ਗੁਰਬਚਨ ਸਿੰਘ, ਸੰਪਰਕ 9815698451
ਮੋਦੀ ਭਗਤ ਸ਼ੇਖਰ ਗੁਪਤਾ ਦੀ ਇੰਟਰਨੈਟ ਅਖਬਾਰ ‘ਦ ਪਰਿੰਟ’ ਵਿਚ ਉਨਤੀ ਸ਼ਰਮਾ ਦੀ ਛਪੀ ਇਕ ਲਿਖਤ (5 ਅਗਸਤ) ਵਿਚ ਰਾਹੁਲ ਗਾਂਧੀ ਦਾ ਇਸ ਲਈ ਮਜ਼ਾਕ ਉਡਾਇਆ ਗਿਆ ਹੈ, ਕਿਉਂਕਿ ਉਸ ਨੇ ਪਰਵੀਨ ਸਾਹਨੀ ਦੀ ਕਿਤਾਬ ‘ਆਖਰੀ ਜੰਗ’ ਨੂੰ ‘ਮਹੱਤਵਪੂਰਨ ਅਤੇ ਸਮੇਂ ਦੇ ਮੁਤਾਬਿਕ’ ਦੱਸਿਆ ਹੈ। ਇਸ ਕਿਤਾਬ ਵਿਚ ਸਾਹਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਆਪਣੀ ਫੌਜੀ ਤਿਆਰੀ ਦੀ ਘਾਟ ਕਾਰਨ ਭਾਰਤ ਨੇੜ ਭਵਿੱਖ ਵਿਚ ਚੀਨ ਨਾਲ ਲੱਗਣ ਵਾਲੀ ਜੰਗ 10 ਦਿਨ ਵਿਚ ਹਾਰ ਸਕਦਾ ਹੈ। ਚੀਨ, ਲੱਦਾਖ ਅਤੇ ਅਰੁਣਾਚਲ ਪਰਦੇਸ਼ ਉਤੇ ਕਬਜ਼ਾ ਕਰ ਸਕਦਾ ਹੈ, ਜਿਸ ਨੂੰ ਭਾਰਤ ਹੁਣ ਤਕ ਆਪਣਾ ਇਲਾਕਾ ਕਹਿੰਦਾ ਆਇਆ ਹੈ। ਸਾਹਨੀ ਨੇ ਆਪਣੀ ਕਿਤਾਬ ਵਿਚ ਠੋਸ ਤੱਥਾਂ ਦੇ ਆਧਾਰ ਉਤੇ ਇਹ ਦਾਅਵਾ ਵੀ ਕੀਤਾ ਹੈ ਕਿ ਚੀਨ ਜਿਵੇਂ ਅਨੇਕ ਪੱਧਰਾਂ ਉਤੇ ਫੌਜੀ ਹਮਲੇ ਦੀ ਤਿਆਰੀ ਕਰ ਰਿਹਾ ਹੈ, ਭਾਰਤੀ ਫੌਜ ਤਿਆਰੀ ਪੱਖੋਂ ਉਸ ਦੇ ਨੇੜੇ ਤੇੜੇ ਵੀ ਨਹੀਂ। ਫਿਰ ਜਿਵੇਂ ਮੋਦੀਕਿਆਂ ਨੇ ਫੌਜ ਦਾ ਭਗਵਾਂਕਰਨ ਕੀਤਾ ਹੈ, ਇਸ ਨੇ ਫੌਜ ਦੀ ਜੰਗੀ ਸਮੱਰਥਾ ਨੂੰ ਹੋਰ ਵੀ ਘਟਾ ਦਿੱਤਾ ਹੈ। ਮਾਲੀ ਸਾਧਨਾਂ ਦੀ ਘਾਟ ਕਾਰਨ ਅਗਨੀਵੀਰ ਦੇ ਬਹਾਨੇ ਫੌਜ ਦੀ ਕੀਤੀ ਜਾ ਰਹੀ ਕਾਂਟ ਛਾਂਟ ਵੀ ਇਸ ਦੀ ਲੜਾਕੂ ਸ਼ਕਤੀ ਨੂੰ ਪ੍ਰਭਾਵਿਤ ਕਰ ਰਹੀ ਹੈ।
ਮੋਦੀ ਭਗਤਾਂ ਦੇ ਮਨ ਵਿਚ ਰਾਹੁਲ ਗਾਂਧੀ ਦੀ ਦੇਸ਼ ਭਗਤੀ ਪ੍ਰਤੀ ਸ਼ੱਕ ਪੈਦਾ ਕਰਨ ਲਈ ਲੇਖਕ ਨੇ ਕਿਤਾਬ ਦੇ ਟਾਈਟਲ ਉਤੇ ਲਿਖੇ ਰਾਹੁਲ ਗਾਂਧੀ ਦੇ ਇਸ ਕਥਨ ਨੂੰ ਬਹੁਤ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਹੈ ਕਿ ‘‘ਤੁਸੀਂ ਕਿਤਾਬ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਉਥਲਾਂ-ਪੁਥਲਾਂ ਨਾਲ ਭਰੇ ਇਸ ਦੌਰ ਵਿਚ ਪਰਵੀਨ ਸਾਹਨੀ ਦਾ ਇਹ ਭਰਵਾਂ ਅਤੇ ਝੰਜੋੜ ਕੇ ਰੱਖ ਦੇਣ ਵਾਲੀ ਪੜਚੋਲ ਬੜੀ ਮੌਕੇ ਮੁਤਾਬਿਕ ਅਤੇ ਪੜ੍ਹਨ ਵਾਲੀ ਹੈ।’’
ਬੇਸ਼ੱਕ ਕਿਤਾਬ ਵਿਚ ਪੇਸ਼ ਕੀਤੇ ਗਏ ਤੱਥਾਂ ਨੂੰ ਲੈ ਕੇ ਲੇਖਕ ਕਿਤੇ ਵੀ ਉਨ੍ਹਾਂ ਦਾ ਖੰਡਨ ਕਰਨ ਵਿਚ ਸਫਲ ਨਹੀਂ ਹੋ ਸਕੀ, ਬਲਕਿ ਉਸ ਨੇ ਸਾਹਨੀ ਦੀਆਂ ਧਾਰਨਾਵਾਂ ਦੀ ਪੁਸ਼ਟੀ ਜ਼ਰੂਰ ਕੀਤੀ ਹੈ। ਸਾਹਨੀ ਦੀ ਕਿਤਾਬ ਦੇ ਹਵਾਲੇ ਨਾਲ ਲਿਖਤ ਵਿਚ ਦੱਸਿਆ ਗਿਆ ਹੈ ਕਿ 1991 ਵਿਚ ਹੋਈ ਖਾੜੀ ਜੰਗ ਵਾਂਗ ਚੀਨ ਦਾ ਭਾਰਤ ਉਤੇ ਹੋਣ ਵਾਲਾ ਇਹ ਹਮਲਾ ਦੁਨੀਆਂ ਭਰ ਨੂੰ ਹੈਰਾਨ ਕਰ ਦੇਵੇਗਾ। ਕਿਉਂਕਿ ਪਹਿਲੀ ਵਾਰ ਇਸ ਜੰਗ ਵਿਚ ਨਵੀਆਂ ਤਕਨੀਕਾਂ, ਨਕਲੀ ਬੌਧਿਕਤਾ, ਰੋਬੋਟ ਆਧਾਰਿਤ ਬਹੁਪੱਖੀ ਅਪਰੇਸ਼ਨਾਂ ਤੇ ਬੌਧਿਕ ਤੌਰ ਉਤੇ ਵਿਕਸਿਤ ਕੀਤੇ ਗਏ ਨਵੇਂ ਜੰਗੀ ਸੰਕਲਪਾਂ ਦੀ ਵਰਤੋਂ ਕੀਤੀ ਜਾਵੇਗੀ। ਚੀਨ ਇਸ ਜੰਗ ਲਈ ਡੋਕਲਾਮ ਸੰਕਟ (2017) ਤੋਂ ਤਿਆਰੀ ਕਰ ਰਿਹਾ ਹੈ। ਸਾਹਨੀ ਦੀ ਕਿਤਾਬ ਵਿਚ ਦਿੱਤੀ ਜਾਣਕਾਰੀ ਅਨੁਸਾਰ ਚੀਨ ਜੰਗ ਦੇ ਪਹਿਲੇ ਦਿਨ ਹੀ ਸਾਈਬਰ ਸਪੇਸ ਦੀ ਲੜਾਈ ਵਿਚ ਭਾਰਤ ਦਾ ਸਾਰਾ ਸਰਕਾਰੀ ਤਾਣਾ-ਬਾਣਾ ਜਾਮ ਕਰ ਦੇਵੇਗਾ, ਜਿਸ ਦੀ ਉਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਚੀਨ ਇਹ ਜੰਗ ਰੋਬੋਟਾਂ (ਮਨੁੱਖੀ ਮਸ਼ੀਨਾਂ) ਨਾਲ ਲੜੇਗਾ। ਇਸ ਜੰਗ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਲੜੇਗੀ, ਜਿਸ ਦੀ ਚੀਨ ਨੇ ਮੁਹਾਰਤ ਹਾਸਲ ਕਰ ਰੱਖੀ ਹੈ।
ਲਿਖਤ ਮੁਤਾਬਕ ਸਾਹਨੀ ਨੇ ਚੀਨ ਤੇ ਪਾਕਿਸਤਾਨ ਦੇ ਹੋਏ ਯੁੱਧਨੀਤਕ ਗੱਠਜੋੜ ਬਾਰੇ ਵੀ ਰਾਹੁਲ ਗਾਂਧੀ ਨਾਲ ਚਰਚਾ ਕੀਤੀ ਹੈ। ਸਾਹਨੀ ਦੇ ਕਥਨ ਅਨੁਸਾਰ : ‘‘2014 ਤੋਂ ਬਾਅਦ ਸਾਡੀ ਹੁਕਮਰਾਨ ਜਮਾਤ ਨੇ ਭਾਰਤ ਦੇ ਆਲਮੀ ਦ੍ਰਿਸ਼ਟੀਕੋਣ ਨੂੰ ਮਾਨਸਿਕ ਰੋਗ ਦੀ ਹੱਦ ਤਕ ਜਾ ਕੇ ਇਕ ਨੁਕਾਤੀ ਪਾਕਿਸਤਾਨ ਤਕ ਸੀਮਤ ਕਰ ਲਿਆ ਹੈ। ਸਾਡੀ ਲੀਡਰਸ਼ਿਪ ਦੇ ਪਾਕਿਸਤਾਨ ਪ੍ਰਤੀ ਬਣੇ ਮਨੋਰੋਗੀ ਦ੍ਰਿਸ਼ਟੀਕੋਣ ਨੇ ਉਨ੍ਹਾਂ ਦੀ ਸੋਚ ਅਤੇ ਯੁੱਧਨੀਤਕ ਫੈਸਲੇ ਲੈਣ ਦੀ ਸਮਰੱਥਾ ਨੂੰ ਲਕਵਾ ਮਾਰ ਦਿੱਤਾ ਹੈ। ਸਿੱਟੇ ਵਜੋਂ ਮੋਦੀ ਸਰਕਾਰ ਇਹ ਸਮਝਣ ਵਿਚ ਅਸਫਲ ਰਹੀ ਹੈ ਕਿ ਚੀਨ ਤੇ ਪਾਕਿਸਤਾਨ ਵਿਚਲੀ ਲਕੀਰ ਮਿਟ ਗਈ ਹੈ ਅਤੇ ਹੁਣ ਉਹ ਦੋਵੇਂ ਰਲ ਕੇ ਭਾਰਤ ਦੇ ਇਕ ਨਵੇਂ ਸਾਂਝੇ ਦੁਸ਼ਮਣ ਵਜੋਂ ਪ੍ਰਗਟ ਹੋਏ ਹਨ।’’
ਦਰਅਸਲ ਮੋਦੀਕਿਆਂ ਨੇ ਜਿਵੇਂ ਪਾਕਿਸਤਾਨ ਤੇ ਮੁਸਲਿਮ ਵਿਰੋਧ ਨੂੰ ਆਪਣੀ ਨੀਚ ਹਿੰਦੂਤਵੀ ਰਾਜਨੀਤੀ ਲਈ ਵਰਤਿਆ ਹੈ, ਇਸ ਨੂੰ ਵੇਖ ਕੇ ਸਿਆਣੇ ਲੋਕ ਪਹਿਲਾਂ ਹੀ ਇਸ ਕਿਸਮ ਦੀਆਂ ਪੇਸ਼ੀਨਗੋਈਆਂ ਕਰ ਰਹੇ ਸਨ ਕਿ ਇਹ ਰਾਜਨੀਤੀ ਦੇਸ ਦਾ ਬੇੜਾ ਗਰਕ ਕਰੇਗੀ। ਪਰ ਮੋਦੀਕਿਆਂ ਨੇ ਆਪਣੀ ਰਾਜ ਕਰਨ ਦੀ ਹਵਸ ਕਾਰਨ ਦੇਸ਼ ਅਤੇ ਲੋਕਾਂ ਦੇ ਭਵਿੱਖ ਨੂੰ ਆਪਣੇ ਰਾਜਨੀਤੀ ਦੇ ਦਾਅ ਉਤੇ ਲਾਅ ਦਿੱਤਾ। ਐਵਂੇ ਸੁਣੀਆਂ-ਸੁਣਾਈਆਂ ਧਾਰਨਾਵਾਂ ਦੇ ਆਧਾਰ ਉਤੇ ਉਹ ਮਹਾਂਸ਼ਕਤੀ ਤੇ ਵਿਸ਼ਵ ਗੁਰੂ ਬਣਨ ਦੇ ਸੁਪਨੇ ਲੈਣ ਲੱਗ ਪਏ। ਬਿਨਾਂ ਕੁਝ ਸੋਚੇ ਸਮਝੇ ਉਨ੍ਹਾਂ ਨੇ 140 ਕਰੋੜ ਲੋਕਾਂ ਦੀ ਹੋਣੀ ਨਾਲ ਖਿਲਵਾੜ ਕਰਦਿਆਂ ਧੜਾਧੜ ਹਥਿਆਰ ਖਰੀਦਣ ਦੇ ਅਨੇਕ ਸੌਦੇ ਕਰ ਲਏ। ਹੁਣ ਜਦੋਂ ਉਨ੍ਹਾਂ ਨੂੰ ਦਰਪੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਹ ਕਰੋੜਾਂ ਲੋਕਾਂ ਦੀ ਭੁੱਖਮਰੀ ਦੀ ਕੀਮਤ ਉਤੇ ਵੀ ਆਪਣੀਆਂ ਲੋਕ ਦੋਖੀ ਨੀਤੀਆਂ ਬਦਲਣ ਨੂੰ ਤਿਆਰ ਨਹੀਂ।
‘ਦ ਪ੍ਰਿੰਟ’ ਵਿਚ ਹੀ ਸ਼ੁਭਮ ਬੱਤਰਾ ਦੀ ਛਪੀ ਇਕ ਲਿਖਤ ਵਿਚ ਵਪਾਰ ਸਕੱਤਰ ਬੀ.ਵੀ.ਆਰ. ਸੁਭਰਾਮਨੀਅਮ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੁਲਾਈ ਵਿਚ ਭਾਰਤ ਦਾ ਵਪਾਰ ਘਾਟਾ 31.02 ਅਰਬ ਡਾਲਰ ਹੋ ਗਿਆ ਹੈ। 2022-23 ਦੇ ਮਾਲੀ ਸਾਲ ਵਿਚ ਪਹਿਲਾਂ ਮਾਲੀ ਘਾਟਾ ਵਧਿਆ, ਫਿਰ ਰੁਪਏ ਦੀ ਕੀਮਤ ਘਟੀ ਤੇ ਹੁਣ ਵਪਾਰ ਘਾਟਾ ਵਧ ਕੇ 31.02 ਅਰਬ ਡਾਲਰ ਹੋ ਗਿਆ ਹੈ, ਜਿਹੜਾ ਕਿ ਜੂਨ ਮਹੀਨੇ ਵਿਚ 26.18 ਅਰਬ ਡਾਲਰ ਸੀ। ਪਿਛਲੇ ਸਾਲ ਇਸੇ ਮਹੀਨੇ ਇਹ ਘਾਟਾ 10 ਅਰਬ ਡਾਲਰ ਸੀ। ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਇਹ ਘਾਟਾ 100 ਅਰਬ ਡਾਲਰ ਹੋ ਗਿਆ ਹੈ, ਜਿਹੜਾ ਕਿ ਪਿਛਲੇ ਸਾਲ ਦੇ ਚਾਰ ਮਹੀਨਿਆਂ ਵਿਚ 42 ਅਰਬ ਡਾਲਰ ਸੀ। ਜਿਨਸਾਂ ਦੀਆਂ ਵਧੀਆਂ ਕੀਮਤਾਂ ਤੇ ਰੁਪਏ ਦੀ ਘਟੀ ਕੀਮਤ ਇਸ ਵਪਾਰ ਘਾਟੇ ਨੂੰ ਹੋਰ ਵੀ ਵਧਾ ਰਹੀ ਹੈ। ਆਲਮੀ ਮੰਡੀ ਵਿਚ ਮੰਦਵਾੜਾ ਛਾਇਆ ਹੋਣ ਕਰਕੇ ਬਰਾਮਦਾਂ ਘਟ ਰਹੀਆਂ ਹਨ, ਜਦੋਂ ਕਿ ਦਰਾਮਦਾਂ ਉਸੇ ਹੀ ਦਰ ਨਾਲ ਜਾਰੀ ਹਨ।
ਸਾਹਮਣੇ ਵਾਪਰ ਰਹੀ ਹਕੀਕਤ ਤੋਂ ਮੂੰਹ ਮੋੜ ਕੇ ਮੋਦੀਕੇ ਅਜੇ ਤਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਮਰੀਕਾ ਦੀ ਅਗਵਾਈ ਹੇਠਲਾ ਪੱਛਮੀ ਸਾਮਰਾਜ ਨਿਘਾਰ ਦੀ ਅਵਸਥਾ ਵਿਚ ਹੈ ਅਤੇ ਹੁਣ ਉਸ ਦੀ ਚੜ੍ਹਤ ਦੇ ਦਿਨ ਮੁੱਕ ਗਏ ਹਨ। ਪਰ ਮੋਦੀਕੇ ਅਜੇ ਵੀ ਆਪਣਾ ਮਹਾਂਸ਼ਕਤੀ ਦਾ ਭਰਮ ਬਣਾਈ ਰੱਖਣ ਲਈ ਚੀਨ ਨੂੰ ਚਿੜ੍ਹਾਉਣ ਵਾਸਤੇ ਅਮਰੀਕਾ ਨਾਲ ਫੌਜੀ ਮਸ਼ਕਾਂ ਦੇ ਪ੍ਰੋਗਰਾਮ ਬਣਾਉਂਦੇ ਹਨ। ਉਨ੍ਹਾਂ ਦੀਆਂ ਅੱਖਾਂ ਦੇ ਐਨ ਸਾਹਮਣੇ ਰੂਸ ਤੇ ਚੀਨ ਅੰਦਰ ਸਰਕਾਰੀ ਤੇ ਪੂੰਜੀਵਾਦੀ ਅਦਾਰਿਆਂ ਦਾ ‘ਸਟੇਟ ਬਿਓਰੋਕਰੈਟਿਕ ਕੈਪੀਟਲਿਜ਼ਮ’ ਦੇ ਰੂਪ ਵਿਚ ਹੋਇਆ ਗੱਠਜੋੜ ਨਿੱਜੀ ਪੂੰਜੀਵਾਦ ਆਧਾਰਿਤ ਪੱਛਮੀ ਸਾਮਰਾਜ ਨੂੰ ਪਛਾੜ ਰਿਹਾ ਹੈ। ਇਸ ਦੇ ਬਾਵਜੂਦ ਮੋਦੀਕੇ ਸਰਕਾਰੀ ਪੂੰਜੀ ਨੂੰ ਅਡਾਨੀ-ਅੰਬਾਨੀ ਵਰਗੇ ਨਿੱਜੀ ਹੱਥਾਂ ਵਿਚ ਸੌਂਪ ਕੇ ਆਪਣੀ ਸਫਲਤਾ ਦਾ ਭਰਮ ਪਾਲ ਰਹੇ ਹਨ।
ਪ੍ਰਧਾਨ ਮੰਤਰੀ ਦੇ ਜਿ਼ੰਮੇਵਾਰ ਅਹੁਦੇ ਉਤੇ ਬੈਠਾ ਨਰੇਂਦਰ ਮੋਦੀ ਦੇਸ਼ ਦੇ ਜੰਗੀ ਮੁਹਾਜ਼ ਨੂੰ ਪ੍ਰਭਾਵਿਤ ਕਰਨ ਲਈ ਫੌਜੀ ਜਰਨੈਲਾਂ ਦੀ ਇਕ ਅਹਿਮ ਮੀਟਿੰਗ ਵਿਚ ਅਧਪੜ੍ਹਾਂ ਵਾਂਗ ਸ਼ੁਰਲੀਆਂ ਛੱਡ ਰਿਹਾ ਹੈ ਕਿ, ‘‘ਜੰਗ ਵੇਲੇ ਸਾਡੇ ਦੇਸ਼ ਦੇ ਜਵਾਨਾਂ ਕੋਲ ਅਜਿਹੇ ਹਥਿਆਰ ਹੋਣਗੇ, ਜਿਨ੍ਹਾਂ ਬਾਰੇ ਦੁਸ਼ਮਣ ਕਦੇ ਸੋਚ ਵੀ ਨਹੀਂ ਸਕਦਾ ਤੇ ਇਸ ਤੋਂ ਪਹਿਲਾਂ ਕਿ ਉਹ ਹਥਿਆਰਾਂ ਬਾਰੇ ਸੋਚੇ, ਉਹ ਖਤਮ ਹੋ ਜਾਏਗਾ।’’
ਲਦਾਖ ਵਿਚੋਂ ਚੀਨੀ ਫੌਜ ਦੀ ਵਾਪਸੀ ਨੂੰ ਲੈ ਕੇ ਪਿਛਲੇ ਹਫਤੇ ਚੀਨ ਤੇ ਭਾਰਤ ਦੇ ਫੌਜੀ ਵਫਦਾਂ ਦੀ ਹੋਈ ਇਕ ਮੀਟਿੰਗ ਤੋਂ ਬਾਅਦ ਜਾਰੀ ਹੋਏ ਸਾਂਝੇ ਪ੍ਰੈਸ ਬਿਆਨ ਬਾਰੇ ਟਿੱਪਣੀ ਕਰਦਿਆਂ ਫੌਜੀ ਮਸਲਿਆਂ ਦੇ ਮਾਹਿਰ ਸੁਸ਼ਾਂਤ ਸਿੰਘ ਦਾ ਕਥਨ ਹੈ, ‘‘ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਨਾਲ ਕਿਹਾ ਗਿਆ ਹੈ ਕਿ ਲਦਾਖ ਗੱਲਬਾਤ ਇਕ ਵਾਰ ਫਿਰ ਅਸਫਲ ਹੋ ਗਈ ਹੈ ਅਤੇ ਚੀਨ ਨਵੀਂ ਯਥਾ ਸਥਿਤੀ ਨੂੰ ਬਣਾਈ ਰੱਖਣ ਲਈ ਆਪਣੇ ਹੱਥ ਮਜ਼ਬੂਤ ਕਰ ਰਿਹਾ ਹੈ।’’
ਇਕ ਸਾਬਕਾ ਲੈਫਟੀਨੈਂਟ ਜਨਰਲ ਦਾ ਕਹਿਣਾ ਹੈ ਕਿ ਜਦੋਂ ਇਕ ਵਾਰ ਪ੍ਰਧਾਨ ਮੰਤਰੀ ਸਰਬ ਪਾਰਟੀ ਮੀਟਿੰਗ ਵਿਚ ਕਹਿ ਚੁੱਕਾ ਹੈ ਕਿ ਚੀਨ ਦੀ ਸਾਡੇ ਦੇਸ਼ ਵਿਚ ਕੋਈ ਘੁਸਪੈਠ ਹੀ ਨਹੀਂ ਹੋਈ ਤਾਂ ਫਿਰ ਪਿਛਲੇ ਦੋ ਸਾਲਾਂ ਤੋਂ ਦੋਹਾਂ ਦੇਸ਼ਾਂ ਦੇ ਫੌਜੀ ਵਫਦਾਂ ਵਿਚਕਾਰ ਇਹ 208 ਘੰਟੇ ਲੰਬੀ ਗੱਲਬਾਤ ਕਿਉਂ ਚੱਲੀ? ਮੋਦੀ ਦੇ ਦੇਸ਼ ਦੇ ਲੋਕਾਂ ਨਾਲ ਬੋਲੇ ਇਕ ਝੂਠ ਨੇ ਚੀਨ ਨੂੰ ਨਵੀਂ ਯਥਾ ਸਥਿਤੀ ਬਣਾਈ ਰੱਖਣ ਲਈ ਆਧਾਰ ਮੁਹੱਈਆ ਕਰ ਦਿੱਤਾ ਹੈ, ਜਿਸ ਕਰਕੇ ਉਹ ਬਿਨਾਂ ਲੜਿਆਂ ਦੇਸ਼ ਦੀ ਇਕ ਹਜ਼ਾਰ ਵਰਗ ਮੀਲ ਜ਼ਮੀਨ ਉਤੇ ਕਾਬਜ਼ ਹੋ ਗਿਆ ਹੈ।
ਪ੍ਰਵੀਨ ਸਾਹਨੀ ਨੇ ਇਹ ਕਿਤਾਬ ਕਿਸੇ ਮੰਦ ਭਾਵਨਾ ਨਾਲ ਨਹੀਂ ਲਿਖੀ ਬਲਕਿ ਉਹ ਚਾਹੰੁਦਾ ਹੈ ਕਿ ਇਸ ਵੇਲੇ ਚੀਨ ਦੀ ਫੌਜੀ ਤਿਆਰੀ ਨੂੰ ਧਿਆਨ ਵਿਚ ਰੱਖ ਕੇ ਚੀਨ ਤੇ ਪਾਕਿਸਤਾਨ ਨਾਲ ਸੁਲਾਹ ਕਰ ਲਈ ਜਾਵੇ ਅਤੇ ਤਿੰਨੇ ਦੇਸ਼ ਰਲ ਕੇ ਇਸ ਖਿੱਤੇ ਵਿਚ ਅਮਨ ਬਹਾਲੀ ਲਈ ਮਾਹੌਲ ਤਿਆਰ ਕਰਨ। ਜਿਹੜਾ ਬੇਬਹਾ ਧਨ ਫੌਜਾਂ ਉਤੇ ਫਜੂ਼ਲ ਖਰਚਿਆ ਜਾ ਰਿਹਾ ਹੈ, ਉਹ ਦੇਸ਼ ਦੇ ਲੋਕਾਂ ਦੀ ਜਿ਼ੰਦਗੀ ਬੇਹਤਰ ਬਣਾਉਣ ਲਈ ਖਰਚਿਆ ਜਾਏ। ਪਰ ਵਿਸ਼ਵ ਗੁਰੁ ਤੇ ਮਹਾਂਸ਼ਕਤੀ ਬਣਨ ਦਾ ਭਰਮ ਪਾਲ ਰਹੇ ਮੋਦੀਕੇੇ ਦੇਸ਼ ਦੇ ਲੋਕਾਂ ਨੂੰ ਖਤਰਨਾਕ ਜੰਗ ਵੱਲ ਧੱਕ ਰਹੇ ਹਨ।
ਪ੍ਰਵੀਨ ਸਾਹਨੀ ਨੇ ਆਪਣੀ ਕਿਤਾਬ ‘ਆਖਰੀ ਜੰਗ’ ਦਾ ਅੰਤ ਇਸ ਸੁਝਾਅ ਨਾਲ ਕੀਤਾ ਹੈ, ‘‘ਇਸ ਲਈ ਭਾਰਤ ਕੋਲ ਇਕ ਹੀ ਚੰਗੀ ਯੁੱਧਨੀਤੀ ਬਚਦੀ ਹੈ ਕਿ ਉਹ ਕਸ਼ਮੀਰ ਮਸਲੇ ਦਾ ਹੱਲ ਕਰ ਕੇ ਪਾਕਿਸਤਾਨ ਨਾਲ ਅਮਨ ਬਹਾਲ ਕਰੇ, ਰੂਸ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰੇ ਅਤੇ ਆਪਸੀ ਸਹਿਮਤੀ ਵਾਲੇ ਮਸਲਿਆਂ ਨੂੰ ਲੈ ਕੇ ਚੀਨ ਨਾਲ ਸਾਂਝ ਵਧਾਏ। ਇਸ ਤੋਂ ਬਿਨਾਂ ਅਮਰੀਕਾ ਸਮੇਤ ਸਾਰੇ ਦੇਸ਼ਾਂ ਨਾਲ ਚੰਗੇ ਰਿਸ਼ਤੇ ਬਣਾਉਣੇ ਚਾਹੀਦੇ ਹਨ। ਆਪਣੀਆਂ ਭੂਗੋਲਿਕ ਹਾਲਤਾਂ ਤੇ ਸੀਮਤਾਈਆਂ ਨੂੰ ਵੇਖਦਿਆਂ ਸਿਰਫ ਇਹੋ ਇਕ ਯੁੱਧਨੀਤੀ ਹੈ, ਜਿਹੜੀ ਭਾਰਤ ਨੂੰ ਪ੍ਰਸੰਗਿਕ ਰੱਖੇਗੀ।