ਮਨੁੱਖ ਦਾ ਲਾਲਚ ਅਤੇ ਵਾਹੀਯੋਗ ਜ਼ਮੀਨ ਦੀ ਦੁਰਵਰਤੋਂ

ਹਰੀਪਾਲ
ਫੋਨ: +1-403-714-4816
ਅੱਜ ਦੇ ਵਿਕਾਸ ਮਾਡਲ ਨੇ ਸੰਸਾਰ ਦੀ ਹਰ ਸ਼ੈਅ ਦਾਅ ਉਤੇ ਲਾ ਦਿੱਤੀ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਸਾਡੇ ਵਾਤਾਵਰਨ ਦਾ ਹੋਇਆ ਹੈ। ਅੱਜ ਵਾਤਾਵਰਨ ਵਿਚ ਜਿਹੜੇ ਵਿਗਾੜ ਸਾਹਮਣੇ ਆ ਰਹੇ ਹਨ ਅਤੇ ਮਨੁੱਖਾ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ, ਉਹ ਸਭ ਇਸ ਵਿਕਾਸ ਮਾਡਲ ਦਾ ਹੀ ਨਤੀਜਾ ਹੈ। ਮਨੁੱਖ ਦੀ ਮਾਇਆ ਦੀ ਹਵਸ ਨੇ ਅੱਜ ਮਨੁੱਖ ਨੂੰ ਚੌਰਾਹੇ ਵਿਚ ਲਿਆ ਖੜ੍ਹਾ ਕੀਤਾ ਹੈ। ਕੈਨੇਡਾ ਵੱਸਦੇ ਵਿਦਵਾਨ ਹਰੀਪਾਲ ਨੇ ਇਸ ਲੇਖ ਵਿਚ ਵਿਕਾਸ ਮਾਡਲ ਦੀ ਭੇਟ ਚੜ੍ਹ ਰਹੀ ਸਾਡੀ ਜ਼ਮੀਨ ਦਾ ਮਸਲਾ ਵਿਸਥਾਰ ਨਾਲ ਵਿਚਾਰਿਆ ਹੈ। ਮਨੁੱਖ ਜੰਗਲ ਵੱਢ ਕੇ ਕੰਕਰੀਟ ਦੇ ਜੰਗਲ ਉਸਾਰ ਰਿਹਾ ਹੈ। ਵਾਹੀ ਵਾਲੀ ਜ਼ਮੀਨ ਨੂੰ ਵੀ ਇਸੇ ਲੇਖੇ ਲਾ ਰਿਹਾ ਹੈ। ਇਸੇ ਕਰਕੇ ਅੱਜ ਸਭਨਾਂ ਲਈ ਸੋਚਣ ਦਾ ਵੇਲਾ ਹੈ।

ਸਾਡੇ ਕੋਲ ਛੋਟੀ ਜਿਹੀ ਧਰਤੀ ਹੈ ਜਿਸ ਵਿਚ ਤਿੰਨ ਹਿੱਸੇ ਸਮੁੰਦਰ ਹੈ ਅਤੇ ਬਾਕੀ ਜਿਹੜੀ ਇੱਕ ਚੌਥਾਈ ਧਰਤੀ ਹੈ, ਉਸ ਵਿਚ ਸਿਰਫ 38% ਜ਼ਮੀਨ ਖੇਤੀ ਯੋਗ ਹੈ। ਸਾਡੀ ਧਰਤੀ ‘ਤੇ ਅੱਜ ਤਕਰੀਬਨ ਅੱਠ ਅਰਬ ਲੋਕ ਰਹਿੰਦੇ ਹਨ। ਇਹ ਜ਼ਮੀਨ ਅਸੀਮਤ ਨਹੀਂ ਅਤੇ ਇਹ ਹਜ਼ਾਰਾਂ ਲੱਖਾਂ ਜੀਵ-ਜੰਤੂਆਂ, ਜਾਨਵਰਾਂ ਦਾ ਬਸੇਰਾ ਵੀ ਹੈ। ਇਸ ਧਰਤੀ ‘ਤੇ ਉਡ ਅਤੇ ਘੁੰਮ ਰਹੇ ਜੀਆ-ਜੰਤ ਅਤੇ ਹਰ ਤਰ੍ਹਾਂ ਦੀ ਬਨਸਪਤੀ ਸਾਨੂੰ ਕੁਦਰਤ ਦਾ ਮਿਲਿਆ ਸ਼ਾਨਦਾਰ ਤੋਹਫਾ ਹੈ। ਅਸੀਂ ਇੱਥੇ ਸਦਾ ਨਹੀਂ ਬੈਠੇ ਰਹਿਣਾ ਪਰ ਇਸ ਛੋਟੀ ਜਿਹੀ ਧਰਤੀ ਦੀ ਬਹੁਤ ਬੁਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ ਅਤੇ ਇਹ ਸਭ ਕੁਝ ਵਿਕਾਸ ਦੇ ਨਾਂ ‘ਤੇ ਹੋ ਰਿਹਾ ਹੈ।
ਜੇ ਧਰਤੀ ਦੀ ਦੁਰਵਰਤੋਂ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਇੱਕ ਦਿਨ ਖੇਤੀ ਯੋਗ ਜ਼ਮੀਨ ਦੀ ਕਮੀ ਕਰਕੇ, ਮਨੁੱਖ ਅਤੇ ਜੀਵ ਜੰਤੂ ਭੁੱਖ ਨਾਲ਼ ਮਰਨੇ ਸ਼ੁਰੂ ਹੋ ਜਾਣਗੇ; ਪਹਿਲਾਂ ਹੀ ਤੀਹ ਪੈਂਤੀ ਹਜ਼ਾਰ ਇਨਸਾਨ ਭੁੱਖ ਨਾਲ ਮਰ ਰਹੇ ਹਨ ਅਤੇ ਜਾਨਵਰਾਂ ਦੀਆਂ ਹਜ਼ਾਰਾਂ ਨਹੀਂ, ਲੱਖਾਂ ਹੀ ਨਸਲਾਂ ਇਸ ਧਰਤੀ ਤੋਂ ਲੋਪ ਹੋ ਰਹੀਆਂ ਹਨ ਜਾਂ ਮਨੁੱਖ ਦੇ ਲਾਲਚ ਦੀ ਭੇਟਾ ਚੜ੍ਹ ਰਹੀਆਂ ਹਨ। ਸ਼ਹਿਰਾਂ ਦਾ ਲਗਾਤਾਰ ਵਾਧਾ, ਹਰ ਸਾਲ ਲੱਖਾਂ ਏਕੜ ਜ਼ਮੀਨ ਹੜੱਪ ਕਰ ਰਿਹਾ ਹੈ।
ਸ਼ਹਿਰਾਂ ਦੀਆਂ ਸਿਟੀ ਕੌਂਸਲਾਂ ਹਰ ਸਾਲ ਨਵੀਆਂ ਸਬ-ਡਿਵੀਜ਼ਨਾਂ ਕੱਢਣ ਦਾ ਐਲਾਨ ਕਰਦੀਆਂ ਹਨ। ਕੱਲ੍ਹ ਤੱਕ ਜਿੱਥੇ ਕਣਕ, ਮੱਕੀ, ਸਰੋਂ ਉਗੀ ਹੋਈ ਦੇਖਦੇ ਸਾਂ; ਕੱਲ੍ਹ ਤੱਕ ਜਿੱਥੇ ਦਰੱਖਤਾਂ ਤੋਂ ਪੰਛੀਆਂ ਦੇ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ ਸਨ; ਕੱਲ੍ਹ ਤੱਕ ਜਿਥੇ ਗਾਵਾਂ ਮੱਝਾਂ ਚਰਦੀਆਂ ਦਿਸਦੀਆਂ ਸਨ; ਅੱਜ ਸ਼ਾਪਿੰਗ ਮਾਲਾਂ ਜਾਂ ਘਰਾਂ ਵਿਚ ਤਬਦੀਲ ਹੋ ਗਏ ਹਨ। ਸ਼ਹਿਰਾਂ ਵਿਚ ਪਾਰਕਾਂ ਵਾਲੀ ਜਗ੍ਹਾ ‘ਤੇ ਵੀ ਇਨ੍ਹਾਂ ਬਿਲਡਰਾਂ ਦੀ ਅੱਖ ਹੈ, ਪਤਾ ਨਹੀ ਕਦੋਂ ਕਿਸ ਪਾਰਕ ਦਾ ਭੋਗ ਪੈ ਜਾਵੇ। ਇਨ੍ਹਾਂ ਥਾਵਾਂ ‘ਤੇ ਕਿੰਨਾ ਜੀਅ-ਜੰਤ ਰਹਿੰਦਾ ਸੀ, ਉਹ ਸਭ ਖਤਮ ਹੋ ਗਏ ਹਨ। ਇਹ ਫਾਰਮ ਕਿੰਨੇ ਲੋਕਾਂ ਦਾ ਢਿੱਡ ਭਰਦੇ ਸਨ, ਅੱਜ ਕੰਕਰੀਟ ਦੇ ਜੰਗਲ ਬਣ ਗਏ ਹਨ।
ਪਿਛਲੇ ਦਹਾਕੇ ਵਿਚ ਇੰਡੀਆ ਦੀ 16 ਹਜ਼ਾਰ ਵਰਗ ਕਿਲੋਮੀਟਰ ਫਾਰਮਲੈਂਡ, ਸ਼ਹਿਰੀ ਵਿਕਾਸ ਜਾਂ ਵੱਡੇ ਵੱਡੇ ਮਾਰਗ ਬਣਾਉਣ ਵਿਚ ਚਲੀ ਗਈ। ਭਾਰਤ ਦੀ ਤੀਹ ਫ਼ੀਸਦ ਆਬਾਦੀ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹੈ। ਕੈਨੇਡਾ ਅਤੇ ਅਮਰੀਕਾ ਤਾਂ ਦਾ ਤਾਂ ਕਹਿਣਾ ਹੀ ਕੀ! ਇੱਥੇ ਤਾਂ ਏਕੜਾਂ ਵਿਚ ਪਿਆ ਹੋਇਆ ਘਰ ਤੁਹਾਡਾ ਸਮਾਜਿਕ ਰੁਤਬਾ ਉਚਾ ਕਰ ਦਿੰਦਾ ਹੈ। ਅਫਸੋਸ! ਇਹ ਸਾਡੇ ਲੋਕਾਂ ਦੀ ਸੋਚ ਹੈ। ਇਸ ਦੁਨੀਆ ਵਿਚ ਵੀਹ ਲੱਖ ਏਕੜ ਖੇਤੀ ਯੋਗ ਜ਼ਮੀਨ ਹਰ ਸਾਲ ਸ਼ਹਿਰ ਅਤੇ ਸੜਕਾਂ ਖਾ ਜਾਂਦੀਆਂ ਹਨ। ਹਜ਼ਾਰਾਂ ਏਕੜ ਜ਼ਮੀਨ ਸੋਨੇ, ਤਾਂਬਾ, ਕੋਇਲੇ ਦੀਆਂ ਖਾਣਾਂ ਦੇ ਧੱਕੇ ਚੜ੍ਹ ਰਹੀ ਹੈ। ਖਣਿਜ ਪਦਾਰਥ ਮੁੱਕਣ ‘ਤੇ ਇਨ੍ਹਾਂ ਖਾਣਾਂ ਨੂੰ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ।
ਧਰਤੀ ਅਤੇ ਪਹਾੜਾਂ ਵਿਚੋਂ ਬਜਰੀ ਕੱਢਣ ਖ਼ਾਤਿਰ ਵੀ ਬਹੁਤ ਸਾਰੀ ਜ਼ਮੀਨ ਜਾ ਰਹੀ ਹੈ। ਜੇਕਰ ਵਿਕਾਸ ਦੀ ਦਰ ਇਹੀ ਰਹੀ ਤਾਂ ਮਨੁੱਖਤਾ ਲਈ ਅੰਨ ਕਿੱਥੋਂ ਆਵੇਗਾ ਕਿਉਂਕਿ ਇਸ ਧਰਤੀ ਦੀ ਆਬਾਦੀ 2050 ਤੱਕ ਦਸ ਅਰਬ ਹੋ ਜਾਣੀ ਹੈ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਸਿਰਫ਼ ਅੱਜ ਬਾਰੇ ਸੋਚ ਰਹੇ ਹਾਂ, ਕੱਲ੍ਹ ਦੀ ਚਿੰਤਾ ਅਸੀਂ ਛੱਡ ਦਿੱਤੀ ਹੋਈ ਹੈ। ਇਹ ਅਖੌਤੀ ਵਿਕਾਸ ਧਰਤੀ ਤੋਂ ਬਨਸਪਤੀ ਖਤਮ ਕਰਕੇ ਤਾਪਮਾਨ ਵਧਣ ਦਾ ਕਾਰਨ ਵੀ ਹੈ। ਧਰਤੀ ਦਾ ਵਧ ਰਿਹਾ ਤਾਪਮਾਨ (ਜਿਸ ਲਈ ਮਨੁੱਖੀ ਗਤੀਵਿਧੀਆਂ ਬਹੁਤ ਹੱਦ ਤੱਕ ਜ਼ਿੰਮੇਵਾਰ ਹਨ) ਵੀ ਜ਼ਮੀਨ ਨੂੰ ਵੱਡਾ ਖੋਰਾ ਲਾ ਰਿਹਾ ਹੈ।
ਜੇਕਰ ਧਰਤੀ ਦਾ ਤਾਪਮਾਨ 2 ਡਿਗਰੀ ਵਧ ਗਿਆ ਤਾਂ ਸਮੁੰਦਰ ਦਾ ਪੱਧਰ ਦੋ ਮੀਟਰ ਉਚਾ ਹੋ ਜਾਵੇਗਾ ਅਤੇ ਸੱਤ ਲੱਖ ਵਰਗ ਕਿਲੋਮੀਟਰ ਜ਼ਮੀਨ ਪਾਣੀ ਹੇਠਾਂ ਆ ਜਾਵੇਗੀ; 187.10 ਕਰੋੜ ਲੋਕ ਬੇਘਰੇ ਹੋ ਜਾਣਗੇ। ਵਧ ਰਹੇ ਤਾਪਮਾਨ ਨੇ ਕਿੰਨੇ ਹੀ ਦਰਿਆ ਸੁਕਾ ਦਿੱਤੇ ਹਨ। ਅੱਜ ਕੱਲ੍ਹ ਫਰਾਂਸ ਦੇ ਇੱਕ ਦਰਿਆ ਦਾ ਰੌਲਾ ਪੈ ਰਿਹਾ ਹੈ। ਜਿਸ ਦਰਿਆ ਵਿਚ ਜਹਾਜ਼ਰਾਨੀ ਹੁੰਦੀ ਸੀ, ਰੇਤੇ ਦਾ ਮਾਰੂਥਲ ਬਣ ਗਿਆ ਹੈ। ਦਰਿਆਵਾਂ ਦਾ ਇਹ ਹਾਲ ਦੇਖ ਕੇ ਹੁਣ ਤਾਂ ਪੈਸੇ ਦੇ ਢੇਰਾਂ ‘ਤੇ ਬੈਠਣ ਵਾਲਿਆਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ। ਜਿਵੇਂ ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਸਦਾ ਹੈ, ਹੋ ਸਕਦਾ ਹੈ, ਇਹ ਸੋਚਦੇ ਹੋਣਗੇ ਕਿ ਚਲੋ ਦਰਿਆ ਤਾਂ ਸੁੱਕ ਗਿਆ, ਹੁਣ ਰੇਤਾ ਵੇਚ ਕੇ ਹੀ ਪੈਸੇ ਬਣਾ ਲਈਏ। ਇਨ੍ਹਾਂ ਕਾਰਪੋਰੇਟ ਅਦਾਰਿਆਂ ਨੂੰ ਹਰ ਵੇਲੇ ਨਫ਼ੇ ਦੇ ਸੁਪਨੇ ਆਉਂਦੇ ਹਨ।
ਅੱਜ ਦਿਖਾਵੇ ਦਾ ਕਲਚਰ ਭਾਰੂ ਹੈ। ਹਰ ਕੋਈ ਵੱਡੇ ਘਰ ਵਿਚ ਰਹਿਣਾ ਚਾਹੁੰਦਾ ਹੈ, ਵੱਡੀਆਂ ਕਾਰਾਂ ਰੱਖਣੀਆਂ ਚਾਹੁੰਦਾ ਹੈ, ਹਰ ਕੋਈ ਇੱਕ ਦੂਜੇ ਤੋਂ ਉਚਾ ਦਿਸਣਾ ਚਾਹੁੰਦਾ ਹੈ, ਉਨ੍ਹਾਂ ਦੀ ਇਸ ਅੱਯਾਸ਼ੀ ਲਈ ਕੁਦਰਤ ਦਾ ਕਿੰਨਾ ਘਾਣ ਹੁੰਦਾ ਹੈ, ਇਸ ਦੀ ਕੋਈ ਪ੍ਰਵਾਹ ਨਹੀਂ ਕਰਦਾ। ਕਈ ਲੋਕ ਸੋਲਾਂ-ਸੋਲਾਂ ਹਜ਼ਾਰ ਵਰਗ ਫੁੱਟ ਦੇ ਘਰਾਂ ਵਿਚ ਰਹਿ ਰਹੇ ਹਨ; ਸਿਰਫ ਦੋ ਜੀਅ! ਇਹ ਕੋਈ ਸਟੇਟਸ ਨਹੀਂ ਸਗੋਂ ਇਹ ਅਪਰਾਧ ਹੈ। ਛੇ-ਛੇ ਗਰਾਜਾਂ ਵਾਲੇ ਘਰ ਹਨ, ਘਰ ਵਿਚ ਦੋ ਜੀਅ ਰਹਿੰਦੇ ਹਨ, ਘਰੇ ਦੋ ਕਾਰਾਂ ਹਨ। ਫਿਰ ਬਾਕੀ ਗਰਾਜ ਕਿਸ ਵਾਸਤੇ ਹਨ? ਕਹਿ ਦਿੰਦੇ ਹਨ ਕਿ ਦੋਸਤਾਂ ਜਾਂ ਰਿਸ਼ਤੇਦਾਰਾਂ ਵਾਸਤੇ! ਕੀ ਦੋਸਤ ਜਾਂ ਰਿਸ਼ਤੇਦਾਰ ਹਰ ਰੋਜ਼ ਆਉਂਦੇ ਹਨ? ਘਰ ਵਿਚ ਇੱਕ ਅੱਧਾ ਕੈਂਪਰ ਵੀ ਜ਼ਰੂਰ ਖੜ੍ਹਾ ਹੋਵੇਗਾ, ਲੋਕਾਂ ਨੂੰ ਦਿਖਾਉਣ ਵਾਸਤੇ। ਸਮਝ ਨਹੀਂ ਆਉਂਦੀ, ਇਨ੍ਹਾਂ ਅਮੀਰਾਂ ਦੇ ਦਿਲ ਵਿਚ ਇਹ ਕਿਉਂ ਨਹੀਂ ਆਉਂਦਾ ਕਿ ਤੁਹਾਡਾ ਇਹ ਦਿਖਾਵਾ ਕਿੰਨੇ ਲੋਕਾਂ ਦੀ ਭੁੱਖ ਦਾ ਕਾਰਨ ਬਣਦਾ ਹੈ।
ਕਈ ਅਮੀਰਜ਼ਾਦਿਆਂ ਨੇ ਵੱਖ ਵੱਖ ਮੁਲਕਾਂ ਵਿਚ ਘਰ ਬਣਾਏ ਹੋਏ ਹਨ ਜਿਹੜੇ ਸਾਲ ਦਾ ਬਹੁਤਾ ਸਮਾਂ ਖਾਲੀ ਰਹਿੰਦੇ ਹਨ। ਸਾਡੇ ਲੋਕ ਵੱਡਾ ਘਰ ਬਣਾ ਕੇ ਦੂਜਿਆਂ ‘ਤੇ ਰੋਹਬ ਪਾਉਣ ਲਈ ਇਕੱਠ ਵੀ ਜ਼ਰੂਰ ਕਰਦੇ ਹਨ, ਸਵੇਰੇ ਪਾਠ ਦਾ ਭੋਗ ਪਾਉਂਦੇ ਹਨ ਤੇ ਰਾਤ ਨੂੰ ਸ਼ਕਤੀ ਜਲ ਦਾ ਲੰਗਰ ਲਾਉਂਦੇ ਹਨ, ਪ੍ਰਾਹੁਣੇ ਝੂਠੀਆਂ ਸੱਚੀਆਂ ਤਰੀਫਾਂ ਦੇ ਪੁਲ ਬੰਨ੍ਹੇ ਜਾਂਦੇ ਹਨ। ਮੇਜ਼ਬਾਨ ਖੁਸ਼ ਹੋ ਜਾਂਦਾ ਹੈ ਕਿ ਐਨੇ ਬੰਦਿਆਂ ਵਿਚ ਮੇਰੀ ਭਲ ਬਣ ਗਈ ਹੈ। ਵਧੀਆ ਇਲਾਕੇ ਵਿਚ ਸਾਡੇ ਲੋਕ ਆਪਣਾ ਘਰ ਪਾ ਕੇ ਦੂਜੇ ਇਲਾਕੇ ਨੂੰ ਵੱਡਾ ਵਿਹੜਾ ਹੀ ਦੱਸਦੇ ਹਨ। ਇਹ ਹੰਕਾਰ ਕੈਲਗਰੀ, ਸਰੀ ਅਤੇ ਐਬਟਸਫੋਰਡ ਵਿਚ ਆਮ ਸੁਣਿਆ ਹੈ।
ਪਹਾੜੀਆਂ ਜਿਹੜੀਆਂ ਵਾਤਾਵਰਨ ਨੂੰ ਠੀਕ ਰੱਖਣ ਲਈ ਜ਼ਰੂਰੀ ਹਨ ਅਤੇ ਜਿਨ੍ਹਾਂ ‘ਤੇ ਬਹੁਤ ਜ਼ਰੂਰੀ ਬਨਸਪਤੀ ਹੁੰਦੀ ਹੈ ਤੇ ਕਿੰਨੇ ਜਾਨਵਰਾਂ ਦਾ ਘਰ ਹੁੰਦੀਆਂ ਹਨ, ਅੱਜ ਰੋਡੀਆਂ ਭੋਡੀਆਂ ਕਰਕੇ ਸੜਕਾਂ ਅਤੇ ਘਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਪਹਾੜ ਸਾਫ ਕਰਕੇ ਬਸਤੀਆਂ ਬਣਾਉਣ ਦਾ ਜਿਹੜਾ ਚੱਕਰ ਚੱਲਿਆ ਹੈ, ਇਸ ਨੇ ਪਹਾੜਾਂ ਦੇ ਖਿਸਕਣ ਦੀ ਪ੍ਰਕਿਰਿਆ ਬਹੁਤ ਵਧਾ ਦਿੱਤੀ ਹੈ। ਅਕਸਰ ਹੀ ਇਹ ਖਬਰਾਂ ਸੁਣਨ ਵਿਚ ਆਉਂਦੀਆਂ ਰਹਿੰਦੀਆਂ ਹਨ ਕਿ ਫਲਾਣੀ ਜਗ੍ਹਾ ਪਹਾੜ ਖਿਸਕਣ ਨਾਲ ਐਨੇ ਲੋਕ ਮਰ ਗਏ ਪਰ ਪਹਾੜ ਖਿਸਕਣ ਦੇ ਕਾਰਨ ਬਾਰੇ ਕੋਈ ਗੱਲ ਨਹੀਂ ਕਰਦਾ। ਕੈਨੇਡਾ ਵਿਚ ਤਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਦੀ ਲੁੱਟ ਨੇ ਨਵੇਂ ਧਨਾਢ ਪੈਦਾ ਕਰ ਦਿੱਤੇ ਹਨ ਜਿਹੜੇ ਦੂਜੇ ਲੋਕਾਂ ਨੂੰ ਕੁਝ ਨਹੀਂ ਸਮਝਦੇ। ਕੋਈ ਸਤਾਈ ਮੰਜ਼ਿਲਾਂ ਵਾਲੇ ਘਰ ਵਿਚ ਬੈਠ ਕੇ ਝੁੱਗੀਆਂ ‘ਤੇ ਹੱਸਦਾ ਹੈ ਪਰ ਉਹ ਇਹ ਨਹੀਂ ਸੋਚਦਾ ਕਿ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਮਜ਼ਦੂਰਾਂ ਨੇ ਹੀ ਉਸ ਨੂੰ ਮਹਿਲਾਂ ਵਿਚ ਬਿਠਾਇਆ ਹੈ। ਉਸ ਨੂੰ ਸ਼ਾਇਦ ਪਤਾ ਨਹੀਂ ਕਿ ਅੰਦਰ ਹੀ ਅੰਦਰ ਸੁਲਗ ਰਹੇ ਗੁੱਸੇ ਕਰਕੇ ਇਨ੍ਹਾਂ ਝੁੱਗੀਆਂ ਵਿਚ ਜਿਹੜਾ ਤੂਫਾਨ ਪੈਦਾ ਹੋ ਰਿਹਾ ਹੈ, ਇਸ ਦੇ ਸਾਹਮਣੇ ਸਤਾਈ ਮੰਜ਼ਿਲਾਂ ਘਾਹ ਫੂਸ ਵਾਂਗ ਉਡ ਜਾਣਗੀਆਂ। ਸਾਡੀਆਂ ਸਰਕਾਰਾਂ ਨੇ ਜਾਂ ਇਹ ਕਹਿ ਲਈਏ ਇਨ੍ਹਾਂ ਦੀਆਂ ਸਰਕਾਰਾਂ ਨੇ ਟੈਕਸ ਚੋਰੀ ਕਰਨ ਦੀਆਂ ਜਿਹੜੀਆਂ ਮੋਰੀਆਂ ਰੱਖੀਆਂ ਹਨ, ਮਜ਼ਦੂਰਾਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੈ, ਇਹ ਸਭ ਕੁਝ ਇਸੇ ਦਾ ਨਤੀਜਾ ਹੈ। ਸਰਕਾਰਾਂ ਨੂੰ ਘਰਾਂ ਦੇ ਆਕਾਰ ਬਾਰੇ ਹੱਦ ਮਿਥਣੀ ਚਾਹੀਦੀ ਹੈ। ਕਿਸੇ ਦਿਨ ਤਾਂ ਅਜਿਹਾ ਕਰਨਾ ਹੀ ਪਵੇਗਾ। ਇਹ ਤਾਂ ਹੀ ਸੰਭਵ ਹੋ ਸਕੇਗਾ ਜਦ ਸਿਅਸਤ ਕਾਰਪੋਰੇਟ ਕਲਚਰ ਦੇ ਚੁੰਗਲ ਵਿਚੋਂ ਨਿਕਲ ਸਕੇਗੀ।
ਸਮੁੰਦਰਾਂ, ਦਰਿਆਵਾਂ, ਝੀਲਾਂ ਦੇ ਕੰਢਿਆਂ ‘ਤੇ ਝਾੜੀਆਂ ਉਗੀਆਂ ਹੁੰਦੀਆਂ ਹਨ ਜਿਹੜੀਆਂ ਜ਼ਮੀਨ ਦੇ ਖੋਰੇ ਨੂੰ ਬਚਾਉਂਦੀਆਂ ਹਨ ਪਰ ਸਦਕੇ ਜਾਈਏ ਇਨ੍ਹਾਂ ਸ਼ਾਹੂਕਾਰਾਂ ਦੇ, ਕਿ ਸਮੁੰਦਰਾਂ, ਦਰਿਆਵਾਂ ਦੇ ਕੰਢੇ ਸਾਫ ਕਰਕੇ ਘਰ ਬਣਾ ਲਏ ਹਨ ਤਾਂ ਕਿ ਇਨ੍ਹਾਂ ਸ਼ਹਿਜ਼ਾਦਿਆਂ ਨੂੰ ਪਾਣੀ ਦਿਸਦਾ ਰਹੇ। ਝਾੜੀਆਂ ਰਹਿਤ ਦਰਿਆਵਾਂ ਵਿਚ ਜਦ ਹੜ਼ ਆਉਂਦਾ ਹੈ ਤਾਂ ਬਹੁਤ ਹੀ ਉਪਜਾਊ ਮਿੱਟੀ ਆਪਣੇ ਨਾਲ ਖੋਰ ਕੇ ਲੈ ਜਾਂਦਾ ਹੈ। ਇਕ ਅੰਦਾਜ਼ੇ ਮੁਤਾਬਿਕ ਹਰ ਸਾਲ 36 ਅਰਬ ਟਨ ਮਿੱਟੀ ਖੁਰ ਜਾਂਦੀ ਹੈ। ਝਾੜੀਆਂ ਵੱਢਣ ਦਾ ਇੱਕ ਹੋਰ ਕਾਰਨ ਵੀ ਹੈ ਤਾਂ ਕਿ ਬੀਚ ਏਰੀਏ ਨੂੰ ਵੱਡਾ ਕੀਤਾ ਜਾ ਸਕੇ ਅਤੇ ਸਮੁੰਦਰ ਦੇ ਕੰਢਿਆਂ ‘ਤੇ ਬਣੇ ਇਹ ਹੋਟਲ ਹੋਰ ਪੈਸਾ ਇਨ੍ਹਾਂ ਕਾਰਪੋਰੇਸ਼ਨਾਂ ਦੀ ਝੋਲੀ ਪਾ ਸਕਣ।
ਹੁਣ ਜਦੋਂ ਸਮੁੰਦਰ ਵਿਚ ਸੁਨਾਮੀ ਆਉਂਦੀ ਹੈ ਤਾਂ ਉਹ ਸਿੱਧੀ ਹੋਟਲਾਂ, ਘਰਾਂ ਨੂੰ ਤਬਾਹ ਕਰਦੀ ਹੈ ਅਤੇ ਕਿੰਨੇ ਹੀ ਜੀਵ ਜੰਤੂਆਂ, ਮਨੁੱਖਾਂ ਦੀ ਜਾਨ ਦੀ ਬਲੀ ਲੈ ਲੈਂਦੀ ਹੈ, ਕਿੰਨੀ ਹੀ ਉਪਜਾਊ ਜ਼ਮੀਨ ਤੇ ਕਈ ਕਈ ਫੁੱਟ ਰੇਤ ਚਾੜ੍ਹ ਦਿੰਦੀ ਹੈ। ਜੰਗਲ ਸਾਫ ਕਰਕੇ ਵੱਡੇ ਵੱਡੇ ਗੋਲਫ ਕੋਰਸ ਬਣਾਏ ਜਾਂਦੇ ਹਨ ਤਾਂ ਕਿ ਗੋਲਫ ਦੀ ਖੇਡ ਤੋਂ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ। ਹੁਣ ਗੋਲਫ ਤਾਂ ਉਹੀ ਖੇਡਣਗੇ ਜਿਨ੍ਹਾਂ ਕੋਲ ਵਾਧੂ ਪੈਸਾ ਹੈ ਅਤੇ ਵਾਧੂ ਟਾਈਮ ਹੈ; ਆਮ ਲੋਕਾਂ ਨੂੰ ਤਾਂ ਆਪਣਾ ਚੁੱਲ੍ਹਾ ਬਲਦਾ ਰੱਖਣ ਲਈ ਦਿਹਾੜੀ ਕਰਨੀ ਪੈਂਦੀ ਹੈ। ਉਨ੍ਹਾਂ ਕੋਲ ਕਿੱਥੇ ਵਕਤ ਹੈ ਗੋਲਫ ਖੇਡਣ ਦਾ? ਗੋਲਫ ਖੇਡਣਾ ਨਾਲ ਸਕਾਚ ਦੀ ਬੋਤਲ ਰੱਖਣੀ, ਭਾਵ ਦਾਰੂ ਪੀ ਕੇ ਖੇਡਣਾ, ਵਾਹ ਕਿਆ ਖੇਡ ਹੈ!
ਜ਼ਮੀਨ ਦੀ ਦੁਰਵਰਤੋਂ ਦੀ ਆਪਣੇ ਨੇੜੇ ਸਭ ਤੋਂ ਵਧੀਆ ਉਦਾਹਰਨ ਪੰਜਾਬ ਹੈ। ਮਾਲਵੇ ਦਾ ਇਲਾਕਾ ਜਿੱਥੇ ਛੋਲੇ, ਕਪਾਹ, ਮੂੰਗਫਲੀ ਆਦਿ ਫ਼ਸਲਾਂ ਹੁੰਦੀਆਂ ਸਨ, ਅੱਜ ਚੌਲ ਪੈਦਾ ਕਰਦਾ ਹੈ। ਇਸ ਇਲਾਕੇ ਨੂੰ ਚੌਲਾਂ ਵਾਲਾ ਬਣਾਉਣ ਲਈ ਕੁਦਰਤ ਨਾਲ ਖਿਲਵਾੜ ਕੀਤਾ ਗਿਆ ਹੈ। ਮਾਲਵੇ ਦੀ ਰੇਤਲੀ ਜ਼ਮੀਨ ਵਿਚ ਮੀਂਹ ਦਾ ਪਾਣੀ ਰਚ ਜਾਂਦਾ ਸੀ ਜਿਹੜਾ ਧਰਤੀ ਵਿਚਲੇ ਪਾਣੀ ਦੇ ਪੱਧਰ ਨੂੰ ਠੀਕ ਰੱਖਦਾ ਸੀ। ਹੁਣ ਲੋਕ ਬੜੀ ਛੇਤੀ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਅੱਜ ਜਿਹੜੀ ਰਸਾਇਣ ਦੇ ਸਿਰ ‘ਤੇ ਉਪਜ ਵਧਾਈ ਜਾ ਰਹੀ ਹੈ, ਇਸ ਨੇ ਧਰਤੀ ਨੂੰ ਇੱਕ ਦਿਨ ਬੰਜਰ ਕਰ ਦੇਣਾ ਹੈ ਤੇ ਬੰਜਰ ਹੋਈ ਜ਼ਮੀਨ ਮੌਸਮ ਦਾ ਹੋਰ ਵਿਗਾੜ ਕਰੇਗੀ।
ਦੁਨੀਆ ਭਰ ਵਿਚ ਮਾਲ ਦੀ ਢੋਆ-ਢੁਆਈ ਲਈ ਵੱਡੇ ਹਾਈਵੇਅ ਬਣਾਏ ਜਾ ਰਹੇ ਹਨ ਅਤੇ ਬਹੁਤੇ ਹਾਈਵੇਅ ਖੇਤੀ ਵਾਲੀ ਜ਼ਮੀਨ ਵਿਚੋਂ ਲੰਘਦੇ ਹਨ। ਇਨ੍ਹਾਂ ਸ਼ਹਿਰਾਂ ਸੜਕਾਂ ਕਰਕੇ ਹਰ ਸਾਲ 20 ਲੱਖ ਏਕੜ ਖੇਤੀ ਯੋਗ ਜ਼ਮੀਨ ਇਸ ਵਿਕਾਸ ਦੀ ਬਲੀ ਚੜ੍ਹਦੀ ਹੈ। ਫੈਕਟਰੀਆਂ ਨੂੰ ਬਿਜਲੀ ਦੇਣ ਲਈ ਵੱਡੇ ਵੱਡੇ ਡੈਮ ਬਣਾਏ ਜਾ ਰਹੇ ਹਨ। ਜਦ ਵੀ ਕੋਈ ਡੈਮ ਬਣਦਾ ਹੈ ਤਾਂ ਕਿੰਨੇ ਹੀ ਪਿੰਡ ਉਜਾੜ ਕੇ ਵਾਹੀਯੋਗ ਜ਼ਮੀਨ ਪਾਣੀ ਹੇਠਾਂ ਡੋਬੀ ਜਾਂਦੀ ਹੈ ਅਤੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਬੇਘਰ, ਬੇਰੁਜ਼ਗਾਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਮੁੜ ਵਸੇਬੇ ਬਾਰੇ ਵੀ ਕੋਈ ਕਦਮ ਨਹੀਂ ਚੁੱਕਿਆ ਜਾਂਦਾ। ਜਦ ਵੱਡੇ ਵੱਡੇ ਹਾਈਵੇਅ ਨਿੱਕਲਦੇ ਹਨ ਤਾਂ ਸਾਡੀ ਮੰਗ ਸਿਰਫ ਮੁਆਵਜ਼ਾ ਲੈਣ ਤੱਕ ਰਹਿ ਜਾਂਦੀ ਹੈ, ਅਸੀਂ ਇਹ ਨਹੀਂ ਸੋਚਦੇ ਕਿ ਅੱਜ ਦਾ ਲਿਆ ਇੱਕ ਕਰੋੜ ਕਿੱਲੇ ਦਾ, ਅਸਲ ਕੀਮਤ ਵਿਚ 20 ਕੁ ਸਾਲ ਤੱਕ ਕਿੰਨੇ ਦਾ ਰਹਿ ਜਾਵੇਗਾ। ਇਨ੍ਹਾਂ ਵੱਡੀਆਂ ਵੱਡੀਆਂ ਸੜਕਾਂ ‘ਤੇ ਅਮੀਰਾਂ ਦੀਆਂ ਕਾਰਾਂ ਚੱਲਣਗੀਆ। ਰਾਮੂ ਦਾ ਰੇਹੜਾ ਤਾਂ ਫਿਰ ਵੀ ਕੱਚੇ ਰਾਹ ‘ਤੇ ਹੀ ਚੱਲੇਗਾ।
ਕੈਨੇਡਾ ਦੇ ਇਕ ਮੂਲਵਾਸੀ ਮੁੰਡੇ ਨੇ ਦੱਸਿਆ ਕਿ ਬਲੈਕ ਫੁੱਟ (ਕੈਲਗਰੀ) ਸੜਕ ਕੋਲ ਹਜ਼ਾਰਾਂ ਏਕੜ ਜ਼ਮੀਨ ਸਾਡੇ ਪੁਰਖਿਆਂ ਦੀ ਸੀ ਜਿਹੜੀ ਉਨ੍ਹਾਂ ਨੇ ਪੈਨੀਆਂ ਦੇ ਏਕੜ ਦੇ ਹਿਸਾਬ ਵੇਚ ਦਿੱਤੀ ਸੀ ਜਿਸ ਦੀ ਅੱਜ ਕੀਮਤ ਸੋਨੇ ਨਾਲ ਪੈਂਦੀ ਹੈ। ਯਾਦ ਰਹੇ ਕਿ ਨੋਟ ਤਾਂ ਹਰ ਰੋਜ਼ ਛਪ ਰਹੇ ਹਨ ਪਰ ਜ਼ਮੀਨ ਹਰ ਰੋਜ਼ ਨਵੀਂ ਨਹੀਂ ਬਣਦੀ।
ਆਬਾਦੀ ਕੰਟਰੋਲ ਦੀ ਗੱਲ ਵੀ ਕੋਈ ਨਹੀਂ ਕਰ ਰਿਹਾ ਕਿਉਂਕਿ ਕਰਪੋਰੇਸ਼ਨਾਂ ਨੂੰ ਤਾਂ ਵਧਦੀ ਆਬਾਦੀ ਦਾ ਹੀ ਫਾਇਦਾ ਹੈ ਕਿਉਂਕਿ ਹਰ ਰੋਜ਼ ਇਨ੍ਹਾਂ ਦੀ ਲੁੱਟ ਦੇ ਕੰਮ ਆਉਣ ਲਈ ਨਵੇਂ ਗਾਹਕ ਜੰਮ ਰਹੇ ਹਨ। ਵਧ ਰਹੀ ਆਬਾਦੀ ਅਤੇ ਮਾਰੂ ਵਿਕਾਸ ਜਿਸ ਨਾਲ ਵਾਹੀਯੋਗ ਜ਼ਮੀਨ ਹਰ ਰੋਜ਼ ਘਟ ਰਹੀ ਹੈ, ਸਾਨੂੰ ਕਿਹੜੀ ਆਫਤ ਦੇ ਮੂੰਹ ਧੱਕਣਗੇ, ਸਾਡੇ ਕੋਲ ਇਹ ਸੋਚਣ ਦਾ ਵਕਤ ਹੀ ਨਹੀਂ ਹੈ। ਅਜੇ ਤਾਂ ਅਸੀਂ ਪੈਸੇ ਦੀ ਚੂਹਾ ਦੌੜ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਾਂ। ਅਜੇ ਤਾਂ ਅਸੀਂ ਗੁਆਂਢੀਆਂ ਨਾਲੋਂ ਵੱਡਾ ਘਰ ਲੈਣਾ ਹੈ ਤੇ ਉਨ੍ਹਾਂ ਨਾਲੋਂ ਵੱਡੀ ਕਾਰ ਲੈਣ ਲਈ ਭੱਜੇ ਫਿਰਦੇ ਹਾਂ।