ਹੁਣ ਮੈਂ ਸੁਰਖ਼ਰੂ ਆਂ

ਪਵਿੱਤਰ ਕੌਰ ਮਾਟੀ
ਮੈਂ ਕੁਰਸੀ ’ਤੇ ਬੈਠੀ ਧੁੱਪ ਸੇਕ ਰਹੀ ਹਾਂ ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੋਬਾਈਲ ਵੱਲ ਖਿੱਚ ਲੈਂਦੀ ਹੈ। ਮੋਬਾਈਲ ਦੀ ਸਕਰੀਨ ’ਤੇ ਉਂਗਲਾਂ ਵੱਜਣ ਲੱਗੀਆਂ, ਵ੍ਹਟਸਐਪ ਖੁੱਲ੍ਹਦਾ ਹੈ ਤਾਂ ਦੇਖਦੀ ਹਾਂ ਵੀਰ ਗੈਰੀ ਦਾ ਮੈਸੇਜ ਹੈ।
‘ਸਿੰਮੀ ਤੇਰੀ ਭਾਬੀ ਦਾ ਬਰਥ ਡੇਅ ਆ ਅੱਜ, ਤੂੰ ਵਿਸ਼ ਕਰਦੇ ਪਾਪਾ ਬੀਬੀ ਨੂੰ ਆਖ, ਕਾਲ ਕਰ ਲੈਣ। ਕਿਹੜਾ ਟੁੱਟਿਆ ਜਾਣਾ। ਉਹ ਤਾਂ ਪਤਾ ਈ ਆ ਗੁੱਸੇ ’ਚ ਕਮਲੀ ਹੋ ਜਾਂਦੀ ਆ। ਉਂਝ ਉਹਦੇ ਮਨ ’ਚ ਕੁਛ ਨੀ ਨਾਲੇ ਨੌਹਾਂ ਨਾਲੋਂ ਮਾਸ ਵੀ ਕਦੇ ਟੁੱਟਿਆ ਆਪਾਂ ਜੁੜਦੇ ਜੁੜ ਜਾਵਾਂਗੇ। ਸਮਝਾ ਇਨ੍ਹਾਂ ਨੂੰ, ਗੁੱਸਾ ਥੁੱਕ ਦੇਣ। ਉਹਦੇ ਕਰਕੇ ਈ ਤਾਂ ਆਪਾਂ ਅਮਰੀਕਾ ਬੈਠੇ ਆਂ। ਦੋ ਹੀ ਤਾਂ ਭੈਣ ਭਰਾ ਹਾਂ ਆਪਾਂ। ਇੰਝ ਕਿੰਨਾ ਚਿਰ ਸਰਦਾ। ਸ਼ਾਇਦ ਤੇਰੀ ਭਾਬੀ ਫਿਰ ਬੀਬੀ ਪਾਪਾ ਨੂੰ ਘਰ ਬੁਲਾ ਲਵੇ। ਵੀਕ ਐਂਡ ’ਤੇ ਕੇਕ ਦਾ ਪ੍ਰੋਗਰਾਮ ਰੱਖਿਆ।’

ਮੈਂ ਪਾਪਾ ਤੇ ਬੀਬੀ ਵੱਲ ਦੇਖਿਆ।
‘ਚੁਗ ਲੋ, ਚੁਗ ਲੋ ਕਰਮਾਂ ਵਾਲਿਓ ਜਿਹੜਾ ਦਾਣਾ ਪਾਣੀ ਕਰਮਾਂ ’ਚ ਲਿਖਿਆ। ਖੌਰੇ ਕਿੱਥੇ-ਕਿੱਥੇ ਭਟਕਣਾ ਤੁਸੀਂ ਵੀ ਸਾਡੇ ਵਾਂਗ। ਬੀਬੀ ਆਪਣੇ ਤੋਂ ਬਚੀ ਅੱਧੀ ਕੁ ਰੋਟੀ ਨੂੰ ਬਰੀਕ-ਬਰੀਕ ਚੂਰ ਕੇ ਪਲੇਟ ’ਚ ਪਾ ਕੇ ਫਰਸ਼ ’ਤੇ ਇਕ ਪਾਸੇ ਚਿੜੀਆਂ ਵੱਲ ਕਰ ਦਿੰਦੀ ਹੈ। ਰੰਗ-ਬਰੰਗੀਆਂ ਨਿੱਕੀਆਂ-ਨਿੱਕੀਆਂ ਚਿੜੀਆਂ ਬੂਟਿਆਂ ਤੋਂ ਉੱਡ ਕੇ ਪਲੇਟ ਦੁਆਲੇ ਆ ਕੇ ਬੈਠਣ ਲੱਗੀਆਂ।
ਬੀਬੀ ਦੀਆਂ ਅੱਖਾਂ ’ਚ ਖੁਸ਼ੀ ਦਾ ਰੌਂਅ ਚਿੜੀਆਂ ਨੇ ਉਸ ਦੀ ਗੱਲ ਸਮਝ ਲਈ ਸੀ।
ਕਈ ਦਿਨਾਂ ਬਾਅਦ ਨਿਕਲੀ ਕੋਸੀ ਜਿਹੀ ਧੁੱਪ ਨੇ ਗਮਲਿਆਂ ਵਿਚ ਲੱਗੇ ਫੁੱਲ-ਬੂਟਿਆਂ ਨੂੰ ਟਹਿਕਣ ਲਾ ਦਿੱਤਾ ਸੀ।
‘ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ।’
ਪਾਪਾ ਗੁਣਗੁਣਾ ਰਹੇ ਸੀ। ਆਪਣੀਆਂ ਬੀਜੀਆਂ ਸਬਜ਼ੀਆਂ ਵੱਲ ਦੇਖ ਕੇ ਖੁਸ਼ ਹੋ ਰਹੇ ਨੇ।
ਮੈਂ ਕਈ ਵਾਰ ਮੈਸੇਜ ਪੜ੍ਹ ਲਿਆ। ਨਾ ਤਾਂ ਬੀਬੀ ਪਾਪਾ ਨੂੰ ਦੱਸਣ ਦੀ ਹਿੰਮਤ ਪੈਂਦੀ ਹੈ ਨਾ ਹੀ ਉਸ ਦਾ ਜਵਾਬ ਦੇਣ ਨੂੰ ਜੀਅ ਕਰਦਾ ਹੈ। ਗੈਰੀ ਵੀਰ ’ਤੇ ਗੁੱਸਾ ਆ ਰਿਹਾ ਹੈ।
ਐਡੀ ਵੱਡੀ ਗੱਲ ਨੂੰ ਉਹ ਆਰਾਮ ਨਾਲ ਵਿਸਾਰ ਗਿਆ। ਉਹਨੂੰ ਆਪਣੇ ਮਾਂ-ਬਾਪ ਦੀ ਹੋਈ ਬੇਇੱਜ਼ਤੀ ਦਾ ਦਰਦ ਕਿਉਂ ਮਹਿਸੂਸ ਨਹੀਂ ਹੋ ਰਿਹਾ? ਇਹ ਉਹੀ ਗੈਰੀ ਆ ਜਿਹਨੂੰ ਪਾਪਾ ਦੇ ਢਿੱਡ ’ਤੇ ਪਏ ਨੂੰ ਹੀ ਨੀਂਦ ਆਉਂਦੀ ਸੀ। ਬੀਬੀ ਸਿਰਫ਼ ਮੇਰੀ ਆ। ਮੈਂ ਗੈਰੀ ਤੋਂ ਸਾਲ ਕੁ ਛੋਟੀ ਆਂ ਮੈਨੂੰ ਬੀਬੀ ਨੇ ਬੋਤਲ ਦੇ ਦੁੱਧ ’ਤੇ ਲਾ ਦਿੱਤਾ ਤੇ ਸਾਰਾ ਦੁੱਧ ਗੈਰੀ ਚੁੰਘਦਾ ਰਿਹਾ। ਵੱਡਾ ਹੋ ਕੇ ਸਾਰਾ ਕੁਝ ਭੁੱਲ ਗਿਆ। ਆਪਣੇ ਫਰਜ਼ ਵੀ। ਦਿਲ ਤਾਂ ਕਰਦਾ ਇਹਨੂੰ ਪੁੱਛਾਂ ਕਿ ਇਹ ਉਹੀ ਬੀਬੀ-ਪਾਪਾ ਨੇ ਕਿ ਹੁਣ ਸੰਦੀਪ ਭਾਬੀ ਹੀ ਤੇਰਾ ਸਭ ਕੁਝ ਹੋ ਗਈ ਏ? ਚੁੱਪ ਹੀ ਚੰਗੀ ਬਸ, ਪਾਪਾ ਦੇ ਕਹਿਣ ਵਾਂਗ, ‘ਇੱਕ ਚੁੱਪ ਸੌ ਸੁੱਖ ਭਾਈ ਇਹ ਤਾਂ ਸਮੁੰਦਰ ਆ, ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਐ। ਇੱਥੇ ਰਿਵਾਜ਼ ਆ ਜਿਹੜਾ ਪਹਿਲਾਂ ਆਉਂਦਾ, ਦੂਜੇ ਰਿਸ਼ਤੇਦਾਰਾਂ ਨੂੰ ਬੁਲਾਉਂਦਾ ਉਹ ਚਾਹੁੰਦਾ ਉਹ ਸਾਰੀ ਉਮਰ ਈਨ ਮੰਨਣ ਜੁੱਤੀ ਥੱਲੇ ਰਹਿਣ।’
ਸੰਦੀਪ ਗੱਲ-ਗੱਲ ’ਤੇ ਆਪਣੀ ਧਾਕ ਜਮਾਉਂਦੀ ਆਈ ਆ ਸ਼ੁਰੂ ਤੋਂ। ਉਹ ਜੋ ਦਿਖਾਉਂਦੀ ਉਹੀ ਦੇਖਦਾ, ਜੋ ਸੁਣਾਉਂਦੀ ਉਹੀ ਸੁਣਦਾ, ਪਰ ਖੁਸ਼ ਫਿਰ ਵੀ ਨਾ ਹੁੰਦੀ। ਸਾਰਾ ਟੱਬਰ ਨੌਕਰਾਂ ਵਾਂਗ ਉਹਦੇ ਅੱਗੇ-ਪਿੱਛੇ ਫਿਰਦੇ। ਬੀਬੀ-ਪਾਪਾ ਅਵੀ ਤੇ ਸਵੀ ਦੀ ਸਾਂਭ-ਸੰਭਾਲ ਤੇ ਘਰ ਦੇ ਕੰਮ ਨੌਕਰਾਂ ਵਾਂਗ ਕਰਦੇ, ਫਿਰ ਵੀ ਉਹਦੀ ਅੱਖ ਤਿਣ ਬਣੇ ਰਹਿੰਦੇ। ਹੁਣ ਜਦੋਂ ਦੀ ਮੈਂ ਅਮਰੀਕਾ ਆਈ ਆਂ, ਉਹ ਬਹਾਨਾ ਲੱਭਦੀ ਸੀ ਕਿ ਇਹ ਕਿਸੇ ਨਾ ਕਿਸੇ ਤਰੀਕੇ ਆਪਣੀ ਧੀ ਕੋਲ ਚਲੇ ਜਾਣ।
ਸੰਦੀਪ ਕਈ ਦਿਨਾਂ ਦੀ ਆਪਣੀ ਮੰਮੀ ਦੇ ਘਰ ਸੀ। ਅਵੀ-ਸਵੀ ਵੀ ਨਾਨਕੇ ਕਦੇ ਆਪਣੇ ਘਰ ਆ ਜਾਂਦੇ। ਗੈਰੀ ਨੇ ਟਰੱਕ ’ਤੇ ਜਾਣਾ ਸੀ। ਉਹ ਪੰਜ ਦਿਨਾਂ ਬਾਅਦ ਘਰ ਆਉਂਦਾ। ਉਨੇ ਦਿਨਾਂ ਲਈ ਰੋਟੀ-ਟੁੱਕ ਘਰੋਂ ਬਣਵਾ ਕੇ ਲੈ ਜਾਂਦਾ। ਬੀਬੀ ਨੂੰ ਦੋ ਦਿਨਾਂ ਤੋਂ ਬੁਖਾਰ ਸੀ। ਚੱਕਰ ਆਈ ਜਾਂਦੇ। ਉਹਨੇ ਸੰਦੀਪ ਨੂੰ ਕਾਲ ਕੀਤੀ। ਉਹਨੇ ਨਾ ਚੁੱਕੀ। ਮੰਮੀ ਨੇ ਸੰਦੀਪ ਦੀ ਮੰਮੀ ਨੂੰ ਫ਼ੋਨ ਕਰ ਕੇ ਕਿਹਾ, ‘ਭੈਣ ਜੀ, ਸੰਦੀਪ ਨੂੰ ਭੇਜ ਦਿਓ, ਗੈਰੀ ਨੇ ਟਰੱਕ ’ਤੇ ਜਾਣਾ ਮੇਰੀ ਤਬੀਅਤ ਖ਼ਰਾਬ ਹੈ।’
ਸੰਦੀਪ ਆ ਗਈ ਭਖਦੀ-ਭਖਾਉਂਦੀ।
‘ਨਾ ਤੂੰ ਮੇਰੀ ਮਾਂ ’ਤੇ ਕਾਹਦਾ ਰੋਹਬ ਮਾਰਦੀ ਸੀ ਹੁਣ ਤੇਰੀ ਲੋਲੋ ਗਿੱਠ ਦੀ ਹੋਗੀ। ਤੇਰੇ ਪੁੱਤ ਤੋਂ ਵੱਧ ਕਮਾਉਨੀ ਆਂ। ਮੇਰੇ ਘਰੇ ਬੈਠੇ ਮੈਨੂੰ ਈ ਅੱਖਾਂ ਦਿਖਾਉਂਦੇ।’
ਸੰਦੀਪ ਬਾਰੂਦ ਬਣ ਫੁੱਟ ਗਈ। ਸਾਰੇ ਘਰ ਵਿਚ ਬੋਲ-ਬੁਲਾਰਾ ਗੂੰਜਣ ਲੱਗਾ। ਗੈਰੀ ਵੀਰ ਅਜੇ ਟਰੱਕ ’ਤੇ ਲੋਡ ਚੁੱਕਣ ਗਿਆ ਹੋਇਆ ਸੀ। ਉਹਨੇ ਚਾਰ ਘੰਟਿਆਂ ਨੂੰ ਘਰੇ ਮੁੜਨਾ, ਫਿਰ ਰੋਟੀ-ਟੁੱਕ ਚੁੱਕ ਕੇ ਗੱਡੀ ਲੈ ਕੇ ਜਾਣਾ ਸੀ।
ਪਾਪਾ ਨੂੰ ਕੰਨਾਂ ਤੋਂ ਉੱਚੀ ਸੁਣਦਾ ਫਿਰ ਵੀ ਉਹਨੂੰ ਸਾਰੀਆਂ ਗੱਲਾਂ ਸੁਣ ਗਈਆਂ। ਉਹ ਚੁੱਪ ਕਰਵਾਉਂਦਾ ਰਿਹਾ,
‘ਸੰਦੀਪ ਪੁੱਤ ਕਾਹਨੂੰ ਐਵੇਂ ਬੋਲੀ ਜਾਨੀ ਐਂ, ਜਿਹੜੀ ਗੱਲ ਮੂੰਹੋਂ ਨਿਕਲ ਜੇ ਕਦੇ ਮੁੜ ਕੇ ਮੂੰਹ ’ਚ ਨਹੀਂ ਪੈਂਦੀ।’
‘ਤੰੂ ਆਪਣਾ ਗਿਆਨ ਆਪਣੇ ਕੋਲ ਰੱਖ। ਜਿਹੜੀ ਤੈਨੂੰ ਉਂਗਲਾਂ ਲਾਉਂਦੀ ਆ, ਮੈਂ ਜਾਣਦੀ ਆਂ।’
ਬੀਬੀ ਵੀ ਰਸੋਈ ’ਚੋਂ ਆ ਕੇ ਬੋਲਣ ਲੱਗੀ, ‘ਹੱਦ ਹੋ ਗਈ, ਆਵਦੀ ਜ਼ੁਬਾਨ ਸਾਂਭ’’
‘ਮੈਂ ਕੀ ਕਿਹਾ ਤੇਰੀ ਮਾਂ ਨੂੰ ਤੇਰੀ ਮਾਂ ਨੇ ਚੁਆਤੀਆਂ ਲਾ ਕੇ ਤੋਰਤਾ।’
‘ਮੇਰੀ ਮਾਂ ਨੂੰ ਚੁਆਤੀਆਂ ਲਾਉਣੀ ਕਹਿਨੀ ਆਂ। ਹੁਣੇ ਹੋ ਜੋ ਮੇਰੇ ਘਰੋਂ ਬਾਹਰ ਮੈਂ ਡਾਇਵੋਰਸ ਲੈ ਲੈਣਾ। ਜਾਂ ਤੁਸੀਂ ਇਸ ਘਰ ’ਚ ਰਹੋਗੇ ਜਾਂ ਮੈਂ।’
ਬੀਬੀ ਨੇ ਟੇਬਲ ’ਤੇ ਪਿਆ ਫ਼ੋਨ ਲਾ ਲਿਆ। ਰੋਣ ਲੱਗੀ ਭੁੱਬਾਂ ਮਾਰ-ਮਾਰ। ਸੰਦੀਪ ਨੇ ਝਟਕੇ ਨਾਲ ਮੰਮੀ ਤੋਂ ਫ਼ੋਨ ਖੋਹ ਲਿਆ, ਆਖ਼ਰੀ ਗੱਲ ਕਹਿ ਦਿੱਤੀ, ‘ਇਸ ਘਰ ਵਿਚ ਜਾਂ ਤੇਰੀ ਮਾਂ ਤੇ ਪਿਓ ਰਹਿਣਗੇ ਜਾਂ ਮੈਂ ਤੇ ਮੇਰੇ ਬੱਚੇ। ਮਰਜ਼ੀ ਤੇਰੀ ਆ।’
ਸੰਦੀਪ ਨੇ ਫ਼ੋਨ ਬੀਬੀ ਅੱਗੇ ਕਰ ਦਿੱਤਾ।
‘ਬੀਬੀ।’
‘ਹਾਂ ਪੁੱਤ।’
ਬਹੁਤ ਚਿਰ ਪਿੱਛੋਂ ਆਵਾਜ਼ ਆਈ, ‘ਬੀਬੀ ਤੂੰ ਆਵਦੀਆਂ ਤੇ ਪਾਪੇ ਦੀਆਂ ਦਵਾਈਆਂ ਤੇ ਹੋਰ ਸਾਮਾਨ ਇਕੱਠਾ ਕਰ ਲੈ।’ ਫ਼ੋਨ ਕੱਟਿਆ ਗਿਆ। ਉਹ ਟਰੱਕ ਦਾ ਗੇੜਾ ਲਿਜਾਣ ਤੋਂ ਪਹਿਲਾਂ ਬੀਬੀ-ਪਾਪਾ ਨੂੰ ਮੇਰੇ ਕੋਲ ਛੱਡ ਗਿਆ। ਮੁੜ ਕਦੇ ਸਾਰ ਨਹੀਂ ਲਈ।
ਮੈਂ ਹਰ ਸੰਭਵ ਕੋਸ਼ਿਸ਼ ਕਰਦੀ ਕਿ ਕਦੇ ਉਹ ਇਹ ਮਹਿਸੂਸ ਨਾ ਕਰਨ ਅਸੀਂ ਧੀ ਘਰ ਬੈਠੇ ਹਾਂ। ਮੇਰੇ ਘਰ ਵਾਲੇ ਦਿਲਾਵਰ ਵਲੋਂ ਵੀ ਪੂਰਾ ਸਤਿਕਾਰ ਦਿੱਤਾ ਜਾਂਦਾ। ਪਰ ਮੈਂ ਮਹਿਸੂਸ ਕਰਦੀ ਉਹ ਸਦਮੇ ਨੂੰ ਨਹੀਂ ਭੁਲਾ ਸਕਦੇ। ਬੀਬੀ ਆਖਦੀ, ‘ਜਦੋਂ ਅਵੀ ਤੇ ਸਵੀ ਨੂੰ ਪਾਲਣਾ, ਆਵਦੀਆਂ ਨਰਸਿੰਗ ਦੀਆਂ ਕਲਾਸਾਂ ਸੀ। ਗੈਰੀ ਟਰੱਕ ’ਤੇ ਰਹਿੰਦਾ ਉਦੋਂ ਸਾਡੀ ਲੋੜ ਤੀ। ਕਿਚਨ ਤੋਂ ਗਾਰਡਨ-ਗਾਰਬੇਜ ਤਕ ਸਾਰਾ ਕੰਮ ਕਰਦੇ ਹੁਣ ਸਾਡੇ ਗੋਡੇ-ਗਿੱਟੇ ਜੁਆਬ ਦੇਗੇ, ਤੇਰੇ ਪਿਓ ਦੇ ਦਿਲ ਦੀਆਂ ਸਰਜਰੀਆਂ ਹੋ ਗਈਆਂ। ਹੁਣ ਸਾਨੂੰ ਸਾਂਭਣਾ ਪੈਣਾ ਤੀ ਅਸੀਂ ਵਾਧੂ ਹੋਗੇ।’
***
ਮੈਂ ਘਰ ਦੇ ਸਭ ਤੋਂ ਵੱਡੇ ਕਮਰੇ ’ਚ ਬੀਬੀ ਪਾਪਾ ਦਾ ਸਾਮਾਨ ਟਿਕਾਉਣ ਲੱਗੀ। ਪਾਪਾ ਨੇ ਟੋਕਿਆ, ‘ਨਾ ਧੀਏ ਨਾ ਇਹ ਰੂਮ ਤੇਰਾ। ਸਾਨੂੰ ਕੋਈ ਛੋਟਾ-ਮੋਟਾ ਰੂਮ ਦੇ-ਦੇ…’’
‘ਕਿਉਂ ਪਾਪਾ, ਤੁਸੀਂ ਵੱਡੇ ਓ। ਇਹ ਕਮਰਾ ਤੁਹਾਡਾ। ਇਹਦਾ ਬਾਥਰੂਮ ਵੀ ਤੁਹਾਡੇ ਲਈ ਸੁਖਾਲਾ।’
ਪਾਪਾ ਨੇ ਅੱਖਾਂ ਭਰ ਕੇ ਮੇਰੇ ਸਿਰ ’ਤੇ ਹੱਥ ਰੱਖਿਆ, ‘ਥੈਂਕਯੂ ਥੈਂਕਯੂ ਸ਼ੇਰਾ ਜੀਉਂਦਾ ਰਹਿ।’
‘ਪਾਪਾ ਮੈਂ ਤਾਂ ਕਿਸਮਤ ਵਾਲੀ ਆਂ, ਤੁਸੀਂ ਮੇਰੇ ਨਾਲ ਰਹੋਗੇ। ਮੈਂ ਬਚਪਨ ਇੰਜੁਆਏ ਕਰੂੰਗੀ।’
ਬੀਬੀ ਬੋਲੀ, ‘ਅਸੀਂ ਦੋਵੇਂ ਖੁਸ਼ ਆਂ ਜੇਲ੍ਹ ਵਿਚੋਂ ਨਿਕਲ ਆਏ।’
ਕਦੇ ਬੀਬੀ ਸੰਦੀਪ ਜੇਲ੍ਹਰ ਵਲੋਂ ਦਿੱਤੀਆਂ ਲੂੰ ਕੰਡੇ ਖੜੇ੍ਹ ਕਰਨ ਵਾਲੀਆਂ ਸਜ਼ਾਵਾਂ ਦੱਸਣ ਲੱਗਦੀ, ‘ਪੁੱਤ ਅਸੀਂ ਤਾਂ ਤੇਰੀ ਉਡੀਕ ’ਚ ਉੱਥੇ ਫ਼ਸੇ ਬੈਠੇ ਸੀ। ਜਦ ਪੁੱਤ ਨੀ ਸਿਆਣਦਾ ਪੋਤਿਆਂ ਕੀ ਹਾਰ ਪਾਉਣੇ ਸੀ। ਪੋਤਾ-ਪੋਤੀ ਦੋਵੇਂ ਮਨ ਆਈਆਂ ਕਰਦੇ। ਅੱਧੀ-ਅੱਧੀ ਰਾਤ ਘਰ ਮੁੜਦੇ। ਪੋਤੀ ਜਮ੍ਹਾਂ ਡੱਫਰ ਆ। ਇਨ੍ਹਾਂ ਨੂੰ ਉਦੋਂ ਅਕਲ ਆਊ ਜਦ ਸਿਰ ਸਵਾਹ ਪਾਊ। ਇਹ ਦਿਨ ਰਾਤ ਕੰਮਾਂ ’ਤੇ ਨਿਆਣੇ ਮਨ ਆਈਆਂ ਕਰਦੇ। ਇਕ ਦਿਨ ਜਨਮ ਦਿਨ ਸੀ ਉਹਦਾ। ਸਾਰੀ ਰਾਤ ਪਾਰਟੀ ਤੋਂ ਨਾ ਮੁੜੀ, ਮੁੰਡਿਆਂ ਨਾਲ ਖੜਦੁੱਮ ਪਾਉਂਦੀ ਰਹੀ। ਸਵੇਰੇ ਜਿਹੇ ਲੈ ਕੇ ਆਂਦੀ ਰੱਜੀ ਸ਼ਰਾਬ ਦੀ।’
ਅਸੀਂ ਦੋਵਾਂ ਪਾਸਿਆਂ ਤੋਂ ਫੜ ਕੇ ਰੂਮ ’ਚ ਪਾਇਆ। ਮੇਰਾ ਉੱਦਣ ਦਾ ਬਲੱਡ ਘਟਣ-ਵਧਣ ਲੱਗ ਗਿਆ। ਅਸੀਂ ਕੋਈ ਚੀਜ਼ ਮੰਗਣੀ ਤਾਂ ਸੰਦੀਪ ਨੇ ਗਲ ਪੈ ਜਾਣਾ, ‘ਮਾਤਾ ਡਾਲਰ ਰੁੱਖਾਂ ਨੂੰ ਨਹੀਂ ਲੱਗਦੇ। ਦਸ-ਦਸ ਘੰਟੇ ਖੜੀ ਲੱਤ ਰਹਿਣਾ ਪੈਂਦਾ। ਜਦੋਂ ਪੈਨਸ਼ਨ ਲੱਗੀ ਫਿਰ ਗੈਰੀ ਨੂੰ ਕਹੇ, ਇਨ੍ਹਾਂ ਨੂੰ ਆਖ ਅੱਧੀ ਘਰੇ ਦਿਆ ਕਰੋ।’
ਮੈਂ ਕਿਹਾ, ‘ਲਓ ਦੱਸੋ ਤੁਸੀਂ ਲਵਾ ਕੇ ਦਿੱਤੀ? ਜਿਊਂਦਾ ਰਹੇ ਤੇਰਾ ਅੰਕਲ ਨਿਹਾਲ ਸਿਹੁੰ ਜਿਸ ਨੇ ਹਿੰਮਤ ਕਰ ਲਵਾ ਦਿੱਤੀ। ਤੁਸੀਂ ਤਾਂ ਸਾਨੂੰ ਵਰਤਣ ਨੂੰ ਕਦੇ ਆਨਾ ਨਹੀਂ ਦਿੱਤਾ।’
ਤੇਰਾ ਪਿਓ ਕਹਿੰਦਾ, ‘ਛੱਡ ਕਾਹਨੂੰ ਨਿੱਤ ਕੁੱਤ ਕਲੇਸ਼ ਕਰੀ ਜਾਇਆ ਕਰੂ ਫਿਰ ਅਸੀਂ ਆਏ ਮਹੀਨੇ ਅੱਧੀ ਪੈਨਸ਼ਨ ਫੜਾ ਦੇਣੀ। ਪੁੱਤ ਇਹ ਸਾਰਾ ਕੁਝ ਤੇਰੇ ਲਈ ਹੀ ਝੱਲਿਆ, ਸਾਡਾ ਮਕਸਦ ਸੀ ਕੇਰਾਂ, ਤੂੰ ਸਾਡੇ ਕੋਲ ਆ ਜਾਵੇਂ। ਹੁਣ ਤਾਂ ਬਹੁਤੇ ਹੀ ਖ਼ੂਨ ਦੀ ਪਿਆਸੀ ਹੋ ਗਈ। ਹਰੇਕ ਗੱਲ ’ਚ ਜ਼ਮੀਨ ਦਾ ਜ਼ਿਕਰ ਲੈ ਬੈਠਦੀ। ਗੈਰੀ ਤੇਰੇ ਪਿਓ ਨੂੰ ਸਲਾਹ ਦਿੰਦਾ, ‘ਹੈਂ ਪਾਪਾ ਪਿੰਡੋਂ ਜ਼ਮੀਨ ਵੇਚ ਆਈਏ, ਇੱਥੇ ਖਰਚੇ ਬਹੁਤ ਆ। ਥੋਨੂੰ ਕਿਹੜਾ ਭੁੱਲ ਆ। ਹੁਣ ਅਵੀ ਹੁਣਾਂ ਨੂੰ ਵੀ ਅੱਡੋ-ਅੱਡ ਕਾਰਾਂ ਚਾਹੀਦੀਆਂ। ਅਸੀਂ ਤਾਂ ਛੋਟੀਆਂ ਕਾਰਾਂ ਨਾਲ ਟਾਈਮ ਪਾਸ ਕਰਲੇ, ਇਹ ਇਧਰਲੇ ਜੁਆਕ ਨੇ। ਇਹ ਨੀ ਲਾਈਕ ਕਰਦੇ। ਨਾਲੇ ਸਾਰਾ ਟੱਬਰ ਇੱਧਰ ਆ। ਆਪਾਂ ਕਿਹੜਾ ਜ਼ਮੀਨ ਵਾਹੁਣੀ ਆ ਇੰਡੀਆ ਜਾ ਕੇ। ਮੈਂ ਤਾਂ ਕਹਿਨਾ ਪਾਪਾ ਸਿਆਲਾਂ ਨੂੰ ਚੱਲ ਮੇਰੇ ਨਾਲ ਕੰਮ ਨਿਬੇੜ ਆਈਏ। ਜੋ ਵੱਟਿਆ ਸੋ ਖੱਟਿਆ।’
‘ਦੇਖ ਸ਼ੇਰਾ, ਜਿੰਨਾ ਚਿਰ ਮੈਂ ਜਿਉਨਾ ਉਨਾ ਟੈਮ ਤਾਂ ਨਹੀਂ ਇਹ ਕੰਮ ਕਰ ਸਕਦਾ। ਮੇਰੇ ਮਰੇ ਤੋਂ ਭਾਵੇਂ ਦੂਜਾ ਦਿਨ ਨਾ ਪੈਣ ਦਿਓ। ਮੈਂ ਬਹੁਤ ਔਖੇ ਟਾਈਮ ਕੱਟੇ ਆ ਕਦੇ ਇਕ ਮਰਲਾ ਨੀ ਵਿਕਣ ਦਿੱਤਾ। ਉਹ ਮਿੱਟੀ ਤਾਂ ਉੱਥੇ ਪਈ ਈ ਮੁੱਲ ਦਿੱਤੀ ਜਾਂਦੀ ਆ। ਹਰ ਸਾਲ ਤੇਰਾ ਤਾਇਆ ਤੇਰੇ ਖਾਤੇ ’ਚ ਠੇਕੇ ਦੇ ਪੈਸੇ ਪਾ ਦਿੰਦੈ। ਇਥੇ ਤੁਸੀਂ ਏਨੀ ਸੋਹਣੀ ਦੋਹੇਂ ਜੀਅ ਕਮਾਈ ਕਰਦੇ ਓ। ਰੱਜ ਤਾਂ ਜ਼ਮੀਨ ਵੇਚ ਕੀ ਵੀ ਨੀ ਆਉਣਾ। ਜ਼ਮੀਨ ਤਾਂ ਉਦੋਂ ਨਾ ਵੇਚੀ ਸ਼ੇਰਾ ਜਦੋਂ ਪੰਜ ਭਤੀਜੀਆਂ, ਦੋ ਧੀਆਂ ਵਿਆਹੀਆਂ ਮੈਂ ਤੇ ਤੇਰੇ ਤਾਏ ਨੇ ਜਿੰਨੇ ਜੋਗੇ ਸੀ ਅਸੀਂ ਕੀਤਾ। ਸਭ ਦੇ ਦਿਨ ਵਿਹਾਰ, ਦੁੱਖ ਦੇ ਸੁੱਖ ਦੇ ਖੜਦੇ ਰਹੇ। ਜਦੋਂ ਸਿੰਮੀ ਦਾ ਵਿਆਹ ਧਰਿਆ ਉਧਰੋਂ ਦੋ ਫਸਲਾਂ ਮਰਗੀਆਂ ਜੀਰੀ ਤੇ ਕਣਕ ਦੀ। ਵਿਆਹ ਕੀਤਾ, ਥੋਨੂੰ ਪੜ੍ਹਾਇਆ। ਸਭ ਔਖੇ ਟਾਈਮ ਸਿਰ ’ਤੇ ਕੱਟੇ ਪਰ ਸ਼ੇਰਾ ਜ਼ਮੀਨ ’ਚ ਕਿਸੇ ਨੂੰ ਪੈਰ ਨਹੀਂ ਰੱਖਣ ਦਿੱਤਾ। ਕਹਿੰਦੇ ਨੇ ਜੱਟ ਜਿੱਦਣ ਸਿਆੜ ’ਤੇ ਅੰਗੂਠਾ ਲਾਉਣ ਲੱਗ ਪਿਆ ਸਮਝੋ ਲੋਥ ਫਿਰਦੀ। ਹੁਣ ਆਪਾਂ ਏਨੇ ਜੋਗੇ ਆਂ ਆਪਣੇ ਨਾਲ ਲੱਗਦੇ ਹੋਰ ਚਾਰ ਕਿੱਲੇ ਉਸ ਵਿਚ ਜੋੜ ਕੇ ਵਧਾਲੀਏ। ਤੂੰ ਕੱਲਾ ਕਹਿਰਾ ਸੀ ਹੁਣ ਤੇਰਾ ਮੁੰਡਾ ਵੀ ਬਰਾਬਰ ਦਾ ਹੋ ਗਿਆ। ਭਲਕੇ ਇਨ੍ਹਾਂ ਦਾ ਵਿਆਹ ਕਰਨ ਗਿਆਂ ਦੱਸਾਂਗੇ ਕਿੰਨੇ ਕਿਲੇ ਆਉਂਦੇ ਮੁੰਡੇ ਨੂੰ।’
ਜ਼ਮੀਨ ਬਾਰੇ ਪਾਪਾ ਘੰਟਾ ਹੋਰ ਬੋਲ ਸਕਦਾ ਸੀ। ਗੈਰੀ ਖਿਝ ਜਾਂਦਾ ਉੱਠ ਕੇ ਤੁਰ ਜਾਂਦਾ।
***
ਇੰਡੀਆ ਵਾਲਾ ਤਾਇਆ ਬਿਮਾਰ ਹੋ ਗਿਆ। ਪਾਪੇ ਦਾ ਦਿਲ ਕਰਦਾ ਉਹਨੂੰ ਮਿਲ ਕੇ ਆਵੇ।
‘‘ਸਾਲੀ ਸਿਹਤ ਇਜਾਜ਼ਤ ਨੀ ਦਿੰਦੀ ਨਹੀਂ ਤਾਂ ਮਨ ਬਹੁਤ ਕਰਦਾ ਬਾਈ ਨੂੰ ਮਿਲ ਕੇ ਆਵਾਂ, ਜੱਗ ਜਿਉਂਦਿਆਂ ਦੇ ਮੇਲੇ ਹੁੰਦੇ। ਸਾਡਾ ਪਿਓ ਤਾਂ ਛੋਟੇ ਹੁੰਦਿਆਂ ਦਾ ਮਰ ਗਿਆ ਤੀ। ਬਾਈ ਨੇ ਸਿਰ ’ਤੇ ਹਮੇਸ਼ਾ ਪਿਓ ਵਾਲਾ ਹੱਥ ਰੱਖਿਆ। ਕਦੇ ਡੋਲ੍ਹਣ ਨਹੀਂ ਦਿੱਤਾ। ਹੁਣ ਮੇਰਾ ਫ਼ਰਜ਼ ਵੀ ਬਣਦਾ ਕਿ ਮੈਂ ਉਹਨੂੰ ਮਿਲ ਆਵਾਂ।’ ਉਹ ਉਦਾਸ ਹੋ ਜਾਂਦਾ।
ਅਸੀਂ ਹੱਲਾਸ਼ੇਰੀ ਦੇ ਥੋੜ੍ਹੇ ਕੁ ਦਿਨਾਂ ’ਚ ਤਿਆਰੀ ਕਰ ਪਾਪੇ ਨੂੰ ਪਿੰਡ ਤੋਰ ਦਿੱਤਾ। ਏਅਰ ਇੰਡੀਆ ਦੀ ਨਾਨ-ਸਟਾਪ ਟਿਕਟ ਲੈ ਕੇ ਪਾਪਾ ਪੰਦਰਾਂ ਘੰਟਿਆਂ ’ਚ ਦਿੱਲੀ ਜਾ ਉਤਰਿਆ।
ਮਹੀਨਾ ਪਾਪੇ ਨੂੰ ਪਤਾ ਨਾ ਲੱਗਾ ਕਿਵੇਂ ਅੱਖ ਝਪਕਦਿਆਂ ਲੰਘ ਗਿਆ। ਤਾਏ ਦਾ ਮੁੰਡਾ ਗੁਰਜੀਤ ਉਹਨੂੰ ਰਿਸ਼ਤੇਦਾਰੀਆਂ, ਗੁਰਦੁਆਰਿਆਂ ਦੇ ਦਰਸ਼ਨ ਕਰਾ ਲਿਆਇਆ, ਸਾਕ ਕਬੀਲੇ ’ਚ ਯਾਰਾਂ ਬੇਲੀਆਂ ਨੂੰ ਮਿਲ ਕੇ ਆਪਣੇ ਭਰਾ ਨੂੰ ਮਿਲ ਕੇ ਉਹ ਊਈਂ ਤਕੜਾ ਹੋ ਗਿਆ।
ਸਾਡੇ ਕੋਲ ਆ ਕੇ ਸਾਰਾ ਦਿਨ ਪਿੰਡ ਦੀਆਂ ਗੱਲਾਂ ਸੁਣਾੳਂੁਦਾ ਰਹਿੰਦਾ, ‘ਤੇਰੀ ਬੀਬੀ ਨੂੰ ਸਾਰੇ ਬਹੁਤ ਯਾਦ ਕਰਦੇ ਸੀ, ਕਹਿੰਦੇ ਉਹਨੂੰ ਵੀ ਨਾਲ ਲੈ ਕੇ ਆਉਂਦਾ। ਸੁਰਜੀਤ ਕੌਰ ਤਾਂ ਬਾਅਲੀ ਮੋਹ ਤੋੜ ਹੋਗੀ। ਉਹ ਸਾਨੂੰ ਭੁੱਲਗੀ। ਮੈਂ ਦੱਸਦਾ ਭਾਈ ਅਮਰੀਕਾ ਵਿਚ ਜਿ਼ੰਮੇਵਾਰੀਆਂ ਬਾਅਲੀਆਂ। ਸਿੰਮੀ ਕੰਮ ’ਤੇ ਜਾਂਦੀ। ਦਿਲਾਵਰ ਟਰੱਕ ’ਤੇ ਜਾਂਦਾ। ਉਨ੍ਹਾਂ ਦਾ ਰੋਟੀ-ਟੁੱਕ ਕਰਦੀ ਆ।
ਵੈਸੇ ਇੰਡੀਆ ਤਾਂ ਬੰਦਾ ਦਵਾਈਆਂ-ਬੂਟੀਆਂ ਮੂੰਹ ਈ ਪੁੱਟਿਆ ਜਾਂਦਾ ਬਹੁਤ ਮਹਿੰਗੇ ਇਲਾਜ ਆ ਕੋਈ ਹਾਲ ਸੀ ਤੇਰੇ ਤਾਏ ਦਾ। ਮੈਂ ਮਦਦ ਕਰ ਆਇਆ ਜਿੰਨਾ ਵਿੱਤ ਸੀ।
ਅਮਰੀਕਾ ’ਚ ਇਸ ਗਲੋਂ ਦਾਤੇ ਦਾ ਸ਼ੁਕਰ ਆ ਆਵਦੇ ਢਿੱਡੋਂ ਜਾਏ ਦੁਰਕਾਰ ਦਿੰਦੇ ਨੇ। ਸਰਕਾਰਾਂ ਪ੍ਰਾਹੁਣਿਆਂ ਵਾਂਗੂ ਸਾਂਭਦੀਆਂ, ਮੁਫ਼ਤ ਦਵਾਈਆਂ, ਨਾਲ ਪੈਨਸ਼ਨਾਂ ਬੁਢਾਪੇ ਦੀ ਡੰਗੋਰੀ ਨੇ ਸਰਕਾਰਾਂ।’
ਮੈਂ ਹੱਸ ਪਈ, ‘ਪਾਪਾ ਤੁਹਾਡਾ ਵੀ ਪਤਾ ਨਹੀਂ ਲੱਗਦਾ। ਕਦੀ ਆਖਦੇ ਓ ਫਸਗੇ ਇਹ ਜੇਲ੍ਹ ਆ, ਪਿੰਡ ’ਚ ਸਰਦਾਰੀ ਤੀ। ਹੁਣ ਆਖਦੇ ਓ ਏਥੇ ਸਵਰਗ ਆ।’
‘ਓ ਭਾਈ ਸਿੰਮੀ ਏਹ ਤਾਂ ਮਨ ਆ ਚੰਦਰਾ ਕਿਤੇ ਟਿਕਦਾ ਨੀ ਉਥੋਂ ਦੇ ਹਾਲਾਤ ਦੇਖ ਆਇਆ ਹੁਣ ਟਿਕ ਗਿਆ। ਹੁਣ ਪੁੱਤ ਮਰਨਾ ਤਾਂ ਇੱਥੇ ਈ ਆ। ਪਿੰਡ ਦੇ ਸਿਵਿਆਂ ’ਚੋਂ ਸਾਂਝ ਮੁੱਕਗੀ। ਦਲੀਪੋ ਬੁੜੀ ਦੇ ਸਸਕਾਰ ਆਲੇ ਦਿਨ ਸਿਵਿਆਂ ’ਚ ਗਿਆ ਮੱਥਾ ਟੇਕ ਆਇਆ ਕਿ ਏਥੇ ਚਹੁੰ ਗਜ਼ਾਂ ਦੀ ਥਾਂ ’ਚ ਮੇਰੀ ਸਾਂਝ ਹੈਨੀ। ਹੁਣ ਤਾਂ ਡੱਬੇ ਜਿਹੇ ’ਚ ਪਾ ਕੇ ਬਟਨ ਦੱਬਣਗੇ।
ਸਿੰਮੀ ਪੁੱਤ ਮੈਂ ਇਕ ਬਹੁਤ ਵੱਡਾ ਕੰਮ ਕਰ ਆਇਆ। ਪਤਾ ਨਹੀਂ ਹੁਣ ਤੁਸੀਂ ਕੀ ਆਖੋਗੇ’’ ਪਾਪਾ ਨੇ ਬੈਗ ਜੇਬ `ਚ ਪਏ ਕਈ ਸਾਰੇ ਕਾਗਜ਼ ਕੱਢੇ।
‘ਪਾਪਾ ਇਹ ਕੀ?’
‘ਜਿਹੜੀ ਜ਼ਮੀਨ ਪੁੱਤ ਵਾਸਤੇ ਵਿਘਾ-ਵਿਘਾ ਬਣਾਈ ਤੀ।’
ਬੀਬੀ ਘਬਰਾਹਟ ਵਿਚ ਬੋਲੀ, ‘ਕੀ ਕਰ ਆਇਆ ਤੂੰ?’’
ਮੈਂ ਪੇਪਰ ਵੇਖਦੀ ਰਹੀ। ਬੀਬੀ ਉਹਦੇ ਵੱਲ ਐਂ ਦੇਖ ਰਹੀ ਸੀ ਪਤਾ ਨਹੀਂ ਕੀ ਪਹਾੜ ਸਿੱਟ ਦੇਵੇਗਾ।
‘ਗੱਲ ਸੁਣ ਸੁਰਜੀਤ ਕੁਰੇ ਠੰਡੇ ਦਿਮਾਗ ਨਾਲ। ਜਦੋਂ ਮੈਂ ਉਥੇ ਗਿਆ ਤਾਂ ਮੈਨੂੰ ਵੱਡੇ ਬਾਈ ਗੁਰਜੀਤ ਨੇ, ਪਿੰਡ ਦੇ ਕਈਆਂ ਹੋਰਾਂ ਨੇ ਦੱਸਿਆ ਗੈਰੀ ਨੇ ਜ਼ਮੀਨ ਵਿਕਾਊ ਕੀਤੀ ਹੋਈ ਆ।
ਅਖੇ, ‘‘ਜਿਹੜਾ ਰੇਟ ਵੱਧ ਦਊ ਉਸੇ ਨੂੰ ਦੇ ਦੇਣੀ ਆ।’
ਬਾਈ ਮੇਰੇ ਕੋਲ ਰੋਣ ਲੱਗਿਆ, ‘ਬਹੁਤਾ ਦੁੱਖ ਤਾਂ ਇਹ ਆ ਭਰਾਵਾ ਤੈਨੂੰ ਪਤਾ ਕੋਈ ਨੀ ਲੱਗਦਾ ਕਿ ਤੇਰਾ ਪੁੱਤ ਕੀ ਕਰੀ ਜਾਂਦਾ ਤੇ ਤੈਨੂੰ ਦੱਸਣ ਦੀ ਸਾਡੀ ਹਿੰਮਤ ਨਾ ਪਵੇ ਗੈਰੀ ਨੇ ਆੜ੍ਹਤੀਏ ਸੇਠ ਤੋਂ ਲੱਖ ਰੁਪਈਆ ਬਿਆਨਾ ਵੀ ਫੜ ਲਿਆ ਸਭ ਨੂੰ ਕਿਹਾ ਹੋਇਆ ਸਾਡੇ ਬੁੜੇ ਨੂੰ ਨਾ ਪਤਾ ਲੱਗੇ।’
‘ਫੇਰ ਸੁਰਜੀਤ ਕੌਰੇ ਕੀ ਭਲੀ ਕਰਦਾ ਇਸ ਸਰਵਣ ਪੁੱਤ ਨਾਲ ਜੀਹਨੇ ਤੀਵੀਂ ਆਖੇ ਲੱਗ ਆਪਾਂ ਨੂੰ ਘਰੋਂ ਕੱਢ ਦਿੱਤਾ। ਮੁੜ ਸਾਡੀ ਸਾਰ ਨਾ ਲਈ। ਮਰਦੇ ਆਂ ਕਿ ਜਿਊਂਦੇ। ਮੈਨੂੰ ਮਰਿਆ ਸਮਝ ਬਿਆਨਾ ਕਰਵਾ ਲਿਆ। ਪੈਸੇ-ਪੂਸੇ ਦੇ ਕੇ ਸਭ ਕੁਝ ਜਾਅਲੀ ਚੱਲਦਾ।
ਮੈਂ ਵੀ ਮਰਦੇ ਨੇ ਅੱਕ ਚੱਬਿਆ। ਉਹਨੰੂ ਬੇਦਖਲ ਕਰ ਦਿੱਤਾ ਵਸੀਅਤ ਤੁੜਵਾ ਕੇ ਨਵੀਂ ਬਣਾ ਲਿਆਇਆ।
ਜਿਵੇਂ-ਜਿਵ ਹੁਕਮਿ ਤਿਵੇ-ਤਿਵ ਕਾਰ। ਜਿੰਨਾ ਚਿਰ ਅਸੀਂ ਦੋਵੇਂ ਜੀਅ ਜਿਉਨੇ ਆਂ ਜ਼ਮੀਨ ਸਾਡੀ ਆ। ਉਸ ਤੋਂ ਬਾਅਦ ਗਰੀਬ-ਗਰੁਬੇ ਦੇ ਘਰ ਬਣਨਗੇ, ਸਕੂਲ ਖੁੱਲੂਗਾ, ਗਰੀਬਾਂ ਦੀਆਂ ਧੀਆਂ ਦੇ ਵਿਆਹ ਹੋਣਗੇ ਤੇ ਜਿਹੜੇ ਸੀਰੀ ਨੇ ਸਾਰੀ ਉਮਰ ਮੇਰੇ ਨਾਲ ਕਾਲੇ ਬਲਦ ਵਾਂਗ ਕਮਾਇਆ ਦੋ ਕਿੱਲੇ ਉਹਦੇ ਨਾਂ ਕਰਾਤੇ। ਬਹੁਤ ਵੱਡਾ ਬੋਝ ਮੈਂ ਮਨ ਤੋਂ ਲਾਹ ਆਇਆ।’
ਪਾਪਾ ਨੇ ਬੈਗ ਵਿਚੋਂ ਛੋਟਾ ਬੈਗ ਕੱਢਿਆ, ‘ਆਹ ਲੈ ਸੁਰਜੀਤ ਕੌਰੇ।’
‘ਇਹ ਕੀ?’’ ਬੀਬੀ ਨੇ ਬੈਗ ਫੜਿਆ। ਮੇਰੇ ਅੱਗੇ ਕਰ ਦਿੱਤਾ। ਮੈਂ ਖੋਲਦੀ ਪਾਪੇ ਵੱਲ ਦੇਖਦੀ ਆਂ।
‘‘ਪਾਪਾ ਇਹ ਕੀ ਆ? ਇਹ ਕੀਹਦੀਆਂ?’’ ਇਕੋ ਸਾਹ ਕਈ ਸਵਾਲ ਕਰ ਦਿੱਤੇ।
ਪਾਪਾ ਮਿੰਨਾ ਜਿਹਾ ਮੁਸਕਰਾਏ, ‘ਜਿਹੜੀ ਸਾਰੀ ਉਮਰ ਉਲਾਂਭੇ ਦਿੰਦੀ ਰਹੀ ਆ, ਅਖੇ ਤੇਰੇ ਘਰੇ ਨਾ ਮੈਂ ਚੱਜ ਦਾ ਪਾਇਆ ਨਾ ਹੰਢਾਇਆ।’
ਬੀਬੀ ਹੈਰਾਨ ਹੋਈ ਵੇਖ ਰਹੀ ਪਾਪਾ ਵੱਲ।
‘ਕੀ ਦੇਖਦੀ ਆ ਪਾ ਲਾ, ਪਾ ਲਾ। ਚਾਰ ਤੇਰੀਆਂ ਚਾਰ ਮੇਰੇ ਸਿੰਮੀ ਪੁੱਤ ਦੀਆਂ।’
ਮੈਂ ਬੀਬੀ ਦੀਆਂ ਬਾਹਾਂ ਵਿਚ ਦੋ-ਦੋ ਚੂੜੀਆਂ ਪਾ ਦਿੱਤੀਆਂ।
ਉਹ ਖੁਸ਼ੀ ’ਚ ਖੀਵੀ ਹੋ ਗਈ, ‘ਵਾਗਰੂ ਵਾਗਰੂ’’ ਕਰਦੀ ਦੇ ਹੰਝੂ ਵਗ ਤੁਰੇ।
‘ਹੁਣ ਮੈਂ ਸੁਰਖ਼ਰੂ ਆਂ।’ ਪਾਪਾ ਮੈਨੂੰ ਛਾਤੀ ਨਾਲ ਲਾ ਹੱਸਣ ਲੱਗੇ।