ਸੱਤਾ ਅਤੇ ਬਲਵੰਡ-ਗੁਰੂ ਘਰ ਦੇ ਕੀਰਤਨੀਏ

ਗੁਰਨਾਮ ਕੌਰ, ਕੈਨੇਡਾ
ਬਲਵੰਡ ਅਤੇ ਸੱਤੇ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 `ਤੇ ਰਾਗੁ ਰਾਮਕਲੀ ਵਿਚ “ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ” ਦੇ ਸਿਰਲੇਖ ਹੇਠ ਦਰਜ ਹੈ। ਸੱਤਾ ਅਤੇ ਬਲਵੰਡ ਗੁਰੂ ਘਰ ਦੇ ਕੀਰਤਨੀਏ ਸੀ ਜੋ ਗੁਰੂ ਅੰਗਦ ਸਾਹਿਬ ਦੇ ਸਮੇਂ ਤੋਂ ਲੈ ਕੇ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਆ ਰਹੇ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਗੁਰੂ ਘਰ ਵਿਚ ਕੀਰਤਨ ਕਰ ਰਹੇ ਸੀ।

ਕੁੱਝ ਵਿਦਵਾਨਾਂ ਦਾ ਮੰਨਣਾ ਹੈ ਕਿ ਉਹ ਭਾਈ ਮਰਦਾਨੇ ਦੇ ਵੰਸ਼ਜ ਸਨ। ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਲਿਖਿਆ ਹੈ ਕਿ “ਬਲਵੰਡ ਸ੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ, ਜੋ ਸੱਤੇ ਨਾਲ ਮਿਲ ਕੇ ਕੀਰਤਨ ਕਰਦਾ ਸੀ, ਭਾਈ ਸੰਤੋਖ ਸਿੰਘ ਨੇ ਬਲਵੰਡ ਅਤੇ ਸੱਤਾ ਭਾਈ ਲਿਖੇ ਹਨ, “ਯਥਾ: ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸਜਾਨਾ,” (ਗੁਰਪ੍ਰਸੂ ਰਾਸਿ 3, ਅੰਕ 43) ਪਰ ਬਾਵਾ ਕਿਰਪਾਲ ਸਿੰਘ ਭੱਲਾ ਕ੍ਰਿਤ “ਮਹਿਮਾ ਪ੍ਰਕਾਸ਼,” ਜੋ ਸੰਮਤ 1857 ਵਿਚ ਲਿਖਿਆ ਗਿਆ ਹੈ, ਸੱਤੇ ਨੂੰ ਬਲਵੰਡ ਦਾ ਪੁਤ੍ਰ ਪਰਗਟ ਕਰਦਾ ਹੈ, ਯਥਾ: “ਬਲਵੰਡ ਪੁਤ੍ਰ ਸੱਤਾ ਤਹਿ ਆਇ। ਆਨ ਹਜੂਰ ਰਬਾਬ ਵਜਾਇ।”
‘ਵਾਰ’ ਗਾਇਨ ਕਰਨ ਦੀ ਇਕ ਵਿਧਾ ਹੈ ਜੋ ਜੋਧਿਆਂ ਦੀ ਬਹਾਦਰੀ ਦੇ ਕਿਸੇ ਕਾਰਨਾਮੇ ਨੂੰ ਦੱਸਣ ਲਈ ਗਾਈ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ‘ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ‘ਵਾਰ’ ਲਫ਼ਜ਼ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ “ਹੋਰ ਅਨੇਕਾਂ ਸ਼ਬਦਾਂ ਵਾਂਗ ਲਫ਼ਜ਼ ‘ਵਾਰ’ ਭੀ ਸੰਸਕ੍ਰਿਤ ਬੋਲੀ ਵਿਚੋਂ ਆਪਣੇ ਅਸਲੀ ਰੂਪ ਵਿਚ ਹੀ ਪੰਜਾਬੀ ਵਿਚ ਟਿਕਿਆ ਆ ਰਿਹਾ ਹੈ। …ਪੰਜਾਬੀ ਸਾਹਿਤ ਵਿਚ ‘ਵਾਰ’ ਉਸ ਕਵਿਤਾ ਨੂੰ ਆਖੀਦਾ ਹੈ ਜਿਸ ਵਿਚ ਕਿਸੇ ਸੂਰਮੇ ਦੇ ਰਣ-ਭੂਮੀ ਆਦਿਕ ਵਿਚ ਵਿਖਾਏ ਸੂਰਮਤਾ ਦੇ ਕਿਸੇ ਕਰਤੱਵ ਦਾ ਜ਼ਿਕਰ ਕੀਤਾ ਹੋਵੇ। ‘ਵਾਰ’ ਵਿਚ ਕਿਸੇ ਮਨੁੱਖ ਦਾ ਸਾਰਾ ਜੀਵਨ ਨਹੀਂ ਵਿਖਾਈਦਾ, ਜੀਵਨ ਵਿਚੋਂ ਕੋਈ ਇੱਕੋ ਉੱਘੀ ਝਾਕੀ ਵਿਖਾਈਦੀ ਹੈ। ” ਗੁਰੂ ਨਾਨਕ ਦੇਵ ਜੀ ਦੀਆਂ ‘ਵਾਰਾਂ’ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ ਕਿ “ਸਤਿਗੁਰੂ ਨਾਨਕ ਦੇਵ ਜੀ ਨੇ ਜੰਗਾਂ ਵਿਚ ਹੁੰਦੀ ਇਨਸਾਨੀ ਕੱਟ-ਵੱਢ ਸੁਣਨ ਦੀ ਲੋਕਾਂ ਦੀ ਇਸ ਰੁਚੀ ਨੂੰ ਪਰਮਾਤਮਾ ਅਤੇ ਖ਼ਲਕਤਿ ਦੇ ਪਿਆਰ ਵੱਲ ਪਰਤਣ ਲਈ ਤਿੰਨ ‘ਵਾਰਾਂ’ ਲਿਖੀਆਂ, ਜੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਲਾਰ, ਮਾਝ ਅਤੇ ਆਸਾ ਵਿਚ ਦਰਜ ਹਨ।” ਸੱਤੇ ਅਤੇ ਬਲਵੰਡ ਦੀ ‘ਵਾਰ’ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਦਾ ਕਹਿਣਾ ਹੈ ਕਿ “ਗੁਰੂ ਵਿਅਕਤੀਆਂ ਨੇ ਜੋ ‘ਵਾਰਾਂ’ ਲਿਖੀਆਂ, ਉਹਨਾਂ ਵਿਚ ਭੀ ਸੰਸਾਰ ਦੇ ਆਤਮ ਸੰਗ੍ਰਾਮ ਦੀ ਇੱਕੋ ਝਾਕੀ ਵਿਖਾਈ ਹੋਈ ਹੈ। ਕੀ ਸੱਤੇ ਬਲਵੰਡ ਦੀ ਬਾਣੀ ਵਿਚ ਭੀ ਕੋਈ ਇਕੋ ਹੀ ਕੇਂਦਰੀ ਮਜ਼ਮੂਨ ਹੈ, ਜਿਸ ਦੇ ਅਧਾਰ ਤੇ ਇਸ ਨੂੰ ‘ਵਾਰ’ ਲਿਖਿਆ ਗਿਆ ਹੈ? ਇਸ ਬਾਣੀ ਦੀਆਂ ਕੁੱਲ 8 ਪਉੜੀਆਂ ਹਨ। ਇਸ ਦੀ ਚੌਥੀ ਪਉੜੀ ਪੜ੍ਹ ਕੇ ਵੇਖੋ, ਸਤਿਗੁਰੂ ਨਾਨਕ ਦੇਵ ਜੀ ਦੇ ਚਲਾਏ ਨਵੇਂ ਰਸਤੇ ਨੂੰ ਵਿਚਾਰ ਕੇ ਸੱਤਾ ਬੜਾ ਹੈਰਾਨ ਹੁੰਦਾ ਹੈ ਤੇ ਲਿਖਦਾ ਹੈ ਕਿ ਦੁਨੀਆ ਦੇ ਲੋਕ ਅਚਰਜ ਹੋ ਕੇ ਆਖਦੇ ਹਨ ‘ਗੁਰੂ ਨਾਨਕ ਜਗਤ ਦੇ ਨਾਥ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ, ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ, ਇਹ ਉਸ ਨੇ ਕੀਹ ਕੀਤਾ ਹੈ’?
ਹੋਰਿਓਂ ਗੰਗ ਵਹਾਈਐ ਦੁਿਨਆਈ ਆਖੈ ਕਿ ਕਿਓਨੁ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥
ਉਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਦੇ ਸਿਰ ਉਤੇ ਗੁਰਿਆਈ ਦਾ ਛਤਰ ਧਰ ਕੇ ਉਨ੍ਹਾਂ ਦੀ ਸੋਭਾ ਅਸਮਾਨ ਤੱਕ ਅਪੜਾ ਦਿੱਤੀ। ਗੁਰੂ ਨਾਨਕ ਦੇਵ ਜੀ ਦੀ ਆਤਮਾ ਬਾਬਾ ਲਹਿਣਾ ਜੀ ਦੀ ਆਤਮਾ ਵਿਚ ਇਉਂ ਮਿਲ ਗਈ ਹੈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ ‘ਆਪੇ’ ਬਾਬਾ ਲਹਿਣਾ ਜੀ ਦੇ ਨਾਲ ਸਾਵਾਂ ਕਰ ਲਿਆ ਹੈ-
ਲਹਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਬਲਵੰਡ ਨੇ ਭੀ ਪਹਿਲੀ ਪਉੜੀ ਵਿਚ ਇਸੇ ਨਵੀਂ ਮਰਿਯਾਦਾ ਨੂੰ ਹੈਰਾਨੀ ਨਾਲ ਵੇਖਿਆ ਅਤੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਇਕ ਨਵਾਂ ਰਾਜ ਚਲਾਇਆ ਹੈ, ਆਪਣੇ ਸੇਵਕ ਬਾਬਾ ਲਹਿਣਾ ਜੀ ਨੂੰ ਆਪਣੇ ਵਰਗਾ ਬਣਾ ਕੇ ਗੁਰੂ ਹੁੰਦਿਆਂ ਆਪਣੇ ਚੇਲੇ ਅੱਗੇ ਮੱਥਾ ਟੇਕਿਆ ਹੈ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਗੁਰਿ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥”
ਇਸੇ ਤਰ੍ਹਾਂ ਇਸ ਬਾਣੀ ਦੇ ‘ਵਾਰ’ ਹੋਣ ਦੀਆ ਅੱਗੇ ਹੋਰ ਉਦਾਹਰਣਾਂ ਵੀ ਪ੍ਰੋਫੈਸਰ ਸਾਹਿਬ ਸਿੰਘ ਨੇ ਦਿੱਤੀਆਂ ਹਨ। ਪ੍ਰੋਫੈਸਰ ਸਾਹਿਬ ਸਿੰਘ ਦਾ ਮੰਨਣਾ ਹੈ ਕਿ “ਕਿਸੇ ਲਿਖਤ ਨੂੰ ਕੋਈ ਇਕੋ ਹੀ ਲਿਖਾਰੀ ਲਿਖ ਸਕਦਾ ਹੈ, ਇਕ ਰਚਨਾ ਦੇ ਇਕ ਤੋਂ ਵਧੀਕ ਲੇਖਕ ਨਹੀਂ ਹੋ ਸਕਦੇ। ਇਸ ਉਪਰਲੇ ਸਿਰਲੇਖ ਵਿਚ ਦੋ ਨਾਮ ਹਨ-ਬਲਵੰਡ ਅਤੇ ਸੱਤਾ। ਇਸ ਦਾ ਭਾਵ ਇਹ ਹੈ ਕਿ ਇਨ੍ਹਾਂ ਇਕੱਠਿਆਂ ਰਲ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਇਹ ‘ਵਾਰ’ ‘ਆਖੀ’ ਸੀ, ਸੁਣਾਈ ਸੀ। ਇਸ ‘ਵਾਰ’ ਦੀਆਂ 8 ਪਉੜੀਆਂ ਹਨ। ਪਹਿਲੀਆਂ 3 ਪਉੜੀਆਂ ਦਾ ਕਰਤਾ ਬਲਵੰਡ ਹੈ ਅਤੇ ਅਖ਼ੀਰਲੀਆਂ 5 ਪਉੜੀਆਂ ਦਾ ਕਰਤਾ ਸੱਤਾ ਹੈ।” ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਕਥਨ ਦੇ ਹੱਕ ਵਿਚ ਦਲੀਲ ਦਿੰਦਿਆਂ ਕਿਹਾ ਹੈ ਕਿ “ਬਲਵੰਡ ਵੱਲੋਂ ਗੁਰੂ ਨਾਨਕ ਸਾਹਿਬ ਦੀ ਸਿਫ਼ਤਿ-ਸਾਲਾਹ ਪਹਿਲੀ ਪਉੜੀ ਵਿਚ ਕੀਤੀ ਗਈ ਹੈ ਅਤੇ ਫਿਰ ਸੱਤੇ ਵੱਲੋਂ ਚਉਥੀ ਪਉੜੀ ਵਿਚ ਦੁਬਾਰਾ ਗੁਰੂ ਨਾਨਕ ਸਾਹਿਬ ਦੀ ਸਿਫ਼ਤਿ ਤੋਂ ਸ਼ੁਰੂਆਤ ਕੀਤੀ ਗਈ ਹੈ।”
‘ਵਾਰ’ ਦੀ ਸ਼ੁਰੂਆਤ ਬਲਵੰਡ ਇਸ ਤੱਥ ਤੋਂ ਕਰਦਾ ਹੈ ਕਿ ਜੇ ਕਰਤਾ ਪੁਰਖ, ਕਾਦਰ ਆਪ ਕਿਸੇ ਦਾ ਸਤਿਕਾਰ ਵਧਾਵੇ, ਨਾਮਣਾ ਉੱਚਾ ਕਰੇ ਤਾਂ ਉਸ ਨੂੰ ਤੋਲਣ ਲਈ ਜਾਂ ਮਾਪਣ ਲਈ ਗੱਲ ਨਹੀਂ ਹੋ ਸਕਦੀ। ਇਸ ਦਾ ਭਾਵ ਹੈ ਕਿ ਕਰਤਾ ਪੁਰਖ ਜਦੋਂ ਆਪ ਫੈਸਲਾ ਕਰਕੇ ਵਡਿਆਈ ਦੇਵੇ ਤਾਂ ਉਸ ਦਾ ਹੁਕਮ ਕਿਵੇਂ ਜੋਖਿਆ ਜਾ ਸਕਦਾ ਹੈ ਅਰਥਾਤ ਉਹ ਕੌਣ ਵਿਚਾਰਾ ਹੈ ਜੋ ਗੁਰੂ ਦੀ ਉੱਚੀ ਵਡਿਆਈ ਨੂੰ ਬਿਆਨ ਕਰ ਸਕੇ। ਕਰਤਾ ਪੁਰਖ ਨੇ ਏਨਾ ਉੱਚਾ ਰੁਤਬਾ ਗੁਰੂ ਨੂੰ ਬਖਸ਼ਿਸ਼ ਕੀਤਾ ਹੈ ਕਿ ਕੋਈ ਵਿਅਕਤੀ ਉਸ ਦਾ ਮਾਪ ਤੋਲ ਕੀ ਕਰ ਸਕਦਾ ਹੈ? ਗੁਰੂ ਨਾਨਕ ਸਾਹਿਬ ਵਿਚ ਸਤਿ ਆਦਿ ਦੈਵੀ/ਰੱਬੀ ਗੁਣ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੇ ਹਨ, ਇਸ ਤਰ੍ਹਾਂ ਕਾਇਮ ਹਨ ਜਿਵੇਂ ਉਹ ਭੈਣ-ਭਰਾ ਹੋਣ ਅਰਥਾਤ ਉਨ੍ਹਾਂ ਦੇ ਵਿਅਕਤੀਤਵ ਦਾ ਕੁਦਰਤੀ ਹਿੱਸਾ ਹਨ। ਇਨ੍ਹਾਂ ਗੁਣਾਂ ਦੀ ਹੀ ਸਾਂਝ ਭਾਈ ਲਹਿਣਾ ਜੀ ਦੀ ਗੁਰੂ ਨਾਨਕ ਸਾਹਿਬ ਨਾਲ ਹੈ। ਇਸ ਤਰ੍ਹਾਂ ਦੀ ਉੱਚੀ ਸ਼ਖਸੀਅਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਸੱਚ-ਰੂਪ ਕਿਲਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ ਗੁਰਮਤਿ ਰਾਜ ਕਾਇਮ ਕੀਤਾ ਅਤੇ ਚਲਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਭਾਈ ਲਹਿਣੇ, ਗੁਰੂ ਅੰਗਦ ਦੇ ਸਿਰ ‘ਤੇ ਗੁਰਿਆਈ ਦਾ ਛੱਤ੍ਰ ਧਰਿਆ ਹੈ ਜਿਨ੍ਹਾਂ ਨੇ ਵਾਹਿਗੁਰੂ ਦੀ ਸਿਫ਼ਤਿ-ਸਾਲਾਹ ਕਰ ਕੇ ਨਾਮ ਰੂਪੀ ਅੰਮ੍ਰਿਤ ਪੀਤਾ ਹੈ। ਗੁਰੂ ਨਾਨਕ ਨੇ ਅਕਾਲ ਪੁਰਖ ਦੀ ਬਖ਼ਸ਼ੀ ਹੋਈ ਗਿਆਨ ਦੀ ਤਲਵਾਰ ਨਾਲ, ਜੋਰ ਨਾਲ ਭਾਈ ਲਹਿਣਾ ਜੀ ਨੂੰ ਉਨ੍ਹਾਂ ਅੰਦਰੋਂ ਪਹਿਲਾ ਜੀਵਨ ਕੱਢ ਕੇ ਨਵੀਂ ਆਤਮਕ ਜ਼ਿੰਦਗੀ ਬਖਸ਼ੀ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਸਮੇਂ ਵਿਚ ਹੀ ਅਰਦਾਸ ਕੀਤੀ ਅਤੇ ਆਪਣੇ ਸਿੱਖ ਭਾਈ ਲਹਿਣਾ ਜੀ ਅੱਗੇ ਮੱਥਾ ਟੇਕਿਆ। ਆਪਣੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਭਾਈ ਲਹਿਣਾ ਜੀ ਦੇ ਮੱਥੇ ਉਤੇ ਲਾ ਦਿੱਤਾ:
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥
—–
ਸਹਿ ਟਿਕਾ ਦਿਤੋਸੁ ਜੀਵਦੈ॥1॥
ਦੂਸਰੀ ਪਉੜੀ ਵਿਚ ਬਲਵੰਡ ਨੇ ਬਿਆਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਥਾਂ ਹੁਣ ਭਾਈ ਲਹਿਣਾ ਜੀ ਅਰਥਾਤ ਗੁਰੂ ਅੰਗਦ ਦੀ ਦੋਹੀ ਸੰਸਾਰ ਵਿਚ ਫੈਲ਼ ਗਈ ਹੈ; ਭਾਵ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਸਾਰੇ ਸੰਸਾਰ ਵਿਚ ਫੈਲ ਗਈ ਫਿਰ ਜਦੋਂ ਉਨ੍ਹਾਂ ਨੇ ਗੁਰਗੱਦੀ ਦਾ ਤਿਲਕ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਵੱਜੋਂ ਸਾਜਿਆ ਤਾਂ ਗੁਰੂ ਅੰਗਦ ਦੀ ਵਡਿਆਈ ਸਾਰੇ ਸੰਸਾਰ ਵਿਚ ਫੈਲ ਗਈ। ਭਾਈ ਲਹਿਣਾ ਵਿਚ ਗੁਰੂ ਜੋਤਿ ਵੀ ਉਹੀ ਹੈ ਅਤੇ ਉਸ ਜੋਤਿ ਨੂੰ ਪ੍ਰਕਾਸ਼ ਕਰਨ ਦੀ ਗੁਰੂ ਜੁਗਤਿ ਵੀ ਉਹੀ ਹੈ, ਕੇਵਲ ਗੁਰੂ ਦਾ ਸਰੀਰ ਹੀ ਬਦਲਿਆ ਹੈ। ਭਾਈ ਲਹਿਣਾ (ਗੁਰੂ ਅੰਗਦ ਜੀ ਦੇ ਸਰੂਪ ਵਿਚ) ਦੇ ਸਿਰ `ਤੇ ਰੱਬੀ ਛਤਰ ਝੁਲ ਰਿਹਾ ਹੈ ਅਤੇ ਗੁਰੂ ਨਾਨਕ ਜੀ ਦੀ ਹੱਟੀ ਵਿਚ ਗੁਰੂ ਅੰਗਦ ਗੁਰੂ ਨਾਨਕ ਜੀ ਪਾਸੋਂ ਪ੍ਰਾਪਤ ਕੀਤਾ ਨਾਮ-ਪਦਾਰਥ ਸੰਸਾਰ ਵਿਚ ਵੰਡਣ ਲਈ ਬੈਠੇ ਹਨ। ਉਹ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਪਾਲ ਰਹੇ ਹਨ ਅਤੇ ਇਹ ਹੁਕਮ ਪਾਲਣਾ ਯੋਗ ਦੀ ਕਮਾਈ ਅਲੂਣੀ ਸਿਲ ਚੱਟਣ ਵਾਂਗ ਹੈ। ਦਿਨ ਰਾਤ ਗੁਰੂ ਅੰਗਦ ਨਾਮ-ਸ਼ਬਦ ਦਾ ਲੰਗਰ ਵਰਤਾ ਰਹੇ ਹਨ ਭਾਵ ਸੰਗਤਾਂ ਵਿਚ ਨਾਮ ਦਾ ਪ੍ਰਵਾਹ ਚਲਾ ਰਹੇ ਹਨ ਜਿਸ ਵਿਚ ਕੋਈ ਤੋਟ ਨਹੀਂ ਆ ਰਹੀ, ਨਾਮ-ਸ਼ਬਦ ਦਾ ਇਹ ਲੰਗਰ ਆਪ ਵੀ ਖਾ ਰਹੇ ਹਨ ਅਤੇ ਹੋਰਾਂ ਨੂੰ ਵੀ ਵਰਤਾ ਰਹੇ ਹਨ ਅਤੇ ਨਾਮ ਕਮਾਈ ਵਿਚ ਕੋਈ ਘਾਟਾ ਨਹੀਂ ਆ ਰਿਹਾ। ਗੁਰੂ ਦਰਬਾਰ ਵਿਚ ਕਰਤਾ ਪੁਰਖ ਦੀ ਸਿਫ਼ਤਿ-ਸਾਲਾਹ ਦਿਨ ਰਾਤ ਹੁੰਦੀ ਹੈ ਅਤੇ ਅਰਸ਼ਾਂ ਤੋਂ ਨੂਰ ਝਰ ਰਿਹਾ ਹੈ। ਗੁਰੂ ਅੰਗਦ ਦੇਵ ਸਚੇ ਪਾਤਿਸ਼ਾਹ ਦੇ ਦਰਸ਼ਨ ਕਰ ਕੇ ਜਨਮ ਜਨਮ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਗੁਰੂ ਅੰਗਦ ਨੇ ਉਸ ਨੂੰ ਸੱਚ ਕਰ ਕੇ ਜਾਣਿਆ ਅਤੇ ਗੁਰੂ ਦਾ ਹੁਕਮ ਮੰਨਣ ਤੋਂ ਇਨਕਾਰ ਨਹੀਂ ਕੀਤਾ। ਇਸ ਦੇ ਉਲਟ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਹੁਕਮ ਨਹੀਂ ਮੰਨਿਆ ਅਤੇ ਗੁਰੂ ਵੱਲ ਪਿੱਠ ਦੇ ਕੇ ਹੁਕਮ ਅਦੂਲੀ ਕਰਦੇ ਰਹੇ। ਦਿਲ ਖੋਟਾ ਹੋਣ ਕਰਕੇ ਜੋ ਲੋਕ ਗੁਰੂ ਤੋਂ ਆਕੀ ਹੋਏ ਫਿਰ ਰਹੇ ਹਨ, ਉਹ ਲੋਕ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਫਿਰਦੇ ਹਨ। ਜੋ ਗੁਰੂ ਨਾਨਕ ਨੇ ਆਖੀ, ਗੁਰੂ ਅੰਗਦ ਨੇ ਕੀਤੀ ਅਤੇ ਉਹੀ ਟਿਕਾਇਆ ਗਿਆ। ਇਸ ਵਿਚ ਕੌਣ ਹਾਰਿਆ ਅਤੇ ਕੌਣ ਜਿੱਤਿਆ? ਭਾਵ ਪੁੱਤਰਾਂ ਅਤੇ ਭਾਈ ਲਹਿਣਾ ਜੀ ਵਿਚੋਂ ਕੌਣ ਹਾਰਿਆ ਅਤੇ ਕੌਣ ਜਿੱਤਿਆ; ਪੁੱਤਰ ਹਾਰੇ ਅਤੇ ਭਾਈ ਲਹਿਣਾ ਜੀ ਜਿੱਤੇ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
—-
ਕਉਣੁ ਹਾਰੇ ਕਿਨਿ ਉਵਟੀਐ॥2॥

ਜਿਸ ਗੁਰੂ ਅੰਗਦ ਨੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਹੁਕਮ ਅਨੁਸਾਰ ਕੀਤਾ ਉਹ ਮੰਨਣਯੋਗ ਹੋ ਗਏ ਅਰਥਾਤ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਵਿਚ ਰਹਿ ਕੇ ਘਾਲ ਕਮਾਈ ਕੀਤੀ ਅਤੇ ਉਹ ਗੁਰੂ ਸਥਾਪਤ ਹੋ ਗਏ। ਜਿਵਾਂਹ (ਮੁੰਜੀ) ਅਤੇ ਸ਼ਾਲੀ (ਚਾਵਲਾਂ) ਵਿਚੋਂ ਸ੍ਰੇਸ਼ਟ ਕੌਣ ਹੈ? ਮੁੰਜੀ ਹੀ ਚੰਗੀ ਹੈ ਜੋ ਨੀਵੇਂ ਥਾਂ ਰਹਿ ਕੇ ਪਲਦੀ ਹੈ ਭਾਵ ਜੋ ਨਿਮਰਤਾ ਵਿਚ ਰਹਿੰਦਾ ਹੈ ਉਹੀ ਚੰਗਾ ਹੈ। ਗੁਰੂ ਅੰਗਦ ਦੇਵ ਪਾਤਿਸ਼ਾਹ ਧਰਮ ਦਾ ਦੇਵਤਾ ਹੋ ਗਿਆ ਹੈ ਜੋ ਜੀਵਾਂ ਦੀਆ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਮੇਲ ਕਰਾਉਣ ਦੀ ਵਿਚੋਲਗਿਰੀ ਕਰ ਰਿਹਾ ਹੈ। ਸਤਿਗੁਰੂ ਅੰਗਦ ਦੇਵ ਜੋ ਬਚਨ ਕਰਦਾ ਹੈ ਉਹੋ ਸੱਚਾ ਵਾਹਿਗੁਰੂ ਕਰ ਦਿੰਦਾ ਹੈ ਅਤੇ ਉਹ ਗੱਲ ਤੁਰਤ ਹੋ ਜਾਂਦੀ ਹੈ। ਗੁਰੂ ਅੰਗਦ ਦੀ ਗੁਰਿਆਈ ਦਾ ਐਲਾਨ ਹੋ ਗਿਆ ਹੈ ਕਰਤਾ ਪੁਰਖ ਵਾਹਿਗੁਰੂ ਨੇ ਨਿਸਚੇ ਕਰ ਕੇ ਉਸ ਦੋਹੀ, ਉਸ ਐਲਾਨ ਦੀ ਪੁਸ਼ਟੀ ਕਰ ਦਿੱਤੀ ਹੈ। ਸੈਂਕੜੇ ਸਿੱਖਾਂ-ਸੇਵਕਾਂ ਵਾਲਾ ਗੁਰੂ ਨਾਨਕ ਹੁਣ ਕਾਇਆ ਪਲਟ ਕੇ ਗੁਰੂ ਅੰਗਦ ਸਾਹਿਬ ਦੇ ਸਰੂਪ ਵਿਚ ਗੁਰਗੱਦੀ `ਤੇ ਬੈਠਾ ਹੈ ਜਿਸ ਦੀ ਸੰਗਤਿ ਦਾ ਹੁਣ ਵਿਸਥਾਰ ਹੋਗਿਆ ਹੈ। ਸੰਗਤਿ ਗੁਰੂ ਅੰਗਦ ਦੇਵ ਜੀ ਦਾ ਦਰਵਾਜ਼ਾ ਮੱਲ ਕੇ ਪ੍ਰੇਮ ਨਾਲ ਸੇਵਾ ਕਰ ਰਹੀ ਹੈ ਜਿਸ ਨਾਲ ਆਤਮਾ ਪਵਿੱਤ੍ਰ ਹੋ ਰਹੀ ਹੈ; ਜਿਸ ਤਰ੍ਹਾਂ ਮਸਕਲੇ ਨਾਲ ਮਲ ਕੇ ਸਾਰਾ ਜੰਗਾਲ ਉਤਰ ਜਾਂਦਾ ਹੈ (ਇਸ ਦਾ ਭਾਵ ਹੈ ਕਿ ਸੇਵਾ ਰਾਹੀਂ ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਧੋਤੀ ਜਾਂਦੀ ਹੈ)। ਗੁਰੂ ਨਾਨਕ ਦੇ ਦਰ ਦਾ ਦਰਵੇਸ਼ ਗੁਰੂ ਅੰਗਦ ਨਾਮ ਦੀ ਦਾਤ ਦਾ ਸੁਆਲੀ ਹੈ ਅਤੇ ਪਰਵਦਗਾਰ ਦਾ ਨਾਮ ਜਪਦਿਆਂ ਸੱਚੇ ਨਾਮ ਦੀ ਲਾਲੀ ਚਿਹਰੇ `ਤੇ ਬਣੀ ਹੋਈ ਹੈ; ਭਾਵ ਉਨ੍ਹਾਂ ਦੇ ਮੁਖੜੇ `ਤੇ ਨਾਮ-ਸਿਮਰਨ ਦਾ ਨੂਰ ਹੈ। ਬਲਵੰਡ ਕਹਿੰਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਪਤਨੀ ਖੀਵੀ ਜੀ ਵੀ ਗੁਰੂ ਅੰਗਦ ਦੀ ਤਰ੍ਹਾਂ ਹੀ ਬਹੁਤ ਨੇਕ ਹਨ। ਸੰਗਤਿ ਦੇ ਸਿਰ ਉਤੇ ਮਾਤਾ ਖੀਵੀ ਦੀ ਛਾਂ ਬਹੁਤ ਸੰਘਣੀ ਹੈ, ਸੰਗਤਿ ਨੂੰ ਉਨ੍ਹਾਂ ਦਾ ਬਹੁਤ ਆਸਰਾ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਸ਼ਬਦ ਦਾ ਲੰਗਰ, ਨਾਮ ਦੀ ਦੌਲਤ ਦਾ ਲੰਗਰ ਵੰਡ ਰਹੇ ਹਨ, ਇਸੇ ਤਰ੍ਹਾਂ ਮਾਤਾ ਖੀਵੀ ਜੀ ਨੇ ਪਰਸ਼ਾਦੇ ਦਾ ਲੰਗਰ ਲਾਇਆ ਹੋਇਆ ਹੈ ਜਿਸ ਵਿਚ ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। ਗੁਰੂ ਦੇ ਦਰ `ਤੇ ਗੁਰਸਿੱਖਾਂ ਦੇ ਮੁੱਖ ਖਿੜੇ ਹੋਏ ਹਨ ਪਰ ਗੁਰੂ ਵੱਲੋਂ ਮੁਖ ਮੋੜਨ ਵਾਲਿਆਂ ਦੇ ਮੱਥੇ ਪੀਲੇ ਪਏ ਹੋਏ ਹਨ। ਗੁਰੂ ਅੰਗਦ ਨੇ ਜਦੋਂ ਮਰਦਾਂ ਵਾਲੀ ਘਾਲ ਘਾਲੀ ਤਾਂ ਗੁਰੂ ਨਾਨਕ ਦੇ ਦਰ ‘ਤੇ ਕਬੂਲ ਹੋਏ। ਮਾਤਾ ਖੀਵੀ ਜੀ ਦਾ ਉਹ ਪਤੀ ਹੈ ਜਿਸ ਨੇ ਸਾਰੀ ਦੁਨੀਆ ਦਾ ਭਾਰ ਚੁੱਕਿਆ ਹੋਇਆ ਹੈ:
ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ॥
ਧਰਮਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ॥
—-
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥3॥
“ਬਲਵੰਡ ਖੀਵੀ ਨੇਕ ਜਨ” ਇਥੇ ਬਲਵੰਡ ਦੇ ਨਾਮ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਤਿੰਨ ਪਉੜੀਆਂ ਰਾਇ ਬਲਵੰਡ ਨੇ ਆਖੀਆਂ ਹਨ। ਇਸ ਤੋਂ ਅਗਲੀਆਂ ਪੰਜ ਪਉੜੀਆਂ ਸੱਤੇ ਦੀ ਰਚਨਾ ਮੰਨੀ ਗਈ ਹੈ। ਸੱਤੇ ਨੇ ਗੁਰੂ ਨਾਨਕ ਸਾਹਿਬ ਵੱਲੋਂ ਗੁਰਗੱਦੀ ਗੁਰੂ ਅੰਗਦ ਸਾਹਿਬ ਨੂੰ ਦੇਣ ਦਾ ਜ਼ਿਕਰ ਕੀਤਾ ਹੈ ਕਿ ਦੁਨੀਆ ਕਹਿੰਦੀ ਹੈ ਕਿ ਜਗਤ ਦੇ ਗੁਰੂ ਨਾਨਕ ਨੇ ਹੱਦ ਦਾ ਉੱਚਾ ਬੋਲ ਬੋਲਿਆ ਹੈ ਅਤੇ ਹੋਰ ਪਾਸੇ ਤੋਂ ਹੀ ਗੰਗਾ ਵਹਾ ਦਿੱਤੀ, ਇਹ ਕੀ ਕੀਤਾ? ਗੁਰੂ ਨਾਨਕ ਨੇ ਉਚੀ ਸੁਰਤਿ ਨੂੰ ਮਧਾਣੀ ਬਣਾ ਕੇ, ਮਨ ਰੂਪ ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ ਸ਼ਬਦ ਵਿਚ ਰਿੜਕਣਾ ਪਾਇਆ ਹੈ ਭਾਵ ਮਨ ਨੂੰ ਕਾਬੂ ਕਰ ਕੇ ਸ਼ਬਦ ਨੂੰ ਵਿਚਾਰਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਸ਼ਬਦ-ਸਮੁੰਦਰ ਨੂੰ ਰਿੜਕ ਕੇ ਰੱਬੀ-ਗੁਣ ਰੂਪ ਚੌਦਾਂ ਰਤਨ ਕੱਢੇ ਹਨ ਅਤੇ ਇਨ੍ਹਾਂ ਗੁਣਾਂ ਨਾਲ ਸੰਸਾਰ ਨੂੰ ਸੁਹਣਾ ਬਣਾ ਦਿੱਤਾ ਹੈ। ਗੁਰੂ ਨਾਨਕ ਨੇ ਐਸੀ ਸਮਰੱਥਾ ਦਿਖਾਈ ਕਿ ਪਹਿਲਾਂ ਭਾਈ ਲਹਿਣਾ ਜੀ ਦਾ ਮਨ ਜਿੱਤ ਕੇ ਏਨੀ ਉਚੀ ਆਤਮਾ ਨੂੰ ਪਰਖਿਆ ਅਤੇ ਫਿਰ ਉਨ੍ਹਾਂ ਦੇ ਸਿਰ ਉਤੇ ਗੁਰਿਆਈ ਦਾ ਛਤਰ ਰੱਖ ਦਿੱਤਾ ਅਤੇ ਉਨ੍ਹਾਂ ਦੀ ਸੋਭਾ ਅਸਮਾਨ ਤੱਕ ਚੜ੍ਹਾ ਦਿੱਤੀ। ਇਸ ਤਰ੍ਹਾਂ ਗੁਰੂ ਨਾਨਕ ਦੀ ਆਤਮਾ ਗੁਰੂ ਅੰਗਦ ਦੀ ਆਤਮਾ ਨਾਲ ਇਸ ਤਰ੍ਹਾਂ ਮਿਲ ਕੇ ਇੱਕਮਿਕ ਹੋ ਗਈ ਕਿ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਆਪਣੇ ਆਪੇ ਨਾਲ ਮਿਲਾ ਕੇ ਸਾਵਾਂ ਕਰ ਲਿਆ। ਸਾਰੀ ਸੰਗਤਿ ਵੇਖੋ ਗੁਰੂ ਨਾਨਕ ਨੇ ਜੋ ਕੀਤਾ ਹੈ, ਉਨ੍ਹਾਂ ਨੇ ਆਪਣੇ ਸਿੱਖਾਂ-ਪੁੱਤਰਾਂ ਦੀ ਪਰਖ-ਪੜਚੋਲ ਕਰ ਕੇ ਜਦੋਂ ਸੁਧਾਈ ਕੀਤੀ ਤਾਂ ਗੁਰਗੱਦੀ ਲਈ ਭਾਈ ਲਹਿਣਾ ਜੀ ਨੂੰ ਚੁਣਿਆ:

ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥
———
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥4॥
ਸੱਤੇ ਅਨੁਸਾਰ ਜਦੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਮਿਲੀ ਤਾਂ ਫੇਰੂ ਜੀ ਦੇ ਪੁੱਤਰ (ਗੁਰੂ ਅੰਗਦ ਸਾਹਿਬ) ਨੇ ਆ ਕੇ ਖਡੂਰ ਸਾਹਿਬ ਦੀ ਰੌਣਕ ਵਧਾ ਦਿੱਤੀ ਅਰਥਾਤ ਉਹ ਕਰਤਾਰ ਪੁਰ ਛੱਡ ਕੇ ਖਡੂਰ ਆ ਗਏ। ਸੱਤਾ ਬਿਆਨ ਕਰਦਾ ਹੈ ਕਿ ਹੋਰ ਸੰਸਾਰ ਬਹੁਤ ਗਰੂਰ ਵਿਚ ਫਸਿਆ ਹੋਇਆ ਹੈ ਪ੍ਰੰਤੂ ਗੁਰੂ ਅੰਗਦ ਸਾਹਿਬ ਕੋਲ ਜਪ, ਤਪ, ਸੰਜਮ ਅਤੇ ਹਲੀਮੀ ਆਦਿ ਦੇ ਨੈਤਿਕ ਗੁਣ ਹਨ। ਲਾਲਚ ਮਨੁੱਖ ਨੂੰ ਇਸ ਤਰ੍ਹਾਂ ਤਬਾਹ ਕਰ ਦਿੰਦਾ ਹੈ ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰ ਦਿੰਦਾ ਹੈ। ਗੁਰੂ ਦੀ ਦਰਗਾਹ ਵਿਚ ਨਾਮ ਦੀ ਵਰਖਾ ਹੋਣ ਕਰਕੇ ਗੁਰੂ ਅੰਗਦ ਉੱਤੇ ਨੂਰ ਚਮਕਦਾ ਹੈ। ਗੁਰੂ ਅੰਗਦ ਉਹ ਸੀਤਲ ਸਮੁੰਦਰ ਹੈ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਪਰਮਾਤਮਾ ਦਾ ਨਾਮ ਹੀ ਨੌਂ ਨਿਧ (ਨੌਂ ਖਜਾਨੇ) ਹੈ ਜੋ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿਚ ਭਰਿਆ ਹੋਇਆ ਹੈ। ਜੋ ਮਨੁੱਖ ਗੁਰੂ ਅੰਗਦ ਦੀ ਨਿੰਦਾ ਕਰਦਾ ਹੈ ਉਹ ਆਤਮਕ ਤੌਰ `ਤੇ ਤਬਾਹ ਹੋ ਜਾਂਦਾ ਹੈ। ਸੰਸਾਰਕ ਲੋਕਾਂ ਨੂੰ ਸਿਰਫ਼ ਨੇੜੇ ਦੇ ਪਦਾਰਥ ਹੀ ਨਜ਼ਰ ਆਉਂਦੇ ਹਨ ਅਰਥਾਤ ਨੇੜੇ ਦੀ ਹੀ ਸੁਝਦੀ ਹੈ ਪ੍ਰੰਤੂ ਗੁਰੂ ਅੰਗਦ ਦੇਵ ਜੀ ਦੀ ਦੂਰ-ਦ੍ਰਿਸ਼ਟੀ ਨੂੰ ਅਗਾਂਹ ਵਾਪਰਨ ਵਾਲਾ ਵੀ ਸਭ ਕੁੱਝ ਦਿਖਾਈ ਦਿੰਦਾ ਹੈ। ਬਾਬਾ ਫੇਰੂ ਦੇ ਪੁੱਤਰ ਨੇ ਆ ਕੇ ਖਡੂਰ ਦੀ ਰੌਣਕ ਸਥਾਪਤ ਕੀਤੀ:
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥
——–
ਫੇਰਿ ਵਸਾਇਆ ਫੇਰੁਆਣਿ ਸਤਿਗੁਿਰ ਖਾਡੂਰੁ॥5॥
ਛੇਵੀਂ ਪਉੜੀ ਵਿਚ ਸੱਤਾ ਗੁਰੂ ਅਮਰਦਾਸ, ਤੀਸਰੀ ਨਾਨਕ ਜੋਤਿ ਦੇ ਗੁਰਗੱਦੀ `ਤੇ ਸਥਾਪਤ ਹੋਣ ਦਾ ਜ਼ਿਕਰ ਕਰਦਾ ਹੈ ਕਿ ਗੁਰਗੱਦੀ ਦਾ ਤਿਲਕ ਉਹੀ ਹੈ, ਗੁਰੂ ਦਾ ਤਖਤ ਵੀ ਉਹੀ ਹੈ ਅਤੇ ਉਹੀ ਗੁਰੂ ਦਾ ਦਰਬਾਰ ਹੈ। ਪਿਉ (ਗੁਰੂ ਅੰਗਦ) ਅਤੇ ਦਾਦੇ (ਗੁਰੂ ਨਾਨਕ) ਵਾਂਗ ਹੀ ਪੋਤਰਾ ਭਾਵ ਗੁਰੂ ਅਮਰਦਾਸ ਭੀ ਉਸੇ ਕਿਸਮ ਦੇ ਮਾਣ-ਸਨਮਾਨ ਵਾਲਾ ਅਤੇ ਮੰਨਿਆ-ਪ੍ਰਮੰਨਿਆ ਗੁਰੂ ਹੈ। ਇਸ ਦੇ ਮੱਥੇ ਉਤੇ ਭੀ ਉਹੀ ਨੂਰ ਚਮਕ ਰਿਹਾ ਹੈ। ਗੁਰੂ ਅਮਰਦਾਸ ਨੇ ਭੀ ਆਪਣੇ ਮਨ ਰੂਪ ਨਾਗ ਨੂੰ ਨੇਤ੍ਰੀ ਬਣਾ ਕੇ, ਉੱਚੀ ਸੁਰਤਿ-ਰੂਪ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਗੁਰ-ਸ਼ਬਦ ਰੂਪ ਸਮੁੰਦਰ ਨੂੰ ਰਿੜਕਿਆ ਹੈ ਅਤੇ ਉਸ ਵਿਚੋਂ ਰਿੜਕ ਕੇ ਰੱਬੀ ਗੁਣਾਂ ਦੇ ਰੂਪ ਵਿਚ ਚੌਦਾਂ ਰਤਨ ਕੱਢੇ ਹਨ, ਜਿਸ ਨਾਲ ਸੰਸਾਰ ਵਿਚ ਗਿਆਨ ਦਾ ਚਾਨਣ ਵੰਡਿਆ ਹੈ। ਗੁਰੂ ਅਮਰਦਾਸ ਨੇ ਸਹਿਜ-ਅਵਸਥਾ ਦਾ ਘੋੜਾ ਬਣਾ ਕੇ ਉਸ ਉਤੇ ਜਤ ਦੀ ਕਾਠੀ ਪਾਈ ਹੈ ਜੋ ਵਿਕਾਰਾਂ ਨੂੰ ਰੋਕ ਕੇ ਰੱਖਣ ਵਾਲੀ ਸ਼ਕਤੀ ਹੈ। ਸੁੱਚੇ ਕਿਰਦਾਰ ਦਾ ਕਮਾਨ ਕਸਿਆ ਹੈ ਅਤੇ ਕਰਤਾ ਪੁਰਖ ਦੀ ਸਿਫ਼ਤਿ-ਸਾਲਾਹ ਦਾ ਤੀਰ ਫੜਿਆ ਹੈ। ਦੁਨੀਆ ਵਿਕਾਰਾਂ ਦੇ ਘੁੱਪ ਹਨੇਰੇ ਵਿਚ ਗ੍ਰਸਤ ਸੀ ਪ੍ਰੰਤੂ ਗੁਰੂ ਅਮਰਦਾਸ ਰਾਹੀਂ ਗਿਆਨ ਦੀਆਂ ਕਿਰਨਾਂ ਵਾਲਾ ਸੂਰਜ ਚੜ੍ਹ ਪਿਆ; ਜਿਸ ਨੇ ਸੱਤ ਨਾਲ ਹੀ ਖੇਤੀ ਜਮਾਈ ਅਤੇ ਸਤ ਨਾਲ ਹੀ ਉਸ ਦੀ ਰਾਖੀ ਕੀਤੀ। ਗੁਰੂ ਅਮਰਦਾਸ ਦੇ ਲੰਗਰਾਂ ਵਿਚ ਘਿਉ, ਮੈਦਾ ਅਤੇ ਖੰਡ ਵਰਗੇ ਵਧੀਆ ਪਦਾਰਥ ਵਰਤੇ ਜਾਂਦੇ ਹਨ। ਜਿਸ ਮਨੁੱਖ ਨੇ ਆਪਣੇ ਮਨ ਵਿਚ ਗੁਰੂ ਦਾ ਸ਼ਬਦ ਵਸਾ ਲਿਆ ਹੈ ਉਸ ਨੂੰ ਚਹੁੰ ਕੁੰਡਾਂ ਦੀ ਸੋਝੀ ਹੋ ਗਈ ਹੈ। ਗੁਰੂ ਜਿਸ ਉਤੇ ਵੀ ਮਿਹਰ ਦੀ ਨਜ਼ਰ ਕਰਕੇ ਗੁਰੂ ਸ਼ਬਦ ਦੀ ਰਾਹਦਾਰੀ ਬਖਸ਼ਦਾ ਹੈ ਉਸ ਦਾ ਆਵਾਗਵਣ ਅਰਥਾਤ ਜਨਮ ਮਰਨ ਦਾ ਚੱਕ੍ਰ ਮੁੱਕ ਜਾਂਦਾ ਹੈ। ਸੱਤੇ ਦਾ ਮੰਨਣਾ ਹੈ ਕਿ ਆਪ ਕਰਤਾ ਪੁਰਖ ਅਵਤਾਰ ਲੈ ਕੇ ਗੁਰੂ ਅਮਰਦਾਸ ਦੇ ਰੂਪ ਵਿਚ ਆਇਆ ਹੈ। ਗੁਰੂ ਅਮਰਦਾਸ ਉਹ ਸੁਮੇਰ ਪਰਬਤ ਹੈ ਜੋ ਵਿਕਾਰਾਂ ਦੇ ਝੱਖੜ ਵਿਚ ਨਹੀਂ ਡੋਲਦਾ, ਅਡੋਲ ਅਤੇ ਅਟੱਲ ਰਹਿੰਦਾ ਹੈ। ਉਹ ਜਾਣੀ-ਜਾਣ ਹੈ ਅਤੇ ਹਰ ਇਕ ਦੇ ਮਨ ਦੀ ਪੀੜ ਨੂੰ ਜਾਣਦਾ ਹੈ। ਸੱਤਾ ਬੇਨਤੀ ਕਰਦਾ ਹੈ ਕਿ ਸੱਚੇ ਪਾਤਿਸ਼ਾਹ ਤੇਰੀ ਸਿਫ਼ਤਿ-ਸਾਲਾਹ ਕਥਨ ਤੋਂ ਬਾਹਰ ਹੈ, ਤੂੰ ਸਮਝ ਵਾਲਾ ਅਤੇ ਆਤਮਕ ਬੁਲੰਦੀਆ ਦਾ ਮਾਲਕ ਹੈਂ। ਮੈਨੂੰ ਸੱਤੇ ਨੂੰ ਤੂੰ ਜੋ ਵੀ ਬਖਸ਼ਿਸ਼ ਕਰੇਂ ਉਹੀ ਚੰਗੀ ਹੈ:
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥
ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥
——–
ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ॥6॥
ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਗੁਰੂ ਰਾਮਦਾਸ ਨੂੰ ਸਥਾਪਤ ਕਰਦੇ ਹਨ ਅਤੇ ਗੁਰੂ ਗੱਦੀ ਦੇਣ ਦਾ ਪੈਮਾਨਾ ਉਹੀ ਹੈ ਯੋਗਤਾ-ਮੂਲਕ। ਸੱਤਾ ਬਿਆਨ ਕਰਦਾ ਹੈ ਕਿ ਗੁਰੂ ਰਾਮਦਾਸ ਧੰਨ ਹੈ। ਜਿਸ ਕਰਤਾ ਪੁਰਖ ਨੇ ਗੁਰੂ ਰਾਮਦਾਸ ਨੂੰ ਪੈਦਾ ਕੀਤਾ ਉਸੇ ਨੇ ਉਸ ਨੂੰ ਸੁਹਣਾ ਵੀ ਬਣਾਇਆ ਹੈ। ਇਹ ਇੱਕ ਕਰਾਮਾਤ ਹੀ ਹੈ ਜੋ ਪੂਰੀ ਹੋਈ ਕਿ ਸਿਰਜਣਹਾਰ ਵਾਹਿਗੁਰੂ , ਕਰਤਾ ਪੁਰਖ ਨੇ ਆਪਣੇ ਆਪ ਨੂੰ ਗੁਰੂ ਰਾਮਦਾਸ ਵਿਚ ਟਿਕਾਇਆ ਹੈ ਅਰਥਾਤ ਸਿਰਜਣਹਾਰ ਵਾਹਿਗੁਰੂ ਦੀ ਜੋਤਿ ਗੁਰੂ ਰਾਮਦਾਸ ਵਿਚ ਬਿਰਾਜਮਾਨ ਹੈ। ਸਾਰੇ ਸਿੱਖਾਂ ਅਤੇ ਸੰਗਤਾਂ ਨੇ ਗੁਰੂ ਰਾਮਦਾਸ ਨੂੰ ਕਰਤਾ ਪੁਰਖ ਦਾ ਸਰੂਪ ਜਾਣ ਕੇ ਨਮਸਕਾਰ ਕੀਤੀ ਹੈ ਭਾਵ ਉਨ੍ਹਾਂ ਨੂੰ ਅਕਾਲ ਪੁਰਖ ਦਾ ਰੂਪ ਮੰਨ ਕੇ ਗੁਰੂ ਸਵੀਕਾਰ ਕਰ ਲਿਆ ਹੈ ਅਤੇ ਆਪਣਾ ਸਿਰ ਗੁਰੂ ਚਰਨਾਂ ਵਿਚ ਝੁਕਾ ਦਿੱਤਾ ਹੈ। ਸੱਤਾ ਗੁਰੂ ਰਾਮਦਾਸ ਜੀ ਦੀ ਸਿਫ਼ਤਿ-ਸਾਲਾਹ ਕਰਦਾ ਹੈ ਕਿ ਗੁਰੂ ਰਾਮਦਾਸ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੂੰ ਬੇਅੰਤ ਹੈਂ, ਅਥਾਹ ਸਮੁੰਦਰ ਹੈਂ ਜਿਸ ਦੇ ਆਰਪਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਕਿਸੇ ਨੇ ਵੀ ਪ੍ਰੇਮ ਅਤੇ ਸ਼ਰਧਾ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਸ ਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਉਨ੍ਹਾਂ ਦੇ ਅੰਦਰੋਂ ਲੋਭ, ਮੋਹ, ਕਾਮ, ਕ੍ਰੋਧ ਅਤੇ ਹੋਰ ਸਾਰੇ ਵਿਕਾਰ ਤੂੰ ਮਾਰ ਕੇ ਬਾਹਰ ਕੱਢ ਦਿੱਤੇ ਹਨ; ਭਾਵ ਜਿਸ ਪ੍ਰਾਣੀ ਨੇ ਵੀ ਗੁਰੂ ਰਾਮਦਾਸ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ ਅਤੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਨਾਲ ਜੋੜਿਆ ਹੈ, ਉਸ ਦੇ ਅੰਦਰੋਂ ਹਰ ਤਰ੍ਹਾਂ ਦੇ ਵਿਕਾਰ ਖਤਮ ਹੋ ਗਏ ਹਨ। ਸੱਤਾ ਗੁਰੂ ਰਾਮਦਾਸ ਵਿਚ ਆਪਣੀ ਸ਼ਰਧਾ ਪਰਗਟ ਕਰਦਾ ਹੈ ਕਿ ਮੈਂ ਉਸ ਥਾਂ ਤੋਂ ਸਦਕੇ ਜਾਂਦਾ ਹੈ ਜਿੱਤੇ ਤੇਰਾ ਵਾਸਾ ਹੈ। ਤੇਰੀ ਸੰਗਤਿ ਸਦੀਵੀ ਕਾਇਮ ਰਹਿਣ ਵਾਲੀ ਹੈ। ਹੇ ਗੁਰੂ ਰਾਮਦਾਸ ਗੁਰੂ ਨਾਨਕ ਵੀ ਤੂੰ ਹੀ ਹੈ, ਲਹਿਣਾ (ਗੁਰੂ ਅੰਗਦ ਦੇਵ) ਵੀ ਤੂੰ ਹੈਂ ਅਤੇ ਗੁਰੂ ਅਮਰਦਾਸ ਵੀ ਤੂੰ ਹੀ ਹੈਂ। ਇਥੇ ਸੱਤੇ ਨੇ ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਰੱਬੀ ਜੋਤਿ ਹੋਣ ਦੇ ਤੱਥ ਦੀ ਪ੍ਰੋੜਤਾ ਕੀਤੀ ਹੈ। ਸੱਤੇ ਦਾ ਮੰਨਣਾ ਹੈ ਕਿ ਜਿਸ ਕਿਸੇ ਨੇ ਵੀ ਗੁਰੂ ਰਾਮਦਾਸ ਦੇ ਦਰਸ਼ਨ-ਦੀਦਾਰੇ ਕੀਤੇ ਹਨ ਉਸ ਦਾ ਮਨ ਸਕੂਨ ਵਿਚ ਹੈ ਅਤੇ ਟਿਕ ਗਿਆ ਹੈ।
ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪੁ ਸਿਰਜਣਹਾਰੈ ਧਾਰਿਆ॥
——–
ਨਾਨਕੁ ਤੂ ਲਹਣਾ ਤੂਹੈ ਗੁਰੂ ਅਮਰੁ ਤੂ ਵੀਚਾਰਿਆ॥
ਗੁਰੂ ਡਿਠਾ ਤਾਂ ਮਨੁ ਸਾਧਾਰਿਆ॥7॥
ਸੱਤਾ ਆਖ਼ਰੀ ਅਤੇ ਅਠਵੀਂ ਪਉੜੀ ਵਿਚ ਬਿਆਨ ਕਰਦਾ ਹੈ ਕਿ ਚਾਰੇ ਗੁਰੂ (ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ) ਆਪਣੇ ਚਹੁੰਆਂ ਜਾਮਿਆਂ ਵਿਚ, ਆਪਣੇ ਆਪਣੇ ਸਮੇਂ ਵਿਚ ਰੌਸ਼ਨ ਹੋਏ ਹਨ ਅਤੇ ਕਰਤਾ ਪੁਰਖ (ਪੰਚਾਇਣ) ਆਪ ਹੀ ਉਨ੍ਹਾਂ ਵਿਚ ਪਰਗਟ ਹੋਇਆ ਹੈ ਅਰਥਾਤ ਗੁਰੂ ਰੱਬ ਦਾ ਹੀ ਸਰੂਪ ਹਨ। ਕਰਤਾ ਪੁਰਖ ਨੇ ਆਪ ਹੀ ਇਸ ਬ੍ਰਹਮੰਡ ਜਾਂ ਸ੍ਰਿਸ਼ਟੀ ਨੂੰ ਸਾਜਿਆ ਹੈ, ਆਪਣੇ ਆਪ ਨੂੰ ਇਸ ਵਿਚ ਪਰਗਟ ਕੀਤਾ ਅਤੇ ਆਪ ਹੀ ਗੁਰੂ ਆ ਦਾ ਸਰੂਪ ਹੋ ਕੇ ਇਸ ਦਾ ਆਸਰਾ ਬਣ ਕੇ ਇਸ ਨੂੰ ਟਿਕਾ ਕੇ ਰੱਖਿਆ ਹੈ। ਭਾਵ ਇਸ ਸ੍ਰਿਸ਼ਟੀ ਨੂੰ ਕਰਤਾ ਪੁਰਖ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕੀਤਾ ਹੈ ਅਤੇ ਇਸ ਲਈ ਇਹ ਕਰਤਾ ਪੁਰਖ ਦਾ ਹੀ ਪਰਗਟ ਰੂਪ ਹੈ। ਗੁਰੂ ਆਂ ਵਿਚ ਉਸੇ ਕਰਤਾ ਪੁਰਖ ਦੀ ਜੋਤਿ ਵਿਆਪਕ ਹੈ ਅਤੇ ਜੋਤਿ-ਸਰੂਪ ਹੋ ਕੇ ਗੁਰੂ ਸ੍ਰਿਸ਼ਠੀ ਦਾ ਆਸਰਾ ਬਣ ਰਹੇ ਹਨ। ਕਰਤਾ ਪੁਰਖ ਆਪ ਹੀ ਪੱਟੀ ਹੈ, ਆਪ ਹੀ ਕਲਮ ਹੈ ਅਤੇ ਆਪ ਹੀ ਮਨੁੱਖਤਾ ਦੀ ਅਗਵਾਈ ਕਰਨ ਲਈ ਗੁਰੂ -ਰੂਪ ਹੋ ਕੇ ਪੱਟੀ ‘ਤੇ ਲਿਖ ਰਿਹਾ ਹੈ। ਇਹ ਸੰਸਾਰ ਆਉਣਾ-ਜਾਣਾ ਹੈ ਅਰਥਾਤ ਸ੍ਰਿਸ਼ਟੀ ਦੇ ਜੀਵ ਪੈਦਾ ਹੋ ਰਹੇ ਹਨ ਅਤੇ ਸੰਸਾਰ ਤੋਂ ਜਾ ਵੀ ਰਹੇ ਹਨ ਪ੍ਰੰਤੂ ਕਰਤਾ ਪੁਰਖ ਆਪਣੀ ਸ੍ਰਿਸ਼ਟੀ ਵਿਚ ਪਰਗਟ ਹੋ ਕੇ ਵੀ ਸਦਾ ਨਵਾਂ-ਨਰੋਆ ਹੈ ਅਰਥਾਤ ਨਿਰੰਜਣ ਅਤੇ ਨਿਰਲੇਪ ਹੈ। ਉਸ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਤਖਤ ਦੇ ਉਤੇ ਹੁਣ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਬਿਰਾਜਮਾਨ ਹਨ ਅਤੇ ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ। ਭਾਵ ਹੁਣ ਹਰ ਥਾਂ ਗੁਰੂ ਅਰਜਨ ਦੇਵ ਪਾਤਿਸ਼ਾਹ ਦਾ ਤੇਜ-ਪ੍ਰਤਾਪ ਪਸਾਰਾ ਕਰ ਰਿਹਾ ਹੈ। ਸੂਰਜ ਦੇ ਚੜ੍ਹਨ ਤੋਂ ਲੈ ਕੇ ਸੂਰਜ ਦੇ ਛਿਪਣ ਤੱਕ, ਚਾਰੇ ਚੱਕਾਂ ਵਿਚ, ਹਰ ਪਾਸੇ ਗੁਰੂ ਅਰਜਨ ਸਾਹਿਬ ਨੇ ਗਿਆਨ ਦਾ ਚਾਨਣ ਕਰ ਦਿੱਤਾ ਹੈ। ਮਨਮੁਖ, ਆਪਣੇ ਮਨ ਦੇ ਪਿੱਛੇ ਲੱਗ ਕੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕੀਤਾ, ਗੁਰੂ ਤੋਂ ਬੇਮੁਖ ਹੋ ਕੇ ਚੱਲੇ ਹਨ, ਉਹ ਮਰ ਗਏ ਹਨ, ਆਤਮਕ ਜੀਵਨ ਤੋਂ ਵਿਹੂਣੇ ਹੋ ਕੇ ਜਿਉਂ ਰਹੇ ਹਨ। ਗੁਰੂ ਅਰਜਨ ਦੇਵ ਪਾਤਿਸ਼ਾਹ ਦੀ ਵਡਿਆਈ ਦਿਨ ਦੂਣੀ ਅਤੇ ਰਾਤ ਚੌਗੁਣੀ ਹੋ ਕੇ ਵਧ ਰਹੀ ਹੈ। ਕਰਤਾ ਪੁਰਖ ਨੇ ਗੁਰੂ ਦੇ ਰੂਪ ਵਿਚ ਸੱਚੀ ਸੁਗਾਤ ਦਿੱਤੀ ਹੈ। ਚਾਰੇ ਗੁਰੂ ਆਪਣੇ ਆਪਣੇ ਸਮੇਂ ਵਿਚ ਰੱਬੀ ਜੋਤਿ ਦੇ ਰੂਪ ਵਿਚ ਰੌਸ਼ਨ ਹੋਏ ਅਤੇ ਅਕਾਲ ਪੁਰਖ ਉਨ੍ਹਾਂ ਦੇ ਰੂਪ ਵਿਚ ਪਰਗਟਹੋਇਆ:
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥
ਆਪੀਨੈ੍ਹ ਆਪੁ ਸਾਜਿਓਨੁ ਆਪੇ ਹੀ ਥੰਮ੍ਹਿ ਖਲੋਆ॥
———-
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥8॥
ਅਸੀਂ ਦੇਖ ਸਕਦੇ ਹਾਂ ਕਿ ਬਲਵੰਡ ਅਤੇ ਸੱਤੇ ਨੇ ਆਪਣੀ ਵਾਰ ਵਿਚ ਸਾਰੇ ਗੁਰੂ ਸਾਹਿਬਾਨ ਵਿਚ ਇਕੋ ਗੁਰੂ ਜੋਤਿ ਅਤੇ ਇੱਕੋ ਗੁਰੂ ਜੁਗਤਿ ਹੋਣ ਦੇ ਸਿਧਾਂਤ, ਅਤੇ ਗੁਰਗੱਦੀ ਦੀ ਚੋਣ ਦਾ ਸਿਧਾਂਤ ਯੋਗਤਾ-ਮੂਲਕ ਹੋਣ ਨੂੰ ਬਾ-ਖ਼ੂਬੀ ਬਿਆਨਿਆ ਹੈ।