ਅਦਾਕਾਰਾ ਮੋਨਾ ਸਿੰਘ ਦੀ ਮਮਤਾ

ਆਮਨਾ ਕੌਰ
ਪਿਛਲੇ ਦਿਨਾਂ ਦੌਰਾਨ ਚਰਚਿਤ ਰਹੀ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਭਾਵੇਂ ਬਾਕਸਆਫਿਸ ਉਤੇ ਫਲਾਪ ਸਾਬਤ ਹੋ ਗਈ ਹੈ ਅਤੇ ਇਹ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਖਾਸ ਕਮਾਈ ਕਰਨ ਵਿਚ ਅਸਫਲ ਰਹੀ ਹੈ ਪਰ ਇਸ ਫਿਲਮ ਵਿਚ ਆਮਿਰ ਖਾਨ ਦੀ ਮਾਂ ਵਾਲੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਮੋਨਾ ਸਿੰਘ ਦੀ ਖੂਬ ਤਾਰੀਫ ਹੋ ਰਹੀ ਹੈ।

ਉਸ ਨੇ ਫਿਲਮ ਵਿਚ ਜਿੰਨੇ ਸਹਿਜ ਨਾਲ ਮਾਂ ਵਾਲਾ ਕਿਰਦਾਰ ਨਿਭਾਇਆ ਹੈ, ਉਸ ਤੋਂ ਲੋਕ ਮੋਨਾ ਸਿੰਘ ਤੋਂ ਵਾਰੇ-ਵਾਰੇ ਜਾ ਰਹੇ ਹਨ। ਇਹ ਤਾਰੀਫ ਇਸ ਕਰਕੇ ਵੀ ਗੌਰ ਕਰਨ ਲਾਇਕ ਹੈ ਕਿਉਂਕਿ ਇਸ ਫਿਲਮ ਵਿਚ ਆਮਿਰ ਖਾਨ ਕੁਝ ਖਾਸ ਸਿਰਜਣ ਵਿਚ ਅਸਫਲ ਰਿਹਾ ਹੈ। ਕੁਝ ਲੋਕਾਂ ਨੇ ਤਾਂ ਆਮਿਰ ਖਾਨ ਦੀ ਅਦਾਕਾਰੀ ਉਤੇ ਵੀ ਸਵਾਲ ਕੀਤੇ ਹਨ ਹਾਲਾਂਕਿ ਉਸ ਨੇ ਆਪਣਾ ਸਿੱਖ ਵਾਲਾ ਕਿਰਦਾਰ ਨਿਭਾਉਣ ਲਈ ਬਹੁਤ ਮਿਹਨਤ ਕੀਤੀ ਹੈ। ਕੁਝ ਦਰਸ਼ਕ ਇਹ ਵੀ ਕਹਿ ਰਹੇ ਹਨ ਕਿ ਆਮਿਰ ਖਾਨ ਦੇ ਕਿਰਦਾਰ ਵਿਚੋਂ ਕਈ ਥਾਈਂ ਉਸ ਦੀ ਪਹਿਲਾਂ ਆਈ ਫਿਲਮ ‘ਪੀ.ਕੇ.’ ਦੇ ਝਉਲੇ ਪੈਂਦੇ ਹਨ। ਖੈਰ! ਫਿਲਮੀ ਆਲੋਚਕ ਦਾਅਵਾ ਕਰਦੇ ਹਨ ਕਿ ਇਸ ਫਿਲਮ ਵਿਚ ਮਾਂ ਦੇ ਨਿਭਾਏ ਕਿਰਦਾਰ ਲਈ ਮੋਨਾ ਸਿੰਘ ਨੂੰ ਚਿਰਾਂ ਤੱਕ ਯਾਦ ਰੱਖਿਆ ਜਾਵੇਗਾ।
ਆਮਿਰ ਖਾਨ ਨਾਲ ਮੋਨਾ ਸਿੰਘ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਹਾਂ ਜਣਿਆਂ ਨੇ ਫਿਲਮ ‘3 ਇਡੀਅਟਸ’ ਵਿਚ ਕੰਮ ਕੀਤਾ ਸੀ। ਇਹ ਫਿਲਮ 2009 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਵੀ ਇਤਫਾਕਵੱਸ ਫਿਲਮ ਦੀ ਨਾਇਕਾ ਕਰੀਨਾ ਕਪੂਰ ਹੀ ਸੀ ਅਤੇ ਮੋਨਾ ਸਿੰਘ ਨੇ ਇਸ ਫਿਲਮ ਵਿਚ ਕਰੀਨਾ ਕਪੂਰ ਦੀ ਵੱਡੀ ਭੈਣ ਦੀ ਭੂਮਿਕਾ ਨਿਭਾਈ ਸੀ।
ਬਾਕਸਆਫਿਸ ‘ਤੇ ਫਿਲਮ ‘ਲਾਲ ਸਿੰਘ ਚੱਢਾ’ ਦੀ ਅਸਫਲਤਾ ਤੋਂ ਮੋਨਾ ਸਿੰਘ ਵੀ ਬਹੁਤ ਹੈਰਾਨ ਅਤੇ ਪ੍ਰੇਸ਼ਾਨ ਹੈ। ਯਾਦ ਰਹੇ ਕਿ ਇਹ ਫਿਲਮ ਭਾਰਤ ਵਿਚ ਤਕਰੀਬਨ 50 ਕਰੋੜ ਰੁਪਏ ਦੀ ਕਮਾਈ ਹੀ ਕਰ ਸਕੀ ਹੈ ਜਦਕਿ ਇਸ ਫਿਲਮ ਦਾ ਬਜਟ 180 ਕਰੋੜ ਰੁਪਏ ਦਾ ਹੈ। ਮੋਨਾ ਸਿੰਘ ਦਾ ਕਹਿਣਾ ਹੈ, “ਮੈਂ ਉਸ ਰੂਪ ਵਿਚ ਫਿਲਮੀ ਬੰਦਾ ਨਹੀਂ ਹਾਂ ਅਤੇ ਬਾਕਸਆਫਿਸ ਬਾਰੇ ਵੀ ਮੈਨੂੰ ਬਹੁਤੀ ਸਮਝ ਨਹੀਂ ਹੈ। ਉਂਝ ਵੀ ਮੈਂ ਇਸ ਫਿਲਮ ਨੂੰ ਕਮਾਈ ਦੇ ਪੱਖ ਤੋਂ ਲੈ ਨਹੀਂ ਰਹੀ ਹਾਲਾਂਕਿ ਗੱਡੀ ਅਗਾਂਹ ਰੋੜ੍ਹਨ ਲਈ ਕਮਾਈ ਵੀ ਇਕ ਜ਼ਰੂਰੀ ਪੱਖ ਹੈ ਪਰ ਹੁਣ ਜਦੋਂ ਵੀ ਮੈਂ ਇਸ ਫਿਲਮ ਬਾਰੇ ਸੋਚਦੀ ਹਾਂ ਜਾਂ ਇਸ ਨੂੰ ਵਾਰ-ਵਾਰ ਦੇਖਦੀ ਹਾਂ ਤਾਂ ਬਹੁਤ ਚੰਗਾ-ਚੰਗਾ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਟੀਮ ਦਾ ਹਿੱਸਾ ਰਹੀ ਹਾਂ ਜਿਸ ਨੇ ਇਹ ਖੂਬਸੂਰਤ ਫਿਲਮ ਬਣਾਈ ਹੈ।”
ਇਸ ਮਾਮਲੇ ਵਿਚ ਮੋਨਾ ਸਿੰਘ ਨੇ ਮਸ਼ਹੂਰ ਫਿਲਮ ‘ਮੇਰਾ ਨਾਮ ਜੋਕਰ’ ਦਾ ਉਚੇਚਾ ਜ਼ਿਕਰ ਕੀਤਾ ਜੋ ਕਮਾਈ ਪੱਖੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਅਤੇ ਇਸ ਇਕੋ ਫਿਲਮ ਨੇ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਰਾਜ ਕਪੂਰ ਨੂੰ ਕਰਜ਼ਈ ਕਰ ਦਿੱਤਾ ਸੀ ਪਰ ਅੱਜ ਇਹ ਫਿਲਮ ਕਲਾਸਿਕ ਮੰਨੀ ਜਾਂਦੀ ਹੈ। ਉਹ ਜ਼ੋਰ ਦੇ ਕੇ ਕਹਿੰਦੀ ਹੈ, “ਜ਼ਾਹਿਰ ਹੈ ਕਿ ਮੈਂ ਇਸ ਫਿਲਮ ਦੇ ਹਾਂ-ਪੱਖਾਂ ਵੱਲ ਵਧੇਰੇ ਧਿਆਨ ਦਿੰਦੀ ਹਾਂ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਮੈਂ ਜਿਥੇ ਕਿਤੇ ਵੀ ਜਾਂਦੀ ਹਾਂ, ਲੋਕ ਉਡ-ਉਡ ਮਿਲਦੇ ਹਨ।”
ਮੋਨਾ ਸਿੰਘ ਦਾ ਜਨਮ ਚੰਡੀਗੜ੍ਹ ਦਾ ਹੈ। ਉਸ ਦਾ ਜਨਮ 8 ਅਕਤੂਬਰ 1981 ਨੂੰ ਹੋਇਆ। ਉਸ ਦਾ ਪਿਤਾ ਫੌਜ ਵਿਚ ਅਫਸਰ ਸੀ। ਉਹਨੇ 27 ਦਸੰਬਰ 2019 ਨੂੰ ਫਿਲਮਸਾਜ਼ ਸ਼ਿਆਮ ਰਾਜਗੋਪਾਲਨ ਨਾਲ ਵਿਆਹ ਕਰਵਾ ਲਿਆ। ਅਦਾਕਾਰਾ ਵਜੋਂ ਉਸ ਦੀ ਪਛਾਣ ਟੀ.ਵੀ. ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਨਾਲ ਹੋਈ ਜੋ 2003 ਤੋਂ 2006 ਤੱਕ ਚੱਲਿਆ ਸੀ। ਉਸ ਨੇ ਹੋਰ ਵੀ ਕਈ ਟੀ.ਵੀ. ਲੜੀਵਾਰਾਂ ਵਿਚ ਅਦਾਕਾਰੀ ਕੀਤੀ ਜਿਨ੍ਹਾਂ ਵਿਚ ‘ਰਾਧਾ ਕੀ ਬੇਟੀਆਂ ਕੁਛ ਕਰ ਦਿਖਾਏਂਗੀ’, ‘ਕਿਆ ਹੂਆ ਤੇਰਾ ਵਾਅਦਾ’, ‘ਇਤਨਾ ਕਰੋ ਨਾ ਮੁਝੇ ਪਿਆਰ’, ‘ਪਿਆਰ ਕੋ ਹੋ ਜਾਨੇ ਦੋ’, ‘ਕਵਚ: ਕਾਲੀ ਸ਼ਕਤੀਓਂ ਸੇ’, ‘ਮੌਕਾ-ਏ-ਵਾਰਦਾਤ’, ‘ਪੁਸ਼ਪਾ ਇੰਪੌਸੀਬਲ’ ਅਾਿਦ ਸ਼ਾਮਿਲ ਹਨ। ‘ਲਾਲ ਸਿੰਘ ਚੱਢਾ’ ਅਤੇ ‘3 ਇਡੀਅਟਸ’ ਤੋਂ ਇਲਾਵਾ ਉਸ ਨੇ ‘ਊਟ ਪਟਾਂਗ’, ‘ਜ਼ੈੱਡ ਪਲੱਸ’, ‘ਅਮਾਵਸ’, ‘ਏਕ ਛੋਟੀ ਸੀ ਈਗੋ’, ‘ਡੌਨ ਭਾਈ ਸਾਹਿਬ’ ਫਿਲਮਾਂ ਵਿਚ ਕੰਮ ਕੀਤਾ।
ਮੋਨਾ ਸਿੰਘ ਨੇ ਦੱਸਿਆ ਕਿ ਆਮਿਰ ਖਾਨ ਨੇ ਫਿਲਮ ਦੇਖਦੇ ਸਾਰ ਹੀ ਕਹਿ ਦਿੱਤਾ ਸੀ ਕਿ ਮੇਰਾ ਕਿਰਦਾਰ ਬਹੁਤ ਜ਼ੋਰਦਾਰ ਬਣਿਆ ਹੈ। ਯਾਦ ਰਹੇ ਕਿ ਜਦੋਂ ਮੋਨਾ ਸਿੰਘ ਨੂੰ ਆਮਿਰ ਖਾਨ ਦੀ ਮਾਂ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ ਤਾਂ ਆਮਿਰ ਖਾਨ ਦੀ ਬੜੀ ਨੁਕਤਾਚੀਨੀ ਹੋਈ ਸੀ ਪਰ ਮੋਨਾ ਸਿੰਘ ਨੇ ਸਾਬਤ ਕਰ ਦਿੱਤਾ ਕਿ ਉਹ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਦੀ ਹੈ।
ਮੋਨਾ ਸਿੰਘ ਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਫਿਲਮ ‘ਲਾਲ ਸਿੰਘ ਚੱਢਾ’ ਖਿਲਾਫ ਗਿਣਮਿਥ ਕੇ ਪ੍ਰਚਾਰ ਕੀਤਾ ਗਿਆ। ਉਸ ਮੁਤਾਬਿਕ, ਇਸ ਤਰ੍ਹਾਂ ਤਾਂ ਫਿਲਮ ਸਨਅਤ ਤਬਾਹ ਹੋ ਕੇ ਰਹਿ ਜਾਵੇਗੀ। ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਸਿਆਸਤ ਨੂੰ ਇਸ ਅੰਦਰ ਨਹੀਂ ਘਸੋੜਨਾ ਚਾਹੀਦਾ।