ਪੰਜਾਬ `ਚ ਕਾਂਗਰਸ ਨੂੰ ਝਟਕਾ

ਸਾਬਕਾ ਮੰਤਰੀ ਆਸ਼ੂ ਗ੍ਰਿਫਤਾਰ; ਹੋਰਾਂ ਬਾਰੇ ਕਿਆਸਆਰਾਈਆਂ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਂਦੇ ਹੀ ਭ੍ਰਿਸ਼ਟਾਚਾਰ ਖਿਲਾਫ ਛੇੜੀ ਮੁਹਿੰਮ ਦੇ ਲਪੇਟੇ ਵਿਚ ਪਿਛਲੀ ਕਾਂਗਰਸ ਸਰਕਾਰ ਦੀ ਅੱਧੀ ਤੋਂ ਵੱਧ ਕੈਬਨਿਟ ਆਉਂਦੀ ਜਾਪ ਰਹੀ ਹੈ। ਦਾਣਾ ਮੰਡੀ ਟੈਂਡਰ ਘੁਟਾਲੇ ‘ਚ ਵਿਜੀਲੈਂਸ ਨੇ ਹੁਣ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਾਂਗਰਸ ਆਗੂ ਨੂੰ ਉਸ ਸਮੇਂ ਫੜਿਆ ਜਦੋਂ ਉਹ ਮਾਲ ਰੋਡ ‘ਤੇ ਇਕ ਸੈਲੂਨ ‘ਚ ਹਜਾਮਤ ਕਰਵਾ ਰਿਹਾ ਸੀ।
ਪਤਾ ਲੱਗਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਰਾਜ ਵੇਲੇ ਖੁਰਾਕ ਤੇ ਸਪਲਾਈ ਵਿਭਾਗ ਵਿਚ ਹੋਏ ਘੁਟਾਲੇ ਦੀ ਜਾਂਚ ਦਾ ਸੇਕ ਕਾਂਗਰਸ ਦੇ ਸਾਬਕਾ ਮੰਤਰੀ ਸਮੇਤ ਦਰਜਨ ਦੇ ਕਰੀਬ ਵਿਧਾਇਕਾਂ ਤੱਕ ਪਹੁੰਚੇਗਾ। ਵਿਜੀਲੈਂਸ ਨੇ ਖੁਰਾਕ ਤੇ ਸਪਲਾਈ ਵਿਭਾਗ ਵਿਚ 5 ਸਾਲਾਂ ਦੌਰਾਨ ਹੋਏ ਕੰਮਾਂ ਦੀ ਪੜਤਾਲ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਦੇ ਨੇੜੇ ਰਹੇ ਠੇਕੇਦਾਰਾਂ ਵੱਲੋਂ ਵੀ ਆਪਣੀ ਖੱਲ ਬਚਾਉਣ ਲਈ ਭੱਜ ਨੱਠ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਲੇਬਰ, ਕਾਰਟੇਜ ਅਤੇ ਟਰਾਂਸਪੋਰਟੇਸ਼ਨ ਦੇ ਕੰਮਾਂ ਸਬੰਧੀ ਟੈਂਡਰ ਜਮ੍ਹਾਂ ਕਰਵਾਉਣ ਸਮੇਂ ਠੇਕੇਦਾਰਾਂ ਵੱਲੋਂ ਜਿਨ੍ਹਾਂ ਵਾਹਨਾਂ ਦੀਆਂ ਸੂਚੀਆਂ ਵਿਭਾਗ ਨੂੰ ਪੇਸ਼ ਕੀਤੀਆਂ ਗਈਆਂ ਸਨ, ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਆਦਿ ਵਾਲੇ ਸਨ।
ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਹੋਰਨਾਂ ਆਗੂਆਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੋ ਗਈ ਹਨ। ਵਿਜੀਲੈਂਸ ਬਿਊਰੋ ਵੱਲੋਂ ਸਿਹਤ, ਖੇਤੀਬਾੜੀ, ਜੇਲ੍ਹ, ਪੰਚਾਇਤ ਵਿਭਾਗਾਂ ਸਮੇਤ ਵਜ਼ੀਫਾ ਘੁਟਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਹੁਣ ਤੱਕ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਮੇਤ ਦਰਜਨ ਦੇ ਕਰੀਬੀ ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਹਾਈ ਕੋਰਟ ਤੋਂ ਰਾਹਤ ਮਿਲਣ ਕਾਰਨ ਗ੍ਰਿਫਤਾਰੀ ਤੋਂ ਬਚੇ ਹੋਏ ਹਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਵਿਚ ਹੋਈਆਂ ਵਿੱਤੀ ਬੇਨੇਮੀਆਂ ਦੇ ਦੋਸ਼ ਵਿਚ ਜੇਲ੍ਹ ਵਿਚ ਹਨ।
ਵਿਜੀਲੈਂਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਦੋ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ, ਸਾਬਕਾ ਤੇ ਮੌਜੂਦਾ ਵਿਧਾਇਕ ਅਤੇ ਹਲਕਾ ਇੰਚਾਰਜ ਸ਼ਾਮਲ ਹਨ, ਉਤੇ ਵਿਜੀਲੈਂਸ ਦੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਕਾਂਗਰਸੀ ਆਗੂਆਂ ਤੇ ਅਫਸਰਾਂ ਵੱਲੋਂ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਸੂਬੇ ਵਿਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਸਰਕਾਰ ਦੇ ਪੱਧਰ ‘ਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕਾਂਗਰਸ ਸਰਕਾਰ ਸਮੇਂ ਹੋਈਆਂ ਵਿੱਤੀ ਬੇਨੇਮੀਆਂ ਨੂੰ ਘੋਖਣ ਅਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ‘ਚ ਟਰਾਂਸਪੋਰਟ, ਲੇਬਰ ਅਤੇ ਹੋਰਨਾਂ ਕੰਮਾਂ ਨਾਲ ਜੁੜੇ ਵਿੱਤੀ ਲੈਣ-ਦੇਣ ਦੇ ਮਾਮਲੇ ਵਿਚ ਕਾਂਗਰਸ ਦੇ 30 ਦੇ ਕਰੀਬ ਆਗੂਆਂ ਦੀ ਭੂਮਿਕਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਕਾਂਗਰਸ ਸਰਕਾਰ ਵੇਲੇ ਮੰਤਰੀਆਂ ਤੇ ਵਿਧਾਇਕਾਂ ਉਤੇ ਵੱਡੇ ਪੱਧਰ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ। ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਖੁਦ ਇਹ ਗੱਲ ਮੰਨਦੇ ਰਹੇ ਹਨ ਕਿ ਉਹ ਹਾਈ ਕਮਾਨ ਨੂੰ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੀ ਲਿਸਟ ਸੌਂਪ ਕੇ ਆਏ ਸਨ ਪਰ ਇਸ ਪਾਸੇ ਕੋਈ ਕਾਰਵਾਈ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣ ਦਾ ਐਲਾਨ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਇਕਦਮ ਖਾਮੋਸ਼ ਹੋ ਗਏ। ਸੂਤਰ ਦੱਸਦੇ ਹਨ ਕਿ ਇਸ ਦਾਬੇ ਪਿੱਛੋਂ ਕੁਝ ਸਾਬਕਾ ਕਾਂਗਰਸੀ ਮੰਤਰੀ ਤੇ ਵਿਧਾਇਕਾਂ ਦੇ ਇਕਦਮ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਕੈਪਟਨ ਨੇ ਖਾਮੋਸ਼ੀ ਧਾਰ ਲਈ ਹੈ। ਸੂਤਰ ਦੱਸਦੇ ਹਨ ਕਿ ਅਨਾਜ ਘੁਟਾਲੇ ਵਿਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਵਿਚ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦਾ ਸੇਕ ਪੁੱਜਾ ਹੋਇਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਚੰਨੀ ਦਾ ਭਾਣਜਾ ਇਸ ਸਮੇਂ ਜੇਲ੍ਹ ਵਿਚ ਹੈ। ਇਸ ਮਾਮਲੇ ਵਿਚ ਚੰਨੀ ਖਿਲਾਫ ਕਾਰਵਾਈ ਦੇ ਵੀ ਚਰਚੇ ਹਨ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਸਮੇਂ ਹਰ ਪੱਧਰ ਉਤੇ ਹੋਏ ਘਪਲਿਆਂ ਦੇ ਜੋ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਤਾਂ ਇਹ ਹੀ ਜਾਪਣ ਲੱਗਾ ਹੈ ਕਿ ਇਹ ਸਰਕਾਰ ਉੱਪਰ ਤੋਂ ਲੈ ਕੇ ਹੇਠਾਂ ਤੱਕ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਸੀ ਜਿਸ ਦਾ ਜਿਥੇ ਦਾਅ ਲੱਗਦਾ ਸੀ, ਉਸ ਨੇ ਉਸ ਸਬੰਧੀ ਕੋਈ ਕਸਰ ਨਹੀਂ ਛੱਡੀ। ਉਸ ਸਮੇਂ ਵੀ ਵੱਖ-ਵੱਖ ਵਜ਼ੀਰਾਂ, ਵਿਧਾਇਕਾਂ ਅਤੇ ਅਫਸਰਾਂ ਉਤੇ ਅਜਿਹੇ ਦੋਸ਼ ਲੱਗਦੇ ਰਹੇ ਸਨ ਪਰ ਸਰਕਾਰ ਦੀ ਤਾਣੀ ਛੱਤਰੀ ਹੇਠ ਇਹ ਬਚੇ ਰਹੇ ਸਨ। ‘ਆਪ’ ਸਰਕਾਰ ਨੇ ਆਉਂਦਿਆਂ ਹੀ ਜਦੋਂ ਇਨ੍ਹਾਂ ਦੀਆਂ ਤੈਹਾਂ ਨੂੰ ਫੋਲਣਾ ਸ਼ੁਰੂ ਕੀਤਾ ਤਾਂ ਤਹਿ-ਦਰ-ਤਹਿ ਇਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ ਘੁਟਾਲਾ ਸਾਹਮਣੇ ਆਉਂਦਾ ਰਿਹਾ। ਹੁਣ ਤੱਕ ਵੀ ਇਹ ਤੈਹਾਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ। ਕਈ ਵਿਭਾਗਾਂ ਦੇ ਮੰਤਰੀਆਂ ਤੇ ਅਫਸਰਾਂ ਬਾਰੇ ਵਿਜੀਲੈਂਸ ਦੀਆਂ ਜੋ ਜਾਂਚ-ਪੜਤਾਲਾਂ ਚੱਲ ਰਹੀਆਂ ਹਨ, ਉਨ੍ਹਾਂ ਨੇ ਇਕ ਤਰ੍ਹਾਂ ਨਾਲ ਸੂਬੇ ਵਿਚ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਜਿਹੀਆਂ ਜਾਂਚ-ਪੜਤਾਲਾਂ ਤੋਂ ਕੋਈ ਵੀ ਵਿਭਾਗ ਬਚਿਆ ਨਹੀਂ ਜਾਪਦਾ। ਹੁਣ ਸਾਹਮਣੇ ਆਏ ਖੁਰਾਕ ਅਤੇ ਸਪਲਾਈ ਵਿਭਾਗ ਦੇ ਘਪਲੇ ਨੇ ਇਸ ਲਈ ਹੈਰਾਨ ਨਹੀਂ ਕੀਤਾ ਕਿਉਂਕਿ ਇਸ ਵਿਭਾਗ ਬਾਰੇ ਤੇ ਇਸ ਨਾਲ ਸਬੰਧਤ ਮੰਤਰੀ ਬਾਰੇ ਪਹਿਲਾਂ ਹੀ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਸਨ। ਇਹ ਵੀ ਉਦੋਂ ਪਤਾ ਲੱਗਦਾ ਰਿਹਾ ਸੀ ਕਿ ਸਾਲ 2020-21 ਲਈ ਲੁਧਿਆਣਾ ਜ਼ਿਲ੍ਹਾ ਦੀਆਂ ਮੰਡੀਆਂ ਵਿਚ ਜਿਣਸਾਂ ਦੀ ਸਾਫ਼-ਸਫ਼ਾਈ ਅਤੇ ਢੋਆ-ਢੁਆਈ ਦੇ ਕੰਮਾਂ ਸਬੰਧੀ ਟੈਂਡਰਾਂ ਨੂੰ ਕਿਸ ਢੰਗ ਨਾਲ ਤੋੜਿਆ-ਮਰੋੜਿਆ ਗਿਆ ਸੀ ਅਤੇ ਕਿਸ ਤਰ੍ਹਾਂ ਚਹੇਤੇ ਠੇਕੇਦਾਰਾਂ ਨੂੰ ਇਹ ਕੰਮ ਸੌਂਪੇ ਗਏ ਸਨ। ਉਸ ਦਾ ਪੂਰਾ ਖੁਲਾਸਾ ਹੁਣ ਵਿਜੀਲੈਂਸ ਵਿਭਾਗ ਦੀ ਜਾਂਚ ਵੱਲੋਂ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਢੋਆ-ਢੁਆਈ ਲਈ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਦੇ ਰਜਿਸਟ੍ਰੇਸ਼ਨ ਨੰਬਰ ਭਰੇ ਜਾਂਦੇ ਰਹੇ। ਜਿਥੋਂ ਤੱਕ ਖਰੀਦੀਆਂ ਗਈਆਂ ਜਿਣਸਾਂ ਦੀ ਸਾਂਭ-ਸੰਭਾਲ ਦਾ ਸਬੰਧ ਹੈ, ਇਸ ਬਾਰੇ ਤਾਂ ਅਕਸਰ ਹੀ ਸ਼ਿਕਾਇਤਾਂ ਦਰਜ ਕਰਾਈਆਂ ਜਾਂਦੀਆਂ ਰਹੀਆਂ ਹਨ। ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਕੁਝ ਗੁਦਾਮਾਂ ਵਿਚੋਂ ਪਨਸਪ ਦੀ 3 ਕਰੋੜ ਦੀ ਕਣਕ ਗਾਇਬ ਪਾਈ ਗਈ ਸੀ। ਇਹ ਹੀ ਹਾਲ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕੇਂਦਰ ਵੱਲੋਂ ਆਈ 1100 ਕਰੋੜ ਤੋਂ ਵੀ ਵਧੇਰੇ ਰਕਮ ਦਾ ਹੋਇਆ ਦੇਖਿਆ ਗਿਆ ਹੈ। ਇਹ ਹੀ ਹਾਲ ਸੂਬੇ ਵਿਚ ਸਕਾਲਰਸ਼ਿਪ ਘੁਟਾਲੇ ਦਾ ਹੈ ਜਿਸ ਦੀ ਜਾਂਚ ਸੀ.ਬੀ.ਆਈ. ਦੇ ਸਪੁਰਦ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਸਮਾਜਿਕ ਸੁਰੱਖਿਆ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਉਤੇ ਉਦੋਂ ਵੀ ਕੇਂਦਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਸਿੱਖਿਆ ਲਈ ਸਕਾਲਰਸ਼ਿਪ ਵਜੋਂ ਆਈ ਰਾਸ਼ੀ ਦੀ ਗ਼ਲਤ ਵਰਤੋਂ ਦੇ ਦੋਸ਼ ਲੱਗੇ ਸਨ। ਇਸ ਸਬੰਧੀ ਉਸ ਸਮੇਂ ਸਕੱਤਰ ਪੱਧਰ ਦੇ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਪੂਰੇ ਵੇਰਵੇ ਸਹਿਤ ਇਕ ਪੱਤਰ ਵੀ ਲਿਖਿਆ ਸੀ ਪਰ ਉਸ ਨੂੰ ਵੀ ਅਣਗੌਲਿਆਂ ਕਰ ਦਿੱਤਾ ਗਿਆ। ਪਰ ਹੁਣ ਇਨ੍ਹਾਂ ਬੇਨੇਮੀਆਂ ਦੇ ਪਰਤਾਂ ਮੁੜ ਖੁੱਲ੍ਹ ਰਹੀਆਂ ਹਨ ਤੇ ਕਾਂਗਰਸ ਲਈ ਇਹ ਕਾਰਵਾਈ ਨਮੋਸ਼ੀ ਬਣ ਰਹੀ ਹੈ।