ਚੰਡੀਗੜ੍ਹ: ਪੰਜਾਬ ਵਿਚ ਲੰਪੀ ਸਕਿਨ ਬਿਮਾਰੀ ਨੇ ਹੁਣ ਤੱਕ ਕਰੀਬ ਤਿੰਨ ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਹੈ, ਜਦੋਂ ਕਿ ਸੂਬੇ ਵਿਚ ਬਿਮਾਰ ਪਸ਼ੂਆਂ ਦੀ ਗਿਣਤੀ 70 ਹਜ਼ਾਰ ਤੋਂ ਟੱਪ ਗਈ ਹੈ। ਪਸ਼ੂ ਪਾਲਕਾਂ ਵਿਚ ਰੋਹ ਭਖਣ ਲੱਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਫਤਾਹਪੁਰ ਡੇਅਰੀ ਕੰਪਲੈਕਸ ਵਿਚ ਹੁਣ ਤੱਕ ਦੋ ਦਰਜਨ ਗਊਆਂ ਮਰਨ ਦੀ ਸੂਚਨਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਔਸਤਨ ਚਾਰ ਹਜ਼ਾਰ ਪਸ਼ੂ ਬਿਮਾਰ ਹੋ ਰਹੇ ਹਨ। ਸਰਕਾਰੀ ਅੰਕੜੇ ਤੋਂ ਬਾਹਰ ਦੇਖੀਏ ਤਾਂ ਬਿਮਾਰ ਪਸ਼ੂਆਂ ਦੀ ਗਿਣਤੀ ਲੱਖਾਂ ਵਿਚ ਪੁੱਜ ਗਈ ਹੈ।
ਸ਼ੁਰੂਆਤੀ ਦੌਰ ਵਿਚ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੇ ਇਸ ਨੂੰ ਮਾਮੂਲੀ ਬਿਮਾਰੀ ਸਮਝਦਿਆਂ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਫਾਜ਼ਿਲਕਾ ਜ਼ਿਲ੍ਹੇ ਤੋਂ ਆ ਰਹੀਆਂ ਰਿਪੋਰਟਾਂ ਦੀ ਗੰਭੀਰਤਾ ਨਾਲ ਨਿਰਖ-ਪਰਖ ਨਾ ਕੀਤੇ ਜਾਣ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਮੇਂ ਪਸ਼ੂ ਪਾਲਣ ਵਿਭਾਗ ਅੰਦਰ ਮੁਲਾਜ਼ਮਾਂ ਦੀ ਕਮੀ ਅਤੇ ਵੈਕਸੀਨ ਦੀ ਘਾਟ ਜਿਹੇ ਪੱਖ ਵੀ ਸਾਹਮਣੇ ਆਏ ਹਨ। ਪਸ਼ੂ ਪਾਲਣ ਵਿਭਾਗ ਦਾ ਕਹਿਣਾ ਹੈ ਕਿ ਵਿਭਾਗ ਕਾਰਵਾਈ ਕਰ ਰਿਹਾ ਹੈ ਪਰ ਬਿਮਾਰੀ ਦੀ ਰਫਤਾਰ ਘਟ ਨਹੀਂ ਰਹੀ।
ਪਸ਼ੂਆਂ ਵਿਚ ਲੰਪੀ ਸਕਿੱਨ ਦੀ ਬਿਮਾਰੀ ਫੈਲਣ ਕਾਰਨ ਰੋਜ਼ਾਨਾ ਵੱਡੀ ਗਿਣਤੀ ਪਸ਼ੂ ਮਰ ਰਹੇ ਹਨ ਤੇ ਹੱਡਾਰੋੜੀਆਂ ਵਿਚ ਮਰੇ ਪਸ਼ੂ ਸੁੱਟਣ ਲਈ ਥਾਂ ਨਹੀਂ ਮਿਲ ਰਹੀ ਜਿਸ ਕਾਰਨ ਪਿੰਡ ਵਾਸੀ ਜੇ.ਸੀ.ਬੀ. ਮਸ਼ੀਨਾਂ ਰਾਹੀਂ ਟੋਏ ਪੁੱਟ ਕੇ ਮਰੇ ਪਸ਼ੂ ਦੱਬਣ ਲੱਗੇ ਹਨ।
ਪਿੰਡ ਰੂੜੇਕੇ ਕਲਾਂ ਦੀ ਹੱਡਾਰੋੜੀ ਵਿਚ ਮਰੇ ਪਸ਼ੂਆਂ ਦੀ ਮੁਸ਼ਕ ਕਾਰਨ ਲੋਕ ਪਰੇਸ਼ਾਨ ਹਨ ਤੇ ਬਿਮਾਰੀ ਫੈਲਣ ਦੇ ਡਰੋਂ ਪਿੰਡ ਦੇ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ। ਇਸ ਮੌਕੇ ਮਰੇ ਪਸ਼ੂਆਂ ਨੂੰ ਦੱਬਣ ਲਈ ਨੌਜਵਾਨਾਂ ਨੇ ਉਗਰਾਹੀ ਕਰਕੇ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਪਸ਼ੂਆਂ ਨੂੰ ਦੱਬਣਾ ਸ਼ੁਰੂ ਕਰ ਦਿੱਤਾ ਤਾਂ ਕਿ ਹੱਡਾਰੋੜੀ ਵਿਚ ਥਾਂ ਖਾਲੀ ਕੀਤੀ ਜਾ ਸਕੇ। ਇਸ ਇਲਾਕੇ ਦੇ ਪਿੰਡ ਧੌਲਾ, ਕਾਹਨੇਕੇ, ਧੂਰਕੋਟ ਅਤੇ ਪੱਖੋ ਕਲਾਂ ਦੀਆਂ ਹੱਡਾਰੋੜੀਆਂ ਵਿਚ ਵੀ ਵੱਡੀ ਗਿਣਤੀ ਪਸ਼ੂ ਮਰੇ ਪਏ ਹਨ। ਹੱਡਾਰੋੜੀ ਦੇ ਠੇਕੇਦਾਰ ਚਰਨਾ ਸਿੰਘ ਨੇ ਦੱਸਿਆ ਕਿ ਉਸ ਕੋਲ ਪੱਖੋ ਕਲਾਂ ਤੇ ਰੂੜੇਕੇ ਕਲਾਂ ਦੀਆਂ ਹੱਡਾਰੋੜੀਆਂ ਦਾ ਠੇਕਾ ਹੈ ਅਤੇ ਉਹ ਰੋਜ਼ਾਨਾ 12 ਤੋਂ 15 ਮਰੇ ਹੋਏ ਪਸ਼ੂ ਚੁੱਕ ਕੇ ਲਿਆ ਰਿਹਾ ਹੈ। ਕਈ ਵਾਰ ਤਾਂ ਸਾਰੇ ਪਸ਼ੂ ਇਕ ਦਿਨ ਵਿਚ ਚੁੱਕੇ ਨਹੀਂ ਜਾ ਸਕਦੇ ਜਿਸ ਕਾਰਨ ਸਮੱਸਿਆ ਆ ਰਹੀ ਹੈ।
ਇਸੇ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਹੁਣ ਤੱਕ 1.84 ਲੱਖ ਤੋਂ ਵੱੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਗੋਟ ਪੌਕਸ ਵੈਕਸੀਨ ਦੀ 83,000 ਡੋਜ਼ ਦੀ ਤੀਜੀ ਖੇਪ ਵਿਭਾਗ ਕੋਲ ਪਹੁੰਚ ਚੁੱਕੀ ਹੈ, ਜੋ ਅੱਗੇ ਜ਼ਿਲ੍ਹਿਆਂ ਵਿਚ ਵੰਡ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਗਈ ਹੈ। ਵਿਭਾਗ ਦੇ ਅਮਲੇ ਵੱਲੋਂ ਛੁੱਟੀ ਵਾਲੇ ਦਿਨਾਂ ਦੌਰਾਨ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਤੋਂ 5 ਵੈਟਰਨਰੀ ਅਫਸਰਾਂ ਨੂੰ ਵੀ ਵੱਖ-ਵੱਖ ਜ਼ਿਲ੍ਹਿਆਂ ਵਿਚ ਭੇਜਿਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਨਿਗਰਾਨੀ ਲਈ ਮੰਤਰੀ ਸਮੂਹ ਦਾ ਗਠਨ
ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਸ਼ੂਆਂ ਵਿਚ ਫੈਲੀ ਲੰਪੀ ਸਕਿੱਨ ਦੀ ਬਿਮਾਰੀ (ਚਮੜੀ ਰੋਗ) ਦੇ ਮਾਮਲੇ ਸਬੰਧੀ ਉਚ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ। ਇਸ ਮੌਕੇ ਬਿਮਾਰੀ ਕਾਰਨ ਪੈਦਾ ਹੋਏ ਹਾਲਾਤ ਦੀ ਰੋਜ਼ਾਨਾ ਪ੍ਰਭਾਵੀ ਢੰਗ ਨਾਲ ਨਿਗਰਾਨੀ ਲਈ ਤਿੰਨ ਕੈਬਨਿਟ ਵਜ਼ੀਰਾਂ ‘ਤੇ ਆਧਾਰਿਤ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ। ਭਗਵੰਤ ਮਾਨ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਆਧਾਰਿਤ ਕਮੇਟੀ ਨੂੰ ਪਸ਼ੂ ਪਾਲਨ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਹਿਰ ਅਤੇ ਅਧਿਕਾਰੀ ਸਹਿਯੋਗ ਕਰਨਗੇ।