ਭਗਵੰਤ ਮਾਨ ਵੱਲੋਂ ਮੋਦੀ ਦੇ ਸੋਹਲੇ ਗਾਉਣ ਦੇ ਮਾਇਨੇ

ਨਵਕਿਰਨ ਸਿੰਘ ਪੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦਾ ਕਿਹੋ ਜਿਹਾ ਰਿਸ਼ਤਾ ਹੈ, ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਐਤਕੀਂ ਜਦੋਂ ਉਹ ਪੰਜਾਬ ਆਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਤਰ੍ਹਾਂ ਦਾ ਵਿਹਾਰ ਸਾਹਮਣੇ ਆਇਆ ਹੈ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਵਿਸਥਾਰ ਸਹਿਤ ਟਿੱਪਣੀ ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
24 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਹਾਲੀ ਨੇੜੇ, ਸਨਅਤੀ ਇਕਾਈ ਟਾਟਾ ਉਦਯੋਗ ਦੇ ਸਹਿਯੋਗ ਨਾਲ ਬਣੇ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਤਾਂ ਉਸ ਸਮੇਂ ਪੰਜਾਬ ਦੇ ਰਾਜਨੀਤਕ ਆਗੂਆਂ ਦੇ ਕਈ ਪਹਿਲੂ ਦੇਖਣ ਨੂੰ ਮਿਲੇ। ਲੰਘੇ ਵਰ੍ਹੇ ਦੁਨੀਆ ਭਰ ਵਿਚ ਮਕਬੂਲ ਹੋਏ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਤੇ ਭਾਜਪਾ ਖਿਲਾਫ ਵਧ-ਚੜ੍ਹ ਕੇ ਬੋਲਦੇ ਰਹੇ ਕੁਝ ਆਗੂਆਂ ਨੇ ਉਸਤਤ ਕਰਨ ਦੀ ਕਸਰ ਨਹੀਂ ਛੱਡੀ, ਕੁਝ ਸਮਾਗਮ ਦਾ ਸੱਦਾ ਪੱਤਰ ਨਾ ਮਿਲਣ ਕਾਰਨ ਔਖੇ ਨਜ਼ਰ ਆਏ।
ਇਸ ਹਸਪਤਾਲ ਦਾ ਕਰੈਡਿਟ ਲੈਣ ਲਈ ਸਾਰੀਆਂ ਰਾਜਨੀਤਕ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ। ਕਾਂਗਰਸ ਪਾਰਟੀ ਦੇ ਆਗੂ ਕਹਿੰਦੇ ਕਿ ਇਹ ਹਸਪਤਾਲ ਬਣਾਉਣ ਦਾ ਨੀਂਹ ਪੱਥਰ ਕੇਂਦਰ ਵਿਚ ਕਾਂਗਰਸ ਸਰਕਾਰ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਰੱਖਿਆ ਸੀ, ਇਸ ਲਈ ਹਸਪਤਾਲ ਬਣਾਉਣ ਦਾ ਸਿਹਰਾ ਕਾਂਗਰਸ ਦੇ ਸਿਰ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਾਲੇ ਕਹਿੰਦੇ ਕਿ ਜਦ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਤਦ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਉਨ੍ਹਾਂ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ‘ਤੇ ਹੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ। ਭਾਰਤੀ ਜਨਤਾ ਪਾਰਟੀ ਵਾਲੇ ਇਸ ਗੱਲੋਂ ਕਰੈਡਿਟ ਲੈਣ ਲੱਗੇ ਹਨ ਕਿ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਤੇ ਹਸਪਤਾਲ ਭਾਜਪਾ ਕਾਰਜਕਾਲ ਵਿਚ ਬਣਿਆ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਸਪਤਾਲ ਦੇ ਉਦਘਾਟਨ ਸਮੇਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਏ, ਉਸ ਦੀ ਚਰਚਾ ਹੋਣੀ ਬਣਦੀ ਹੈ।
ਵੈਸੇ ਹਸਪਤਾਲ ਦਾ ਕਰੈਡਿਟ ਲੈਣ ਲਈ ਪੱਬਾਂ ਭਾਰ ਹੋਈਆਂ ਸਾਰੀਆਂ ਰਾਜਨੀਤਕ ਧਿਰਾਂ, ਖਾਸਕਰ ਜਿਨ੍ਹਾਂ ਨੇ ਲੰਮਾ ਸਮਾਂ ਕੇਂਦਰ ਤੇ ਪੰਜਾਬ ਵਿਚ ਸੱਤਾ ਦਾ ਸੁੱਖ ਭੋਗਿਆ ਹੈ, ਨੂੰ ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਹਾਡਾ ‘ਤੋਹਫਾ` ਤਾਂ ਠੀਕ ਹੈ ਪਰ ਇਸ ਖਿੱਤੇ ਵਿਚ ਕੈਂਸਰ, ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਇੰਨੀ ਵੱਡੀ ਪੱਧਰ ‘ਤੇ ਫੈਲਣ ਦਾ ਕਾਰਨ ਕੀ ਹੈ? ਇਹ ਬਿਮਾਰੀਆਂ ਫੈਲਾਉਣ ਦਾ ‘ਕਰੈਡਿਟ` ਕਿਸ ਨੂੰ ਜਾਣਾ ਚਾਹੀਦਾ ਹੈ? ਵੱਧ ਉਪਜ ਲੈਣ ਲਈ ਹਰੀ ਕ੍ਰਾਂਤੀ ਦੇ ਨਾਮ ਹੇਠ ਥੋਪੇ ਬੇਲੋੜੇ ਰੇਹਾਂ, ਸਪਰੇਹਾਂ ਨੇ ਇਸ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ ਤੇ ਅਖੌਤੀ ਵਿਕਾਸ ਮਾਡਲ ਨੇ ਮਨੁੱਖਤਾ ਦਾ ਜੋ ਘਾਣ ਕੀਤਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਕੈਂਸਰ ਦਾ ਵੱਡਾ ਕਾਰਨ ਬਣ ਰਹੇ ਮਾਲਵਾ ਖੇਤਰ ਦੀ ਨਰਮਾ ਪੱਟੀ ਦੇ ਪਿੰਡਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ, ਉਸ ਲਈ ਕੋਈ ਉਪਰਾਲਾ ਕਿਉਂ ਨਹੀਂ ਹੋ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੱਗਭੱਗ ਸਾਰੇ ਕੈਬਨਿਟ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਪਹੁੰਚੇ, ਤੇ ਉਨ੍ਹਾਂ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਫਿਰੋਜ਼ਪੁਰ ਫੇਰੀ ਵੇਲੇ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ, “ਅੱਜ ਪੂਰਾ ਪੰਜਾਬ ਤੁਹਾਡੇ ਸਵਾਗਤ ਲਈ ਖੜ੍ਹਾ ਹੈ।” ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 5 ਜਨਵਰੀ ਨੂੰ ਆਏ ਸਨ ਤਾਂ ਜੋ ਵੀ ਹੋਇਆ, ਉਹ ਮਾੜਾ ਸੀ। ਪੰਜਾਬੀਆਂ ਨੂੰ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ, ਅੱਜ ਅਸੀਂ ਉਨ੍ਹਾਂ ਲਈ ਅੱਖਾਂ ਵਿਛਾ ਰਹੇ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਤੁਸੀਂ ਆਏ ਹੋ।
ਗਹੁ ਨਾਲ ਤੱਕਿਆਂ ਭਗਵੰਤ ਮਾਨ ਦੇ ਇਹ ਸ਼ਬਦ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲੇ ਕਿਸਾਨ ਸੰਘਰਸ਼ ਨੂੰ ਝੁਠਲਾਉਣ ਵਾਲੇ ਹਨ ਕਿਉਂਕਿ ਉਸ ਸਮੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਪੂਰੇ ਜੋਬਨ ‘ਤੇ ਸੀ ਤੇ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਦੇ ਘਿਰਾਓ ਦਾ ਸੱਦਾ ਦਿੱਤਾ ਹੋਇਆ ਸੀ। ਮੁੱਖ ਮੰਤਰੀ ਸ਼ਾਇਦ ਭੁੱਲ ਗਏ ਕਿ ਪ੍ਰਧਾਨ ਮੰਤਰੀ ਦੀ ਉਸ ਫੇਰੀ ਦੌਰਾਨ ਪੰਜਾਬ ਸੰਘਰਸ਼ੀ ਰੰਗ ਵਿਚ ਰੰਗਿਆ ਹੋਇਆ ਸੀ ਤੇ ਕਿਸਾਨ ਸੰਘਰਸ਼ ਕਾਰਨ ਪੰਜਾਬ ਦੇ ਬਣੇ ਹਾਲਾਤ ਕਾਰਨ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਇਕੱਠ ਨਹੀਂ ਹੋਇਆ ਸੀ।
ਸਰਹੱਦੀ ਮਸਲੇ ਬਾਰੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਇਹ ਤਾਂ ਕਿਹਾ ਕਿ ਅਸੀਂ ਬੀ.ਐਸ.ਐਫ. ਅਤੇ ਕੇਂਦਰ ਨਾਲ ਮਿਲ ਕੇ ਚੱਲ ਰਹੇ ਹਾਂ, ਤੇ ਵਿਘਨ ਪਾਉਣ ਵਾਲੀਆਂ ਤਾਕਤਾਂ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿਆਂਗੇ ਪਰ ਲੱਗਦੇ ਹੱਥ ਬੀ.ਐਸ.ਐਫ. ਦਾ ਦਾਇਰਾ ਵਧਾਉਣ ਦਾ ਮਸਲਾ ਉਠਾਉਣ ਤੋਂ ਚੁੱਪ ਵੱਟ ਗਏ। ਪੰਜਾਬ ਵਿਚ ਬੀ.ਐਸ.ਐਫ. ਦਾ ਦਾਇਰਾ ਵਧਾਉਣ ਨਾਲ ਅੱਧਾ ਪੰਜਾਬ ਅਸਿੱਧੇ ਤੌਰ ‘ਤੇ ਬੀ.ਐਸ.ਐਫ. ਅਧੀਨ ਆ ਜਾਵੇਗਾ, ਇਹ ਚਰਚਾ ਦਾ ਵਿਸ਼ਾ ਬਣਿਆ ਸੀ ਤਾਂ ‘ਆਪ` ਆਗੂ ਵੀ ਵਧ-ਚੜ੍ਹ ਕੇ ਬੋਲੇ ਸਨ।
ਪੰਜਾਬ ਵਿਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦਾ ਹਸਪਤਾਲ ਖੁੱਲ੍ਹਣਾ ਚੰਗੀ ਗੱਲ ਹੈ ਤੇ ਸੂਬੇ ਦੇ ਮੁਖੀ ਵੱਲੋਂ ਪ੍ਰਧਾਨ ਮੰਤਰੀ ਨੂੰ ਜੀ ਆਇਆ ਕਹਿਣਾ ਵੀ ਕੋਈ ਮਾੜੀ ਗੱਲ ਨਹੀਂ ਹੈ ਪਰ ਪੰਜਾਬ ਦੇ ਮੁੱਦੇ ਛੱਡ ਕੇ ਇਸ ਤਰ੍ਹਾਂ ਦੀਆਂ ‘ਮਿੱਠੀਆਂ` ਮਾਰਨੀਆਂ ਕੋਈ ਵਧੀਆ ਸੁਨੇਹਾ ਦੇਣ ਵਾਲੀ ਗੱਲ ਨਹੀਂ, ਖਾਸਕਰ ਉਸ ਸਮੇਂ ਜਦ ਤੁਸੀਂ ਮੀਡੀਆ ਵਿਚ ਆਪਣੇ ਆਪ ਨੂੰ ਲੋਕਾਂ ਦੇ ਸਭ ਤੋਂ ਵੱਡੇ ਖੈਰ-ਖੁਆਹ ਵਜੋਂ ਪੇਸ਼ ਕਰ ਰਹੇ ਹੋਵੋ।
ਚੰਗਾ ਹੁੰਦਾ ਜੇ ਮੁੱਖ ਮੰਤਰੀ ਆਪਣੇ ਭਾਸ਼ਣ ਵਿਚ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿਚੋਂ ਪੰਜਾਬ ਦੀ ਭਾਗੀਦਾਰੀ ਖਤਮ ਕਰਨ ਦੀ ਗੱਲ ਕਰਦੇ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ‘ਤੇ ਆਪਣੀ ਹੱਕ ਜਤਾਈ ਕਰਦੇ। ਪੰਜਾਬ ਦੇ ਪਾਣੀਆਂ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ, ਮੁੱਖ ਮੰਤਰੀ ਨੂੰ ਇਹ ਸਵਾਲ ਉਠਾਉਣਾ ਚਾਹੀਦਾ ਸੀ।
ਪੰਜਾਬ ਨਾਲ ਸਬੰਧਤ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦਾ ਮਸਲਾ ਉਠਾਉਣਾ ਬਣਦਾ ਸੀ ਕਿ ਸੰਵਿਧਾਨ ਅਨੁਸਾਰ ਉਨ੍ਹਾਂ ਨੇ ਆਪਣੀ ਬਣਦੀ ਸਜ਼ਾ ਭੁਗਤ ਲਈ ਹੈ ਤਾਂ ਉਨ੍ਹਾਂ ਨੂੰ ਫੌਰੀ ਰਿਹਾਅ ਕਰਨਾ ਚਾਹੀਦਾ ਹੈ। ਭਾਸ਼ਣ ਦੌਰਾਨ ਇਹ ਸਵਾਲ ਪੁੱਛਣਾ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਜੀ, ਤੁਹਾਡੇ ਪਿੱਤਰੀ ਸੂਬੇ ਗੁਜਰਾਤ ਵਿਚ ਬਿਲਕੀਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਮੁਆਫ ਕਰਕੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਅਤੇ ਉਸ ਦੇ ਸਮਰਥਕ ਇਸ ਗੱਲ ਦਾ ਖੂਬ ਲਾਹਾ ਲੈਂਦੇ ਆਏ ਹਨ ਕਿ ਉਹ ਲੋਕ ਸਭਾ ਵਿਚ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਰਹੇ ਹਨ ਤੇ ਲੋਕਾਂ ਦੇ ਮਸਲੇ ਲੋਕ ਸਭਾ ਵਿਚ ਬੇਬਾਕੀ ਨਾਲ ਉਠਾਉਂਦੇ ਰਹੇ ਹਨ ਪਰ ਸਾਨੂੰ ਘੋਖ ਤਾਂ ਕਰਨੀ ਹੀ ਚਾਹੀਦੀ ਹੈ ਕਿ ਅਜਿਹਾ ਕੀ ਭਾਣਾ ਵਰਤ ਗਿਆ ਕਿ ਉਹ ਬੁਲੰਦ ਆਵਾਜ਼ ਮੁੱਖ ਮੰਤਰੀ ਬਣਨ ਤੋਂ ਬਾਅਦ ਉਸੇ ਸਰਕਾਰ ਦੇ ਮੁਖੀ ਦੇ ਸੋਹਲੇ ਗਾਉਣ ਲੱਗ ਪਈ!
ਮੁੱਖ ਮੰਤਰੀ ਦੇ ਮੂੰਹੋਂ ਬਾਦਲ ਪਿਉ-ਪੱਤਾਂ ਅਤੇ ਕੈਪਟਨ ਖਿਲਾਫ ਚੁਟਕਲੇ ਚਿਰਾਂ ਤੋਂ ਸੁਣ ਰਹੇ ਹਾਂ ਪਰ ਜਿਸ ਧਿਰ ਕੋਲ ਇਨ੍ਹਾਂ ਦੋਵਾਂ ਘਰਾਂ ਦੀ ਚਾਬੀ ਹੈ, ਉਸ ਦੀ ਉਸਤਤ ਕਰਕੇ ਮੁੱਖ ਮੰਤਰੀ ਭਲਾ ਕੀ ਸੁਨੇਹਾ ਦੇ ਰਹੇ ਹਨ? ਹਕੀਕਤ ਇਹ ਹੈ ਕਿ ਅੱਜ ਕੱਲ੍ਹ ਭਗਵੰਤ ਮਾਨ ਖੁਦ ਉਹ ਸਭ ਕਰ ਰਹੇ ਹਨ ਜਿਸ ਦਾ ਉਹ ਵਿਰੋਧ ਕਰਦੇ ਰਹੇ ਹਨ, ਜਿਵੇਂ ਅੱਜ ਕੱਲ੍ਹ ਲੱਗਭੱਗ ਹਰ ਸਰਕਾਰੀ ਕੰਮ ‘ਤੇ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੈ; ਪਿਛਲੇ ਦਿਨੀਂ ਖੁੱਲ੍ਹੇ ਆਮ ਆਦਮੀ ਕਲੀਨਿਕ ਇਸ ਦੀ ਪ੍ਰਤੱਖ ਉਦਹਾਰਨ ਹਨ।
ਬਹੁਤ ਸਾਰੇ ‘ਆਪ` ਆਗੂ ਇਹ ਕਹਿ ਕੇ ਗੁਮਰਾਹ ਕਰ ਰਹੇ ਹਨ ਕਿ ਇਹ ਪ੍ਰੋਟੋਕੋਲ ਦਾ ਮਸਲਾ ਹੈ ਜਦਕਿ ਅਜਿਹੀਆਂ ਅਨੇਕਾਂ ਉਦਹਾਰਨਾਂ ਪਈਆਂ ਹਨ ਜਦ ਸੂਬੇ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਸਟੇਜ ਤੋਂ ਆਪਣੇ ਸੂਬੇ ਦੇ ਮਸਲੇ ਉਠਾਏ ਹਨ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।
ਪ੍ਰਧਾਨ ਨਰਿੰਦਰ ਮੋਦੀ ਨੇ 20 ਮਿੰਟ ਤੋਂ ਜ਼ਿਆਦਾ ਆਪਣੇ ਭਾਸ਼ਣ ਵਿਚ ਕੇਂਦਰ ਦੇ ਵਿਜ਼ਨ ਦੀ ਵਿਆਖਿਆ ਕੀਤੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਹਿਮਾਚਲ ਚੋਣਾਂ ਲਈ ਪ੍ਰਚਾਰ ਮੁਹਿੰਮ ‘ਤੇ ਨਿੱਕਲੇ ਹੋਣ।
ਪ੍ਰਧਾਨ ਮੰਤਰੀ ਦੀ 5 ਜਨਵਰੀ ਵਾਲੀ ਅਧੂਰੀ ਪੰਜਾਬ ਫੇਰੀ ਸਮੇਂ ਕੁਝ ਸੱਜਣ ਤਰਕ ਦਿੰਦੇ ਸਨ ਕਿ ਜੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਨਾ ਹੁੰਦਾ ਤਾਂ ਉਹ ਪੰਜਾਬ ਨੂੰ ਵੱਡੇ ਗੱਫੇ ਦੇਣ ਵਾਲੇ ਸਨ। ਚਲੋ ਮੰਨਿਆ ਕਿ ਪਿਛਲੀ ਵਾਰ ਫੇਰੀ ਦੇ ਵਿਰੋਧ ਕਾਰਨ ਪੰਜਾਬ ਗੱਫਿਆਂ ਤੋਂ ਵਾਂਝਾ ਰਹਿ ਗਿਆ ਪਰ ਐਤਕੀਂ ਤਾਂ ਪੰਜਾਬ ਸਰਕਾਰ ਨੇ ਸਵਾਗਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਫਿਰ ਐਤਕੀਂ ਵਾਲੇ ਗੱਫਿਆਂ ਦਾ ਕੀ ਬਣਿਆ?
ਅਸਲ ਵਿਚ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਅਤੇ ਮੀਡੀਆ, ਖਾਸਕਰ ਸ਼ੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਵਰਤ ਕੇ ਇਹ ਪਾਰਟੀ ਪੂਰੇ ਮੁਲਕ ਵਿਚ ਛਾ ਜਾਣਾ ਚਾਹੁੰਦੀ ਹੈ। ‘ਆਪ` ਆਗੂ ਮੀਡੀਆ ਰਾਹੀਂ ਇਹ ਬਿਰਤਾਂਤ ਸਿਰਜਦੇ ਹਨ ਕਿ ਭਾਜਪਾ ਦੇ ਅਸਲ ਵਿਰੋਧੀ ਉਹੀ ਹਨ ਜਦਕਿ ਜ਼ਿਆਦਾਤਰ ਮਸਲਿਆਂ ਵਿਚ ਨੀਤੀਗਤ ਤੌਰ ‘ਤੇ ਇਸ ਤਰ੍ਹਾਂ ਨਹੀਂ ਹੈ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਸੰਘਰਸ਼ ਕਰਨ ਵਾਲੀ ਇਸ ਪਾਰਟੀ ਨੇ ਜੰਮੂ ਕਸ਼ਮੀਰ ਦੇ ਮਸਲੇ ‘ਤੇ ਭਾਜਪਾ ਦਾ ਪੱਖ ਪੂਰਿਆ ਹੈ। ਅੱਜ ਦਾ ਦੌਰ ਉਹ ਦੌਰ ਹੈ ਜਦ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਤੇ ਫੈਡਰਲ ਢਾਂਚਾ ਬੁਰੀ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਹੈ। ਇਸ ਸੂਰਤ ਵਿਚ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੇਂਦਰ ਸਰਕਾਰ ਨੂੰ ਅਜਿਹੇ ਫੈਸਲੇ ਕਰਨ ਤੋਂ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ।