ਵਿਰਾਸਤ ਨੂੰ ਬਚਾਓ ਲੰਪੀ ਸਕਿਨ ਤੋਂ !

ਇੰਦਰਜੀਤ ਚੁਗਾਵਾਂ
ਸੁਣਿਐਂ ਦੇਸ ਅੰਦਰ ਇਕ ਨਵੀਂ ਬਿਮਾਰੀ ਚੱਲੀ ਹੈ। ਪਸ਼ੂਆਂ ਨੂੰ ਹੋਈ ਇਹ ਬਿਮਾਰੀ ਵਬਾ ਬਣ ਕੇ ਫੈਲ ਰਹੀ ਐ…ਨਾਂਅ ਹੈ ਲੰਪੀ ਸਕਿਨ ਡਿਜੀਜ਼! ਪਸ਼ੂਆਂ `ਚ ਇਹ ਮੱਖੀ-ਮੱਛਰ ਤੋਂ ਫੈਲਦੀ ਹੈ ਤੇ ਤੇਜ਼ੀ ਨਾਲ ਹੋਰਨਾਂ ਪਸ਼ੂਆਂ ਨੂੰ ਲਪੇਟ ਵਿਚ ਲੈਂਦੀ ਹੈ। ਪਾਲਤੂ ਪਸ਼ੂਆਂ ਨੂੰ ਤਾਂ ਭਾਰੀ ਦੇਖ-ਭਾਲ ਰਾਹੀਂ ਬਚਾਇਆ ਜਾ ਸਕਦਾ ਹੈ ਪਰ ਆਵਾਰਾ ਪਸ਼ੂਆਂ ਦੀ ਦੇਖ-ਭਾਲ ਨਾ ਹੋਣ ਕਾਰਨ ਮੁਸ਼ਕਲ ਹੋ ਜਾਂਦੀ ਹੈ। ਪਸ਼ੂਆਂ ਦੀ ਚਮੜੀ `ਚ ਗੱਠਾਂ ਬਣ ਜਾਂਦੀਆਂ ਹਨ ਜੋ ਥੋੜ੍ਹੇ ਦਿਨਾਂ ਬਾਅਦ ਫਟ ਜਾਂਦੀਆਂ ਹਨ। ਖੁੱਲ੍ਹਾ ਜ਼ਖ਼ਮ ਇਸ ਬਿਮਾਰੀ ਨੂੰ ਹੋਰ ਤੇਜ਼ ਕਰਨ ਲਈ ਸੱਦਾ ਦਿੰਦਾ ਹੈ। ਮਰੇ ਪਸ਼ੂਆਂ ਦੀ ਚਮੜੀ ਵੀ ਵਰਤੋਂ `ਚ ਨਹੀਂ ਲਿਆਂਦੀ ਜਾ ਸਕਦੀ, ਉਨ੍ਹਾਂ ਨੂੰ ਡੂੰਘਾ ਦਫ਼ਨਾਉਣਾ ਪੈਂਦਾ ਹੈ ਤਾਂ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਪੰਜਾਬ-ਹਰਿਆਣਾ `ਚ ਆਮ ਕਰਕੇ ਲੋਕ ਫੰਡਰ ਗਊਆਂ ਨੂੰ ਆਵਾਰਾ ਛੱਡ ਦਿੰਦੇ ਹਨ ਤੇ ਇਹ ਗਊਆਂ ਹੁਣ ਇਸ ਬਿਮਾਰੀ ਨੂੰ ਫੈਲਾਉਣ ਦਾ ਵਾਹਕ ਬਣੀਆਂ ਹਨ।

ਇਹ ਬਿਮਾਰੀ ਮਨੁੱਖਾਂ ਨੂੰ ਵੀ ਲਪੇਟ ਲੈਂਦੀ ਹੈ। ਮਨੁੱਖਾਂ `ਚ ਇਹ ਮੱਖੀ-ਮੱਛਰ ਤੋਂ ਇਲਾਵਾ ਹਵਾ ਰਾਹੀਂ ਵੀ ਫੈਲਦੀ ਹੈ, ਮਤਲਬ ਕਿ ਸਾਹ ਲੈਣਾ ਵੀ ਖਤਰੇ ਤੋਂ ਖਾਲੀ ਨਹੀਂ। ਇਸਦਾ ਅਰਥ ਇਹ ਵੀ ਹੈ ਕਿ ਕਿਸੇ ਇਕ ਪਰਿਵਾਰ ਦੇ ਪਸ਼ੂਆਂ ਦੀ ਬਿਮਾਰੀ ਦੀ ਸਮੱਸਿਆ ਪੂਰੇ ਸਮਾਜ ਦੀ ਸਮੱਸਿਆ ਬਣ ਜਾਂਦੀ ਹੈ ਤੇ ਇਸ ਨਾਲ ਨਜਿੱਠਣ ਲਈ ਸਮੂਹਿਕ ਉਪਰਾਲੇ ਲਾਜ਼ਮੀ ਬਣ ਜਾਂਦੇ ਹਨ। ਸਮੂਹਿਕ ਉਪਰਾਲਿਆਂ ਲਈ ਸਮਾਜੀ ਸਰੋਕਾਰਾਂ ਦੀ ਸੋਝੀ ਇਕ ਮੁਢਲੀ ਸ਼ਰਤ ਹੈ ਪਰ ਹੋ ਕੀ ਰਿਹੈ..?
ਸਰਹਿੰਦ ਨਹਿਰ ਦੇ ਕੋਟ ਭਾਈ ਰਜਵਾਹੇ `ਚ ਕੁੱਝ ਲੋਕਾਂ ਨੇ ਆਪਣੀਆਂ ਮਰੀਆਂ ਗਊਆਂ ਸੁੱਟ ਦਿੱਤੀਆਂ। ਪਤਾ ਉਦੋਂ ਲੱਗਾ ਜਦ ਮਹਿਮਾ ਭਗਵਾਨਾਂ ਪਿੰਡ ਦੇ ਲੋਕਾਂ ਦੇ ਨਜ਼ਰੀਂ ਪਈਆਂ। ਜਿਨ੍ਹਾਂ ਸੁੱਟੀਆਂ ਸਨ, ਉਨ੍ਹਾਂ ਤਾਂ ਆਪਣੇ ਗਲ਼ੋਂ ਲਾਹ ਦਿੱਤੀਆਂ ਪਰ ਹੋਰ ਕਿੰਨਿਆਂ ਦੇ ਗਲ਼ ਪਾ ਦਿੱਤੀਆਂ ਇਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ। ਇਸ ਰਜਵਾਹੇ ਦਾ ਪਾਣੀ ਜਿਸ ਇਲਾਕੇ ਵਿਚ ਵੀ ਜਾਂਦਾ ਹੋਵੇਗਾ, ਉਹ ਇਸ ਆਫ਼ਤ ਤੋਂ ਆਪਣੇ ਆਪ ਨੂੰ ਮਹਿਫੂਜ਼ ਕਿਵੇਂ ਸਮਝਣਗੇ?
ਗੱਲ ਸਮੂਹਿਕ ਉਪਰਾਲਿਆਂ ਤੇ ਸਮਾਜੀ ਸਰੋਕਾਰਾਂ ਦੀ ਕੀਤੀ ਹੈ ਤਾਂ ਇਸ ਵਾਸਤੇ ਭਾਈਚਾਰਕ ਸਾਂਝਾਂ-ਸੰਬੰਧਾਂ ਨੂੰ ਦਰਕਿਨਾਰ ਕਿਵੇਂ ਕੀਤਾ ਜਾ ਸਕਦਾ ਹੈ? ਇਨ੍ਹਾਂ ਸਾਂਝਾਂ ਦੇ ਸਿਰ `ਤੇ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ। ਹਾਲ ਹੀ ਵਿਚ ਲੜਿਆ ਗਿਆ “ਇਤਿਹਾਸਕ ਕਿਸਾਨ ਅੰਦੋਲਨ” ਇਸ ਦੀ ਉੱਘੜਵੀਂ ਮਿਸਾਲ ਹੈ। ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਇਹ ਅੰਦੋਲਨ ਕਦੇ ਵੀ ਸਫਲ ਨਾ ਹੁੰਦਾ, ਜੇ ਇਸਨੂੰ ਸਮਾਜ ਦੇ ਹਰ ਹਿੱਸੇ ਦਾ ਸਮਰਥਨ ਹਾਸਲ ਨਾ ਹੁੰਦਾ। ਇਸ ਮੋਰਚੇ `ਚ ਹਰ ਪੇਸ਼ੇ, ਧਰਮ-ਜਾਤ ਦੇ ਲੋਕ ਜਦ ਆਪ-ਮੁਹਾਰੇ ਸ਼ਾਮਲ ਹੋਏ ਤਾਂ ਇਹ ਅੰਦੋਲਨ, ਕਿਸਾਨ ਅੰਦੋਲਨ ਨਾ ਰਹਿ ਕੇ ਲੋਕ ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਇਸ ਅੰਦੋਲਨ ਨੂੰ ਸਿੱਖ ਸੰਸਥਾਵਾਂ ਤੇ ਅਵਾਮ ਦੇ ਸਮਰਥਨ ਨੂੰ ਕਿਸੇ ਵੀ ਤਰ੍ਹਾਂ ਅਣਡਿੱਠ ਨਹੀਂ ਕੀਤਾ ਜਾ ਸਕਦਾ ਪਰ ਏਥੇ ਜਿ਼ਕਰ ਮੁਸਲਿਮ ਭਾਈਚਾਰੇ ਦੇ ਸਮਰਥਨ ਦਾ ਕਰਾਂਗੇ, ਜਿਸ ਦੀ ਇਕ ਖਾਸ ਵਜ੍ਹਾ ਹੈ।
ਦਿੱਲੀ ਦੇ ਗ਼ਾਜ਼ੀਪੁਰ ਬਾਰਡਰ ਵਾਲੇ ਮੋਰਚੇ `ਤੇ ਪੂਰਬੀ ਯੂ.ਪੀ. ਦੇ ਮੁਸਲਿਮ ਭਾਈਚਾਰੇ ਦੀ ਵੱਡੀ ਭੂਮਿਕਾ ਰਹੀ। ਯਾਦ ਕਰੋ 26 ਜਨਵਰੀ ਨੂੰ ਗ਼ਾਜ਼ੀਪੁਰ ਬਾਰਡਰ `ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਵਹਾਏ ਗਏ ਹੰਝੂਆਂ ਨੂੰ, ਜਿਨ੍ਹਾਂ ਨੇ ਮੋਰਚੇ `ਚ ਨਵੀਂ ਰੂਹ ਫੂਕ ਦਿੱਤੀ ਸੀ! ਇਹ ਹੰਝੂ ਬੇਕਾਰ ਜਾਂਦੇ, ਜੇ ਪੂਰਬੀ ਯੂ.ਪੀ. ਦੀ ਗੰਨਾ ਬੈਲਟ ਦੇ ਮੁਸਲਮਾਨ ਆਪਣੀਆਂ ਤਲ਼ੀਆਂ ਅੱਗੇ ਕਰ ਕੇ ਇਨ੍ਹਾਂ ਨੂੰ ਹੰਝੂਆਂ ਨੂੰ ਜ਼ਮੀਨ `ਤੇ ਡਿੱਗਣੋਂ ਨਾ ਬਚਾਉਂਦੇ।
ਸਿੰਘੂ-ਟਿਕਰੀ ਬਾਰਡਰ ਵਾਲੇ ਮੋਰਚੇ `ਚ ਜਿਸ ਤਰ੍ਹਾਂ ਪੰਜਾਬ-ਹਰਿਆਣਾ-ਰਾਜਸਥਾਨ ਦੇ ਮੁਸਲਮਾਨ ਧਾਹ ਕੇ ਸ਼ਾਮਲ ਹੋਏ, ਉਹ ਵੀ ਲਾਮਿਸਾਲ ਸੀ। ਮਲੇਰਕੋਟਲਾ, ਲੁਧਿਆਣਾ, ਹਰਿਆਣਾ ਦੇ ਮੇਵਾਤ ਇਲਾਕੇ ਤੇ ਦਿੱਲੀ ਦੀਆਂ ਬਸਤੀਆਂ ਤੋਂ ਮੁਸਲਿਮ ਭਾਈਚਾਰੇ ਵਲੋਂ ਇਸ ਮੋਰਚੇ `ਚ ਪਾਏ ਗਏ ਯੋਗਦਾਨ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਸਕਦੈ ਭਲਾ? ਇਸ ਤੋਂ ਇਲਾਵਾ ਸਥਾਨਕ ਟੌਲ਼-ਪਲਾਜਿ਼ਆਂ ਤੇ ਮਾਲਜ਼ ਮੂਹਰੇ ਧਰਨਿਆਂ `ਚ ਵੀ ਇਹ ਭਾਈਚਾਰਾ ਅੱਗੇ ਰਿਹਾ।
ਕੀ ਇਹ ਸਾਂਝ ਸਿਰਫ਼ ਮੋਰਚੇ ਤਕ ਈ ਸੀ? ਏਨੇ ਹੀ ਸਵਾਰਥੀ, ਅਹਿਸਾਨ ਫ਼ਰਾਮੋਸ਼ ਹੋ ਗਏ ਹਾਂ ਅਸੀਂ? ਲੰਪੀ ਸਕਿਨ ਦੀ ਬਿਮਾਰੀ ਨੇ ਸਾਡਾ ਨੰਗ ਜੱਗ ਜ਼ਾਹਰ ਕਰ ਦਿੱਤੈ! ਦੁਨੀਆ ਨੂੰ ਅਸੀਂ ਦੱਸ ਦਿੱਤੈ ਕਿ ਪਸ਼ੂਆਂ ਨੂੰ ਤਾਂ ਇਹ ਬਿਮਾਰੀ ਹੁਣ ਹੋਈ ਐ, ਅਸੀਂ ਤਾਂ ਚਿਰਾਂ ਤੋਂ ਇਸ ਦੀ ਮਾਰ ਹੇਠ ਹਾਂ।
ਗੱਲ ਜਿ਼ਲ੍ਹਾ ਬਰਨਾਲ਼ਾ ਦੇ ਪਿੰਡ ਰਾਏਸਰ ਦੀ ਹੈ। ਇੱਥੋਂ ਦੇ ਮੁਸਲਿਮ ਭਾਈਚਾਰੇ ਨੂੰ ਪਹਿਲਾਂ ਤਾਂ ਆਪਣੇ ਕਬਰਸਤਾਨ ਤੋਂ ਧਨਾਢਾਂ ਦਾ ਕਬਜ਼ਾ ਛੁਡਵਾਉਣ ਲਈ ਸੰਘਰਸ਼ ਕਰਨਾ ਪਿਆ ਤੇ ਹੁਣ ਇਸ ਕਬਰਸਤਾਨ `ਤੇ ਲੰਪੀ ਸਕਿਨ ਦੀ ਆਫ਼ਤ ਆਣ ਪਈ ਹੈ।
ਆਪਣੇ ਮ੍ਰਿਤਕ ਸੰਬੰਧੀਆਂ ਨੂੰ ਕਬਰ `ਚ ਦਫ਼ਨਾਉਣਾ ਮੁਸਲਿਮ ਭਾਈਚਾਰੇ ਦੀ ਰਵਾਇਤ ਹੈ। ਹਿੰਦੂ-ਸਿੱਖ ਆਪਣੇ ਮ੍ਰਿਤਕ ਸੰਬੰਧੀਆਂ ਨੂੰ ਅਗਨ ਭੇਟ ਕਰਦੇ ਹਨ, ਇਹ ਉਨ੍ਹਾਂ ਦੀ ਰਵਾਇਤ ਹੈ। ਜਿਸ ਜਗ੍ਹਾ ਤੁਸੀਂ ਆਪਣੇ ਕਿਸੇ ਨਜ਼ਦੀਕੀ ਦਾ ਅੰਤਮ ਸੰਸਕਾਰ (ਅਗਨ ਭੇਟ ਜਾਂ ਦਫਨਾਉਣਾ) ਕਰਦੇ ਓ, ਉਸ ਨਾਲ ਤੁਹਾਡੀਆਂ ਸੰਵੇਦਨਾਵਾਂ ਜੁੜ ਜਾਂਦੀਆਂ ਹਨ। ਤੁਹਾਡੇ ਸਾਹਮਣੇ ਕੋਈ ਉਸ ਜਗ੍ਹਾ ਦੀ ਬੇਅਦਬੀ ਕਰੇ ਤਾਂ ਕਿਸ ਤਰ੍ਹਾਂ ਮਹਿਸੂਸ ਕਰੋਗੇ ਤੁਸੀਂ?
ਮੁਸਲਿਮ ਭਾਈਚਾਰਾ ਪਿੰਡ ਰਾਏਸਰ ਦਾ ਅਹਿਮ ਹਿੱਸਾ ਹੈ। ਪਿੰਡ ਦੇ ਰਸੂਖਦਾਰਾਂ ਨੇ ਲੰਪੀ ਸਕਿਨ ਬਿਮਾਰੀ ਕਾਰਨ ਮਰੀਆਂ ਗਊਆਂ ਮੁਸਲਿਮ ਭਾਈਚਾਰੇ ਦੇ ਕਬਰਸਤਾਨ `ਚ ਦਫ਼ਨਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦ ਗਊਆਂ ਦਫ਼ਨਾਉਣ ਲਈ ਟੋਏ ਪੁੱਟੇ ਜਾ ਰਹੇ ਸਨ ਤਾਂ ਵਿਚੋਂ ਕਬਰਾਂ `ਚ ਦਫ਼ਨਾਏ ਮੁਸਲਿਮ ਭਾਈਚਾਰੇ ਦੇ ਸਕੇ ਸੰਬੰਧੀਆਂ ਦੇ ਪਿੰਜਰ ਵੀ ਬਾਹਰ ਆ ਗਏ ਪਰ ਪੁੱਟ-ਪੁਟਾਈ ਦਾ ਕੰਮ ਫੇਰ ਵੀ ਨਹੀਂ ਰੁਕਿਆ। ਮਨੁੱਖੀ ਸੰਵੇਦਨਹੀਣਤਾ ਦੀ ਸਿਖਰ ਨਹੀਂ ਤਾਂ ਹੋਰ ਕੀ ਐ?
ਜਦ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਉੱਪਰ ਹੱਲਾ ਬੋਲ ਦਿੱਤਾ ਗਿਆ। ਦਾਅਵਾ ਇਹ ਕੀਤਾ ਗਿਆ ਕਿ ਕਬਰਸਤਾਨ ਵਾਲੀ ਥਾਂ ਹੱਡਾਰੋੜੀ ਦੀ ਹੈ, ਇਸ ਲਈ ਮਰੇ ਪਸ਼ੂ ਇੱਥੇ ਈ ਦਫ਼ਨਾਏ ਜਾਣਗੇ ਪਰ ਜਦੋਂ ਪੁਲਿਸ ਦੀ ਹਾਜ਼ਰੀ ਵਿਚ ਤਹਿਸੀਲਦਾਰ, ਕਾਨੂੰਗੋ, ਪਟਵਾਰੀ ਅਤੇ ਪਿੰਡ ਦੀਆਂ ਦੋਨਾਂ ਪੰਚਾਇਤਾਂ ਦੀ ਮੌਜੂਦਗੀ ਵਿਚ ਗਿਣਤੀ-ਮਿਣਤੀ ਕੀਤੀ ਗਈ ਤਾਂ ਇਕ ਧਨਾਢ ਕਿਸਾਨ ਦੇ ਖੇਤ ਵਿਚ ਹੱਡਾਰੋੜੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਗਈ। ਜੋ ਕਿ ਉਸ ਨੇ ਹੁਣ ਵੀ ਧੱਕੇ ਨਾਲ ਦੱਬੀ ਹੋਈ ਹੈ। ਉਸ ਕਿਸਾਨ ਤੋਂ ਹੱਡਾਰੋੜੀ ਦਾ ਕਬਜ਼ਾ ਛਡਵਾਉਣ ਦੀ ਥਾਂ 10 ਅਗਸਤ ਨੂੰ ਮੁਸਲਿਮ ਭਾਈਚਾਰੇ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ।
ਹਾਲਾਤ ਇਹ ਬਣ ਚੁੱਕੇ ਹਨ ਕਿ ਮੁਸਲਿਮ ਭਾਈਚਾਰੇ ਦੇ ਬੱਚਿਆਂ ਨੂੰ ਸਕੂਲਾਂ ਵਿਚੋਂ ਵਾਪਸ ਭੇਜ ਦਿੱਤਾ ਗਿਐ। ਉਨ੍ਹਾਂ ਦੀਆਂ ਮਜ਼ਦੂਰ ਔਰਤਾਂ ਨੂੰ ਮਨਰੇਗਾ ਦੇ ਕੰਮ ਤੋਂ ਵਾਪਸ ਭੇਜ ਦਿੱਤਾ ਗਿਐ। ਉਨ੍ਹਾਂ ਧਨਾਢ ਵਿਅਕਤੀਆਂ ਨੇ ਸਾਰੇ ਦੁਕਾਨਦਾਰਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਤੁਸੀਂ ਇਨ੍ਹਾਂ ਨੂੰ ਰਾਸ਼ਨ ਪਾਣੀ ਦਾ ਸਾਮਾਨ ਦਿੱਤਾ ਤਾਂ ਤੁਹਾਡਾ ਵੀ ਬਾਈਕਾਟ ਕਰ ਦਿੱਤਾ ਜਾਵੇਗਾ। ਇਸ ਬਾਈਕਾਟ ਦੇ ਮਤੇ `ਤੇ ਸਰਪੰਚ, ਪੰਚਾਇਤ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਅਖੌਤੀ ਮੁਹਤਬਰਾਂ ਦੇ ਹਸਤਾਖਰ ਵੀ ਹਨ।
ਨਮੋਸ਼ੀ ਵਾਲੀ ਗੱਲ ਇਹ ਹੈ ਕਿ ਪਿੰਡ ਰਾਏਸਰ ਉੱਘੇ ਇਨਕਲਾਬੀ ਸ਼ਾਇਰ (ਮਰਹੂਮ) ਸੰਤ ਰਾਮ ਉਦਾਸੀ ਦਾ ਪਿੰਡ ਹੈ। ਉਹ ਸੰਤ ਰਾਮ ਉਦਾਸੀ ਜਿਸ ਦੇ ਗੀਤ ਅੱਜ ਵੀ ਫਿਜ਼ਾਵਾਂ `ਚ ਗੂੰਜਦੇ ਹਨ। “ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ” ਗੀਤ ਨੂੰ ਸੁਣ ਕੇ ਅੱਜ ਵੀ ਉਦਾਸੀ ਸਾਹਮਣੇ ਖੜ੍ਹਾ ਪ੍ਰਤੀਤ ਹੁੰਦਾ ਹੈ। ਸਾਰੇ ਸੰਸਾਰ ਵਿਚ ਬੈਠੇ ਪੰਜਾਬੀ ਤਾਂ ਉਦਾਸੀ ਨੂੰ ਬੜੇ ਮਾਣ ਨਾਲ ਯਾਦ ਕਰਦੇ ਹਨ ਪਰ ਉਸਦੇ ਪਿੰਡ `ਚ ਕੋਈ ਇਕ ਵੀ ਜਗਦੇ ਮੱਥੇ ਵਾਲਾ ਨਹੀਂ ਬਚਿਆ? ਕੋਈ ਵੀ ਅਜਿਹਾ ਨਹੀਂ ਨਿਕਲਿਆ ਜੋ ਕਬਰਾਂ ਪੁੱਟ ਰਹੀ ਜੇਸੀਬੀ ਅੱਗੇ ਹਿੱਕ ਤਾਣ ਕੇ ਖੜ ਸਕਦਾ।
ਯਾਦ ਕਰਿਓ ਉਹ ਦਿਨ ਜਦ ਕਿਸਾਨ ਮੋਰਚੇ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਹੋਈ ਤਾਂ ਖੇਤ ਮਜ਼ਦੂਰਾਂ ਦੀ ਮਜ਼ਦੂਰੀ ਦੇ ਮਾਮਲੇ `ਤੇ ਪੰਚਾਇਤੀ ਮਤੇ ਪਾ ਦਿੱਤੇ ਗਏ ਕਿ ਜੋ ਵੱਧ ਮਜ਼ਦੂਰੀ ਦੇਵੇਗਾ, ਉਸਦਾ ਬਾਈਕਾਟ ਕੀਤਾ ਜਾਵੇਗਾ। ਇਸ ਫੈਸਲੇ ਦਾ ਐਲਾਨ ਕਰਨ ਲਈ ਗੁਰੂ ਘਰਾਂ ਦੀ ਵਰਤੋਂ ਕੀਤੀ ਗਈ। ਅਜਿਹੇ ਫੈਸਲੇ ਕਰਵਾਉਣ `ਚ ਦੋ-ਤਿੰਨ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂ ਵੀ ਸ਼ਾਮਲ ਸਨ। ਚੰਗੀ ਗੱਲ ਇਹ ਹੋਈ ਕਿ ਉਨ੍ਹਾਂ ਜਥੇਬੰਦੀਆਂ ਨੇ ਅਜਿਹੇ ਫੈਸਲਿਆਂ ਦਾ ਵਿਰੋਧ ਕੀਤਾ ਤੇ ਇਸ ਬਿਮਾਰੀ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ ਸੀ।
ਰਾਏਸਰ ਦੇ ਮਾਮਲੇ `ਚ ਇਹ ਸਤਰਾਂ ਲਿਖਣ ਵੇਲੇ ਤਕ ਕੋਈ ਵੀ ਕਿਸਾਨ ਜਥੇਬੰਦੀ ਅੱਗੇ ਨਹੀਂ ਆਈ, ਜਿਸ ਵੀ ਜਥੇਬੰਦੀ ਦਾ ਆਧਾਰ ਇਸ ਇਲਾਕੇ `ਚ ਹੈ, ਉਸ ਨੂੰ ਅੱਗੇ ਆਉਣਾ ਚਾਹੀਦਾ ਸੀ ਪਰ ਅਜਿਹਾ ਵਾਪਰਿਆ ਨਹੀਂ। ਜਥੇਬੰਦੀ ਕੋਈ ਵੀ ਹੋਵੇ, ਕਿਸਾਨ-ਮਜ਼ਦੂਰ-ਮੁਲਾਜ਼ਮ-ਵਿਦਿਆਰਥੀ-ਆੜ੍ਹਤੀ, ਉਹ ਆਪਣੇ ਆਪ ਨੂੰ ਸਮਾਜਿਕ ਸਰੋਕਾਰਾਂ ਤੋਂ ਸੁਰਖਰੂ ਨਹੀਂ ਕਰ ਸਕਦੀ। ਉਨ੍ਹਾਂ ਦਾ ਕੰਮ ਕੇਵਲ ਆਰਥਿਕ ਮੰਗਾਂ-ਸਮੱਸਿਆਵਾਂ ਨਹੀਂ ਹੋਣਾ ਚਾਹੀਦਾ। ਜਿਸ ਸਮਾਜ ਵਿਚ ਉਹ ਵਿਚਰ ਰਹੇ ਹੋਣ, ਉਸ ਵਿਚਲੀ ਬੇਚੈਨੀ ਤੋਂ ਅਣਭਿੱਜ ਨਹੀਂ ਰਹਿ ਸਕਦੇ। ਪਿੰਡ ਰਾਏਸਰ ਦਾ ਮਾਮਲਾ ਤਾਂ ਇਹੋ ਕਹਿ ਰਿਹੈ ਕਿ ਜਥੇਬੰਦਕ ਮੋਰਚਿਆਂ ਵਾਲੇ ਅਸਲੋਂ ਅਣਭਿੱਜ ਹਨ..!
ਇਹ ਕਿਹੋ ਜਿਹਾ ਪੰਜਾਬ ਹੈ?
ਕੀ ਅਸੀਂ ਗ਼ਨੀ ਖਾਂ-ਨਬੀ ਖਾਂ ਨੂੰ ਭੁਲਾ ਦਿੱਤੈ?
ਕੀ ਮਾਲੇਰਕੋਟਲੇ ਦੇ ਨਵਾਬ ਵਾਂਗ ਹਾਅ ਦਾ ਨਾਅਰਾ ਮਾਰਨ ਲਈ ਕੋਈ ਨਹੀਂ ਅੱਗੇ ਆਏਗਾ?
ਕੀ ਲੰਪੀ ਸਕਿਨ ਦੀ ਬਿਮਾਰੀ ਸਾਡੀ ਵਿਰਾਸਤ ਨੂੰ ਨਿਗਲ਼ ਗਈ ਐ?