਲੋ ਕੈਬ, ਦੇਸ ਪਰਾਏ, ਝੂਠ) ਵਿਚ ਕਹਾਣੀ ਦਾ ਵਕਤਾ ਵੀ ਅਤੇ ਕਹਾਣੀ ਦਾ ਮੁੱਖ ਪਾਤਰ ਵੀ ਨਾਰੀ ਹੈ। 14 ਕਹਾਣੀਆਂ (ਮਹਿਕ ਦੀ ਮੌਤ, ਰਖਵਾਲਾ, ਤੋਚੀ, ਦੇਸ਼ ਭਗਤ, ਗੰਢ, ਮੁੱਲ ਦੀ ਤੀਮੀਂ, ਮੂਰਖ਼ਤਾ, ਮੁਕਲਾਵਾ, ਇਨਸਾਫ਼, ਬਟੂਆ, ਐਕਸੀਡੈਂਟ, ਸੂਹਾ ਸਾਲੂ, ਫ਼ੈਸਲਾ, ਅਰਥ ਗੁਆ ਚੁੱਕੇ ਬੋਲ) ਵਿਚ ਕਹਾਣੀ ਦਾ ਵਕਤਾ ਭਾਵੇਂ ਮਰਦ ਹੈ ਪਰ ਨਾਇਕਤਵ ਨਾਰੀ ਕੋਲ ਹੈ। ‘ਸੀਤੇ ਬੁੱਲਾਂ’ ਦੇ ਸੁਨੇਹਿਆਂ ਦੀ ਸੰਭਵਤਾ ਅਤੇ ਸੰਭਾਵਨਾ ਨੂੰ ਗਾਖਦਿਆਂ ਸ਼ਾਇਦ ਇਹ ਕਹਾਣੀਕਾਰ ਦੀ ਸੁਚੇਤ ਜੁਗਤ ਵੀ ਹੈ। ਪਿਤਰਕੀ ਦੁਆਰਾ ਘੜੀਆਂ ਮਰਿਆਯਾਵਾਂ, ਬੰਦਿਸ਼ਾਂ, ਮਨਾਹੀਆਂ, ਤਾਕੀਦਾਂ, ਧੋਖੇ, ਜ਼ਬਰ ਜਨਾਹ ਵਰਗੀਆਂ ਸਾਰੀਆਂ ਸਮਾਜਿਕ ਸਭਿਆਚਾਰਕ ਪ੍ਰੈਕਟਿਸਾਂ, ਜਿਹੜੀਆਂ ਨਾਰੀ ਨੂੰ ਆਪਣੇ ਆਪ ਨੂੰ ਨਿਸਹੋਂਦ ਤਸਲੀਮ ਕਰ ਖਾਮੋਸ਼ ਰਹਿਣ ਦਾ ਸਬਕ ਪੜ੍ਹਾਉਂਦੀਆਂ ਹਨ, ਇਨ੍ਹਾਂ ਕਹਾਣੀਆਂ ਦੇ ਕਥਾਨਕੀ ਵੇਰਵਿਆਂ ਦਾ ਵੀ ਹਿੱਸਾ ਹਨ ਪਰ ਗਰੇਵਾਲ ਆਪਣੀਆਂ ਕਹਾਣੀਆਂ ਵਿਚਲੇ ਨਾਰੀ ਪਾਤਰਾਂ ਨੂੰ ਨਿਗਰ ਅਸਤਿਤਵ ਬਖ਼ਸ਼ਦਾ ਹੈ, ਉਨ੍ਹਾਂ ਨੂੰ ਹੋਂਦਵਾਨ ਬਣਾਉਂਦਾ ਹੈ। ਬਿਨਾ ਲਾਊਡ ਹੋਏ ਉਸਦੀ ਕਹਾਣੀ ਨਾਰੀ ਪਾਤਰਾਂ ਦੇ ਸਵੈਮਾਣ ਅਤੇ ਸਵੈਪ੍ਰਕਾਸ਼ ਦੀ ਸਾਖੀ ਭਰਦੀ ਹੈ। ਸਬਰ, ਸਿਦਕ, ਦ੍ਰਿੜਤਾ, ਦਲੇਰੀ ਦੇ ਪ੍ਰਤਿਮਾਨ ਪਾ ਕੇ ਘੜੀਆਂ ਉਸਦੀਆਂ ਨਾਇਕਾਵਾਂ ਅਟੰਕ, ਅਡੋਲ ਰਹਿ ਕੇ ਆਪਣੇ ਸੁਨੇਹੇ ਦਰਜ ਕਰਾਉਣ ਵਿਚ ਸਫ਼ਲ ਹੁੰਦੀਆਂ ਹਨ। ਬਦਮਾਸ਼ਾਂ ਦੇ ਖਰਾਬਿਆਂ ਦਾ ਸ਼ਿਕਾਰ ਹੋਈ ‘ਮੁੱਲ ਦੀ ਤੀਮੀਂ’ ਕਹਾਣੀ ਦੀ ਕਥਾਨਾਇਕਾ ਦੇ ਅਸਲ ਤੇ ਪ੍ਰਮਾਣਿਕ ਅਸਤਿਤਵ ਨੂੰ ਹੋਂਦਵਾਦ ਬਣਾਉਣ ਲਈ ਕਹਾਣੀਕਾਰ ਨੇ ਨਾ ਸਮਾਜ ਦੀਆਂ ਉਨ੍ਹਾਂ ਪ੍ਰਭਾਵੀ ਆਵਾਜ਼ਾਂ ਨੂੰ ਅੱਖੋਂ-ਪਰੋਖੇ ਕੀਤਾ ਹੈ, ਜੋ ਬੇਕਸੂਰ ਹੋਣ ਦੇ ਬਾਵਜਦ ਉਸਨੂੰ ਦੂਸ਼ਿਤ ਤੇ ਦੰਡਿਤ ਕਰਨ ਦਾ ਮੌਕਾ ਨਹੀਂ ਗੰਵਾਉਂਦੀਆਂ ਤੇ ਨਾ ਹੀ ਉਸਨੂੰ ਕਾਤਲ ਵਜੋਂ ਪੇਸ਼ ਕਰਕੇ ਕਹਾਣੀ ਨੂੰ ਲਾਊਡ ਹੋਣ ਦਿੱਤਾ ਹੈ। ਪਰ ਉਸਨੂੰ ਖ਼ਰੀਦ ਕੇ ਵਹੁਟੀ ਬਣਾਉਣ ਵਾਲੇ ਪਿਆਰੇ ਦੀ ਕਦਰ ਰਾਹੀਂ ਕਹਾਣੀਕਾਰ ਆਪਣੀ ਕਥਾ ਨਾਇਕਾ ਦੇ ਪ੍ਰਮਾਣਿਕ ਆਪੇ ਨੂੰ, ਉਸਦੇ ਮੁੱਲ ਮਹੱਤਵ ਨੂੰ ਪਾਠਕ ਮਨ ’ਤੇ ਉਕਰਨ ਵਿਚ ਕਾਮਯਾਬ ਰਹਿੰਦਾ ਹੈ।
ਗਰੇਵਾਲ ਦੀ ਕਹਾਣੀ ‘ਸੀਤੇ ਬੁੱਲ੍ਹਾਂ’ ਪਿਛੇ ਡਰੀ, ਦਹਿਲੀ, ਸਹਿਮੀ, ਜੰਮ ਗਈ ਚੁੱਪ ਨੂੰ ਆਨੇ-ਬਹਾਨੇ ਚੁਰਾ ਲੈਂਦੀ ਹੈ। ‘ਆਜ਼ਾਦ ਲੋਕ’ ਕਹਾਣੀ ਦਾ ਗਰੀਬੂ ਚੌਧਰੀ ਦੇ ਇੱਕ ਸੁਨੇਹੇ ਕਿ ‘ਬੋਟ ਜ਼ਰਾ ਸੋਚ ਸਮਝ ਕੇ ਪਾਵੇ’ ਨਾਲ ਦਾਬੇ ਵਿਚ ਆ ਗਿਆ ਹੈ। ਚੌਧਰੀ ਦੇ ਦਾਬੇ ਦੀ ਭਿਅੰਕਰਤਾ ਨੂੰ ਹੰਢਾ ਰਿਹਾ ਹੈ। ਗਰੀਬੂ ਵਰਗੇ ਸਾਰੇ ਉਸਦੇ ਅਸਤਿਤਵੀ ਆਵੇਸ਼ ਵਿਚੋਂ ਨਿਕਲੀ ਗੱਲ ਕਿ ‘ਅਸੀਂ ਆਜ਼ਾਦ ਹੋਏ, ਜਿਹਨੂੰ ਮਰਜ਼ੀ ਬੋਟ ਦਈਏ,’ ਨੂੰ ਅਣਭੋਲ ਹੀ ਦ੍ਰਿੜਤਾ ਨਾਲ ਦੁਹਰਾ ਰਹੇ ਹਨ। ਪਰ ਗਰੀਬੂ ਨੂੰ ਲਗਦਾ ਹੈ ਕਿ ਜਿਵੇਂ ਇਹ ਗੱਲ ਉਸਦੇ ਮੂੰਹੋਂ ਨਾ ਨਿਕਲੀ ਹੋਵੇ। ਅਹਿਸਾਸਾਂ ਦਾ ਸੰਘਣਾ ਪਰਿਵੇਸ਼ ਕਹਾਣੀ ਨੂੰ ਗਹਿਰਾਈ ਦਿੰਦਾ ਹੈ। ਉਸਦੀ ਕਹਾਣੀ ਸਾਡੀ ਬੌਧਿਕਤਾ ਨੂੰ ਨਹੀਂ, ਸਾਡੇ ਭਾਵਾਂ ਨੂੰ, ਸਾਡੀ ਕਲਪਨਾ ਨੂੰ ਪੋਂਹਦੀ ਹੈ ਅਤੇ ਜਜ਼ਬਾਤੀ ਪ੍ਰਭਾਵ ਬਣਾਉਂਦੀ ਹੈ। ਗਰੇਵਾਲ ਦੀ ਕਿਸੇ ਵੀ ਕਹਾਣੀ ਅੱਗੇ ਇਹ ਸਵਾਲ ਪਾਉਣਾ ਕਿ ਇਹ ਕਹਾਣੀ ਸਿਖਿਆ ਕੀ ਦਿੰਦੀ ਹੈ? ਮੇਰੀ ਜਾਚੇ ਗਲਤ ਹੋਵੇਗਾ। ਉਸਦੀ ਕਹਾਣੀ ਨੂੰ ਆਤਮਸਾਤ ਕਰਨਾ ਕਿਤੇ ਵੱਧ ਸੌਖਾ ਤੇ ਸਹਿਜ ਹੈ, ਉਸਦੀ ਵਿਆਖਿਆ ਕਰਨ ਨਾਲੋਂ। ‘ਦੇਸ਼ ਭਗਤ’ ਕਹਾਣੀ ਵਿਚਲੀ ਚਿੰਤੀ ਦੀ ਨਿਰਮਲ, ਨਿਰਛਲ ਮਾਸੂਮੀਅਤ ਅਤੇ ਪਥਰਾਟ ਬਣੀ ਚੁੱਪ ਸਾਡੇ ਮਨਾਂ ’ਤੇ ਜਿਹੜਾ ਜਜ਼ਬਾਤੀ ਪ੍ਰਭਾਵ ਬਣਾਉਂਦੀ ਹੈ, ਉਸਦੀ ਵਿਆਖਿਆ ਕਰਨੀ ਸੌਖੀ ਨਹੀਂ।
ਗਰੇਵਾਲ ਦੀ ਕਹਾਣੀ ਦਾ ਦਾਰੋਮਦਾਰ ਆਪਣੇ ਕਥਾ ਨਾਇਕ ਦੇ ਉੱਤਮ ਉਦਾਤ ਚਰਿੱਤਰ ਨੂੰ ਘੜਣ ਤੇ ਜ਼ਾਹਰ ਕਰਨ ਉੱਪਰ ਹੈ। ਆਪਣੇ ਕਥਾ ਨਾਇਕ ਦੇ ਚਰਿੱਤਰ ਦੀ ਉੱਦਾਤਤਾ ਨੂੰ ਪ੍ਰਗਟ ਕਰਨ ਲਈ ਉਹ ਸੰਜੀਦਾ ਬਿੰਬ ਹੀ ਨਹੀਂ ਘੜ੍ਹਦਾ, ਸੱਜਰੀ ਗਲਪੀ ਭਾਸ਼ਾ ਵੀ ਸਿਰਜਦਾ ਹੈ। ਉਸਦਾ ਕਥਾ ਮਾਡਲ ਹੁਨਰੀ ਕਹਾਣੀ ਵਾਲਾ ਹੈ, ਸੰਖੇਪਤਾ ਉਸਦਾ ਮੀਰੀ ਗੁਣ ਹੈ। ਉਸਦੀ ਕਹਾਣੀ ਦਾ ਹਰ ਸ਼ਬਦ, ਹਰ ਵੇਰਵਾ ਚਰਿੱਤਰ ਦੀ ਹੀ ਨਹੀਂ, ਥੀਮ ਦੀ ਉਸਾਰੀ ਵਿਚ ਯੋਗਦਾਨ ਪਾਉਂਦਾ ਹੈ। ਭਾਸ਼ਾ ਦੇ ਜਿਸ ਸੰਜਮ ਤੇ ਸੁਹਜ ਨਾਲ ਉਹ ਆਪਣੇ ਪਾਤਰਾਂ ਦੇ ਇਖ਼ਲਾਕ ਦਾ ਤੁਆਰਫ਼ ਕਰਵਾਉਂਦਾ ਹੈ, ਉਹ ਉਸਦੀ ਭਾਸ਼ਾਈ ਸਮਰੱਥਾ ਦਾ ਅਕੱਟ ਪ੍ਰਮਾਣ ਬਣਦਾ ਹੈ। ਉਸਦੀ ਕਹਾਣੀ ਨੈਤਿਕਤਾ ਦਾ ਪਾਠ ਨਹੀਂ ਪੜ੍ਹਾਉਂਦੀ, ਪਰ ਨੈਤਿਕਤਾ ਦੀਆਂ ਜਿਹੜੀਆਂ ਸਾਖੀਆਂ ਇਨ੍ਹਾਂ ਗਲਪੀ ਬਿੰਬਾਂ ਦਾ ਹਾਸਿਲ ਬਣਦੀਆਂ ਹਨ, ਉਹ ਮਨੁੱਖ ਦੇ ਮਨੁੱਖ ਹੋਣ ਦੀਆਂ, ਮਨੁੱਖੀ ਇਖ਼ਲਾਕ ਦੀਆਂ, ਮਨੁੱਖ ਦੇ ਇਕ-ਦੂਜੇ ਨਾਲ ਨਿਭਣ-ਨਿਭਾਉਣ ਦੀਆਂ ਜਾਂ ਮਨੁੱਖੀ ਨਿਆਂ ਦੀਆਂ ਅਦੁੱਤੀ ਪੇਸ਼ਕਾਰੀਆਂ ਹਨ। ਮਨੁੱਖੀ ਸ਼ਨਾਖ਼ਤਾਂ ਨੂੰ ਰੰਗਾਂ-ਨਸਲਾਂ ਦੀ ਥਾਂ ਮਨੁੱਖੀ ਹੋਂਦ ਦੀਆਂ ਜ਼ਾਮਨੀਆਂ ਨਾਲ ਬਿੰਬਤ ਕਰਦੀਆਂ ‘ਉਸ ਦਾ ਨਾਂ’, ‘ਲਿਜ਼ਾ’, ‘ਕਰਜ਼’ ਵਰਗੀਆਂ ਕਹਾਣੀਆਂ ਜਾਂ ਮਨੁੱਖੀ ਨਿਆਂ ਦੀ ਉੱਦਾਤਤਾ ਦਾ ਪ੍ਰਮਾਣ ਬਣਦੀਆਂ ‘ਇਨਸਾਫ਼’, ‘ਮੂਰਖ਼ਤਾ’, ‘ਫ਼ੈਸਲਾ’ ਵਰਗੀਆਂ ਕਹਾਣੀਆਂ ਪਾਠਕ ਨੂੰ ਅਚੰਭੇ ਵਿਚ ਨਹੀਂ ਪਾਉਂਦੀਆਂ ਬਲਕਿ ਉਸਨੂੰ ਜਜ਼ਬਾਤੀ ਤੌਰ ’ਤੇ ਅਮੀਰ ਕਰਦੀਆਂ ਹਨ, ਉਸਦੇ ਜਿਊਣ ਦੇ ਮਿਆਰਾਂ ਵਿਚ ਇਜ਼ਾਫ਼ਾ ਕਰਦੀਆਂ ਹਨ। ਪੱਤਰਕਾਰਿਤਾ ਦੇ ਲੰਮੇ ਅਨੁਭਵ ਕਰਕੇ ਬਲਦੇਵ ਸਿੰਘ ਗਰੇਵਾਲ ਕੋਲ ਪਾਠਕ ਦੀ ਤਵੱਕੋ, ਕਾਹਲ, ਉਤਕੰਠਾ ਦੀ ਸੂਝ ਹੈ, ਇਨ੍ਹਾਂ ਸੋਝੀਆਂ ਨੇ ਨਿਸ਼ਚੇ ਹੀ ਉਸਦੀ ਕਹਾਣੀ ਕਲਾ ਅਤੇ ਵਿਸ਼ੇਸ਼ਕਰ ਗਲਪੀ ਭਾਸ਼ਾ ਨੂੰ ਸਮਰੱਥ ਕੀਤਾ ਹੈ।