ਮੇਰਾ ਪਿੰਡ ਅਜਿਹਾ ਤਾਂ ਨਹੀਂ ਸੀ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਪੰਜਾਬ ਆਇਆ ਹੋਇਆ ਹਾਂ। ਆਪਣੀ ਜਨਮ ਮਿੱਟੀ ਨੂੰ ਨਤਮਸਤਕ ਹੋਣ ਅਤੇ ਪੁਰਾਣੀਆਂ ਸਾਂਝਾਂ ਦਾ ਨਿੱਘ ਅਤੇ ਹੁਲਾਸ ਪ੍ਰਾਪਤ ਕਰਨ ਲਈ। ਅੱਜ ਸਾਝਰੇ ਪਿੰਡ ਨੂੰ ਗਿਆ ਸਾਂ, ਬਾਬਾ ਸ਼ਾਹ ਅਨਾਇਤ ਅਲੀ ਜੀ ਦੀ ਦਰਗਾਹ ‘ਤੇ ਨਤਸਮਤਕ ਹੋਣ। ਮੇਰੇ ਪਿੰਡ ਦੇ ਬਾਹਰਵਾਰ ਬਣੀ ਇਹ ਜਗ੍ਹਾ ਸਮੁੱਚੇ ਪਿੰਡ ਵਾਸੀਆਂ ਲਈ ਅਕੀਦਤਯੋਗ ਸਥਾਨ ਏ। ਸਾਰੇ ਲੋਕ ਇਥੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ, ਸਾਲਾਨਾ ਮੇਲੇ ਵਿਚ ਖੂਬ ਰੌਣਕਾਂ ਲਾਉਂਦੇ ਹਾਂ। ਮੇਰੇ ਮਨ ਵਿਚ ਬਾਬਾ ਸ਼ਾਹ ਅਨਾਇਤ ਅਲੀ ਜੀ ਲਈ ਅਦਬ ਦਾ ਹੀ ਇਹ ਆਲਮ ਸੀ ਕਿ ਮੈਂ ਪਿਛਲੇ ਦਿਨੀਂ ਪਾਕਿਸਤਾਨ ਦੀ ਯਾਤਰਾ ਦੌਰਾਨ ਵਿਸ਼ੇਸ਼ ਤੌਰ ‘ਤੇ ਲਾਹੌਰ ਵਿਖੇ ਉਨ੍ਹਾਂ ਦੀ ਦਰਗਾਹ ‘ਤੇ ਨਤਮਸਤਕ ਹੋ ਕੇ ਆਇਆ ਹਾਂ।

ਤਿੰਨ ਸਾਲਾਂ ਬਾਅਦ ਪਿੰਡ ਆਇਆ ਹਾਂ ਤਾਂ ਮਨ ‘ਚ ਆਉਂਦਾ ਹੈ ਕਿ ਅੰਬਾਂ ਵਾਲੀ ਪੱਤੀ ਵਿਚ ਰਹਿੰਦੇ ਆਪਣੇ ਦਸਵੀਂ ਦੇ ਜਮਾਤੀ ਅਮਰੀਕ ਸਿੰਘ ਨੂੰ ਮਿਲ ਕੇ ਚੱਲਾਂ। ਅੰਦਰੋਂ ਨਿਕਲ ਕੇ ਫਿਰਨੀ ‘ਤੇ ਉਗ ਆਇਆ ਮੇਰਾ ਪਿੰਡ ਮੇਰੇ ਤੋਂ ਹੀ ਬੇਪਛਾਣ ਏ। ਹੁਣ ਪਿੰਡ ਦੇ ਅੰਦਰਵਾਰ ਸਿਰਫ਼ ਕੁਝ ਖ਼ੋਲ਼ੇ ਨੇ। ਕੁਝ ਘਰਾਂ ਦੇ ਲੱਗੇ ਹੋਏ ਜੰਦਰੇ ਘਰਾਂ ਵਾਲਿਆਂ ਨੂੰ ਉਡੀਕਦੇ ਉਦਾਸੀ ਦੇ ਆਲਮ ਵਿਚ ਜੂਨ ਪੂਰੀ ਕਰ ਰਹੇ ਹਨ ਕਿਉਂਕਿ ਇਨ੍ਹਾਂ ਘਰਾਂ ਨੂੰ ਪਤਾ ਹੈ ਕਿ ਘਰਾਂ ਤੋਂ ਬਾਹਰ ਰੱਖੇ ਹੋਏ ਪੈਰਾਂ ਨੇ ਪਹਿਲੇ ਰੂਪ ਵਿਚ ਕਦੇ ਨਹੀਂ ਘਰਾਂ ਨੂੰ ਪਰਤਣਾ। ਇਹ ਘਰ ਲਾਵਾਰਸੀ ਅਤੇ ਬੇਉਮੀਦੀ ਦੇ ਪਲਾਂ ਵਿਚੋਂ ਹੀ ਆਪਣੇ ਹੀ ਸਾਹਾਂ ਦੀ ਖ਼ੈਰ ਮਨਾਉਣ ਜੋਗੇ ਰਹਿ ਗਏ ਨੇ।
ਫਿਰਨੀ ‘ਤੇ ਚੌਦਾਂ ਪੰਦਰਾਂ ਸਾਲਾਂ ਦੇ ਜੁਆਕ ਨੂੰ ਰੋਕ ਕੇ ਪੁੱਛਦਾ ਹਾਂ ਕਿ ਅਮਰੀਕ ਸਿੰਘ ਹੋਰਾਂ ਦਾ ਘਰ ਕਿਹੜਾ ਹੈ? ਜੁਆਕ ਨੂੰ ਪਤਾ ਨਹੀਂ ਲੱਗਦਾ। ਪੁੱਛਦਾ ਹਾਂ ਕਿ ਕੀ ਉਹ ਇਸ ਹੀ ਪੱਤੀ ਵਿਚ ਰਹਿੰਦਾ ਹੈ? ਜਦ ਉਹ ਕਹਿੰਦਾ ਹੈ ਕਿ ਮੈਂ ਇਸ ਪੱਤੀ ਵਿਚ ਹੀ ਰਹਿੰਦਾ ਹਾਂ। ਤਾਂ ਫਿਰ ਉਸਨੂੰ ਕਹਿੰਦਾ ਹਾਂ ਕਿ ਅਮਰੀਕ ਸਿੰਘ ਟੈਂਪੂ ਵਾਲਾ। ਉਸ ਦੀ ਬੇਟੀ ਅਤੇ ਬੇਟਾ ਕੈਨੇਡਾ ਵਿਚ ਰਹਿੰਦੇ ਹਨ। ਉਸਨੂੰ ਫਿਰ ਵੀ ਪਤਾ ਨਹੀਂ ਲੱਗਦਾ ਅਤੇ ਮੈਂ ਨਿਰਾਸ਼ ਹੋ ਕੇ ਅੱਗੇ ਵਧਦਾ ਹਾਂ। ਮੈਂ ਸੋਚਦਾ ਹਾਂ ਕਿ ਜੇਕਰ ਨਵੀਂ ਪੀੜ੍ਹੀ ਨੂੰ ਆਪਣੀ ਹੀ ਪੱਤੀ ਵਿਚ ਰਹਿੰਦੇ ਗੁਆਂਢੀ ਬਾਰੇ ਹੀ ਕੋਈ ਜਾਣਕਾਰੀ ਨਹੀਂ ਤਾਂ ਇਸ ਜਵਾਕ ਨੂੰ ਕੀ ਪਤਾ ਹੋਵੇਗਾ ਕਿ ਮੈਂ ਵੀ ਇਸ ਪਿੰਡ ਦਾ ਜੰਮਪਲ ਹਾਂ। ਜਨਮ ਭੌਂ ਨੂੰ ਨਮਸਕਾਰ ਕਰਨ ਵਾਲੇ ਲਈ ਉਸਦਾ ਪਿੰਡ ਹੀ ਬੇਗਾਨਾ ਹੋ ਜਾਵੇਗਾ, ਕਦੇ ਸੋਚਿਆ ਵੀ ਨਹੀਂ ਸੀ।
ਮਨ ਵਿਚ ਬਹੁਤ ਸਾਰੇ ਖਿਆਲ ਪੈਦਾ ਹੁੰਦੇ ਨੇ। ਪਹਿਲਾਂ ਤਾਂ ਪਿੰਡਾਂ ਵਾਲੇ ਇੰਝ ਨਹੀਂ ਸੀ ਹੁੰਦੇ। ਹਰੇਕ ਬੱਚੇ ਨੂੰ ਆਪਣੇ ਵਡੇਰਿਆਂ ਬਾਰੇ ਜਾਣਕਾਰੀ ਹੁੰਦੀ ਸੀ ਕਿਉਂਕਿ ਮਾਪੇ ਚਾਹੁੰਦੇ ਸਨ ਕਿ ਸਾਡੇ ਬੱਚੇ ਪਿੰਡ ਦੇ ਉਨ੍ਹਾਂ ਵਿਅਕਤੀਆਂ ਵਰਗੇ ਬਣਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਨਾਮਣਾ ਖੱਟਿਆ ਹੈ। ਹੁਣ ਬੇਗਾਨਗੀ ਨੇ ਪਿੰਡਾਂ ਵਿਚ ਕਿਉਂ ਡੇਰੇ ਲਾਏ ਆ? ਕੀ ਇਹ ਮਨੁੱਖ ਦੇ ਅੰਦਰ ਵਸਿਆ ਨਿੱਜਵਾਦ ਜਾਂ ਹਉਮੈ ਹੈ? ਕੀ ਅਜੋਕਾ ਮਨੁੱਖ ਆਪਣੇ ਖੋਲ਼ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ? ਸਾਡੇ ਸਮਿਆਂ ਵਿਚ ਤਾਂ ਪਿੰਡ ਦਾ ਕੋਈ ਵੀ ਬਜੁ਼ਰਗ ਬੱਚਿਆਂ ਨੂੰ ਘੂਰ ਸਕਦਾ ਸੀ, ਨਸੀਹਤ ਦੇ ਸਕਦਾ ਸੀ ਅਤੇ ਉਸਨੂੰ ਸੁਮੱਤਾਂ ਦੇ ਕੇ ਉਸ ਦੀ ਜਿ਼ੰਦਗੀ ਦੇ ਸੁਰਖ ਰੰਗ ਨੂੰ ਉਘਾੜਨ ਵਿਚ ਮਦਦ ਕਰਦਾ ਸੀ। ਉਸ ਦੀਆਂ ਕਮੀਆਂ, ਕੁਤਾਹੀਆਂ ਅਤੇ ਅਵੱਗਿਆਵਾਂ ਤੋਂ ਸੁਚੇਤ ਕਰ ਸਕਦਾ ਸੀ। ਉਸਨੂੰ ਚੇਤਾਵਨੀ ਵੀ ਦਿੰਦਾ ਅਤੇ ਨੇਕ ਮਨੁੱਖ ਬਣਨ ਲਈ ਪ੍ਰੇਰਿਤ ਵੀ ਕਰਦਾ ਸੀ। ਕੋਈ ਵਡੇਰੀ ਔਰਤ ਪੇਪਰ ਵਾਲੇ ਦਿਨ ਦਹੀਂ ਖਾ ਕੇ ਜਾਣ ਦੀ ਮੱਤ ਵੀ ਦੇ ਸਕਦੀ ਸੀ। ਕੀ ਪਿੰਡ ਵਿਚ ਵਸਦੀ ਭਲਿਆਈ ਅਤੇ ਚੰਗਿਆਈ ਲੁਪਤ ਹੋ ਗਈ ਹੈ? ਪੇਂਡੂ ਭਾਈਚਾਰਾ ਕਿਹੜੇ ਰਾਹ ਤੁਰ ਪਿਆ ਏ? ਮਾਸੂਮ ਪੇਂਡੂਪੁਣੇ ਅਤੇ ਅਣਭੌਲਤਾ ਵਿਚੋਂ ਜਿ਼ੰਦਗੀ ਦੀ ਸੁੱਚਮਤਾ ਨੂੰ ਮਾਨਣ ਦੀ ਤਾਸੀਰ ਕਿਉਂ ਗਵਾਚ ਗਈ ਹੈ? ਬਹੁਤ ਪ੍ਰਸ਼ਨ ਮਨ ਵਿਚ ਪੈਦਾ ਹੁੰਦੇ ਨੇ।
ਪਿੰਡ ਦੀਆਂ ਉਨ੍ਹਾਂ ਗਲੀਆਂ ਵਿਚੋਂ ਗੁਜ਼ਰ ਰਿਹਾ ਹਾਂ ਜਿਹੜੀਆਂ ਮੇਰੇ ਚੇਤਿਆਂ ਵਿਚ ਸੱਜਰੀਆਂ ਨੇ। ਕਿਵੇਂ ਖੂਹ ਤੋਂ ਪੱਠਿਆਂ ਦੀ ਭਰੀ ਲੈ ਕੇ ਆਈਦਾ ਸੀ? ਕਿਵੇਂ ਖੂਹ ਨੂੰ ਦਿਨ ਵਿਚ ਕਈ ਕਈ ਗੇੜੇ ਇਨ੍ਹਾਂ ਗਲੀਆਂ ਵਿਚ ਮਾਰਦਿਆਂ ਕਿੰਨੇ ਜਾਣੂ ਮਿਲਦੇ ਸਨ। ਕਿੰਨੀ ਰੌਣਕ ਹੁੰਦੀ ਸੀ ਇਨ੍ਹਾਂ ਗਲੀਆਂ ਤੇ ਰਾਹਾਂ ਵਿਚ। ਇਨ੍ਹਾਂ ਗਲੀਆਂ ਵਿਚ ਹੁਣ ਬੇਪਛਾਣ ਚਿਹਰਿਆਂ ਦੀ ਭਰਮਾਰ ਹੈ ਕਿਉਂਕਿ ਮੈਂ ਬੇਗਾਨਾ ਅਤੇ ਅਜਨਬੀ ਬਣ ਕੇ ਇਨ੍ਹਾਂ ਗਲੀਆਂ ਵਿਚੋਂ ਆਪਣੇ ਪੁਰਾਣੇ ਘਰ ਅਤੇ ਹਮਜਮਾਤੀਆਂ ਦੇ ਘਰਾਂ ਨੂੰ ਪਛਾਨਣ ਦੀ ਕੋਸਿ਼ਸ਼ ਵਿਚ ਹਾਂ। ਚਾਨਣ ਸਿੰਘ ਮਿਸਤਰੀ ਦੇ ਅੱਡੇ ਅਤੇ ਖ਼ਰਾਸ ਦਾ ਕੋਈ ਨਾਮੋ-ਨਿਸ਼ਾਨ ਨਹੀਂ। ਕਿਹਰ ਸਿੰਘ ਲੁਹਾਰ ਦਾ ਅੱਡਾ ਅਤੇ ਉਸ ਦਾ ਖਰਾਸ ਵੀ ਬੀਤੇ ਦੀਆਂ ਪਰਤਾਂ ਵਿਚ ਦਫ਼ਨ ਹੈ। ਧੰਨੂ ਮੋਚੀ ਦੀ ਦੁਕਾਨ ਗਲੀ ਵੱਲ ਖੁੱਲ੍ਹਦੀ ਸੀ। ਉਹ ਪੱਤੀ ਦੇ ਹਰ ਘਰ ਵਿਚ ਹੋਣ ਵਾਲੇ ਕਿਸੇ ਵੀ ਮੰਗਣੇ, ਵਿਆਹ, ਅਖੰਡ ਪਾਠ ਜਾਂ ਮਰਨੇ-ਕਰਨੇ ‘ਤੇ ਸੱਦਾ ਦਿੰਦਾ ਸੀ। ਅਕਸਰ ਹੀ ਚੁੱਲ੍ਹੇ ਨੇਂਦ ਦਿੰਦਿਆਂ ਖੰਗੂਰਾ ਵੀ ਮਾਰਦਾ ਸੀ। ਹਰ ਬੱਚੇ ਨੂੰ ਉਸਦੇ ਬਾਪ ਦੇ ਨਾਮ ਤੋਂ ਜਾਣਦਾ ਸੀ। ਦੀਪੋ ਝਿਊਰੀ ਦੀ ਤਪਦੀ ਭੱਠੀ ਤੇ ਉਸ ਦੀਆਂ ਨਿੱਕੀਆਂ ਨਿੱਕੀਆਂ ਝਿੜਕਾਂ ਅਤੇ ਵਾਰੀ ਸਿਰ ਚੁੰਗ ਨੂੰ ਭੁਗਤਾਉਣ ਦੀ ਕਮਾਲ ਦੀ ਜੁਗਤ, ਸਾਡੇ ਵਰਗੇ ਬੱਚਿਆਂ ਨੂੰ ਬਹੁਤ ਚੰਗੀ ਲੱਗਦੀ ਸੀ। ਪਿੰਡ ਦੇ ਵਿਚਕਾਰ ਬਣੀਆਂ ਉਹ ਹੱਟੀਆਂ ਪ੍ਰਵਾਸ ਕਰਕੇ ਫਿਰਨੀ ‘ਤੇ ਉਗੇ ਹੋਏ ਨਿੱਕੇ ਜਿਹੇ ਬਜ਼ਾਰ ਦਾ ਰੂਪ ਧਾਰਨ ਕਰ ਗਈਆਂ ਨੇ। ਪਰ ਨਹੀਂ ਮਿਲਦਾ ਉਨ੍ਹਾਂ ਹੱਟੀਆਂ ਵਰਗੀ ਪਰਿਵਾਰਕ ਸਾਂਝ ਜਿਹਾ ਮਾਹੌਲ, ਕਣਕ ਜਾਂ ਮੱਕੀ ਦੇ ਕੇ ਖਰੀਦੀਆਂ ਹੋਈਆਂ ਘਰ ਦੀ ਲੋੜ ਦੀਆਂ ਵਸਤਾਂ ਅਤੇ ਝੁੰਗੇ ਵਿਚ ਮਿਲੀਆਂ ਮਿੱਠੀਆਂ ਫੁੱਲੀਆਂ। ਕਿੰਨਾ ਪਿਆਰਾ ਲਾਲਚ ਹੁੰਦਾ ਸੀ ਸਾਨੂੰ ਬੱਚਿਆਂ ਨੂੰ ਕਿ ਜਦ ਵੀ ਹੱਟੀ ‘ਤੇ ਜਾਵਾਂਗੇ ਤਾਂ ਫੁੱਲੀਆਂ ਖਾਣ ਨੂੰ ਮਿਲਣਗੀਆਂ।
ਕਦੇ ਪਿੰਡ ਨੂੰ ਬਹੁਤ ਮਾਣ ਹੁੰਦਾ ਸੀ ਜਦ ਉਸਦਾ ਕੋਈ ਧੀ-ਪੁੱਤ ਬੀ.ਏ. ਜਾਂ ਐਮ.ਏ. ਕਰਦਾ ਸੀ। ਅਧਿਆਪਕ ਲੱਗਦਾ ਜਾਂ ਡਾਕਟਰ, ਇੰਜੀਨੀਅਰ, ਅਫਸਰ ਜਾਂ ਪੋ੍ਰਫੈਸਰ ਬਣਦਾ ਸੀ। ਪਿੰਡ ਹੁੱਬਦਾ ਸੀ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ‘ਤੇ ਅਤੇ ਮਾਪਿਆਂ ਨੂੰ ਵੀ ਆਪਣੇ ਲਾਡਲਿਆਂ ‘ਤੇ ਨਾਜ਼ ਹੁੰਦਾ ਸੀ। ਪਰ ਹੁਣ ਕੇਹਾ ਭਾਣਾ ਵਰਤਿਆ ਹੈ ਪਿੰਡ ਵਿਚ ਕਿ ਹਰ ਮਾਪੇ ਲਈ ਆਈਲੈਟਸ ਕਰਵਾਉਣਾ ਹੀ ਸਭ ਤੋਂ ਵੱਡੀ ਡਿਗਰੀ ਬਣ ਗਈ ਹੈ ਅਤੇ ਇਸ ਡਿਗਰੀ ਦੀ ਪ੍ਰਾਪਤੀ ਲਈ ਉਹ ਮਾਇਕ ਲੁੱਟ ਦਾ ਸਿ਼ਕਾਰ ਹੋ ਰਹੇ ਹਨ। ਉਹ ਆਪਣੇ ਬੱਚਿਆਂ ਨੂੰ ਪ੍ਰਦੇਸ ਵਿਚ ਪੜ੍ਹਨ ਦੇ ਬਹਾਨੇ ਬਾਹਰ ਭੇਜਣ ਲਈ ਹਰ ਹੀਲਾ ਵਰਤ ਰਹੇ ਹਨ। ਪਿੰਡ ਨੇ ਆਈ.ਏ.ਐਸ. ਤੋਂ ਆਈਲੈਟਸ ਤੀਕ ਦਾ ਪਿੱਛਲਖੁਰੀ ਸਫ਼ਰ ਕਰ ਲਿਆ ਹੈ! ਇਹ ਤਰਾਸਦੀ ਸਿਰਫ਼ ਮੇਰੇ ਪਿੰਡ ਤੀਕ ਹੀ ਸੀਮਤ ਨਹੀਂ। ਜਦ ਪੜ੍ਹੇ ਲਿਖਿਆਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਹੀ ਖਤਮ ਹੋ ਜਾਣ, ਰਸੂਖਵਾਨਾਂ ਦੇ ਬੱਚਿਆਂ ਲਈ ਅਫਸਰੀ ਅਤੇ ਪੈਸੇ ਦੇ ਜੋ਼ਰ ਨਾਲ ਨੌਕਰੀਆਂ ਦੀ ਨਿਲਾਮੀ ਹੁੰਦੀ ਹੋਵੇ ਅਤੇ ਵਿਦਵਤਾ ਦੀ ਬੇਕਦਰੀ ਹੋਵੇ ਤਾਂ ਨੌਜਵਾਨ ਪੀੜ੍ਹੀ ਲਈ ਪ੍ਰਵਾਸ ਕਰਨਾ ਹੀ ਇਕ ਰਸਤਾ ਬਚਦਾ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸੋਚ ਕੇ ਰਾਹਤ ਮਿਲਦੀ ਹੈ। ਪ੍ਰਵਾਸ ਦਾ ਇਹ ਕੇਹਾ ਆਲਮ ਹੈ ਕਿ ਮੇਰੇ ਪਿੰਡ ਵਿਚ ਹੁਣ ਅੱਧੀ ਤੋਂ ਜਿ਼ਆਦਾ ਅਬਾਦੀ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੈ। ਸੂਖ਼ਮ ਰੂਪ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੌਲੀ-ਹੌਲੀ ਖਤਮ ਕਰ ਕੇ, ਇਸ ਦਾ ਡੀਐੱਨਏ ਬਦਲਣ ਦਾ ਅਜਿਹਾ ਵਰਤਾਰਾ ਸਿਰਜਿਆ ਜਾ ਰਿਹਾ ਹੈ ਜਿਸ ਦੀ ਜਿ਼ਆਦਾਤਰ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ। ਫਰਟੀਲਿਟੀ ਸੈਂਟਰਾਂ ਵਿਚ ਪੈਦਾ ਕੀਤੇ ਜਾ ਰਹੇ ਬੱਚਿਆਂ ਦਾ ਡੀਐਨਏ ਕੀ ਏ, ਕੀ ਕਦੇ ਇਸ ਤਕਨੀਕ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਇਸ ਦੀ ਤਸਦੀਕ ਕਰਵਾਈ ਏ?
ਮੈਂ ਪਿੰਡ ਵਿਚ ਘੁੰਮ ਰਿਹਾ ਸਾਂ ਤਾਂ ਇਹ ਦੇਖ ਕੇ ਮਨ ਨੂੰ ਬਹੁਤ ਕਸ਼ਟ ਹੋਇਆ ਕਿ ਪਿੰਡ ਵਿਚ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੇ ਪਿੰਡ-ਵਾਸੀ ਆਪਣੇ ਜੋਗੀਆਂ ਸਬਜ਼ੀਆਂ ਬੀਜਣ ਜੋਗੇ ਵੀ ਨਹੀਂ ਰਹੇ ਅਤੇ ਨਾ ਹੀ ਘਰ ਦੇ ਖਰਬੂਜੇ, ਹਦਵਾਣੇ, ਮੂਲੀਆਂ, ਗਾਜਰਾਂ, ਸ਼ਲਗਮ ਤੇ ਸਾਗ ਹੈ। ਉਨ੍ਹਾਂ ਨੇ ਇਸ ਦੀ ਟੇਕ ਸ਼ਹਿਰ ਦੀ ਮੰਡੀ ‘ਤੇ ਹੀ ਰੱਖ ਲਈ ਏ। ਘਰ ਦੀਆਂ ਉਗਾਈਆਂ ਸਬਜ਼ੀਆਂ ਅਤੇ ਫਲਾਂ ਦੀ ਰੀਸ ਖਾਧਾਂ ਅਤੇ ਰਸਾਇਣਾਂ ਨਾਲ ਤਿਆਰ ਕੀਤੀਆਂ ਕਿਵੇਂ ਕਰਨਗੀਆਂ? ਬਾਜ਼ਾਰ ਵਿਚ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਸਬਜ਼ੀਆਂ ਤੇ ਫ਼ਲ ਸਿਰਫ਼ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਜੋਗੇ। ਜਦ ਖੇਤਾਂ ਦੇ ਪੁੱਤਾਂ ਦੇ ਚੇਤਿਆਂ ਵਿਚੋਂ ਖ਼ੇਤ ਹੀ ਮਨਫ਼ੀ ਹੋ ਜਾਣ ਅਤੇ ਉਹ ਸੁਬ੍ਹਾ-ਸਵੇਰੇ ਖੇਤਾਂ ਦਾ ਗੇੜਾ ਲਾਉਣ ਦੀ ਬਜਾਏ ਘਰ ਦੀ ਚਾਰ ਦੀਵਾਰੀ ਨੂੰ ਹੀ ਆਪਣਾ ਕੇਂਦਰ ਬਿੰਦੂ ਮੰਨ ਲੈਣ ਤਾਂ ਖੇਤ ਬਹੁਤ ਨਿਰਾਸ਼, ਹਤਾਸ਼ ਅਤੇ ਉਦਾਸ ਹੋ ਜਾਂਦੇ ਨੇ। ਫਿਰ ਖੇਤਾਂ ਵਿਚੋਂ ਜਿਨਸਾਂ ਨਹੀਂ ਸਗੋਂ ਖੁਦਕੁਸ਼ੀਆਂ ਹੀ ਪੈਦਾ ਹੁੰਦੀਆਂ ਹਨ। ਸਾਡੇ ਸਮਿਆਂ ਵਿਚ ਤਾਂ ਹੜ੍ਹਾਂ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਨੁਕਸਾਨ ਜ਼ਰ ਕੇ, ਫਿਰ ਨਵੀਂ ਹਿੰਮਤ ਅਤੇ ਸਾਧਨਾਂ ਨਾਲ ਖੇਤਾਂ ਵਿਚ ਜਿ਼ੰਦਗੀ ਦੇ ਨਕਸ਼ ਉਲੀਕਣ ਦਾ ਚਾਅ ਹੁੰਦਾ ਸੀ। ਸਾਡੇ ਬਜ਼ੁਰਗ ਕਦੇ ਹਾਰ ਨਹੀਂ ਸੀ ਮੰਨਦੇ। ਹੁਣ ਮੇਰੇ ਪਿੰਡ ਵਿਚ ਖੁਦਕੁਸ਼ੀਆਂ ਦੀ ਮਾਰੂ ‘ਵਾ ਨੇ ਘਰ ਘਰ ਵਿਚ ਕਬਰਾਂ ਉਗਾ ਦਿੱਤੀਆਂ ਨੇ। ਇਨ੍ਹਾਂ ਕਬਰਾਂ ਦੀ ਗਿਣਤੀ ਵਿਚ ਵਾਧੇ ਲਈ ਨੌਜਵਾਨਾਂ ਵਿਚ ਵਧ ਰਿਹਾ ਨਸ਼ੇ ਦਾ ਰੁਝਾਨ ਮੇਰੇ ਪਿੰਡ ਦੇ ਮੁੱਖ ‘ਤੇ ਪਲੱਤਣਾਂ ਧੂੜ ਰਿਹਾ ਏ। ਕੋਈ ਵੀ ਕਰਮਜੋਗੀ ਇਸ ਪਲੱਤਣ ਨੂੰ ਪੂੰਝਣ ਲਈ ਨਹੀਂ ਬਹੁੜਦਾ। ਕਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ‘ਤੇ ਫਖ਼ਰ ਹੁੰਦਾ ਸੀ। ਹੁਣ ਕੁਝ ਕੁ ਮਾਪੇ ਇਸ ਵਿਚ ਹੀ ਸੰੁਤਸ਼ਟ ਜਾਪਦੇ ਨੇ ਕਿ ਉਨ੍ਹਾਂ ਦਾ ਬੱਚਾ ਕੋਈ ਨਸ਼ਾ ਨਹੀਂ ਕਰਦਾ। ਭਾਵੇਂ ਉਹ ਕੁਝ ਵੀ ਨਾ ਕਰੇ।
ਮੇਰਾ ਪਿੰਡ, ਇਸਦੇ ਬਜ਼ੁਰਗ ਅਤੇ ਬੱਚੇ ਕਦਾਚਿੱਤ ਅਜਿਹੇ ਨਹੀਂ ਸਨ। ਉਹ ਤਾਂ ਜਿ਼ੰਦਗੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਇਸਦੀ ਮੁਹਾਰ ਅਤੇ ਰੰਗਤ ਨੂੰ ਨਰੋਇਆਪਣ ਬਖਸ਼ਣ ਲਈ ਚੱਤੋਪਹਿਰ ਮਿਹਨਤ ਕਰਦੇ ਸਨ। ਥੁੜ੍ਹਾਂ ਮਾਰੇ ਉਨ੍ਹਾਂ ਸਮਿਆਂ ਵਿਚ ਸਾਡੀ ਪ੍ਰਮੁੱਖਤਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਸੀ। ਅਸੀਂ ਇਨ੍ਹਾਂ ਦੀ ਪੂਰਤੀ ਲਈ ਹੀ ਕੁਝ ਅਜਿਹਾ ਕਰਨਾ ਲੋਚਦੇ ਸਾਂ ਜਿਸ ‘ਤੇ ਸਾਡੇ ਮਾਪਿਆਂ ਅਤੇ ਪਿੰਡ ਨੂੰ ਮਾਣ ਹੋਵੇ। ਅਜੋਕੇ ਮਾਰੂ ਵਰਤਾਰੇ ਲਈ ਮੇਰੇ ਪਿੰਡ ਕੋਲੋਂ ਕਿਥੇ ਕੁਤਾਹੀ ਹੋਈ? ਕਿਥੇ ਉਸ ਨੇ ਬੇਸਮਝੀ ਵਰਤੀ? ਕਿਹੜੀ ਖ਼ੁਨਾਮੀ ਦੀ ਸਜ਼ਾ ਹੁਣ ਮੇਰਾ ਸਾਰਾ ਪਿੰਡ ਭੁਗਤ ਰਿਹਾ ਏ?
ਮੇਰੇ ਪਿੰਡ ਵਿਚ ਬਹੁ-ਮੰਜ਼ਲੀ ਕੋਠੀਆਂ ਤਾਂ ਹਨ ਪਰ ਇਨ੍ਹਾਂ ਵਿਚ ਜਿ਼ੰਦਗੀ ਦੀ ਧੜਕਣ ਨਹੀਂ ਹੈ। ਨਾ ਹੀ ਇਨ੍ਹਾਂ ਵਿਚ ਨਿੱਕੀਆਂ ਨਿੱਕੀਆਂ ਸ਼ਰਾਰਤਾਂ, ਚੁਲਬੁਲਾਪਣ, ਅਪਣੱਤ ਅਤੇ ਭਾਈਚਾਰਕ ਸਾਂਝ ਦਾ ਝਲਕਾਰਾ ਪੈਂਦਾ ਹੈ ਜਿਸ ਨੇ ਪਿੰਡ ਨੂੰ ਵਿਲੱਖਣਤਾ, ਤਾਜ਼ਗੀ ਅਤੇ ਨਰੋਇਆਪਣ ਬਖਸਿ਼ਆ ਸੀ। ਪਿੰਡ ਵਾਲਿਆਂ ਨੂੰ ਆਪਣੇ ਹੀ ਪਿੰਡ ‘ਤੇ ਨਾਜ਼ ਹੁੰਦਾ ਸੀ ਜਦ ਕਿ ਹੁਣ ਆਪਣੇ ਹੀ ਪਿੰਡ ਦਾ ਨਾਮ ਲੈਂਦਿਆਂ ਨਮੋਸ਼ੀ ਹੁੰਦੀ ਹੈ।
ਮੈਂ ਪਿੰਡ ਵਿਚੋਂ ਹੁੰਦਾ ਹੋਇਆ ਆਖ਼ਰ ਆਪਣੇ ਪੁਰਾਣੇ ਜਮਾਤੀਆਂ ਅਤੇ ਹਮਉਮਰਾਂ ਨੂੰ ਬੇਤੁਕੱਲਫ਼ੀ ਦੇ ਆਲਮ ਵਿਚ ਮਿਲਦਾ ਹਾਂ। ਅਸੀਂ ਬਹੁਤ ਗੱਲਾਂ ਕਰਦੇ ਹਾਂ ਬੀਤੇ ਦੀਆਂ। ਪਿੰਡ ਦੇ ਭਵਿੱਖ ਬਾਰੇ ਬਹੁਤ ਚਿੰਤਾ ਜ਼ਾਹਰ ਕਰਦੇ ਹਾਂ। ਪਰ ਸਾਨੂੰ ਵੀ ਪਤਾ ਹੈ ਕਿ ਪ੍ਰਦੇਸ ਵਿਚ ਰਹਿੰਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਵਾਪਸ ਪਰਤ ਕੇ ਪਿੰਡ ਨਹੀਂ ਪਰਤਣਾ। ਉਹ ਸਿਰਫ਼ ਕਦੇ ਕਦਾਈਂ ਕੂੰਜਾਂ ਵਾਂਗ ਪਿੰਡ ਆਉਣਗੇ। ਪਰ ਜੇਕਰ ਪਿੰਡ ਨਰਮੋਹਾ ਨਾ ਹੋਇਆ ਅਤੇ ਇਸ ਵਿਚ ਮੋਹ-ਮੁਹੱਬਤ ਦਾ ਚਿਰਾਗ ਬਲਦਾ ਰਿਹਾ ਅਤੇ ਇਸ ਦੀ ਫਿਰਨੀ ਆਪਣਿਆਂ ਨੂੰ ਉਡੀਕਦੀ ਰਹੀ ਜਾਂ ਇਸ ਦੇ ਵਾਸੀ ਆਪਣੇ ਪ੍ਰਵਾਸੀ ਵੀਰਾਂ ਲਈ ਤਾਂਘਦੇ ਰਹੇ ਤਾਂ ਹਰ ਪ੍ਰਵਾਸੀ ਸ਼ਖ਼ਸ ਆਪਣੀ ਮਿੱਟੀ ਨੂੰ ਨਤਮਸਤਕ ਹੋਣ ਲਈ ਆਉਂਦਾ ਰਹੇਗਾ।
ਮੇਰੇ ਪਿੰਡ ਦੀ ਸਮੁੱਚਤਾ ਵਿਚੋਂ ਇਸ ਦੀਆਂ ਅਮੀਰ ਪ੍ਰੰਪਰਾਵਾਂ, ਜਿਊਣ-ਜੋਗੀਆਂ ਰਹੁ-ਰੀਤਾਂ, ਵਾਸੀਆਂ ਦੇ ਦਰਿਆਵਾਂ ਵਰਗੇ ਜਿਗਰੇ ਅਤੇ ਹਵੇਲੀਆਂ ਵਿਚ ਗੂੰਝਦਾ ਨਾਦ ਇਸ ਦੀ ਫਿਜ਼ਾ ਨੂੰ ਪਾਕੀਜ਼ ਬਣਾਉਂਦਾ ਰਹੇ। ਇਹ ਤਮੰਨਾ ਮਨ ਵਿਚ ਪਾਲਦਾ ਹੌਲੀ ਹੌਲੀ ਮੈਂ ਪਿੰਡ ਤੋਂ ਬਾਹਰ ਨੂੰ ਪੈਰ ਰੱਖਦਾ ਹਾਂ। ਪਰ ਮੇਰੀ ਨਜ਼ਰ ਮੁੜ ਮੁੜ ਆਪਣੇ ਪਿੰਡ ਦੀ ਫਿਰਨੀ, ਇਸਦੇ ਖੇਤਾਂ, ਪੁਰਾਣੇ ਘਰ ਦੀਆਂ ਯਾਦਾਂ ਅਤੇ ਬਿਨ-ਬੂਹੇ ਉਸ ਚੁਬਾਰੇ ਨੂੰ ਢੂੰਢਦੀ ਹੋਈ ਪਿੰਡ ਦੇ ਚਿੱਤਰਪੱਟ ਤੋਂ ਓਝਲ ਹੋ ਜਾਂਦੀ ਹੈ। ਇਹ ਚੁਬਾਰਾ ਜਿਸ ਨੇ ਅੱਖਰਾਂ ਨੂੰ ਮੇਰੀ ਜਿ਼ੰਦਗੀ ਦੇ ਨਾਮ ਲਾਇਆ ਸੀ ਅਤੇ ਮੈਂ ਅੱਖਰਾਂ ਰਾਹੀਂ ਆਪਣੇ ਅੰਤਰੀਵ ਨੂੰ ਵਿਸਥਾਰਨ ਦੇ ਕਾਬਲ ਹੋਇਆ।
ਮੇਰੇ ਪਿੰਡ ਤੂੰ ਗਵਾਚੀਂ ਨਾ। ਆਪਣੀ ਪੁਰਾਤਨ ਦਿੱਖ ਭਾਵੇਂ ਬਦਲ ਲਵੀਂ ਪਰ ਆਪਣਾ ਦ੍ਰਿਸ਼ਟੀਕੋਣ, ਦਰਿਆ-ਦਿਲੀ, ਦੀਦਾ-ਦਲੇਰੀ ਅਤੇ ਦਰਵੇਸ਼ਤਾ ਨੂੰ ਕਦੇ ਵੀ ਗੁਆਚਣ ਨਾ ਦੇਵੀਂ। ਤੇਰੇ ਨਾਲ ਹੀ ਸਾਡੀ ਹੋਂਦ ਜੁੜੀ ਹੋਈ ਏ ਅਤੇ ਬੇ-ਪਿੰਡਿਆਂ ਨੂੰ ਤਾਂ ਕੋਈ ਆਪਣੀ ਜੂਹ ਵਿਚ ਵੀ ਪੈਰ ਨਹੀਂ ਧਰਨ ਦਿੰਦਾ।
ਪਿੰਡ ਯਾਦ ਰੱਖ! ਤੇਰੇ ਬਹੁਤ ਸਾਰੇ ਪ੍ਰਦੇਸੀ ਪੁੱਤ ਨੇ ਅਤੇ ਉਹ ਗਾਹੇ-ਬਗਾਹੇ ਤੇਰੀ ਜਿ਼ਆਰਤ ਕਰਨ ਪਿੰਡ ਨੂੰ ਪਰਤਦੇ ਨੇ। ਪਰ ਕਈ ਵਾਰ ਜਦ ਉਨ੍ਹਾਂ ਦੇ ਖੇਤ ਹੀ ਉਨ੍ਹਾਂ ਲਈ ਕਬਰਾਂ ਬਣਨ ਦੀ ਕਾਹਲ ਕਰਨ, ਘਰ ਵਿਚ ਉਗਦੀਆਂ ਕੰਧਾਂ ‘ਤੇ ਸੂਲੀਆਂ ਲਟਕਾਈਆਂ ਜਾਣ ਅਤੇ ਪੁਰਾਣਾ ਘਰ ਉਨ੍ਹਾਂ ਲਈ ਕਾਲ-ਕੋਠੜੀ ਬਣਨ ਲਈ ਉਤਾਵਲਾ ਹੋਵੇ ਤਾਂ ਫਿਰ ਕਿੰਝ ਪ੍ਰਦੇਸੀ ਆਪਣੇ ਘਰਾਂ ਨੂੰ ਪਰਤਣ? ਉਹ ਕਿੰਝ ਹੀਆ ਕਰਨਗੇ ਕਿ ਉਹ ਆਪਣੇ ਖੂਹ ਨੂੰ ਜਾਂਦੀ ਪਹੀ ਦੀ ਤ੍ਰੇਲ ਨੂੰ ਚੁੰਮਣ ਅਤੇ ਖੇਤਾਂ ਵਿਚ ਲੱਗੇ ਟਿਊਬਵੈਲ ‘ਤੇ ਨਹਾਉਣ ਦੀ ਜ਼ੁਅਰਤ ਕਰਨ ਕਿਉਂਕਿ ਕਈ ਵਾਰ ਖੇਤਾਂ ਦਾ ਟਿਊਬਵੈਲ ਹੀ ਉਨ੍ਹਾਂ ਦੀ ਲਾਸ਼ ਲਕੋਣ ਲੱਗਦਾ। ਫਿਰ ਉਹ ਰਾਖ਼ ਬਣ ਕੇ ਹਵਾ ਵਿਚ ਖਿੰਡਣ ਜੋਗੇ ਹੀ ਰਹਿ ਜਾਂਦੇ। ਬਹੁਤ ਜੀਅ ਕਰਦਾ ਏ ਪ੍ਰਦੇਸੀਆਂ ਦਾ ਕਿ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਨਵਿਆਉਣ, ਪੁਰਾਣੇ ਮਿੱਤਰਾਂ ਅਤੇ ਹਮਜਮਾਤੀਆਂ ਨਾਲ ਮਾਣੇ ਪਲਾਂ ਨੂੰ ਦੁਬਾਰਾ ਜਿਊਣ ਲਈ ਪਿੰਡ ਆਉਣ। ਪਰ ਇਕ ਮੂਕ ਡਰ ਉਨ੍ਹਾਂ ਦੀ ਚੇਤਨਾ ਵਿਚ ਬਹਿ ਚੁੱਕਾ ਹੈ। ਇਹ ਡਰ ਸਿਰਫ਼ ਤੇ ਸਿਰਫ਼ ਮੇਰੇ ਪਿੰਡ ਦੀ ਪਾਕੀਜ਼ਗੀ ਅਤੇ ਪਹਿਲ ਨਾਲ ਹੀ ਦੂਰ ਹੋ ਸਕਦਾ ਹੈ ਕਿਉਂਕਿ ਮੇਰਾ ਪਿੰਡ ਪਹਿਲਾਂ ਕਦੇ ਵੀ ਅਜਿਹਾ ਨਹੀਂ ਸੀ। ਮੇਰੇ ਪਿੰਡ ਤੂੰ ਪਹਿਲ ਤਾਂ ਕਰ। ਤੇਰੇ ਪੁੱਤ ਤੇਰੇ ਮੁਹਾਂਦਰੇ ਦੇ ਨਿਖਾਰ ਲਈ ਬਹੁਤ ਕੁਝ ਕਰਨ ਲਈ ਤਿਆਰ ਹਨ। ਤੂੰ ਹਾਕ ਮਾਰੇਂਗਾ ਤਾਂ ਤੇਰੇ ਪੁੱਤ ਤੇਰਾ ਹੁੰਗਾਰਾ ਜ਼ਰੂਰ ਭਰਨਗੇ।