ਪੁਰਾਣੇ ਕਾਲਜ ਨੂੰ ਮਿਲਦਿਆਂ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿ਼ਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿ਼ਕਸ ਵਰਗੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਸੁਣਾ ਰਿਹਾ ਹੋਵੇ। ਉਹ ਅਸਲ ਵਿਚ ਕਾਵਿਕ ਵਾਰਤਕ ਦੇ ਸ਼ਾਹ-ਅਸਵਾਰ ਹਨ, ਜਿਨ੍ਹਾਂ ਦੀਆਂ ਲਿਖਤਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਹਨ, ਜੋ ਅੰਤਰੀਵੀ ਨਾਦ ਬਣ ਕੇ ਉਨ੍ਹਾਂ ਦੀ ਕਿਰਤ ਵਿਚ ਫੈਲਦਾ ਹੈ। ਉਹ ਉਨ੍ਹਾਂ ਵਿਸ਼ਿਆਂ ਦੀਆਂ ਪਰਤਾਂ ਫਰੋਲਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਲੇਖ ਵਿਚ ਉਨ੍ਹਾਂ ਨੇ ਆਪਣੇ ਪੁਰਾਣੇ ਕਾਲਜ ਦਾ ਜਿ਼ਕਰ ਕੀਤਾ ਹੈ। ਕਪੂਰਥਲਾ ਗਏ ਹੋਣ ਕਾਰਨ ਜਦੋਂ ਉਹ ਰਣਧੀਰ ਕਾਲਜ ਜਾਂਦੇ ਹਨ ਤਾਂ ਉਥੇ ਬਿਤਾਏ ਪਲ ਮੁੜ ਯਾਦਾਂ ਵਿਚ ਵਸ ਜਾਂਦੇ ਹਨ।

ਸਾਡਾ ਬੀਤਿਆ ਹੋਇਆ ਕੱਲ੍ਹ ਹੀ ਸਾਡੇ ਅੱਜ ਦਾ ਮੂਲ ਆਧਾਰ ਹੁੰਦਾ ਕਿਉਂਕਿ ਸਾਡੇ ਬੀਤੇ ਨੇ ਹੀ ਸਾਨੂੰ ਅਜੋਕੇ ਰੂਪ ਵਿਚ ਸਿਰਜਿਆ ਹੁੰਦਾ ਹੈ। ਅਸੀਂ ਆਪਣੇ ਵਿਚੋਂ ਆਪਣੇ ਬੀਤੇ ਨੂੰ ਕਦੇ ਵੀ ਮਨਫ਼ੀ ਨਹੀਂ ਕਰ ਸਕਦੇ। ਦਰਅਸਲ ਆਪਣੇ ਬੀਤੇ ਨੂੰ ਯਾਦ ਰੱਖਣਾ ਅਤੇ ਇਸ ਦੀ ਜੂਹ ਵਿਚ ਕਦੇ ਕਦਾਈਂ ਫੇਰੇ ਪਾਉਂਦੇ ਰਹਿਣ ਨਾਲ ਮਨੁੱਖ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਹੈ। ਉਸਨੂੰ ਉਸਦੀ ਔਕਾਤ ਯਾਦ ਰਹਿੰਦੀ। ਆਪਣੀਆਂ ਜੜ੍ਹਾਂ ਨੂੰ ਭੁੱਲ ਜਾਣ ਵਾਲੇ ਲੋਕ ਅਕਸਰ ਹੀ ਟੁੱਟੀ ਹੋਈ ਪਤੰਗ ਦੀ ਆਉਧ ਹੰਢਾਉਂਦੇ। ਅੰਬਰ ਵਿਚ ਉਡਾਰੀਆਂ ਲਾਉਂਦਿਆਂ, ਧਰਤੀ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੁੰਦਾ।
ਬੀਤੇ ਵਿਚੋਂ ਅੱਜ ਦੇ ਨਕਸ਼ ਤਾਂ ਦੇਖੇ ਜਾ ਸਕਦੇ ਨੇ ਪਰ ਭਵਿੱਖ ਦੀਆਂ ਨਿਸ਼ਾਨੀਆਂ ਨੂੰ ਨਹੀਂ ਕਿਆਸਿਆ ਜਾ ਸਕਦਾ। ਸਾਡਾ ਅੱਜ ਹੀ ਸਭ ਤੋਂ ਅਹਿਮ ਤੇ ਵੱਡਾ ਸੱਚ ਹੁੰਦਾ ਹੈ ਜਿਹੜਾ ਸਾਡੇ ਬੀਤੇ ਦੀ ਸਭ ਤੋਂ ਵੱਡੀ ਗਵਾਹੀ ਹੁੰਦਾ ਅਤੇ ਇਸਦੀ ਚਸ਼ਮਦੀਦੀ ਵਿਚੋਂ ਹੀ ਅਸੀਂ ਅੱਜ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦੀ ਜੁਅਰਤ ਕਰ ਸਕਦੇ ਹਾਂ।
ਸਾਡਾ ਬੀਤਿਆ ਹੀ ਸਭ ਕੁਝ ਉਹ ਹੁੰਦਾ ਜਿਸ ਦੇ ਨਕਸ਼ਾਂ ਵਿਚੋਂ ਹੀ ਮਨੁੱਖੀ ਵਿਅਕਤੀਤਵ ਦੀ ਪਛਾਣ ਸਿਰਜੀ ਜਾਂਦੀ ਹੈ। ਅੱਜ-ਕੱਲ੍ਹ ਅਸੀਂ ਅਮਰੀਕਾ ਤੋਂ ਕਪੂਰਥਲਾ ਆਏ ਹੋਏ ਹਾਂ। ਇਕ ਦਿਨ ਸਾਝਰੇ ਸਵੇਰ ਦੀ ਸੈਰ ਦੇ ਬਹਾਨੇ ਮੈਂ ਤੇ ਮੇਰੀ ਪਤਨੀ ਰਣਧੀਰ ਕਾਲਜ ਕਪੂਰਥਲਾ ਦੀ ਅਕੀਦਤ ਕਰਨ ਲਈ ਇਸਦੇ ਵਿਹੜੇ ਪੈਰ ਪਾਉਂਦੇ ਹਾਂ ਕਿਉਂਕਿ ਅਸੀਂ ਦੋਵੇਂ ਹੀ ਇਸ ਕਾਲਜ ਵਿਚ ਪੜ੍ਹਦੇ ਰਹੇ ਸਾਂ। ਬਹੁਤ ਕੁਝ ਬਦਲਿਆ ਬਦਲਿਆ ਨਜ਼ਰ ਆਉਂਦਾ ਏ। ਯਾਦ ਆਉਂਦਾ ਏ ਕਾਲਜ ਵਿਚ ਵੜਦਾ ਭੋਲਾ-ਭਾਲਾ ਪਿੰਡ ਦਾ ਜੁਆਕ ਜਿਸ ਨੇ ਸਾਇੰਸ ਦੇ ਵਿਸ਼ੇ ਲਏ ਸਨ ਅਤੇ ਅੰਗਰੇਜ਼ੀ ਮੀਡੀਅਮ ਹੋਣ ਕਾਰਨ ਕਈ ਦਿਨ ਤਾਂ ਕੁਝ ਵੀ ਉਸ ਦੇ ਪੱਲੇ ਨਹੀਂ ਸੀ ਪਿਆ। ਕੋਈ ਕਿਆਸ ਵੀ ਨਹੀਂ ਸੀ ਕਰ ਸਕਦਾ ਕਿ ਉਹੀ ਜੁਆਕ ਨੇ ਫਿਰ ਵੱਡਾ ਹੋ ਕੇ ਸਾਡੀ ਉਮਰ ਦੇਸ਼-ਵਿਦੇਸ਼ ਵਿਚ ਭੌਤਿਕ ਵਿਗਿਆਨ ਪੜ੍ਹਾਉਣੀ ਹੈ।
ਕਾਲਜ ਵੜਦਿਆਂ ਸਾਰ ਨਜ਼ਰ ਆਉਂਦਾ ਏ ਜੁਬਲੀ ਹਾਲ ਜਿਸ ਵਿਚ ਅਕਸਰ ਹੀ ਕਾਲਜ ਦੇ ਹਰ ਕਿਸਮ ਦੇ ਸਮਾਗਮ ਹੁੰਦੇ ਸਨ। ਕਪੂਰਥਲਾ ਦੇ ਮਹਾਰਾਜੇ ਨੇ ਇਹ ਹਾਲ ਆਪਣੇ ਰਾਜ ਦੇ ਸਿਲਵਰ ਜੁਬਲੀ ਜਸ਼ਨਾਂ ਲਈ ਬਣਵਾਇਆ ਸੀ। ਇਹ ਇਮਤਿਹਾਨਾਂ ਦਾ ਕੇਂਦਰ ਹੁੰਦਾ ਸੀ। ਬੜਾ ਡਰ ਲੱਗਦਾ ਹੁੰਦਾ ਸੀ ਇਸਦੇ ਅੰਦਰ ਜਾਣ ਲੱਗਿਆਂ ਕਿਉਂਕਿ ਇਮਤਿਹਾਨ ਤਾਂ ਇਮਤਿਹਾਨ ਹੀ ਹੁੰਦਾ ਹੈ। ਇਸ ਦੀ ਲਾਜਵਾਬ ਸੁੰਦਰਤਾ ਉਵੇਂ ਹੀ ਬਰਕਰਾਰ ਹੈ। ਇਉਂ ਲੱਗਦਾ ਹੈ ਕਿ ਕਾਲਜ ਵਿਚ ਅੰਦਰ ਆਉਣ ਵਾਲੇ ਪੁਰਾਣੇ ਵਿਦਿਆਰਥੀਆਂ ਨੂੰ ਦੇਖ ਕੇ ਫੁੱਲਿਆ ਨਹੀਂ ਸਮਾ ਰਿਹਾ ਕਿਉਂਕ ਇਹ ਜਾਣਦਾ ਹੈ ਕਿ ਇਸ ਦੀ ਆਗੋਸ਼ ਵਿਚ ਬਹਿ ਕੇ ਡਿਗਰੀਆਂ ਕਰਨ ਵਾਲੇ ਹੀ ਵੱਡੇ ਹੋ ਕੇ ਵੱਡੇ ਰੁਤਬਿਆਂ ਦਾ ਮਾਣ ਬਣੇ।
ਯਾਦ ਆਇਆ ਫੀਸ ਦੇਣ ਲਈ ਮੁੰਡਿਆਂ ਅਤੇ ਕੁੜੀਆਂ ਦੀਆਂ ਲੱਗੀਆਂ ਹੋਈਆਂ ਲਾਈਨਾਂ। ਇਕ ਦੋ ਕਲਰਕ ਤਾਂ ਵਿਦਿਆਰਥੀਆਂ ਨੂੰ ਟੁੱਟ ਕੇ ਪੈਂਦੇ ਸਨ। ਸ਼ਾਇਦ ਉਨ੍ਹਾਂ ਦੀ ਫਿਤਰਤ ਹੀ ਅਜਿਹੀ ਸੀ। ਜਦ ਮੈਂ ਇਸ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਉਨ੍ਹਾਂ ਕਲਰਕਾਂ ਦੀਆਂ ਖਾਧੀਆਂ ਝਿੜਕਾਂ ਨੂੰ ਯਾਦ ਕਰਦਾ ਤਾਂ ਅਹਿਸਾਸ ਹੁੰਦਾ ਕਿ ਸ਼ਾਇਦ ਸਾਡੀ ਪ੍ਰਾਪਤੀ ਦਾ ਅਧਾਰ ਹੀ ਇਹੀ ਸੀ ਕਿ ਅਸੀਂ ਵੱਡਿਆਂ ਦੀ ਝਿੜਕਾਂ ਵਿਚੋਂ ਹੀ ਆਪਣੀ ਸਫ਼ਲ਼ਤਾ ਦਾ ਮੁੱਢ ਕਿਆਸਿਆ ਸੀ। ਉਨ੍ਹਾਂ ਦਿਨਾਂ ਵਿਚ ਪ੍ਰਿੰਸੀਪਲ ਦੇ ਦਫਤਰ ਦੇ ਮੂਹਰੇ ਦੀ ਲੰਘਣ ਦਾ ਜੇਰਾ ਕੋਈ ਵਿਦਿਆਰਥੀ ਨਹੀਂ ਸੀ ਕਰਦਾ। ਕੇਹਾ ਸੀ ਦਬਦਬਾ ਉਸ ਸਮੇਂ ਦੇ ਪ੍ਰਿੰਸੀਪਲ ਸ. ਇੰਦਰ ਸਿੰਘ ਜੀ ਜਾਂ ਸ੍ਰੀ ਓਪੀ ਸ਼ਰਮਾ ਜੀ ਦਾ।
ਕਾਲਜ ਦਾ ਯੂ-ਬਲਾਕ ਆਪਣੀ ਪੁਰਾਣੀ ਰੰਗਤ ਨਾਲ ਹੁਣ ਵੀ ਹਾਜ਼ਰ-ਨਾਜ਼ਰ ਹੈ। ਮੇਰੀ ਪਤਨੀ ਨੇ ਇਸ ਦੇ ਵਿਹੜੇ ਵਿਚ ਉਗੇ ਪਿੱਪਲ ਦੇ ਥੜ੍ਹੇ ‘ਤੇ ਬਹਿ ਕੇ ਵਿਦਿਆਰਥੀ ਜੀਵਨ ਦੇ ਬੇਫਿ਼ਕਰੇ ਦਿਨ, ਪੁਰਾਣੀਆਂ ਸਹੇਲੀਆਂ ਅਤੇ ਪੋ੍ਰਫੈਸਰਾਂ ਨੂੰ ਯਾਦ ਕੀਤਾ ਅਤੇ ਉਦਾਸੀ ਦੇ ਆਲਮ ਵਿਚ ਕਹਿਣ ਲੱਗੀ ਕਿ ਕਿੰਨੀ ਜਲਦੀ ਬੀਤ ਜਾਂਦੀ ਹੈ ਜਿ਼ੰਦਗੀ। ਕਾਲਜ ਦੀ ਪੜ੍ਹਾਈ ਦੇ ਉਹ ਦਿਨ ਜਿਹੜੇ ਕਦੇ ਪਰਤ ਕੇ ਨਹੀਂ ਆਉਂਦੇ।
ਇਸ ਕਾਲਜ ਵਿਚ ਮੈਂ ਪੜ੍ਹਿਆ ਵੀ ਅਤੇ ਪੜ੍ਹਾਇਆ ਵੀ। ਇਸਦੀ ਆਗੋਸ਼ ਵਿਚ ਮੈਂ ਮਸਤਕ ਵਿਚ ਗਿਆਨ ਦਾ ਉਜਿਆਰਾ ਪੈਦਾ ਕਰ ਸਕਿਆ। ਕਾਲਜ ਦੇ ਉਨ੍ਹਾਂ ਪ੍ਰੋਫੈਸਰਾਂ ਦੀ ਲਗਨ ਅਤੇ ਮਿਹਨਤ ਨੂੰ ਸਲਾਮ ਜੋ ਹੋਣਹਾਰ ਵਿਦਿਆਰਥੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਸ਼ਾਇਦ ਜੇ ਅਸੀਂ ਕੁਝ ਹਾਂ ਤਾਂ ਇਹ ਸਿਰਫ਼ ਆਪਣੇ ਅਧਿਆਪਕਾਂ ਦੀ ਬਦੌਲਤ ਹੀ ਹਾਂ।
ਚੇਤਿਆਂ ਵਿਚ ਹੁਣ ਤੀਕ ਤਾਜ਼ਾ ਹੈ ਕਿ ਪ੍ਰੈਪ ਵਿਚ ਅੰਗਰੇਜ਼ੀ ਮੀਡੀਅਮ ਵਿਚ ਪੜ੍ਹਾਈ ਗਈ ਫਿਜਿ਼ਕਸ, ਕਮਿਸਟਰੀ ਜਾਂ ਹਿਸਾਬ ਬਿਲਕੁਲ ਸਮਝ ਨਹੀਂ ਸੀ ਆਇਆ। ਸਬਜੈਕਟ ਬਦਲ ਕੇ ਆਰਟਸ ਸਬਜੈਕਟ ਲੈ ਲਏ। ਪਰ ਮੇਰੇ ਮਾਮਾ ਜੀ ਸ. ਪਿਆਰਾ ਸਿੰਘ ਦੀ ਘੁਰਕੀ ਕਾਰਨ ਫਿਰ ਸਾਇੰਸ ਸਬਜੈਕਟ ਲੈ ਲਏ। ਇਸ ਦੁਚਿੱਤੀ ਅਤੇ ਪੜ੍ਹਾਈ ਦਾ ਕੀਮਤੀ ਸਮਾਂ ਬਰਬਾਦ ਹੋਣ ਕਾਰਨ ਪ੍ਰੈਪ ਵਿਚੋਂ ਫੇਲ੍ਹ ਹੋ ਗਿਆ ਪਰ ਸਭ ਤੋਂ ਤੀਖਣਤਾ ਨਾਲ ਯਾਦ ਆਇਆ ਉਹ ਸਮਾਂ ਜਦ ਮੈਂ ਪ੍ਰੈਪ ਵਿਚ ਫੇਲ੍ਹ ਹੋਣ ਤੋਂ ਬਾਅਦ ਫਿਰ ਕਾਲਜ ਵਿਚ ਦਾਖਲ ਹੋਣ ਆਇਆ ਤਾਂ ਮੈਨੂੰ ਦਾਖਲੇ ਤੋਂ ਜਵਾਬ ਮਿਲ ਗਿਆ। ਕਾਲਜ ਦੀ ਇਹ ਪਿਰਤ ਸੀ ਕਾਲਜ ਦੇ ਫੇਲ੍ਹ ਹੋਏ ਕਿਸੇ ਵੀ ਵਿਦਿਆਰਥੀ ਨੂੰ ਉਨ੍ਹਾਂ ਸਬਜੈਕਟਾਂ ਵਿਚ ਦੁਬਾਰਾ ਕਾਲਜ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ। ਦਰਅਸਲ ਰਣਧੀਰ ਕਾਲਜ ਦੀ ਸ਼ਾਨ ਹੀ ਐਸੀ ਸੀ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਕਾਲਜ ਵਿਚ ਦਾਖਲਾ ਲੈਣ ਦੇ ਚਾਹਵਾਨ ਹੁੰਦੇ ਸਨ ਅਤੇ ਦਾਖ਼ਲੇ ਦੀ ਮੈਰਿਟ ਬਹੁਤ ਉਚੀ ਹੁੰਦੀ ਸੀ। ਪ੍ਰੋ. ਸਰਵਣ ਸਿੰਘ ਜੀ ਦਾਖਲਾ ਕਮੇਟੀ ਦੇ ਇੰਚਾਰਜ ਸਨ। ਮੇਰੇ ਮਾਮਾ ਜੀ ਨੇ ਐਡਵੋਕੇਟ ਸੂਰਤ ਸਿੰਘ ਪੱਡਾ ਰਾਹੀਂ ਪੋ੍ਰ. ਅਨੂਪ ਸਿੰਘ ਮੁਲਤਾਨੀ ਜੀ ਤੀਕ ਪਹੁੰਚ ਕੀਤੀ ਕਿ ਮੁੰਡਾ ਤਾਂ ਬਹੁਤ ਹੁਸਿ਼ਆਰ ਹੈ। ਕੁਝ ਕਾਰਨਾਂ ਕਰਕੇ ਫੇਲ੍ਹ ਹੋ ਗਿਆ ਹੈ। ਦਾਖਲ ਕਰਵਾ ਦਿਓ। ਇਹ ਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਪੋ੍ਰ. ਮੁਲਤਾਨੀ ਸਾਹਿਬ ਨੇ ਪੋ੍ਰ. ਸਰਵਣ ਸਿੰਘ ਨੂੰ ਨਿੱਜੀ ਪੱਧਰ ‘ਤੇ ਮੇਰੇ ਦਾਖਲੇ ਲਈ ਮਨਾ ਲਿਆ। ਇਸ ਤੋਂ ਬਾਅਦ ਮੈਂ ਮੁੜ ਕੇ ਨਹੀਂ ਦੇਖਿਆ। ਬੀਐੱਸਸੀ ਮੈਰਿਟ ਵਿਚ ਪਾਸ ਕੀਤੀ। ਮੈਂ ਪੋ੍ਰ. ਸਰਵਣ ਸਿੰਘ ਜੀ ਅਤੇ ਪ੍ਰੋ. ਮੁਲਤਾਨੀ ਸਾਹਿਬ ਨਾਲ ਬਾਅਦ ਵਿਚ ਪੜ੍ਹਾਇਆ ਵੀ ਅਤੇ ਮੇਰੇ ਪ੍ਰਿੰਸੀਪਲ ਵੀ ਰਹੇ। ਬੜਾ ਮਾਣ ਕਰਦੇ ਸੀ ਆਪਣੇ ਸ਼ਾਗਿਰਦ ‘ਤੇ। ਸ਼ਾਇਦ ਉਨ੍ਹਾਂ ਨੂੰ ਕਾਲਜ ਦੀ ਸਥਾਪਤ ਪਿਰਤ ਤੋੜਨ ਦਾ ਕੋਈ ਹਿਰਖ਼ ਨਹੀਂ ਸੀ ਸਗੋਂ ਨਾਜ਼ ਸੀ। ਮੈਂ ਕਿਆਸਣ ਲੱਗਾ ਕਿ ਜਦ ਮੈਨੂੰ ਦਾਖਲੇ ਤੋਂ ਜਵਾਬ ਮਿਲਿਆ ਤੇ ਨਿਰਾਸ਼ਾ ਦੇ ਆਲਮ ਵਿਚ ਉਸ ਪੇਂਡੂ ਜਵਾਕ ਦੀ ਕੀ ਮਨੋਦਿਸ਼ਾ ਹੋਵੇਗੀ? ਪਰ ਉਸਦੇ ਸੁਪਨਿਆਂ ਨੂੰ ਨਵੀਂ ਪਰਵਾਜ਼ ਮਿਲੀ ਜਦ ਰਣਧੀਰ ਕਾਲਜ ਵਿਚ ਦੁਬਾਰਾ ਦਾਖਲਾ ਮਿਲ ਗਿਆ ਕਿਉਂਕਿ ਹੋ ਸਕਦਾ ਸੀ ਕਿ ਜੇ ਮੈਨੂੰ ਸਾਇੰਸ ਵਿਚ ਦਾਖਲਾ ਨਾ ਮਿਲਦਾ ਤਾਂ ਆਰਟਸ ਵਿਚ ਦਾਖਲ ਹੋ ਜਾਣਾ ਸੀ ਅਤੇ ਸ਼ਾਇਦ ਮੈਂ ਬੀਏ ਵਿਚ ਆਪਣੇ ਪਿੰਡ ਦੇ ਹੋਰ ਸਾਥੀਆਂ ਵਾਂਗ ਅੱਧ-ਵਿਚਾਲੇ ਹੀ ਪੜ੍ਹਾਈ ਛੱਡ ਕੇ ਵਿਦੇਸ਼ ਨੂੰ ਚਲੇ ਜਾਂਦਾ। ਮੇਰੇ ਮਾਪੇ ਆਰਥਿਕ ਤੌਰ ‘ਤੇ ਇੰਨੇ ਮਜ਼ਬੂਤ ਨਹੀਂ ਸਨ ਕਿ ਜਲੰਧਰ ਦੇ ਕਾਲਜ ਵਿਚ ਦਾਖ਼ਲ ਕਰਵਾਉਂਦੇ। ਫਿਰ ਜਿ਼ੰਦਗੀ ਦਾ ਕੀ ਰੂਪ ਹੋਣਾ ਸੀ, ਇਹ ਸੋਚਦਿਆਂ, ਅਸੀਂ ਕਮਿਸਟਰੀ ਵਿਭਾਗ ਦੇ ਕੋਲੋਂ ਦੀ ਗੁਜ਼ਰ ਰਹੇ ਸਾਂ।
ਪੁਰਾਣੀਆਂ ਅਤੇ ਮੁੱਲਵਾਨ ਕਿਤਾਬਾਂ ਦੇ ਅਸੀਮ ਭੰਡਾਰ ਵਾਲੀ ਕਾਲਜ ਦੀ ਲਾਇਬਰੇਰੀ ਦੇ ਕੋਲ ਦੀ ਲੰਘਿਆ ਤਾਂ ਯਾਦ ਆਇਆ ਕਿ ਮੇਰੇ ਵਧੀਆ ਨੰਬਰਾਂ ਕਰਕੇ ਕਾਲਜ ਵਲੋਂ ਕੋਰਸ ਦੀਆਂ ਕਿਤਾਬਾਂ ਵੀ ਲਾਇਬਰੇਰੀ ਵਲੋਂ ਸਾਰਾ ਸਾਲ ਲਈ ਮਿਲਦੀਆਂ ਸਨ। ਇਸ ਲਾਇਬਰੇਰੀ ਨੇ ਹੀ ਮੈਨੂੰ ਪੰਜਾਬੀ ਅਦੀਬਾਂ ਅਤੇ ਸਾਹਿਤ ਨਾਲ ਜੋੜਿਆ ਸੀ ਭਾਵੇਂ ਕਿ ਮੈਂ ਸਾਇੰਸ ਦਾ ਵਿਦਿਆਰਥੀ ਸਾਂ। ਲਾਇਬਰੇਰੀ ਦੇ ਕੋਲ ਬਣੀ ਸਟੇਜ ਦਾ ਜਾਹੋ-ਜਲਾਲ ਮੇਰੇ ਚੇਤਿਆਂ ਨੂੰ ਸੁਗੰਧਤ ਕਰ ਗਿਆ ਜਦ ਤਰੋਤਾਜ਼ਾ ਹੋਇਆ ਕਿ ਅਕਾਦਮਿਕ ਪ੍ਰਾਪਤੀਆਂ ਲਈ ਇਸ ਸਟੇਜ ‘ਤੇ ਜਾਣ ਅਤੇ ਇਨਾਮ ਪ੍ਰਾਪਤ ਕਰਨ ਦਾ ਸ਼ਰਫ਼ ਮਿਲਿਆ ਸੀ। ਇਸ ਸਟੇਜ ‘ਤੇ ਹੀ ਮੇਰੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਅਤੇ ਸਾਥੀ ਪੋ੍ਰਫੈਸਰਾਂ ਨੇ ਮੈਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ‘ਤੇ ਕਾਲਜ ਦੇ ਸਾਲਾਨਾ ਸਮਾਗਮ ‘ਤੇ ਮਾਣ ਬਖ਼ਸਿ਼ਆ ਸੀ।
ਕਾਲਜ ਵਿਚ ਫਿਰਦਿਆਂ ਫਿਜਿ਼ਕਸ ਥੀਏਟਰ ਕੋਲ ਦੀ ਲੰਘੇ ਤਾਂ ਉਹ ਦਿਨ ਅੱਖਾਂ ਸਾਹਵੇਂ ਸਾਖਸ਼ਾਤ ਹੋ ਗਏ ਜਿੱਥੇ ਬਹਿ ਕੇ ਮੈਂ ਪੜ੍ਹਿਆ ਅਤੇ ਬਾਅਦ ਵਿਚ ਪੜ੍ਹਾਇਆ ਸੀ। ਬਹੁਤ ਯਾਦ ਆਏ ਮੇਰੇ ਪੁਰਾਣੇ ਜਮਾਤੀ, ਪਿਆਰੇ ਦਿਨ ਅਤੇ ਅਣਗਿਣਤ ਵਿਦਿਆਰਥੀ ਜੋ ਮੇਰੇ ਕੋਲੋਂ ਵਿਦਿਆ ਪ੍ਰਾਪਤ ਕਰ ਕੇ ਮਾਣਯੋਗ ਪ੍ਰਾਪਤੀਆਂ ਦਾ ਸਿਰਲੇਖ ਬਣੇ। ਜਿਨ੍ਹਾਂ ‘ਤੇ ਮੈਨੂੰ ਅਤੇ ਮੇਰੇ ਕਾਲਜ ਨੂੰ ਬਹੁਤ ਫਖ਼ਰ ਹੈ।
ਪ੍ਰਿੰਸੀਪਲ ਦੇ ਦਫਤਰ ਕੋਲੋਂ ਦੀ ਲੰਘਣ ਲੱਗਿਆਂ ਕਾਲਜ ਦੇ ਪੁਰਾਣੇ ਸਟਾਰ ਵਿਦਿਆਰਥੀਆਂ ਦੇ ਵੱਡੇ ਬੋਰਡ ‘ਤੇ ਨਿਗਾਹ ਪਈ ਤਾਂ ਮਨ ਵਿਚ ਹੁਲਾਸ ਪੈਦਾ ਹੋਇਆ ਕਿ ਮੇਰੇ ਵਰਗੇ ਮੰਡ ਵਿਚ ਪਸ਼ੂ ਚਾਰਨ ਵਾਲੇ ਦਾ ਨਾਮ ਵੀ ਇਸ ਬੋਰਡ ‘ਤੇ ਹੈ। ਇਹ ਸਭ ਮੇਰੇ ਕਾਲਜ, ਮੇਰੇ ਮਾਪਿਆਂ ਅਤੇ ਮੇਰੇ ਪਿੰਡ ਦੀ ਮਿੱਟੀ ਦਾ ਕਰਮ ਹੈ ਜਿਸ ਸਦਕਾ ਮੈਂ ਤੁੱਛ ਜਿਹੀਆਂ ਪ੍ਰਾਪਤੀਆਂ ਕਰ ਸਕਿਆ। ਇਹ ਸੰਭਵ ਤਾਂ ਹੀ ਹੋਇਆ ਕਿਉਂਕਿ ਰਣਧੀਰ ਕਾਲਜ ਦੀ ਤਹਿਰੀਕ ਅਤੇ ਤਾਸੀਰ ਵਿਚ ਉਹ ਸਭ ਕੁਝ ਹੈ ਜਿਹੜਾ ਪੇਂਡੂ ਵਿਦਿਆਰਥੀਆਂ ਲਈ ਬਹੁਤ ਮੁਫ਼ੀਕ ਹੈ। ਸ਼ਹਿਰ ਦਾ ਕਾਲਜ ਹੁੰਦਿਆਂ ਵੀ ਇਸਦੀ ਫਿ਼ਜ਼ਾ ਵਿਚ ਪਿੰਡ ਦੇ ਚੌਗਿਰਦੇ ਅਤੇ ਆਬੋ-ਹਵਾ ਜਿਹੀ ਅਪਣੱਤ ਪਸਰੀ ਹੁੰਦੀ ਸੀ।
ਪਰ ਮੇਰਾ ਪਿਆਰਾ ਰਣਧੀਰ ਕਾਲਜ, ਪੰਜਾਬ ਦੇ ਹੋਰਨਾਂ ਸਰਕਾਰੀ ਕਾਲਜਾਂ ਵਾਂਗ ਸਰਕਾਰੀ ਅਣਗਹਿਲੀ ਦਾ ਸਿ਼ਕਾਰ ਹੈ। ਸਟਾਫ਼ ਦਾ ਪੂਰਾ ਨਾ ਹੋਣਾ ਅਤੇ ਇਸਦੀ ਰੱਖ-ਰਖਾਅ ਵਿਚ ਹੋ ਰਹੀ ਬੇਧਿਆਨੀ ਕਾਰਨ ਇਸਦੀ ਦਿੱਖ ਵਿਚ ਨਿਘਾਰ ਆ ਰਿਹਾ ਹੈ। ਬਹੁਤ ਹੀ ਮਹਿੰਗੀ ਅੰਤਰਰਾਸ਼ਟਰੀ ਪੱਧਰ ਦੀ ਬਾਸਕਟ ਬਾਲ ਗਰਾਊਂਡ ਵਿਚ ਬੱਚੇ ਕ੍ਰਿਕਟ ਖੇਡ ਰਹੇ ਸਨ ਜਦ ਕਿ ਇਹ ਗਰਾਊਂਡ ਤਾਂ ਨਿਰੋਲ ਬਾਸਕਟ ਬਾਲ ਲਈ ਹੈ। ਪੁਰਾਣੇ ਵਿਦਿਆਰਥੀਆਂ ਵਲੋਂ ਬਣਾਏ ਹੋਏ ਪਾਰਕ ਦੀ ਨਿਆਰੀ ਦਿੱਖ ਵੀ ਆਪਣੀ ਖਸਤਾ ਹਾਲਤ, ਸੁੱਕੇ ਘਾਹ ਅਤੇ ਵੈਰਾਨਗੀ ਤੇ ਜਿਵੇਂ ਹੰਝੂ ਵਹਾ ਰਹੀ ਹੋਵੇ। ਸਾਇੰਸ ਪਾਰਕ ਤਾਂ ਨਿਖਸਮਾ ਲੱਗ ਰਿਹਾ ਸੀ। ਮੇਰੇ ਹੁੰਦਿਆਂ ਸਾਇੰਸ ਸੁਸਾਇਟੀ ਵਲੋਂ ਪਾਰਕ ਵਿਚ ਲਗਾਏ ਹੋਏ ਛਾਂਦਾਰ ਰੁੱਖ ਬਿਲਡਿੰਗਾਂ ਜਿੱਡੇ ਹੋ ਗਏ ਸਨ। ਇਹ ਰੁੱਖ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ ‘ਚ ਲਗਵਾਏ ਗਏ ਸਨ। ਇਸ ਪਾਰਕ ਵਿਚ ਸਰਦੀਆਂ ਵਿਚ ਵਿਦਿਆਰਥੀ ਅਕਸਰ ਹੀ ਘਾਹ ‘ਤੇ ਬੈਠ ਕੇ ਕੋਸੀ ਕੋਸੀ ਧੁੱਪ ਦਾ ਆਨੰਦ ਲੈਂਦੇ, ਸਾਇੰਸ ਦੀਆਂ ਬਾਰੀਕੀਆਂ ਨੂੰ ਆਪਸ ਵਿਚ ਸਮਝਣ ਅਤੇ ਸਮਝਾਉਣ ਲਈ ਨਿੱਕੀਆਂ-ਨਿੱਕੀਆਂ ਟੋਲੀਆਂ ਵਿਚ ਬੈਠੇ ਹੁੰਦੇ ਸਨ। ਉਨ੍ਹਾਂ ਦਿਨਾਂ ਦੀ ਯਾਦ ਇਕ ਚੀਸ ਮਨ ਦੇ ਵਿਹੜੇ ਧਰ ਜਾਂਦੀ ਏ ਕਿ ਕਦੇ ਨਹੀਂ ਪਰਤਣੇ ਉਹ ਦਿਨ। ਉਨ੍ਹਾਂ ਨਿੱਘੀਆਂ ਮਿਲਣੀਆਂ ਅਤੇ ਸੰਗੀ-ਸਾਥੀਆਂ ਦੀ ਸੁਹਬਤ ਕਾਰਨ ਹੀ ਮੈਂ ਉਹ ਬਣ ਸਕਿਆ ਜੋ ਅੱਜ ਹਾਂ। ਲੋੜ ਹੈ ਕਿ ਵਿਦਿਆਰਥੀਆਂ ਵਿਚ ਪੜ੍ਹਾਈ ਪ੍ਰਤੀ ਚੇਤਨਾ ਪੈਦਾ ਹੋਵੇ ਤਾਂ ਉਹ ਕੁਝ ਵੀ ਪ੍ਰਾਪਤ ਕਰ ਸਕਦੇ ਨੇ ਬਸ਼ਰਤੇ ਕਿ ਉਨ੍ਹਾਂ ਦੇ ਸੁਪਨੇ ਜਿਉਂਦੇ ਰਹਿਣ। ਉਨ੍ਹਾਂ ਵਿਚ ਨਵੀਆਂ ਪੈੜਾਂ ਨੂੰ ਸਿਰਜਣ ਅਤੇ ਨਵੇਂ ਅੰਬਰਾਂ ਨੂੰ ਹੱਥ ਲਾਉਣ ਲਈ ਪ੍ਰਵਾਜ਼ ਭਰਨ ਦਾ ਦਮਖੱਮ ਕਾਇਮ ਰਹੇ।
ਤੁਰਦੇ ਤੁਰਦੇ ਜਦ ਕਾਲਜ ਦੀ ਕੈਨਟੀਨ ਕੋਲ ਅੱਪੜਦੇ ਹਾਂ ਤਾਂ ਯਾਦ ਆਉਂਦੇ ਨੇ ਬ੍ਰੈਡ ਪਕੌੜੇ ਜਾਂ ਸਮੋਸੇ ਅਤੇ ਚਾਹ ਦਾ ਕੱਪ। ਸਾਇੰਸ ਦੇ ਵਿਦਿਆਰਥੀ ਹੋਣ ਕਾਰਨ ਕਾਲਜ ਕੈਨਟੀਨ ਵਿਚ ਬੈਠਣ ਦਾ ਮੌਕਾ ਤਾਂ ਕਦੇ ਕਦਾਈਂ ਮਿਲਦਾ ਸੀ। ਇਹ ਕੈਨਟੀਨ ਹੀ ਉਮਰ ਭਰ ਦੀਆਂ ਦੋਸਤੀਆਂ ਅਤੇ ਰੂਹਾਂ ਦੇ ਮਿਲਾਪ ਦਾ ਸਬੱਬ ਹੁੰਦੀ ਸੀ। ਬਹੁਤ ਹੀ ਬੇਫਿ਼ਕਰੀ ਦਾ ਆਲਮ ਹੁੰਦਾ ਸੀ ਇਸਦੇ ਵਾਤਾਵਰਨ ਵਿਚ। ਵਿਦਿਆਰਥੀਆਂ ਦੇ ਉਚੇ ਉਚੇ ਠਹਾਕੇ, ਇਕ ਦੂਜੇ ਨੂੰ ਪਿਆਰੀਆਂ ਚੋਭਾਂ ਅਤੇ ਗਾਲਾਂ ਦਾ ਮਿਲਗੋਭਾ ਇਸਦੀ ਫਿਜ਼ਾ ਨੂੰ ਆਨੰਦਤ ਕਰਦਾ ਸੀ। ਪ੍ਰੋਫੈਸਰ ਹੁੰਦਿਆਂ ਤਾਂ ਅਕਸਰ ਹੀ ਇਸਦੇ ਵਿਹੜੇ ਵਿਚ ਮਹਿਫ਼ਲ ਲੱਗੀ ਹੀ ਰਹਿੰਦੀ ਸੀ ਅਤੇ ਚਾਹ ਦਾ ਚੱਕਰ ਨਿਰੰਤਰ ਚੱਲਦਾ ਰਹਿੰਦਾ ਸੀ। ਹਰ ਵਿਹਲੇ ਪੀਰੀਅਡ ਵਿਚ ਹਰ ਪ੍ਰੋਫੈਸਰ ਦਾ ਨਿੱਤਨੇਮ ਹੀ ਸੀ ਕਿ ਉਸਨੇ ਕੈਨਟੀਨ ਦੀ ਮਹਿਫ਼ਲ ਵਿਚ ਸ਼ਰੀਕ ਹੋਣਾ ਹੁੰਦਾ ਸੀ।
ਬੀਤੇ ਦੀਆਂ ਇਹ ਕੇਹੀਆਂ ਪੈੜਾਂ ਹੁੰਦੀਆਂ ਕਿ ਅਸੀਂ ਇਨ੍ਹਾਂ ਨੂੰ ਲੱਭਣ ਲਈ ਇਨ੍ਹਾਂ ਦਾ ਪਿੱਛਾ ਕਰਦੇ ਹਾਂ ਅਤੇ ਫਿਰ ਅਸੀਂ ਬੀਤੇ ਵਿਚ ਗਵਾਚ ਜਾਂਦੇ ਹਾਂ। ਸਾਡਾ ਮਨ ਕਰਦਾ ਹੈ ਕਿ ਅਸੀਂ ਬੀਤੇ ਵਿਚ ਪਰਤ ਜਾਈਏ ਪਰ ਇਹ ਸੰਭਵ ਨਹੀਂ ਹੁੰਦਾ। ਮਨ ਦੀ ਕੇਹੀ ਅਵਸਥਾ ਹੁੰਦੀ ਕਿ ਉਸਨੂੰ ਕਾਲਜ ਦੇ ਸਾਰੇ ਦਿਨ ਇਕ ਇਕ ਕਰ ਕੇ ਯਾਦ ਆਉਂਦੇ। ਆਪਣੀ ਉਸ ਵਕਤੀ ਤਸ਼ਬੀਹ ਵਿਚ ਜਿਉਂਦਾ, ਆਪਣੇ ਆਪ ਨੂੰ ਵਿਦਿਆਰਥੀ ਸਮਝ ਕੇ ਬਹੁਤ ਸੰਤੁਸ਼ਟ ਅਤੇ ਸੁਖਨ ਮਹਿਸੂਸ ਕਰਦਾ। ਤਾਂ ਹੀ ਅਸੀਂ ਅਕਸਰ ਹੀ ਪੁਰਾਤਨ ਜਗਾਹਾਂ, ਆਪਣੇ ਬਜੁ਼ਰਗਾਂ ਦੀਆਂ ਨਿਸ਼ਾਨੀਆਂ ਅਤੇ ਆਪਣੇ ਉਨ੍ਹਾਂ ਅਦਾਰਿਆਂ ਨੂੰ ਨਤਮਸਤਕ ਹੁੰਦੇ ਹਾਂ ਤਾਂ ਕਿ ਅਸੀਂ ਇਨ੍ਹਾਂ ਦਾ ਸ਼ੁਕਰੀਆ ਅਦਾਅ ਕਰੀਏ। ਸਾਡੇ ਮਨਾਂ ਵਿਚ ਨਿਮਰਤਾ ਅਤੇ ਹਲੀਮੀ ਦਾ ਨਾਦ ਗੂੰਝਦਾ ਰਹੇ ਕਿਉਂਕਿ ਆਪਣੇ ਵਿਦਿਅਕ ਕੇਂਦਰਾਂ ਜਾਂ ਪੁਰਾਣੇ ਅਧਿਆਪਕਾਂ ਨੂੰ ਭੁਲਾ ਦੇਣ ਵਾਲੇ ਜਾਂ ਵਿਸਾਰ ਦੇਣ ਵਾਲੇ ਬਹੁਤ ਜਲਦੀ ਖੁਦ ਹੀ ਲੋਕ ਚੇਤਿਆਂ ਵਿਚੋਂ ਵਿਸਰ ਜਾਂਦੇ ਨੇ।
ਮੈਂ ਅਤੇ ਮੇਰੀ ਪਤਨੀ ਅਸੀਂ ਦੋਵੇਂ ਹੀ ਰਣਧੀਰ ਕਾਲਜ ਦੇ ਵਿਦਿਆਰਥੀ ਰਹੇ ਸਾਂ। ਸਾਡੀ ਇਹ ਤੀਰਥ ਯਾਤਰਾ ਸੀ ਆਪਣੇ ਉਸ ਗਿਆਨ-ਤੀਰਥ ਦੀ ਦਰਸ਼ਨ ਕਰਨ ਦੀ ਅਤੇ ਅਰਾਧਨਾ ਕਰਨ ਦੀ ਜਿਸਨੇ ਸਾਡੇ ਮੱਥਿਆਂ ਵਿਚ ਗਿਆਨ ਦਾ ਚਿਰਾਗ ਜਗਾਇਆ। ਸਾਨੂੰ ਅੱਖਰਾਂ ਦੇ ਲੜ ਲਾਇਆ। ਬੇਪਛਾਣ ਅਤੇ ਗੰਵਾਰ ਜਿਹੇ ਪੇਂਡੂਆਂ ਨੂੰ ਨਿੱਕੀ ਜਿਹੀ ਪਛਾਣ ਦਿਤੀ। ਸੱਚੀਂ ਮੈਨੂੰ ਮੇਰਾ ਰਣਧੀਰ ਕਾਲਜ ਉਸ ਸਮੇਂ ਬਹੁਤ ਯਾਦ ਆਇਆ ਸੀ ਜਦ ਮੈਂ ਪਹਿਲੀ ਵਾਰ ਅਮਰੀਕਾ ਦੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਲਾਸ ਵਿਚ ਗਿਆ ਸੀ। ਕਾਲਜ ਦਾ ਦਿਲੋਂ ਧੰਨਵਾਦ ਕੀਤਾ ਸੀ ਕਿ ਫੇਲ੍ਹ ਹੋਏ ਨੂੰ ਕਾਲਜ ਵਿਚ ਮਿਲੇ ਦੁਬਾਰਾ ਦਾਖਲਾ ਸਦਕਾ ਹੀ ਮੈਂ ਸਾਇੰਸ ਪੜ੍ਹ ਸਕਿਆ। ਇਸਦੀ ਬਦੌਲਤ ਹੀ ਮੈਂ ਅਮਰੀਕਾ ਵਿਚ ਫਿਜਿ਼ਕਸ ਪੜ੍ਹਾਉਣ ਦੇ ਕਾਬਲ ਹੋਇਆ। ਵਰਨਾ ਛੋਟੇ ਜਿਹੇ ਕਿਸਾਨ ਦੇ ਬੇਟੇ ਦੀ ਕੀ ਔਕਾਤ ਸੀ ਕਿ ਉਹ ਅਮਰੀਕਾ ਵਿਚ ਪੜ੍ਹਾਉਣ ਦਾ ਸੁਪਨਾ ਵੀ ਲੈ ਸਕਦਾ।
ਇਕ ਘੰਟਾ ਕਾਲਜ ਦੇ ਚੌਗਿਰਦੇ ਵਿਚ, ਇਸ ਦੀਆਂ ਕੰਧਾਂ ਨੂੰ ਦੇਖਦੇ, ਇਸ ਦੇ ਕਮਰਿਆਂ ਨਾਲ ਮੂਕ ਸੰਵਾਦ ਰਚਾਉਂਦੇ, ਇਸਦੇ ਚੌਗਿਰਦੇ ਵਿਚ ਬੀਤੇ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਅਤੇ ਮਖ਼ਲੂਕ ਯਾਦਾਂ ਨੂੰ ਆਪੋ-ਆਪਣੇ ਚੇਤਿਆਂ ਵਿਚ ਨਵਿਆਉਂਦਿਆਂ, ਉਨ੍ਹਾਂ ਰਾਹਾਂ ਅਤੇ ਪਗਡੰਡੀਆਂ ਵਿਚ ਆਪਣੀਆਂ ਪੈੜਾਂ ਦੇ ਨਿਸ਼ਾਨ ਲੱਭਦਿਆਂ ਬਿਤਾਉਂਦੇ ਹਾਂ। ਆਪਣੇ ਵੱਡ ਸ਼ਖਸੀਅਤ ਵਾਲੇ ਉਨ੍ਹਾਂ ਪੋ੍ਰਫੈਸਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀਆਂ ਸੁਮੱਤਾਂ ਜੀਵਨ ਵਿਚ ਹੁਣ ਵੀ ਬਹੁਤ ਕੰਮ ਆਉਂਦੀਆਂ ਨੇ। ਜੋ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਸਨ ਅਤੇ ਸਾਡੇ ਮਨਾਂ ਵਿਚ ਉਨ੍ਹਾਂ ਵਰਗਾ ਬਣਨ ਦਾ ਖ਼ਾਬੋ-ਖਿਆਲ ਜ਼ਰੂਰ ਪੈਦਾ ਹੁੰਦਾ ਸੀ।
ਕਾਲਜ ਦੇ ਗੇਟ ਤੋਂ ਬਾਹਰ ਆਉਂਦਿਆਂ, ਯਾਦ ਆਉਂਦਾ ਏ ਉਹ ਸਮਾਂ ਜਦ ਕਾਲਜ ਦੀ ਪੜ੍ਹਾਈ ਪੂਰੀ ਕਰ ਕੇ ਇਸ ਤਰ੍ਹਾਂ ਹੀ ਇਸਨੂੰ ਅਲਵਿਦਾ ਕਿਹਾ ਸੀ। ਇਹ ਕਾਲਜ ਦੀਆਂ ਅਸੀਸਾਂ ਸਦਕਾ ਹੀ ਸੀ ਕਿ ਜਿੰ਼ਦਗੀ ਨੇ ਸਾਡੀ ਝੋਲੀ ਵਿਚ ਉਹ ਸਭ ਕੁਝ ਪਾਇਆ ਜਿਸਦੀ ਤਵੱਕੋਂ ਕਦੇ ਕਿਆਸਦੇ ਸਾਂ। ਇਸਦਾ ਸੱਚ ਸਾਡਾ ਦੋਹਾਂ ਦਾ ਹਾਸਲ ਸੀ। ਹੌਲੀ-ਹੌਲੀ ਅਸੀਂ ਸਰੀਰਕ ਤੌਰ ‘ਤੇ ਘਰ ਨੂੰ ਪਰਤਣ ਲੱਗਦੇ ਹਾਂ ਪਰ ਮਾਨਸਿਕ ਤੌਰ ‘ਤੇ ਅਸੀਂ ਹਾਲੇ ਵੀ ਕਾਲਜ ਦੇ ਦਿਨਾਂ ਦੀ ਖੁਮਾਰੀ ਦੇ ਵਿਸਮਾਦ ਨੂੰ ਮਾਣ ਰਹੇ ਸਾਂ।